ਸਮੱਗਰੀ 'ਤੇ ਜਾਓ

ਅਜੋਕਾ ਮੀਡੀਆ ਅਤੇ ਲੋਕ-ਕਲਾਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਜੋਕਾ ਮੀਡੀਆ ਅਤੇ ਲੋਕ - ਕਲਾਵਾਂ

[ਸੋਧੋ]

ਮੀਡੀਆ ਦੀ ਪਰਿਭਾਸ਼ਾ

[ਸੋਧੋ]

ਮੀਡੀਆ ਇੱਕ ਬਹੁ ਵਿਕਲਪੀ ਸ਼ਬਦ ਹੈ ਜਿਸ ਦੇ ਕਈ ਅਰਥ ਹੋ ਸਕਦੇ ਹਨ। ਇਸ ਦਾ ਆਮ ਅਰਥ ਸੰਚਾਰ ਮਾਧਿਅਮ ਹੈ। ਮੀਡੀਆ ਤੋਂ ਭਾਵ ਕੇਵਲ ਇਲੈਕਟ੍ਰੌਨਿਕ ਮੀਡੀਆ ਜਾਂ ਟੀ.ਵੀ. ਚੈਨਲ ਹੀ ਨਹੀਂ ਹਨ ਬਲਕਿ ਪ੍ਰਿੰਟ ਮੀਡੀਆ, ਸੋਸ਼ਲ- ਮੀਡੀਆ, ਇਸ਼ਤਿਹਾਰ ਮੀਡੀਆ, ਡਿਜੀਟਲ ਮੀਡੀਆ, ਪ੍ਰਕਾਸ਼ਿਤ ਮੀਡੀਆ (ਪੁਸਤਕ ਮੀਡੀਆ), ਮਾਸ-ਮੀਡੀਆ, ਰਿਕਾਡਿੰਗ ਮੀਡੀਆ ਅਤੇ ਪ੍ਰਸਾਰਨ ਮੀਡੀਆ ਸ਼ਾਮਲ ਹਨ।[1] ਅੱਜ-ਕੱਲ੍ਹ ਰਾਜਨੀਤੀ ਇੱਕ ਸੱਤਾ ਦਾ ਰੁਖ ਹੈ ਤਾਂ ਮੀਡੀਆ ਉਹ ਹਥਿਆਰ ਹੈ, ਜਿਸ ਨਾਲ ਤੁਸੀਂ ਕ੍ਰਾਂਤੀ ਲਿਆ ਸਕਦੇ ਹਾਂ।

ਜਾਣ - ਪਛਾਣ

[ਸੋਧੋ]

ਅੱਜ ਦੇ ਸਮੇ ਵਿੱਚ ਮੀਡੀਆ ਸੰਚਾਰ ਦਾ ਇੱਕ ਮਹੱਤਵਪੂਰਨ ਸਾਧਨ ਹੈ। ਮੀਡੀਆ ਰਾਹੀਂ ਅਸੀਂ ਘਰ ਬੈਠੇ ਹੀ ਸਾਰੇ ਸੰਸਾਰ ਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਮੀਡੀਆ ਤੋਂ ਭਾਵ ਅਖਬਾਰ, ਰੇਡੀਓ, ਟੀ ਵੀ, ਰਸਾਲੇ, ਇੰਟਰਨੈਟ ਆਦਿ ਤੋਂ ਹੈ। ਪੰਦਰਵੀਂ ਸਦੀ ਦੇ ਅੱਧ ਵਿਚਕਾਰ ਜਰਮਨ ਵਾਸੀ ਗੁਟਨਬਰਗ ਦਾ ਪ੍ਰਿੰਟਿੰਗ ਪ੍ਰੈਸ ਦੀ ਕਾਢ ਕੱਢੀ। ਇਸ ਤੋਂ ਬਾਅਦ ਮੀਡੀਆ ਦਾ ਜਿਵੇਂ ਇਨਕਲਾਬ ਦੀ ਆ ਗਿਆ। ਅਖਬਾਰਾਂ, ਮੈਗਜ਼ੀਨ, ਟੀਵੀ, ਰੇਡੀਉ, ਕੰਪਿਊਟਰ ਦੀ ਕਾਂਡ ਨਾਲ ਮਨੋਰੰਜਨ ਅਤੇ ਸੂਚਨਾ ਦੇ ਖੇਤਰ ਵਿੱਚ ਬਹੁਤ ਤਰੱਕੀ ਹੋਈ ਹੈ। ਕੁਝ ਨਵੇਂ ਸੰਚਾਰ ਦੇ ਸਾਧਨ ਜਿਵੇਂ ਸੇਟੈਲਾਈਟ, ਮੋਬਾਈਲ, ਟੈਬਲੇਟ ਮਾਈਕ੍ਰੋਚਿਪ ਆਈ ਪੋਡਜ਼, ਲੈਪਟੋਪ ਆਦਿ ਸੰਚਾਰ ਕਿਰਿਆਵਾਂ ਨੂੰ ਤੇਜ਼ ਕਰ ਦਿੱਤਾ ਅਤੇ ਗਲੋਬਲ ਵੀ। ਪਹਿਲਾਂ ਲੋਕਧਾਰਾ ਦਾ ਸੰਚਾਰ ਮੌਖਿਕ ਰੂਪ ਵਿੱਚ ਇੱਕ ਨਵੀਂ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਹੁੰਦਾ ਸੀ ਪਰੰਤੂ ਸੰਚਾਰ ਸਾਧਨਾਂ ਦੀਆਂ ਕਾਢਾਂ ਨੇ ਲੋਕਧਾਰਾ ਨੂੰ ਲੋਕਾਂ ਤਕ ਹੀ ਸੀਮਤ ਨਹੀਂ ਰਹਿਣ ਦਿੱਤਾ। ਇਹਨਾਂ ਸੰਚਾਰ ਸਾਧਨਾਂ ਨੇ ਮੀਡੀਆ ਪਰੰਪਰਾਗਤ ਲੋਕ ਕਲਾਵਾਂ ਨੂੰ ਸੰਚਾਰਿਤ ਹੀ ਨਹੀਂ ਕਰ ਦਿੱਤਾ ਸਗੋਂ ਪਰੰਪਰਾਗਤ ਲੋਕ ਕਲਾਵਾਂ ਨੂੰ ਆਪਣੇ ਅਨੁਸਾਰ ਢਾਲ ਕੇ ਪੇਸ਼ ਕੀਤਾ ਹੈ।

ਸੰਚਾਰ ਇਕ ਗਤੀਸ਼ੀਲ ਪ੍ਰਕਿਰਿਆ ਹੈ ਜੋ ਇਕ ਬੰਦੇ ਨੂੰ ਦੂਜੇ ਬੰਦੇ ਨਾਲ, ਇਕ ਸਮੂਹ ਤੋਂ ਦੂਜੇ ਸਮੂਹ ਨਾਲ ਜੋੜਦੀ ਹੈ ਇਸ ਦੇ ਕਈ ਕਾਰਜ ਹਨ, ਜਿਵੇਂ- ਸੂਚਨਾ ਦੇਣ ਵਿਚ, ਪ੍ਰੇਰਣਾ ਦੇਣ ਵਿਚ, ਸਿੱਖਿਆ ਦੇਣ ਵਿਚ, ਸਮਾਜੀਕਰਨ ਵਿਚ ਜਾਂ ਲੋਕਧਾਰਾਈ ਵਿਸਥਾਰ ਵਿਚ, ਮਨੋਰੰਜਨ ਕਰਨ ਵਿਚ, ਇਸ਼ਤਿਹਾਰਬਾਜੀ ਲਈ (ਵਰਤਮਾਨ ਤੇ ਵਪਾਰਿਕ ਵਿਵਸਥਾ ਵਿਚ)[2]

ਮੀਡੀਆ ਦਾ ਪੰਜਾਬੀ ਲੋਕ ਕਲਾਵਾਂ ਉੱਤੇ ਪ੍ਰਭਾਵ ਅਤੇ ਭੂਮਿਕਾ

[ਸੋਧੋ]

ਆਧੁਨਿਕ ਸਮੇ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਵਿਗਿਆਨ ਨੇ ਮਨੁੱਖੀ ਜ਼ਿੰਦਗੀ ਵਿਚ ਹੈਰਾਨੀਜਨਕ ਤਬਦੀਲੀ ਕੀਤੀ ਹੈ। ਮੀਡੀਆ ਦੇ ਵੱਖ ਵੱਖ ਨਵੇਂ ਸੰਚਾਰ ਸਾਧਨਾਂ ਨੇ ਲੋਕ ਮਨੋਰੰਜਨੀ ਰਵਾਇਤੀ ਸਮੱਗਰੀ ਦੀ ਦਿਸ਼ਾ ਹੀ ਬਦਲ ਦਿੱਤੀ ਹੈ। ਅਖ਼ਬਾਰ, ਟੀਵੀ, ਚੈਨਲ, ਰੇਡੀਓ, ਸੋਸ਼ਲ ਨੇਟਵਰਕਿੰਗ, ਟਵਿਟਰ ਮੋਬਾਈਲ ਫੋਨ ਅਤੇ ਐਸ ਐਸ ਪੀ ਨੇ ਫੌਰੀ ਸੰਚਾਰ ਦੀ ਸੁਵਿਧਾ ਦਿੱਤੀ। ਨਤੀਜੇ ਵਜੋਂ ਲੋਕ ਧਾਰਾਈ ਸਮੱਗਰੀ, ਰੂਪਾਂ ਵਿਧੀਆਂ, ਪਾਠਾਂ ਦਾ ਜੋ ਰੂਪਾਂਤਰਣ ਹੋ ਰਿਹਾ ਹੈ ਉਸ ਨਾਲ ਮਨੁੱਖ ਦੀ ਜੀਵਨ-ਸ਼ੈਲੀ ਹੀ ਬਦਲ ਗਈ ਹੈ। ਇਸ ਤਰ੍ਹਾਂ ਮੀਡੀਆ ਨੇ ਲੋਕ ਕਲਾ ਦੀ ਇਸ ਵੰਨਗੀ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਇਹੋ ਜਿਹੇ ਗੀਤਾਂ ਨੂੰ ਸੁਣ ਕੇ ਘਰ ਦੇ ਪੁਰਾਣੇ ਬਜੁਰਗ ਆਪਣੇ ਕੰਨ ਬੰਦ ਕਰ ਲੈਂਦੇ ਹਨ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਚਿੰਤਾ ਕਰਦੇ ਹਨ ਕਿ ਉਹ ਆਪਣਾ ਵਿਰਸਾ ਕਿਸ ਤਰ੍ਹਾਂ ਸੰਭਾਲਣਗੇ।

ਮੀਡੀਆ ਤੇ ਲੋਕ ਕਲਾਵਾਂ ਦਾ ਸੰਬੰਧ

[ਸੋਧੋ]

ਮੀਡੀਆ ਤੇ ਲੋਕ ਕਲਾਵਾਂ ਵਿੱਚ ਪ੍ਰਤੱਖ ਸੰਬਧ ਹੁੰਦਾ ਹੈ। ਜਿਵੇਂ:-

  1. ਇਹ ਦੋਵੇਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।
  2. ਇਹ ਦੋਵੇਂ ਕਲਾਕਾਰਾਂ ਨੂੰ ਢੁਕਵਾਂ ਪਲੇਟਫਾਰਮ ਮੁਹਈਆ ਕਰਵਾਉਂਦੇ ਹਨ।
  3. ਇਹ ਦੋਵੇਂ ਮਨੁੱਖ ਦੀਆਂ ਸੁਹਜਾਤਮਕ ਤ੍ਰਿਪਤੀਆ ਦਾ ਵਾਹਨ ਬਣਦੇ ਹਨ।
  4. ਇਹ ਦੋਵੇਂ ਮਨੁੱਖ ਦੀ ਸਿਰਜਣਾ ਨੂੰ ਆਕਾਰ ਦਿੰਦੇ ਹਨ।

ਇਨ੍ਹਾਂ ਦੋਵਾਂ ਵਿੱਚ ਹੀ ਮਨੁੱਖ ਦੇ ਦੁੱਖ-ਸੁੱਖ, ਡਰ, ਸੁਰੱਖਿਆ, ਸ਼ਕਤੀ, ਬਹਾਦਰੀ ਅਤੇ ਉਤਸ਼ਾਹ ਆਦਿ ਭਾਵਾਂ ਨੂੰ ਅਭਿਵਿਅਕਤ ਮਿਲੀ ਹੈ।

ਮੀਡੀਆ ਦਾ ਸਭ ਤੋਂ ਵੱਡਾ ਸਰੋਕਾਰ ਮਨੋਰੰਜਨ ਨਾਲ ਹੈ। ਮਨੋਰੰਜਨ ਫੁਰਸਤ ਦਾ ਕੰਮ ਹੈ, ਮਨੋਰੰਜਨ, ਫੁਰਸਤ ਅਖਤਿਆਰੀ ਸਮਾਂ ਹੈ।[3]ਮਨੋਰੰਜਨ ਕਰਨ ਦੀ ਲੋੜ  ਮਨੁੱਖੀ ਜੀਵ ਵਿਗਿਆਨ ਅਤੇ ਮਨੋਵਿਗਿਆਨ ਦਾ ਇੱਕ ਜ਼ਰੂਰੀ ਤੱਤ ਹੈ। ਮਨੋਰੰਜਨ ਦੇ ਕੰਮ ਅਕਸਰ ਅਨੰਦ, ਮਨੋਰੰਜਨ, ਜਾਂ ਖੁਸ਼ੀ ਲਈ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ"ਮਜ਼ੇਦਾਰ" ਮੰਨਿਆ ਜਾਂਦਾ ਹੈ। ਮੀਡੀਆ ਮਨੋਰੰਜਨ ਦਾ ਸਾਧਨ ਹੋਣ ਦੇ ਨਾਲ-ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਲੋਕ ਕਲਾ ਦੀਆ ਸਿਰਜਣਾਵਾਂ ਵਿੱੱਚ ਇੱਕ ਮਹੱਤਵਪੂਰਨ ਪੱਖ "ਲੋਕ ਮਨੋਰੰਜਨ" ਦਾ ਹੈ। ਲੋਕ ਕਲਾ ਅਤੇੇੇੇੇੇੇੇੇ ਲੋਕ ਮਨੋਰੰਜਨ ਦਾ ਆਧਾਰ ਅਸਲ ਵਿੱਚ ਸੱਭਿਆਚਾਰ ਹੀ ਹੈ। ਸੱਭਿਆਚਾਰ ਦੇ ਮਹੱਤਵਪੂਰਨ ਉਪਾਅ ਵਜੋਂ ਲੋਕ ਮਨੋਰੰਜਨ ਦਾ ਸੰਬੰਧ ਸ ਭੌਤਿਕ ਪੱਧਰ ਨਾਲ ਵੀ ਹੈੈ, ਪਰ ਉਸ ਨਾਲੋਂ ਵੀ ਵਧੇਰੇ ਹੋ ਸੱਭਿਆਚਾਰ ਦੇ ਮਾਨਸਿਕ ਪੱਖ ਦਾ ਨਿਖਾਰ ਹੈੈ। ਇਸ ਲਈ ਇਨ੍ਹਾਂ ਦੋਹਾਂ ਪੱਖਾਂ ਤੋਂ ਲੋਕ- ਮਨੋਰੰਜਨ ਦਾ ਅਦੁੱਤੀ ਮਹੱਤਵ ਹੈ।


ਆਧੁਨਿਕ ਮਨੁੱਖ ਕੋਲ ਭਾਵੇਂ ਬਹੁਤ ਸਾਰੇ ਮਨੋਰੰਜਨ ਦੇ ਸਾਧਨ ਹਨ ਪਰੰਤੂ ਲੋਕ ਮਨੋਰੰਜਨ ਦੇ ਮਨ ਨੂੰ ਟੁੰਬਣ ਵਾਲੇ ਅਨੇਕਾਂ ਸਿੱਧੇ-ਸਾਧੇ ਸਾਧਨ, ਪੀੜੀ ਦਰ ਪੀੜੀ ਮਨੁੱਖ ਦਾ ਮਨੋਰੰਜਨ ਕਰਦੇ ਆ ਰਹੇ ਹਨ, ਜਿਵੇਂ ਕਿ ਲੋਕ ਨਾਚ, ਲੋਕ ਨਾਟ,  ਲੋਕ ਕਲਾਵਾਂ, ਲੋਕ ਮੇਲੇ, ਤਿਉਹਾਰ,  ਵੱਖ-ਵੱਖ ਕਰੱਤਵ, ਤਮਾਸ਼ੇ,  ਲੋਕ ਸੰਗੀਤ, ਲੋਕ ਖੇਡਾਂ ਆਦਿ ਤੋਂ ਇਲਾਵਾ ਲੋਕ ਸਾਹਿਤ ਦੇ ਹੋਰ ਰੂਪ ਲੋਕ ਗੀਤ,  ਲੋਕ ਕਹਾਣੀਆਂ,ਲੋਕ ਅਖਾਣ-ਮੁਹਾਵਰੇ, ਬੁਝਾਰਤਾਂ, ਚੁਟਕਲੇ ਆਦਿ ਹਨ। ਜੋ ਮਨੁੱਖੀ ਦਿਲਾਂ ਨੂੰ ਅਨੰਦਮਈ ਕਰ ਰਹੇ ਹਨ। ਜਦੋਂ ਲੋਕ ਕਲਾ ਨਾਲ ਸਬੰਧਿਤ ਇਨ੍ਹਾਂ ਚੀਜ਼ਾਂ ਨੂੰ ਮਿਲਿਆ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਤਾਂ ਇਹ ਪ੍ਰਸਿੱਧ ਹੋ ਜਾਂਦੀਆਂ ਹਨ। ਇਸ ਕਾਰਨ ਮਨੋਰੰਜਨ ਵੀ ਹੁੰਦਾ ਹੈ ਅਤੇ ਸੱਭਿਆਚਾਰ ਦਾ ਆਦਾਨ-ਪ੍ਰਦਾਨ ਵੀ ਹੁੰਦਾ ਹੈ

ਲੋਕ - ਕਲਾ

[ਸੋਧੋ]

ਜਾਣ - ਪਛਾਣ

[ਸੋਧੋ]

ਲੋਕ ਕਲਾ ਮਨੁੱਖ ਵਿਚਾਰ ਪ੍ਰਕਿਰਤੀ ਦੇ ਵਰਤਾਰਿਆਂ ਦੀ ਮਨੁੱਖੀ ਵਿਹਾਰ ਦੀ ਨਕਲ ਹੈ ਆਦਿ ਕਾਲ ਤੋਂ ਮਨੁੱਖ ਪ੍ਰਕਿਤੀਕ ਵਰਤਾਰਿਆਂ ਤੋਂ ਭੈ-ਭੀਤ ਹੁੰਦਾ ਆਇਆ ਹੈ। ਇਨ੍ਹਾਂ ਵਰਤਾਰਿਆਂ ਨੂੰ ਉਸ ਨੂੰ ਦੇਵੀ ਸ਼ਕਤੀ ਦੇ ਰੂਪ ਵਿੱਚ ਲਿਆ ਹੈ ਅਤੇ ਉਹਨਾਂ ਦੀ ਉਪਾਸਨਾ ਆਰੰਭ ਕੀਤੀ। ਇਸ ਉਪਾਸਨਾ ਵਿੱਚ ਉਹਨਾਂ ਦੀ ਪੂਜਾ ਤੇ ਨਕਲਾ ਦੇ ਰੂਪ ਸ਼ੁਰੂ ਹੋਏ। ਜਿਹਨਾਂ ਨੂੰ ਉਸਨੇ ਆਪਣੀ ਕਲਾ ਰਾਹੀ ਸਾਰਥਿਕ ਅਤੇ ਪ੍ਤੱਖ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਲੋਕ ਕਲਾਂ ਜੀਵਨ ਦੀਆਂ ਲੋੜਾਂ ਵਿਚੋਂ ਉਪਜੀ ਹੋਣ ਕਰਕੇ ਜਨ ਜੀਵਨ ਅਤੇ ਸੱਭਿਆਚਾਰ ਨਾਲ ਇਕਸਾਰ ਹੁੰਦੀ ਹੈ।ਇਸ ਦਾ ਸੁਹਜ ਫ਼ਸਲ ਜਾਤੀ ਦੀਆਂ ਕਲਾ ਰੁਚੀਆਂ ਦਾ ਬੋਧਿਕ ਹੈ। ਲੋਕ ਕਲਾ ਪਿੰਡਾਂ ਦੇ ਅੱਲੜ ਲੋਕਾਂ ਦੀਆਂ ਅੰਤਰੀਵ ਖਾਹਿਸ਼ਾਂ, ਭਾਵਨਾਵਾਂ ਤੇ ਤਜਰਬਿਆਂ ਦਾ ਸੁਭਾਵਿਕ ਪ੍ਰਗਟਾਵਾ ਹੈ ਅਤੇ ਇਹ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਲਾ ਰੁਚੀਆਂ ਸਹਿਜ ਭਾਵ ਵਿੱਚ ਹੀ ਪ੍ਰਫੁਲਤ ਹੁੰਦੀਆਂ ਰਹੀਆਂ ਹਨ। ਪੀੜੀ ਦਾ ਅਨੁਭਵ ਖੁਰ-ਖੁਰ ਕੇ ਇਸ ਕਲਾ ਨੂੰ ਸੰਵਾਰਦਾ ਰਿਹਾ ਹੈ ਭਾਵੇਂ ਲੋਕ ਕਲਾ ਵੇਖਣ ਵਿੱਚ ਸਾਦੀ ਜਹੀ ਲੱਗਦੀ ਹੈ। ਪਰ ਇਸ ਵਿੱਚ ਕਲਾ ਦਾ ਇੱਕ ਪ੍ਰਬਲ ਕਵੀ ਹੁੰਦਾ ਹੈ। ਜੋ ਇਸ ਦੀ ਛਵੀ ਨੂੰ ਮਨਮੋਹਣਾ ਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ।[4] ਲੋਕ ਕਲਾ ਵਿਚ ਚਿੱਤਰਕਾਰੀ ਕਰਨ, ਤਮਾਸ਼ੇ, ਲੋਕ ਗੀਤ, ਲੋਕ ਸਾਹਿਤ ਹੁੰਦਾ ਹੈ। ਲੋਕ ਕੱਲਾ ਲੋਕਧਾਰਾ ਦਾ ਇੱਕ ਅਨਿਖੜਵਾਂ ਅੰਗ ਹੈੈ ਜੇ ਕਿਸੇ ਤੂੰੰ ਖੇਤਰ ਜਾਂ ਲੋਕ-ਸਮੂਹ ਦੀ ਲੋਕਧਾਰਾ ਦਾ ਅਧਿਐਨ ਕਰਨਾ ਹੋਵੇ, ਤਦ ਉਸ ਅਧਿਐਨ ਵਿੱਚ ਜਾਂ ਖੇਤਰ ਵਿੱਚ ਲੋਕ ਸਮੂਹ ਦੀ ਲੋਕ ਕਲਾ ਦਾ ਅਧਿਐਨ ਵੀ ਜ਼ਰੂਰੀ ਹੈ। ਲੋਕ ਕਲਾ, ਲੋਕ+ਕਲਾਂ ਤੋਂ ਮਿਲ ਕੇ ਬਣਿਆ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕੀ ਲੋਕ ਕਲਾ, ਸਾਧਾਰਣ ਲੋਕਾਂ ਦੁਆਰਾ ਸਿਰਜੀ ਗਈ ਕਲਾ ਹੁੰਦੀ ਹੈ। ਅਸਲ ਵਿੱਚ ਲੋਕ ਕਲਾ ਕਲਾ ਤਾਂ ਹੁੰਦੀ ਹੈ ਪਰ ਇਹ ਸਾਧਾਰਣ ਵੱਲ ਛੱਲ ਤੋਂ ਰਹਿਤ, ਸਿੱਧੇ-ਸਾਦੇ ਲੋਕਾਂ ਦੁਆਰਾ ਸਿਰਜੀ ਹੋਣ ਕਰਕੇ ਇਕ ਤਰ੍ਹਾਂ ਨਾਲ ਉਨ੍ਹਾਂ ਦੁਆਰਾ ਸਿਰਜੀ ਕਲਾਸੀਕਲ ਜਾਂ ਵਿਅਕਤੀਗਤ ਕਲਾਂ ਤੋਂ ਵੱਖਰਤਾ ਰੱਖਦੀ ਹੈ।

ਮੀਡੀਆ ਅਤੇ ਲੋਕ ਸਾਹਿਤ

[ਸੋਧੋ]

ਮੀਡੀਆ ਦੇ ਕਾਰਨ ਲੋਕ ਸਾਹਿਤ ਉੱਤੇ ਬਹੁਤ ਬੁਰਾ ਅਸਰ ਪਿਆ ਹੈ। ਹੁਣ ਤਾਂ ਜ਼ਿਆਦਾਤਰ ਸਾਹਿਤ ਨੈਟ ਉੱਤੇ ਉਪਲਬਧ ਹੈ। ਲੋਕ ਮਨੋਰੰਜਨ ਦੇਣ ਵਾਲੇ ਸਾਹਿਤ ਦੇ ਪ੍ਰਤੀ ਆਕਰਸ਼ਿਤ ਹੋ ਰਹੇ ਹਨ। ਮੁੱਢ ਤੋਂ ਹੀ ਮਨੁੱਖ ਦਾ ਮਨ ਪ੍ਰਚਾਵਾ ਕਰਨ ਲਈ ਸਾਹਿਤ ਇਕ ਪ੍ਰਧਾਨ ਸਾਧਨ ਰਿਹਾ ਹੈ। ਇਸੀ ਕਰਕੇ ਮਨੋਰੰਜਨ ਦੀ ਦ੍ਰਿਸ਼ਟੀ ਤੋਂ ਲੋਕ-ਸਾਹਿਤ ਬਹੁਤ ਸਹਜ ਆਨੰਦ ਦੀ ਪ੍ਰਵਿਰਤੀ ਉਸ ਵਿੱਚ ਪ੍ਰਧਾਨ ਰਹਿੰਦੀ ਹੈ। ਲੋਕ ਸਾਹਿਤ ਵਿੱਚ ਮਨੁੱਖੀ ਜ਼ਿੰਦਗੀ ਦੇ ਮਨ ਦੇ ਬਦਲਦੇ ਧੁਰ ਪ੍ਰਗਟ ਹੁੰਦੇ ਹਨ। ਮਿੱਥ ਤੋਂ ਲੈ ਕੇ ਲੋਕ ਕਹਾਣੀ ਤੱਕ ਇਸ ਸਾਹਿਤ ਦੀ ਧਾਰਾ ਨਿਰੰਤਰ ਪ੍ਰਵਾਹਮਾਨ ਰਹੀ ਹੈ। ਰੋਜ਼ਾਨਾ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਕੀਮਤ ਤੋਂ ਲੈ ਕੇ ਵਿਸ਼ਾਲ, ਸਰਵ-ਵਿਆਪਕ ਸਦੀਵੀ - ਪਕ੍ਰਿਤੀ ਤੇ ਮਨੁਖੀ ਸੰਕਟ ਸਾਹਿਤ ਦਾ ਅੰਗ ਬਣੇ ਹਨ। ਲੋਕ ਸਾਹਿਤ ਦਾ ਸਰੂਪ ਬਦਲ ਗਿਆ ਹੈ, ਲੋਕ-ਕਾਵਿ ਰੂਪ ਦਾ ਸਮਾਜਿਕ ਸਰੰਚਨਾ ਵਿੱਚ ਅਰਥ ਨਹੀਂ ਰੱਖਦੇ ਖਤਮ ਹੋ ਰਹੇ ਹਨ, ਪਰੰਤੂ ਇਹ ਕਾਵਿ-ਰੂਪ ਸਮਕਾਲੀ ਸਮਾਜਿਕ ਰਾਜਨੀਤੀਕ ਪਰਿਸਥਿਤੀਆਂ ਨੇ ਆਪਣੇ ਕਲੇਵਰ ਵਿਚ ਸਮੋ ਕੇ ਪੇਸ਼ ਕਰਨ ਦੇ ਸਮਰਥ ਹਨ, ਉਨ੍ਹਾਂ ਦੀ ਨਿਰੰਤਰ ਰਚਨਾ ਹੋ ਰਹੀ ਹੈ। ਇਨ੍ਹਾਂ ਵਿੱਚੋਂ ਛੋਟੇ ਕਾਵਿ ਰੂਪ ਵਧੇਰੇ ਹਨ ਜੋ ਕਿਸੇ ਵੀ ਸਥਿਤੀ ਨੂੰ ਵਿਅੰਗਾਤਮਕ ਢੰਗ ਨਾਲ ਪੇਸ਼ ਕਰਨ ਦੇ ਸਮਰਥ ਹਨ। ਟੱਪੇ, ਬੋਲੀਆਂ, ਅਖਾਣ ਅਤੇ ਲੋਕ ਚੁਟਕਲਿਆਂ ਦੀ ਅੱਜ ਵੀ ਸਿਰਜਣਾ ਹੋ ਰਹੀ ਹੈ। ਮੀਡੀਆ ਨੇ ਇੰਝ ਹਨ ਲੋਕ ਮਨ ਉੱਤੇ ਪ੍ਰਭਾਵ ਪਾਇਆ ਹੈ ਕਿ ਸਭ ਕੁਝ ਬਦਲ ਗਿਆ। ਲੋਕਾਂ ਦੀ ਰੁਚੀਆਂ ਤੱਕ ਬਦਲ ਗਈਆਂ ਹਨ।

