ਅਲਾਹੁਣੀਆਂ ਲੋਕਧਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਲਾਹੁਣੀ, ਜਨਮ ਤੇ ਵਿਆਹ ਤੋਂ ਅੱਗੇ ਸਾਡੇ ਜੀਵਨ ਦਾ ਤੀਜਾ ਦਿਨ ਮੌਤ ਹੈ। ਪਹਿਲੇ ਦੋ ਦਿਹਾੜੇ ਖੁਸ਼ੀ ਦੇ ਹਨ ਤੇ ਤੀਜਾ ਸੋਗ ਦਾ। ਤਕਰੀਬਨ ਸਾਰੇ ਹੀ ਦੇਸ਼ਾਂ ਵਿੱਚ ਕਿਸੇ ਦੇ ਮੌਤ ਤੇ ਸੋਗ ਮਨਾਇਆ ਜਾਂਦਾ ਹੈ, ਕੋਈ ਵੀ ਕਿਸੇ ਦੇ ਮਰਨ ਤੇ ਖੁਸ਼ ਨਹੀਂ ਹੁੰਦਾ, ਹਰੇਕ ਦੇਸ਼ ਤੇ ਕੌਮ ਦੇ ਯੋਗ ਦੇ ਆਪੋ-ਆਪਣੇ ਰਿਵਾਜ਼ ਹਨ। ਪਰ ਰੌਣਾ ਸਭ ਵਿੱਚ ਸਾਂਝਾ ਹੈ, ਭਾਵੇਂ ਕੋਈ ਕਿਸੇ ਤਰ੍ਹਾਂ ਰੋਂਦਾ ਹੈ ਤੇ ਕੋਈ ਕਿਸ ਤਰ੍ਹਾਂ। ਮੌਤ ਇੱਕ ਐਸਾ ਸਮਾਂ ਹੈ ਕਿ ਕਠੋਰ ਤੋਂ ਕਠੋਰ ਹਿਰਦਿਆਂ ਨੂੰ ਵੀ ਹਿਲਾ ਦਿੰਦੀ ਹੈ ਤੇ ਅਥਰੂਆਂ ਦੇ ਹੜ੍ਹ ਵਗਾ ਦਿੰਦੀ ਹੈ। ਮਰਦੇ ਵੈਰੀ ਨੂੰ ਵੀ ਦੇਖ ਕੇ ਕਾਂਬਾ ਛਿੜ ਪੈਂਦਾ ਹ ਤੇ ਠਲ੍ਹਿਆਂ ਨਹੀਂ ਜਾਂਦਾ।[1]

ਗਮੀ ਦਾ ਗੀਤ-ਰੂਪ[ਸੋਧੋ]

ਅਲਾਹੁਣੀ, ਪੇਸ਼ਾਵਰ ਸਿਆਪਕਾਰ ਵੱਲੋਂ ਉੱਚਾਰਿਆ ਜਾਂਦਾ ‘ਸਿਆਪੇ’ ਨਾਲ ਸੰਬੰਧਿਤ ਅਜੇਹਾ ਗੀਤ-ਰੂਪ ਹੈ ਜੋ ਮੌਤ ਦੇ ਸ਼ੋਕ ਭਾਵ ਨੂੰ ਥੀਮਕ ਟਕਰਾਉ ਵਿੱਚ ਪੇਸ਼ ਕਰ ਕੇ ਸੁਲਝਾਉ ਵਲ ਲੈ ਜਾਂਦਾ ਹੈ। ਇਸ ਦਾ ਥੀਮ, ਵਿਛੜ ਗਏ ਜੀਅ ਦੇ ਗੁਣਾਂ ਦਾ ਗਾਨ ਅਤੇ ਪਿਛੇ ਰਹਿ ਗਿਆ ਨੂੰ ਧਰਵਾਨ ਦੇਣਾ ਹੁੰਦਾ ਹੈ।2 ਅਲਾਹੁਣੀ ਸਲਾਹੁਤ ਜਾਂ ਉਸਤਤਿ ਦਾ ਗੀਤ ਹੁੰਦਾ ਹੈ। ਉਹ ਗੀਤ ਜਿਸ ਵਿੱਚ ਕਿਸੇ ਦੇ ਗੁਣ ਗਾਏ ਜਾਣ, ਉਸ ਨੂੰ ਅਲਾਹੁਣੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਡਹੰਸ ਰਾਗ ਵਿੱਚ ‘ਅਲਾਹੁਣੀ’ ਸ਼ਾਮਿਲ ਹੈ।3 ਅਲਾਹੁਣੀ ਇੱਕ ਤਰ੍ਹਾਂ ਦਾ ਸਮੂਹ ਗਾਨ ਹੈ, ਅਜਿਹਾ ਸਮੂਹਗਾਨ ਜਿਸ ਵਿੱਚ ਇੱਕ ਗਾਂਿੲਕ ਅਗਵਾਈ ਕਰਦਾ ਹੈ। ਇਸ ਤੋਂ ਵੀ ਵਧ ਅਲਾਹੁਣੀ ਸਿਆਪਾ ਕਰਨ ਵੇਲੇ ਉੱਚਾਰੀ ਜਾਂਦੀ ਹੈ। ਇਹ ਗੀਤ- ਰੂਪ ਸਿਆਪੇ ਦੀ ਸਰੀਰਕ ਪ੍ਰਕਿਰਿਆ ਨਾਲ ਸੰਬੰਧਿਤ ਹੋਣ ਕਰ ਕੇ ਲੋਕ-ਨਾਚ ਨਾਲ ਮਿਲਦਾ ਹੈ। ਸਿਆਪੇ ਦੀ ਤਾਲ ਦਾ ਅਲਾਹੁਣੀ ਦੇ ਉੱਚਾਰ ਉੱਤੇ ਸਿੱਧਾ ਅਤੇ ਮੋੜਵਾਂ ਅਸਰ ਪੈਂਦਾ ਹੈ। ਇਸ ਤੋਂ ਵੀ ਵਧ ਇਸ ਤਾਲ ਅਤੇ ਬੋਲ ਦੀ ਇਕਸੁਰਤਾ ਨੂੰ ਕਾਇਮ ਰੱਖਣ ਲਈ ਇੱਕ ਪੇਸ਼ਾਵਰਬ ਸਿਆਪਾਕਾਰ\ਗਾਇਕ ਵੀ ਹਾਜ਼ਰ ਹੁੰਦੀ ਹੈ। ਮਾਲਵੇ ਵਿੱਚ ਪੇਸ਼ਾਵਰ ਸਿਆਪਾਕਾਰ ਤੇ ਅਲਾਹੁਣੀਕਾਰ ਦਾ ਕਾਰਜ ਮਿਰਾਸਣਾਂ, ਡੂੰਮਣੀਆਂ, ਨਾਇਣਾਂ ਆਦਿ ਨਿਭਾਉਂਦੀਆਂ ਹਨ। ਸਾਰੀਆਂ ਸਵਾਣੀਆਂ ਇੱਕ ਗੋਲ ਦਾਇਰੇ ਵਿੱਚ ਅਤੇ ਪੇਸ਼ਾਵਰ ਸਿਆਪਾਕਾਰ ਵਿਚਕਾਰ ਖਲੋ ਜਾਂਦੀ ਹੈ। ਉਹ ਆਪਣੇ ਦੋਵੇਂ ਹੱਥ ਪਹਿਲਾਂ ਮੱਥੇ ਉੱਤੇ, ਫੇਰ ਪੱਟਾਂ ਉੱਤੇ ਮਾਰਦੀ ਜਾਂਦੀ ਹੈ। ਇਸੇ ਅਨੁਸਾਰ ਬਾਕੀ ਸਵਾਣੀਆ ਇਕੋ ਤਾਲ ਵਿੱਚ ਹੱਥ ਮਾਰਦੀਆਂ ਹੋਈਆਂ ਸਾਥ ਦਿੰਦੀਆਂ ਹਨ। ਪੇਸ਼ਾਵਰ ਸਿਆਪਾਕਾਰ ਆਪਣੀ ‘ਦੁਹੱਥੜ’ ਦੀ ਤਾਲ ਅਨੁਸਾਰ ਅਲਾਹੁਣੀ ਉੱਚਾਰਦੀ ਜਾਂਦੀ ਹੈ ਤੇ ਬਾਕੀ ਸਵਾਣੀਆਂ ਦੀ ਤਾਲ ਦਾ ਖਿਆਲ ਰੱਖਦੀਆਂ ਹਨ। ਹਰ ਤੁਜ਼ਕ ਦੇ ਅੰਤ ਉੱਤੇ ਦੂਜੀਆਂ ਸਵਾਣੀਆਂ ਅੰਤਰੇ ਵੀ ਕਿਸੇ ਇੱਕ ਕੇਂਦਰੀ ਤੁਕ ਨੰੁ ਉੱਚਾਰਦੀਆਂ\ ਦੁਹਰਾਈਆਂ ਜਾਂਦੀਆਂ ਹਨ। ਸਾਰੀ ਅਲਾਹੁਣੀ ਇੱਕਲੀ ਸਿਆਪਾਕਾਰ ਵਲੋਂ ਉੱਚਾਰੀ ਜਾਂਦੀ ਹੈ ਅਤੇ ਬਾਕੀ ਸਮੂਹ ਇੱਕ ਕੇਂਦਰੀ ਤੁਕ ਦੇ ਦੁਹਰਾਉ ਰਾਹੀਂ ਹੁੰਗਾਰਾ ਭਰਦਾ ਹੈ।[2] ਜਿਵੇਂ:-

ਪੇ੍ਰਸ਼ਾਵਰ ਸਿਆਪਾਕਾਰ:- ਮਾਵਾਂ ਧੀਆਂ ਦੀ ਦੋਸਤੀ ਕੋਈ ਟੁੱਟਦੀ ਕਹਿਰਾ ਦੇ ਨਾਲ
ਪੱਟੀ ਧੀ ਨੀ ਮੇਰੀਏ ਅੰਬੜੀਏ..........
ਸਮੂਹ:- ਹਾਏ-ਹਾਏ ਨੀ ਮੇਰੀਏ ਅੰਬੜੀਏ.......

ਉਦਾਸ ਗੀਤ ਵਰਗੀਆਂ[ਸੋਧੋ]

ਉੱਚਾਰ ਢੰਗ ਦੇ ਪੱਖੋਂ ਕੀਰਨਾ, ਸਰੋਦੀ ਗੀਤਾਂ ਨਾਲ ਮਿਲਦਾ ਜੁਲਦਾ ਹੈ ਜਦੋਂ ਕਿ ਅਲਾਹੁਣੀਆਂ ਦੀ ਉੱਚਾਰ-ਸਾਂਝ ਘੜੇ ਉੱੱਤੇ ਗਾਏ ਜਾਂਦੇ ਸਮੂਹ-ਗਾਨ ਦੇ ਗੀਤਾਂ ਨਾਲ ਵਧੇਰੇ ਹੈ। ਕੀਰਨੇ ਅਤੇ ਅਲਾਹੁਣੀ ਦੇ ਉੱਚਾਰ ਢੰਗ ਦਾ ਵਖਰੇਵਾਂ ਇਹਨਾਂ ਵਿਚਲੇ ਥੀਮਕ ਗਠਨ ਦੇ ਵਖਰੇਵੇ ਦਾ ਫ਼ਲ ਹੈ ਭਾਵੇਂ ਉੱਚਾਰ-ਵਿਧੀ ਦੀ ਵੱਖਰਤਾ ਥੀਮਕ ਗਠਨ ਉੱਤੇ ਮੋੜਵਾਂ ਅਸਰ ਪਾਉਂਦੀ ਹੈ ਕੀਰਨਾ ਅਤੇ ਅਲਾਹੁਣੀ ਦੋਵੇਂ ਹੀ ਥੀਮਕ ਟਕਰਾਉ ਦੀ ਸੰਰਚਨਾ ਅਨੁਸਾਰ ਉਸਰਦੇ ਹਨ, ਪਰ ਜਿੱਥੇ ਕੀਰਨਾਕਾਰ ਥੀਮਕ- ਟਕਰਾਉ ਨੂੰ ਨਿਰੋਲ ਟਕਰਾਉ ਦੀ ਸਥਿਤੀ ਵਿੱਚ ‘ਠਹਿਰਾ ਕੇ’ ਪੇਸ਼ ਕਰਦਾ ਹੈ ਉੱਥੇ ਅਲਾਹੁਣੀਕਾਰ ਥੀਮਕ-ਟਕਰਾਉ ਹੋ ਸ਼ੁਰੂ ਹੋ ਕੇ ਥੀਮਕ ਸੁਲਝਾਉ ਵੱਲ ਤੁਰਦਾ ਹੈ।5 ਕੀਰਨੇ ਕਰੁਵਾਤਮਕ -ਤਨਾਉਸ਼ੀਲ ਅਵਸਥਾ ਵਿੱਚ ਹੁੰਦਾ ਹੈ ਉੱਥੇ ਅਲਾਹੁਣੀਆਂ ਵਿੱਚ ਇਹ ਦੁਖਾਂਤਕ-ਦਾਰਸ਼ਨਿਕ ਹੋਣ ਕਰ ਕੇ ਵਿਰੇਚਨੀ ਰੁਖ ਅਖ਼ਤਿਆਰ ਕਰਦਾ ਹੈ। ਕੀਰਨੇ ਵਿੱਚ ਕਈ ਵਾਰੀ ਦੁਖ ਦਾ ਕਥਨ ਰੂਪ ਵਿੱਚ ਵਰਣਨ ਨਹੀਂ ਹੁੰਦਾ ਪਰ ਸੰਦਰਭ ਵਿੱਚ ਇਹ ਭਾਵ ਬਹੁਤ ਸੰਘਣਾ ਹੰੁਦਾ ਹੈ। ਪਰ ਅਲਾਹੁਣੀ ਵਿੱਚ ਅਜਿਹਾ ਕੁੱਝ ਵੀ ਨਹੀਂ ਹੰੁਦਾ। ਇਸ ਵਿੱਚ ਵਿਛੜ ਗਏ ਬੰਦੇ ਦੇ ਗੁਣ ਗਾਨ ਰਾਹੀਂ ਥੀਮਕ ਦਾਵੰਦ ਦੀ ਇੱਕ ਧਿਰ ਨੂੰ ਉਸਾਰਿਆ ਜਾਂਦਾ ਹੈ।

ਪੱਲੇ ਪਾਉਂਣਾ[ਸੋਧੋ]

