ਅੱਛਰ ਸਿੰਘ ਛੀਨਾ
ਅੱਛਰ ਸਿੰਘ ਛੀਨਾ | |
---|---|
ਜਨਮ | |
ਮੌਤ | 11 ਮਾਰਚ 1981 ਅੰਮ੍ਰਿਤਸਰ, ਪੰਜਾਬ, ਭਾਰਤ | (ਉਮਰ 81)
ਪੇਸ਼ਾ | ਰਾਜਨੇਤਾ |
ਕਾਮਰੇਡ ਅੱਛਰ ਸਿੰਘ ਛੀਨਾ (1899–1981) ਇੱਕ ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਆਜ਼ਾਦੀ ਕਾਰਕੁਨ ਸੀ।[1]
ਜੀਵਨੀ
[ਸੋਧੋ]ਇੱਕ ਮਹਾਨ ਕ੍ਰਾਂਤੀਕਾਰੀ ਦਾ ਕਥਨ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਲੱਖਾਂ ਹੀ ਮਰਦਾਂ ਤੇ ਇਸਤਰੀਆਂ ਦੀ ਮੰਗ ਕਰਦੀ ਹੈ ਜਿਹਨਾਂ ਨੂੰ ਆਪਣੇ ਨਿੱਜੀ ਲਾਭ ਸੁਖ ਅਤੇ ਆਪਣੇ ਨਜਦੀਕੀਆਂ ਨਾਲੋਂ ਦੇਸ਼ ਕਿਤੇ ਵੱਧ ਪਿਆਰਾ ਹੋਵੇ | ਨਿਰਸੰਦੇਹ ਕਾਮਰੇਡ ਅੱਛਰ ਸਿੰਘ ਛੀਨਾ ਅਜਿਹੇ ਮਨੁੱਖਾਂ ਦੇ ਸਿਰਕੱਢ ਆਗੂ ਸਨ | ਜਿਹਨਾਂ ਨੂੰ ਆਪਣੇ ਪਰਿਵਾਰ ਨਾਲੋਂ ਆਪਣੇ ਦੇਸ਼ ਦੇ ਲੋਕਾਂ ਨਾਲ ਵੱਧ ਪਿਆਰ ਸੀ | ਉਹ ਸਿਰ ਤਲੀ ਤੇ ਧਰ ਕੇ ਦੇਸ਼ ਦੀ ਅਜ਼ਾਦੀ ਲਈ ਜੂਝੇ ਤੇ ਅੰਗਰੇਜ਼ ਸਾਮਰਾਜ ਨਾਲ ਟੱਕਰ ਲਈ | ਉਹ ਜੀਵਨ ਭਰ ਸਮਾਜੀ ਲੁੱਟ ਘਸੁੱਟ ਅਤੇ ਗਰੀਬੀ ਜਹਾਲਤ ਵਿਰੁੱਧ ਖਾੜਕੂ ਸੰਘਰਸ਼ ਕਰਦੇ ਰਹੇ |
ਅਜ਼ਾਦ ਤੋਰ ਤੇ ਸੰਜੀਦਗੀ ਅਤੇ ਠਰ੍ਹੰਮੇ ਨਾਲ ਸੋਚਣ ਤੇ ਵਿਚਰਨ ਵਾਲੇ ਇਸ ਮਹਾਂ ਮਨੁੱਖ ਦਾ ਜਨਮ 2 ਅਕਤੂਬਰ 1899 ਨੂੰ ਪੱਤੀ ਸ਼ਾਹਬਾਜ਼ਪੁਰ ਪਿੰਡ ਹਰਸ਼ਾ ਛੀਨਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਸਰਦੇ ਪੁੱਜਦੇ ਕਿਸਾਨ ਪਰਿਵਾਰ ਵਿੱਚ ਸ. ਸੰਤਾ ਸਿੰਘ ਨੰਬਰਦਾਰ ਦੇ ਘਰ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ | ਆਪ ਨੇ ਮੁਢਲੀ ਵਿੱਦਿਆ ਪਿੰਡ ਹਰਸ਼ਾ ਛੀਨਾ ਵਿਖੇ ਪ੍ਰਾਪਤ ਕੀਤੀ ਤੇ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਏ | ਇਥੇ ਦਸਵੀਂ ਪਾਸ ਕਰਨ ਪਿਛੋਂ ਉਹਨਾਂ ਖਾਲਸਾ ਕਾਲਜ ਅੰਮ੍ਰਿਤਸਰ (1918 – 1921) ਤੋਂ ਹੀ ਐਫ. ਸੀ. ਐਸ. ਪਾਸ ਕੀਤੀ | ਕਾਲਜ ਵਿੱਚ ਪੜ੍ਹਦਿਆਂ ਉਹ ਵਿਦਿਆਰਥੀ ਸਰਗਰਮੀਆਂ ਵਿੱਚ ਸਰਗਰਮ ਰਹੇ ਅਤੇ 1921 ਵਿੱਚ ਪ੍ਰਿੰਸ ਆਫ਼ ਵੇਲਜ਼ ਨੇ ਖਾਲਸਾ ਕਾਲਜ ਆਉਣਾ ਸੀ ਅਤੇ ਛੀਨਾ ਜੀ ਨੇ ਸ. ਪ੍ਰਤਾਪ ਸਿੰਘ ਕੈਰੋਂ ਅਤੇ ਹੋਰ ਸਿਰ ਕੱਢ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨਾਲ ਮਿਲ ਕੇ ਬ੍ਰਿਟਿਸ਼ ਸਮਰਾਜ ਦਾ ਵਿਰੋਧ ਕਰਦਿਆਂ ਪਰਿੰਸ ਆਫ਼ ਵੇਲਜ਼ ਦੀ ਫੇਰੀ ਦਾ ਬਾਈਕਾਟ ਕੀਤਾ |
ਉਹਨਾਂ ਦੇ ਮਨ ਵਿੱਚ ਵਿਦੇਸ਼ ਜਾ ਕੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਅਤੇ ਅਜ਼ਾਦ ਦੁਨੀਆਂ ਨੂੰ ਵੇਖਣ ਦੀ ਡੂੰਘੀ ਤਾਂਘ ਸੀ | ਖਾਲਸਾ ਕਾਲਜ ਦੇ ਅੰਗਰੇਜ਼ ਪ੍ਰਿੰਸੀਪਲ ਮਿਸਟਰ ਵਾਦਨ ਨੇ ਵਿੱਦਿਆ ਵਿੱਚ ਹੁਸ਼ਿਆਰ ਅਤੇ ਤੀਖਣ ਬੁੱਧੀ ਵਾਲੇ ਹੋਣਹਾਰ ਨੌਜਵਾਨ ਅੱਛਰ ਸਿੰਘ ਛੀਨਾ ਨੂੰ ਚੰਗੀ ਤੇ ਉੱਚ ਪਦਵੀ ਦੀ ਸਰਕਾਰੀ ਨੌਕਰੀ ਦਾ ਲੋਭ ਦੇ ਕੇ ਬਾਹਰ ਜਾਣ ਤੋਂ ਡੱਕਿਆ | ਪਰ ਅਜ਼ਾਦ ਸੋਚ ਵਿੱਚ ਉਡਾਰੀਆਂ ਲਾਉਣ ਵਾਲੇ ਇਸ ਅਣਖੀਲੇ ਯੋਧੇ ਨੂੰ ਲੋਭ ਅਤੇ ਮੋਹ ਦੀਆਂ ਕੜ੍ਹੀਆਂ ਜਕੜ ਨਾਂ ਸਕੀਆਂ | ਉਹ ਅਤੇ ਪ੍ਰਤਾਪ ਸਿੰਘ ਕੈਰੋਂ 1921 ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਅਮਰੀਕਾ ਚਲੇ ਗਏ ਅਤੇ ਇਹ ਦੋਵੇਂ ਅਮਰੀਕਾ ਵਿੱਚ ਇਕੱਠੇ ਪੜ੍ਹਦੇ ਅਤੇ ਰਹਿੰਦੇ ਰਹੇ | ਅਮਰੀਕਾ ਜਾਣ ਪਿੱਛੋਂ ਛੀਨਾ ਜੀ ਦੇ ਪਰਿਵਾਰ ਤੇ ਮੁਸੀਬਤਾਂ ਦਾ ਝੱਖੜ ਝੁੱਲ ਪਿਆ | ਉਹਨਾਂ ਦੇ ਪਿਤਾ ਸ. ਸੰਤਾ ਸਿੰਘ ਦੀ ਛੀਨਾ ਜੀ ਦੇ ਵਿਦੇਸ਼ ਜਾਣ ਦੇ ਹਿਜਰ ਵਿੱਚ ਇੱਕ ਮਹੀਨੇ ਪਿੱਛੋਂ ਹੀ ਮੌਤ ਹੋ ਗਈ ਅਤੇ ਵੱਡੇ ਭਰਾ ਸ. ਮੇਹਰ ਸਿੰਘ ਦੀ ਵੀ ਬਿਮਾਰੀ ਨਾਲ ਮੌਤ ਹੋ ਗਈ ਤੇ ਪਿੱਛੋਂ ਛੋਟਾ ਭਰਾ ਕਰਨੈਲ ਸਿੰਘ ਹੀ ਰਹਿ ਗਿਆ| ਪਰ ਇਹ ਸਾਰੀਆਂ ਗੱਲਾਂ ਧੁਨ ਦੇ ਪੱਕੇ ਛੀਨਾ ਜੀ ਨੂੰ ਆਪਣੀ ਮੰਜਿਲ ਵਲ ਵਧਣੋਂ ਨਾ ਰੋਕ ਸਕੀਆਂ ਅਤੇ ਉਹ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਜੁਟੇ ਰਹੇ |