ਮੀਡੀਆ ਅਤੇ ਸਵਾਂਗ

[ਸੋਧੋ]

ਆਧੁਨਿਕ ਸਮੇ ਵਿਚ ਮੀਡੀਆ ਦਾ ਲੋਕ ਮਨਾਂ ਉੱਤੇ ਅਜਿਹਾ ਪ੍ਰਭਾਵ ਪਿਆ ਹੈ ਕਿ ਸੰਵਾਗ ਲੱਗਭਗ ਖਤਮ ਹੀ ਹੋ ਗਿਆ ਹੈ। ਸਵਾਂਗ ਲੋਕ ਨਾਟ ਕਲਾ ਦਾ ਹੀ ਇਕ ਅੰਗ ਹਨ ਜਿਸ ਵਿੱਚ ਨਾਚ, ਗਾਣਾ, ਨਕਲਾ ਆਦਿ ਦੀ ਵਰਤੋਂ ਹੁੰਦੀ ਹੈ। ਇਹ ਹਰ ਪਿੰਡ ਦੀ ਸੱਥ ਜਾਂ ਖੁੱਲ੍ਹੇ ਮੈਦਾਨ ਵਿੱਚ ਕਿਸੇ ਉੱਚੇ ਥੜ੍ਹੇ ਉੱਤੇ ਖੇਡਿਆ ਜਾਂਦਾ ਹੈੈ। ਇਸ ਵਿੱਚ ਕਿਸੇ ਪ੍ਰਸਿਧ ਲੋਕ ਨਾਯਕ ਦੇ ਜੀਵਨ ਦੀ ਕੋਈ ਭਾਵਨਾ ਭਰਪੂਰ ਝਾਕੀ ਪੇਸ਼ ਕੀਤੀ ਜਾਂਦੀ ਹੈ। ਸੰਚਾਰ ਦੇ ਸਾਧਨਾਂ ਕਰਕੇ ਆਮ ਲੋਕ ਇਸ ਤਰ੍ਹਾਂ ਦੀ ਲੋਕ ਕਲਾ ਨੂੰ ਭੁੱਲਦੇ ਜਾ ਰਹੇ ਹਨ। ਏਥੋਂ ਤੱਕ ਕਿ ਕਈ ਤਾਂ ਭੁੱਲ ਵੀ ਗਏ ਹਨ ਕਿਉਂਕਿ ਆਮ ਤੌਰ ਤੇ ਰੁੱਝੀ ਹੋਈ ਜ਼ਿੰਦਗੀ ਕਾਰਨ ਲੋਕਾਂ ਕੋਲ ਇੰਨਾ ਸਮਾਂ ਹੀ ਨਹੀਂ ਕੀ ਉਹ ਕਿਤੇ ਇੱਕ ਥਾਂ ਬੈਠ ਕੇ ਸਵਾਂਗ ਆਦਿ ਹੁੰਦੇ ਵੇਖਣ। ਇਹਨਾਂ ਦੀ ਥਾਂ ਅੱਜ ਕੱਲ੍ਹ ਸਿਨੇਮਾ ਘਰਾਂ ਨੇ ਲੈ ਲਈ ਹੈ। ਇਸ ਤਰਾਂ ਮੀਡੀਆ ਨੇ ਇਸ ਤਰ੍ਹਾਂ ਦੀ ਪਰੰਪਰਾਗਤ ਲੋਕ ਕਲਾ ਦੀ ਵੰਨਗੀ ਨੂੰ ਲੱਗ-ਭੱਗ ਖਤਮ ਕਰ ਦਿੱਤਾ ਹੈ।

ਮੀਡੀਆ ਅਤੇ ਲੋਕ ਜੀਵਨ

[ਸੋਧੋ]

ਮੀਡੀਆ ਨੇ ਲੋਕ ਜੀਵਨ ਉੱਤੇ ਬਹੁਤ ਪ੍ਰਭਾਵ ਪਾਇਆ ਹੈ। ਨਕਲਾਂ - ਸਾੰਗ, ਨੌਟੰਕੀ, ਲੋਕ ਨਾਟ ਦੀ ਇੱਕ ਬਹੁਤ ਸੁੰਦਰ ਅਤੇ ਵਿਸ਼ੇਸ਼ ਕਲਾ ਰਹੀ ਹੈ, ਜਿਨ੍ਹਾਂ ਨੂੰ ਪੇਸ਼ ਕਰਨ ਵਾਲੀ ਮੰਡਲੀ ਨੂੰ ਨਕਲੀਏ ਕਿਹਾ ਜਾਂਦਾ ਸੀ। ਇਹਨਾਂ ਨੂੰ ਪੇਸ਼ ਕਰਨ ਵਾਲੀਆਂ ਖ਼ਾਸ ਪੇਸ਼ਕਸ਼ਾਂ ਜਾਤੀਆਂ- ਭੰਡ, ਡੂਮ, ਮਰਾਸੀ ਕਾਹਦੀ ਜੋ ਪਿੰਡਾਂ ਵਿੱਚ ਸਦੀਆਂ ਤੋਂ ਵਿਆਹ ਅਤੇ ਹੋਰ ਖੁਸ਼ੀ ਦੇ ਮੌਕਿਆਂ ਉੱਤੇ ਆਪਣੀਆਂ ਚਹੇਡਾਂ, ਟਿੱਚਰਾਂ, ਚੋਭਾਂ ਅਤੇ ਨਕਲਾਂ ਨਾਲ ਹਾਸ-ਰਸ ਆਦਿ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾ ਕੇ ਮਨੋਰੰਜਨ ਕਰਦੀਆਂ ਆ ਰਹੀਆਂ ਸਨ। ਹੁਣ ਇਹ ਕਲਾ ਖ਼ਤਮ ਹੋ ਗਈ ਹੈ। ਹੁਣ ਇਸ ਕਲਾ ਦੀ ਥਾਂ ਟੀਵੀ ਉੱਪਰ ਚੱਲ ਰਹੇ ਵੱਖ ਵੱਖ ਵੱਖ ਚੈਨਲਾਂ ਉਪਰ ਵੱਡੇ ਵੱਡੇ ਕਲਾਕਾਰਾਂ ਨੇ ਮੱਲ ਲਈ ਹੈ।

ਮੀਡੀਆ ਅਤੇ ਲੋਕ ਖੇਡਾਂ

[ਸੋਧੋ]

ਮੀਡੀਆ ਨੇ ਲੋਕ ਖੇਡਾਂ ਉੱਤੇ ਵੀ ਬਹੁਤ ਪ੍ਰਭਾਵ ਪਾਇਆ ਹੈ। ਮੀਡੀਆ ਦੇ ਪ੍ਰਭਾਵ ਦੇ ਕਾਰਨ ਕਈ ਲੋਕ ਖੇਡਾਂ ਖਤਮ ਹੋ ਚੁੱਕੀਆਂ ਹਨ। ਲੋਕ ਮਨੋਰੰਜਨ ਵਿੱਚ ਪੰਜਾਬੀ ਲੋਕ ਖੇਡਾਂ ਦੀ ਬੜੀ ਲੰਮੀ ਰਵਾਇਤ ਰਹੀ ਹੈ। ਬੱਚੇ ਤੋਂ ਲੈ ਕੇ ਬੁੱਢੇ ਤੱਕ ਲਿੰਗ ਤੇ ਅਧਾਰਿਤ ਕੁੜੀਆਂ ਦੀਆਂ ਅਤੇ ਮੁੰਡਿਆਂ ਦੀਆਂ ਖੇਡਾਂ ਵੰਨ-ਸਵੰਨੀਆਂ ਅਤੇ ਵੱਖ ਵੱਖ ਪ੍ਰਚਲਿਤ ਰਹੀਆਂ ਹਨ। ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਕਬੱਡੀ, ਕੁਸ਼ਤੀ, ਗੁੱਲੀ ਡੰਡਾ, ਖਿੱਦੋ - ਖੂੰਡੀ, ਕੋਟਲਾ ਛਪਾਕੀ, ਸਟਾਪੂ, ਪਿੱਠੂ, ਅਖਰੋਟ ਆਦਿ ਬਹੁਤ ਸਾਰੀਆਂ ਹੋਰ ਵੀ ਕਈ ਲੋਕ ਖੇਡਾਂ ਹਨ। ਕਈਆਂ ਦੇ ਤਾਂ ਨਾਂ ਵੀ ਖ਼ਤਮ ਹੋ ਚੁੱਕੇ ਹਨ ਅਤੇ ਕੁਝ ਕੁ ਹੀ ਬਚੀਆਂ ਹਨ। ਕੁਝ ਦੇਸੀ ਖੇਡਾਂ ਦੇ ਰੂਪ ਆਧੁਨਿਕ ਖੇਡਾਂ ਦੇ ਰੂਪ ਵਿੱਚ ਵੱਟ ਗਏ ਹਨ। ਹੁਣ ਬਚੀਆਂ ਖੇਡਾਂ ਵਿੱਚ ਕਬੱਡੀ ਕੁਸ਼ਤੀ ਰੱਸਾ-ਕੱਸੀ ਆਦਿ ਹੀ ਕੁਝ ਖੇਡਾਂ ਬਚੀਆਂ ਹਨ ਜਿਨ੍ਹਾਂ ਦੇ ਮੁਕਾਬਲੇ ਖੇਡ ਮੇਲੇ ਵਿੱਚ ਕਰਵਾਏ ਜਾਂਦੇ ਹਨ। ਜਿਵੇਂ ਹੁਣ ਕਬੱਡੀ ਮੈਚ ਹੋ ਰਹੇ ਹਨ- ਇਸ ਖੇਡ ਵੀ ਪੇਂਡੂ ਖੇਤਰ ਵਿੱਚੋਂ ਖ਼ਤਮ ਹੋ ਗਈ ਹੈ। ਵਿਸ਼ਵ ਦੇ ਦੇਸ਼ਾਂ ਵਿਚੋਂ ਵੀ ਦੋ ਟੀਮਾਂ ਆਈਆਂ ਹਨ, ਉਹ ਵੀ ਦਰਅਸਲ ਇਧਰੋਂ ਪੰਜਾਬੀ ਹੀ ਹਨ। ਅੱਜ ਦੇ ਸਮੇਂ ਵਿੱਚ ਕਾਮਨਵੈਲਥ, ਓਲੰਪਿਕ ਅਤੇ ਰਾਸ਼ਟਰੀ ਖੇਡਾਂ ਵਿੱਚ ਕ੍ਰਿਕਟ, ਬਾਸਕਟਬਾਲ, ਫੁੱਟਬਾਲ, ਟੇਬਲ ਟੈਨਿਸ ਆਦਿ ਵਿਦੇਸ਼ੀ ਖੇਡਾਂ ਹੀ। ਪ੍ਰੰਤੂ ਸਾਡੀਆਂ ਖੇਡਾਂ ਵਿੱਚ ਬਹੁਤ ਸਾਰੀਆਂ ਸਖਤ ਨਿਯਮਾਂ ਦੀ ਜ਼ਰੂਰਤ ਨਹੀਂ ਸੀ ਪੈਂਦੀ। ਸਾਡੀਆਂ ਲੋਕ ਖੇਡਾਂ ਹਰ ਸਮੇਂ ਬੜੀ ਆਸਾਨੀ ਨਾਲ ਜਦੋਂ ਦਿਲ ਚਾਹੇ, ਜਿੰਨੀ ਮਰਜ਼ੀ ਖਿਡਾਰੀ ਰਲ ਕੇ ਖੇਡ ਸਕਦੇ ਹਨ। ਅੱਜ ਵਿਦੇਸ਼ੀ ਖੇਡਾਂ ਦਾ ਹੀ ਬੋਲਬਾਲਾ ਹੈ। ਅਤੇ ਮੀਡੀਆ ਵਿੱਚ ਵੀ ਇਸੇ ਤਰ੍ਹਾਂ ਦੀ ਖੇਡਾਂ ਦਾ ਹੀ ਬੋਲਬਾਲਾ ਹੈ।

ਮੀਡੀਆ ਅਤੇ ਲੋਕਗੀਤ

[ਸੋਧੋ]

ਲੋਕ ਗਾਇਕੀ ਦੇ ਖੇਤਰ ਵਿੱਚ ਰੇਡੀਓ, ਟੇਪ ਰਿਕਾਰਡ ਅਤੇ ਤਵੇ ਦੀ ਸੰਚਾਰ-ਸਾਧਨਾਂ ਤੱਕ ਪੰਜਾਬ ਦੀ ਗਾਇਕੀ ਵਿੱਚ ਆਸਾ ਸਿੰਘ ਮਸਤਾਨਾ, ਯਮਲਾ ਜੱਟ, ਨਰਿੰਦਰ ਬੀਬਾ, ਜਗਤ ਸਿੰਘ ਜੱਗਾ ਆਦਿ ਨੇ ਬਹੁਤ ਬੁਲੰਦੀਆਂ ਨੂੰ ਛੋਹਿਆ ਹੈ। ਪਰ ਅੱਜ ਦੀ ਤਰੀਕ ਵਿਚ ਜੋ ਸੰਗੀਤ ਦੇ ਨਾਮ ਉੱਤੇ ਪੰਜਾਬੀ ਚੈਨਲ ਦਰਸ਼ਕਾਂ ਅੱਗੇ ਪੇਸ਼ ਹੋ ਰਹੇ ਹਨ, ਉਸ ਵਿੱਚ ਸੁਣਨ ਲਈ ਘੱਟ ਅਤੇ ਵੇਖਣ ਲਈ ਬਹੁਤ ਕੁਝ ਹੈ। ਪੰਜਾਬੀ ਚੈਨਲ ਦੇਖਦੇ ਸਮੇਂ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬੀਆਂ ਨੂੰ ਘਟੀਆ ਕਿਸਮ ਦੇ ਸੰਗੀਤ ਉੱਤੇ ਨੱਚਣਾ ਆਉਂਦਾ ਹੈ। ਲੋਕ ਗੀਤਾਂ ਦੀ ਆਤਮਾ ਇਸ ਦੇ ਬੋਲਾਂ ਵਿੱਚ ਨਹੀਂ ਸਗੋਂ ਇਸ ਦੀਆਂ ਧੁਨਾਂ ਵਿੱਚ ਹੈ ਜੋ ਹਰ ਪੰਜਾਬੀ ਦੇ ਦਿਲ ਵਿੱਚ ਚਾਅ ਤੇ ਉਮੰਗਾਂ ਭਰਿਆ ਤਰੰਗਾਂ ਛੇੜ ਦਿੰਦੀਆਂ ਹਨ। ਅਜੋਕੇ ਸਮੇਂ ਪੰਜਾਬੀ ਸੰਗੀਤ ਬੇਸ਼ੱਕ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕਿਆ ਹੈ ਪਰੰਤੂ ਇਹ ਆਪਣੇ ਮੂਲ ਰੂਪ ਨਾਲੋਂ ਕਾਫੀ ਬੇਗਾਨਾ ਹੋ ਗਿਆ ਹੈ। ਇਸ ਦੇ ਬੋਲ ਇਸ ਦੀਆਂ ਧੁਨਾਂ ਪੱਛਮੀ ਸੰਗੀਤ ਨਾਲ ਰਲਾ ਮਿਲਾ ਕੇ ਇਕ ਨਵਾਂ ਸੰਗੀਤ ਰੂਪ ਪੰਜਾਬੀ ਫਿਊਜਨ ਮਿਊਜਿਕ ਹੋਂਦ ਵਿੱਚ ਆ ਚੁੱਕਾ ਹੈ। ਅਜੋਕਾ ਮੀਡੀਆ ਇਸ ਸੰਗੀਤ ਨੂੰ ਲੋਕ ਸੰਗੀਤ ਨਾਮ ਹੇਠ ਪ੍ਰਚਲਤ ਕਰ ਰਿਹਾ ਹੈ।ਮਨੁੱਖੀ ਚੇਤਨਾ ਪਦਾਰਥਕ ਚੌਗਿਰਦੇ ਅਤੇ ਇਸ ਵਿਚ ਵਾਪਰਦੀਆਂ ਘਟਨਾਵਾਂ ਦੇ ਵਿਰੋਧ ਤੋਂ ਵਿਕਸਿਤ ਹੁੰਦਾ ਹੈ। ਮਨੁੱਖੀ ਚੇਤਨਾ ਦੇ ਨਾਲ ਹੀ ਕਲਾ ਦਾ ਵਿਕਾਸ ਹੁੰਦਾ ਹੈ। ਕਲਾ ਜਿੱਥੇ ਮਨੁੱਖੀ ਸਰੂਪ ਤੇ ਪਰਿਵਰਤਨ ਨਾਲ ਬਲਈ ਹੈ, ਉੱਥੇ ਇਸ ਨੇ ਮਨੁੱਖੀ ਸੋਚ ਨੂੰ ਬਿਹਤਰੀ ਵੱਲ ਜਾਣ ਦੀ ਪ੍ਰੇਰਣਾ ਵੀ ਦਿੱਤੀ ਹੈ। ਲੋਕ ਕਲਾ ਕਿਸੇ ਇਕ ਵਸਤੂ ਦਾ ਵੱਡੀ ਗਿਣਤੀ ਵਿਚ ਉਤਪਾਦਨ ਕਰਦੀ ਹੈ ਪਰ ਲੋਕ ਕਲਾਕਾਰ ਤਾਂ ਇਹ ਵੀ ਨਹੀਂ ਜਾਣਦੇ ਕਿ ਉਹ ਜੋ ਕੁਝ ਸਿਰਜਦਾ ਹਨ ਉਹ ਕਲਾਤਮਕ ਹੈ। ਅਸਲ ਵਿਚ ਲੋਕ ਕਲਾਕਾਰ ਬਚਪਨ ਵਿਚ ਲੋਕ ਕਲਾ ਦੀ ਸਿਰਜਨਾਤਮਕਤਾ ਨੂੰ ਭਾਰਤ ਨੇੜਿਓਂ ਵੇਖਦਾ ਹੈ ਅਤੇ ਅਚੇਤ ਰੂਪ ਵਿਚ ਪਰੰਪਰਾਗਤ ਨਿਯਮਾਂ ਨੂੰ ਅਪਣਾਉਂਦਾ ਜਾਂਦਾ ਹੈ।

ਲੋਕ ਕਲਾ ਅਜਿਹੀ ਸ਼ਕਤੀ ਨੂੰ ਜਨਮ ਦਿੰਦੀ ਹੈ ਜਿਹੜੀ ਮਨੋਭਾਵਾਂ ਦੇ ਸੰਚਾਰ ਦਾ ਮਾਧਿਅਮ ਬਣਦੀ ਹੈ। ਸੰਚਾਰ ਮਾਧਿਅਮ ਦੀ ਭਾਲ ਦੇ ਬਿੰਦੂ ਤੇ ਆ ਕੇ ਆਰਥਿਕਤਾ ਅਤੇ ਵਿਉਪਾਰਕ ਪੱਧਰ ਨੀਵਾਂ ਅਤੇ ਅਰਥਹੀਣ ਜਾਰ ਲੱਗ ਪੈਂਦਾ ਹੈ। ਲੋਕ ਕਲਾ ਅਜਿਹੇ ਜਨ-ਸਮੂਹ ਦੀ ਕਲਾ ਹੈ ਜੋ ਪਰੰਪਰਾਗਤ ਤੇ ਪੌਂਡ ਹੈ ਤੇ ਜਿਸਦਾ ਅਜੇ ਮਸ਼ੀਨੀਕਰਨ ਨਹੀਂ ਹੋਇਆ। ਭਾਵੇਂ ਸਾਰੀ ਲੋਕ ਕਲਾ ਪਿੰਡਾਂ ਦੀ ਕਲਾ ਹੈ ਪਰ ਸਾਰੀ ਪੇਂਡੂ ਕਲਾ ਲੋਕ ਕਲਾ ਨਹੀਂ ਹੈ ਅਤੇ ਨਾ ਹੀ ਇਕ ਅਜਿਹੀ ਪੇਂਡੂ ਕਲਾ ਹੈ ਜਿਹੜੀ ਸ਼ਹਿਰੀ ਕਲਾ ਬਣਨ ਦੀ ਲੋਚਾ ਰੱਖਦੀ ਹੋਵੇ।

ਲੋਕ ਕਲਾ ਜ਼ਿੰਦਗੀ ਦੀ ਆਜ਼ਾਦੀ ਅਤੇ ਨਿਰੰਤਰਤਾ ਦੀ ਆਸ਼ਕ ਹੈ। ਇਹ ਜ਼ਿੰਦਗੀ ਦੇ ਹਾਸੇ, ਖੁਸ਼ੀਆਂ, ਰੀਝਾਂ, ਵਹਿਮਾਂ-ਭਰਮਾਂ, ਡਰ, ਚਿੰਤਾਵਾਂ ਨੂੰ ਪ੍ਰਗਟਾਉਂਦੀ ਹੈ। ਲੋਕ ਕਲਾ ਦਾ ਮੰਤਵ ਸਿਰਫ ਕੰਧੋਲੀਆਂ, ਫੁਲਕਾਰੀਆਂ, ਬਰਤਨਾਂ ਅਤੇ ਵਸਤੂਆਂ ਦੀ ਸਜਾਵਟ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਇਹਨਾਂ ਨੂੰ ਮਾਧਿਅਮ ਮੰਨ ਕੇ ਮਨੁੱਖੀ ਭਾਵਨਾਵਾਂ ਦੇ ਰਾਹੀਂ ਸ੍ਰਿਸ਼ਟੀ ਨਾਲ ਜੁੜਨ ਦੀ ਸਫਲ ਪ੍ਰਕਿਰਿਆ ਹੈ। ਲੋਕ ਕਲਾਕਾਰ ਨੂੰ ਉਸਦੀ ਪਰੰਪਰਾ ਸੀਮਿਤ ਕਰਦੀ ਹੈ। ਉਹ ਆਪਣੀ ਕਰਤਾਰੀ ਸ਼ਕਤੀ ਹੋਣ ਦੇ ਬਾਵਜੂਦ ਪਰੰਪਰਾ ਤੋਂ ਮੁਕਤ ਨਹੀਂ ਹੋ ਸਕਦਾ। ਲੋਕ ਕਲਾਕਾਰ ਆਪਣੀਆਂ ਕਲਾ ਵਸਤੂਆਂ ਤੇ ਹਸਤਾਖਰ ਨਹੀਂ ਕਰਦਾ। ਲੋਕ ਗੀਤਾਂ ਤੇ ਕਿਸੇ ਦਾ ਨਾਂ ਨਹੀਂ ਬੋਲਦਾ, ਕੋਈ ਨਹੀਂ ਜਾਣਦਾ ਕਿ ਲੋਕ ਨਾਚ ਨੂੰ ਕਿਸਨੇ ਸਿਰਜਿਆ।
ਲੋਕ ਸੰਗੀਤ ਪੰਜਾਬ ਦਾ ਪਰੰਪਰਾਗਤ ਸੰਗੀਤ ਹੈ ਜਿਸ ਵਿਚ ਤੂੰਬੀ, ਅਲਗੋਜ਼ਾ, ਸਾਰੰਗੀ, ਢੱਡ, ਚਿਮਟਾ, ਕਾਟੋ, ਮੰਜੀਰਾ, ਡਫਲੀ ਆਦਿ ਪਰੰਪਰਾਗਤ ਸੰਗੀਤ ਦੇ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਲੋਕ ਸੰਗੀਤ ਦੀ ਵੰਡ ਮੂਲੋਂ ਔਖਾ ਕੰਮ ਜਾਪਦਾ ਹੈ। ਇੱਥੇ ਹਰ ਮੌਕੇ ਨਾਲ ਸੰਬੰਧਿਤ ਲੋਕ ਗੀਤ ਮਿਲ ਜਾਂਦੇ ਹਨ ਜਿਵੇਂ ਲੋਹੜੀ ਮੌਕੇ ਸੁੰਦਰ-ਮੁੰਦਰੀਏ, ਤੀਆਂ ਮੌਕੇ ਨ੍ਹੀ ਲਿਆਦੇ ਮਾਂਏ ਕਾਲਿਆਂ ਬਾਗਾਂ ਦੀ ਮਹਿੰਦੀ ਆਦਿ। ਪੰਜਾਬ ਵਿਚ ਕੋਈ ਵੀ ਖੁਸ਼ੀ ਦਾ ਮੌਕਾ ਗੀਤਾਂ ਤੋਂ ਸੱਖਣਾ ਨਹੀਂ ਹੁੰਦਾ। ਇਥੋਂ ਤੱਕ ਕਿ ਮੌਤ ਮੌਕੇ ਵੀ ਅਲਾਹੁਣੀਆਂ ਦੇ ਰੂਪ ਵਿਚ ਲੋਕ ਗੀਤ ਬੋਲਦੇ ਹਨ। ਜਿਵੇਂ ਹੀ ਵਿਆਹ ਦੀ ਗੱਲ ਪੱਕੀ ਹੁੰਦੀ ਹੈ ਮੁੰਡੇ ਦੇ ਘਰ ਸਿਹਰਾ ਤੇ ਘੋੜੀਆਂ ਅਤੇ ਕੁੜੀ ਦੇ ਘਰ ਸੁਹਾਗ ਗਾਏ ਜਾਂਦੇ ਹਨ। ਵਿਆਹ ਮੌਕੇ ਜਦੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਆਉਂਦੀਆਂ ਹਨ ਤਾਂ ਸਿੱਠਣੀਆਂ ਦਾ ਵਟਾਂਦਰਾ ਸ਼ੁਰੂ ਹੋ ਜਾਂਦਾ ਹੈ। ਬਾਰਾਤ ਦੇ ਸਵਾਗਤ ਤੋਂ ਬਾਅਦ ਚਾਹ-ਪਾਣੀ ਛਕਣ ਵੇਲੇ ਪੱਤਲ-ਕਾਵਿ ਗਾਇਆ ਜਾਂਦਾ ਹੈ। ਜੁਗਨੀ ਅਤੇ ਸੰਮੀ ਪਿਆਰ ਦੇ ਗੀਤ ਹਨ। ਲੁੱਡੀ, ਧਮਾਲ, ਗਿੱਧੇ ਅਤੇ ਭੰਗੜੇ ਵਿਚ ਪਾਈਆਂ ਜਾਂਦੀਆਂ ਬੋਲੀਆਂ ਵੀ ਲੋਕ ਗੀਤਾਂ ਦੀਆਂ ਹੀ ਵੰਨਗੀਆਂ ਹਨ। ਜਿਵੇਂ:-

. ਸਾਡਾ ਚਿੜੀਆਂ ਦਾ ਚੰਬਾ ਵੇ.......