ਜਦ ਸਿਆਪਾ ਹੋ ਚੁੱਕਦਾ ਹੈ ਤਾਂ ਫਿਰ ਜ਼ਨਾਨੀਆਂ ਬਹਿ ਕੇ ਪੱਲੇ ਪਾਉਂਦੀਆਂ ਹਨ ਤੇ ਵੈਣ ਪਾਉਂਦੀਆਂ ਹਨ। ਪੱਲਾ ਪਾਉਣ ਵਾਲੀਆਂ ਜ਼ਨਾਨੀਆਂ ਜਿਹਨਾਂ ਦੇ ਘਰ ਦਾ ਕੋਈ ਜੀਅ ਮਰਿਆ ਹੁੰਦਾ ਹੈ ਉਹਨਾਂ ਦੀ ਰਿਸ਼ਤੇ ਦੀ ਨੇੜਤਾ ਵਾਲੀ ‘ਖਾਸ ਜ਼ਨਾਨੀ’ ਨਾਲ ਵਾਰੋ-ਵਾਰੀ ਗਲ੍ਹੇ ਲੱਗ ਕੇ ਹਿਕਟੋਰੇ ਭਰਦੀਆਂ ਰੋਂਦੀਆਂ ਜਾਂਦੀਆਂ ਹਨ।7 ਪਹਿਲੋੋਂ ਇੱਕਠੀਆਂ ਦੋ-ਦੋ ਪੱਲਾਂ ਪਾਉਂਦੀਆਂ ਹਨ ਤੇ ਜਦ ਦੋਹਾਂ ਦਾ ਛੁਡਾਇਆ ਜਾਂਦਾ ਹੈ ਤਾਂ ਤੇ ਫਿਰ ਇੱਕਲੀ-ਇੱਕਲੀ ਬਹਿ ਕੇ ਪੱਲਾ ਪਾਉਂਦੀ ਹੈ ਤੇ ਖ਼ੂਬ ਹੇਕ ਲਾ ਕੇ ਰੋਂਦੀਆਂ ਹਨ ਤੇ ਤੁਕਾਂ ਜੋੜੀ ਜਾਂਦੀਆਂ ਹਨ। ਜਦ ਤਕ ਕੋਈ ਪੱਲਾ ਨਾ ਛੁਡਾਏ ਨਹੀਂ ਛਡਦੀਆਂ। ਘਰ ਵਾਲੀ ਨੂੰ ਬਾਹਰ ਵਾਲੀਆਂ ਛੁਡਾਉਂਦੀਆਂ ਹਨ ਤੇ ਬਾਹਰ ਵਾਲੀਆਂ ਨੂੰ ਘਰ ਵਾਲੀ ਪਰ ਇੱਕ ਵਾਰੀ ਆਖਿਆ ਕਦੇ ਕੋਈ ਜ਼ਨਾਨੀ ਪੱਲਾ ਨਹੀਂ ਛੱਡਦੀ ਜਦ ਤੱਕ ਦੋ-ਤਿੰਨ ਵਾਰੀ ਨਾ ਆਖਿਆ ਜਾਏ ਖਹਿੜਾ ਨਈਂ ਛੱਡਦੀਆਂ ਤੇ ਵੈਣ ਪਾਈ ਹੀ ਜਾਂਦੀਆਂ ਹਨ। ਜੇ ਇਕੋ ਵਾਰੀ ਆਖਿਆ ਕੋਈ ਜ਼ਨਾਨੀ ਪੱਲਾ ਛੱਡ ਦਏ ਤਾਂ ਜ਼ਨਾਨੀਆਂ ਸੌ ਗੱਲਾਂ ਕਰਦੀਆਂ ਹਨ। ਇਸ ਤਰ੍ਹਾਂ ਜਦ ਸਾਰੀਆਂ ਪੱਲੇ ਛੱਡ ਚੁੱਕਦੀਆਂ ਹਨ ਤਾਂ ਉਹਦੇ ਗੁਣਾਂ ਦੀ ਉਸਤਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਝਟ ਲੰਘ ਜਾਂਦਾ ਹੈ ਤੇ ਫਿਰ ਇਕ-ਦੂਜੀ ਨੂੰ ਆਖ ਕੇ ਉਠਾਉਂਦੀਆਂ ਹਨ ਤੇ ਘਰਾਂ ਨੂੰ ਤੋਰਦੀਆਂ ਹਨ।8 ਰੋਂਦੀਆਂ ਦਾ ਪੱਲਾ ਛੁਡਾ ਕੇ ਗੱਲਾਂਬਾਤਾਂ ਦਾ ਮਾਹੌਲ ਰੱਖਣ ਲਈ ਕੲਂ ਸਿਆਣਿਆਂ ਅਨੁਭਵੀ ਜ਼ਨਾਨੀਆਂ ਦੀ ਲੋੜ ਹੁੰਦੀ ਹੈ ਜੋ ਮੌਕੇ ਨਾਲ ਢੁਕਵੀਂ ਗੱਲ ਆਖ ਸਕਣ ਅਤੇ ਨਾਲੋਂ-ਨਾਲ ਪਰਚੇਵਾਂ ਵੀ ਪਾਈ ਰੱਖਣ।9

ਕੁੜਮੱਤ[ਸੋਧੋ]

ਮਾਲਵਾ ਖੇਤਰ ਵਿੱਚ ਇੱਕ ਸਿਆਪਾ ‘ਕੁੜਮੱਤ’ ਵੱਲੋ ਵੀ ਹੁੰਦਾ ਹੈ। ਕੁੜਮੱਤ, ਇੱਕ ਬਜ਼ੁਰਗ ਕੁੜਮ ਦੀ ਮੌਤ ਉੱਤੇ ਆਈ ਦੂਜੇ ਕੁੜਮਾਂ ਦੀ ਮਕਾਣ ਨੰੁ ਕਹਿੰਦੇ ਹਨ। ਗਿਆਨੀ ਗੁਰਦਿੱਤ ਸਿੰਘ ਜੀ ਦੇ ਸ਼ਬਦਾਂ ਵਿੱਚ ‘ਕੁੜਮਤ’ ਕੇਵਲ ਆਖਣ ਨੂੰ ਹੀ ਮਕਾਨ ਹੁੰਦੀ ਹੈ। ਇਸ ਵਿੱਚ ਸਾਰੀਆਂ ਗੱਲਾਂ ਵਿਆਹ ਵਾਲੀਆਂ ਹੀ ਹੁੰਦੀਆਂ ਹਨ। ਇਸ ਵਿੱਚ ਦੋਵੇਂ ਪਾਸਿਆਂ ਤੋਂ ਇੱਕ ਦੂਜੀ ਧਿਰ ਅਲਾਹੁਣੀਆਂ ਸੁਣਾਈਆਂ ਜਾਂਦੀਆਂ ਹਨ ਤੇ ‘ਬੋਲ’ ਬੋਲੇ ਜਾਂਦੇ ਹਨ।[3] ਸਿਆਪਾ ਕਰਨ ਵਾਲੀਆਂ ਅਜੇਹੇ ਵੇਲੇ ਅਲਾਹੁਣੀਆਂ ਵਿੱਚ ਹਾਸ-ਰਸ ਦਾ ਖਾਸ ਗਾਹ ਭਰ ਦਿੰਦੀਆਂ ਹਨ:-

ਬੁਢਵਾ ਤਾਂ ਬਹਿੰਦਾ ਕੁਰਸੀ ਡਾਹ
ਹਾਏ ਨੀ ਬੁਢੜਾ ਮਰ ਨੀ ਗਿਆ
ਬੁੱਢੜੀ ਰੰਡੀ ਕਰ ਨੀ ਗਿਆ

ਹਾਸ ਭਰੀ ਨਕਲ[ਸੋਧੋ]

ਪਰ ਇਹ ਸਭ ਕੁੱਝ ਨੂੰ ਅਲਾਹੁਣੀਆਂ ਨਹੀਂ ਕਿਹਾ ਜਾ ਸਕਦਾ। ਇਹ ਅਲਾਹੁਣੀਆਂ ਦੀ ਹਾਸ ਭਰੀ ਨਕਲ ਹੈ। ਰੂਪ ਦੇ ਬਾਹਰੀ ਪੱਖ ਤੋਂ ਇਹ ਅਲਾਹੁਣੀ ਵਰਾਹੀ ਜ਼ਰੂਰ ਹੈ, ਪਰ ਇਸ ਦੀ ਰੂਪ-ਰਚਨਾ ਦੇ ਅੰਦਰਲੇ ਨੇਮ ਇਸ ਨੂੰ ਸਿੱਠਣੀ ਗਾਹ ਸਿੱਧ ਕਰਦੇ ਹਨ।[4]

ਸਰਧਾਂਜਲੀ ਕਾਵਿ[ਸੋਧੋ]

ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਅਲਾਹੁਣੀ, ਸਾਂਸਕਿ੍ਰਤਕ ਦਿ੍ਰਸ਼ਟੀ ਤੋਂ ਵਿਛੜ ਗਏ ਵਿਅਕਤੀ ਪ੍ਰਤਹੀ ਸਰਧਾਂਜਲੀ ਦਾ ਕਾਵਿ ਹੈ। ਗੁਜ਼ਰ ਗਏ ਵਿਅਕਤੀ ਦੀ ਉਮਰ ਅਤੇ ਰਿਸ਼ਤੇ ਅਨੁਸਾਰ ਅਲਾਹੁਣੀਆਂ ਦੇ ਥੀਮ ਵਿੱਚ ਥੋੜੀ-ਥੋੜੀ ਭਿੰਨਤਾ ਆਉਂਦੀ ਜਾਂਦੀ ਹੈ। ਇਸੇ ਅਨੁਸਾਰ ਹੀ ਮਿਰਤਕ ਦੇ ਗੁਣਾਂ ਦਾ ਗਾਨ ਅਤੇ ਵਿਸ਼ੇਸ਼ਣਮੁੱਖ ਸੰਬੋਧਨਾਂ ਵਿੱਚ ਅੰਤਰ ਆਉਂਦੇ ਹਨ।11 ਅਸੀਂ ਇਹ ਸਭ ਕੁੱਝ ਦਿਲੋਂ ਨਹੀਂ ਕਰਦੇ, ਸਭ ਰਿਵਾਜਾਂ ਦੇ ਬੱਧੇ ਕਰਦੇ ਹਾਂ, ਤੰਗ ਵੀ ਆਏ ਹੋਏ ਹਾਂ ਪਰ ਲੋਕਾਚਾਰੀ ਮਾਰਦੀ ਹੈ ਤੇ ਲੋਕਾਚਾਰੀ ਵਿੱਚ ਅਸੀਂ ਆਪ ਵੀ ਤੇ ਹਾਂ। ਇਸ ਤਰ੍ਹਾਂ ਹੌਲੀ-ਹੌਲੀ ਆਪੇ ਹੀ ਰਿਵਾਜ ਘੱਟ ਜਾਵੇਗਾ, ਵੇਖੋ ਵੇਖੀ ਸਾਰੇ ਛੱਡ ਜਾਣਗੇ।[5]

  1. *ਜੀਤ ਸਿੰਘ ਜੋਸ਼ੀ, ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ 2-ਲਾਜਪਤ ਰਾਏ ਮਾਰਕਿਟ, ਲੁਧਿਆਣਾ ਪੰਨਾ ਨੰ: 244
  2. *ਜਗਦੀਸ਼ ਸਿੰਘ, ਸਾਡੇ ਰਸਮ ਰਿਵਾਜ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 28
  3. *ਡਾ. ਨਾਹਰ ਸਿੰਘ, ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ, ਲੋਕਾਇਤ ਪ੍ਰਕਾਸ਼ਨ ਚੰਡੀਗੜ੍ਹ ਪੰਨਾ ਨੰ: 187
  4. *ਗਿਆਨੀ ਗੁਰਦਿੱਤ ਸਿੰਘ, ਮੇਰਾ ਪਿੰਡ-ਸਾਹਿਤ ਪ੍ਰਕਾਸ਼ਨ, 56 ਸੈਕਟਰ 4, ਚੰਡੀਗੜ੍ਹ ਪੰਨਾ ਨੰ: 497
  5. *ਜਗਦੀਸ਼ ਸਿੰਘ, ਸਾਡੇ ਰਸਮ ਰਿਵਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਨਾ ਨੰ: (129-130)