ਛੀਨਾ ਜੀ ਨੇ ਅਮਰੀਕਾ ਵਿੱਚ 1922 ਤੱਕ ਸਾਂਨਫਰਾਂਸਿਸਕੋ ਵਿਖੇ ਰਹਿ ਬਰਕਲੇ ਯੂਨੀਵਰਸਿਟੀ ਵਿੱਚੋਂ ਇੰਜੀਨੀਅਰਰਿੰਗ ਦੀ ਪੜ੍ਹਾਈ ਕੀਤੀ ਅਤੇ ਜੀਵਨ ਨਿਰਬਾਹ ਲਈ ਬਾਹਰ ਕੰਮ ਕਰਦੇ ਰਹੇ ਅਤੇ 1922 ਵਿੱਚ ਸਾਂਨਫਰਾਂਸਿਸਕੋ ਵਿਖੇ ਗਦਰੀ ਬਾਬਿਆਂ ਤੋਂ ਪਰਭਾਵਿਤ ਹੋ ਕੇ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਬਰਤਾਨੀਆ ਸਰਕਾਰ ਦੇ ਜੁਲਮਾਂ ਖਿਲਾਫ ਰਾਜਨੀਤੀ ਵਿੱਚ ਸਰਗਰਮ ਹਿੰਸਾ ਲੈਣਾ ਚਾਲੂ ਕਰ ਦਿੱਤਾ | ਫਿਰ ਫੋਰਡ ਕੰਪਨੀ ਵਿੱਚ ਮੋਟਰ ਮਕੈਨਿਕ ਦੀ ਟਰੈਨਿੰਗ ਲਈ ਡੀਟਰਾਇਟ ਗਏ ਅਤੇ ਇੱਥੇ ਉਹਨਾਂ 1923 ਤੋਂ 1930 ਤੱਕ ਕੰਮ ਕੀਤਾ | 1927 ਵਿੱਚ ਡੀਟਰਾਇਟ ਵਿਖੇ ਗਦਰ ਪਾਰਟੀ ਦੀ ਸ਼ਾਖ ਵੀ ਕਾਇਮ ਕੀਤੀ ਅਤੇ 1931 ਤੱਕ ਉਸਦੇ ਪ੍ਰਧਾਨ ਵੀ ਰਹੇ | ਫੇਰ ਸਾਂਨਫਰਾਂਸਿਸਕੋ ਵਾਪਸ ਗਏ ਅਤੇ ਉੱਥੇ ਅਰਥਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿੱਚ ਗਰੈਜੂਏਸ਼ਨ ਕੀਤੀ | ਇੱਥੇ ਉਹ ਗਦਰ ਪਾਰਟੀ ਦੀ ਪ੍ਰੀਜ਼ੀਡੀਅਮ ਲਈ ਚੁਣੇ ਗਏ ਅਤੇ ਇਸ ਅਹੁਦੇ ਤੇ ਉਹ 1932 ਤੱਕ ਰਹੇ | ਇਸੇ ਹੀ ਦੌਰਾਨ ਉਹ ਕਾਮਰੇਡ ਤੇਜਾ ਸਿੰਘ ਸਵਤੰਤਰ ਨੂੰ ਮਿਲੇ ਤੇ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਰੂਸ ਵਿੱਚ ਪੜ੍ਹਾਈ ਅਤੇ ਉੱਥੋਂ ਦੇ ਸਿਆਸੀ ਨਿਜ਼ਾਮ ਦੇ ਅਧਿਅਨ ਲਈ ਮਾਸਕੋ ਚਲੇ ਗਏ | ਉੱਥੇ ਪੂਰਬੀ ਯੂਨੀਵਰਸਿਟੀ ਵਿੱਚ ਲਰਕਿਨ ਦੇ ਨਾ ਹੇਠ ਦਾਖਲ ਹੋਏ ਅਤੇ ਅਪਣਾ ਮੇਲ ਰੂਸ ਦੇ ਉੱਚ ਲੀਡਰਾਂ ਨਾਲ ਬਣਿਆ ਅਤੇ 1934 ਦੇ ਅਖੀਰ ਵਿੱਚ 14 ਸਾਲ ਬਾਅਦ ਭਾਰਤ ਪਰਤੇ |
1934 ਤੋਂ 1936 ਤੱਕ ਗੁਪਤਵਾਸ ਰਹਿ ਦੇਸ਼ ਦੀ ਅਜਾਦੀ ਲਈ ਸੰਘਰਸ਼ ਕਰਦੇ ਰਹੇ | ਬਾਬਾ ਗੁਰਮੁਖ ਸਿੰਘ, ਭਗਤ ਸਿੰਘ ਬਿਲਗਾ ਅਤੇ ਅੱਛਰ ਸਿੰਘ ਛੀਨਾ ਉਹਨੀਂ ਦਿਨੀਂ ਦੇਸ਼ ਦੀ ਅਜ਼ਾਦੀ ਦੀ ਜਾਗਰਤੀ ਲਈ ਇਕੱਠੇ ਪਰਚਾ ਕੱਢਦੇ ਸਨ ਅਤੇ ਦੇਸ਼-ਵਿਦੇਸ਼ ‘ਚ ਬੈਠੇ ਹਮਖਿਆਲੀਆਂ ਨੂੰ ਚਿੱਠੀਆਂ ਰਹੀ ਦੇਸ਼ ਦੇ ਸਿਆਸੀ ਮਹੌਲ ਤੋਂ ਜਾਣੂ ਕਰਵਾਉਂਦੇ ਸਨ | ਅਕਤੂਬਰ 1936 ਵਿੱਚ ਬਾਬਾ ਗੁਰਮੁਖ ਸਿੰਘ ਅਤੇ ਛੀਨਾ ਜੀ ਪੈਰਿਸ ਡਾਕ ਪਾਉਣ ਲਈ ਡਾਕਖਾਨੇ ਗਏ | ਛੀਨਾ ਜੀ ਡਾਕਖਾਨੇ ਦੇ ਬਾਹਰ ਸੜਕ ਦੇ ਦੂਸਰੇ ਪਾਸੇ ਖੜੇ ਸਨ ਅਤੇ ਬਾਬਾ ਗੁਰਮੁਖ ਸਿੰਘ ਚਿੱਠੀ ਪਾਉਣ ਲਈ ਅੰਦਰ ਗਏ ਤੇ ਛੀਨਾ ਜੀ ਦੇ ਵੇਖਦਿਆਂ ਹੀ ਵੇਖਦਿਆਂ ਪੁਲਿਸ ਬਾਬਾ ਗੁਰਮੁਖ ਸਿੰਘ ਨੂੰ 14 ਸਾਲ ਮਫਰੂਰ ਰਹਿਣ ਤੋਂ ਬਾਅਦ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋ ਗਈ | ਉਸ ਤੋਂ ਦਸ ਦਿਨ ਦੇ ਅੰਦਰੋ-ਅੰਦਰ ਛੀਨਾ ਜੀ ਅਤੇ ਭਗਤ ਸਿੰਘ ਬਿਲਗਾ ਨੂੰ ਵੀ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ | ਦੋ ਮਹੀਨੇ ਲਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਰੱਖ ਉਹਨਾਂ ਨੂੰ ਪੁਲਿਸ ਨੇ ਵਿਤੋਂ ਵੱਧ ਦੁਖ ਤਸੀਹੇ ਦਿੱਤੇ | ਕਿਲ੍ਹੇ ਵਿੱਚ ਅੰਗਰੇਜ ਸਾਮਰਾਜ ਦੇ ਅੱਤਿਆਚਾਰ ਇਹਨਾਂ ਦੇਸ਼ ਭਗਤਾਂ ਨੂੰ ਆਪਣੇ ਸਿਦਕ ਤੋਂ ਡੁਲ੍ਹਾ ਨਾ ਸਕੇ | ਬਰਤਾਨੀਆ ਸਰਕਾਰ ਨੇ ਛੀਨਾ ਜੀ ਨੂੰ ਇੱਕ ਸਾਲ ਲਈ ਆਪਣੇ ਪਿੰਡ ਨਜ਼ਰਬੰਦ ਕਰ ਦਿੱਤਾ ਅਤੇ ਬਾਬਾ ਗੁਰਮੁਖ ਸਿੰਘ ਨੂੰ ਉਮਰ ਕੈਦ ਕੱਟਣ ਲਈ ਕਾਲੇ ਪਾਣੀ ਭੇਜ ਦਿੱਤਾ |
ਜਨਵਰੀ 1938 ਵਿੱਚ ਨਜ਼ਰਬੰਦੀ ਖਤਮ ਹੁੰਦਿਆਂ ਛੀਨਾ ਜੀ ਨੂੰ ਪਿੰਡੋਂ ਪਿੰਡੀ ਲਿਜਾ ਕੇ ਜਲਸਿਆਂ ਦੀ ਸ਼ੁਰੂ ਕੀਤੀ ਲੜੀ ਤਹਿਤ ਪਿੰਡ ਚਮਿਆਰੀ ਵਿੱਚ ਉਹਨਾਂ ਨੂੰ ਘੋੜੇ ਉੱਤੇ ਚੜ੍ਹਾਂ ਕੇ ਪਿੰਡ ਦੂਆਰੇ ਗੇੜਾ ਲਵਾਇਆ ਗਿਆ ਅਤੇ ਅੰਤ ਵਿੱਚ ਇੱਕ ਸੱਥ ਵਿੱਚ ਖਲੋ ਛੀਨਾ ਜੀ ਲੈਕਚਰ ਦੇਣ ਲੱਗੇ | ਦੂਜੇ ਪਾਸੇ ਪਿੰਡ ਵਿੱਚ ਹੋ ਰਹੇ ਸਰਕਾਰੀ ਜਲਸੇ ਵਿੱਚ ਅੰਗਰੇਜ ਡੀ. ਸੀ. ਮੈਕਡਾਨਲਡ ਅਤੇ ਪਾਰਲੀਮੈਂਟਰੀ ਸੈਕਟਰੀ ਮੀਰ ਮਕਬੂਲ ਸ਼ਾਮਿਲ ਸਨ | ਜਿਉਂ ਹੀ ਛੀਨਾ ਜੀ ਨੇ ਤਕਰੀਰ ਕਰਨੀ ਚਾਲੂ ਕੀਤੀ ਤੇ ਲੋਕ ਸਰਕਾਰੀ ਜਲਸਾ ਛੱਡ ਛੀਨਾ ਜੀ ਨੂੰ ਸੁਣਨ ਤੁਰ ਪਏ | ਇਸ ਤਰਾਂ ਬੇਇੱਜਤ ਹੋ ਸਰਕਾਰੀ ਅਮਲਾ ਉੱਥੋਂ ਵਾਪਸ ਚਲਾ ਗਿਆ |
ਕਮਿਊਨਿਸਟ ਪਾਰਟੀ ਨੇ ਅੰਮ੍ਰਿਤਸਰ ਦੇ ਪਿੰਡ ਫਤਿਹਵਾਲ ਵਿੱਚ 13 ਮਾਰਚ 1938 ਨੂੰ ਕਾਨਫਰੰਸ ਰੱਖ ਲਈ ਅਤੇ ਅੰਮ੍ਰਿਤਸਰ ਦੇ ਡੀ. ਸੀ. ਮੈਕਡਾਨਲਡ ਨੇ ਪਿੰਡ ਚਮਿਆਰੀ ਦਾ ਬਦਲਾ ਲੈਣ ਖਾਤਰ ਕਾਨਫਰੰਸ ਵਿੱਚ ਗੜਬੜ ਕਰਨ ਦੀ ਸਾਜਿਸ਼ ਘੜੀ ਤਾਂ ਜੋ ਲੋਕ ਸਰਕਾਰ ਖਿਲਾਫ ਵਧਦੀ ਸ਼ਕਤੀ ਨਾਲ ਨਾ ਜੁੜਨ | ਛੀਨਾਂ ਜੀ ਨੇ ਇਸ ਕਾਨਫਰੰਸ ਵਿੱਚ ਧੜੱਲੇਦਾਰ ਤੇ ਜੋਸ਼ੀਲਾ ਭਾਸ਼ਨ ਦਿੱਤਾ ਅਤੇ ਮੋਹਨ ਸਿੰਘ ਬਾਠ, ਗੋਪੀ ਚੰਦ ਭਾਰਗਵ, ਸੋਹਨ ਸਿੰਘ ਜੋਸ਼ ਅਤੇ ਬੇਗਮ ਫਾਤਿਮਾ ਨੇ ਕਾਨਫਰੰਸ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ ਤੇ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ | ਸਥਾਨਕ ਜਗੀਰਦਾਰ ਸਰਕਾਰ ਦੇ ਇਸ਼ਾਰੇ ਤੇ ਆਪਣੇ ਬਦਮਾਸ਼ਾ ਨੂੰ ਨਾਲ ਲੈ ਕੇ ਕਾਨਫਰੰਸ ਵਾਲੀ ਜਗਾ ਆ ਗਿਆ | ਅੱਛਰ ਸਿੰਘ ਛੀਨਾ ਤੇ ਉਸਦੇ ਸਾਥੀ ਮੌਕੇ ਤੇ ਹੀ ਰਹੇ ਅਤੇ ਉਨ੍ਹਾਂ ਨੇ ਮਿਥੀ ਹੋਈ ਕਾਨਫਰੰਸ ਕੀਤੀ | ਅੱਛਰ ਸਿੰਘ ਛੀਨਾ ਕਾਨਫਰੰਸ ਖਤਮ ਹੋਣ ਤੋਂ ਬਾਅਦ ਸਾਥੀਆਂ ਸਮੇਤ ਅੰਮ੍ਰਿਤਸਰ ਚਲੇ ਗਏ ਅਤੇ ਗੁੰਡਿਆਂ ਨੇ ਬਿਖਰ ਰਹੇ ਲੋਕਾਂ ਤੇ ਹੱਲਾ ਬੋਲ ਦਿੱਤਾ ਅਤੇ ਸਟੇਜ ਤੋੜ ਦਿੱਤੀ | ਲੋਕਾਂ ਨੇ ਵੀ ਅੱਗੋਂ ਮੁਕਾਬਲਾ ਕੀਤਾ ਤੇ ਦੋ ਗੁੰਡਿਆਂ ਨੂੰ ਮਾਰ ਦਿੱਤਾ | ਪੁਲਿਸ ਨੇ ਕਤਲ ਦਾ ਪਰਚਾ ਦਰਜ ਕਰਦਿਆਂ ਅੱਛਰ ਸਿੰਘ ਛੀਨਾ ਅਤੇ 47 ਹੋਰ ਲੋਕਾਂ ਨੂੰ ਪਰਚੇ ਵਿੱਚ ਨਾਮਜਦ ਕਰ ਲਿਆ | ਇਸ ਮੁਕਦਮੇ ਦੀ ਖ਼ਬਰ ਮੁਲਕ ਭਰ ਵਿੱਚ ਫੈਲ ਗਈ ਤੇ ਇਹ ਕੇਸ 'ਫਤੇਵਾਲ ਕਤਲ ਕੇਸ' ਦੇ ਨਾਂ ਨਾਲ ਦੇਸ਼ ਵਿੱਚ ਪ੍ਰਸਿੱਧ ਹੋ ਗਿਆ |
ਫਤੇਵਾਲ ਘਟਨਾ ਪਿੱਛੋਂ ਛੀਨਾ ਜੀ ਗੁਪਤਵਾਸ ਹੋ ਗਏ ਅਤੇ ਟਾਟਾ ਨਗਰ ਚਲੇ ਗਏ | 1939 ਵਿੱਚ ਗੁਪਤਵਾਸ ਸਮੇਂ ਭਾਰਤ ਦੇ ਸੁਰਗਵਾਸੀ ਰਾਸ਼ਟਰਪਤੀ ਬਾਬੂ ਰਾਜਿੰਦਰ ਪ੍ਰਸ਼ਾਦ ਦੇ ਗਵਾਂਢੀ ਪਿੰਡ ‘ਦਿਉਕਲੀ’ ਬਿਹਾਰ ਵਿੱਚ ਇੱਕ ਵੱਡੇ ਜਿਮੀਦਾਰ ਬਾਬੂ ਬਦਰੀ ਨਾਥ ਕੋਲ ਰਹੇ ਅਤੇ ਇੱਥੇ ਉਹ 'ਰਾਜਨ ਬਾਬੂ ਅਤੇ ਗੁਰਮੁਖ ਸਿੰਘ ਮੁਸਾਫਰ ਨੂੰ ਵੀ ਮਿਲੇ | ਗੁਰਮੁਖ ਸਿੰਘ ਮੁਸਾਫਰ ਨੇ ਛੀਨਾ ਜੀ ਦਾ ਮੇਲ ਸ. ਬਲਦੇਵ ਸਿੰਘ ਨਾਲ ਕਰਵਾਇਆ ਤੇ ਛੀਨਾ ਜੀ ਨੂੰ ਆਪਣੀ ਫੈਕਟਰੀ ਵਿੱਚ ਨੌਕਰੀ ਦੇਣ ਲਈ ਕਿਹਾ | ਛੀਨਾ ਜੀ ਅਨੁਸਾਰ ਉਹ ਅੰਗਰੇਜ ਸਰਕਾਰ ਤੋਂ ਡਰਦੇ ਨੌਕਰੀ ਨਹੀਂ ਸਨ ਦੇਣਾ ਚਾਹੁੰਦੇ ਪਰ ਉਹਨਾਂ ਛੀਨਾ ਜੀ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ - ਜੋ ਉਹਨਾਂ ਕੀਤੀ ਵੀ |
ਜੂਨ 1940 ਦੇ ਸ਼ੁਰੂ ਵਿੱਚ ਨੇਤਾ ਜੀ ਸ਼ੁਭਾਸ ਚੰਦਰ ਬੋਸ ਨੇ ਦੂਸਰੀ ਸੰਸਾਰ ਜੰਗ ਦਾ ਨਿਰੀਖਣ ਕੀਤਾ ਅਤੇ ਇਸ ਨਤੀਜੇ ਤੇ ਪਹੁੰਚੇ ਕਿ ਭਾਰਤੀ ਅਜ਼ਾਦੀ ਸੰਗਰਾਮੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਵਿੱਚ ਕੀ ਵਾਪਰ ਰਿਹਾ ਹੈ ਅਤੇ ਬ੍ਰਿਟਿਸ਼ ਸਾਮਰਾਜ ਨੂੰ ਢਾਹ ਲਾਉਣ ਲਈ ਸਾਨੂੰ ਲੜਾਈ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ | ਵੱਖ-ਵੱਖ ਕਾਮਰੇਡਾਂ ਨਾਲ ਸਲਾਹ ਮਸ਼ਵਰਾ ਕਰਕੇ ਨੇਤਾ ਜੀ ਨੇ ਫੈਸਲਾ ਕੀਤਾ ਕਿ ਸਾਨੂੰ ਆਪਣੇ ਸਾਧਨਾ ਰਾਹੀਂ ਦੁਨੀਆਂ ਦੇ ਵਖੋ ਵੱਖ ਮੁਲਕਾਂ ਦਾ ਦੌਰਾ ਕਰਨਾ ਚਾਹੀਦਾ ਹੈ | ਸਾਰੀ ਪਲੈਨਿੰਗ ਨੂੰ ਨੇਪਰੇ ਚਾੜ੍ਹਨ ਲਈ ਨੇਤਾ ਜੀ ਨੇ ‘ਦੇਸ਼ ਦਰਪਣ’ ਦੇ ਐਡੀਟਰ ਨਰਿੰਜਨ ਸਿੰਘ ਤਾਲਿਬ ਅਤੇ ਬਲਦੇਵ ਸਿੰਘ ਨਾਲ ਸਲਾਹ ਮਸ਼ਵਰਾ ਕੀਤਾ | ਨਰਿੰਜਨ ਸਿੰਘ ਤਾਲਿਬ ਨੇ ਨੇਤਾ ਜੀ ਨੂੰ ਅੱਛਰ ਸਿੰਘ ਛੀਨਾ ਦਾ ਨਾਮ ਸੁਝਾਇਆ |
ਕਮਿਊਨਿਸਟ ਪਾਰਟੀ ਦੀ ਅਗਜੈਕਟਿਵ ਕਮੇਟੀ ਨੇ ਫੈਸਲਾ ਕੀਤਾ ਕਿ ਅੱਛਰ ਸਿੰਘ ਛੀਨਾ ਜਿਸ ਨੂੰ ਰੂਸ ਵਿੱਚ ਲਾਰਕਿਨ ਦੇ ਨਾਮ ਨਾਲ ਜਾਣੀਆਂ ਜਾਂਦਾ ਸੀ ਉਹ ਸੁਭਾਸ਼ ਚੰਦਰ ਬੋਸ ਨੂੰ ਮਿਲ ਕੇ ਸਾਰੀ ਪਲੈਨਿੰਗ ਨੂੰ ਅੰਜਾਮ ਦੇਣ ਲਈ ਮਾਸਟਰ ਪਲੈਨ ਬਣਾਉਣ | ਕਾਮਰੇਡ ਛੀਨਾ ਉਸ ਵਕਤ ਨੋਰਥ ਵੈਸਟ ਫਰੰਟੀਅਰ ਦੇ ‘ਕਿਰਤੀ’ ਪਾਰਟੀ ਦੇ ਸੰਸਥਾਪਕਾਂ ਵਿਚੋਂ ਇੱਕ ਸੀ | 1940 ਵਿੱਚ ਪਾਰਟੀ ਦੇ ਨਿਰਦੇਸ਼ ਹੇਠ ਛੀਨਾ ਜੀ ਕਲਕੱਤੇ ਚਲੇ ਗਏ ਅਤੇ ਸ. ਨਰਿੰਜਨ ਸਿੰਘ ਤਾਲਬ ਉਹਨਾਂ ਨੂੰ ਸੁਭਾਸ਼ ਚੰਦਰ ਬੋਸ (ਨੇਤਾ ਜੀ) ਕੋਲ ਲੈ ਗਿਆ | ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਛੀਨਾ ਜੀ ਕੋਲ ਰੂਸ ਜਾਣ ਦੀ ਇੱਛਾ ਪ੍ਰਗਟਾਈਂ ਅਤੇ ਵਿਚਾਰ ਵਟਾਂਦਰਾ ਕਰ ਇਹ ਸਲਾਹ ਬਣੀ ਕਿ ਸਟਾਲਿਨ ਤੱਕ ਪਹੁੰਚ ਬਣਾਈ ਜਾਵੇ ਤਾਂ ਜੋ ਸਟਾਲਿਨ ਦੀ ਮਦਦ ਨਾਲ ਭਾਰਤ ਦੀ ਅਜ਼ਾਦੀ ਦੀ ਲੜਾਈ ਭਾਰਤ ਵਿੱਚ ਰਹਿ ਕੇ ਲੜੀ ਜਾਵੇ | ਉਹ ਇਸ ਕਾਰਜ ਲਈ ਨੇਤਾ ਜੀ ਦੀ ਸਹਾਇਤਾ ਕਰਨਾ ਮੰਨ ਗਏ ਅਤੇ ਨੇਤਾ ਜੀ ਨੂੰ 7 ਜੂਨ 1940 ਨੂੰ ਰੂਸ ਲੈ ਕੇ ਜਾਣ ਲਈ ਪ੍ਰੋਗਰਾਮ ਬਣ ਗਿਆ|
ਇਸ ਉਦੇਸ਼ ਲਈ ਕਾਮਰੇਡ ਅੱਛਰ ਸਿੰਘ ਛੀਨਾ ਅਤੇ ਕਾਮਰੇਡ ਰਾਮ ਕਿਸ਼ਨ ਨੋਰਥ ਵੈਸਟ ਫਰੰਟੀਅਰ ਵਿੱਚ ਭਗਤ ਰਾਮ ਤਲਵਾੜ ਨੂੰ ਉਸਦੇ ਪਿੰਡ ਜਾ ਕੇ ਮਿਲੇ | ਤਲਵਾੜ ਫਾਰਵਰਡ ਬਲਾਕ ਦਾ ਮੈਂਬਰ ਸੀ ਅਤੇ ਕਿਰਤੀ ਪਾਰਟੀ ਲਈ ਖੁਫੀਆ ਕਾਰਵਾਈਆਂ ਕਰਦਾ ਸੀ | ਉਸਨੂੰ ਬੇਨਤੀ ਕੀਤੀ ਗਈ ਕਿ ਨੇਤਾ ਜੀ ਦੀ ਸੋਵੀਅਤ ਯੂਨੀਅਨ ਦੀ ਸਰਹੱਦ ਪਾਰ ਕਰਨ ਵਿੱਚ ਮਦਦ ਕੀਤੀ ਜਾਵੇ | ਭਗਤ ਰਾਮ ਤਲਵਾੜ ਤੋਂ ਹਾਂ ਕਰਵਾ ਕੇ ਦੋਵੇਂ ਪਿਸ਼ਾਵਰ ਗਏ | ਉੱਥੇ ਨੇਤਾ ਜੀ ਸੁਭਾਸ਼ ਚੰਦਰ ਬੋਸ ਲਈ ਇੱਕ ਮਕਾਨ ਕਿਰਾਏ ਤੇ ਲੈ ਲਿਆ ਅਤੇ ਨੇਤਾ ਜੀ ਨੂੰ ਪੇਸ਼ਾਵਰ ਲੈ ਕੇ ਜਾਣ ਲਈ ਇਹ ਦੋਨੋਂ ਵਾਪਸ ਕਲਕੱਤੇ ਆ ਗਏ | ਪਰ ਨੇਤਾ ਜੀ ਨੂੰ ਪਹਿਲਾਂ ਹੀ ਕਲਕੱਤੇ ਵਿਖੇ ਬਲੈਕ ਹੋਲ ਔਫ ਕਲਕੱਤਾ ਅੰਦੋਲਨ ਵਿੱਚ ਗਰਿਫਤਾਰ ਕਰ ਲਿਆ ਅਤੇ ਨੇਤਾ ਜੀ ਮਿਥੀ ਤਾਰੀਖ, ਸਮੇਂ ਅਤੇ ਸਥਾਨ ਉੱਤੇ ਪੁੱਜ ਨਾ ਸਕੇ |
ਛੀਨਾ ਜੀ ਹਫਤਾ ਭਰ ਕਲਕੱਤੇ ਉਡੀਕ ਕੇ ਕਾਬਲ ਚੱਲ ਪਏ ਅਤੇ ਉਹਨਾਂ ਫੈਸਲਾ ਕੀਤਾ ਕਿ ਭਗਤ ਰਾਮ ਤਲਵਾੜ ਨੇਤਾ ਜੀ ਨੂੰ ਕਾਬਲ ਲੈ ਆਉਣਗੇ | ਛੀਨਾ ਜੀ ਵਾਪਸ ਕਾਬਲ ਆ ਗਏ ਅਤੇ ਫਿਰ ਰੂਸ ਜਾਣ ਦਾ ਪ੍ਰੋਗਰਾਮ ਬਣਾ ਲਿਆ | ਕਿਰਤੀ ਪਾਰਟੀ ਦੇ ਰਾਮ ਕਿਸ਼ਨ ਨੂੰ ਕਾਬਲ ਦੇ ਰੂਸੀ ਸਫਾਰਤਖਾਨੇ ਘੱਲਿਆ ਗਿਆ ਤਾਂ ਜੋ ਉਹ ਸਫਾਰਤਖਾਨੇ ਨਾਲ ਰੂਸ ਜਾਣ ਬਾਰੇ ਸਬੰਧ ਕਾਇਮ ਕਰ ਲਵੇ | ਉਹ ਇਹ ਸਬੰਧ ਕਾਇਮ ਨਾ ਕਰ ਸਕਿਆ ਅਤੇ ਹਿੰਦੂਕੁਸ਼ ਦੇ ਪਹਾੜਾਂ ਰਾਹੀਂ ਪੈਦਲ ਚੱਲ ਕੇ ਕਾਬੁਲ ਰਸਤੇ ਸਰਹੱਦ ਪਾਰ ਕਰਨ ਦੀ ਯੋਜਨਾ ਬਾਣੀ | ਉਹ ਦੋਵੇਂ ਪਠਾਨੀ ਭੇਸ ਵਿੱਚ ਤੁਰ ਪਏ ਅਤੇ ਸ਼ਗਨਾਨ ( ਅਫਗਾਨਿਸਤਾਨ ਦਾ ਇੱਕ ਸੂਬਾ ) ਪੂਜੇ ਜਿੱਥੇ ਆਮੂ ਨਾ ਦਾ ਇੱਕ ਦਰਿਆ ਵਗਦਾ ਹੈ ਜੋ ਰੂਸ ਦੀ ਹੱਦ ਨਾਲ ਜਾ ਜੋੜਦਾ | ਇਸ ਦਰਿਆ ਦੇ ਇੱਕ ਪਾਸੇ ਅਫ਼ਗ਼ਾਨ ਗਾਰਡ ਪਹਿਰਾ ਦੇ ਰਹੇ ਸਨ ਅਤੇ ਦੂਜੇ ਕੰਢੇ ਰੂਸੀ ਫੌਜ ਸੀ | ਉਨ੍ਹਾਂ ਰਾਤ ਵੇਲੇ ਦਰਿਆ ਪਾਰ ਕਰਨ ਦਾ ਯਤਨ ਕੀਤਾ | ਪਹਿਲੋਂ ਰਾਮ ਕਿਸ਼ਨ ਦਰਿਆ ਵਿੱਚ ਠਿੱਲ੍ਹਿਆ , ਪਰ ਪਾਰ ਨਾ ਕਰ ਸਕਿਆ ਤੇ ਪਾਣੀ ਦੇ ਤੇਜ ਬਹਾ ਵਿੱਚ ਰੁੜ੍ਹ ਗਿਆ | ਤਿੰਨ ਮਹੀਨੇ ਪੈਦਲ ਸਫਰ ਕਰ ਕੇ, ਠੋਕਰਾਂ ਖਾਂਦੇ ਮੰਜਿਲ ਮਕਸੂਦ ਤੇ ਪੁੱਜੇ ਤਾਂ ਕਾਫਲੇ ਦਾ ਸਿਪਾਹੀ ਸਲਾਰ ਆਮੂ ਦਰਿਆ ਦੀ ਭੇਟ ਚੜ੍ਹ ਗਿਆ | ਫਿਰ ਛੀਨਾ ਜੀ ਨੇ ਦਰਿਆ ਵਿੱਚ ਛਾਲ ਮਾਰੀ ਤੇ ਤੇਜ ਲਹਿਰਾਂ ਨਾਲ ਜੂਝਦੇ ਹੋਏ ਪਾਰ ਜਾ ਲੱਗੇ | ਅੱਛਰ ਸਿੰਘ ਛੀਨਾ ਨਿੰਮੋਝੂਣਾ ਹੋ ਕੇ ਆਮੂ ਦਰਿਆ ਪਾਰ ਕਰਦਿਆਂ ਕੰਢੇ ਤੇ ਖੜਾ ਧੀਮੀ ਅਵਾਜ ਵਿੱਚ ਗਾਉਂਦਾ ਸੀ, “ਰਾਹ ਰਵਾਂ ਰਾਹੇ ਮੁਹੱਬਤ ਰਹਿ ਨਾ ਜਾਨਾਂ ਰਾਹ ਮੇਂ” |
ਦਰਿਆ ਪਾਰ ਕਰਦਿਆਂ ਹੀ ਸੋਵੀਅਤ ਘੋੜ ਸਵਾਰ ਫੌਜ ਦੇ ਸਿਪਾਹੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਟਾਲਨਾ ਅਬਾਦ ਲੈ ਗਏ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ | ਸਵੇਰ ਹੋਈ ਸੋਵੀਅਤ ਅਫਸਰਾਂ ਨੇ ਬਿਆਨ ਲੈਣ ਲਈ ਮਾਸਕੋ ਟੈਲੀਫੋਨ ਕੀਤਾ ਕਿ ਕੋਈ ਉਰਦੂ ਬੋਲਣ ਵਾਲਾ ਅਧਿਕਾਰੀ ਭੇਜਿਆ ਜਾਵੇ ਤਾਂ ਕਿ ਇਨ੍ਹਾਂ ਦੀ ਪੁੱਛ ਪੜਤਾਲ ਕੀਤੀ ਜਾ ਸਕੇ | ਪੜਤਾਲ ਲਈ ਰੂਸੀ ਅਫਸਰਾਂ ਨੇ ਯੂਨੀਵਰਸਿਟੀ ਦੇ ਪ੍ਰੋਫੈਸਰ ਕਜ਼ਲੋਵ ਨੂੰ ਇੱਕ ਹਫਤੇ ਬਾਅਦ ਸਟਾਲਨਾ ਅਬਾਦ ਭੇਜਿਆ, ਜਿਸ ਨੇ ਛੀਨਾ ਜੀ ਨੂੰ ਪਛਾਣ ਲਿਆ, ਕਿਉਂਕਿ ਉਹ ਪੂਰਬੀ ਯੂਨੀਵਰਸਿਟੀ ਵਿੱਚ ਉਹਨਾਂ ਦੇ ਪ੍ਰੋਫੈਸਰ ਰਹੇ ਸਨ | ਪ੍ਰੋਫੈਸਰ ਕਜ਼ਲੋਵ ਨੇ ਮਾਸਕੋ ਫੋਨ ਕੀਤਾ ਅਤੇ ਸਾਰੀ ਗੱਲ ਦਸਕੇ ਉਹਨਾਂ ਨੂੰ ਮਾਸਕੋ ਲਿਜਾਣ ਦੀ ਆਗਿਆ ਲੈਕੇ ਛੀਨਾ ਜੀ ਨੂੰ ਮਾਸਕੋ ਲੈ ਗਏ | ਮਾਸਕੋ ਪਹੁੰਚ ਕੇ ਕਾਮਰੇਡ ਛੀਨਾ ਜੀ ਨੇ ਰੂਸੀ ਲੀਡਰਾਂ ਨਾਲ ਮੁਲਾਕਾਤਾਂ ਕੀਤੀਆਂ ਤੇ ਅਜ਼ਾਦੀ ਦੀ ਲੜਾਈ ਬਾਰੇ ਸੰਭਾਵਨਾਵਾਂ ਦਾ ਮਸਲਾ ਉਠਾਇਆ | ਦਸੰਬਰ 1940 ਨੂੰ ਕਾਮਰੇਡ ਛੀਨਾ (ਲਰਕਿਨ) ਨੇ ਵੱਖ-ਵੱਖ ਰੂਸ ਦੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੀ ਯੋਜਨਾ “ਦਾ ਨੈਂਸ਼ਨਲ ਫਰੰਟ ਇੰਨ ਇੰਡੀਆ” ਕਾਮਰੇਡ ਸਟਾਲਿਨ ਨੂੰ ਜਮਾਂ ਕਰਵਾ ਦਿੱਤੀ |
ਦੂਜੇ ਪਾਸੇ ਭਗਤ ਰਾਮ ਤਲਵਾੜ ਅਤੇ ਨੇਤਾ ਜੀ ਪਠਾਣ ਦੇ ਭੇਸ ਵਿੱਚ 27 ਜਨਵਰੀ 1941 ਨੂੰ ਕਾਬਲ ਪੁੱਜ ਗਏ | ਉਸੇ ਦਿਨ ਆਲ ਇੰਡੀਆ ਰੇਡੀਓ ਤੋਂ ਨੇਤਾ ਜੀ ਦੇ ਭਗੌੜਾ ਹੋਣ ਦੀ ਖ਼ਬਰ ਨਸ਼ਰ ਹੋਈ | ਤਲਵਾੜ ਦਾ ਛੀਨਾ ਜੀ ਜਾਂ ਕਿਸੇ ਹੋਰ ਆਗੂ ਨਾਲ ਰਾਬਤਾ ਨਾ ਬਣ ਸਕਿਆ | ਉਸ ਨੇ ਕਾਬਲ ਵਿੱਚ ਰੂਸ ਦੇ ਸਫਾਰਤਖਾਨੇ ਨਾਲ ਸੰਪਰਕ ਤਾਂ ਕਰ ਲਿਆ ਪਰ ਰੂਸੀ ਸਫ਼ੀਰ ਸਾਹਮਣੇ ਖੜੇ ਪਠਾਣ ਨੂੰ ਨੇਤਾ ਜੀ ਮੰਨਣ ਲਈ ਤਿਆਰ ਨਾ ਹੋਇਆ| ਉੱਧਰ ਸੂਹੀਆ ਏਜੰਸੀਆਂ ਨੇਤਾ ਜੀ ਦਾ ਪਿੱਛਾ ਕਰ ਰਹੀਆਂ ਸਨ | ਨੇਤਾ ਜੀ ਨੇ ਸੋਵੀਅਤ ਯੂਨੀਅਨ ਵਿੱਚ ਦਾਖਲ ਹੋਣ ਦੀ ਦੋ ਵਾਰ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ | ਉਹ ਜਰਮਨ ਸਫਾਰਤਖਾਨੇ ਜਾ ਵੜੇ | ਉਨ੍ਹਾਂ ਨੂੰ ਸਾਰੀ ਗੱਲ ਦੱਸੀ | ਦੋ ਹਫਤੇ ਬਾਅਦ ਜਰਮਨ ਸਫ਼ੀਰ ਰਾਹੀਂ ਇਟਲੀ ਦੇ ਸਫਾਰਤਖਾਨੇ ਨੇ ਨੇਤਾ ਜੀ ਇਟਲੀ ਪਹੁੰਚਾ ਦਿੱਤਾ | ਵਾਅਦਾ ਮਾਸਕੋ ਪਹੁੰਚਾਉਣ ਦਾ ਹੋਇਆ ਸੀ ਪਰ ਇਟਲੀ ਤੋਂ ਜਰਮਨ ਜਾਣਾ ਪੈ ਗਿਆ| ਫਿਰ ਉੱਥੇ ਉਨ੍ਹਾਂ ਅਜਾਦ ਹਿੰਦ ਫੌਜ ਖੜੀ ਕੀਤੀ ਅਤੇ ਜਰਮਨੀ ਤੋਂ ਨੇਤਾ ਜੀ ਜਪਾਨ ਚਲੇ ਗਏ |
ਉੱਧਰ ਫਤੇਵਾਲ ਕੇਸ ਦੀ ਡੀਫੈਂਸ ਕਮੇਟੀ ਦੇ ਚੇਅਰਮੈਨ ਜਲ੍ਹਿਆਂਵਾਲਾ ਬਾਗ ਦੇ ਹੀਰੋ ਅਤੇ ਪ੍ਰਸਿੱਧ ਕਾਂਗਰਸ ਆਗੂ ਡਾਕਟਰ ਸੈਫਉਲਦੀਨ ਕਿਚਲੂ ਨਿਯੁਕਤ ਹੋਏ | ਇਸ ਕੇਸ ਵਿੱਚ ਇੱਕ ਪੁਲਿਸ ਕਰਮਚਾਰੀ ਸ਼੍ਰੀ ਦੇਸ ਰਾਜ ਜਿਹੜੇ ਜਲਸੇ ਵਿੱਚ ਡਿਊਟੀ ਉੱਤੇ ਹਾਜਰ ਸੀ ਉਸ ਨੇ ਛੀਨਾ ਜੀ ਦੇ ਹੱਕ ਵਿੱਚ ਗਵਾਹੀ ਦਿੱਤੀ ਤੇ ਕਿਹਾ ਕਿ ਛੀਨਾ ਜੀ ਜਲਸੇ ਵਿੱਚ ਹਾਜਰ ਸਨ, ਪਰ ਲੜਾਈ ਵਿੱਚ ਸ਼ਾਮਿਲ ਨਹੀਂ ਸਨ | ਸੱਚ ਬੋਲਣ ਦੇ ਦੋਸ਼ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ | ਫੈਸਲੇ ਵਿੱਚ ਕਾਮਰੇਡ ਅੱਛਰ ਸਿੰਘ ਛੀਨਾ ਨੂੰ ਬਰੀ ਕਰ ਦਿੱਤਾ ਗਿਆ ਅਤੇ ਜੋਗਿੰਦਰ ਸਿੰਘ ਛੀਨਾ ਨੂੰ ਵੀਹ ਸਾਲ ਕੈਦ ਦੀ ਸਜ਼ਾ ਹੋ ਗਈ | ਡਿਫੈਂਸ ਕਮੇਟੀ ਨੇ ਹਾਈ ਕੋਰਟ ਵਿੱਚ ਅਪੀਲ ਕਰ ਦਿੱਤੀ ਤੇ 1941 ਵਿੱਚ ਸਾਰੇ ਬਰੀ ਹੋ ਗਏ |