. ਐ ਮੇਰੇ ਬਾਬਲ ਵੇ ਮੇਰਾ ਕਾਜ ਰਚਾ............

. ਦੇਈਂ ਦੇਈਂ ਵੇ ਬਾਬਲਾ ਓਸ ਘਰੇ.........

. ਮਾਏ ਨੀ ਮੇਰਾ ਅੱਜ ਮੁਕਲਾਵਾ ਤੋਰ ਦੇ.......

. ਕੱਢ ਨੀ ਅੰਮੜੀ ਕੁਝ ਸਾਜਿਆ ਸਜਾਇਆ........

ਲੋਕ ਗੀਤ ਜਿਹਨਾਂ ਅਰਥਾਂ ਵਿਚ ਪੰਜਾਬੀ ਵਿਚ ਵਰਤਿਆ ਜਾਂਦਾ ਹੈ।ਉਸਤੋਂ ਭਾਵ ਇਹ ਹੈ ਕਿ ਲੋਕ ਗੀਤ ਉਹ ਹੁੰਦੇ ਹਨ ਜੋ ਪੀੜ੍ਹੀ - ਦਰ ਪੀੜ੍ਹੀ ਚੱਲੇ ਆਏ ਹਨ ਤੇ ਪਤਾ ਨਹੀਂ ਕਿਸਦੀ ਕਰਨਾ ।  ਲੋਕ ਗੀਤ ਜਨ-ਸਮੂਹ ਦੀਆਂ ਭਾਵਨਾਵਾਂ ਦਾ ਸੁੱਤੇ -ਸਿੱਧ ਪ੍ਰਗਟਾਵਾ ਹੁੰਦੇ ਹਨ। ਇਹ ਅਜਿਹਾ ਸੰਗੀਤ ਹੈ ਜਿਸਦਾ ਕੋਈ ਇਕ ਰਚਨਹਾਰਾ ਨਹੀਂ ਹੁੰਦਾ, ਸਗੋਂ ਇਹ ਜਨ-ਸਮੂਹ ਦੀ ਰਚਨਾ ਮੰਨੀ ਜਾਂਦੀ ਹੈ। ਇਹ ਮੰਗ ਰੂਪ ਵਿਚ ਇਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਪਹੁੰਚਦੇ ਹਨ। ਇਹ ਉਹ ਸੰਗੀਤ ਹੈ ਜਿਹੜਾ ਲੋਕ ਗਾਉਂਦੇ ਹਨ। ਲੋਕ ਗੀਤਾਂ ਦੀ ਆਤਮਾ ਇਸਦੇ ਬੋਲ ਨਹੀਂ ਬਲਕਿ ਧੁਨਾਂ ਹਨ ਜੋ ਹਰ ਪੰਜਾਬੀ ਦੇ ਦਿਲ ਵਿਚ ਚਾਅ ਤੇ ਉਮੰਗ ਭਰੀਆਂ ਤਰੰਗਾਂ ਛੇੜ ਦਿੰਦੀਆਂ ਹਨ। ਤਾਲੀ  ਦੀ ਆਵਾਜ, ਘੋੜੇ ਦੇ ਪੈੜਾਂ ਦੀ ਥਾਪ, ਚਰਖੇ ਦੀ ਘੂਕਰ ਆਦਿ ਹੀ ਪੰਜਾਬੀ ਲੋਕ ਗੀਤਾਂ ਦੀ ਤਾਲ ਹੁੰਦੀ ਸੀ। ਇਹਨਾਂ ਦੇ ਨਾਇਕ ਪੂਰਨ ਭਗਤ, ਗੋਪੀ ਚੰਦ, ਹਕੀਕਤ ਰਾਏ, ਸੁੱਚਾ ਸਿੰਘ , ਸੂਰਮਾ, ਜਿਉਣਾ ਮੋੜ, ਹੀਰ-ਰਾਂਝਾ, ਸੱਸੀ-ਪੁਨੂੰ, ਮਿਰਜਾ-ਸਾਹਿਬਾਂ, ਸੋਹਣੀ-ਮਹੀਵਾਲ ਹਨ ਜੋ ਪੰਜਾਬੀਆਂ ਦੇ ਦਿਲਾਂ ਵਿਚ ਬੀਰਤਾ, ਸੂਰਮਗਤੀ ਸੇਵਾ ਭਾਵਨਾ ਤੇ ਪਿਆਰ ਦੇ ਭਾਵ ਜਗਾਉਂਦੇ ਹਨ। ਅਜੋਕੇ ਸਮੇਂ ਪੰਜਾਬੀ ਸੰਗੀਤ ਬੇਸ਼ੱਕ ਵਿਸ਼ਵ ਪ੍ਰਸਿੱਧੀ ਹਾਸਿਲ ਕਰ ਚੁੱਕਿਆ ਹੈ ਪਰੰਤੂ ਇਹ ਆਪਣੇ ਮੂਲ ਰੂਪ ਨਾਲੋਂ ਕਾਫੀ ਬੇਗਾਨਾ ਹੋ ਗਿਆ ਹੈ। ਇਸਦੇ ਬੋਲ, ਇਸਦੀਆਂ ਧੁਨਾਂ ਪੱਛਮੀ ਸੰਗੀਤ ਨਾਲ ਰਲ਼ਾ-ਮਿਲਾ ਕੇ ਇਕ ਨਵਾਂ ਸੰਗੀਤ ਰੂਪ ਪੰਜਾਬੀ ਫਿਊਜ਼ਨ ਮਿਊਜ਼ਿਕ ਹੋਂਦ ਵਿਚ ਆ ਚੁੱਕਾ ਹੈ। ਅਜੋਕਾ ਮੀਡੀਆ ਰੇਡੀਓ, ਟੈਲੀਵਿਜ਼ਨ, ਅਖਬਾਰ, ਰਸਾਲੇ, ਟੀ.ਵੀ.ਚੈਨਲਜ਼, ਐੱਮ.ਟੀ.ਵੀ. ਅਤੇ ਈਟੀਸੀ ਪੰਜਾਬੀ ਆਦਿ ਇਸੇ ਸੰਗੀਤ ਨੂੰ ਲੋਕ ਸੰਗੀਤ ਦੇ ਨਾਂ ਹੇਠ ਪ੍ਰਚਲਿਤ ਕਰ ਰਿਹਾ ਹੈ। ਇਸਦਾ ਉਦੇਸ਼ ਕੇਵਲ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੈ।

ਸਿਨੇਮਾ ਸੰਚਾਰ ਦਾ ਸਸਤਾ, ਰੌਚਿਕ ਤੇ ਆਕਰਸ਼ਕ ਸਾਧਨ ਹੈ।... ਸਾਡੇ ਦੇਸ਼ ਦੀਆਂ ਝੁੱਗੀਆਂ-ਝੌਂਪੜੀਆਂ ਤੱਕ ਕਿਤਾਬ ਅਜੇ ਨਹੀਂ ਪੁੱਜੀ ਪਰ ਫਿਲਮ ਪੁੱਜ ਗਈ ਹੈ। ਬਹੁਤ ਸਾਰੀਆਂ ਕਲਾਵਾਂ ਜਿਵੇਂ ਸਾਹਿਤ, ਗੀਤ, ਸੰਗੀਤ, ਚਿਤਰਕਲਾ, ਵੇਸ਼ਭੂਸ਼ਾ, ਨਾਚ, ਨਾਟ ਆਦਿ ਦਾ ਮਿਸ਼ਰਣ ਹੋਣ ਕਾਰਨ ਇਹ ਹਰ ਕਿਸਮ ਦੇ ਦਰਸ਼ਕ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ।

ਲੋਕ ਗੀਤਾਂ ਦੀ ਪਰੰਪਰਾ ਹਰ ਦੇਸ਼ ਦੀ ਆਪਣੀ-ਆਪਣੀ ਤੇ ਜਾਤੀਗਤ ਹੁੰਦੀ ਹੈ।ਜਦੋਂ ਇਸ ਵਿਚ ਬਾਹਰੋਂ ਕੋਈ ਮਿਸ਼ਰਣ ਹੁੰਦਾ ਹੈ ਤਾਂ ਇਕ ਨਵਾਂ ਰੂਪ ਜ਼ਰੂਰ ਬਣਦਾ ਹੈ ਪਰ ਇਸਦੀ ਆਤਮਾ ਵੀ ਜ਼ਖਮੀ ਹੁੰਦੀ ਹੈ। ਇਹੀ ਪੰਜਾਬੀ ਲੋਕ ਗੀਤਾਂ ਨਾਲ ਵਾਪਰਿਆ ਹੈ। ਜੀਵਨ ਸਥਿਤੀ ਵਿਚ ਪਰਿਵਰਤਨ ਆਉਣ ਨਾਲ ਪਹਿਲੇ ਦਾਇਰੇ ਅਲੋਪ ਹੁੰਦੇ ਹਨ ਤੇ ਨਵੇਂ ਹੋਂਦ ਵਿਚ ਆਉਂਦੇ ਹਨ।ਇਹ ਨਵੇਂ ਦਾਇਰੇ ਆਪੋ-ਆਪਣੀ ਨਵੀਨਤਮ ਲੋਕਧਾਰਾ ਸਿਰਜਦੇ ਹਨ। ਅਜੋਕੇ ਸਮੇਂ ਪੰਜਾਬ ਵਿਚ ਕਾਲਜੀਏਟਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ, ਰਾਜਨੀਤਿਕ ਪਾਰਟੀਆਂ, ਡਰਾਇਵਰਾਂ ਤੇ ਕੰਡਕਟਰਾਂ ਦੇ ਨਵੇਂ ਦਾਇਰੇ ਹੋਂਦ ਵਿਚ ਆਉਣ ਨਾਲ ਬਹੁਤ ਕੁਝ ਬਦਲਿਆ ਹੈ। ਜਿਵੇਂ:- . ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਉਣਾ ਏ।(ਬੱਬੂ ਮਾਨ) ਸਮਾਜਿਕ ਪਰਿਵਰਤਨ ਦੇ ਨਾਲ-ਨਾਲ ਪੰਜਾਬ ਵਿਚ ਚਰਖਾ ਕੱਤਦੀਆਂ ਸਵਾਣੀਆਂ ਦੇ ਤ੍ਰਿੰਞਣਾਂ, ਤੀਆਂ ਦੇ ਗਿੱਧਿਆਂ ਦੀਆਂ ਰੌਣਕਾਂ, ਮੇਲਿਆਂ ਵਿਚ ਬੋਲੀਆਂ ਪਾਉਣ ਵਾਲੇ ਗੱਭਰੂਆਂ, ਸਾਧਾਂ-ਸੰਤਾਂ ਦੀਆਂ ਧੂਣੀਆਂ ਦੁਆਲੇ ਬਾਤਾਂ ਸੁਣਦੇ ਸ਼ਰਧਾਲੂਆਂ, ਚਰਾਂਦਾਂ ਵਿਚ ਵੱਗ ਚਾਰਦੇ ਪਾਲ਼ੀਆਂ, ਹਾਲ਼ੀਆਂ, ਦੋਹੇ ਗਾਉਣ ਵਾਲੇ ਬਜ਼ੁਰਗਾਂ ਤੇ ਪੇਸ਼ਾਵਰ ਮਰਾਸਣਾਂ ਦੇ ਦਾਇਰੇ ਹੌਲੀ-ਹੌਲੀ ਮਿਟ ਰਹੇ ਹਨ। ਦੂਜੇ ਪਾਸੇ ਵਪਾਰਕ ਇਸ਼ਤਿਹਾਰਬਾਜ਼ੀ ਨੇ ਆਪਣੀ ਪ੍ਰਕਾਰ ਦੀ ਲੋਕਧਾਰਾ ਪ੍ਰਚਲਿਤ ਕੀਤੀ ਹੈ 'ਭਾਈਏ ਦੀ ਹੱਟੀ, ਮੁੱਛ ਮਰੋੜ ਚਾਹ ਤੇ ਝੰਗ ਵਾਲੀ ਲੱਸੀ’, ‘ਟੈਰ ਟਾਟੇ ਦੇ ਤੇ ਸਲੀਪਰ ਬਾਟੇ ਦੇ ਆਦਿ।

