ਸਮਾਂ ਵਰਤੋਂ ਸਰਵੇਖਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮਾਂ ਵਰਤੋਂ ਸਰਵੇਖਣ ਇੱਕ ਅਜਿਹਾ ਅੰਕੜਈ ਸਰਵੇਖਣ ਹੈ ਜਿਸ ਵਿੱਚ ਵਿਅਕਤੀਆਂ ਦੇ ਸਧਾਰਨ ਤੌਰ ਤੇ ਹਰ ਰੋਜ਼ ਦੇ ਜੀਵਨ ਵਿੱਚ ਦਿਨ ਵਿੱਚ ਵੱਖ-ਵੱਖ ਸਮੇਂ ਵਿੱਚ ਕੀਤੀਆਂ ਆਰਥਿਕ ਅਤੇ ਗੈਰ ਆਰਥਿਕ ਕ੍ਰਿਆਵਾਂ ਦੀ ਵੰਡ ਨੂੰ ਦਰਸਾਇਆ ਜਾਂਦਾ ਹੈ। ਸਮਾਂ ਵਰਤੋਂ ਸਰਵੇਖਣ ਦੀ ਵਰਤੋਂ ਪਹਿਲਾਂ ਲੋਕਾਂ ਦੇ ਜੀਵਨ ਪੱਧਰ ਦੇ ਅਧਿਐਨ ਲਈ ਕੀਤੀ ਜਾਂਦੀ ਸੀ ਪਰ ਅਜੋਕੇ ਸਮੇਂ ਵਿੱਚ ਇਹ ਸਰਵੇਖਣ ਕਈ ਉਦੇਸ਼ਾਂ ਦੀ ਪੂਰਤੀ ਲਈ ਕੀਤੇ ਜਾਂਦੇ ਹਨ।

ਉਦੇਸ਼[ਸੋਧੋ]


1. ਲੋਕਾਂ ਦੀ ਭਲਾਈ ਦਾ ਪੱਧਰ ਮਾਪਣ ਲਈ
2. ਔਰਤਾਂ ਅਤੇ ਮਰਦਾਂ ਵਿੱਚ ਉਤਪਾਦਕ ਅਤੇ ਗੈਰ ਗੈਰ-ਉਤਪਾਦਕ ਕੰਮਾਂ ਦੀ ਵੰਡ ਨੂੰ ਘੋਖਣ ਲਈ
3. ਔਰਤਾਂ ਦੇ ਘਰੇਲੂ ਕੰਮਾਂ ਦੀ ਰਾਸ਼ਟਰੀ ਆਮਦਨ ਵਿੱਚ ਯੋਗਦਾਨ ਮਾਪਣ ਲਈ
4. ਔਰਤਾਂ ਦੇ ਸਸ਼ੱਕਤੀਕਰਣ ਲਈ ਔਰਤਾਂ ਦੇ ਸਮਾਜ, ਅਰਥਵਿਵਸਥਾ ਅਤੇ ਮਨੁੱਖੀ ਪੂੰਜੀ ਨਿਰਮਾਣ ਵਿੱਚ ਯੋਗਦਾਨ ਨੂੰ ਪਛਾਨਣ ਅਤੇ ਲੋੜੀਂਦੀ ਮਾਨਤਾ ਦੇਣ ਲਈ

ਇਤਿਹਾਸ[ਸੋਧੋ]

