ਸਮੱਗਰੀ 'ਤੇ ਜਾਓ

ਅਖੋਤਾਂ ਅਤੇ ਬੁਝਾਰਤਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਕ - ਸਾਹਿਤ :

ਲੋਕ - ਸਾਹਿਤ ਲੋਕ - ਸਾਹਿਤ ਜਿਵੇਂ ਕਿ ਇਸਦੇ ਨਾਂ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ , ਲੋਕਾਂ ਦਾ ਆਪਣਾ ਸਾਹਿਤ ਹੈ । ਇਸ ਵਿੱਚ ਆਮ ਲੋਕਾਂ ਦੇ ਹਾਵ - ਭਾਵ , ਸੁਪਨੇ - ਸਧਰਾਂ , ਖੁਸ਼ੀਆਂ - ਗਮੀਆਂ , ਰੁਚੀਆਂ - ਕਰੁਚੀਆਂ ਨੂੰ ਅਭਿਵਿਅਕਤ ਕੀਤਾ ਗਿਆ ਹੁੰਦਾ ਹੈ । ਇਸ ਵਿੱਚ ਸਾਦਗੀ , ਸਰਲਤਾ , ਸਪੱਸ਼ਟਤਾ ਅਤੇ ਮਿਠਾਸ ਦੇ ਗੁਣ ਸਦਾ ਮੌਜੂਦ ਰਹਿੰਦੇ ਹਨ । ਲੋਕ - ਸਾਹਿਤ ਲੋਕ - ਜੀਵਨ ਦਾ ਸ਼ੀਸ਼ਾ ਹੈ ਅਤੇ ਮਨੁੱਖ ਦੀ ਮਾਨਸਿਕ ਤ੍ਰਿਪਤੀ ਦਾ ਵਡਮੁੱਲਾ ਸਾਧਨ ਰਿਹਾ ਹੈ । ਇਸਦੀ ਰਚਨਾ ਮਨ ਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਪਾਉਣ ਨਾਲ ਨਹੀਂ ਹੁੰਦੀ , ਸਗੋਂ ਸਹਿਜ ਸੁਭਾਵਿਕ ਹੁੰਦੀ ਹੈ । ਲੋਕ - ਸਾਹਿਤ ਸਦੀਆਂ ਦੇ ਇਤਿਹਾਸ , ਮਿਥਿਹਾਸ ਅਤੇ ਸੰਸਕ੍ਰਿਤੀ ਦਾ ਵਡਮੁੱਲਾ ਖਜ਼ਾਨਾ ਹੁੰਦਾ ਹੈ । ਇਹ ਲੋਕਾਂ ਦੇ ਦਿਲਾਂ ਵਿੱਚ ਰਹਿੰਦਾ ਅਤੇ ਉਨ੍ਹਾਂ ਦੇ ਹੋਠਾਂ ਤੇ ਖੇਡਦਾ ਹੈ । ਇਹ ਮੂੰਹੋਂ - ਮੂੰਹ ਅੱਗੇ ਤੁਰਦਾ ਰਹਿੰਦਾ ਹੈ । ਇਸਦਾ ਪ੍ਰਵਾਹ ਇੱਕ ਨਿਰੰਤਰ ਵਗਦੀ ਪ੍ਰਬਲ ਧਾਰਾਂ ਵਾਂਗ ਹੈ ਜੋ ਸਾਡੇ ਸਮਾਜਿਕ ਅਤੇ ਭਾਈਚਾਰਕ ਜੀਵਨ ਦੇ ਕਣ - ਕਣ ਨੂੰ ਸਿੰਜਦਾ ਹੈ । ਲੋਕ - ਸਾਹਿਤ ਨੂੰ ਸੁਰੱਖਿਅਤ ਰੱਖਣ ਦਾ ਸਿਹਰਾ ਪੇਂਡੂ ਸਮਾਜ ਨੂੰ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਲੋਕ - ਸਾਹਿਤ ਦੇ ਪ੍ਰਮੁੱਖ ਕੇਂਦਰ ਅੱਧੇ ਤੋਂ ਜਿਆਦਾ ਪਿੰਡ ਹਨ , ਸ਼ਹਿਰ ਜਾਂ ਨਗਰ ਨਹੀਂ । ਲੋਕ - ਸਾਹਿਤ ਸੰਬੰਧੀ ਵੱਖ ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟਾਏ ਹਨ । ਡਾ . ਵਣਜਾਰਾ ਬੇਦੀ ਨੇ ਲੋਕ - ਸਾਹਿਤ ਦੀ ਬਹੁਤ ਵਿਸਤਰਿਤ ਵਿਆਖਿਆ ਕੀਤੀ ਹੈ ਉਨ੍ਹਾਂ ਦਾ ਵਿਚਾਰ ਹੈ ਕਿ : ਲੋਕ - ਸਾਹਿਤ ਇੱਕ ਅਜਿਹੇ ਪ੍ਰਵਾਹ ਵਾਂਗ ਹੈ ਜਿਸ ਵਿੱਚ ਇਲਾਕੇ ਦੇ ਸਭ ਨਦੀ ਨਾਲ , ਕੱਸੀਆਂ - ਵਾਹੜੇ ਆਪਣੇ ਨਿੱਜੀ ਹੋਂਦ ਗੰਵਾ ਕੇ ਰਚਮਿਚ ਜਾਂਦੇ ਹਨ ਤੇ ਜਿਸ ਵਿੱਚ ਉਸ ਇਲਾਕੇ ਦੀ ਭੋਇੰ ਦੀ ਮਿੱਟੀ ਤੇ ਹੋਰ ਸਮੱਗਰੀ ਕਿਸੇ ਨਾ ਕਿਸੇ ਰੂਪ ਵਿੱਚ ਖੁਰੀ , ਘੁਲੀ ਤੇ ਰਸੀ ਹੁੰਦੀ ਹੈ । ਲੋਕ - ਸਾਹਿਤ ਵਿੱਚ ਸਮੁੱਚੀ ਜਾਤੀ ਦੇ ਉਦਗਾਰ , ਭਾਵਨਾਵਾਂ , ਜੀਵਨ - ਆਦਰਸ਼ , ਮਨੌਤਾਂ , ਵਿਸ਼ਵਾਸ , ਵਿਚਾਰ ਤੋਂ ਕਲਾ ਰੁਚੀਆਂ ਖੁਰ ਕੇ ਸਮਾਈਆਂ ਹੁੰਦੀਆਂ ਹਨ । ਲੋਕ - ਸਾਹਿਤ ਤਾਂ ਉਸ ਸ਼ੀਸ਼ੇ ਵਾਂਗ ਹੈ , ਜਿਸ ਵਿੱਚੋਂ ਕਿਸੇ ਜਾਤੀ ਦੀ ਸਮੁੱਚੀ ਜੀਵਨ ਨੁਹਾਰ ਨਕਸ਼ ਅਤੇ ਰੂਪ ਦੇ ਨਾਲ ਉਸਦੇ ਅੰਤਰ ਘੱਟ ਤੱਕ ਦੀ ਹਰ ਭਾਵਨਾ ਦੇਖੀ ਜਾ ਸਕਦੀ ਹੈ । ਇਨ੍ਹਾਂ ਸ਼ਬਦਾਂ ਦੀ ਪੁਸ਼ਟੀ ਡਾ . ਥਿੰਦ ਨੇ ਵੀ ਕਰਦਿਆਂ ਲੋਕ - ਸਾਹਿਤ ਦੀ ਪਰਿਭਾਸ਼ਾ ਹੇਠ ਲਿਖੇ ਸ਼ਬਦਾਂ ਵਿੱਚ ਲਿਖੀ ਹੈ : ਲੋਕ - ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰਪੂਰ ਲੋਕ - ਮਾਨਸ ਦੀ ਸਹਿਜ - ਸੁਭਾਵਿਕ ਅਭਿਵਿਅਕਤੀ ਲੋਕ - ਸਾਹਿਤ ਹੈ ਜਿਸਦਾ ਸੰਚਾਰ ਲੋਕ - ਬੋਲੀ ਦੁਆਰਾ ਮੌਖਿਕ ਰੂਪ ਵਿੱਚ ਹੋਇਆ ਹੋਵੇ । ਇਸ ਰਚਨਾ ਨਾਲ ਕਿਸੇ ਲੇਖਕ ਦਾ ਨਾਂ ਜੁੜਿਆ ਹੋਇਆ ਨਹੀਂ ਹੁੰਦਾ ਅਤੇ ਲੋਕ - ਸਮੂਹ ਦੀ ਪ੍ਰਵਾਨਗੀ ਲੈ ਕੇ ਪੀੜ੍ਹੀਓ - ਪੀੜ੍ਹੀ ਅੱਗੇ ਚੱਲਦੀ ਹੈ । ਲੋਕ - ਸਾਹਿਤ ਬਾਰੇ ਡਾ . ਜਸਵਿੰਦਰ ਸਿੰਘ ਦੀ ਰਾਇ ਹੈ ਕਿ : ਲੋਕ - ਸਾਹਿਤ ਸਭਿਆਚਾਰ ਦਾ ਇੱਕ ਕਲਾਤਮਕ ਪ੍ਰਗਆ ਮਾਧਿਅਮ ਹੈ । ਸਭਿਆਚਾਰ ਕਿਸੇ ਵੀ ਮਾਨਵ ਸਮੂਹ ਦਾ ਮਾਧਿਅਮ ਹੈ । ਸਭਿਆਚਾਰ ਕਿਸੇ ਵੀ ਮਾਨਵ ਸਮੂਹ ਦਾ ਆਪਣੇ ਭੂਗੋਲਿਕ , ਪਦਾਰਥਕ ਅਤੇ ਇਤਿਹਾਸਿਕ ਅਧਾਰਾਂ ਉਤੇ ਉਸਰਿਆ ਜੀਵਨ ਢੰਗ ਅਤੇ ਮੂਲ ਮਾਨਵੀ ਹੁੰਗਾਰਾ ਹੁੰਦਾ ਹੈ , ਜਿਹੜਾ ਉਸ ਸਮੂਹ ਦੀ ਨਿਖੜਵੀਂ ਤੇ ਮੌਲਿਕ ਹੋਂਦ ਦੇ ਨਾਲ - ਨਾਲ ਸਾਮਾਨਯ ਅਤੇ ਵਿਆਪਕ ਹੋਂਦ ਨੂੰ ਵੀ ਸੁਨਿਯਮਿਤ ਕਰਦਾ ਹੈ ।

ਲੋਕ - ਸਾਹਿਤ ਬਾਰੇ ਉਪਰੋਕਤ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਵਿਸ਼ੇਸ਼ ਸਥਾਨ ਰੱਖਦੀਆਂ ਹਨ ਪ੍ਰੰਤੂ ਇਨ੍ਹਾਂ ਸਾਰੀਆਂ ਪਰਿਭਾਸ਼ਾਵਾਂ ਵਿੱਚ ਜਿਨ੍ਹਾਂ ਗੱਲਾਂ ਦੀ ਸਾਂਝ ਹੈ ਉਹ ਇਸ ਪ੍ਰਕਾਰ ਹਨ :

1 . ਲੋਕ - ਸਾਹਿਤ ਵਿੱਚ ਲੋਕਾਂ ਦੀਆਂ ਭਾਵਨਾਵਾਂ ਜਾਂ ਲੋਕ - ਮਾਨਸ ਦੀ ਅਭਿਵਿਅਕਤੀ ਨਿਰਛਲ ਅਤੇ ਸਹਿਜ ਸੁਭਾਵਿਕ ਰੂਪ ਵਿੱਚ ਹੁੰਦੀ ਹੈ । ਲੋਕ - ਸਾਹਿਤ ਦੀ ਕਿਸੇ ਵੀ ਰਚਨਾ ਦਾ ਸਭ ਤੋਂ ਪਹਿਲਾ ਸਿਰਜਕ ਭਾਵੇਂ ਕੋਈ ਵਿਸ਼ੇਸ਼ ਵਿਅਕਤੀ ਹੀ ਹੁੰਦਾ ਹੈ ਕਿਉਂਕਿ ਹਰ ਇੱਕ ਮਨੁੱਖ ਇਸ ਯੋਗ ਨਹੀਂ ਹੁੰਦਾ ਕਿ ਉਹ ਕੋਈ ਰਚਨਾ ਕਰ ਸਕੇ , ਪ੍ਰੰਤੂ ਫਿਰ ਵੀ ਵਿਅਕਤੀ ਵਿਸ਼ੇਸ਼ ਦੁਆਰਾ ਕੀਤੀ ਰਚਨਾ ਨੂੰ ਜਦੋਂ ਲੋਕ - ਸਮੂਹ ਪ੍ਰਵਾਨ ਕਰ ਲੈਂਦਾ ਹੈ ਤੇ ਉਸਦੀ ਪ੍ਰਵਾਨਗੀ ਰਾਹੀਂ ਉਹ ਰਚਨਾ ਲੋਕ - ਸਾਹਿਤ ਦੇ ਖੇਤਰ ਵਿੱਚ ਸ਼ਾਮਿਲ ਹੋ ਜਾਂਦੀ ਹੈ ।

2 . ਲੋਕ - ਸਾਹਿਤ ਦੀ ਕਿਸੇ ਵੀ ਰਚਨਾ ਦਾ ਸਭ ਤੋਂ ਪਹਿਲਾ ਸਿਰਜਕ ਭਾਵੇਂ ਕੋਈ ਵਿਸ਼ੇਸ਼ ਵਿਅਕਤੀ ਹੀ ਹੁੰਦਾ ਹੈ ਕਿਉਂਕਿ ਹਰ ਇੱਕ ਮਨੁੱਖ ਇਸ ਯੋਗ ਨਹੀਂ ਹੁੰਦਾ ਕਿ ਉਹ ਕੋਈ ਰਚਨਾ ਕਰ ਸਕੇ , ਪ੍ਰੰਤੂ ਫਿਰ ਵੀ ਵਿਅਕਤੀ ਵਿਸ਼ੇਸ਼ ਦੁਆਰਾ ਕੀਤੀ ਰਚਨਾ ਨੂੰ ਜਦੋਂ ਲੋਕ - ਸਮੂਹ ਪ੍ਰਵਾਨ ਕਰ ਲੈਂਦਾ ਹੈ ਤੇ ਉਸਦੀ ਪ੍ਰਵਾਨਗੀ ਰਾਹੀਂ ਉਹ ਰਚਨਾ ਲੋਕ - ਸਾਹਿਤ ਦੇ ਖੇਤਰ ਵਿੱਚ ਸ਼ਾਮਿਲ ਹੋ ਜਾਂਦੀ ਹੈ ।

3 . ਬੇਬਕ ਅੱਜ - ਕੱਲ੍ਹ ਲੇਖਕਾਂ ਨੇ ਲੋਕ - ਸਾਹਿਤ ਨੂੰ ਲਿਪੀਬੱਧ ਕਰਨਾ ਅਰੰਭ ਕਰ ਦਿੱਤਾ ਹੈ ਪ੍ਰੰਤੂ ਫਿਰ ਪ੍ਰਮੁੱਖਤਾ ਜਾਂ ਪ੍ਰਧਾਨਤਾ ਇਸਦੇ ਮੋਖਿਕ ਰੂਪ ਦੀ ਹੀ ਹੈ ।

ਇਸ ਲਈ ਇਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲੋਕ ਸਾਹਿਤ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਜਾ ਸਕਦੀ ਹੈ : ਲੋਕ - ਸਾਹਿਤ ਤੋਂ ਭਾਵ ਅਜਿਹਾ ਸਾਹਿਤ ਜਿਸ ਵਿੱਚ ਸਾਧਾਰਨ ਲੋਕਾਂ ਦੀਆਂ ਭਾਵਨਾਵਾਂ , ਸੁਪਨੇ - ਸਧਰਾਂ , ਰਚੀਆਂ - ਕਰੁਚੀਆਂ , ਖੁਸ਼ੀਆਂ ਅਤੇ ਗਮੀਆਂ ਨੂੰ ਸਹਿਜ ਸੁਭਾਵਿਕ ਅਭਿਵਿਅਕਤ ਕੀਤਾ ਗਿਆ ਹੋਵੇ । ਜਿਸਦਾ ਸੰਚਾਰ ਲੋਕ ਬੋਲੀ ਰਾਹੀਂ ਮੌਖਿਕ ਰੂਪ ਵਿੱਚ ਹੋਇਆ ਹੋਵੇ ਅਜਿਹੀ ਰਚਨਾ ਨਾਲ ਕਿਸੇ ਵੀ ਲੇਖਕ ਦਾ ਨਾਂ ਨਹੀਂ ਜੁੜਿਆ ਹੁੰਦਾ ਅਤੇ ਲੋਕ ਸਮੂਹ ਦੀ ਪ੍ਰਵਾਨਗੀ ਲੈ ਕੇ ਅੱਗੇ ਤੁਰਦੀ ਹੈ ।

ਅਖਾਣ ਅਤੇ ਮੁਹਾਵਰੇ :

ਅਖਾਣ ਅਤੇ ਮੁਹਾਵਰੇ ਅਖਾਣ ਕਹੀ ਜਾ ਰਹੀ ਗੱਲ ਦੀ ਪੁਸ਼ਟੀ ਜਾਂ ਪ੍ਰੋੜ੍ਹਤਾ ਕਰਦੇ ਹਨ । ਕਹੇ ਜਾਂ ਰਹੇ ਸ਼ਬਦਾਂ ਵਿੱਚ ਵਜ਼ਨ ਭਰਦਾ ਹੈ । ਇਸਨੂੰ ਅਖੌਤ ਜਾਂ ਕਹਾਵਤ ਵੀ ਕਹਿੰਦੇ ਹਨ । ਇਸ ਵੰਨਗੀ ਰਾਹੀਂ ਲੋਕ - ਸਿਆਣਪਾਂ ਨੂੰ ਸੰਖੇਪ ਰੂਪ ਵਿਚ ਪੇਸ਼ ਕੀਤਾ ਗਿਆ ਹੁੰਦਾ ਹੈ । ਇਸਨੂੰ ਲੋਕ - ਸਿਆਣਪਾਂ ਦਾ ਨਿਚੋੜ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਰਾਹੀਂ ਸਿਆਣਿਆਂ ਦੇ ਕਥਨ ਵਿਅਕਤ ਕੀਤੇ ਹੁੰਦੇ ਹਨ।ਅਖਾਣ ਬਾਰੇ ਕਰਨੈਲ ਸਿੰਘ ਥਿੰਦ ਦਾ ਵਿਚਾਰ ਹੈ : ' ਅਖਾਣ ' ਲੋਕ ਸਾਹਿਤ ਦਾ ਅਜਿਹਾ ਰੂਪ ਹਨ , ਜਿਨ੍ਹਾਂ ਵਿਚ ਲੋਕ ਜੀਵਨ ਦੇ ਲੰਮੇ ਤਜ਼ਰਬਿਆਂ ਅਤੇ ਅਨੁਭਵਾਂ ਨੂੰ ਲੋਕ ਬੋਲੀ ਦੁਆਰਾ ਬਹੁਤ ਹੀ ਸੰਖੇਪ ਪਰੰਤੂ ਢੁਕਵੀਂ ਸ਼ੈਲੀ ਰਾਹੀਂ ਵਾਕਾਂ / ਤੁਕਾਂ ਦੇ ਰੂਪ ਵਿਚ ਪ੍ਰਗਟਾਇਆ ਗਿਆ ਹੁੰਦਾ ਹੈ । ਲੋਕ ਸਮੂਹ ਇਨ੍ਹਾਂ ਨੂੰ ਪ੍ਰਵਾਨਗੀ ਦੇ ਕੇ , ਪਰੰਪਰਾਗਤ ਰੂਪ ਵਿਚ ਲੋਕ ਕੰਠ ਦੁਆਰਾ ਅੱਗੇ ਤੋਰਦਾ ਆਇਆ ਹੈ।ਇਹ ਵਾਰਤਕ ਵਿਚ ਵੀ ਮਿਲਦੇ ਹਨ , ਪਰੰਤੂ ਇਨ੍ਹਾਂ ਦੀ ਬਹੁਤੀ ਸੰਖਿਆ ਤੁਕ - ਬੰਦੀ ਦੇ ਰੂਪ ਵਿਚ ਹੈ । ਇਸੇ ਲਈ ਕੁਝ ਪਾਰਖੂ ਅਖਾਣਾਂ ਨੂੰ ਲੋਕ ਗੀਤਾਂ ਜਾਂ ਲੋਕ ਕਾਵਿ ਦੀ ਸ਼੍ਰੇਣੀ ਵਿਚ ਰੱਖਦੇ ਹਨ । ਪਰ ਅਖਾਣ ਆਪਣੀ ਪ੍ਰਕਿਰਤੀ , ਵਿਧਾ ਅਤੇ ਸ਼ੈਲੀ ਕਰਕੇ ਇਕ ਸੁਤੰਤਰ ਰੂਪ ਧਾਰਨ ਕਰ ਚੁੱਕੇ ਹਨ । ਅਖੌਤਾਂ ਦੀ ਸੁਰ ਕਾਵਿਕ ਹੁੰਦੀ ਹੈ ਪਰ ਇਹ ਵਿਸ਼ੇਸ਼ ਤੌਰ ਤੇ ਕਿਸੇ ਕਾਵਿਕ ਵਿਧਾਨ ਦੀ ਪਾਲਣਾ ਨਹੀਂ ਕਰਦੇ । ਇਨ੍ਹਾਂ ਰਾਹੀਂ ਕਿਸੇ ਅਜਿਹੀ ਛੁਪੀ ਹੋਈ ਕਿਸੇ ਕਾਵਿਕ ਰਮਜ਼ ਵੱਲ ਸੰਕੇਤ ਕੀਤਾ ਗਿਆ ਹੁੰਦਾ ਹੈ । ਜਿਸਦਾ ਅਰਥ ਗੱਲਬਾਤ ਦੇ ਵਿਸ਼ੇ ਜਾਂ ਪ੍ਰਸਥਿਤੀ ਰਾਹੀਂ ਹੀ ਸਪੱਸ਼ਟ ਹੁੰਦਾ ਹੈ । ਮੁਹਾਵਰਾ ਅਖਾਣ ਨਾਲੋਂ ਸਹਿਜਤਾ ਨਾਲ ਉਪਜਦਾ ਹੈ । ਮੁਹਾਵਰੇ ਨੂੰ ਅਖਾਣ ਦੀ ਤਰ੍ਹਾਂ ਲੰਮੀ ਚੌੜੀ ਪਰੰਪਰਾ ਦੀ ਕਸਵੱਟੀ ਵਿਚੋਂ ਨਹੀਂ ਲੰਘਣਾ ਪੈਂਦਾ । ਮੁਹਾਵਰੇ ਬਾਰੇ ਜੀਤ ਸਿੰਘ ਜੋਸ਼ੀ ਦਾ ਕਥਨ ਹੈ : ਮੁਹਾਵਰੇ ਕਿਸੇ ਭਾਸ਼ਾ ਦੀਆਂ ਅਜਿਹੀਆਂ ਵਾਲਾ ਹਨ ਜਿਹੜੀਆਂ ਗੱਲ ਬਾਤ ਨੂੰ ਡਗਮਗਾਉਣ ਤੋਂ ਰੋਕਦੀਆਂ ਹਨ ਤੇ ਸਰੋਤਾ ਅਤੇ ਵਕਤਾ ਵਿਚਲੇ ਪ੍ਰਵਚਨ ਨੂੰ ਪੂਰੀ ਤਰ੍ਹਾਂ ਪ੍ਰਸੰਗ ਨਾਲ ਜੋੜੀ ਰੱਖਦੀਆਂ ਹਨ।ਮੁਹਾਵਰੇ ਆਮ ਬੋਲਚਾਲ ਵਿਚ ਇਸ ਲਈ ਵੀ ਪ੍ਰਯੋਗ ਹੁੰਦੇ ਹਨ ਕਿ ਇਨ੍ਹਾਂ ਦੇ ਪ੍ਰਯੋਗ ਬਿਨਾਂ ਹੋਰ ਕੋਈ ਇਕੱਲਾ ਕਾਰਾ ਸ਼ਬਦ ਉਸ ਭਾਵਨਾ ਨੂੰ ਪ੍ਰਗਟ ਨਹੀਂ ਕਰ ਸਕਦਾ।ਮੁਹਾਵਰਾ ਜ਼ੋਰਦਾਰ ਢੰਗ ਨਾਲ ਭਾਸ਼ਾ ਨੂੰ ਬਲ ਪ੍ਰਦਾਨ ਕਰਦਾ ਹੈ । ਮੁਹਵਰੇ ਬੜੇ ਸੰਖੇਪ ਅਤੇ ਸਰਲ ਹੁੰਦੇ ਹਨ ਪਰ ਤਾਂ ਵੀ ਇਨ੍ਹਾਂ ਅੰਦਰ ਬੜੇ ਡੂੰਘੇ ਵਿਚਾਰ , ਅਮਲੀ ਨਸੀਹਤਾਂ ਅਤੇ ਕੌਮਾਂ ਦੀਆਂ ਹੱਡੀਂ ਬੀਤੀਆਂ ਨੂੰ ਸਮੋਇਆ ਹੁੰਦਾ ਹੈ । ਇਸ ਪ੍ਰਕਾਰ ਕਿਹਾ ਜਾ ਸਕਦਾ ਹੈ ਕਿ ਮੁਹਾਵਰਾ ਲੋਕਾਂ ਦੀ ਨਿੱਤ ਦੀ ਬੋਲਚਾਲ ਵਿਚ ਪ੍ਰਚਲਿਤ ਅਜਿਹਾ ਸੰਖੇਪ ਕਥਨ ਹੁੰਦਾ ਹੈ ਜਿਸ ਵਿਚ ਕਿਸੇ ਕੌਮ ਦੀ ਅਮਲੀ ਸਿਆਣਪ ਨੂੰ ਪੀੜ੍ਹੀ - ਦਰ - ਪੀੜ੍ਹੀ ਅੱਗੇ ਤੋਰਿਆ ਜਾਂਦਾ ਹੈ।ਜਿਸ ਵਿਚ ਉਸ ਕੌਮ ਦੇ ਰਵਾਇਤੀ ਨਜ਼ਰੀਏ , ਹੱਡਬੀਤੀਆਂ , ਨੇਕ ਚਲਣ , ਬਚਨਾਂ ਅਤੇ ਸੱਚਾਈਆਂ ਨੂੰ ਨਾਟਕੀ ਢੰਗ ਨਾਲ ਪ੍ਰਗਟ ਕੀਤਾ ਗਿਆ ਹੁੰਦਾ ਹੈ।ਮੁਹਾਵਰੇ ਆਮ ਬੋਲ - ਚਾਲ ਨੂੰ , ਲਿਖਤ ਨੂੰ ਅਤੇ ਸਮੁੱਚੇ ਤੌਰ ਤੇ ਭਾਸ਼ਾ ਨੂੰ ਰਸਮਈ ਅਤੇ ਅਰਥ ਭਰਪੂਰ ਬਣਾਉਣ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

ਬੁਝਾਰਤਾਂ :

ਬੁਝਾਰਤਾਂ ਬੁਝਾਰਤਾਂ ਲੋਕ - ਸਾਹਿਤ ਦੀ ਸਭ ਤੋਂ ਵਿਲੱਚਣ ਅਤੇ ਅਨੋਖੀ ਵੰਨਗੀ ਹੈ । ਬੁਝਾਰਤਾਂ ਕਦੋਂ ਤੋਂ ਪਾਈਆਂ ਜਾਣੀਆਂ ਆਰੰਭ ਹੋਈਆਂ ਇਸ ਸਬੰਧੀ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਫਿਰ ਵੀ ਇੰਝ ਜਾਪਦਾ ਹੈ ਕਿ ਇਨ੍ਹਾਂ ਦਾ ਆਰੰਭ ਪ੍ਰਾਚੀਨ ਕਾਲ ਤੋਂ ਹੀ ਹੋਇਆ ਹੋਵੇਗਾ । ਡਾ . ਵਣਜਾਰਾ ਬੇਦੀ ਦੀ ਇਸ ਸੰਬੰਧੀ ਰਾਇ ਇਹ ਹੈ ਕਿ : ਰਿਗਵੇਦ ਦੇ ਪਹਿਲੇ ਮੰਡਲ ਵਿੱਚ ਦਿ੍ਗਾਤਮਾ ਦੀ ਇੱਕ ਰਿਚ ਵਿੱਚ ਦਿੱਤੀਆਂ । ਵੈਦਿਕ ਕਾਲ ਵਿੱਚ ਧਾਰਮਿਕ ਰਹੁ - ਰੀਤਾਂ ਵੇਲੇ ਬੁਝਾਰਤਾਂ ਪੁੱਛਣ ਦਾ ਰਿਵਾਜ 51 ਬੁਝਾਰਤਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਸੀ । ' ' ਬੁਝਾਰਤਾਂ ਕਿਸੇ ਵਿਅਕਤੀ ਦੀ ਅਕਲ ਬੁੱਧੀ ਪਰਖਣ ਦੀ ਇੱਕ ਪ੍ਰੀਖਿਆਮਈ ਲੋਕ - ਵਿਧੀ ਹੈ । ਇਹਨਾਂ ਦੀ ਰਚਨਾ ਝੱਟਪਟ ਹੁੰਦੀ ਹੈ । ਬੁਝਾਰਤਕਾਰ ਤੀਖਣ ਬੁੱਧੀ ਅਤੇ ਉੱਚ ਕਲਪਨਾ ਉਡਾਰੀ ਰਾਹੀਂ ਝੱਟ ਹੀ ਬੁਝਾਰਤ ਸਿਰਜ ਲੈਂਦਾ ਹੈ ਅਤੇ ਸਰੋਤਿਆਂ ਤੋਂ ਬੁਝਾਰਤ ਦਾ ਉੱਤਰ ਪੁੱਛਦਾ ਹੈ । ਕਈ ਵਾਰੀ ਬੱਚੇ ਇੱਕਠੇ ਹੋ ਕੇ ਆਪਸ ਵਿੱਚ ਬੁਝਾਰਤਾਂ ਪਾਉਂਦੇ ਹਨ ਪਰ ਕਈ ਵਾਰੀ ਵੱਡੇ ਬਜ਼ੁਰਗ ਬੱਚਿਆਂ ਨੂੰ ਬੁਝਾਰਤਾਂ ਪਾਉਂਦੇ ਹਨ । ਇਹ ਬੱਚਿਆਂ ਦੀ ਬੁੱਧੀ ਨੂੰ ਤੀਖਣ ਕਰਨ ਵਾਲੀ ਇੱਕ ਵਿਲੱਖਣ / ਪ੍ਰਾਚੀਨ ਅਤੇ ਮਹੱਤਵਪੂਰਨ ਵੰਨਗੀ ਹੈ । ਕੁਝ ਵਿਦਵਾਨ ਬੁਝਾਰਤ ਵਿਚਲੇ ਗੀਤਕ - ਅੰਸ਼ ਕਾਰਣ ਇਸਨੂੰ ਕਾਵਿ - ਰੂਪ ਵੀ ਮੰਨਦੇ ਹਨ ਪਰ ਬੁਝਾਰਤ ਵਿੱਚ ਇਨ੍ਹਾਂ ਗੀਤ ਅੰਸ਼ਾਂ ਤੋਂ ਵੱਖਰੇ ਹੋਰ ਬਹੁਤ ਕੁਝ ਸ਼ਾਮਿਲ ਹੈ ਜਿਸਦਾ ਉਲੇਖ ਅਸੀਂ ਅਗਲੇ ਪੜਾਅ ਵਿੱਚ ਕਰਨਾ ਹੈ ।

ਪੰਜਾਬੀ ਬੁਝਾਰਤਾਂ :

ਪਰਿਭਾਸ਼ਾ , ਸਰੂਪ ਅਤੇ ਪ੍ਰਯੋਜਨ ਪੰਜਾਬੀ ਲੋਕ ਸਾਹਿਤ ਦਾ ਪਿੜ ਬਹੁਤ ਹੀ ਵਿਸ਼ਾਲ ਹੈ । ਇਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅੰਗ ਹੈ । ਲੋਕ ਕਾਵਿ , ਲੋਕ - ਕਥਾਵਾਂ , ਅਖਾਣ , ਮੁਹਾਵਰੇ ਅਤੇ ਚੁਟਕਲੇ ਆਦਿ ਲੋਕ ਸਾਹਿਤ ਦੇ ਹੀ ਰੂਪ ਹਨ । ਬੁਝਾਰਤ ਵੀ ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਅਤੇ ਵਿਲੱਖਣ ਰੂਪ ਅਤੇ ਕਦੇ - ਕਦੇ ਇਹ ਵਿਸ਼ਸ਼ਟ ਸਾਹਿਤ ਦਾ ਵੀ ਆਧਾਰ ਬਣਦੀ ਹੈ । ਬੁਝਾਰਤਾਂ ਦਾ ਸੰਬੰਧ ਬੱਝਵੇਂ ਰੂਪ ਵਿਧਾਨ ਵਾਲੀ ਵੰਨਗੀ ਨਾਲ ਹੈ । ਭਾਰਤ ਦੀ ਲਗਭਗ ਹਰੇਕ ਭਾਸ਼ਾ ਵਿੱਚ ਬੁਝਾਰਤਾਂ ਪ੍ਰਚਲਿਤ ਹਨ । ਪੰਜਾਬੀ ਦੀਆਂ ਬੁਝਾਰਤਾਂ ਵਿੱਚੋਂ ਪੰਜਾਬੀ ਸਭਿਆਚਾਰ ਦੇ ਬਹੁਪੱਖੀ ਝਲਕਾਰੇ ਦ੍ਰਿਸ਼ਟੀਗੋਚਰ ਹੁੰਦੇ ਹਨ । ਇਹ ਸਾਡੇ ਪੁਰਾਤਨ ਵਿਰਸੇ , ਇਤਿਹਾਸ ਅਤੇ ਮਨੁੱਖੀ ਵਿਕਾਸ ਦੇ ਦਰਸ਼ਨ ਕਰਵਾਉਂਦੀਆਂ ਹਨ । ਇਹ ਮਨੁੱਖੀ ਜ਼ਿੰਦਗੀ , ਖਾਣ - ਪੀਣ ਦੀਆਂ ਵਸਤਾਂ , ਨਿੱਤ ਵਰਤੋਂ ਦੇ ਸੰਦ , ਧਰਤੀ , ਆਕਾਸ਼ ਅਤੇ ਤਾਰੇ ਲਗਭਗ ਸਾਰੀ ਪ੍ਰਕਿਰਤੀ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀਆਂ ਹਨ । ਜੇ ਕਹਾਣੀ ਵਿੱਚ ਰਾਜੇ ਰਾਣੀਆਂ ਦੀਆਂ ਪਹੋਈਆਂ ਬੀਤੀਆਂ , ਕਾਵਿ ਵਿੱਚ ਭਾਵਨਾਵਾਂ ਦਾ ਉਛਾਲ , ਅਖਾਣ ਅਤੇ ਮੁਹਾਵਰੇ ਲੋਕ ਸਿਆਣਪਾਂ ਦੇ ਟੋਟੇ ਹਨ ਤਾਂ ਬੁਝਾਰਤ ਵਿੱਚ ਲੋਕ ਚਤੁਰਾਈ ਨਾਲ ਸੰਬੰਧਿਤ ਮੋਟੇ , ਖੁੱਲ੍ਹੇ ਸਰਲ ਸਵਾਲ ਹੁੰਦੇ ਹਨ ਜੋ ਬੌਧਿਕਤਾ ਦੀ ਕਸਰਤ ਕਰਵਾ ਰਹੇ ਲਗਦੇ ਹਨ । ਹਿੰਦੀ ਵਿੱਚ ਬੁਝਾਰਤ ਲਈ ਪਹੇਲੀ , ਸਮਝਣ ਦਾ ਸੰਕੇਤ ਅਤੇ ਬੁਝਾਵਲ ਸ਼ਬਦ ਵਰਤੇ ਹੋਏ ਮਿਲਦੇ ਹਨ । ਅੰਗਰੇਜ਼ੀ ਵਿੱਚ ਇਸਨੂੰ ‘ ਰਿਡਲ ( Riddle ) ਕਿਹਾ ਜਾਂਦਾ ਹੈ । ਕਈ ਵਾਰ ਪਜ਼ਲ ( Puzzle ) ਨੂੰ ਵੀ ਬੁਝਾਰਤ ਦੇ ਅਰਥਾਂ ਵਿੱਚ ਵਰਤ ਲਿਆ ਜਾਂਦਾ ਹੈ ਪ੍ਰੰਤੂ ਅਸਲ ਵਿੱਚ ਅਜਿਹਾ ਨਹੀਂ ਹੈ ਕਿਉਂਕਿ ' ਪਜ਼ਲ ' ( Puzzle ) ਇਸ ਤਰ੍ਹਾਂ ਦਾ ਪ੍ਰਸ਼ਨ ਹੁੰਦਾ ਹੈ ਜਿਸਨੂੰ ਸਿਰਫ਼ ਲਿਖਤੀ ਰੂਪ ਵਿੱਚ ਹੀ ਪੁੱਛਿਆ ਜਾਂਦਾ ਹੈ ਜਿਵੇਂ : ਕਈ ਵਾਰ ਕਿਸੇ ਪਸ਼ੂ - ਪੰਛੀ ਜਾਂ ਜਾਨਵਰ ਦੀ ਤਸਵੀਰ ਇਸ ਤਰ੍ਹਾਂ ਉਲੀਕੀ ਹੁੰਦੀ ਹੈ ਕਿ ਉਸਦਾ ਅੰਦਾਜ਼ਾ ਲਗਾਉਣਾ ਔਖਾ ਹੁੰਦਾ ਹੈ ਕਿ ਅਸਲ ਵਿੱਚ ਉਹ ਕੀ ਹੈ ? ਕਈ ਵਾਰ ਕਿਸੇ ਚਿੱਤਰ ਵਿੱਚ ਵਿੰਗੇ - ਟੇਢੇ ਢੰਗ ਨਾਲ ਰਸਤੇ ਬਣਾਏ ਹੁੰਦੇ ਹਨ , ਉਸ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਤਲਾਸ਼ਿਆ ਜਾਂਦਾ ਹੈ । ਪੰਜਾਬੀ ਵਿੱਚ ਸ਼ਬਦ ਦਾ ਪਹਿਲਾ ਅੱਖਰ ਦੇ ਕੇ ਉਸਨੂੰ ਪੂਰਾ ਕਰਨਾ ਅਤੇ ਅੰਕੜਿਆਂ ਸਬੰਧੀ ਪ੍ਰਸ਼ਨ ਪੁੱਛਣੇ ਆਦਿ ਸ਼ਾਮਿਲ ਹਨ । ਇਸ ਲਈ ‘ ਪਜ਼ਲ ’ ( Puzzle ) ਨੂੰ ‘ ਰਿਡਲ ' ( Riddle ) ਦੀ ਇੱਕ ਸ਼ਾਖ ਤਾਂ ਕਹਿ ਸਕਦੇ ਹਾਂ ਪ੍ਰੰਤੂ ‘ ਰਿਡਲ ’ ( Riddle ) ਨਹੀਂ ਮੰਨ ਸਕਦੇ ।

ਬੁਝਾਰਤਾਂ ਅਸਲ ਵਿੱਚ ਮੌਖਿਕ ਰੂਪ ਵਿੱਚ ਪੁੱਛਿਆ ਜਾਣ ਵਾਲਾ ਅਜਿਹਾ ਰਮਜ਼ਮਈ ਅਤੇ ਅਸਪੱਸ਼ਟ ਪ੍ਰਸ਼ਨ ਹੈ ਜਿਸਨੂੰ ਸੁਣਕੇ ਬੁੱਝਣ ਵਾਲਾ ਡੂੰਘੀਆਂ ਸੋਚਾਂ ਵਿੱਚ ਖੁੱਭ ਜਾਂਦਾ ਹੈ ਅਤੇ ਇਸਨੂੰ ਬੁੱਝਣ ਲਈ ਚੇਤੰਨ ਤੌਰ ਤੇ ਆਪਣੇ ਦਿਮਾਗ ਦੇ ਘੋੜੇ ਦੌੜਾਉਂਦਾ ਹੈ । ਪੰਜਾਬੀ ਵਿੱਚ ਇਸਨੂੰ ਬੁੱਝਣ ਵਾਲੀ ਬਾਤ , ਅੜਾਉਣੀ , ਬੁਝਾਰਤ ਅਤੇ ਬਤੋਲੀ ਆਦਿ ਕਹਿੰਦੇ ਹਨ ।

ਬੁਝਾਰਤ ਅਕਾਰ ਵਿੱਚ ਬਹੁਤ ਛੋਟੀ ਹੁੰਦੀ ਹੈ ਅਤੇ ਇਸ ਵਿਚੋਂ ਸਮੂਹਿਕ ਸਿਆਣਪ ਪ੍ਰਗਟ ਹੁੰਦੀ ਹੈ । ਬੁਝਾਰਤ ਬੁੱਝਣਾ ਇੱਕ ਦਿਲਚਸਪ ਕਾਰਜ ਹੈ । ਪ੍ਰੋ . ਮੋਹਨ ਸਿੰਘ ਨੇ ਤਾਂ ‘ ਰੱਬ ’ ਤੱਕ ਲਈ ਵੀ ਬੁਝਾਰਤ ਸ਼ਬਦ ਦੀ ਵਰਤੋਂ ਕਰ ਲਈ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ :

ਰੱਬ ਇੱਕ ਗੁੰਝਲਦਾਰ ਬੁਝਾਰਤ

ਰੱਬ ਇੱਕ ਗੋਰਖ ਧੰਦਾ

ਖੋਲ੍ਹਣ ਲੱਗਿਆਂ ਪੇਚ ਏਸ ਦੇ

ਕਾਫ਼ਰ ਹੋ ਜਾਏ ਬੰਦਾ ।

ਭਾਵ ਰੱਬ ਨੂੰ ਜਾਣ ਲੈਣਾ ਵੀ ਬੁਝਾਰਤ ਬੁੱਝਣ ਵਰਗਾ ਹੀ ਕਾਰਜ ਹੈ । ਇਸੇ ਤਰ੍ਹਾਂ ਗੁਰਬਾਣੀ ਵਿੱਚ ਬੁਝਾਰਤ ਸ਼ਬਦ ਸਮਝੌਤੀ ਜਾਂ ਸਿੱਖਿਆ ਦੇ ਅਰਥਾਂ ਵਿੱਚ ਆਇਆ ਹੈ । ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਹਿਬਾਨਾਂ ਦੁਆਰਾ ਰਚੀਆਂ ਵਧੇਰੇ ਬਾਣੀਆਂ ਜੀਵਨ ਨਾਲ ਸੰਬੰਧਿਤ ਦਾਰਸ਼ਨਿਕ ਪ੍ਰਸ਼ਨਾਂ ਨੂੰ ਹੱਲ ਕਰਨ ਲਈ ਬੁਝਾਰਤਾਂ ਦੀ ਸ਼ੈਲੀ ਨੂੰ ਹੀ ਅਪਣਾਉਂਦੀਆਂ ਹਨ । ਗੁਰੂ ਨਾਨਕ ਦੇਵ ਜੀ ਦੀ ਰਚਨਾ ‘ ਜਪੁਜੀ ’ ਅਤੇ ‘ ਸਿੱਧ ਗੋਸ਼ਟਿ ’ ਨੂੰ ਇਸ ਪ੍ਰਸੰਗ ਵਿਚ ਦੇਖਿਆ ਜਾ ਸਕਦਾ ਹੈ । ਗੁਰੂ ਅਰਜਨ ਦੇਵ ਜੀ ਦੀ ਰਚਨਾ ‘ ਸੁਖਮਨੀ ਸਾਹਿਬ` ਵਿੱਚ ਲਿਖਿਆ ਹੋਇਆ ਹੈ ਕਿ :

ਕਹਾਂ ਬੁਝਾਰਤ ਬੁਝੇ ਡੋਰਾ

ਨਿਸਿ ਕਹੀਐ ਤਓ ਸਮਝੇ ਭੋਰਾ ॥ ( ਅਸ਼ਟਪਦੀ 4 )

ਇਸ ਤੋਂ ਪਤਾ ਲੱਗਦਾ ਹੈ ਕਿ ਬੁਝਾਰਤ ਬੁੱਝਣ ਵਾਲਾ ਵਿਅਕਤੀ ਡੇਰਾ । ਭਾਵ ਬੋਲਾ ਨਹੀਂ ਹੋਣਾ ਚਾਹੀਦਾ ਬਲਕਿ ਚੁਸਤ - ਚਲਾਕ ਅਤੇ ਤੀਖਣ ਬੁੱਧੀ ਵਾਲਾ ਵਿਅਕਤੀ ਹੀ ਬੁਝਾਰਤ ਬੁੱਝ ਸਕਦਾ । ਇਸ ਤੋਂ ਇਲਾਵਾ ਗੁਰਬਾਣੀ ਵਿੱਚ ਇਸ ਲਈ “ ਮੁੰਦਾਵਣੀ ’ ਸ਼ਬਦ ਦੀ ਵਰਤੋਂ ਵੀ ਕੀਤੀ ਹੋਈ ਮਿਲਦੀ ਹੈ । ਇਹ ਸ਼ਬਦ ਵੀ ਗੁਰੂ ਅਰਜਨ ਦੇਵ ਜੀ ਦੁਆਰਾ ਵਰਤਿਆ ਗਿਆ ਹੈ ।

ਹਰ ਬੁਝਾਰਤ ਇੱਕ ਪ੍ਰਕਾਰ ਦਾ ਪ੍ਰਸ਼ਨ ਕਹੀ ਜਾ ਸਕਦੀ ਹੈ ਪ੍ਰੰਤੂ ਹਰ ਪ੍ਰਸ਼ਨ ਬੁਝਾਰਤ ਨਹੀਂ ਹੁੰਦਾ ਕਿਉਂਕਿ ਬੁਝਾਰਤ ਆਮ ਪ੍ਰਸ਼ਨਾਂ ਵਾਂਗ ਕੀ ਹੈ ? ਕਿੱਥੇ ਹੈ ਅਤੇ ਕਿਉਂ ਹੈ ? ਨਹੀਂ ਹੁੰਦੀ , ਸਗੋਂ ਬੁਝਾਰਤ ਰਾਹੀਂ ਤਾਂ ਸਪੱਸ਼ਟ ਰੂਪ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ ਨੂੰ ਵੀ ਇਸ ਪ੍ਰਕਾਰ ਦੀ ਬੁਝਾਰਤੀ ਰਮਜ਼ ਵਿੱਚ ਪੁੱਛਿਆ ਜਾਂਦਾ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ ਜਿਵੇਂ :

ਬਾਰਾਂ ਸੌ ਦੀ ਲਿਆਂਦੀ ਮੱਝ

ਬੰਨ੍ਹੀ ਬਰੋਟੇ ਹੇਠ

ਸਾਰਾ ਟੱਬਰ ਚੋ - ਚੋ ਮਰ ਗਿਆ

ਅਜੇ ਵੀ ਡੋਕੇ ਹੇਠ ।

ਬੁਝਾਰਤ ਸ਼ਬਦ ਸਮਝਣ ਵਿੱਚ ਜਿੰਨਾ ਸੌਖਾ ਜਾਪਦਾ ਹੈ ਵਿਆਖਿਆ ਕਰਨ ਵਿੱਚ ਉਨਾਂ ਹੀ ਮੁਸ਼ਕਿਲ ਹੈ । ਇਸ ਦੀ ਕੋਈ ਇੱਕ ਠੁੱਕਦਾਰ ਪਰਿਭਾਸ਼ਾ ਕਰਨੀ ਵੀ ਸਹਿਜ ਨਹੀਂ ਹੈ , ਕਿਉਂਕਿ ਬੁਝਾਰਤਾਂ ਵਿਸ਼ੇ , ਰੂਪ ਅਤੇ ਬਣਤਰ ਦੇ ਪੱਖ ਤੋਂ ਇੰਨੀਆਂ ਵੰਨ - ਸੁਵੰਨੀਆਂ ਹਨ ਕਿ ਇੰਨਾਂ ਦੇ ਸਾਂਝੇ ਲੱਛਣਾਂ ਨੂੰ ਪਛਾਣ ਕੇ ਪਰਿਭਾਸ਼ਿਤ ਕਰਨਾ ਕਠਿਨ ਕਾਰਜ ਹੈ । ਕੋਈ ਬੁਝਾਰਤ ਇੱਕ ਸਤਰੀ ਹੈ , ਕੋਈ ਦੋ ਸਤਰੀ , ਕੋਈ ਪੰਜ - ਛੇ ਸਤਰਾਂ ਵਾਲੀ ਅਤੇ ਕੋਈ ਲਘੂ ਕਥਾ ਜਿੰਨੀ । ਕੋਈ ਗੱਦ ਵਿੱਚ ਹੈ ਅੰਤ ਕੋਈ ਪਦ ਭਾਵ ਕਾਵਿ ਵਿੱਚ , ਕੋਈ ਇਨ੍ਹਾਂ ਦੋਹਾਂ ਤੋਂ ਮੁਕਤ ਨਾਟਕੀ ਵਾਰਤਾਲਾਪ ਵਿੱਚ । ਜੇ ਕਿਸੇ ਵਿਚ ਤੁਲਨਾ ਹੈ ਤਾਂ ਕਿਸੇ ਹੋਰ ਵਿਚ ਵਿਰੋਧ ਹੈ । ਕਿਸੇ ਬੁਝਾਰਤ ਵਿੱਚ ਪੂਰਾ ਬਿੰਬ ਫੈਲਿਆ ਹੋਇਆ ਹੈ ਅਤੇ ਕਿਸੇ ਵਿੱਚ ਬਹੁਤ ਘੱਟ । ਕਿਧਰੇ ਪ੍ਰਤੀਕ ਰਹੱਸਮਈ ਹੈ , ਕਿਧਰੇ ਗੁੜ ਅਤੇ ਕਿਧਰੇ ਸਪੱਸ਼ਟ । ਇਸ ਲਈ ਸਾਰੀਆਂ ਬੁਝਾਰਤਾਂ ਇੱਕੋ ਪ੍ਰਕਾਰ ਦੀਆਂ ਨਹੀਂ ਮੰਨੀਆਂ ਜਾ ਸਕਦੀਆਂ ।

ਇਸਦੇ ਬਾਵਜੂਦ ਵੀ ਵਿਦਵਾਨਾਂ ਨੇ ਬੁਝਾਰਤਾਂ ਨੂੰ ਆਪਣੇ ਆਪਣੇ ਢੰਗ ਅਨੁਸਾਰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਹਨ । ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ ਵਿੱਚ ਬੁਝਾਰਤ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਗਈ ਹੈ :

ਬੁਝਾਰਤ ਦੂਜੇ ਗੀਤ ਰੂਪਾਂ ਨਾਲੋਂ ਇੱਕ ਤਰ੍ਹਾਂ ਵੱਧ ਕਾਵਿਕ ਹੈ ਕਿਉਂਕਿ ਇਹ ਲਾਜ਼ਮੀ ਰੂਪਕ ਹੈ ।

ਪ੍ਰੰਤੂ ਬੁਝਾਰਤ ਵਿੱਚ ਸਿਰਫ਼ ਰੂਪਕ ਹੀ ਨਹੀਂ ਹੁੰਦਾ ਬਲਕਿ ਇਸ ਵਿੱਚ ਅਸਪੱਸ਼ਟ ਪ੍ਰਸ਼ਨ ਅਤੇ ਗੁੰਝਲ ਵੀ ਹੁੰਦੀ ਹੈ । ਬੁਝਾਰਤ ਪਾਉਣ ਵਾਲਾ ਵਿਅਕਤੀ ਦੂਜਿਆਂ ਦੀ ਬੁੱਧੀ ਦੀ ਪਰਖ ਅਤੇ ਉਨ੍ਹਾਂ ਦੀ ਸਿਆਣਪ ਦਾ ਪ੍ਰਮਾਣ ਲੈਣ ਲਈ ਬੁਝਾਰਤ ਪਾਉਂਦਾ ਹੈ । ਇਸੇ ਪ੍ਰਕਾਰ ਪ੍ਰਸਿੱਧ ਹਿੰਦੀ ਵਿਦਵਾਨ ਡਾ . ਸਤੇਂਦਰ ਲਿਖਦੇ ਹਨ ਕਿ -

ਪਹੇਲੀ ਲੋਕੋਕਤੀ ਹੈ ਲੋਕੋਕਤੀ ਸਿਰਫ਼ ਕਹਾਵਤ ਹੀ ਨਹੀਂ

ਹਰ ਤਰ੍ਹਾਂ ਦੀ ਉਕਤੀ ਲੋਕੋਕਤੀ ਹੈ ।

ਇਸ ਤਰ੍ਹਾਂ ਕਈ ਵਿਦਵਾਨ ਬੁਝਾਰਤਾਂ ਨੂੰ ਵਿਸ਼ਾਲ ਭਾਵਨਾ ਰੱਖਣ ਵਾਲਾ ਸ਼ਬਦ ‘ ਲੋਕੋਕਤੀ ਹੀ ਸਮਝਦੇ ਹਨ । ਪੰਜਾਬੀ ਵਿਦਵਾਨਾਂ ਨੇ ਵੀ ਬੁਝਾਰਤ ਨੂੰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਹਨ ।

ਡਾ. ਵਣਜਾਰਾ ਬੇਦੀ ਅਨੁਸਾਰ : ਬੁਝਾਰਤ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਵਿੱਚੋਂ ਸਹਿਜ ਭਾਵ ਵਿੱਚ ਨਿਮਿਆਂ ਇੱਕ ਅਜਿਹਾ ਕਲਾ ਰੂਪ ਹੈ , ਜਿਸ ਤੋਂ ਮਨੁੱਖ ਜਾਤੀ ਨੇ ਸਭ ਤੋਂ ਪਹਿਲਾਂ ਸੋਹਜ ਰਸ ਮਾਣਿਆ ਅਤੇ ਇਸ ਤੋਂ ਮਨੁੱਖ ਦੀਆਂ ਮੁੱਢਲੀਆਂ ਕਲਾ ਰੁਚੀਆਂ ਨੂੰ ਤ੍ਰਿਪਤੀ ਮਿਲੀ । ਬੁਝਾਰਤ ਮੋਟੇ - ਠੱਲ੍ਹੇ ਪ੍ਰਸ਼ਨ ਹੁੰਦੇ ਹਨ ਜਿਨ੍ਹਾਂ ਤੋਂ ਆਦਿਮ ਬਿੰਬਾਂ , ਰੂਪਕਾਂ ਤੇ ਸੰਕਲਪ ਚਿੱਤਰਾਂ ਨਾਲ ਅਨੂਠੇ ਅਕਾਰਾਂ ਦੇ ਝਾਂਵਲੇ ਪੈਂਦੇ ਹਨ ਤੇ ਜਿਨ੍ਹਾਂ ਵਿੱਚ ਛੱਪੇ ਕਿਸੇ ਮੂਲ ਨੂੰ ਲੱਭਣਾ ਹੁੰਦਾ ਹੈ ।

ਡਾ . ਕਰਨੈਲ ਸਿੰਘ ਥਿੰਦ ਦਾ ਵਿਚਾਰ ਇਸ ਪ੍ਰਕਾਰ ਹੈ : ਬੁਝਾਰਤ ਲੋਕ ਮਾਨਸ ਦੀ ਅਜਿਹੀ ਮੌਖਿਕ ਅਭਿਵਿਅਕਤੀ ਹੁੰਦੀ ਹੈ ਜਿਸ ਵਿੱਚ ਕੋਈ ਪ੍ਰਸ਼ਨ , ਗੁੰਝਲ ਜਾਂ ਅੜਾਉਣੀ ਹੁੰਦੀ ਹੈ । ਇਸ ਪ੍ਰਸ਼ਨ ਜਾਂ ਗੁੰਝਲ ਵਿੱਚ ਹੀ ਸਾਰਾ ਰਹੱਸ ਛਿਪਿਆ ਹੁੰਦਾ ਹੈ ।

ਡਾ . ਨਾਹਰ ਸਿੰਘ ਅਨੁਸਾਰ : ਬੁਝਾਰਤ ਲੋਕਧਾਰਕ ਸੰਰਚਨਾ ਉੱਤੇ ਆਧਾਰਿਤ ਵਰਤਮਾਨ ਕਾਲ ਵਾਕਾਂ ਵਿੱਚ ਪੇਸ਼ ਸੰਪੂਰਨ ਰੂਪ ਵਾਲਾ ਗਿਆਨ ਮੂਲਕ ਗੀਤ ਰੂਪ ਹੈ । ਬੁਝਾਰਤ ਵਿਚਲੇ ਰੂਪਕ ਵਿੱਚ ਪ੍ਰਤੱਖ ਉਪਮਾਨ ਤੇ ਪਰੋਖ ਉਪਮੇਯ ਦੀ ਆਪੋ - ਆਪਣੇ ਧਰਾਤਲਾਂ ਉੱਤੇ ਤਰਕਸ਼ੀਲ ਸੰਰਚਨਾ ਹੁੰਦੀ ਹੈ ਅਤੇ ਦੋਵਾਂ ਧਰਾਤਲਾਂ ਉੱਤੇ ਵਸਤਾਂ ਵੇਰਵਿਆਂ ਦਾ ਰਿਸ਼ਤਾ ਸਿੱਧਾ , ਇਕਹਿਰਾ ਅਤੇ ਸਮਾਨਅੰਤਰ ਹੁੰਦਾ ਹੈ । ਇਸ ਕਰਕੇ ਉਪਮਾਨ ਦੀ ਸੰਬੰਧਿਤ ਸਮਾਜਿਕ ਵਰਤਾਰੇ ਵਿੱਚ ਸੰਕੇਤਵਾਚਨਾ ਸੰਭਵ ਹੁੰਦੀ ਹੈ । ਬੁਝਾਰਤਾਂ ਦੇ ਰੂਪਕ ਵਿੱਚ ਲੁਪਤ ਪ੍ਰਗਟ ਪ੍ਰਸ਼ਨ ਹੁੰਦਾ ਹੈ । ਬੁਝਾਰਤ ਵਿੱਚ ਪੁਨਰ ਸਿਰਜਣਾ ਰੂਪਕ ਅੰਦਰਲੇ ਵਸਤੂ ਤਰਕ ਰਾਹੀਂ ਨਿਯੰਤਰਿਤ ਹੁੰਦੀ ਹੈ ।

ਡਾ . ਜਸਵਿੰਦਰ ਸਿੰਘ ਅਨੁਸਾਰ : ਬੁਝਾਰਤ ਦੇ ਸਾਧਾਰਣ ਸ਼ਾਬਦਿਕ ਅਰਥ ਬੱਝਣ ਯੋਗ ਇਬਾਰਤ ਜਾਂ ਕਥਨ ਦੇ ਹਨ । ਭਾਵ ਦੂਸਰੇ ਵਿਅਕਤੀ ਨੂੰ ਰਮਜ ਰੂਪ ਵਿੱਚ ਪ੍ਰਸ਼ਨ ਪਾਉਣ ਅਤੇ ਉਸਨੂੰ ਬੁੱਝਣ ਦੀ ਇਕਾਗਰ ਪ੍ਰਕਿਰਿਆ ਨੂੰ ਬੁਝਾਰਤ ਕਿਹਾ ਜਾਂਦਾ ਹੈ ।

" ਇਸ ਪ੍ਰਕਾਰ ਵਿਦਵਾਨਾਂ ਨੇ ਆਪਣੇ - ਆਪਣੇ ਢੰਗ ਅਨੁਸਾਰ ਬੁਝਾਰਤ ਨੂੰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਹਨ । ਬੇਸ਼ੱਕ ਸਾਰੀਆਂ ਬੁਝਾਰਤਾਂ ਇੱਕ ਜਿਹੀਆਂ ਨਹੀਂ ਹਨ , ਕਿਉਂਕਿ ਕਿਸੇ ਵਿਦਵਾਨ ਨੇ ਬੁਝਾਰਤ ਦੇ ਕਿਸੇ ਇਕ ਪੱਖ ਤੋਂ ਜ਼ਿਆਦਾ ਜ਼ੋਰ ਦਿੱਤਾ ਹੈ ਅਤੇ ਦੂਸਰੇ ਨੇ ਉਸਦੇ ਕਿਸੇ ਹੋਰ ਪੱਖ ਨੂੰ ਪੇਸ਼ ਕੀਤਾ ਹੈ , ਪ੍ਰੰਤੂ ਫਿਰ ਵੀ ਉਪਰੋਕਤ ਪਰਿਭਾਸ਼ਾਵਾਂ ਵਿੱਚ ਬੁਝਾਰਤ ਸੰਬੰਧੀ ਕੁਝ ਗੱਲਾਂ ਦੀ ਸਾਂਝ ਪਾਈ ਜਾਂਦੀ ਹੈ , ਜਿਸਦਾ ਵਰਨਣ ਇਸ ਪ੍ਰਕਾਰ ਹੈ।

1.ਬੁਝਾਰਤ ਵਿੱਚ ਕੋਈ ਗੱਲ ਪਰੰਪਰਾਗਤ ਢੰਗ ਅਨੁਸਾਰ ਪੁੱਛੀ ਗਈ ਹੁੰਦੀ ਹੈ ।

 2 . ਬੁਝਾਰਤ ਵਿਚਲੇ ਵਸਤੂ ਦੀ ਰੂਪਕਾਂ , ਬਿੰਬਾਂ ਅਤੇ ਪ੍ਰਤੀਕਾਂ ਦੀ ਵਰਤੋਂ ਰਾਹੀਂ ਕਲਾਤਮਿਕ ਪੇਸ਼ਕਾਰੀ ਕੀਤੀ ਗਈ ਹੁੰਦੀ ਹੈ ।

3.ਬੁਝਾਰਤ ਲਈ ਭਾਵੇਂ ਕੋਈ ਵੀ ਸ਼ਬਦ ਵਰਤਿਆ ਜਾਵੇ ਜਿਵੇਂ ਪਹੇਲੀ , ਬੁੱਝਣ ਵਾਲੀ ਬਾਤ ਜਾਂ “ ਰਿਡਲ ' ਪ੍ਰੰਤੂ ਇਨਾਂ ਸਭਨਾਂ ਦਾ ਅਸਲ ਅਰਥ ਇੱਕ ਅਸਪੱਸ਼ਟ ਪ੍ਰਸ਼ਨ ਜਾਂ ਗੁੰਝਲ ਹੀ ਹੁੰਦਾ ਹੈ।

4. ਗੀਤ ਗਾਇਆ ਜਾਂਦਾ ਹੈ , ਕਹਾਣੀ ਸੁਣਾਈ ਜਾਂਦੀ ਹੈ ਪਰ ਬੁਝਾਰਤ ਪਾਈ ਜਾਂਦੀ ਹੈ ਅਤੇ ਇਸਨੂੰ ਫਿਰ ਵੀ ਲੋਕ - ਕਾਵਿ ਦੇ ਅੰਤਰਗਤ ਰੱਖਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਤੁਕਾਂਤ , ਲੈਅ ਅਤੇ ਰਸ ਹੁੰਦਾ ਹੈ ।

5 . ਕਲਪਨਾ ਬੁਝਾਰਤ ਦਾ ਮਹੱਤਵਪੂਰਨ ਆਧਾਰ ਹੈ । ਜਿਸ ਪ੍ਰਕਾਰ ਕਵਿਤਾ ਕਲਪਨਾ ਤੋਂ ਬਿਨਾਂ ਨਹੀਂ ਸਿਰਜੀ ਜਾ ਸਕਦੀ ਉਸੇ ਪ੍ਰਕਾਰ ਬੁਝਾਰਤਾਂ ਵਿੱਚ ਵੀ ਕਲਪਨਾ ਦੀਆਂ ਬੜੀਆਂ ਅਦਭੁੱਤ ਉਡਾ ਰੀਆਂ ਮਿਲਦੀਆਂ ਹਨ । ਇਸ ਸੰਬੰਧੀ ਡਾ . ਵਣਜਾਰਾ ਬੇਦੀ ਦਾ ਕਥਨ ਹੈ ਕਿ

ਪੰਜਾਬੀ ਕਲਪਨਾ ਵਿੱਚ ਨੀਂਚਰ ਪਾਣੀ ਕੋਲੋਂ ਪਤਲੀ ਪਤਾਸੇ ਕੋਲੋਂ ਮਿੱਠੀ ਹੈ । ਤਾਰੇ ਨੀਲੀ ਟਾਕੀ ਚਾਵਲ ਬੱਧੇ , ਦਿਨੇ ਗਵਾਜ਼ੇ ਰਾਤੀਂ ਲੱਭੇ । ਇਹੋ ਜਿਹਾ ਰਸ ਕਿਸੇ ਹੋਰ ਕਲਾ ਰੂਪ ਵਿੱਚ ਨਹੀਂ ਮਿਲ ਸਕਦਾ ।

6. ਹਰ ਬੁਝਾਰਤ ਵਿੱਚ ਉਪਮਾਨ ਨੂੰ ਪ੍ਰਤੱਖ ਅਤੇ ਉਪਮੇਯ ਨੂੰ ਪਰੋਖ ਰੂਪ ਵਿੱਚ ਪ੍ਰਸਤੁਤ ਕੀਤਾ ਹੁੰਦਾ ਹੈ । ਉਪਮਾਨ ਤੋ ਉਪਮੇਯ ਵਿਚਾਲੇ ਸਿੱਧਾ , ਇੱਕਹਿਰਾ ਤੇ ਸਮਾਨਅੰਤਰ ਸੰਬੰਧ ਹੁੰਦਾ ਹੈ ।

7 . ਬੁਝਾਰਤਾਂ ਵਿੱਚ ਸੁਹਜ ਅਤੇ ਰਰਸ ਦਾ ਅਨੂਠਾ ਮਿਸ਼ਰਣ ਹੁੰਦਾ ਹੈ।

8 . ਵਸਤੂ ਅਤੇ ਉਸਦੇ ਚਿਤਰਿਤ ਸਰੂਪ ਵਿੱਚ ਲੋਕ - ਮਨ ਦੀ ਕੋਈ ਅਭਿਵਿਅਕਤੀ ਹੁੰਦੀ ਹੈ ।

ਬੁਝਾਰਤ ਦੇ ਉਪਰੋਕਤ ਸਾਂਝੇ ਗੁਣਾਂ ਦੇ ਆਧਾਰ ਤੋਂ ਬੁਝਾਰਤ ਦੀ ਪਰਿਭਾਸ਼ਾ ਕਰਨ ਤੋਂ ਪਹਿਲਾਂ ਇੱਕ ਬੁਝਾਰਤ ਦੀ ਵਿਆਖਿਆ ਕੀਤੀ ਜਾਂਦੀ ਹੈ।

ਘੁਮਾਰਾਂ ਦੀ ਛੱਪੜੀ , ਤਖਾਣੀ ਪਾਇਆ ਗਾਹ ।

ਉਤੋਂ ਗੂਣਾਂ ਰੋਲਿਆ , ਹੇਠ ਵਗੇ ਦਰਿਆ।

ਇਸ ਬੁਝਾਰਤ ਵਿੱਚ ਘੁਮਿਆਰਾਂ ਦੀ ਛੱਪੜੀ ਇੱਕ ਅਸਚਰਜ ਗੱਲ ਹੈ । ਛੱਪੜੀ ਵੀ ਅਜਿਹੀ ਜਿਸ ਵਿੱਚ ਤਖਾਣੀ ਨੇ ਗਾਹ ਪਾਇਆ ਹੋਇਆ ਹੈ । ਇਸ ਵਿੱਚ ਸਰੋਤੇ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਅਜਿਹੀ ਛੱਪੜੀ ਕਿਹੜੀ ਹੋ ਸਕਦੀ ਹੈ ਜਿਸ ਵਿੱਚ ਤਖਾਣੀ ਨੇ ਗਾਹ ਪਾਇਆ ਹੋਇਆ ਹੈ । ਇਸ ਤੋਂ ਬਿਨਾਂ ਇਸ ਗੱਲ ਦਾ ਵੀ ਸੰਕੇਤ ਮਿਲਦਾ ਹੈ ਕਿ ਛੱਪੜੀ ਅਤੇ ਤਖਾਣੀ ਵਿਚਾਲੇ ਇਸਤਰੀ ਲਿੰਗ ਵਸਤਾਂ ਦੇ ਵੱਧ ਤੋਂ ਵੱਧ ਲੱਛਣਾਂ ਦੀ ਸਾਂਝ ਨੂੰ ਮੁੱਖ ਰੱਖ ਕੇ ਸੁਚੇਤ ਚੋਣ ਕੀਤੀ ਗਈ ਹੈ । ਇਸ ਬੁਝਾਰਤ ਰਾਹੀਂ ਉਪਮਾਨ ਤੇ ਉਪਮੇਯ ਦਾ ਸੰਬੰਧ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ । (ਉਪਮਾਨ )ਘੁਮਾਰਾਂ ਦੀ ਛੱਪੜੀ ਤਖਾਣੀ ਪਾਇਆ ਗਾਹ ਉੱਤੋਂ ਗੁਣਾਂ ਰੋਲਿਆ ਹੇਠ ਵਗੇ ਦਰਿਆ

(ੳਪਮੇਯ) ਘੁਮਿਆਰਾਂ ਦੀ ਬਣਾਈ ਚਾਟੀ ( ਵਿੱਚ ) ਤਖਾਣਾਂ ਦੀ ਬਣਾਈ ਮਧਾਣੀ ( ਚਲਦੀ ਰਹੀ ) ਉਪਰੋਂ ਮੱਖਣ ਉਤਾਰ ਲਿਆ ਲੱਸੀ ( ਭਾਵ ਕਾਫ਼ੀ ਜ਼ਿਆਦਾ )

ਇਸ ਪ੍ਰਕਾਰ ਇੱਥੇ ਉਪਮਾਨ ਤੇ ਉਪਮੇਯ ਦਾ ਸੰਬੰਧ ਸਿੱਧਾ ਇੱਕਹਿਰਾ ਅਤੇ ਸਮਾਨਅੰਤਰ ਹੈ । ਇਥੇ ਖੁੱਲੀ ਚਾਟੀ ਨੂੰ ‘ ਛੱਪੜੀ , ਤੇਜ਼ ਚਲਦੀ ਮਧਾਣੀ ਨੂੰ ‘ ਤਖਾਣੀ ਪਾਵੇ ਗਾਹ ' ਦੀ ਕਿਰਿਆ ਦੁਆਰਾ ਪੇਸ਼ ਕੀਤਾ ਗਿਆ ਹੈ । ਇਸੇ ਤਰ੍ਹਾਂ ‘ ਉਤੋਂ ਗੁਣਾਂ ਰੋਲਿਆ ’ ਮੱਖਣ ਕੱਢ ਕੇ ਸਾਂਭਣ ਦਾ ਸੰਕੇਤ ਹੈ । ਹੇਠ ਵਗ ਦਰਿਆ ਤੋਂ ਭਾਵ ਜਿਸ ਰਾਹੀਂ ਲੱਸੀ ਦੀ ਬਹੁਤੀ ਮਾਤਰਾ ਨੂੰ ਦਰਸਾਇਆ ਗਿਆ ਹੈ । ਹਰ ਚੀਜ਼ ਦਾ ਪ੍ਰਤੀਨਿਧ ਗੁਣ ਦੂਸਰੇ ਧਰਾਤਲ ਦੀ ਚੀਜ਼ ਦੇ ਪ੍ਰਤੀਨਿਧ ਗੁਣ ਨਾਲ ਸਾਂਝ ਰੱਖਦਾ ਹੈ , ਜਦਕਿ ਇਨ੍ਹਾਂ ਵਸਤਾਂ ਦੇ ਗੌਣ ਗੁਣਾਂ ਵੱਲ ਕੋਈ ਬਹੁਤ ਧਿਆਨ ਨਹੀਂ ਦਿੱਤਾ ਜਾਂਦਾ । ਇਸ ਪ੍ਰਕਾਰ ਇਨ੍ਹਾਂ ਸਾਂਝੇ ਗੁਣਾਂ ਉਤੇ ਬਲ ਦੇਣ ਲਈ ਉਸੇ ਦਿਸ਼ਾ ਵਿੱਚ ਕਿਰਿਆਵਾਂ ਅਤੇ ਵਿਸ਼ੇਸ਼ਣਾਂ ਦੀ ਚੋਣ ਕਰਕੇ ਸੰਬੰਧ ਸਥਾਪਿਤ ਕੀਤਾ ਜਾਂਦਾ ਹੈ । ਬੁਝਾਰਤ ਦਾ ਅਸਲੀ ਕਾਰਜ ਉਪਮਾਨ ਤੋਂ ਉਪਮੇਯ ਤੱਕ ਦਾ ਸਫ਼ਰ ਤੈਅ ਕਰਨਾ ਹੁੰਦਾ ਹੈ । ਇਸ ਦੁਆਰਾ ਹੀ ਸਰੋਤਾ ਉੱਤਰ ਬੁੱਝਣ ਵਿੱਚ ਸਫ਼ਲਤਾ ਪ੍ਰਾਪਤ ਕਰਦਾ ਹੈ । ਇਸ ਪ੍ਰਕਾਰ ਇਨ੍ਹਾਂ ਗੁਣਾਂ ਨੂੰ ਜਾਣ ਲੈਣ ਉਪਰੰਤ ਅਸੀਂ ਬੁਝਾਰਤ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ । ਬੁਝਾਰਤ ਲੋਕ - ਸਾਹਿਤ ਦਾ ਮੌਖਿਕ ਰੂਪ ਵਿੱਚ ਪੁੱਛਿਆ ਜਾਣ ਵਾਲਾ ਅਜਿਹਾ ਰੂਪ ਹੈ , ਜਿਸ ਵਿੱਚ ਅਸਪੱਸ਼ਟ ਪ੍ਰਸ਼ਨ ਜਾਂ ਗੁੰਝਲ ਹੁੰਦੀ ਹੈ । ਬੁਝਾਰਤ ਵਿਚਲੇ ਵਸਤੂ ਨੂੰ ਉੱਚ ਕਲਪਨਾ ਉਡਾਰੀ ਰਾਹੀਂ ਰੂਪਕਾਂ , ਬਿੰਬਾਂ ਤੇ ਸੰਕਲਪ ਚਿੱਤਰਾਂ ਦੀ ਵਰਤੋਂ ਕਰਕੇ ਕਲਾਤਮਿਕ ਢੰਗ ਦੁਆਰਾ ਪੇਸ਼ ਕੀਤਾ ਗਿਆ ਹੁੰਦਾ ਹੈ । ਬੁਝਾਰਤ ਵਿੱਚ ਕਾਵਿ - ਅੰਸ਼ ਹੁੰਦੇ ਹਨ ਤੇ ਇਨ੍ਹਾਂ ਵਿੱਚ ਉਪਮਾਨ ਤੇ ਉਪਮੇਯ ਵਿੱਚਲਾ ਸੰਬੰਧ ਸਿੱਧਾ , ਇੱਕਹਿਰਾ ਅਤੇ ਸਮਾਨਅੰਤਰ ਹੁੰਦਾ ਹੈ । ਬੁਝਾਰਤ ਨੂੰ ਪਰਿਭਾਸ਼ਿਤ ਕਰਨ ਤੋਂ ਪਿੱਛੋਂ ਹੁਣ ਅਸੀਂ ਬੁਝਾਰਤ ਦੇ ਸਰੂਪ ਵੱਲ ਪਰਤਦੇ ਹਾਂ ਬੁਝਾਰਤ ਦਾ ਸਰੂਪ ਸਰੂਪ ਦੇ ਕੋਸ਼ਗਤ ਅਰਥ ਹਨ ।

ਬਣਤਰ , ਰੰਗ - ਰੂਪ ਬੁਝਾਰਤ ਦੀ ਬਣਤਰ ਵਿੱਚ ਤਿੰਨ ਮੁੱਖ ਨੁਕਤੇ ਹਨ :

1 . ਬੁਝਾਰਤ ਪਾਉਣ ਵਾਲਾ

2 . ਬੁਝਾਰਤ ਬੁੱਝਣ ਵਾਲਾ

3 . ਵਸਤ ਜਿਸ ਬਾਰੇ ਬੁਝਾਰਤ ਪਾਈ ਜਾਂਦੀ ਹੈ

ਬੁਝਾਰਤ ਪਾਉਣ ਵਾਲਾ ਵਿਅਕਤੀ ਇੱਕ ਹੀ ਹੁੰਦਾ ਹੈ ਪੰਤ ਬੁਝਾਰਤ ਬੁੱਝਣ ਵਾਲਿਆਂ ਵਿੱਚ ਇੱਕ ਤੋਂ ਜਿਆਦਾ ਵੀ ਹੋ ਸਕਦੇ ਹਨ । ਜਿਆਦਾਤਰ ਬੁਝਾਰਤ ਪਾਉਣ ਵਾਲਾ ਕੋਈ ਵੱਡਾ ਬਜ਼ੁਰਗ ਹੀ ਹੁੰਦਾ ਹੈ ਪ੍ਰੰਤੂ ਕਈ ਵਾਰ ਬੱਚੇ ਵੀ ਇੱਕਠੇ ਹੋ ਕੇ ਆਪਸ ਵਿੱਚ ਬੁਝਾਰਤਾਂ ਪਾਉਂਦੇ ਹਨ । ਬੁਝਾਰਤ ਪਾਉਣ ਵਾਲਾ ਵਿਅਕਤੀ ਦੂਜਿਆਂ ਦੀ ਸਿਆਣਪ ਨੂੰ ਪਰਖਣ ਲਈ ਕਿ ਦੂਜਿਆਂ ਦਾ ਗਿਆਨ ਭੰਡਾਰ ਕਿੰਨਾ ਕੁ ਵਿਸ਼ਾਲ ਹੈ ਉਨ੍ਹਾਂ ਨੂੰ ਬੁਝਾਰਤ ਪਾਉਂਦਾ ਹੈ ।

ਜੇਕਰ ਸਰੂਪ ਦੇ ਆਧਾਰ ਤੇ ਬੁਝਾਰਤ ਨੂੰ ਪਰਖਿਆ ਜਾਵੇ ਤਾਂ ਇਸਦੀ ਰਚਨਾ ਕਿਸੇ ਵਿਸ਼ੇਸ਼ ਨਿਯਮ ਦੀ ਧਾਰਨੀ ਨਹੀਂ ਹੁੰਦੀ ਕਿਉਂਕਿ ਇਸਦਾ ਸੰਬੰਧ ਆਪ - ਮੁਹਾਰੀ ਸਿਰਜਨ ਪ੍ਰਕਿਰਿਆ ਨਾਲ ਹੈ । ਇਹ ਕਿਸੇ ਇਕ ਵਿਅਕਤੀ ਜਾਂ ਕੁਝ ਕੁ ਵਿਅਕਤੀਆਂ ਦੀ ਸਿਰਜਣਾ ਨਹੀਂ ਹਨ ਜਿਸ ਦੇ ਆਧਾਰ ਤੇ ਬੁਝਾਰਤ ਦੇ ਸਰੂਪ ਨੂੰ ਨਿਸ਼ਚਿਤ ਕੀਤਾ ਜਾ ਸਕੇ । ਭਾਵੇਂ ਕੋਈ ਵੀ ਬੁਝਾਰਤ ਕਿਸੇ ਇਕ ਵਿਅਕਤੀ ਦੁਆਰਾ ਸਿਰਜੀ ਗਈ ਹੁੰਦੀ ਹੈ ਪ੍ਰੰਤੂ ਫਿਰ ਵੀ ਇਹ ਹੋਂਦ ਗ੍ਰਹਿਣ ਕਰਨ ਪਿੱਛੋਂ ਸਮੂਹ ਦੀ ਵਿਰਾਸਤ ਬਣ ਜਾਂਦੀ ਹੈ । । ਇਸ ਪ੍ਰਕਾਰ ਇਸਦਾ ਸਰੂਪ ਇੱਕੋ ਜਿਹਾ ਨਹੀਂ ਰਹਿੰਦਾ ਕਿਉਂਕਿ ਇਹ ਇੱਕ | ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦਾ ਹੋਇਆ ਬਦਲਦਾ ਰਹਿੰਦਾ ਹੈ । ਇਸ ਲਈ ਕਿਸੇ ਵੀ ਬੁਝਾਰਤ ਦੇ ਸਰੂਪ ਸੰਬੰਧੀ ਕੋਈ ਇੱਕ ਨਿਯਮ ਨਿਸ਼ਚਿਤ ਕਰਨਾ ਔਖਾ ਹੈ ਕਿਉਂਕਿ ਕੋਈ ਇੱਕ ਵਸਤੂ ਸੰਬੰਧੀ ਵੀ ਕਈ ਬੁਝਾਰਤਾਂ ਹੋ ਸਕਦੀਆਂ ਹਨ ਜਿਵੇਂ : ਕੋਈ ਬੁਝਾਰਤ ਕਰਮ ਨਾਲ ਸੰਬੰਧਿਤ ਹੈ , ਕੋਈ ਨਾਮ ਨਾਲ , ਕੋਈ ਗੁਣਾਂ - ਔਗੁਣਾਂ ਨਾਲ ਅਤੇ ਕੋਈ ਸ਼ਕਲ - ਸੂਰਤ ਨਾਲ ।

ਬੁਝਾਰਤਾਂ ਦੇ ਬਾਹਰੀ ਸਰੂਪ ਨੂੰ ਆਧਾਰ ਬਣਾਕੇ ਵੀ ਜੇਕਰ ਬੁਝਾਰਤਾਂ ਦੀ ਬਣਤਰ ਨਿਸ਼ਚਿਤ ਕਰਨੀ ਹੋਵੇ ਤਾਂ ਵੀ ਸਾਰੀਆਂ ਬੁਝਾਰਤਾਂ ਨੂੰ ਇੱਕੋ ਰੱਸੇ ਨਾਲ ਨਹੀਂ ਬੰਨ੍ਹਿਆਂ ਜਾ ਸਕਦਾ । ਬੁਝਾਰਤਾਂ ਦੇ ਸਰੂਪ ਸੰਬੰਧੀ ਡਾ . ਨਾਹਰ ਸਿੰਘ ਦਾ ਵਿਚਾਰ ਹੈ :

ਮਲਵਈ ਬੁਝਾਰਤਾਂ ਦੇ ਬਾਹਰਲੇ ਰੂਪਾਂ ਸੰਬੰਧੀ ਕੋਈ ਸਾਂਝਾ ਨੇਮ ਨਹੀਂ ਲੱਭਦਾ । ਕਈ ਬੁਝਾਰਤਾਂ ਬਾਹਰੋਂ ਟੱਪੇ ਵਰਗੀਆਂ ਜਾਂ ਗੀਤ ਦੇ ਕਿਸੇ ਹੋਰ ਰੂਪ ਨਾਲ ਮਿਲਦੀਆਂ - ਜੁਲਦੀਆਂ ਹੁੰਦੀਆਂ ਹਨ । ਕਈਆਂ ਦਾ ਬਾਹਰੀ ਰੂਪ ਪ੍ਰਸ਼ਨੋਤਰੀ ਦਾ ਹੁੰਦਾ ਹੈ ਅਤੇ ਕਈ ਵਾਰ ਬੁਝਾਰਤਾਂ ਨੂੰ ਦੋਹੜੇ ਦੀ ਛੰਦ ਚਾਲ ਅਨੁਸਾਰ ਦੋਹਰੇ ਵਾਂਗ ਪੇਸ਼ ਕੀਤਾ ਜਾਂਦਾ ਹੈ ।

ਕਾਬਲ ਕੁੱਜਾ ਚੜਿਆ , ਅੱਗ ਲੱਗੀ ਸੁਲਤਾਨ

ਦਿਲੀਉਂ ਫੂਕਾਂ ਮਾਰੀਆਂ , ਸੜ ਗਿਆ ਹਿੰਦੁਸਤਾਨ ।

ਬੁਝਾਰਤ ਦਾ ਬਾਹਰੀ ਸਰੂਪ ਵੇਖਣ ਵਿੱਚ ਭਾਵੇਂ ਦੋਹਰੇ , ਚੌਪਈ ਵਾਲਾ ਹੁੰਦਾ ਹੈ ਪ੍ਰੰਤੂ ਇਹ ਇਨ੍ਹਾਂ ਦੇ ਤੋਲ - ਤੁਕਾਂਤ ਤੇ ਹਮੇਸ਼ਾ ਪੂਰਾ ਨਹੀਂ ਉਤਰਦਾ । ਬੁਝਾਰਤ ਤੇ ਕਾਵਿ ਜਾਂ ਕਕਾ ਦੀ ਕੋਈ ਸ਼ਰਤ ਲਾਗੂ ਨਹੀਂ ਹੁੰਦੀ । ਬੁਝਾਰਤ ਵਿਚਲਾ ਸੰਕੇਤ ਅਤੇ ਪ੍ਰਸ਼ਨ ਇਸਨੂੰ ਦੂਜੇ ਰੂਪਾਂ ਨਾਲੋਂ ਨਿਖੇੜਦੇ ਹਨ । ਅਪਣੇ ਰੂਪਾਤਮਿਕ ਲੱਛਣਾਂ ਕਰਕੇ ਬੁਝਾਰਤ ਵਿੱਚ ਵਿਲੱਖਣਤਾ ਪਾਈ ਜਾਂਦੀ ਹੈ । ਬੁਝਾਰਤ ਦੀ ਰਚਨਾਤਮਿਕ ਬਣਤਰ ਵਿੱਚ ਹੇਠ ਲਿਖੀਆਂ ਕੁਝ ਗੱਲਾਂ ਸ਼ਾਮਿਲ ਹੁੰਦੀਆਂ ਹਨ ।

1. ਵਸਤੂ

2 . ਪ੍ਰਸ਼ਨ

3 . ਉੱਤਰ

4 . ਸੰਕੇਤ

5.ਵਕ੍ਰੋਕਤੀ

1. ਵਸਤੂ :

ਵਸਤੂ ਹੀ ਹਰ ਬੁਝਾਰਤ ਦੀ ਰਚਨਾ ਦਾ ਮੁੱਖ ਆਧਾਰ ਬਣਦੀ ਹੈ । ਭਾਵੇਂ ਬੁਝਾਰਤ ਵਿੱਚ ਵਸਤੂ ਲੁਪਤ ਹੁੰਦੀ ਹੈ ਫਿਰ ਵੀ ਵਸਤੂ ਹੀ ਇਸ ਦੀ ਸਿਰਜਣਾ ਦਾ ਆਧਾਰ ਹੁੰਦੀ ਹੈ । ਬੁਝਾਰਤ ਹਰ ਪ੍ਰਕਾਰ ਦੀ ਵਸਤੂ ਸੰਬੰਧੀ ਸਿਰਜੀ ਮਿਲਦੀ ਹੈ ਭਾਵੇਂ ਉਹ ਨਿਰਜੀਵ ਹੋਵੇ ਜਾਂ ਸਜੀਵ । ਕੁਝ ਬੁਝਾਰਤਾਂ ਵਿੱਚ ਬੇਜਾਨ ਚੀਜ਼ਾਂ ਨੂੰ ਪ੍ਰਾਣਧਾਰੀਆਂ ਨਾਲ ਤੁਲਨਾਇਆ ਹੁੰਦਾ ਹੈ ਅਤੇ ਕੁਝ ਵਿੱਚ ਇਸਦੇ ਉਲਟ ਵੀ ਹੋ ਸਕਦਾ ਹੈ । ਬੁਝਾਰਤ ਦੀ ਸਿਰਜਣਾ ਵਸਤੂ ਦੇ ਨਾਮ , ਵਰਤੋਂ , ਸ਼ਕਲ - ਸੂਰਤ , ਕਰਮ , ਗੁਣ - ਔਗੁਣ ਜਾਂ ਵਿਸ਼ੇਸ਼ਤਾਈਆਂ ਨੂੰ ਮੁੱਖ ਰੱਖਕੇ ਕੀਤੀ ਜਾਂਦੀ ਹੈ । ਜਿਵੇਂ ਹੇਠ ਲਿਖੀ ਬੁਝਾਰਤ ਕਾਂ ਦੀ ਸ਼ਕਲ ਸੂਰਤ ਅਤੇ ਉਸਦੇ ਕਰਮ ਦੋਵਾਂ ਨੂੰ ਹੀ ਦਰਸਾਉਂਦੀ ਹੈ :

ਕਾਲੇ - ਕਲੋਟੇ ਕੱਪੜੇ ਉਸਦੇ

ਕਾਲੇ ਕਲੋਟੇ ਬੋਲ

ਅੱਜ ਆਉਣਾ ਕਿਸੇ ਪ੍ਰਾਹੁਣੇ

ਬੀਬੀ ਬੂਹਾ ਖੇਲ ।

ਇਹ ਬੁਝਾਰਤ ਜਿੱਥੇ ਕਾਂ ਦੇ ਰੰਗ ਰੂਪ ਨੂੰ ਦਰਸਾਉਂਦੀ ਹੈ , ਉੱਥੇ ਉਸਦੇ ਕਰਮ ਨੂੰ ਵੀ ਸਪੱਸ਼ਟ ਕਰਦੀ ਹੈ । ਜਿਵੇਂ ਪੰਜਾਬੀ ਸਭਿਆਚਾਰ ਵਿੱਚ ਇਹ ਵਿਸ਼ਵਾਸ ਆਮ ਪ੍ਰਚਲਿਤ ਹੈ ਕਿ ਜਦੋਂ ਕਿਸੇ ਦੇ ਘਰ ਦੇ ਬਨੇਰੇ ਤੇ ਕਾਂ ਬੋਲਦਾ ਹੈ ਤਾਂ ਉਹ ਉਸ ਘਰ ਵਿੱਚ ਪ੍ਰਾਹੁਣਾ ਆਉਣ ਦਾ ਸੰਕੇਤ ਦਿੰਦਾ ਹੈ । ਇਸੇ ਤਰ੍ਹਾਂ ਸਿਰਫ਼ ਸ਼ਕਲ ਤੇ ਸੂਰਤ ਨੂੰ ਮੁੱਖ ਰੱਖਕੇ ਵੀ ਬਹੁਤ ਸਾਰੀਆਂ ਬੁਝਾਰਤਾਂ ਸਿਰਜੀਆਂ ਮਿਲਦੀਆਂ ਹਨ ਜਿਵੇਂ ਹੇਠ ਲਿਖੀ ਬੁਝਾਰਤ ‘ ਅੰਡੇ ' ਦੀ ਸ਼ਕਲ ਨੂੰ ਮੁੱਖ ਰੱਖ ਕੇ ਸਿਰਜੀ ਗਈ ਲਗਦੀ ਹੈ ।

ਚੂਨੇ ਗੱਚ ਕੋਠੜੀ ਦਰਵਾਜਾ ਹੈ ਨਹੀਂ ।

2. ਪ੍ਰਸ਼ਨ :

ਬੁਝਾਰਤ ਦੀ ਰਚਨਾਤਮਿਕ ਬਣਤਰ ਦਾ ਦੂਜਾ ਮਹੱਤਵਪੂਰਨ ਪੱਖ ਪ੍ਰਸ਼ਨ ਹੈ । ਇਸ ਤੋਂ ਬਿਨਾਂ ਬੁਝਾਰਤ ਦੀ ਰਚਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋ ਸਕਦੀ । ਇਹ ਪ੍ਰਸ਼ਨ ਲੁਕਵੇਂ ਰੂਪ ਵਿੱਚ ਵੀ ਹੋ ਸਕਦਾ ਹੈ ਅਤੇ ਪ੍ਰਤੱਖ ਰੂਪ ਵਿੱਚ ਵੀ ।

ਹਰ ਬੁਝਾਰਤ ਦੀ ਰਚਨਾਤਮਿਕ ਬਣਤਰ ਵਿਚ ਦੋ ਤਰ੍ਹਾਂ ਦੇ ਪ੍ਰਸ਼ਨ ਹੋ ਸਕਦੇ ਹਨ :

( ੳ ) ਸਪੱਸ਼ਟ ਪ੍ਰਸ਼ਨ

(ਅ )ਅਸਪੱਸ਼ਟ ਪ੍ਰਸ਼ਨ

( ੳ ) ਸਪੱਸ਼ਟ ਪ੍ਰਸ਼ਨ : ਅਜਿਹੀਆਂ ਬੁਝਾਰਤਾਂ ਜਿਨ੍ਹਾਂ ਵਿੱਚ ਪ੍ਰਸ਼ਨ ਬਿਲਕੁਲ ਸਾਫ਼ਅਤੇ ਸਪੱਸ਼ਟ ਰੂਪ ਵਿੱਚ ਪੁੱਛਿਆ ਗਿਆ ਹੁੰਦਾ ਹੈ , ਆਸਾਨ ਅਤੇ ਸੌਖੀਆਂ ਹੁੰਦੀਆਂ ਹਨ । ਜਿਵੇਂ ਹੇਠ ਲਿਖੀ ਬੁਝਾਰਤ ਸਪੱਸ਼ਟ ਪ੍ਰਸ਼ਨ ਵਾਲੀ ਹੈ

ਸਾਲਾ ਤੇ ਭਣਵੱਈਆ

ਸਹੁਰਾ ਤੇ ਜਵਾਈ

ਤਿੰਨ ਪਕਾਈਆਂ ਰੋਟੀਆਂ

ਕਿੰਨੀ - ਕਿੰਨੀ ਆਈ ।

ਇਸ ਬੁਝਾਰਤ ਵਿੱਚ ਇਹ ਸਪੱਸ਼ਟ ਹੈ ਕਿ ਤਿੰਨ ਰੋਟੀਆਂ ਹਨ ਪ੍ਰੰਤੂ ਛੋਟੀ ਜਿਹੀ ਗੁੰਝਲ ਹੈ ਕਿ ਖਾਣ ਵਾਲੇ ਵਿਅਕਤੀ ਚਾਰ ਹਨ । ਇਨ੍ਹਾਂ ਚਾਰਾਂ ਵਿਚੋਂ ਤਿੰਨ ਦੇਖਣੇ ਹਨ ਕਿ ਇਹ ਤਿੰਨ ਕਿਵੇਂ ਬਣਦੇ ਹਨ । ਇਸ ਵਿੱਚ ਇਕ ਵਿਅਕਤੀ ਹੈ ਜੋ ਭਣਵੱਈਆ ਵੀ ਹੈ ਅਤੇ ਜਵਾਈ ਵੀ । ਇਸ ਲਈ ਇਹ ਬੁਝਾਰਤ ਰਿਸ਼ਤੇਦਾਰੀਆਂ ਦੀ ਗੁੰਝਲ ਸੰਬੰਧੀ ਹੈ । ਇਸੇ ਪ੍ਰਕਾਰ ਦੀ ਇੱਕ ਹੋਰ ਬੁਝਾਰਤ ਹੈ :

ਪੰਜ ਕਮੀਜਾਂ ਤਿੰਨ ਧੋਤੀਆਂ

ਦੋ ਸਾਬਣ ਦੀਆਂ ਟਿੱਕੀਆਂ

ਪੂਰੀਆਂ - ਪੂਰੀਆਂ ਲਾਉਂਣੀਆਂ

ਇਸ ਬੁਝਾਰਤ ਵਿੱਚ ਸਾਬਣ ਦੀਆਂ ਟਿੱਕੀਆਂ ਦੋ ਹਨ ਅਤੇ ਧੋਣ ਵਾਲੇ ਕੱਪੜੇ ਅੱਠ ਬਣਦੇ ਹਨ । ਇਥੇ ਧੋਤੀਆਂ ਸ਼ਬਦ ਦੋਹਰੇ ਅਰਥਾਂ ਵਿੱਚ ਵਰਤਿਆ ਗਿਆ ਹੈ । ਪਹਿਲਾ ਧੋਤੀਆਂ ਤੋਂ ਭਾਵ ਤੇੜ ਪਹਿਨਣ ਵਾਲਾ ਕੱਪੜਾ ਹੈ ਜੋ ਕਿ ਸਰੋਤੇ ਨੂੰ ਭੰਬਲਭੂਸੇ ਵਿੱਚ ਪਾ ਦਿੰਦਾ ਹੈ ਕਿ ਉਹ ਅੱਠ ਕੱਪੜਿਆਂ ਵਿੱਚ ਦੋ ਟਿੱਕੀਆਂ ਨੂੰ ਕਿਵੇਂ ਪੂਰਾ - ਪੂਰਾ ਵੰਡ ਸਕਦਾ ਹੈ । ਦੂਸਰਾ , ਧੋਤੀਆਂ ਤੋਂ ਭਾਵ ਧੌਣ ਤੋਂ ਹੈ ਭਾਵ ਪੰਜ ਕਮੀਜ਼ਾਂ ਵਿੱਚੋਂ ਤਿੰਨ ਧੋ ਦਿੱਤੀਆਂ ਤੇ ਬਾਕੀ ਦੋ ਬਚੀਆਂ ਤੇ ਦੋ ਸਾਬਣ ਦੀਆਂ ਟਿੱਕੀਆਂ ਉਨਾਂ ਨੂੰ ਪੂਰੀਆਂ - ਪੂਰੀਆਂ ਆ ਜਾਂਦੀਆਂ ਹਨ ।

ਇਸ ਤਰ੍ਹਾਂ ਬੇਸ਼ਕ ਗੁੰਝਲ ਤਾਂ ਇੰਨਾ ਬੁਝਾਰਤਾਂ ਵਿੱਚ ਵੀ ਹੁੰਦੀ ਹੈ ਪ੍ਰੰਤੂ ਇਨ੍ਹਾਂ ਵਿੱਚ ਇਹ ਸਪੱਸ਼ਟ ਹੁੰਦਾ ਹੈ ਕਿ ਬੁਝਾਰਤਕਾਰ ਤੇ ਪੁੱਛਿਆ ਕੀ ਹੈ ।

( ਅ ) ਅਸਪੱਸ਼ਟ ਪ੍ਰਸ਼ਨ : ਬਹੁਤ ਸਾਰੀਆਂ ਬੁਝਾਰਤਾਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਵਿੱਚ ਪ੍ਰਸ਼ਨ ਅਸਪੱਸ਼ਟ ਜਾਂ ਲੁਕਵਾਂ ਹੁੰਦਾ ਹੈ , ਭਾਵ ਸਰੋਤੇ ਨੂੰ ਇਸ ਗੱਲ ਦਾ ਬਹੁਤ ਮੁਸ਼ਕਿਲ ਨਾਲ ਪਤਾ ਚਲਦਾ ਹੈ ਕਿ ਬੁਝਾਰਤ ਕਿਸ ਚੀਜ਼ ਅਤੇ ਕਿਸ ਵਰਗ ਨਾਲ ਸੰਬੰਧਿਤ ਹੈ । ਅਜਿਹੀਆਂ ਬੁਝਾਰਤਾਂ ਵਿੱਚ ਬੁਝਾਰਤ ਪਾਉਣ ਵਾਲਾ ਸਰੋਤੇ ਨੂੰ ਸੰਕੇਤ ਦਿੰਦਾ ਹੈ ਜਾਂ ਬੁਝਾਰਤ ਦਾ ਕੁਝ ਨਾ ਕੁਝ ਅਤਾ ਪਤਾ ਜਰੂਰ ਦੱਸਦਾ ਹੈ ਕਿ ਉਹ ਚੀਜ਼ ਖਾਣ ਵਾਲੀ ਹੈ ਜਾਂ ਪੀਣ ਵਾਲੀ , ਘਰ ਵਿੱਚ ਹੈ ਜਾਂ ਖੇਤ ਵਿੱਚ ਆਦਿ । ਅਜਿਹਾ ਉਹ ਇਸ ਲਈ ਕਰਦਾ ਹੈ ਕਿਉਂਕਿ ਇਸ ਪ੍ਰਕਾਰ ਦੀ ਬੁਝਾਰਤ ਬਹੁਤ ਜਿਆਦਾ ਔਖੀ ਅਤੇ ਅਸਪੱਸ਼ਟ ਹੁੰਦੀ ਹੈ ਜਿਵੇਂ :

