ਅਸੀਂ ਅਤੇ ਆਪਾਂ
ਵਿਆਕਰਨਿਕ ਸ਼੍ਰੇਣੀਆਂ |
---|
ਸਜੀਵਤਾ • ਪੱਖ • ਕਾਰਕ • ਅਸੀਂ ਅਤੇ ਆਪਾਂ • ਤੁਲਨਾ • ਫੋਕਸ • ਲਿੰਗ • ਸਨਮਾਨਸੂਚਕ • ਲਕਾਰ • ਅਵਸਥਾ • ਨਾਂਵ ਵਰਗ • ਵਚਨ • ਪੁਰਖ • ਕਾਲ • ਸਕਰਮਕਤਾ • ਸੰਯੋਜਕ ਸ਼ਕਤੀ • ਵਾਚ • ਚੇਸ਼ਠਾ |
ਭਾਸ਼ਾ ਵਿਗਿਆਨ ਵਿੱਚ, ਅਸੀਂ ਅਤੇ ਆਪਾਂ ਉੱਤਮ ਪੁਰਖੀ ਬਹੁਵਚਨ ਪੜਨਾਂਵਾਂ ਵਿੱਚ ਇੱਕ ਵਿਆਕਰਨਿਕ ਨਿਖੇੜਾ ਹੈ। "ਅਸੀਂ" ਵਿੱਚ ਸਰੋਤਾ ਗ਼ੈਰ-ਹਾਜ਼ਰ ਹੁੰਦਾ ਹੈ ਅਤੇ "ਆਪਾਂ" ਵਿੱਚ ਸਰੋਤਾ ਹਾਜ਼ਰ ਹੁੰਦਾ ਹੈ। "ਅਸੀਂ" ਵਿੱਚ ਸਰੋਤੇ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਦਾ ਹੋਣਾ ਲਾਜ਼ਮੀ ਹੈ ਅਤੇ "ਆਪਾਂ" ