ਅਕਾਲਗੜ੍ਹ (ਬਲਾਕ ਭੁਨਰਹੇੜੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਕਾਲਗੜ੍
ਪਿੰਡ
ਅਕਾਲਗੜ੍ਹ (ਬਲਾਕ ਭੁਨਰਹੇੜੀ) is located in Punjab
ਅਕਾਲਗੜ੍
ਅਕਾਲਗੜ੍
ਪੰਜਾਬ, ਭਾਰਤ ਵਿੱਚ ਸਥਿੱਤੀ
30°14′01″N 76°24′35″E / 30.233591°N 76.409824°E / 30.233591; 76.409824
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਭੁਨਰਹੇੜੀ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਪਟਿਆਲਾਹ

ਅਕਾਲਗੜ੍ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਭੁਨਰਹੇੜੀ ਦਾ ਇੱਕ ਪਿੰਡ ਹੈ।[1]ਇਹ ਨਿੱਕਾ ਜਿਹਾ ਪਿੰਡ ਪਟਿਆਲਾ ਤੋਂ ਚੀਕਾ ਸੜਕ ਤੇ ਪੈਂਦੇ ਮਜਾਲ ਅੱਡੇ ਤੋਂ ਚੜ੍ਹਦੇ ਵਾਲੇ ਪਾਸੇ ਹੈ।

ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਨੂੰ ਉਜਾੜ ਕੇ ਵਸਾਇਆ ਸੀ ਪਿੰਡ 'ਅਕਾਲਗੜ੍ਹ'

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਗੋਦ ਲਿਆ ਪਿੰਡ ਅਕਾਲਗੜ੍ਹ

ਪੰਜਾਬੀ ਯੂਨੀਵਰਸਿਟੀ ਵਿਚ ਹੋਈ ਅੰਤਰਰਾਸਟਰੀ ਪੰਜਾਬੀ ਕਾਨਫਰੰਸ ਵਿਚ ਡਾ. ਰਾਜਵੰਤ ਕੌਰ ਵਲੋਂ ਪੜ੍ਹੇ ਗਏ ਪੇਪਰ ਅਨੁਸਾਰ

ਪੁਆਧ ਖੇਤਰ ਵਿਚ ਪੈਂਦੇ ਪਿੰਡ ਅਕਾਲਗੜ੍ਹ ਦੀ ਕੁਲ ਵਸੋਂ 572 (322 ਪੁ., 250 ਇ.) ਹੈ। ਪਿੰਡ ਵਿਚ 94 ਪਰਿਵਾਰ ਵਸਦੇ ਹਨ। ਉਪਰਲੇ (ਅਮੀਰ ਲੋਕ/ਸ਼ਹਿਰੀ ਸੰਪਰਕ ਵਾਲੇ ਜਾਂ ਸ਼ਹਿਰ ਵਿਚ ਵਿੱਦਿਆ ਪ੍ਰਾਪਤ ਕਰਨ ਵਾਲੇ), ਦਰਮਿਆਨੇ (ਸਾਧਾਰਨ/ਕਿੱਤਾ ਜਾਤੀਆਂ) ਅਤੇ ਹੇਠਲੇ (ਗਰੀਬੜੇ) ਪੱਧਰ ਦੇ ਆਧਾਰ 'ਤੇ ਪਿੰਡ ਦੀ ਵਸੋਂ ਦੀ ਵੰਡ ਕੀਤੀ ਜਾਵੇ ਤਾਂ ਬਹੁ-ਗਿਣਤੀ ਪਰਿਵਾਰਾਂ ਦਾ ਸ਼ੁਮਾਰ ਹੇਠਲੇ ਪੱਧਰ ਦੇ ਪਰਿਵਾਰਾਂ ਵਿਚ ਹੁੰਦਾ ਹੈ ਜੋ ਕੱਚੇ ਘਰਾਂ ਵਿਚ ਰਹਿੰਦੇ ਹਨ।

ਪਿੰਡ ਵਿਚਲੇ 94 ਪਰਿਵਾਰਾਂ ਦੇ ਕਿੱਤਈ ਅੰਕੜਿਆਂ ਤੋਂ ਇਹ ਪ੍ਰਮਾਣਿਤ ਹੋਇਆ ਕਿ 56 ਘਰਾਂ ਦੇ ਮਾਲਕ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਦਿਹਾੜੀ, 11 ਖੇਤੀਬਾੜੀ, 9 ਤਰਖਾਣਾ, 3 ਡਰਾਈਵਰੀ, 2 ਦੁਕਾਨਦਾਰੀ ਕਰਦੇ ਹਨ। ਪਿੰਡ ਦੇ ਸਿਰਫ਼ 5 ਵਿਅਕਤੀ ਸਰਕਾਰੀ ਨੌਕਰੀ ਕਰਦੇ ਹਨ ਜਦੋਂ ਕਿ ਨਾਈ, ਦੋਧੀ, ਪੁਜਾਰੀ, ਦਰਜੀ, ਟਾਈਪਿਸਟ, ਇਲੈਕਟ੍ਰੀਸ਼ਨ, ਕੰਪਾਊਡਰ ਅਤੇ ਰਿਕਸ਼ਾ ਚਾਲਕ ਇਕ-ਇਕ ਹਨ।

ਜਾਤੀਗਤ ਵੇਰਵੇ ਇਕੱਤਰ ਕੀਤੇ ਤਾਂ ਗਿਆਤ ਹੋਇਆ ਕਿ ਪਿੰਡ ਵਿਚ ਜੱਟਾਂ ਦਾ ਕੋਈ ਘਰ ਨਹੀਂ। 62 ਪਰਿਵਾਰ ਪੱਛੜੀ ਸ਼੍ਰੇਣੀ (ਝਿਉਰ 39, ਬੈਰਾਗੀ 14, ਨਾਈ 5, ਤਰਖਾਣ 4), 16 ਰਾਮਦਾਸੀਏ, 11 ਬਾਲਮੀਕੀ ਅਤੇ 5 ਜਨਰਲ ਸ਼੍ਰੇਣੀ ਨਾਲ ਸੰਬੰਧਤ ਹਨ। ਪਿੰਡ ਵਿਚ ਵਖ-ਵਖ ਧਰਮਾਂ ਦੇ ਅਨੁਯਾਈ ਹਨ। 74 ਪਰਿਵਾਰ ਹਿੰਦੂ ਧਰਮ ਨਾਲ ਅਤੇ 20 ਪਰਿਵਾਰ ਸਿੱਖ ਧਰਮ ਨਾਲ ਤਾਅਲੁਕ ਰੱਖਦੇ ਹਨ। ਪਿੰਡ ਵਿਚ ਖੇੜਾ ਹੈ, ਕੋਈ ਗੁਰਦਵਾਰਾ ਨਹੀਂ। ਮਦਾਨਣ ਮਾਤਾ ਦਾ ਥਾਂ, ਬਸੰਤੀ ਮਾਤਾ ਦਾ ਥਾਂ, ਸ਼ਿਵ ਮੰਦਰ ਅਤੇ ਹਨੁਮਾਨ ਮੰਦਰ ਹੈ। ਆਰਥਿਕਤਾ ਨਾਲ ਸਬੰਧਤ ਅੰਕੜਿਆਂ ਤੋਂ ਨਿਰੂਪਤ ਹੋਇਆ ਕਿ ਇਸ ਪਿੰਡ ਦੇ 3 ਪਰਿਵਾਰਾਂ ਦੀ ਆਮਦਨ ਦਾ ਕੋਈ ਸਾਧਨ ਨਹੀਂ। 61 ਪਰਿਵਾਰਾਂ ਦੀ ਪ੍ਰਤੀ ਮਹੀਨਾ ਆਮਦਨ ਸੌ ਤੋਂ ਪੰਜ ਹਜ਼ਾਰ ਰੁਪਏ ਹੈ। 20 ਪਰਿਵਾਰਾਂ ਦੀ ਪ੍ਰਤੀ ਮਹੀਨਾ ਆਮਦਨ ਇਕਵੰਜਾ ਸੌ ਤੋਂ ਦਸ ਹਜ਼ਾਰ ਰੁਪਏ ਹੈ। ਦਸ ਪਰਿਵਾਰਾਂ ਦੀ ਆਮਦਨ ਦਸ ਹਜ਼ਾਰ ਤੋਂ ਵੀਹ ਹਜ਼ਾਰ ਹੈ। ਪਿੰਡ ਦੇ ਕਿਸੇ ਪਰਿਵਾਰ ਦੀ ਆਮਦਨ ਵੀਹ ਹਜ਼ਾਰ ਤੋਂ ਉਪਰ ਨਹੀਂ। ਸੰਚਾਰ ਦੇ ਸਾਧਨ ਵਜੋਂ 87 ਪਰਿਵਾਰਾਂ ਦੇ 127 ਮੈਂਬਰਾਂ ਕੋਲ ਮੋਬਾਈਲ ਹਨ ਜਦੋਂ ਕਿ 07 ਪਰਿਵਾਰਾਂ ਕੋਲ ਇਹ ਸਹੂਲਤ ਨਹੀਂ ਹੈ। ਮਨੋਰੰਜਨ ਦੇ ਸਾਧਨ ਵਜੋਂ 83 ਘਰਾਂ ਵਿਚ ਟੀ.ਵੀ., 7 ਘਰਾਂ ਵਿਚ ਰੇਡੀਉ ਅਤੇ 4 ਘਰਾਂ ਕੋਲ ਨਾ ਰੇਡੀਉ ਹੈ ਨਾ ਟੀ.ਵੀ.। ਕੰਪਿਊਟਰ ਸਿਰਫ 5 ਘਰਾਂ ਵਿਚ ਹਨ। ਪਿੰਡ ਦੇ 56 ਪਰਿਵਾਰਾਂ ਵਿਚ ਕਿਸੇ ਨਸ਼ੇ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਦੋਂ ਕਿ 38 ਪਰਿਵਾਰਾਂ ਦੇ ਮਰਦ ਸ਼ਰਾਬ ਦਾ ਸੇਵਨ ਕਰਦੇ ਹਨ। ਇਨ੍ਹਾਂ 38 ਪਰਿਵਾਰਾਂ ਵਿਚੋਂ 13 ਪਰਿਵਾਰਾਂ ਦੇ ਮਰਦ ਬੀੜੀ ਅਤੇ 9 ਪਰਿਵਾਰਾਂ ਦੇ ਮਰਦ ਹੋਰ ਨਸ਼ੇ ਵੀ ਕਰਦੇ ਹਨ। ਸਿਰਫ਼ ਇਕ ਸਰਕਾਰੀ ਐਲੀਮੈਂਟਰੀ ਸਕੂਲ (ਬਲਾਕ ਭੁਨਰਹੇੜੀ-1) ਵਾਲੇ ਇਸ ਪਿੰਡ ਦੇ ਵਸਨੀਕ ਆਪਣੀਆਂ ਧੀਆਂ ਨੂੰ ਪਿੰਡ ਤੋਂ ਬਾਹਰ ਪੜ੍ਹਾਈ ਲਈ ਭੇਜਣ ਵਾਸਤੇ ਝਿਜਕਦੇ ਹਨ। ਇਸ ਲਈ ਬਾਲੜੀਆਂ ਦੀ ਇੱਛਾ ਨੂੰ ਅਣਗੌਲਿਆਂ ਕਰਦਿਆਂ ਉਨ੍ਹਾਂ ਨੂੰ ਸਿਰਫ਼ ਪੰਜਵੀਂ ਤਕ ਹੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਨਵੇਂ ਸਮਾਜ ਦੀ ਸਿਰਜਣਾ ਲਈ ਲੋਕਾਂ ਦੀ ਇਸ ਮਨੋਪ੍ਰਵਿਰਤੀ ਨੂੰ ਬਦਲਣਾ ਬੜਾ ਜ਼ਰੂਰੀ ਹੈ। ਅਕਾਲਗੜ੍ਹ ਪਿੰਡ ਦੇ ਇਤਿਹਾਸਕ ਪਿਛੋਕੜ ਬਾਰੇ ਇਸ ਪਿੰਡ ਦੇ ਜੰਮਪਲ, ਚਾਰ ਪੁਸਤਕਾਂ ਦੇ ਰਚਨਾਕਾਰ ਤੇ ਪੱਤਰਕਾਰ ਸ. ਗੁਰਨਾਮ ਸਿੰਘ ਅਕੀਦਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਢਾਈ ਵਰ੍ਹੇ ਇੰਡੋ-ਪੰਜਾਬ ਪਰਚਾ ਕੱਢਿਆ ਤੇ ਅੱਜ ਕੱਲ ਉਹ ਪੰਜਾਬੀ ਟ੍ਰਿਬਿਊਨ ਅਖਬਾਰ ਨਾਲ ਜੁੜੇ ਹੋਏ ਹਨ। ਉਹ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ਸੌਂਪੇ ਪੁਆਧੀ ਸਭਿਆਚਾਰ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ, 'ਪਟਿਆਲਾ ਤੋਂ 14 ਕਿ.ਮੀ. ਦੂਰ ਗੂਹਲਾ ਚੀਕਾ ਕੀ ਸੜਕ ਪਾ ਮਜਾਲ ਅੱਡੇ ਕੀ ਗੈਲ ਮ੍ਹਾਰਾ ਗਔਂ ਆ ਅਕਾਲਗੜ੍ਹ। ਇਸ ਗਔਂ ਕਾ ਪਿਛੋਕੜ ਕਿਤੀ ਲਿਖਤ ਮਾਂ ਤੋ ਨਹੀਂ ਮਿਲਿਆ, ਹਾਂ ਸਿਆਣਿਆ ਕੀ ਬਾਤਾਂ ਤੇ ਪਤਾ ਲੱਗਾ ਕੇ ਯੋ ਗਔਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਲਮ ਅਰ ਕਰੋਧੀ ਮੁਗਲ ਨੂੰ ਉਜਾੜ ਕਾ ਗਰੀਬ ਕਿਸਾਨ ਨੂੰ ਦੇ ਕਾ ਇਸ ਕਾ ਨਾਓਂ ਅਕਾਲਗੜ੍ਹ ਰੱਖਿਆ ਤਾ...80 ਸਾਲ ਕੇ ਮੇਰੇ ਬਾਪੂ ਖਿਊਣ ਸਿੰਘ ਆਪਣੇ ਬਾਪ-ਦਾਦੇ ਕੇ ਹਵਾਲੇ ਸੇ ਇਤਰੀਂ ਕਹੇ ਕਰੇਂ ਕੇ ਇਸ ਗਔਂ ਮਾ ਇਕ ਮੁਗਲ ਰਹੇ ਕਰੇ ਤਾ ਅਪਨੀ ਹਵੇਲੀ ਮੇ ... ਦੋ ਚਾਰ ਗਰੀਬ ਗੁਰਬਿਆਂ ਕੇ ਘਰ ਤੇ... ਕਿਸੀ ਜੱਟ ਕਾ ਘਰ ਨੀ ਤਾ...। ਨਿਉਂ ਬੀ ਕਹਿ ਦਿਆਂ ਕੇ ਮੁਗਲ ਕੀ ਸੂਬਾ ਸਰਹਿੰਦ ਕੇ ਗੈਲ ਕੋਈ ਅੰਗਲੀ ਸੰਗਲੀ ਭਿੜੇ ਤੀ। ਉਸ ਕੀ ਸ਼ਿਕਾਇਤ ਭੀ ਬਾਬਾ ਬੰਦਾ ਸਿੰਘ ਬਹਾਦਰ ਕੇ ਪਾਸ ਚਲੀ ਗਈ ਤੀ। ਜਦ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਕਾ ਥਾਪੜਾ ਲੈ ਕਾ ਪੁਆਧ ਕੇ 'ਲਾਕੇ ਮਾਹ ਆਇਆ ਤਾਂ ਮੁਗਲ ਨੇ ਉਸ ਗੈਲ ਲੜਾਈ ਕਰੀ ਤੀ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਨੂੰ ਫੇਰੇ ਮਾਰ ਕਾ ਉਸ 'ਲਾਕੇ ਕੀ ਸਾਰੀ ਜਮੀਨ ਇਕ ਗਰੀਬ ਲਾਣੇ ਕੋ ਦੇ ਦੀ ਤੀ...। ਜਦ ਉਸ 'ਕੱਲੇ ਘਰ ਕੇ ਮਾਲਕ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁਛਿਆ ਕੇ 'ਮੈਂ 'ਕੱਲਾ ਉਰਾਂ ਕਿੱਤਰਾਂ ਰਹਾਂਗਾ ਜੀ', ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਹਾ ਤਾ, 'ਤੌਂ ਫ਼ਿਕਰ ਨਾ ਕਰ.. ਯੋ ਤਾਂ ਅਕਾਲੀਆਂ ਕਾ ਗੜ੍ਹ ਹੋਏਗਾ.. ਉਰਾ ਕੋਈ ਤੇਰਾ ਕੁਸ ਨੀਂ ਬਗਾੜ ਸਕੇਗਾ.. ਬਸ ਤੌਂ ਸੱਚ ਕਾ ਸਾਥ ਨਾ ਛੱਡਿਓ.. ਗਰੀਬ ਗੁਰਬੇ ਕੀ ਮਦਦ ਕਰਿਓ.. ਬੇਇਨਸਾਫ਼ੀ ਨਾ ਕਰਿਓ... ਕਿਸੀ ਕਾ ਹੱਕ ਨਾ ਮਾਰਿਓ'। ਬਸ ਫੇਰ ਅਜ ਕੁਸ ਕਲ ਕੁਸ, ਗਔਂ ਮਾਂ ਆ ਕਾ ਲੋਕ ਬਸਣ ਲੱਗੇ.. ਜੋ ਘਰ ਗਔਂ ਮਾਂ ਸਬ ਤੇ ਬੜੇ ਜ਼ਿਮੀਦਾਰਾਂ ਕਾ ਹੋਏ ਕਰੇ ਤਾ.. ਉਨ੍ਹਾਂ ਨੂੰ ਅਜੇ ਵੀ ਲੋਕ ਅਕਾਲੀ ਕਹਾਂ। ਦੇਖੋ ਨਾ ਤਾਂ ਉਨ੍ਹਾਂ ਕਾ ਅੰਮ੍ਰਿਤ ਛਕਿਆ ਹੋਇਆ, ਨਾ ਹੀ ਉਨ੍ਹਾਂ ਕਾ ਕੋਈ ਪਰਵਾਰ ਮਾਂ ਸਿੰਘ ਆ..।'2

ਅਕਾਲੀ ਕਹਾਏ ਜਾਂਦੇ ਪਰਿਵਾਰ ਦੇ ਮੌਜੂਦਾ ਮੁਖੀ 75 ਸਾਲਾ ਅਮਰਜੀਤ ਸਿੰਘ ਅਨੁਸਾਰ, 'ਬੰਦਾ ਸਿੰਘ ਬਹਾਦਰ ਨੇ ਜਿਸ ਪਰਿਵਾਰ ਨੂੰ ਜ਼ਮੀਨ ਦਿੱਤੀ ਸੀ, ਮੈਂ ਉਸਦੀ ਪੰਜਵੀਂ ਪੀੜ੍ਹੀ ਵਿਚੋਂ ਹਾਂ। ਮੇਰੇ ਦਾਦੇ ਬੁੱਧ ਸਿੰਘ ਅਨੁਸਾਰ ਪਿੰਡ ਦਾ ਪੁਰਾਣਾ ਨਾਂ ਸ਼ੇਖੁਪੁਰ ਸੀ। ਪਿੰਡ ਵਿਚ ਮਿਸਤਰੀ ਭੱਟੀਆਂ ਤੋਂ, ਨਾਈ ਮਹੱਦੀਪੁਰ ਤੋਂ, ਬਾਲਮੀਕ ਮਝਾਲ ਤੋਂ, ਰਾਮਦਾਸੀਏ ਰੁੜਕੀ ਤੋਂ ਅਤੇ ਝਿਉਰ ਪਹਾੜੀਪੁਰ ਤੋਂ ਆ ਕੇ ਵਸੇ ਹਨ। ਪਿੰਡ ਵਿਚ ਇਕ ਇਤਿਹਾਸਕ ਬੁਰਜ ਹੁੰਦਾ ਸੀ ਜਿਸ 'ਤੇ ਨਗਾਰੇ ਰੱਖੇ ਹੁੰਦੇ ਸਨ ਜਿਨ੍ਹਾਂ ਰਾਹੀਂ ਹਰ ਸੂਚਨਾ ਪਿੰਡ ਵਿਚ ਪਹੁੰਚਾਈ ਜਾਂਦੀ ਸੀ।'3 ਦੋਵੇਂ ਹਵਾਲਿਆਂ ਅਨੁਸਾਰ ਅਕਾਲੀਆਂ ਦੇ ਪਰਿਵਾਰ ਤੋਂ ਬਿਨਾ ਬਾਕੀ ਲੋਕ ਪਿੰਡ ਵਿਚ ਬਾਅਦ ਵਿਚ ਆ ਕੇ ਵਸੇ ਹਨ।
ਅਕਾਲਗੜ੍ਹ ਨੂੰ ਮਾਡਲ ਪਿੰਡ ਬਣਾਉਣ ਲਈ ਵੁਮੈਨ ਸਟੱਡੀ ਸੈਂਟਰ ਵਲੋਂ ਅਜਿਹੀਆਂ ਬਹੁ-ਪੱਖੀ ਸਹੂਲਤਾਂ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਨ੍ਹਾਂ ਦਾ ਲਾਭ-ਪਾਤਰ ਪਿੰਡ ਦੀ ਵੱਧ ਤੋਂ ਵੱਧ ਵਸੋਂ ਨੇ ਬਣਨਾ ਹੈ। ਇਸ ਤਹਿਤ ਅਣਵਰਤੀ ਤੇ ਵਿਅਰਥ ਜਾ ਰਹੀ ਵਿਸ਼ਾਲ ਮਾਨਵੀ ਸ਼ਕਤੀ, ਸਮੇਂ ਦੀ ਮੰਗ, ਹੁਨਰ-ਵਿਕਾਸ ਤੇ ਝੁਕਾਵਾਂ ਦੇ ਮੱਦੇਨਜ਼ਰ ਕੰਪਿਊਟਰ ਸੈਂਟਰ, ਸਿਲਾਈ ਸੈਂਟਰ, ਬਿਊਟੀਸ਼ਨ ਸੈਂਟਰ, ਟਿਊਸ਼ਨ ਸੈਂਟਰ, ਬੈਂਕ ਦੇ ਸਹਿਯੋਗ ਨਾਲ ਮਾਈਕਰੋ ਫਾਇਨਾਂਸਿੰਗ, ਸੋਲਰ ਲਾਈਟਸ ਦਾ ਪ੍ਰਬੰਧ ਕਰਨ ਤੋਂ ਇਲਾਵਾ ਸਿੱਖਿਆ ਅਤੇ ਸਿਹਤ ਸੰਬੰਧੀ ਬਹੁਤ ਸਾਰੇ ਪ੍ਰਭਾਵੀ ਕਾਰਜ ਸ਼ਾਮਲ ਹਨ। ਸੋ ਸ਼ੁੱਧ ਪਾਣੀ, ਪੜ੍ਹਾਈ, ਸਿਹਤ-ਸੰਭਾਲ ਤੇ ਸਾਫ਼ ਵਾਤਾਵਰਣ ਨਾਲ ਜੁੜੀਆਂ ਲੋਕਾਂ ਦੀਆਂ ਅਨੁਜੀਵਕ ਲੋੜਾਂ (Survival needs), ਜੀਵਨ ਲਈ ਘੱਟੋ-ਘੱਟ ਜ਼ਰੂਰਤਾਂ ਤਕ ਪਹੁੰਚ ਵਾਲੀਆਂ ਸਮਾਜਿਕ ਲੋੜਾਂ (Social needs), ਅਗਾਂਹ ਵਧਣ ਦੇ ਬਹੁਪਰਤੀ/ਬਹੁਪੱਖੀ ਵਿਦਿਅਕ ਮੌਕੇ, ਧਾਰਮਿਕ-ਸਭਿਆਚਾਰਕ ਪੱਖੋਂ ਸਹਿਣਸ਼ੀਲਤਾ ਦੀ ਭਾਵਨਾ, ਵਿਹਲੇ ਸਮੇਂ ਦੀ ਸੁਯੋਗ ਵਰਤੋਂ, ਉਤਕ੍ਰਿਸ਼ਟਤਾ ਦੀ ਪਹਿਚਾਣ ਅਤੇ ਸਭਿਆਚਾਰ ਤੇ ਕਲਾ ਦੇ ਫੈਲਾਉ ਨਾਲ ਜੁੜੀਆਂ ਸਭਿਆਚਾਰਕ ਤੇ ਮਨੋਵਿਗਿਆਨਕ ਲੋੜਾਂ (Cultural & Psychological needs), ਸਭਿਆਚਾਰਕ ਪੱਖੋਂ ਪਛੜੇ ਸਮੂਹਾਂ ਵਲ ਤਵੱਜੋ ਦੇਣ ਤੇ ਧਰਮ, ਜਾਤ, ਲਿੰਗ ਅਧਾਰਤ ਅਸਮਾਨਤਾਵਾਂ ਨੂੰ ਖਤਮ ਕਰਨ ਵਾਲੀਆਂ ਭਲਾਈ ਪੱਖੀ ਲੋੜਾਂ (Welfare needs), ਚੇਤਨਾ ਲਈ ਲੋੜੀਂਦੀ ਸਿੱਖਿਆ ਤੇ ਸਮਾਜ ਨੂੰ ਬਦਲਣ ਵਾਲੀਆਂ ਸ਼ਕਤੀਆਂ ਦੇ ਗਿਆਨ ਨਾਲ ਜੁੜੀਆਂ ਅਨੁਕੂਲਣਾਤਮਕ ਲੋੜਾਂ (Adaptative needs) ਅਤੇ ਨਵੀਂ ਖੋਜ, ਨਵੇਂ ਗਿਆਨ ਦੇ ਫੈਲਾਉ ਤੇ ਪਰਿਵਾਰਕ ਜੀਵਨ ਮਿਆਰ ਵਿਚ ਸੁਧਾਰ ਲਿਆਉਣ ਵਾਲੀਆਂ ਪ੍ਰਗਤੀਵਾਦੀ ਲੋੜਾਂ (Progressive needs) ਨਾਲ ਜੁੜੇ ਮਕਸਦਾਂ ਦੀ ਪੂਰਤੀ ਵਿਚ ਵੁਮੈਨ ਸਟੱਡੀ ਸੈਂਟਰ ਸਮੇਤ ਯੂਨੀਵਰਸਿਟੀ ਦੇ ਹੋਰ ਅਦਾਰੇ, ਅਕਾਲਗੜ੍ਹ ਪਿੰਡ ਦੀ ਪੰਚਾਇਤ, ਕੁਝ ਐਨਜੀਓਜ਼ (ਨਾਨ ਗਵਰਨਮੈਂਟ ਆਰਗੇਨਾਈਜ਼ੇਸ਼ਨਜ਼) ਤੇ ਸਵੈਇੱਛਤ ਜਥੇਬੰਦੀਆਂ ਵੀ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਬਹੁਪੱਖੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਪਿੰਡ ਨੂੰ ਇਲਾਕੇ ਵਿਚ ਅਗਾਂਹਵਧੂ ਬਣਾਉਣ ਲਈ, ਲੋਕਾਂ ਦੀ ਸੋਚਣੀ ਤੇ ਝੁਕਾਅ ਬਦਲਣ ਲਈ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਕਈ ਕਾਰਜ ਲਗਭਗ ਪਹਿਲੇ ਛੇ ਮਹੀਨਿਆਂ ਵਿਚ ਕਰ ਲਏ ਗਏ ਹਨ। ਇਨ੍ਹਾਂ ਕਾਰਜਾਂ 'ਤੇ ਸੰਖਿਪਤ ਚਰਚਾ ਕਰਨੀ ਲਾਜ਼ਮੀ ਬਣਦੀ ਹੈ :

ਸਕੂਲ ਲਈ ਸਹਾਇਤਾ: ਪਿੰਡ ਵਿਚ ਇਕ ਹੀ ਪ੍ਰਾਇਮਰੀ ਸਕੂਲ ਹੈ। ਵੂਮੈਨ ਕਲੱਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬੀ-ਅੰਗਰੇਜ਼ੀ ਦੀਆਂ ਕਿਤਾਬਾਂ-ਕਾਪੀਆਂ ਤੇ ਪੜ੍ਹਾਈ ਦਾ ਹੋਰ ਸਮਾਨ, ਟਾਟ, ਪੀਣ ਵਾਲਾ ਪਾਣੀ, ਪੱਖੇ, ਕੂਲਰ ਆਦਿ ਜਿਹੀਆਂ ਕਈ ਮੁਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ। 'ਜ਼ਰੀਆ' ਐਨਜੀਓ ਨੇ ਵਿਦਿਆਰਥੀਆਂ ਨੂੰ ਟਰੈਕ ਸੂਟ ਅਤੇ ਬੂਟ ਵੰਡੇ। ਪਿੰਡ ਦੇ ਲੋਕਾਂ ਦੀ ਇੱਛਾ ਹੈ ਕਿ ਪਿੰਡ ਦਾ ਸਕੂਲ 10+2 ਤਕ ਹੋਣਾ ਚਾਹੀਦਾ ਹੈ। ਸਿਹਤ, ਸਫ਼ਾਈ ਅਤੇ ਸਮਾਜਿਕ ਜਾਗਰੂਕਤਾ: ਪਿੰਡ ਦੀ ਨੁਹਾਰ ਬਦਲਣ ਲਈ ਮੁਢਲੇ ਰੂਪ ਵਿਚ ਪਿੰਡ ਦੀ ਸਫ਼ਾਈ ਕਰਨ ਤੋਂ ਇਲਾਵਾ ਬੀ.ਡੀ.ਪੀ.ਓ ਦੇ ਸਹਿਯੋਗ ਸਦ਼ਕਾ ਪੱਕੀਆਂ ਗਲੀਆਂ ਨਿਰਮਿਤ ਕਰਵਾਈਆਂ ਗਈਆਂ। ਐਨ.ਐਸ.ਐਸ. ਵਿੰਗ ਦੀ ਸਹਾਇਤਾ ਨਾਲ ਸਫ਼ਾਈ ਕੈਂਪ ਲਗਾ ਕੇ ਪਿੰਡ ਵਾਸੀਆਂ ਨੂੰ ਸਫ਼ਾਈ ਦੀ ਅਹਿਮੀਅਤ ਤੋਂ ਜਾਣੂ ਕਰਾਉਂਦਿਆਂ ਹੋਇਆਂ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ। ਸਾਫ਼-ਸਫ਼ਾਈ ਤੋਂ ਬਾਅਦ ਕੂੜਾ ਸੁੱਟਣ ਲਈ ਪਿੰਡ ਦੀਆਂ ਦਸ ਪ੍ਰਮੁਖ ਥਾਵਾਂ 'ਤੇ ਕੂੜਾਦਾਨ ਰਖਵਾਏ ਗਏ ਹਨ। ਪਿੰਡ ਵਿਚ ਜਨ-ਚੇਤਨਾ ਪੈਦਾ ਕਰਨ ਦੇ ਮਕਸਦ ਹਿਤ ਮੈਡੀਕਲ ਕੈਂਪ ਤੇ ਨਾਟਕਾਂ ਦੇ ਮੰਚਣ ਦਾ ਆਯੋਜਨ ਕੀਤਾ ਗਿਆ। ਨੇੜ ਭਵਿੱਖ ਵਿਚ ਪੀ.ਜੀ.ਆਈ ਚੰਡੀਗੜ੍ਹ ਦੀ ਸਹਾਇਤਾ ਨਾਲ ਪਿੰਡ ਦੀਆਂ ਔਰਤਾਂ ਲਈ ਕੈਂਸਰ ਦੀ ਜਾਂਚ-ਪੜਤਾਲ ਸੰਬੰਧੀ ਕੈਂਪ, ਨਸ਼ਾ ਛੁਡਾਊ ਕੈਂਪ ਅਤੇ ਯੋਗਾ ਕੈਂਪ ਵੀ ਆਯੋਜਿਤ ਕੀਤਾ ਜਾਣਾ ਹੈ। ਪਰਿਆਵਰਣ ਵਿਚ ਸਾਵਾਂਪਣ ਲਿਆਉਣ ਦੇ ਮੰਤਵ ਹਿਤ ਪਿੰਡ ਵਿਚ ਫਲਦਾਰ, ਛਾਂਦਾਰ ਅਤੇ ਫੁੱਲਦਾਰ ਬੂਟੇ ਵੀ ਲਗਾਏ ਜਾਣੇ ਹਨ। ਪਿੰਡ ਵਿਚ ਕੋਈ ਸਫਾਈ ਸੇਵਕ ਨਹੀਂ ਅਤੇ ਨਾ ਹੀ ਕੋਈ ਮਾਲੀ ਹੈ। ਪਿੰਡ ਵਿਚ ਡਿਸਪੈਂਸਰੀ ਵੀ ਨਹੀਂ ਅਤੇ ਖੇਡ ਦਾ ਮੈਦਾਨ ਵੀ ਨਹੀਂ। ਗਲੀਆਂ ਵਿਚ ਸੂਰਜੀ ਊਰਜਾ ਵਾਲੀਆਂ ਲਾਈਟਾਂ ਦਾ ਪ੍ਰਬੰਧ: ਸੈਂਟਰ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ, ਸਟੇਟ ਬੈਂਕ ਆਫ ਪਟਿਆਲਾ ਦੀ ਮਦਦ ਨਾਲ ਪਿੰਡ ਦੇ ਦਾਇਰੇ ਵਿਚ 15 ਸੋਲਰ ਲਾਈਟਾਂ ਲਗਵਾ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਇਥੋਂ ਦੇ ਵਸਨੀਕਾਂ ਖਾਸਕਰ ਔਰਤਾਂ ਅਤੇ ਮੁਟਿਅਰਾਂ ਲਈ ਸ਼ਾਮ ਤੋਂ ਬਾਅਦ ਪਿੰਡ ਵਿਚੋਂ ਬਾਹਰ ਜਾਣਾ ਮੁਸ਼ਕਿਲ ਹੁੰਦਾ ਸੀ। ਹੁਨਰ ਵਿਕਾਸ ਕੇਂਦਰ: ਪ੍ਰਤਿਭਾ ਦੇ ਗੁਣ ਹਰ ਵਿਅਕਤੀ ਵਿਚ ਮੌਜੂਦ ਹੁੰਦੇ ਹਨ, ਇਸ ਸੱਚਾਈ ਨੂੰ ਸਵੀਕਾਰਦਿਆਂ ਪੇਂਡੂ ਔਰਤਾਂ ਅਤੇ ਵਿਦਿਆਰਥੀਆਂ ਵਿਚ ਹੁਨਰ ਦੇ ਵਾਧੇ ਲਈ ਮੌਕੇ ਮੁਹੱਈਆ ਕਰਾਉਣ ਹਿਤ ਸਥਾਨਕ ਐਮ.ਪੀ. ਨੇ ਸਕੂਲ ਦੀ ਇਮਾਰਤ ਅੰਦਰ ਵੱਡੇ ਹਾਲ ਦੇ ਨਿਰਮਾਣ ਲਈ ਤਿੰਨ ਲੱਖ ਰੁ. ਦੀ ਗ੍ਰਾਂਟ ਦਿੱਤੀ। ਇਸੇ ਪ੍ਰਕਾਰ 'ਜ਼ਰੀਆ' ਨਾਂ ਦੀ ਐਨਜੀਓ ਨੇ ਸਵੈਨਿਰਭਰਤਾ ਦੇ ਆਸ਼ੇ ਵਾਲੇ ਇਸ ਕਾਰਜ ਪ੍ਰਤੀ ਆਪਣੀ ਪਾਕ ਭਾਵਨਾ ਦਰਸਾਉਂਦਿਆਂ ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ ਲਈ ਉਸ ਹਾਲ ਵਾਸਤੇ ਲੋੜੀਂਦਾ ਫਰਨੀਚਰ ਪ੍ਰਦਾਨ ਕਰਨ ਦੀ ਸਹਿਮਤੀ ਦਿੱਤੀ ਹੈ। ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਹੁਨਰ ਦੇ ਚਾਹਵਾਨਾਂ ਲਈ ਨਵਾਂ ਤਕਨੀਕੀ ਵਿਗਿਆਨ ਉਪਲਬਧ ਕਰਾਉਣ ਹਿਤ ਕੰਪਿਊਟਰ ਸੈਂਟਰ ਵਾਸਤੇ 5 ਕੰਪਿਊਟਰ ਦੇਣ ਦਾ ਐਲਾਨ ਕਰਕੇ ਵਿਕਾਸ ਯੋਜਨਾ ਨੂੰ ਹੋਰ ਹੱਲਾਸ਼ੇਰੀ ਦਿੱਤੀ। ਪਿੰਡ ਵਿਚ ਵਿਭਿੰਨ ਹੁਨਰਾਂ ਦੀ ਸਿਖਲਾਈ ਸੰਬੰਧੀ ਕੀਤੇ ਗਏ ਤਾਜ਼ਾਤਰੀਨ ਸਰਵੇਖਣ ਦੌਰਾਨ ਇਹ ਅੰਕੜੇ ਸਾਹਮਣੇ ਆਏ ਹਨ ਕਿ 19 ਸਿਖਿਆਰਥੀ ਅਤੇ 15 ਸਿਖਿਆਰਥਣਾਂ ਕੰਪਿਊਟਰ, 28 ਸਿਖਿਆਰਥਣਾਂ ਸਿਲਾਈ, 18 ਸਿਖਿਆਰਥਣਾਂ ਬਿਊਟੀਸ਼ਨ ਦਾ ਕੋਰਸ ਕਰਨਾ ਚਾਹੁੰਦੀਆਂ ਹਨ। 21 ਮਰਦ ਅਤੇ 27 ਔਰਤਾਂ ਕੁਝ ਵੀ ਸਿੱਖਣਾ ਨਹੀਂ ਚਾਹੁੰਦੇ। ਸਕਾਲਰਸ਼ਿਪ ਅਤੇ ਵਿਧਵਾ ਪੈਨਸ਼ਨ: ਪੰਜਾਬੀ ਯੂਨੀਵਰਸਿਟੀ ਦੀ ਪ੍ਰੇਰਨਾ ਨਾਲ ਐਨਜੀਓ 'ਸਰਬੱਤ ਦਾ ਭਲਾ' ਨੇ ਪਿੰਡ ਦੇ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਦਾ ਬੀੜਾ ਚੁੱਕਿਆ ਜਿਹੜੇ ਆਰਥਿਕ ਪਾਬੰਦੀਆਂ ਕਾਰਨ ਅੱਗੋਂ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਦੇ ਸਮਰੱਥ ਨਹੀਂ ਸਨ। ਉਨ੍ਹਾਂ ਨੇ ਪਿੰਡ ਦੇ ਅਜਿਹੇ ਵਿਦਿਆਰਥੀਆਂ ਲਈ ਉਪਯੋਗੀ ਤੇ ਉਸਾਰੂ ਕਦਮ ਪੁੱਟਦਿਆਂ ਸਕਾਲਰਸ਼ਿਪ ਅਤੇ ਵਿਧਵਾਵਾਂ ਲਈ ਮਾਸਿਕ ਪੈਨਸ਼ਨ ਦਾ ਪ੍ਰਬੰਧ ਕਰਨ ਵਿਚ ਸਹਾਇਤਾ ਕੀਤੀ। ਯੂਨੀਵਰਸਿਟੀ ਨੇ ਪਿੰਡ ਦੇ ਪੰਜ ਉਨ੍ਹਾਂ ਬੱਚਿਆਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਨੇ ਬਾਰਵੀਂ ਤਕ ਪੜ੍ਹਾਈ ਕੀਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਪ੍ਰੋਫੈਸ਼ਨਲ ਕੋਰਸ ਕਰਾਉਣ ਲਈ ਉਨ੍ਹਾਂ ਦੀ ਫੀਸ ਸਪਾਂਸਰ ਕਰਨ ਲਈ ਸਪਾਂਸਰਜ਼ ਲੱਭੇ ਜਾ ਰਹੇ ਹਨ ਤਾਂ ਕਿ ਉਹ ਗਰੀਬ ਮੈਰੀਟੋਰੀਅਸ ਬੱਚੇ ਆਪਣੀ ਅਗਲੀ ਪੜ੍ਹਾਈ ਜਾਰੀ ਰੱਖ ਸਕਣ। ਅਜੋਕੇ ਪੂੰਜੀਵਾਦੀ ਦੌਰ ਵਿਚ ਭਲਾਈ ਦੇ ਕੰਮਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਘਟ ਰਿਹਾ ਹੈ। ਸੋ ਬਹੁ-ਗਿਣਤੀ ਲੋਕਾਂ ਦੇ ਉਪਕਾਰ ਨਾਲ ਜੁੜਿਆ ਸਮਾਜਿਕ-ਆਰਥਿਕ ਵਿਕਾਸ ਦਾ ਮੁੱਦਾ ਇਮਾਨਦਾਰੀ ਦੀ ਭਾਵਨਾ ਉਪਰ ਟਿਕਿਆ ਹੋਇਆ ਹੈ। ਸੋ ਹੁਣ ਤਕ ਹੋਏ ਕਾਰਜਾਂ ਦੇ ਸਰਵੇਖਣ ਦੀ ਲੋਅ ਵਿਚ ਕਹਿ ਸਕਦੀ ਹਾਂ ਕਿ ਅਕਾਲਗੜ੍ਹ ਪਿੰਡ ਦੇ ਵਿਕਾਸ ਕਾਰਜ ਦੇ ਮੂਲ ਮੁੱਦੇ ਨਾਲ ਜੁੜੀਆਂ ਯੂਨੀਵਰਸਿਟੀ ਦੀਆਂ ਇਨ੍ਹਾਂ ਕਾਰਗੁਜ਼ਾਰੀਆਂ ਦੀ ਬਦੌਲਤ ਪਿੰਡ ਦੀ ਵਸੋਂ ਨੂੰ ਆਪਣੇ ਜੀਵਨ ਵਿਚ ਗੁਣਾਤਮਕ ਪਰਿਵਰਤਨ ਲਿਆਉਣ ਤੇ ਸਮਾਜਿਕ-ਆਰਥਿਕ ਪੱਛੜਾਪਨ ਦੂਰ ਕਰਨ ਦੇ ਸਲਾਹੁਤਾਯੋਗ ਮੌਕੇ ਮਿਲ ਰਹੇ ਹਨ।

ਪੇਪਰ ਵਿਚ ਆਇਆ ਕਿ ਇਸੇ ਗ਼ੁਰਬਤ ਵਿਚ ਰਹਿ ਰਹੇ ਪਿੰਡ ਦੇ ਜੰਮਪਲ ਚਾਰ ਪੁਸਤਕਾਂ ਦੇ ਰਚਨਾਕਾਰ ਤੇ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਇਕੋ ਇਕ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ। ਅੱਜ ਕਲ ਸ੍ਰੀ ਅਕੀਦਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਸੌਂਪੇ ਵਡ ਆਕਾਰੀ ਪ੍ਰੋਜੈਕਟ 'ਪੁਆਧੀ ਸਭਿਆਚਾਰ' 'ਤੇ ਕੰਮ ਕਰ ਰਹੇ ਹਨ। ਪੇਪਰ ਵਿਚ ਕੀਤੀ ਖੋਜ ਵਿਚ ਸਾਹਮਣੇ ਆਇਆ ਕਿ ਇਹ ਪਿੰਡ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹਿੰਦ ਦੇ ਨੇੜਲੇ ਇਕ ਮੁਗਲ ਨੂੰ ਉਜਾੜ ਕੇ ਇਕ ਗਰੀਬ ਪਰਵਾਰ ਨੂੰ ਸਾਰੀ ਜ਼ਮੀਨ ਦੇ ਕੇ ਵਸਾਇਆ ਸੀ। ਹਾਲਾਂ ਕਿ ਉਹ ਪਰਵਾਰ ਇੱਥੇ ਅਜੇ ਤੱਕ ਮੌਜੂਦ ਹੈ ਪਰ ਉਹ ਅੰਮ੍ਰਿਤਧਾਰੀ ਨਹੀਂ ਹਨ ਨਾ ਹੀ ਪਿੰਡ ਵਿਚ ਕੋਈ ਗੁਰਦੁਆਰਾ ਹੈ। ਪਿੰਡ ਦੇ ਲੋਕਾਂ ਵਿਚੋਂ ਸਰਪੰਚ ਮੱਖਣ ਦਾਸ, ਨੰਬਰਦਾਰ ਮੱਘਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਭੋਲਾ ਦਾਸ, ਕਲੱਬ ਮੁਖੀ ਸੱਜਣ ਸਿੰਘ ਆਦਿ ਨੇ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹੇ ਗਏ ਇਸ ਪੇਪਰ ਤੇ ਫ਼ਖਰ ਮਹਿਸੂਸ ਕੀਤਾ ਹੈ ਅਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਵਿਮੈਨ ਸਟੱਡੀ ਸੈਂਟਰ ਦੇ ਮੁਖੀ ਰਿਤੂ ਲਹਿਲ, ਵਿਮੈਨ ਕਲੱਬ ਦੇ ਮੁਖੀ ਡਾ. ਜਗਜੀਤ ਕੌਰ, ਡਾ. ਅੰਮ੍ਰਿਤਪਾਲ ਕੌਰ ਆਦਿ ਦਾ ਧੰਨਵਾਦ ਵੀ ਕੀਤਾ ਹੈ। 

ਹਵਾਲੇ[ਸੋਧੋ]

ਹਵਾਲੇ 1. ਮਨਿਸਟਰੀ ਆਫ਼ ਰੂਰਲ ਡਿਵੈਲਪਮੈਂਟ, ਐਨੂਅਲ ਰਿਪੋਰਟ (1992-93) ਭਾਰਤ ਸਰਕਾਰ, ਨਵੀਂ ਦਿੱਲੀ, ਪੰਨਾ 96 2. ਸ. ਗੁਰਨਾਮ ਸਿੰਘ ਅਕੀਦਾ ਨਾਲ ਕੀਤੀ ਨਿੱਜੀ ਮੁਲਾਕਾਤ ਦੇ ਅੰਸ਼, 21-2-2016 3. ਸ. ਅਮਰਜੀਤ ਸਿੰਘ ਨਾਲ ਕੀਤੀ ਮੁਲਾਕਾਤ ਦੇ ਅੰਸ਼, 26-2-2016 4. http://aqidaonline.blogspot.in/search?updated-max=2016-03-13T05:30:00-07:00&max-results=10