1941 ਨੂੰ ਹਿਟਲਰ ਅਤੇ ਉਸਦੇ ਸਾਥੀ ਮੁਲਕਾਂ ਨੇ ਸੋਵੀਅਤ ਯੂਨੀਅਨ ਤੇ ਹਮਲਾ ਕੀਤਾ ਤਾਂ ਨਾਜ਼ੀਆਂ ਦਾ ਇਹ ਹਮਲਾ ਦੁਨੀਆਂ ਭਰ ਦੇ ਕਮਿਊਨਿਸਟਾਂ ਖਿਲਾਫ ਹਮਲਾ ਮਿੱਥ ਲਿਆ ਗਿਆ | ਜਰਮਨ ਹਕੂਮਤ ਸੋਵੀਅਤ ਯੂਨੀਅਨ ਤੋਂ ਬਾਅਦ ਬਰਲਿਨ – ਬਗਦਾਦ – ਤੇਹਿਰਾਨ ਅਤੇ ਦਿਲੀ ਤੇ ਵੀ ਕਬਜਾ ਕਰਨਾ ਚਾਹੁੰਦੀ ਸੀ | ਛੀਨਾ ਜੀ ਕਾਮਰੇਡ ਦਿਮਿਅਰੋਵ (ਸਕੱਤਰ) ਨੂੰ ਮਿਲੇ ਅਤੇ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫੈਸਲਾ ਹੋਇਆ ਕਿ ਭਾਰਤੀ ਕਮਿਊਨਿਸਟ ਪਾਰਟੀ ਇਸ ਨਾਜ਼ੁਕ ਘੜੀ ਵਿੱਚ ਇਤਿਹਾਦੀਆਂ (ਬਰਤਾਨੀਆ ) ਦੀ ਸਹਾਇਤਾ ਕਰੇ | ਰੂਸ ਤੋਂ ਨਿਕਲਨਾ ਮੁਸ਼ਕਿਲ ਸੀ ਅਤੇ ਤਜਵੀਜ਼ ਬਣੀ ਕਿ ਪਾਮੀਰ ਜਾ ਕੇ ਗਾਈਡ ਦੀ ਮਦਦ ਨਾਲ ਹਿੰਦੂਕੁਸ਼ ਪਹਾੜ ਪਾਰ ਕੀਤਾ ਜਾਵੇ ਜੋ ਸਿਆਚਿਨ ਗਲੇਸ਼ਿਅਰ ਨੂੰ ਆਬਰੂ ਕਰਕੇ ਹੀ ਹੋ ਸਕਦਾ ਸੀ | ਛੀਨਾ ਜੀ ਅਤੇ ਗਾਈਡ ਨੇ ਰੱਸਾ ਲੈ ਕੇ ਇੱਕ ਸਿਰਾ ਇੱਕ ਨੇ ਤੇ ਦੂਜਾ ਸਿਰਾ ਦੂਸਰੇ ਨੇ ਆਪਣੇ ਲੱਕ ਨਾਲ ਬੰਨ੍ਹ ਲਿਆ ਅਤੇ ਦੋਹਾਂ ਨੇ ਆਪਣੇ ਹੱਥੀਂ ਲੋਹੇ ਦੇ ਤਿੱਖੇ ਸੂਏ ਵਾਲੀਆਂ ਬਾਂਸ ਦੀਆਂ ਲਾਠੀਆਂ ਫੜ ਲਈਆਂ | ਗਾਈਡ ਅੱਗੇ-ਅੱਗੇ ਬਰਫ ਵਿੱਚ ਸੂਏ ਖੋਭਦਾ ਤੁਰਿਆ ਜਾਂਦਾ ਸੀ ਅਤੇ ਛੀਨਾ ਜੀ ਉਸ ਦੇ ਪਿੱਛੇ-ਪਿੱਛੇ ਕਦਮ ਪੁੱਟੀ ਜਾਂਦੇ ਸਨ | ਸਦੀਆਂ ਤੋਂ ਜੰਮੀ ਇਸ ਗਲੇਸ਼ਿਅਰ ਵਿੱਚ ਜੇ ਕਿਤੇ ਤੇੜ ਆ ਜਾਂਦੀ ਤਾਂ ਦੋਹਾਂ ਵਿਚੋਂ ਕਿਸੇ ਇੱਕ ਦਾ ਜੇ ਪੈਰ ਤੇੜ ਵਿੱਚ ਧਸ ਜਾਂਦਾ ਤਾਂ ਦੂਸਰਾ ਦੋਨੋਂ ਸੂਏ ਬਰਫ ਵਿੱਚ ਜੋਰ ਨਾਲ ਗਡਕੇ ਰੱਸਾ ਖਿੱਚ ਕੇ ਉਸ ਨੂੰ ਬਚਾਉਣ ਲਈ ਸਹਾਰਾ ਦਿੰਦਾ ਸੀ | ਜਾਨ ਜੋਖਣ ਵਿੱਚ ਪਾ ਗਲੇਸ਼ੀਅਰ ਨੂੰ ਉਲੰਘਦਿਆਂ ਛੀਨਾ ਜੀ ਭਾਰਤ ਪਹੁੰਚੇ ਅਤੇ ਇੱਕ ਖਚਰ ਕਿਰਾਏ ਤੇ ਕਰ ਲਈ ਅਤੇ ਕਈ ਦਿਨਾਂ ਬਾਅਦ ਕਾਫਲਾ ਗਿਲਗਿਟ ਪਹੁੰਚਿਆਂ |
ਛੀਨਾ ਜੀ ਪਾਸ ਸੋ ਸੋ ਰੁਪਏ ਦੇ ਸਿਰਫ ਦੋ ਹੀ ਨੋਟ ਸਨ ਅਤੇ ਕਿਰਾਇਆ ਦੇਣ ਲਈ ਨੋਟ ਤੜਵਾਉਣ ਲਈ ਗਿਲਗਿਟ ਦੇ ਸਰਕਾਰੀ ਖਜਾਨੇ ਜਾਣਾ ਪਿਆ ਅਤੇ ਮੋਕੇ ਦੇ ਅਫਸਰ ਨੂੰ ਸ਼ੱਕ ਪੈਣ ਕਰਕੇ ਛੀਨਾ ਜੀ ਨੂੰ ਗਰਿਫਤਾਰ ਕਰ ਲਿਆ ਗਿਆ ਅਤੇ ਲਹੌਰ ਲਜਾਕੇ ਕੈਦ ਕਰ ਦਿੱਤਾ ਗਿਆ | ਚਾਰ ਮਹੀਨੇ ਲਹੌਰ ਦੇ ਕਿਲ੍ਹੇ ਵਿੱਚ ਰੱਖ ਕੇ ਕਾਮਰੇਡ ਛੀਨਾ ਨੂੰ ਕੈਂਮਪਬੈੱਲ ਪੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੋਂ 1 ਮਈ 1942 ਨੂੰ ਰਿਹਾ ਕਰ ਦਿੱਤਾ ਗਿਆ | ਇਰਾਦੇ ਦਾ ਪਕਾ ਅਤੇ ਕਿਸਮਤ ਦਾ ਧਨੀ ਕਾਮਰੇਡ ਅੱਛਰ ਸਿੰਘ ਛੀਨਾ ਤਿੰਨ ਵਾਰ (ਫਤੇਵਾਲ ਕਤਲ ਕੇਸ, ਆਮੂ ਦਰਿਆ ਅਤੇ ਸਿਆਚਿਨ ਗਲੇਸ਼ਿਅਰ) ਮੌਤ ਦੇ ਮੂੰਹ ਵਿੱਚੋਂ ਬਚਿਆ |
1942 ਵਿੱਚ ਛੀਨਾ ਜੀ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਚੁਣੇ ਗਏ ਅਤੇ ਇਸ ਅਹੁਦੇ ਤੇ 1947 ਤੱਕ ਰਹੇ | ਇਸ ਪ੍ਰਧਾਨਗੀ ਸਮੇਂ ਉਹਨਾਂ ਨੇ 1946 ਵਿੱਚ ਕਿਸਾਨਾਂ ਦੇ ਹੱਕ ਵਿੱਚ ਸਰਕਾਰ ਖਿਲਾਫ ਹਰਸ਼ਾ ਛੀਨਾ ਮੋਘਾ ਮੋਰਚਾ ਲਾਕੇ ਸਰਕਾਰ ਦੀ ਨਹਿਰੀ ਪਾਣੀ ਵਿਰੁੱਧ ਨੀਤੀ ਖਿਲਾਫ ਬਗਾਵਤ ਕਰ ਦਿੱਤੀ | ਛੀਨਾ ਜੀ ਨੇ ਜੂਨ 1946 ਵਿੱਚ ਪਹਿਲਾ ਜਥਾ ਲਿਜਾ ਕੇ ਸਭ ਤੋਂ ਪਹਿਲਾਂ ਆਪ ਨਹਿਰ ਪੁੱਟ ਗ੍ਰਿਫਤਾਰੀ ਦਿੱਤੀ | ਛੀਨਾ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਭਰ ਵਿਚੋਂ ਸਾਰੀਆਂ ਪਾਰਟੀਆਂ ਵਲੋਂ ਮੋਰਚੇ ਨੂੰ ਸਮਰਥਨ ਮਿਲਿਆ ਅਤੇ ਛੀਨਾ ਜੀ ਦੇ ਜੇਲ੍ਹ ਜਾਣ ਪਿੱਛੋਂ ਇਸ ਮੋਰਚੇ ਦੀ ਅਗਵਾਈ ਸੋਹਣ ਸਿੰਘ ਜੋਸ਼, ਮੋਹਨ ਸਿੰਘ ਬਾਠ, ਬਾਬਾ ਕਰਮ ਸਿੰਘ ਚੀਮਾ, ਜਗਬੀਰ ਸਿੰਘ ਛੀਨਾ ਤੇ ਗੁਰਦਿਆਲ ਸਿੰਘ ਢਿਲੋਂ ਨੇ ਕੀਤੀ ਅਤੇ ਤਕਰੀਬਨ 950 ਕਿਸਾਨਾਂ ਨੇ ਛੀਨਾ ਜੀ ਦੀ ਸੋਚ ਤੇ ਗਰਿਫਤਾਰੀ ਦਿੱਤੀ | ਛੀਨਾ ਜੀ ਨੂੰ ਪੰਜ ਮਹੀਨੇ ਤੱਕ ਲਹੌਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਅਖੀਰ ਮੋਰਚੇ ਦੀ ਜਿੱਤ ਹੋਈ | ਅੰਗਰੇਜ ਸਰਕਾਰ ਨੇ ਕਿਸਾਨਾਂ ਨੂੰ ਪੁਰਾਣੇ ਮਾਪ ਦੰਡਾਂ ਅਨੁਸਾਰ ਹੀ ਪਾਣੀ ਦੀ ਸਪਲਾਈ ਦੇਣੀ ਮੰਨ ਲਈ | ਹਰਸ਼ਾ ਛੀਨਾ ਮੋਘੇ ਮੋਰਚੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਫਰੀਡਮ ਫਾਇਟਰ ਦਾ ਦਰਜਾ ਵੀ ਦਿੱਤਾ |