ਆਪਣੀ ਰੰਨ ਨੂੰ ਮਾਰਦਾ

ਦੂਜਿਆਂ ਦਾ ਕੰਮ ਸਾਰਦਾ ।

ਇਸ ਬੁਝਾਰਤ ਵਿੱਚ ਪ੍ਰਸ਼ਨ ਅਸਪੱਸ਼ਟ ਹੈ । ‘ ਆਪਣੀ ਰੰਨ ਨੂੰ ਮਾਰਦਾ ' ਵਾਕ ਵਿੱਚ ਜਿੱਥੇ ਸਰੋਤੇ ਨੂੰ ਇਸ਼ਾਰਾ ਕੀਤਾ ਗਿਆ ਹੈ ਉਥੇ ਇਹ ਇਕ ਪ੍ਰਕਾਰ ਦਾ ਪ੍ਰਸ਼ਨ ਵੀ ਹੈ । ਸਹਿਜੇ ਹੀ ਜੇਕਰ ਇਸ ਬੁਝਾਰਤ ਨੂੰ ਵਿਚਾਰੀਏ ਤਾਂ ਜਾਪਦਾ ਹੈ ਜਿਵੇਂ ਕੋਈ ਵਿਅਕਤੀ ਦੂਜਿਆਂ ਨੂੰ ਖੁਸ਼ ਕਰਨ ਲਈ ਆਪਣੀ ਘਰਵਾਲੀ ਨੂੰ ਮਾਰਦਾ ਹੋਵੇ । ਦੂਜੇ ਪਾਸੇ ਇਹ ਲੱਛਣ ‘ ਘੰਟੇ ' ਦਾ ਵੀ ਹੈ ਜੋ ਦੂਜਿਆਂ ਦਾ ਕੰਮ ਸੰਵਾਰਨ ਵਾਸਤੇ ਕੂੰਡੀ ਨੂੰ ਮਾਰਦਾ ਹੈ ।

3. ਉੱਤਰ :

ਭਾਵੇਂ ਹਰ ਬੁਝਾਰਤ ਪ੍ਰਸ਼ਨ ਹੁੰਦੀ ਹੈ ਪ੍ਰੰਤੂ ਉਤਰ ਵੀ ਇਸਦਾ ਵਿਸ਼ੇਸ਼ ਅੰਗ ਹੁੰਦਾ ਹੈ ਇਸ ਉੱਤਰ ਤੋਂ ਬੁਝਾਰਤ ਪਾਉਣ ਵਾਲਾ ਜਾਣੂ ਹੁੰਦਾ ਹੈ । ਬੁਝਾਰਤ ਦੇ ਉੱਤਰ ਤੋਂ ਅਣਜਾਣ ਵਿਅਕਤੀ ਬੁਝਾਰਤ ਨਹੀਂ ਪਾ ਸਕਦਾ । ਕੋਈ ਵੀ ਬੁਝਾਰਤ ਉੱਤਰ ਤੋਂ ਬਗੈਰ ਸੰਪੂਰਨ ਨਹੀਂ ਹੋ ਸਕਦੀ । ਬੁਝਾਰਤ ਦੀ ਰਚਨਾਤਮਿਕ ਬਣਤਰ ਇਸ ਤਰ੍ਹਾਂ ਨਹੀਂ ਹੁੰਦੀ ਕਿ ਪਹਿਲਾਂ ਪ੍ਰਸ਼ਨ ਘੜ ਲਓ ਅਤੇ ਬਾਅਦ ਵਿੱਚ ਉਸਦਾ ਉੱਤਰ ਬਲਕਿ ਇਸਦੇ ਬਿਲਕੁਲ ਉਲਟ ਹੁੰਦਾ ਹੈ । ਬੁਝਾਰਤ ਵਿੱਚ ਉੱਤਰ ਨੂੰ ਮੁੱਖ ਰੱਖਕੇ ਹੀ ਪ੍ਰਸ਼ਨ ਘੜਿਆ ਜਾਂਦਾ ਹੈ । ਇਸ ਬਾਰੇ ਡਾ . ਨਾਹਰ ਸਿੰਘ ਦਾ ਵਿਚਾਰ ਧਿਆਨ ਦੇਣ ਯੋਗ ਹੈ :

ਬੁਝਾਰਤ ਦੇ ਉਚਰਿਤ

ਰੂਪ ਵਿੱਚ ਭਾਵੇਂ ਸਿਰਫ਼

ਪ੍ਰਸ਼ਨ ਚਿੰਨ੍ਹ ਹੀ ਮਿਲਦਾ ਹੈ ਪਰ ਸੰਪੂਰਨ

ਬੁਝਾਰਤ ਇਸਦੇ ਉੱਤਰ ਨੂੰ ਸੰਮਿਲਤ ਕਰਕੇ

ਹੀ ਬਣਦੀ ਹੈ ।

ਇਸੇ ਤਰ੍ਹਾਂ ਅਸੀਂ ਇੱਕ ਬੁਝਾਰਤ ਨੂੰ ਉਦਾਹਰਨ ਦੇ ਤੌਰ ਤੇ ਪੇਸ਼ ਕਰ ਸਕਦੇ ਅੱਧ ਅਸਮਾਨੀ ਬੱਕਰਾ

ਉਹਦੀ ਚੋ - ਚੋਂ ਪੈਂਦੀ ਰੱਤ

ਬਾਹਰ ਉਹਦੀ ਖੱਲੜੀ

ਤੇ ਅੰਦਰ ਉਹਦੀ ਜਿੱਤ ( ਅੰਬ )

ਇਸ ਬੁਝਾਰਤ ਦਾ ਉੱਤਰ ਅੰਬ ਹੈ । ਜੇਕਰ ਸਿਰਜਕ ਦੇ ਦਿਮਾਗ ਵਿੱਚ ਬੁਝਾਰਤ ਉੱਤਰ ‘ ਅੰਬ ’ ਪਹਿਲਾਂ ਹੋਵੇਗਾ ਤਾਂ ਹੀ ਉਹ ਉਸਦੀ ਸਿਰਜਣਾ ਕਰ ਸਕੇਗਾ । ਉੱਤਰ ਤੋਂ ਕਿਸੇ ਵੀ ਬੁਝਾਰਤ ਦੀ ਸਿਰਜਣਾ ਅਸੰਭਵ ਹੈ ।

4. ਸੰਕੇਤ :

ਸੰਕੇਤ ਜਾਂ ਇਸ਼ਾਰਾ ਅੰਗਰੇਜ਼ੀ ਦੇ Indicatge " ਦਾ ਸਮਾਨਾਰਥਕ ਸ਼ਬਦ ਹੈ । ਬੁਝਾਰਤਕਾਰ ਭਾਵੇ ਬੁਝਾਰਤ ਨੂੰ ਆਪਣੇ ਵੱਲ ਵੱਧ ਤੋਂ ਵੱਧ ਅਸਪੱਸ਼ਟ ਬਣਾਉਂਦਾ ਹੈ । ਫਿਰ ਵੀ ਉਸ ਬੁਝਾਰਤ ਵਿੱਚ ਸੰਬੰਧਿਤ ਵਸਤੂ ਸੰਬੰਧੀ ਸੰਕੇਤ ਜਰੂਰ ਕੀਤਾ ਹੁੰਦਾ ਹੈ ਜਿਸ ਨੂੰ ਅਤਾ - ਪਤਾ ਕਿਹਾ ਜਾਂਦਾ ਹੈ । ਜਿਵੇਂ :

ਮੈਂ ਲਿਆਂਦੀ ਮਹਿੰ

ਉਹਦੇ ਸਿੰਗ ਨਾ

ਮੈਂ ਪਾਏ ਕੱਖ

ਉਹਦੇ ਪਸਿੰਦ ਨ

ਮੈਂ ਪਾਇਆ ਖੋਰ

ਕਹਿੰਦੀ ਹੋਰ ਹੋਰ ਹੋਰ

ਉਪਰੋਕਤ ਬੁਝਾਰਤ ਵਿਚਲਾ ਸੰਕੇਤ ਸਪੱਸ਼ਟ ਹੈ ਕਿ ਇਹ ਕਿਸੇ ਜਾਨਵਰ ਬਾਰੇ ਗੱਲ ਹੋ ਰਹੀ ਹੈ ਪਰ ਇਸ ਵਿੱਚ ਅਸਪੱਸ਼ਟ ਰੂਪ ਵਿੱਚ ਮੱਝ ਦੀ ਗੱਲ ਕੀਤੀ ਗਈ ਹੈ । ਅਜਿਹੀ ਕੋਈ ਵੀ ਮੱਝ ਨਹੀਂ ਹੋ ਸਕਦੀ ਜਿਸਦੇ ਸਿੰਗ ਨਾ ਹੋਣ ਅਤੇ ਉਹ ਕੱਖ ਨਾ ਖਾਵੇ । ਇਹ ਕੋਈ ਹੋਰ ਜਾਨਵਰ ਹੀ ਹੋ ਸਕਦਾ ਹੈ ਤੇ ਉਹ ਜਾਨਵਰ ਹੈ ' ਗਧਾ ਹੈ । ਇਸ ਪ੍ਰਕਾਰ ਹਰ ਬੁਝਾਰਤ ਵਿੱਚ ਸੰਕੇਤ ਸਿਰਜਿਆ ਗਿਆ ਹੁੰਦਾ ਹੈ ।

5. ਵਕ੍ਰੋਕਤੀ :

ਵਕ੍ਰੋਕਤੀ ਦਾ ਅਰਥ ਇੱਕ ਵਿਚਿਤਰ ਕਥਨ , ਪ੍ਰਕਾਰ ਜਾਂ ਸ਼ੈਲੀ ਹੈ । ਵਕ੍ਰੋਕਤੀ ਸ਼ਬਦ ਦੋ ਸਮਾਸਾਂ ਨੂੰ ਜੋੜ ਕੇ ਬਣਿਅਾ  ਹੈ ਵਕਰ  + ੳਕਤੀ ਵਕਰ ਤੋਂ ਭਾਵ ਹੈ ਟੇਢਾ  ਅਤੇ ੳਕਤੀ ਤੋਂ ਭਾਵ ਹੈ ਕਥਨ ਜਿਸ ਕਥਨ ਨੂੰ ਵਿਸ਼ੇਸ਼ ਰੂਪ ਵਿੱਚ ਟੇਢਾਪਨ ਤੇ ਵਕ੍ਰਤਾ ਦੇ ਕੇ ਕਿਹਾ ਗਿਆ ਹੁੰਦਾ ਹੈ , ਉਹ ਵਕ੍ਰੋਕਤੀ ਹੁੰਦੀ ਹੈ । ਬੁਝਾਰਤ ਵਿੱਚ ਵੀ ਜੋ ਗੱਲ ਕੀਤੀ ਗਈ ਹੁੰਦੀ ਹੈ ਉਹ ਬਹੁਤ ਵਿਚਿੱਤਰ ਢੰਗ ਨਾਲ ਕੀਤੀ ਗਈ ਹੁੰਦੀ ਹੈ । ਇਸ ਦੀ ਸਿਰਜਣਾਤਮਕ ਪੇਸ਼ਕਾਰੀ ਵਿੱਚ ਇਹ ਅਨੋਖੀ ਕਥਨੀ ਹੀ ਜਾਪਦੀ ਹੈ । ਬੁਝਾਰਤਕਾਰ ਹਮੇਸ਼ਾ ਉਲਟੀ ਜਾਂ ਟੋਢੀ ਗੱਲ ਕਰਦਾ ਹੈ ਤਾਂ ਕਿ ਬੁੱਝਣ ਵਾਲਾ ਉਸਦੀ ਗੱਲ ਅਸਾਨੀ ਨਾਲ ਬੁੱਕ ਸਕੇ ਜਿਵੇਂ : ਲੰਮਾ ਸੋਹਣਾ ਮਾਹੀ ਮੇਰਾ

ਜੀਅ ਨੂੰ ਲੱਗੇ ਮਿੱਠਾ

ਨਿਰਾਂ ਗੁਣਾਂ ਦਾ ਗੁਥਲਾ ਮਾਹੀ

ਪੋਟਾ - ਪੋਟਾ ਡਿੱਠਾ ।

ਇਸ ਵਿੱਚ ਗੱਲ ਇੱਕ ਬੇਜਾਨ ਚੀਜ਼ ਦੀ ਹੈ ਪ੍ਰੰਤੂ ਉਸਨੂੰ ਜਾਨਦਾਰ ਚੀਜ਼ ਨਾਲ ਤੁਲਨਾ ਦੇ ਕੇ ਵਿਚਿੱਤਰ ਰੂਪ ਵਿੱਚ ਪੇਸ਼ ਕੀਤਾ ਗਿਆ ਹੈ । ਇੱਥੇ ਗੱਲ ‘ ਗੰਨੋ ’ ਦੀ ਹੈ ਪਰ ਉਸਨੂੰ ਕਿਸੇ ਇਨਸਾਨ ਨਾਲ ਤੁਲਨਾ ਦੇ ਕੇ ਬਿਲਕੁਲ ਉਲਟੀ ਗੱਲ ਕੀਤੀ ਗਈ ਹੈ । ਇਸ ਪ੍ਰਕਾਰ ਬੁਝਾਰਤ ਦੀ ਬਣਤਰ ਵਿੱਚ ਉਪਰੋਕਤ ਗੱਲਾਂ ਸ਼ਾਮਿਲ ਹੁੰਦੀਆਂ ਹਨ । ਹਰ ਬੁਝਾਰਤ ਕਿਸੇ ਵਸਤੂ ਨੂੰ ਮੁੱਖ ਰੱਖ ਕੇ ਸਿਰਜੀ ਹੁੰਦੀ ਹੈ ਤੇ ਉਸ ਵਿੱਚ ਪ੍ਰਸ਼ਨ ਪੁੱਛਿਆ ਹੁੰਦਾ ਹੈ ਜੋ ਕੀ , ਕਿਵੇਂ ਅਤੇ ਕਿੱਥੇ ਨਹੀਂ ਹੁੰਦਾ ਬਲਕਿ ਟੇਢੇ ਢੰਗ ਨਾਲ ਪੁੱਛਿਆਅ ਹੁੰਦਾ ਹੈ । ਕੋਈ ਵੀ ਬੁਝਾਰਤ ਉੱਤਰ ਤੋਂ ਬਿਨਾਂ ਸੰਪੂਰਨ ਨਹੀਂ ਸਮਝੀ ਜਾਂਦੀ ਅਤੇ ਬੁਝਾਰਤ ਵਿੱਚ ਉੱਤਰ ਸੰਬੰਧੀ ਕੁਝ ਨਾ ਕੁਝ ਸੰਕੇਤ ਜਾਂ ਇਸ਼ਾਰਾ ਜ਼ਰੂਰ ਹੁੰਦਾ ਹੈ ।[1]

  1. Sawaranajīta Kaura (2018). Pañjābī bujhāratāṃ : saṅkalana ate wishāgata adhiaina. Mohali-Chandigarh, India. ISBN 978-93-82839-05-7. OCLC 1054395084.{{cite book}}: CS1 maint: location missing publisher (link)