ਅਜਿਹੀ ਕਵਿਤਾ ਜੋ ਲੋੜ ਪੈਣ ਤੇ ਕਿਸੇ ਖਾਸ ਤਾਲ ਅਨੁਸਾਰ, ਕਿਸੇ ਖਾਸ ਰਾਗ ਜਾਂ ਧੁਨ ਦੀ ਰੰਗਤ ਵਿਚ ਗਾਈ ਜਾ ਸਕੇ, ਗੀਤ ਅਖਵਾਉਂਦੀ ਹੈ। ਰਚਨਾ ਦੇ ਪਹਿਲੂ ਤੋਂ ਗੀਤ ਦੀਆਂ ਤਿੰਨ ਪ੍ਰਧਾਨ ਕਿਸਮਾਂ ਹਨ: ਲੋਕ ਗੀਤ,ਸੰਗੀਤਕ ਗੀਤ ਅਤੇ ਸਾਹਿਤਕ ਗੀਤ। ਲੋਕ ਗੀਤ ਮੁੱਖ ਰੂਪ ਵਿਚ ਗਾਏ ਜਾਣ ਲਈ ਹੀ ਰਚੇ ਜਾਂਦੇ ਹਨ। ਇਹ ਪਿੰਡਾਂ ਵਿਚ ਵਸਦੀ ਜਨਤਾ ਦੇ ਭਾਵਾਂ ਦਾ ਸੁਤੋਸਿਧ ਪ੍ਰਗਟਾਵਾ ਹੁੰਦੇ ਹਨ।ਇਹਨਾਂ ਦੀ ਸੁਰ, ਤਾਲ ਤੇ ਲੈਅ ਦੀ ਨੁਹਾਰ ਲੋਕਾਂ ਵਿਚ ਪ੍ਰਸਿੱਧ ਤੇ ਪ੍ਰਮੰਨੀਆਂ ਧੁਨਾਂ ਦੇ ਆਧਾਰ ਤੋਂ ਹੁੰਦੀ ਹੈ।ਛੰਦ ਦੀ ਚਾਲ ਪਿੰਗਲ ਅਧੀਨ ਰਹਿਣ ਦੀ ਪਾਬੰਦ ਨਹੀਂ ਹੁੰਦੀ ਸਗੋਂ ਮਨ ਦੇ ਵੇਗਾਂ ਦੀ ਲਖਾਇਕ ਤੇ ਕੁਦਰਤੀ ਉਤਾਰ-ਚੜ੍ਹਾਅ ਵਾਲੀ ਹੁੰਦੀ ਹੈ। ਸੰਗੀਤਕ ਗੀਤ ਕੇਵਲ ਸ਼ਾਸਤਰ ਵਿਚ ਮਿਥੇ ਰਾਗ-ਰਾਗਨੀਆਂ ਵਿਚ ਬੱਝੇ ਤਾਲਾਂ ਵਿਚ ਤੇ ਮੰਨੇ ਰੂਪਾਂ ਵਿਚ ਗਾਏ ਜਾਣ ਲਈ ਰਚੇ ਜਾਂਦੇ ਹਨ।ਸਾਹਿਤਕ ਗੀਤ ਖਾਸ ਤੌਰ ਤੇ ਸ਼ਹਿਰਾਂ ਵਿਚਲੀ ਪੜ੍ਹੀ-ਲਿਖੀ ਜਨਤਾ ਦੀ ਪੈਦਾਵਾਰ ਹਨ। ਇਹਨਾਂ ਵਿਚ ਭਾਸ਼ਾ ਸਾਹਿਤਕ ਗੁਣ ਵਾਲੀ, ਸ਼ਬਦ ਸੱਭਿਅਤ ਤੇ ਪ੍ਰਗਟਾਉ ਕੁਝ-ਕੁਝ ਦਿਮਾਗੀ ਬੋਝ ਦੇ ਪਰਛਾਵੇਂ ਹੇਠ ਸਿਮਟਿਆ-ਸਿਮਟਿਆ, ਛੰਦ-ਚਾਲ ਪਿੰਗਲ ਦੀਆਂ ਰੀਤਾਂ ਅਨੁਸਾਰ ਤੇ ਭਾਵ ਸੰਕੋਚਵੇਂ ਹੁੰਦੇ ਹਨ। ਉਪਰੋਕਤ ਤੋਂ ਇਲਾਵਾ ਗੀਤਾਂ, ਗੀਤਾਂ ਦੇ ਵਿਸ਼ੇ, ਇਲਾਕੇ ਤੇ ਸਮੇਂ ਦੇ ਆਧਾਰ ਤੇ ਹੋਰ ਵੀ ਅਨੇਕਾਂ ਭੇਦ ਹਨ ਪਰੰਤੂ ਇਹਨਾਂ ਸਭ ਦੀ ਰਚਨਾ ਲਈ ਇੱਛਾ, ਵਿਚਾਰ ਤੇ ਭਾਵ ਹੀ ਆਧਾਰ ਬਣਦੇ ਹਨ। ਇਹ ਇੱਛਾ ਵਿਚਾਰ ਤੇ ਭਾਵ ਬਾਹਰੀ ਦੁਨੀਆਂ ਦੇ ਰਚਨਹਾਰੇ ਦੇ ਮਨ ਉੱਤੇ ਪਏ ਅਕਸ ਹੁੰਦੇ ਹਨ।ਜਿਹੋ-ਜਿਹੀ ਬਾਹਰੀ ਦੁਨੀਆਂ ਉਹੋ ਜਿਹੇ ਗੀਤ। 

ਫਿਲਮਾਂ, ਰੇਡੀਉ ਤੇ ਗਰਾਮੋਫੋਨ ਦੀਆਂ ਰਿਕਾਰਡਾਂ ਦੀ ਮੰਗ ਨੇ ਗੀਤਕਾਰੀ ਨੂੰ ਉਤਸ਼ਾਹਿਤ ਕੀਤਾ। ਨੰਦ ਲਾਲ ਨੂਰਪੁਰੀ ਇਸ ਪਾਸੇ ਬਹੁਤ ਕਾਮਯਾਬ ਹੈ। ਇਹਨਾਂ ਗੀਤਾਂ ਦਾ ਸੰਗੀਤ ਕੁਝ ਫਿਲਮੀ, ਕੁਝ ਵਿਦੇਸ਼ੀ ਤੇ ਕੁਝ ਲੋਕ ਧੁਨਾਂ ਵਿਚੋਂ ਕਤਰ ਵਿਉਂਤ ਕੇ ਬਣਾਇਆ ਗਿਆ ਹੈ। ਲੋਕ ਗੀਤ ਅਜਿਹੇ ਪੇਂਡੂ ਗੀਤ ਹਨ ਜੋ ਜੰਗਲੀ ਗੁਲਾਬ ਵਾਂਗ ਆਪ ਮੁਹਾਰੇ ਖਿੜਦੇ, ਖੁਸ਼ਬੋਆਂ ਵੰਡਦੇ ਤੇ ਅਣਜਾਤੇ ਹੀ ਸਦੀਵ ਦੀ ਗੋਦੀ ਵਿਚ ਸੌਂ ਜਾਂਦੇ ਹਨ। ਇਹਨਾਂ ਦਾ ਰੂਪਾਂ, ਵਿਸ਼ਿਆਂ ਤੇ ਭੇਦਾਂ ਦਾ ਵਿਸਤਾਰ ਅਥਾਹ ਹੈ।

ਸਫਲ ਗੀਤ ਉਹੀ ਹੁੰਦਾ ਹੈ ਜਿਸ ਵਿਚ ਸਰੋਤੇ ਗੀਤ ਰਚਨ ਵਾਲੇ ਦੇ ਭਾਵਾਂ ਨਾਲ ਸਾਂਝ ਪਾ ਲੈਂਦੇ ਹਨ। ਅਜੋਕੀ ਬਹੁਤੀ ਗੀਤਕਾਰੀ ਇਸ ਗੁਣ ਤੋਂ ਸੱਖਣੀ ਹੈ। ਸਾਰੇ ਦਾ ਸਾਰਾ ਗੀਤ ਖਤਮ ਹੋ ਜਾਂਦਾ ਹੈ ਤੇ ਬਹੁਤਿਆਂ ਨੂੰ ਸਮਝ ਹੀ ਨਹੀਂ ਪੈਂਦੀ ਕਿ ਆਖਰ ਗੀਤਕਾਰ ਕਹਿਣਾ ਕੀ ਚਾਹੁੰਦਾ ਹੈ? ਇਸਦਾ ਕਾਰਨ ਇਹ ਨਹੀਂ ਕਿ ਸਰੋਤੇ ਘੈਂਟ ਸਿਆਣੇ ਹੋ ਗਏ ਹਨ। ਅਸਲ ਵਿਚ ਗੀਤਾਂ ਦਾ ਪੱਧਰ ਹੀ ਇੰਨਾ ਨੀਵਾਂ ਹੋ ਗਿਆ ਹੈ ਕਿ ਇਹਨਾਂ ਵਿਚ ਕੇਵਲ ਧੁਨਾਂ ਦਾ ਸ਼ੋਰ ਹੀ ਸੁਣਾਈ ਦਿੰਦਾ ਹੈ, ਬੋਲ ਤਾਂ ਅਲੋਪ ਹੀ ਜਾਪਦੇ ਹਨ। ਅਜੋਕੇ ਸਮੇਂ ਰੇਡੀਉ ਅਤੇ ਟੀ.ਵੀ. ਉੱਤੇ ਸਾਡੇ ਕਵੀਆਂ ਦੇ ਕਈ ਗੀਤਾਂ ਨੂੰ ਵੀ ਲੋਕ ਗੀਤ ਕਹਿ ਦਿੱਤਾ ਜਾਂਦਾ ਹੈ। ਇਸ ਤੋਂ ਉਹਨਾਂ ਦਾ ਭਾਵ ਇਹ ਹੁੰਦਾ ਹੈ ਕਿ ਭਾਵੇਂ ਇਹ ਗੀਤ ਵਰਤਮਾਨ ਕਵੀਆਂ ਦੇ ਰਚੇ ਹੋਏ ਹਨ ਪਰ ਇਹ ਲੋਕ ਗੀਤਾਂ ਵਰਗੇ ਹਨ।

ਲੋਕ ਗੀਤਾਂ ਅਤੇ ਅਜੋਕੇ ਗੀਤਾਂ ਵਿਚ ਜੜ੍ਹ ਦੀ ਸਾਂਝ ਤਾਂ ਹੈ ਪਰ ਸੁਆਦ ਦੀ ਭਿੰਨਤਾ ਹੈ। ਲੋਕ ਗੀਤ ਲੋਕਿਕਤਾ ਤੇ ਸਮਾਜਿਕਤਾ ਨੂੰ ਵਧੇਰੇ ਅਪਣਾਉਂਦੇ ਹਨ। ਇਹਨਾਂ ਵਿਚ ਭਾਵੁਕ ਅੰਸ਼ ਵਧੀਕ ਹੁੰਦਾ ਹੈ। ਇਹਨਾਂ ਦਾ ਘੇਰਾ ਚੌੜਾ ਹੈ ਤੇ ਪ੍ਰਭਾਵ ਖੇਤਰ ਵੀ ਵਿਸ਼ਾਲ ਹੈ। ਆਧੁਨਿਕ ਗੀਤ ਲੋਕ ਗੀਤਾਂ ਦਾ ਹੀ ਸੋਧਿਆ ਤੇ ਵਿਗਸਿਆ ਰੂਪ ਹੈ। ਇਹਨਾਂ ਵਿਚ ਵੰਡ ਲਕੀਰ ਖਿੱਚਣਾ ਨਾ ਤਾਂ ਬਹੁਤੀ ਲੋੜੀਂਦੀ ਹੈ ਅਤੇ ਨਾ ਹੀ ਬਹੁਤੀ ਸੰਭਵ। ਆਧੁਨਿਕ ਮਸ਼ੀਨੀ ਯੁੱਗ ਵਿਚ ਸਮੇਂ ਦੀ ਕਮੀ ਕਾਰਨ ਹਰੇਕ ਮਨੁੱਖ ਛੋਟੇ-ਛੋਟੇ ਗੀਤਾਂ ਤੋਂ ਹੀ ਵੱਡੇ-ਵੱਡੇ ਸੁਆਦ ਲੈਣ ਦਾ ਆਦੀ ਜਿਹਾ ਹੋ ਚੱਲਿਆ ਹੈ। ਰੇਡੀਉ ਤੇ ਟੀ.ਵੀ.ਰਾਹੀਂ ਚੱਲਦੇ ਗੀਤ ਉਸਦੀ ਇਸ ਲੋੜ ਨੂੰ ਪੂਰਾ ਕਰਦੇ ਹਨ। ਉਹ ਗੀਤਾਂ ਦੀਆਂ ਧੁਨਾਂ ਵਿਚ ਗੁੰਮ ਹੋ ਕੇ ਉਸਦੇ ਬੋਲਾਂ ਦੀ ਲੱਚਰਤਾ ਤੋਂ ਵੀ ਅਵੇਸਲਾ ਹੋ ਜਾਂਦਾ ਹੈ। 