1947 ਵਿੱਚ ਦੇਸ਼ ਅਜਾਦ ਹੋ ਗਿਆ ਪਰ ਧੁਨ ਦੇ ਪੱਕੇ ਸਰਕਾਰਾਂ ਬਦਲਨ ਨਾਲ ਅਸੂਲਾਂ ਨਾਲ ਸਮਝੌਤਾ ਨਹੀਂ ਕਰਦੇ | 1948 ਵਿੱਚ ਕਮਿਊਨਿਸਟ ਪਾਰਟੀ ਕਨੂੰਨ ਵਿਰੋਧੀ ਕਰਾਰ ਦਿੱਤੀ ਗਈ ਅਤੇ ਛੀਨਾ ਜੀ ਹੋਰ ਲੀਡਰਾਂ ਸਮੇਤ ਅੰਡਰ ਗਰਾਊਂਡ ਹੋ ਗਏ | 1950 ਦੇ ਅਖੀਰ ਵਿੱਚ ਜਿੱਲ੍ਹਾ ਅੰਮ੍ਰਿਤਸਰ ਦੇ ਪਿੰਡ ਪੂਨੀਆਂ ਵਿਖੇ ਆਪਣੀ ਭੈਣ ਦੇ ਘਰੋਂ ਫੜੇ ਗਏ |
1952 ਵਿੱਚ ਅਜਾਦੀ ਪਿੱਛੋਂ ਪਹਿਲੀ ਆਮ ਚੋਣ ਹੋਈ | ਇਸ ਸਮੇਂ ਛੀਨਾ ਜੀ ਅੰਬਾਲਾ ਜੇਲ੍ਹ ਵਿੱਚ ਕੈਦ ਸਨ | ਛੀਨਾ ਜੀ ਨੂੰ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਕਮਿਊਨਿਸਟ ਪਾਰਟੀ ਨੇ ਖੜਾ ਕੀਤਾ | ਉਦੋਂ ਉਹ ਮੇਜਰ ਹਰਿੰਦਰ ਸਿੰਘ (ਰਾਜਾਸਾਂਸੀ ਕਸਬੇ ਦਾ ਸ਼ਹੀ ਖਾਨਦਾਨ) ਦੇ ਮੁਕਾਬਲੇ ਵਿੱਚ ਜੇਲ੍ਹ ਅੰਦਰੋਂ ਹੀ ਬਹੁਗਿਣਤੀ ਨਾਲ ਜਿੱਤੇ | ਇਹ ਮੁਕਾਬਲਾ ਬਹੁਤ ਸਖਤ ਸੀ | ਦੋ ਮਹੀਨੇ ਚੋਣ ਪ੍ਰਚਾਰ ਹੋਇਆ ਅਤੇ ਸਰਕਾਰ ਕੋਲ ਸਾਧਨ ਘੱਟ ਹੋਣ ਕਾਰਨ 28 ਦਿਨ ਲਗਾਤਾਰ ਪੋਲਿੰਗ ਹੋਈ | ਜਿਸ ਵਿੱਚ ਮੇਜਰ ਹਰਿੰਦਰ ਸਿੰਘ ਨੇ ਪੰਜ ਲੱਖ ਰੁਪਏ ਖਰਚਿਆ ਅਤੇ 32 ਕਰਾਂ ਨਾਲ ਚੋਣ ਪ੍ਰਚਾਰ ਕੀਤਾ | ਪਾਰਟੀ ਦੇ ਵਰਕਰਾਂ ਨੇ ਛੀਨਾ ਜੀ ਦਾ ਚੋਣ ਪ੍ਰਚਾਰ ਤਿਨ ਸਾਇਕਲਾਂ ਤੇ ਕੀਤਾ ਅਤੇ ਲੋਕਾਂ ਨੇ ਛੀਨਾ ਜੀ ਦੀ ਗੈਰ-ਹਾਜਰੀ ਵਿੱਚ ਕੇਵਲ ਇੱਕ ਹਜਾਰ ਰੁਪਏ ਖਰਚ ਕੇ ਲਖਾਂ ਰੁਪਏ ਨੂੰ ਮਾਤ ਦੇ ਦਿੱਤੀ |
ਅਜ਼ਾਦੀ ਤੋਂ ਬਾਅਦ ਇੱਕ ਮੌਕਾ ਐਸਾ ਆਇਆ ਕਿ ਪੰਜਾਬ ਵਿੱਚ ਬੜੀ ਤਕੜੀ ਕਮਿਊਨਿਸਟ ਲਹਿਰ ਨੂੰ ਰੋਕਣ ਦੀ ਸਾਂਝੀ ਕੋਸ਼ਿਸ਼ ਵਿੱਚ ਅਕਾਲੀਆਂ ਨੇ ਕਾਂਗਰਸ ਪਾਰਟੀ ਨਾਲ ਸਾਂਝ ਪਾਈ ਅਤੇ ਕਾਂਗਰਸ ਪਾਰਟੀ ਆਪਣੇ ਚੋਣ ਨਿਸ਼ਾਨ ਨੂੰ ਛੱਡ ਕੇ ਦੋ ਬਲਦਾਂ ਦੀ ਜੋੜੀ (ਅਕਾਲੀ ਪਾਰਟੀ ਦਾ ਚੋਣ ਨਿਸ਼ਾਨ) ਤੇ 1957 ਦੀ ਚੋਣ ਲੜੀ | ਚੋਣਾਂ ਦੌਰਾਨ ਮਾਸਟਰ ਤਾਰਾ ਸਿੰਘ ਨੇ ਸਿੱਖ ਵੋਟ ਨੂੰ ਖਿੱਚਣ ਲਈ ਇੱਕ ਬਿਆਨ ਦਿੱਤਾ ਕਿ ਕਮਿਊਨਿਸਟ ਸਿੱਖ ਨਹੀਂ ਹੁੰਦੇ | ਇਸ ਬਿਆਨ ਸਦਕਾ ਹਰ ਥਾਂ ਲੋਕੀਂ ਕਮਿਊਨਿਸਟ ਪਾਰਟੀ ਦੇ ਲੀਡਰਾਂ ਤੋਂ ਇਸ ਦਾ ਜਵਾਬ ਮੰਗ ਰਹੇ ਸਨ | ਇਸ ਬਿਆਨ ਨਾਲ ਕਮਿਊਨਿਸਟ ਲਹਿਰ ਤੇ ਭਾਰੀ ਅਸਰ ਪੈਣ ਲਗਾ | ਪਾਰਟੀ ਨੇ ਅੱਛਰ ਸਿੰਘ ਛੀਨਾ ਦੀ ਜਿੰਮੇਵਾਰੀ ਲਾਈ ਕਿ ਉਹ ਪਾਰਟੀ ਖਿਲਾਫ ਹੋ ਰਹੇ ਪ੍ਰਚਾਰ ਨੂੰ ਤਰੀਕੇ ਨਾਲ ਠੱਲ੍ਹ ਪਾਉਣ | ਇੱਕ ਦਿਨ ਕਮਿਊਨਿਸਟ ਪਾਰਟੀ ਨੇ ਅੰਮ੍ਰਿਤਸਰ ਦੇ ਪੁਤਲੀ ਘਰ ਵਿੱਚ ਜਲਸਾ ਰੱਖ ਲਿਆ | ਮੁਨਾਦੀ ਕਰਨ ਵਾਲੇ ਨੇ ਇਹ ਗੱਲ ਹਰ ਥਾਂ ਕਹੀ ਗਿਆ ਕਿ ‘ਮਾਸਟਰ ਤਾਰਾ ਸਿੰਘ ਕਹਿੰਦਾ ਕਿ ਕਾਮਰੇਡ ਸਿੱਖ ਨਹੀਂ ਹੁੰਦੇ ਸਾਡਾ ਕਾਮਰੇਡ ਅੱਛਰ ਸਿੰਘ ਛੀਨਾ ਆ ਰਿਹਾ ਹੈ ਇਸ ਗਲ ਦਾ ਜਵਾਬ ਦੇਣ ਆ ਕੇ ਸਾਰੇ ਜਾਣੇ ਸੁਣ ਲੈਣਾ | ਸ਼ਾਮ ਨੂੰ ਜਦ ਕਾਮਰੇਡਾਂ ਵਾਲਾ ਜਲਸਾ ਲੱਗਾ ਤਾਂ ਭੀੜ ਸੰਭਾਲੀ ਨਹੀਂ ਸੀ ਜਾ ਰਹੀ ਲਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਆ ਗਿਆ ਸੀ |
ਜਦੋਂ ਜਲਸਾ ਲੱਗਾ ਤਾਂ ਵਾਰੋ-ਵਾਰੀ ਸਾਰੇ ਲੀਡਰ ਬੋਲਦੇ ਗਏ | ਅੰਤ ਵਿੱਚ ਕਾਮਰੇਡ ਅੱਛਰ ਸਿੰਘ ਛੀਨਾ ਉੱਠ ਪਏ | ਉਹ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮਾਸਕੋ ਵਿਚਲੇ ਕਾਮਰੇਡਾਂ ਬਾਰੇ ਬੋਲਦੇ ਰਹੇ | ਲੋਕੀਂ ਇਹ ਉਡੀਕਦੇ ਇੱਕ ਘੰਟਾ ਭਾਸ਼ਣ ਸੁਣਦੇ ਰਹੇ ਕਿ ਇਸ ਨੇ ਮਾਸਟਰ ਤਾਰਾ ਸਿੰਘ ਦੀ ਗੱਲ ਦਾ ਜਵਾਬ ਦੇ ਕੇ ਜਾਣਾ ਹੈ | ਆਖਿਰ ਵਿੱਚ ਛੀਨਾ ਜੀ ਨੇ ਕਿਹਾ ਹੁਣ ਉਹ ਗੱਲ ਸੁਣ ਲਵੋ, ਜਿਹੜੀ ਸੁਣਨ ਤੁਸੀਂ ਆਏ ਹੋ | ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਕਾਮਰੇਡ ਸਿੱਖ ਨਹੀਂ ਹੁੰਦੇ | ਮੇਰਾ ਨਾਂਮ ਅੱਛਰ ਸਿੰਘ, ਮੇਰੇ ਬਾਪ ਦਾ ਨਾਂਮ ਸੰਤਾ ਸਿੰਘ, ਮੇਰੇ ਦਾਦੇ ਦਾ ਨਾਂਮ ਸ਼ੇਰ ਸਿੰਘ, ਪਿਛਲੀਆਂ ਪੰਦਰਾਂ ਪੀੜ੍ਹੀਆਂ ਸਿੱਖਾਂ ਦੀਆਂ ਤੁਰੀਆਂ ਆਉਂਦੀਆਂ ਨੇ | ਜਿਹੜਾ ਸਾਨੂੰ ਕਹਿੰਦਾ ਕਿ ਕਾਮਰੇਡ ਸਿੱਖ ਨਹੀਂ ਹੁੰਦੇ, ਉਹਦਾ ਨਾਂਅ ਹੈ ਤਾਰਾ ਸਿੰਘ ਅਤੇ ਉਸਦੇ ਬਾਪ ਦਾ ਨਾਂਅ ਹੈ ਗੋਪੀ ਚੰਦ | ਅੱਜ ਗੋਪੀ ਚੰਦ ਦਾ ਪੁੱਤਰ ਧਰਮ ਦੇ ਨਾਮ ਤੇ ਪੰਜਾਬ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਹੇਠ ਸਿੱਖਾਂ ਵਿੱਚ ਵੰਡ ਪਾ ਰਿਹਾ ਹੈ ਅਤੇ ਇਸ ਤਰਾਂ ਦੀ ਸਿਆਸਤ ਦੇ ਨਤੀਜੇ ਲੋਕ ਹਿਤੀ ਨਹੀਂ ਬਲਕਿ ਕਿਸੇ ਪਾਰਟੀਆਂ ਹਿਤੀ ਤੇ ਹੋ ਸਕਦੇ ਹਨ |’ ਲੋਕ ਅੱਛਰ ਸਿੰਘ ਛੀਨਾ ਜੀ ਦੇ ਦੋ ਲਾਈਨ ਦੇ ਦੂਰ ਅੰਦੇਸ਼ੀ ਜਵਾਬ ਤੋਂ ਪ੍ਰਭਾਵਿਤ ਹੋ ਪਾਰਟੀ ਦੇ ਹੱਕ ਵਿੱਚ ਤੁਰ ਪਏ |
1957 ਵਿੱਚ ਸ. ਸ਼ਸ਼ਪਾਲ ਸਿੰਘ ਨੂੰ ਹਰਾ ਕੇ ਦੁਬਾਰਾ ਵਿਧਾਨ ਸਭਾ ਲਈ ਚੁਣੇ ਗਏ | ਉਹ ਦੱਸ ਸਾਲ ਵਿਧਾਨ ਸਭਾ ਦੇ ਮੈਂਬਰ ਰਹੇ ਅਤੇ ਵਿਧਾਨ ਸਭਾ ਵਿੱਚ ਉਹ ਵਿਰੋਧੀ ਧਿਰ ਦੇ ਨੇਤਾ ਵੀ ਰਹੇ | ਵਿਰੋਧੀ ਧਿਰ ਦੇ ਨੇਤਾ ਹੁੰਦਿਆਂ ਹੋਇਆਂ ਉਹਨਾਂ ਦੇ ਸਬੰਧ ਮੁੱਖ ਮੰਤਰੀ ਲਾਲਾ ਭੀਮ ਸੈਨ ਸੱਚਰ ਅਤੇ ਸ. ਪ੍ਰਤਾਪ ਸਿੰਘ ਕੈਰੋਂ ਨਾਲ ਬਹੁਤ ਹੀ ਖੁਸ਼ ਗੰਵਾਰ ਤੇ ਨੇੜੂ ਮਿੱਤਰਾਂ ਵਾਲੇ ਸਨ | ਲੋਕ ਹਿਤਾਂ ਲਈ ਵਿਧਾਨ ਸਭਾ ਵਿੱਚ ਲੜਦੇ ਵੀ ਸਨ ਅਤੇ ਇਕੱਠੇ ਮੇਜ ਤੇ ਬੈਠ ਕੇ ਮਸਲਿਆਂ ਦਾ ਹਲ ਵੀ ਲੱਭਦੇ ਸਨ |
ਛੀਨਾ ਜੀ ਨੇ ਆਪਣੇ ਪਿੰਡ ਦੇ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ 22 ਕਿੱਲਿਆਂ ਵਿੱਚ ਨਵੀਨ ਜਨਤਾ ਪਬਲਿਕ ਸਕੂਲ ਦੀ ਸਥਾਪਨਾ ਕੀਤੀ | ਬਾਅਦ ਵਿੱਚ ਇਸ ਦਾ ਬੰਦੋਬਸਤ ਪੰਜਾਬ ਸਰਕਾਰ ਨੇ ਆਪਣੇ ਹੱਥ ਵਿੱਚ ਕਰ ਲਿਆ ਅਤੇ ਇਸ ਦਾ ਨਾਮ ਬਦਲ ਕੇ ਛੀਨਾ ਜੀ ਦੀ ਯਾਦ ਵਿੱਚ “ਕਾਮਰੇਡ ਅੱਛਰ ਸਿੰਘ ਛੀਨਾ ਸੀਨੀਅਰ ਸੈਕੰਡਰੀ ਸਕੂਲ” ਰੱਖ ਦਿੱਤਾ | ਅੱਜ ਇਸ ਥਾਂ ਉੱਤੇ ਸਾਬਕਾ ਆਈ ਪੀ ਐਸ਼ ਅਫਸਰ ਸ. ਸੁਖਦੇਵ ਸਿੰਘ ਛੀਨਾ ਦੀ ਪਰਧਾਨਗੀ ਅਤੇ ਸ. ਰਜਿੰਦਰ ਮੋਹਨ ਛੀਨਾ ਦੀ ਸਰਪ੍ਰਸਤ ਹੇਠਾਂ ਪਿੰਡ ਵਾਲਿਆਂ ਅਤੇ ਇਲਾਕੇ ਦੇ ਜਿੰਮੇਵਾਰ ਲੋਕਾਂ ਦੇ ਸਹਿਯੋਗ ਨਾਲ ਛੀਨਾ ਜੀ ਦੀ ਯਾਦ ਵਿੱਚ ਕਾਮਰੇਡ ਅੱਛਰ ਸਿੰਘ ਛੀਨਾ ਸਪੋਰਟਸ, ਕਲਚਰਲ ਅਤੇ ਐਜੂਕੇਸ਼ਨਲ ਕਲੱਬ ਵੀ ਚਲਾਇਆ ਜਾ ਰਿਹਾ ਹੈ |
1962 ਵਿੱਚ ਤਰਨਤਾਰਨ ਲੋਕ ਸਭਾ ਹਲਕੇ ਤੋਂ ਅੰਗਰੇਜਾਂ ਵਲੋ ਵਫਾਦਾਰੀ ਵਿੱਚ ਸਰ ਦੇ ਖਿਤਾਬ ਨਾਲ ਨਿਵਾਜੇ ਸਰ ਸੁੰਦਰ ਸਿੰਘ ਮਜੀਠਿਆ ਦੇ ਪੁੱਤਰ ਸ. ਸੁਰਜੀਤ ਸਿੰਘ ਮਜੀਠੀਆ ਦੇ ਮੁਕਾਬਲੇ ਤੇ ਚੋਣ ਲੜੀ ਅਤੇ ਕੇਵਲ 1900 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ | ਇਸ ਤੋਂ ਬਾਅਦ ਕਮਿਊਨਿਸਟ ਪਾਰਟੀ ਦੇ ਦੋ ਫਾੜ ਹੋਣ ਪਿੱਛੋਂ ਛੀਨਾ ਜੀ ਦੇ ਮਨ ਨੂੰ ਬਹੁਤ ਦੁੱਖ ਪੁੱਜਾ ਅਤੇ ਉਹ ਸਰਗਰਮ ਰਾਜਨੀਤੀ ਤੋਂ ਵੱਖ ਹੋ ਗਏ |
ਉਹਨਾਂ ਦੀ ਕੁਝ ਸਾਲਾਂ ਤੋਂ ਪਾਰਕਿੰਨਸਨ ਦਾ ਰੋਗ ਹੋਣ ਕਾਰਨ ਸਿਹਤ ਖਰਾਬ ਹੁੰਦੀ ਗਈ ਅਤੇ ਮਿਤੀ 11 ਮਾਰਚ 1981ਨੂੰ ਸਵੇਰ ਦੇ 2 ਵਜੇ ਅੰਮ੍ਰਿਤਸਰ ਵਿਖੇ ਆਪਣੀ ਸਪੁੱਤਰੀ ਡਾ. ਗੁਰਸ਼ਰਨ ਕੌਰ ਦੇ ਮਕਾਨ ਤੇ ਅਕਾਲ ਚਲਾਣਾ ਕਰ ਗਏ |12 ਮਾਰਚ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਹਰਸ਼ਾ ਛੀਨਾ (ਅੰਮ੍ਰਿਤਸਰ) ਵਿਖੇ ਪੂਰੇ ਕੌਮੀ ਸਨਮਾਨ ਨਾਲ ਕੀਤਾ ਗਿਆ | ਉਹਨਾਂ ਦੀ ਯਾਦਗਾਰ ਨੇੜੇ ਮੋਘਾ ਮੋਰਚਾ ਗੁਰਦੁਆਰਾ (ਵੱਡੀ ਨਹਿਰ), ਅਜਨਾਲਾ ਰੋਡ ਤੇ ਬਣੀ ਹੋਈ ਹੈ ਜੋ ਆਉਂਦੇ ਜਾਂਦੇ ਰਾਹੀਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਾਨ ਅਜ਼ਾਦੀ ਘੁਲਾਟੀਆਂ ਦੀ ਯਾਦ ਹਮੇਸ਼ਾ ਦਿਵਾਉਂਦੀ ਰਹੇਗੀ |
ਹਵਾਲੇ
[ਸੋਧੋ]- ↑ Fauja Singh and Chaman Lal Datta “Who's who: Punjab Freedom Fighters” (Punjab, India) 1991 p5