ਗੁਰਦਾਸਪੁਰਾ
ਗੁਰਦਾਸਪੁਰਾ 1952 ਤੱਕ ਚੰਡੀਗੜ੍ਹ ਦਾ ਇੱਕ ਪਿੰਡ ਸੀ। ਅੱਜਕਲ ਇਸ ਥਾਂ ਉੱਪਰ ਸੈਕਟਰ 28 ਉਸਰਿਆ ਹੋਇਆ ਹੈ। ਚੰਡੀਗੜ੍ਹ ਵਸਾਉਣ ਲਈ 1952 ਦੇ ਉਠਾਲੇ ਵੇਲੇ 17 ਪਿੰਡਾਂ ਦਾ ਉਜਾਡ਼ਾ ਹੋਇਆ। ਉਹਨਾਂ ਵਿੱਚ ਪਿੰਡ ਗੁਰਦਾਸਪੁਰਾ ਵੀ ਸ਼ਾਮਲ ਸੀ। ਇਸ ਪਿੰਡ ਦੇ ਆਲੇ-ਦੁਆਲੇ ਜੈਪੁਰਾ, ਕੰਥਾਲਾ, ਨਗਲਾ ਤੇ ਦਲਹੇੜੀਆਂ ਦੇ ਬੰਨੇ ਲੱਗਦੇ ਸਨ। ਚਾਲੀ ਕੁ ਘਰਾਂ ਵਾਲੇ ਇਸ ਪਿੰਡ ਦੀ ਵਸੋਂ 500 ਤੋਂ ਘੱਟ ਸੀ। ਪਿੰਡ ਦੀ ਵਾਹੀਯੋਗ ਜ਼ਮੀਨ ਦੋ ਹਜ਼ਾਰ ਵਿੱਘੇ ਸੀ।
ਪਿੰਡ ਬਾਰੇ
[ਸੋਧੋ]ਗੁਰਦਾਸਪੁਰਾ ਵਿੱਚ ਬਹੁਤੇ ਲੋਕਾਂ ਦੇ ਘਰ ਕੱਚੇ ਸਨ। ਪਿੰਡ ਵਿੱਚ ਜ਼ਿਮੀਂਦਾਰ, ਤਰਖਾਣ, ਲੁਹਾਰ, ਕਹਾਰ, ਰਾਮਦਾਸੀਏ ਤੇ ਵਾਲਮੀਕ ਭਾਈਚਾਰੇ ਦੇ ਲੋਕ ਵਸਦੇ ਸਨ ਜਿਹਨਾਂ ਦੇ ਗੋਤ ਛੜਾਣਾ, ਜਸਪਾਲ ਤੇ ਬੈਨੀਪਾਲ ਆਦਿ ਸਨ। ਪਿੰਡ ਵਿੱਚ ਦੋ ਖੂਹ ਹੁੰਦੇ ਸਨ ਅਤੇ ਇੱਕ ਵੱਡਾ ਟੋਭਾ ਹੁੰਦਾ ਸੀ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ ਤੇ ਕਈ ਜ਼ਿਮੀਂਦਾਰ ਗੱਡਿਆਂ ਰਾਹੀਂ ਭਾੜਾ ਢੋਂਹਦੇ ਸਨ। ਆਟਾ ਪਿਸਾਉਣ ਲਈ ਮਨੀਮਾਜਰਾ ਅਤੇ ਪੰਚਕੂਲਾ ਦੇ ਘਰਾਟਾਂ ’ਤੇ ਜਾਂਦੇ ਸਨ, ਕਿਉਂਕਿ ਨੇੜੇ ਹੋਰ ਕੋਈ ਆਟਾ-ਚੱਕੀ ਨਹੀਂ ਸੀ। ਲੋਕਾਂ ਨੂੰ ਮਨਸਾ ਦੇਵੀ ਦਾ ਮੇਲਾ ਦੇਖਣ ਦੀ ਉਡੀਕ ਰਹਿੰਦੀ ਸੀ। ਪਿੰਡ ਦੀ ਧਰਮਸ਼ਾਲਾ ਵਿੱਚ ਸਾਂਝੇ ਸਮਾਗਮ ਹੁੰਦੇ ਸਨ। ਬੱਚਿਆਂ ਦੇ ਪੜ੍ਹਨ ਲਈ ਕੋਈ ਸਕੂਲ ਨਹੀਂ ਸੀ। ਅੰਬਾਂ ਦੇ ਬਾਗ਼ ਕਾਫ਼ੀ ਸਨ। ਹਾੜ੍ਹੀ-ਸਾਉਣੀ ਦੀਆਂ ਫ਼ਸਲਾਂ ਕਣਕ, ਕਮਾਦ, ਮੂੰਗਫਲੀ, ਮੱਕੀ, ਧਾਨ, ਜੁਆਰ, ਬਾਜਰਾ, ਮੂੰਗੀ ਤੇ ਕਪਾਹ ਆਦਿ ਹੁੰਦੀਆਂ ਸਨ।