ਸਮਾਂ ਵਰਤੋਂ ਸਰਵੇਖਣਾਂ ਦੀ ਸ਼ੁਰੂਆਤ 19ਵੀਂ ਸਦੀ ਤੋਂ ਹੋਈ ਸਮਝੀ ਜਾਂਦੀ ਹੈ ਜਦੋਂ ਕਿ ਰੂਸ ਵਿੱਚ ਸਥਾਨਕ ਸਰਕਾਰਾਂ ਜਿਹਨਾਂ ਨੂੰ ਜ਼ੈਮਸਤਵੋ (Zemstvo) ਕਿਹਾ ਜਾਂਦਾ ਸੀ, ਆਪਣੇ ਕਿਸਾਨਾਂ ਦੀਆਂ ਗਤਿਵਿਧੀਆਂ ਨੂੰ ਵਾਚਣ ਲਈ ਉਹਨਾਂ ਦੇ ਸਮੇਂ ਦੀ ਵਰਤੋਂ ਦਾ ਸਰਵੇਖਣ ਕਰਦੀਆਂ ਸਨ। ਫਿਰ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਵੀ ਲੰਡਨ ਵਿੱਚ ਫੇਬੀਅਨ ਸੋਸਾਇਟੀ (Fabian Society) ਦੁਆਰਾ ਘਰੇਲੂ ਕੰਮ ਕਰ ਰਹੀਆਂ ਔਰਤਾਂ ਦੇ ਸਮੇਂ ਦੀ ਵਰਤੋਂ ਨਾਲ ਸੰਬੰਧਿਤ ਸਰਵੇਖਣ ਦੇ ਸਬੂਤ ਮਿਲਦੇ ਹਨ।[1]। ਰੂਸ ਵਿੱਚ ਆਰਥਿਕ ਯੋਜਨਾਬੰਦੀ ਲਈ ਠੋਸ ਕਦਮ ਚੁੱਕਣ ਲਈ 1921 ਤੋਂ 1923 ਵਿੱਚਕਾਰ ਲੋਕਾਂ ਦੁਆਰਾ ਸਮੇਂ ਦੀ ਵਰਤੋਂ ਦੇ ਰੋਜ਼ਨਾਮਚੇ ਤਿਆਰ ਕੀਤੇ ਗਏ।[2] ਸੰਯੁਕਤ ਰਾਸ਼ਟਰ ਅਮਰੀਕਾ ਅਤੇ ਹੋਰ ਯੂਰੋਪੀਅਨ ਦੇਸ਼ਾਂ ਨੇ ਵੀ ਸਮਾਜਿਕ ਅਤੇ ਆਪਣੀਆਂ ਨੀਤੀਆਂ ਵਿੱਚ ਸੋਧਾਂ ਲਈ ਖੇਤਰੀ ਅਤੇ ਰਾਸ਼ਟਰੀ ਪੱਧਰ ਉੱਪਰ ਅਜਿਹੇ ਸਰਵੇਖਣ ਕਰਨੇ ਸ਼ੁਰੂ ਕਰ ਦਿੱਤੇ। ਪਰ ਇਹ ਸਾਰੇ ਹੰਭਲੇ ਆਪਣੇ ਆਪਣੇ ਦੇਸ਼ਾਂ ਤੱਕ ਹੀ ਸੀਮਿਤ ਸਨ ਅਤੇ ਵੱਖਰੀਆਂ ਵੱਖਰੀਆਂ ਕ੍ਰਿਆਵਾਂ ਨੂੰ ਦਰਸਾਉਂਦੇ ਸਨ ਜਿਸ ਕਰ ਕੇ ਸਮਾਂ ਵਰਤੋਂ ਸਰਵੇਖਣਾਂ ਦੇ ਆਧਾਰ ਤੇ ਦੇਸ਼ਾਂ ਦੀ ਰਾਸ਼ਟਰੀ ਆਮਦਨ ਦੀ ਗਣਨਾ ਅਤੇ ਉਹਨਾਂ ਦੇ ਨਾਗਰਿਕਾਂ ਦੀ ਭਲਾਈ ਦੇ ਪੱਧਰ ਆਪਸ ਵਿੱਚ ਤੁਲਨਾਯੋਗ ਨਹੀਂ ਸਨ। ਇਸ ਸਮੱਸਿਆ ਦੇ ਹੱਲ ਲਈ 1972 ਵਿੱਚ ਅਲੈਕਸਾਂਦਰ ਸਜ਼ਲਾਈ ਨੇ 12 ਦੇਸ਼ਾਂ ਵਿੱਚ ਸਮਾਂ ਵਰਤੋਂ ਸਰਵੇਖਣ ਦੇ ਆਧਾਰ ਤੇ ਸਾਰੇ ਦੇਸ਼ਾਂ ਵਾਸਤੇ ਤੁਲਨਾਯੋਗ ਕ੍ਰਿਆਵਾਂ ਦਾ ਵਰਗੀਕਰਣ ਕੀਤਾ[3] ਅਤੇ ਬਾਅਦ ਵਿੱਚ ਉਸ ਦੇ ਦਿੱਤੇ ਸੁਝਾਅ ਬਹੁਤ ਸਾਰੇ ਦੇਸ਼ਾਂ ਦੁਆਰਾ ਅਪਣਾਏ ਗਏ। ਬਾਅਦ ਵਿੱਚ ਐਂਡਰਿਉ ਹਾਰਵੇਅ ਨੇ ਸਜ਼ਲਾਈ ਦੁਆਰਾ ਦੱਸੇ ਫਾਰਮੂਲੇ ਵਿੱਚ ਹੋਰ ਸੁਧਾਰ ਕੀਤੇ[4] ਜੋ ਕਿ ਬਾਅਦ ਵਿੱਚ ਯੂਰਪ ਦੇ ਵੱਡੇ ਪੱਧਰ ਦੇ ਹਾਰਮਿਨਾਇਜ਼ਡ ਸਮਾਂ ਵਰਤੋਂ ਸਰਵੇਖਣ (Harmonized European Time Use Survey - HETUS Archived 2012-04-17 at the Wayback Machine.[5]) ਦਾ ਆਧਾਰ ਬਣੇ। ਸਾਲ 2003 ਵਿੱਚ ਅਮਰੀਕਾ ਦੇ ਕਿਰਤ ਅੰਕੜਾ ਬਿਉਰੋ ਨੇ ਵੀ ਲਗਾਤਾਰ ਸਮਾਂ ਵਰਤੋਂ ਸਰਵੇਖਣ ਸ਼ੁਰੂ ਕਰ ਦਿੱਤੇ ਹਨ। ਅਮਰੀਕਨ ਸਮਾਂ ਵਰਤੋਂ ਸਰਵੇਖਣ (American Time Use Survey -ATUS) ਅਮਰੀਕੀ ਨਾਗਰਿਕਾਂ ਦੇ ਰੋਜ਼ ਦੇ ਸਮੇਂ ਦੀ ਆਰਥਿਕ, ਘਰੇਲੂ, ਬੱਚਿਆਂ ਦੀ ਸਾਂਭ ਸੰਭਾਲ, ਆਪਸੀ ਮੇਲ-ਜੋਲ ਅਤੇ ਹੋਰ ਸਮਾਜਕ ਕੰਮਾਂ ਵਿੱਚ ਵੰਡ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਵੀ ਭਾਰਤ ਸਰਕਾਰ ਦੇ ਅੰਕੜਾ ਵਿਭਾਗ ਵੱਲੋਂ 1998-99 ਵਿੱਚ ਦੇਸ਼ ਦੇ ਛੇ ਰਾਜਾਂ ਵਿੱਚ ਲੋਕਾਂ ਦੁਆਰਾ ਸਮੇਂ ਦੀ ਵਰਤੋਂ ਸੰਬੰਧੀ ਅੰਕੜੇ ਇਕੱਠੇ ਕੀਤੇ ਗਏ।http://mospi.nic.in/stat_act_t5_2.htm

