ਸਿਰਜਣਾਤਮਕ ਲੇਖਣੀ
ਸਿਰਜਣਾਤਮਕ ਲੇਖਣੀ ਜਾਂ ਰਚਨਾਤਮਿਕ ਲੇਖਣੀ ਉਹ ਲੇਖਣੀ ਹੁੰਦੀ ਹੈ, ਜੋ ਸਾਹਿਤ ਦੇ ਸਧਾਰਨ, ਪੇਸ਼ਾਵਰ ਪੱਤਰਕਾਰੀ, ਅਕਾਦਮਿਕ, ਜਾਂ ਤਕਨੀਕੀ ਰੂਪਾਂ ਦੇ ਦਾਇਰੇ ਤੋਂ ਬਾਹਰ ਚਲੀ ਜਾਂਦੀ ਹੈ। ਇਸਦੀ ਪਛਾਣ ਬਿਰਤਾਂਤ ਕਲਾ, ਪਾਤਰ ਵਿਕਾਸ, ਅਤੇ ਸਾਹਿਤਕ ਭਾਸ਼ਾ ਦੀ ਵਰਤੋਂ ਤੇ ਦਿੱਤੇ ਜ਼ੋਰ ਤੋਂ ਹੋ ਜਾਂਦੀ ਹੈ। ਸਿਰਜਣਾਤਮਕ ਲੇਖਣੀ ਅਤੇ ਗੈਰਸਿਰਜਣਾਤਮਕ ਲੇਖਣੀ ਵਿੱਚ ਫਰਕ ਕਰਨਾ ਸੌਖਾ ਕੰਮ ਨਹੀਂ। ਪਰ ਗਲਪ, ਨਾਟਕ ਅਤੇ ਕਾਵਿ ਰਚਨਾਵਾਂ ਨੂੰ ਸਪਸ਼ਟ ਭਾਂਤ ਸਿਰਜਣਾਤਮਕ ਲੇਖਣੀ ਦੇ ਪਲੜੇ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਵਿਗਿਆਨ ਦੇ ਵੱਖ ਵੱਖ ਵਿਸ਼ਿਆਂ ਦੀ ਕਿਤਾਬਾਂ ਅਤੇ ਅਦਾਲਤਾਂ ਦੇ ਦਸਤਾਵੇਜ਼, ਰਜਿਸਟਰੀਆਂ, ਅਪੀਲਾਂ ਅਤੇ ਹੋਰ ਲਿਖਤਾਂ ਇਸਦੇ ਖੇਤਰ ਤੋਂ ਬਾਹਰ ਹਨ। ਜਦਕਿ ਪੱਤਰਕਾਰੀ ਦਾ ਅੰਗ ਹੋਣ ਦੇ ਬਾਵਜੂਦ ਅਖ਼ਬਾਰਾਂ ਵਿੱਚ ਛਪਦੀਆਂ ਫ਼ੀਚਰ ਕਹਾਣੀਆਂ ਨੂੰ ਮੋਕਲੀ ਪਰਿਭਾਸ਼ਾ ਤਹਿਤ ਸਿਰਜਣਾਤਮਕ ਲੇਖਣੀ ਦੇ ਖਾਤੇ ਪਾਇਆ ਜਾ ਸਕਦਾ ਹੈ।
ਲੇਖਣੀ ਦੀਆਂ ਹੋਰ ਕਿਸਮਾਂ ਤੋਂ ਸਿਰਜਣਾਤਮਕ ਲੇਖਣੀ ਨੂੰ ਵੱਖ ਕਰਨ ਵਾਲੀ ਲਾਈਨ ਗਲਪ ਅਤੇ ਗੈਰ-ਗਲਪ ਵਿਚਕਾਰ ਨਹੀਂ ਖਿੱਚੀ ਜਾ ਸਕਦੀ। ਸਿਰਜਣਾਤਮਕ ਗਲਪ ਇੱਕ ਵਿਆਪਕ ਵਿਧਾ ਹੈ, ਜਿਸ ਵਿੱਚ ਯਾਦਾਂ ਅਤੇ ਜੀਵਨੀਆਂ, ਨਿੱਜੀ ਲੇਖ, ਯਾਤਰਾ ਅਤੇ ਭੋਜਨ ਸੰਬੰਧੀ ਰਚਨਾਵਾਂ, ਅਤੇ ਸਾਹਿਤਕ ਪੱਤਰਕਾਰੀ ਵੀ ਸ਼ਾਮਲ ਹਨ। ਅਜਿਹੀ ਕਿਸੇ ਵੀ ਲਿਖਤ ਦੀ ਸਿਰਜਣਾਤਮਕ ਨੁਹਾਰ ਨੂੰ ਲੇਖਕ ਦੀ ਸਿਰਜਣਾਤਮਕ ਸ਼ਕਤੀ ਦੀ ਪੁੱਠ ਨਿਰਧਾਰਿਤ ਕਰਦੀ ਹੈ।