ਅੱਜ ਕੋਈ ਵੀ ਵਿਅਕਤੀ ਕਿਸੇ ਪੰਨੇ ਉੱਤੇ ਚਾਰ ਝਰੀਟਾਂ ਮਾਰ ਕੇ ਆਪਣੇ ਆਪ ਨੂੰ ਬਹੁਤ ਵੱਡਾ ਗੀਤਕਾਰ ਸਮਝਣ ਲੱਗ ਜਾਂਦਾ ਹੈ। ‘ਦਿਲ ਤੋੜਨ ਵਾਲੀਏ ਨੀ ਤੈਨੂੰ ਜੇਲ੍ਹ ਹੋ ਜਾਵੇ, ਤੂੰ ਆਉਣ ਵਾਲੇ ਪੇਪਰਾਂ ਚੋਂ ਫੇਲ੍ਹ ਹੋ ਜਾਵੇ ਵਰਗੇ ਅਨੇਕਾਂ ਹੀ ਗੀਤ ਮੀਡੀਆ ਰਾਹੀਂ ਸਾਡੇ ਕੰਨਾਂ ਤੱਕ ਪਹੁੰਚਦੇ ਤੇ ਕੰਨ ਰਸ ਨੂੰ ਦੂਸ਼ਿਤ ਕਰਦੇ ਹਨ। ਹਰ ਵਿਅਕਤੀ ਗੀਤਕਾਰ ਨਹੀਂ ਬਣ ਸਕਦਾ। ਕੇਵਲ ਉਹੀ ਗੀਤਕਾਰ ਬਣ ਸਕਦਾ ਹੈ ਜਿਸ ਪਾਸ ਤੋਲ, ਤੁਕਾਂਤ ਅਤੇ ਬੋਲੀ ਦੀ ਜਾਦੂਗਰੀ ਹੋਵੇ, ਲਟ-ਲਟ ਬਲਦਾ ਜ਼ਜ਼ਬਾ ਹੋਵੇ, ਜੋ ਇਸ਼ਕ ਦੀ ਤਾਲ ਉੱਤੇ ਨੱਚ ਸਕੇ, ਜਜ਼ਬੇ ਦੇ ਵਹਿਣ ਵਿਚ ਰੁੜ੍ਹ ਸਕੇ, ਸੁੰਦਰਤਾ ਨੂੰ ਰੁਲਦਿਆਂ ਵੇਖ ਕੇ ਕੁਰਲਾ ਉੱਠੇ।

ਪਰੰਤੂ ਅਜੋਕੇ ਗੀਤ ਸੁੰਦਰਤਾ ਦਾ ਸੌਦਾ ਕਰਦੇ ਹਨ।ਹਨੀ ਸਿੰਘ ਜੋ ਬਹੁਤ ਵੱਡਾ ਗੀਤਕਾਰ ਤੇ ਗਾਇਕ ਹੋਣ ਦਾ ਦਾਅਵਾ ਕਰਦਾ ਹੈ ਤੇ ਲੋਕਾਂ ਵਿਚ ਪ੍ਰਸਿੱਧੀ ਵੀ ਬਹੁਤ ਖੱਟੀ ਹੈ ਪਰ ਉਸਦੀ ਪ੍ਰਸਿੱਧੀ ਅਸਲ ਵਿਚ ਉਸਦੀ ਲੱਚਰਤਾ ਹੈ।ਅਜੋਕੀ ਪੜ੍ਹੀ-ਲਿਖੀ ਆਧੁਨਿਕ ਅਖਵਾਉਂਦੀ ਨਾਰੀ ਜਦੋਂ ਆਪਣੀ ਸੁਧ-ਬੁਧ ਗੁਆ ਕੇ ਹਨੀ ਸਿੰਘ ਵਰਗਿਆਂ ਦੀਆਂ ਧੁਨਾਂ ਉੱਤੇ ਨੱਚਦੀ ਹੈ ਤਾਂ ਉਸਦੀ ਸਮਝਦਾਰੀ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ। ਆਧੁਨਿਕ ਗੀਤਕਾਰਾਂ ਵਿਚ ਪ੍ਰਸਿੱਧ ਹੋਣ ਦੀ ਕਾਹਲ ਹੈ, ਫਿਲਮਾਂ ਵਿਚ ਗੀਤ ਤੇਜ ਕੇ ਪੈਸੇ ਕਮਾਉਣ ਦੀ ਲਾਲਸਾ ਹੈ, ਰੇਡੀਉ ਸਟੇਸ਼ਨਾਂ ਤੇ ਅਖਬਾਰਾਂ-ਰਸਾਲਿਆਂ ਵਿਚ ਨਾਂ ਛਪਵਾਉਣ ਦੀ ਭੁੱਖ ਹੈ। ਲੋਕ ਗੀਤ ਲੋਕਾਂ ਲਈ ਹੁੰਦੇ ਸਨ ਜੋ ਉਹਨਾਂ ਦੀ ਸਾਂਝੀ ਖੁਸ਼ੀ ਜਾਂ ਗਮੀ ਦੀ ਤਰਜਮਾਨੀ ਕਰਦੇ ਸਨ, ਜੀਵਨ ਲਈ ਸੇਧ ਦਿੰਦੇ ਸਨ। ਅਜੋਕੇ ਗੀਤ ਮੰਡੀ ਲਈ ਲਿਖੇ ਜਾਂਦੇ ਹਨ ਜਿਹਨਾਂ ਦਾ ਮਕਸਦ ਘੱਟ ਤੋਂ ਘੱਟ ਮਿਹਨਤ ਨਾਲ ਘੱਟ ਸਮੇਂ ਵਿਚ ਵੱਧ ਤੋਂ ਵੱਧ ਪੈਸਾ ਤੇ ਪ੍ਰਸਿੱਧੀ ਕਮਾਉਣਾ ਹੁੰਦਾ ਹੈ ਬੇਸ਼ੱਕ ਇਹ ਸਮਾਜ ਨੂੰ ਕੁਰਾਹੇ ਲੈ ਜਾਣ। ਜਿਵੇਂ:- . ਚਾਰ ਬੋਤਲ ਵੋਦਕਾ, ਕਾਮ ਮੇਰਾ ਰੋਜ਼ ਕਾ। . ਚੱਕ ਲੋ ਰਿਵਾਲਵਰ ਰਫਲਾਂ ਕਿ ਕਬਜ਼ਾ ਲੈਣਾ ਏ।ਆਦਿ

ਸਾਹਿਤਕ ਗੀਤਾਂ ਤੇ ਲੋਕ ਗੀਤਾਂ ਦੀ ਅਟੁੱਟ ਸਾਂਝ ਹੈ। ਸਾਹਿਤਕ ਗੀਤਾਂ ਦਾ ਜਨਮ ਲੋਕ ਗੀਤਾਂ ਵਿਚੋਂ ਹੁੰਦਾ ਹੈ ਤੇ ਲੋਕ ਗੀਤ ਮਨੁੱਖ ਹਿਰਦਿਆਂ ਦੀਆਂ ਅਥਾਹ ਡੂੰਘਾਈਆਂ ਨੂੰ ਚੀਰ ਕੇ ਆਪ ਮੁਹਾਰੇ ਟੁੱਟੇ ਹੋਏ ਹੁੰਦੇ ਹਨ। ਜਦੋਂ ਮਨੁੱਖੀ ਹਿਰਦਿਆਂ ਵਿਚ ਜ਼ਜ਼ਬਿਆਂ ਦਾ ਹੜ੍ਹ ਰੋਕਦਿਆਂ-ਰੋਕਦਿਆਂ ਵੀ ਰੁਕਦਾ ਨਹੀਂ ਤਾਂ ਗੀਤ ਦਾ ਜਨਮ ਹੁੰਦਾ ਹੈ। ਅੱਜ ਕੱਲ੍ਹ ਮੀਡੀਆ ਉੱਤੇ ਚੱਲਦੇ ਗੀਤਾਂ ਨੂੰ ਸੁਣ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਦਿਲ ਤੇ ਦਿਮਾਗ ਉੱਤੇ ਅਸ਼ਲੀਲਤਾ, ਅਸੱਭਿਅਤਾ ਤੋਂ ਬਾਜ਼ਾਰੂਪਨ ਭਾਰੂ ਹੋ ਗਿਆ ਹੈ, ਬਹੁਤਿਆਂ ਦੀ ਆਤਮਾ ਤੇ ਜ਼ਮੀਰ ਮਰ ਚੁੱਕੇ ਹਨ ਤੇ ਬਹੁਤਿਆਂ ਦੇ ਮਰਨ ਕਿਨਾਰੇ ਹਨ। ਮੀਡੀਆ ਤੇ ਚੱਲਦੇ ਅਜੋਕੇ ਗੀਤਾਂ ਨੇ ਸਾਡੀ ਨੌਜਵਾਨ ਪੀੜ੍ਹੀ ਪਾਸੋਂ ਕਿਰਤ ਦਾ ਸੰਕਲਪ ਖੋਹ ਲਿਆ ਹੈ। ਅਜੋਕੀ ਨੌਜਵਾਨ ਪੀੜ੍ਹੀ ਲਈ ਬੁਲੋਟ ਦੇ ਪਿੱਛੇ ਪਤਲੀ ਜਿਹੀ ਨਾਰ ਨੂੰ ਲੈ ਕੇ ਗੇੜੀਆਂ ਲਾਉਣ ਦਾ ਸੁਪਨਾ ਹੀ ਜ਼ਿੰਦਗੀ ਦਾ ਮਕਸਦ ਹੈ। ਰਵਿੰਦਰ ਗਰੇਵਾਲ ਗਾਉਂਦਾ ਹੈ:- . ਬੁਲੇਟ ਦੇ ਪਿੱਛੇ ਬੈਠੀ ਪਤਲੀ ਜਿਹੀ ਨਾਰ ਹੋਵੇ।

ਪੰਜਾਬੀ ਮੁਟਿਆਰ ਗ੍ਰਹਿਸਥ ਜੀਵਨ ਦੀਆਂ ਸਾਰੀਆਂ ਔਕੜਾਂ ਨੂੰ ਭੁੱਲ ਕੇ ਆਪਣੇ ਪਤੀ ਨੂੰ ਸਾਰੇ ਜਹਾਨ ਵਿਚੋਂ ਉੱਤਮ ਸਮਝਦੀ ਹੈ:-

.ਵੇ ਮੈਂ ਤੇਰੀ ਆਂ ਨਣਦ ਦਿਆ ਵੀਰਾ ਜੁੱਤੀ ਉੱਤੋਂ ਜੰਗ ਵਾਰਿਆ। ਅਜੋਕਾ ਮੀਡੀਆ ਮੁਟਿਆਰ ਨੂੰ ਪਦਾਰਥਕ ਰੰਗੀਨੀਆਂ ਵਿਚ ਰੰਗਣ ਤੇ ਨਵੇਂ-ਨਵਿਆਂ ਨਾਲ ਲਾਉਣ ਦੀ ਪ੍ਰੇਰਣਾ ਦਿੰਦਾ ਨਜ਼ਰ ਆਉਂਦਾ ਹੈ।ਜਿਵੇਂ ਦਿਲਜੀਤ ਦਾ ਇਕ ਗੀਤ ਹੈ: ਸੁਰਗਾਂ ਦੀ ਸੈਰ ਕਰਾਵਾਂ ਨੀ ਛੱਡ ਪਹਿਲੇ ਨੂੰ। ਪੰਜਾਬੀ ਲੋਕ ਗੀਤ ਆਪਣੇ ਆਪ ਵਿਚ ਮਹਾਨ ਸਾਹਿਤ ਹੈ ਜਿਸ ਵਿਚ ਦਿਲ ਪਰਚਾਵਾ ਹੀ ਨਹੀਂ ਸਗੋਂ ਭਰਪੂਰ ਸਮਾਜਿਕ ਚੇਤੰਨਤਾ ਅਤੇ ਨਰੋਏ ਪ੍ਰਗਤੀਸ਼ੀਲ ਵਿਚਾਰ ਵੀ ਹਨ। ਇਹ ਲੋਕ ਗੀਤ ਆਪ ਇਕ ਚੰਗਾ ਸਾਹਿਤ ਹੁੰਦੇ ਹੋਏ ਸਾਡੇ ਲਿਖਤੀ ਸਾਹਿਤ ਦਾ ਸੋਮਾ ਹਨ ਅਤੇ ਉਹਦੇ ਸਰੀਰ ਲਈ ਲਹੂ ਤੇ ਮਾਸ ਦਾ ਦਰਜਾ ਰੱਖਦੇ ਹਨ। ਵਿਸ਼ਵੀਕਰਨ ਨੇ ਸੰਸਾਰ ਨੂੰ ਮੰਡੀ ਬਣਾ ਦਿੱਤਾ ਹੈ, ਪੈਸਾ ਹੀ ਜ਼ਿੰਦਗੀ ਦਾ ਆਧਾਰ ਹੈ, ਹਰ ਸ਼ੈਅ ਵੇਚਣ ਲਈ ਤਿਆਰ ਹੁੰਦੀ ਹੈ। ਮੀਡੀਆ ਨੇ ਸਾਡੇ ਲੋਕ ਗੀਤਾਂ ਨੂੰ ਵੀ ਇਸ ਬਾਜ਼ਾਰ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਤਦੇ ਤਾਂ ਸਾਡਾ ਖੇਡ ਗੀਤ ਕੋਟਲਾ ਛਪਾਕੀ ਇਉਂ ਪੇਸ਼ ਹੋਇਆ ਹੈ: . ਕੋਟਲਾ ਛਪਾਕੀ ਜੁੰਮੇ ਰਾਤ ਆਈ ਏ ਜਿਹੜਾ ਅਜੇ ਵੀ ਨਾ ਨੱਚੇ ਉਹਦੀ ਸ਼ਾਮਤ ਆਈ ਏ।।