ਕ੍ਰਿਆਵਾਂ[ਸੋਧੋ]

ਸਮਾਂ ਵਰਤੋਂ ਸਰਵੇਖਣਾਂ ਅਨੁਸਾਰ ਕ੍ਰਿਆਵਾਂ ਦਾ ਵਰਗੀਕਰਣ[6] ਹੇਠ ਲਿਖੇ ਅਨੁਸਾਰ ਹੈ:
1. ਉਤਪਾਦਕ ਅਤੇ ਆਰਥਿਕ ਕ੍ਰਿਆਵਾਂ ਜਿਹਨਾਂ ਵਿੱਚ ਬਜ਼ਾਰ ਮੁੱਲ ਵਾਲੀਆਂ ਕ੍ਰਿਆਵਾਂ ਅਤੇ ਘਰਾਂ ਵਿੱਚ ਪੈਦਾ ਕੀਤੀਆਂ ਵਸਤਾਂ ਵੀ ਸ਼ਾਮਿਲ ਹਨ
2. ਅਣਆਰਥਿਕ ਪਰ ਉਤਪਾਦਕ ਕ੍ਰਿਆਵਾਂ ਜਿਸ ਵਿੱਚ ਘਰੇਲੂ ਕੰਮ, ਬੱਚਿਆਂ ਦੀ ਸਾਂਭ-ਸੰਭਾਲ, ਘਰ ਦੀਆਂ ਲੋੜਾਂ ਲਈ ਖਰੀਦਦਾਰੀ ਅਤੇ ਹੋਰ ਸਮਾਜਿਕ ਕੰਮ ਸ਼ਾਮਿਲ ਹਨ।
3.ਵਿਅਕਤੀਗਤ ਅਤੇ ਅਣ-ਉਤਪਾਦਕ ਕ੍ਰਿਆਵਾਂ ਜਿਹਨਾਂ ਵਿੱਚ ਵਿੱਦਿਆ, ਅਧਿਐਨ, ਕਲਾਤਮਕ ਕੰਮ, ਹਾਰ-ਸ਼ਿੰਗਾਰ, ਆਪਣੀ ਸਿਹਤ ਦੀ ਸੰਭਾਲ, ਮਨੋਰੰਜਨ ਆਦਿ ਸ਼ਾਮਿਲ ਹਨ
4. ਆਵਾਜਾਈ ਦੇ ਕੰਮ।

ਹਵਾਲੇ[ਸੋਧੋ]

  1. Pember-Reeves, M [1913] Round About a Pound a Week London: Virago 1979
  2. Zuzaneck, J (1980), Work and Leisure in the Soviet Union: a time budget analysis. New York: Praeger.
  3. Alexander Szalai (ed). 1972. The Use of Time: Daily Activities of Urban and Suburban Populations in Twelve Countries. Den Haag: Mouton.
  4. Harvey AS (1993) ‘Guidelines for Time-use Data Collection’, Social Indicators Research 30, 197-228.
  5. http://ec.europa.eu/eurostat/ramon/statmanuals/files/KS-RA-08-014-EN.pdf
  6. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2017-12-15. Retrieved 2015-03-08. {{cite web}}: Unknown parameter |dead-url= ignored (help)