ਅਜੋਕੀ ਮੰਡੀ ਵਿਚ ਉਹੀ ਚੀਜ਼ ਵਿਕਦੀ ਹੈ ਜੋ ਸ਼ਰਮ ਤੇ ਲਿਹਾਜ਼ ਦਾ ਪਰਦਾ ਲਾਹ ਕੇ ਆਪਣਾ ਪ੍ਰਦਰਸ਼ਨ ਕਰਦੀ ਹੈ। ਇਹੀ ਹਾਲ ਸਾਡੇ ਲੋਕ ਗੀਤਾਂ ਦਾ ਵੀ ਹੋਇਆ ਹੈ।ਲੋਕ ਧੁਨਾਂ ਨੂੰ ਲੈ ਕੇ ਅਜਿਹੇ ਗੀਤ ਬਾਜ਼ਾਰ ਵਿਚ ਆ ਰਹੇ ਹਨ ਕਿ ਸਰੋਤੇ ਇਹਨਾਂ ਲੋਕ ਧੁਨਾਂ ਵਿਚ ਹੀ ਮਗਨ ਹੋ ਜਾਂਦੇ ਹਨ ਤੇ ਗੀਤ ਦੇ ਕੁਬੋਲਾਂ ਵੱਲ ਤਾਂ ਧਿਆਨ ਹੀ ਨਹੀਂ ਦਿੰਦੇ।ਗੁਰਦਾਸ ਮਾਨ ਸਾਹਿਬ, ਹਰਭਜਨ ਮਾਨ, ਬਾਬੂ ਸਿੰਘ ਮਾਨ ਕੁਝ ਅਜਿਹੇ ਚੋਣਵੇਂ ਗੀਤਕਾਰ ਤੇ ਗਾਇਕ ਹਨ ਜੋ ਸਾਡੀਆਂ ਲੋਕ ਕਲਾਵਾਂ, ਲੋਕ ਗੀਤਾਂ ਤੇ ਲੋਕ ਪਹਿਰਾਵੇ ਦੇ ਹੋ ਰਹੇ ਘਾਣ ਲਈ ਚਿੰਤਾਤੁਰ ਨਜ਼ਰ ਆਉਂਦੇ ਹਨ .ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ…......... ਕੀ ਬਣੂੰ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਹਰਭਜਨ ਮਾਨ ਚਿੰਤਾ ਪ੍ਰਗਟ ਕਰਦਾ ਹੋਇਆ ਗਾਉਂਦਾ ਹੈ:- .ਅੱਜ-ਕੱਲ੍ਹ ਜਾਗੋ ਟੀ.ਵੀ.ਦੀ ਇਕ ਆਈਟਮ ਬਣ ਕੇ ਰਹਿ ਗਈ

ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ ਮਾਈ ਹੋਮ, ਦੇਸ ਹੋਇਆ ਪ੍ਰਦੇਸ ਆਦਿ ਫਿਲਮਾਂ ਨੇ ਨਾ ਕੇਵਲ ਪੰਜਾਬ ਸਗੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਿਚ ਵੀ ਪ੍ਰਸਿੱਧੀ ਹਾਸਿਲ ਕੀਤੀ ਹੈ। ਇਸਦਾ ਕਾਰਨ ਲੋਕ ਨਾਚਾਂ ਤੇ ਲੋਕ ਸੰਗੀਤ ਲੋਕਧਾਰਾਈ ਕਲਾ ਰੂਪਾਂ ਦੀ ਭਰਪੂਰ ਵਰਤੋਂ ਵੀ ਹੈ।ਹਰਭਜਨ ਮਾਨ ਦੀ ਗਾਇਕੀ ਵਿਚ ਪੰਜਾਬੀ ਟੱਪੇ ਪੇਸ਼ ਹੋਏ ਹਨ: 

.ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ, ਜਵਾਨੀ ਤੇ ਮਾਪੇ।

.ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿਚ ਰਾਜੀ।ਆਦਿ

‘ਜੀ ਆਇਆਂ ਨੂੰ’ ਫਿਲਮ ਵਿਚ ਸੰਮੀ, ਕਿੱਕਲੀ, ਗਿੱਧਾ, ਭੰਗੜਾ ਲੋਕ ਨਾਚਾਂ ਤੇ ਲੋਕ ਗੀਤਾਂ ਦੀ ਪੇਸ਼ਕਾਰੀ ਹੋਈ ਹੈ।ਲੱਗੀ ਵਾਲੇ ਤਾਂ ਕਦੇ ਨੀਂ ਅੱਖ ਲਾਉਂਦੇ ਗੀਤ ਵਿਚ ਲੋਕ ਕਥਾਵਾਂ ਹੀਰ-ਰਾਂਝਾ, ਸੱਸੀ-ਪੁਨੂੰ, ਮਿਰਜ਼ਾ-ਸਾਹਿਬਾਂ ਦੀ ਖੂਬਸੂਰਤ ਪੇਸ਼ਕਾਰੀ ਹੋਈ ਮਿਲਦੀ ਹੈ।ਇਹ ਮੀਡੀਆ ਦੇ ਸਕਾਰਾਤਮਕ ਉਪਰਾਲੇ ਹਨ।

ਮੀਡੀਆ ਰਾਹੀਂ ਇਹ ਲੋਕਧਾਰਾਈ ਕਲਾ ਰੂਪ ਸ਼ੁੱਧ ਰੂਪ ਵਿਚ ਨਹੀਂ ਬਲਕਿ ਵਪਾਰਕ ਰੂਪ ਵਿਚ ਪੇਸ਼ ਹੁੰਦੇ ਹਨ, ਜਿਸ ਕਰਕੇ ਇਹ ਬਹੁਤੇ ਹੰਢਣਸਾਰ ਤਾਂ ਨਹੀਂ ਹੁੰਦੇ ਪਰ ਆਮ ਦਰਸ਼ਕ ਨੂੰ ਕੁਝ ਸਮੇਂ ਲਈ ਆਪਣੇ ਵਹਿਣ ਵਿਚ ਵਹਾ ਲੈਣ ਦੇ ਯੋਗ ਹੁੰਦੇ ਹਨ।
ਪੰਜਾਬ ਵਿਚ ਅੱਜ ਨਸ਼ਿਆਂ ਦਾ ਜੋ ਛੇਵਾਂ ਦਰਿਆ ਵਗ ਰਿਹਾ ਹੈ ਉਸ ਦਾ ਇਕ ਕਾਰਨ ਹੋਣ ਵਾਲੇ ਗੀਤ ਹੀ ਹਨ। ਜਿਵੇਂ:-

. ਦਾਰੂ ਪੀ ਕੇ ਦਾਰੂ ਪੀ ਕਲੇ ਜੱਟ ਬੁਕਦੇ ਮਾਰਦੇ ਗਲੀ 'ਚ ਲਲਕਾਰੇ।

.ਦੋ ਪੈੱਗ ਲਾ ਕੇ ਲੱਗਦਾ ਏ ਸਾਰਾ ਪਿੰਡ ਮਿੱਤਰਾਂ ਦਾ ਮਿੱਤਰਾਂ ਦੀ

. ਮੋਟਰ ਤੇ ਨਿੱਤ ਕੱਚ ਦੀ ਗਲਾਸੀ ਖੜਕੇ।

ਅਜਿਹੇ ਗੀਤ ਨੌਜਵਾਨ ਪੀੜ੍ਹੀ ਦੇ ਦਿਲ ਵਿਚ ਇਹ ਵਿਚਾਰ ਚੰਗੀ ਤਰ੍ਹਾਂ ਬਿਠਾ ਦਿੰਦੇ ਹਨ ਕਿ ਇਹ ਗੀਤ ਉਹਨਾਂ ਉੱਪਰ ਢੁੱਕਦੇ ਹਨ ਤੇ ਪੀਣੀ ਉਹਨਾਂ ਦਾ ਅਧਿਕਾਰ ਹੈ।ਅੱਜ ਪੰਜਾਬ ਵਿਚ ਸਕੂਲਾਂ ਨਾਲੋਂ ਵੱਧ ਠੇਕੇ ਖੁੱਲ੍ਹ ਗਏ ਹਨ। ਇਸ ਲਈ ਜ਼ਿੰਮੇਵਾਰ ਕੌਣ ਹੈ? ਉਹ ਮੀਡੀਆ ਜੋ ਆਪਣੇ ਆਚਰਣ ਤੋਂ ਡਿੱਗ ਚੁੱਕਿਆ ਹੈ, ਉਹ ਮਾਪੇ ਜੋ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਨਹੀਂ ਸਕੇ, ਜਾਂ ਉਹ ਸਰਕਾਰ ਜੋ ਅੱਖੀਂ ਵੇਖ ਕੇ ਮੱਖੀ ਨਿਗਲਣ ਲਈ ਤਿਆਰ ਹੈ। ਜੱਟ ਕੌਮ ਜੋ ਮਿਹਨਤੀ ਕੌਮ ਵਜੋਂ ਜਾਣੀ ਜਾਂਦੀ ਸੀ, ਅਜੋਕੇ ਮੀਡੀਆ ਨੇ ਉਸਨੂੰ ਸ਼ਰਾਬੀ-ਕਬਾਬੀ ਕੌਮ ਵਜੋਂ ਪੇਸ਼ ਕਰਕੇ ਉਸਨੂੰ ਚੁਟਕਲਿਆਂ ਦਾ ਪਾਤਰ ਬਣਾ ਦਿੱਤਾ ਹੈ। ਕਾਲਜ ਪੜ੍ਹਾਈ ਨਹੀਂ ਸਗੋਂ ਨਸ਼ੇ ਤੇ ਆਸ਼ਿਕੀ ਦੇ ਕੇਂਦਰ ਬਣ ਚੁੱਕੇ ਹਨ। ਅੱਜ ਦਾ ਨੌਜਵਾਨ ਸ਼ਰਾਬ ਪੀਣ ਵਿਚ ਫਖਰ ਮਹਿਸੂਸ ਕਰਦਾ ਹੈ। ਉਹ ਆਪਣੇ ਫੁੱਲਾਂ ਵਰਗੇ ਪੰਜਾਬੀ ਵਿਰਸੇ ਨੂੰ ਛੱਡ ਕੇ ਸ਼ਰਾਬ ਦੇ ਚਿੱਕੜ ਵਿਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਫਲਸਰੂਪ ਕਿਸਾਨ ਆਪਣੀ ਮਾਂ ਵਰਗੀ ਜ਼ਮੀਨ ਤੋਂ ਹੱਥ ਧੋ ਬਹਿੰਦਾ ਹੈ ਤੇ ਸ਼ਹਿਰੀ ਨੌਜਵਾਨ ਦੇ ਹੱਥ-ਪੱਲੇ ਕੁਝ ਨਹੀਂ ਰਹਿੰਦਾ। ਲੋਕ ਗੀਤ ਲੋਕ ਮਾਨਸ ਦੀ ਸੰਪੂਰਨ ਤੇ ਸੁਚਿੱਤਰਤ ਰੂਪ ਵਿਚ ਪ੍ਰਤੀਨਿਧਤਾ ਕਰਦੇ ਹਨ।....ਇਥੋਂ ਤੱਕ ਕਿ ਜਿਸ ਕਾਲ ਵਿਚ ਇਹ ਰਚੇ ਗਏ ਉਸਦਾ ਸੰਪੂਰਨ ਯੁੱਗ ਚਿਤਰਣ ਵੀ ਇਹਨਾਂ ਵਿਚੋਂ ਮਿਲ ਜਾਂਦਾ ਹੈ।

ਸਿੱਟਾ

[ਸੋਧੋ]

ਅਗਲੇ ਸੀ ਤਾਂ ਅਜੋਕੇ ਸਮੇਂ ਵਿੱਚ ਮੀਡੀਆ ਸਾਡੇ ਲਈ ਬਹੁਤ ਹੀ ਲਾਭਕਾਰੀ ਸਾਧਨ ਹੈ। ਪਰ ਉਪਰ ਦਿੱਤੇ ਗਏ ਵੇਰਵੇ ਨੂੰ ਦੇਖਦੇ ਹੋਏ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਲੋਕ ਧਾਰਾ ਅਤੇ ਲੋਕ ਕਲਾ ਦੀਆਂ ਸਾਰੀਆਂ ਕਿਸਮਾਂ, ਜੋ ਕਿ ਪਰੰਪਰਾਗਤ ਵਿਰਸਾ ਹੈ, ਮੀਡੀਆ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਜਿਸ ਕਰਕੇ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਕਾਫੀ ਵੱਡੀ ਸੱਟ ਪਹੁੰਚਾਈ ਹੈ। ਇਸ ਕਰਕੇ ਅੱਜ ਸਭ ਤੋਂ ਵੱਡੀ ਜ਼ਰੂਰਤ ਹੈ ਆਪਣੀ ਲੋਕ ਵਿਰਸੇ ਨੂੰ ਸੰਭਾਲਣ ਦੀ। ਇਸ ਲਈ ਅੱਜ ਦੀ ਨਵੀਂ ਪੀੜ੍ਹੀ ਨੂੰ ਉਜਾਗਰ ਹੋਣਾ ਪਵੇਗਾ ਨਹੀਂ ਤਾਂ ਸ਼ਾਇਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਵਿਰਸੇ ਦਾ ਕਦੇ ਗਿਆਨ ਨਹੀ ਹੋਵੇਗਾ।


  1. ਸਿੰਘ, ਡਾਕਟਰ ਨਿਸ਼ਾਨ. ਸਵਾਲਾਂ ਹੇਠ ਹੈ ਮੀਡੀਏ ਦੀ ਭਰੋਸੇਯੋਗਤਾ.
  2. भारतीय मीडिया : अंतरंग पहचान. दिल्ली: भारत पुस्तक भण्डार.
  3. Yukic, Thomas s. (1970). Fundamentals of Recreation.
  4. ਬੇਦੀ, ਡਾ. ਬਣਜਾਰਾ. ਪੰਜਾਬ ਦੀ ਲੋਕਧਾਰਾ.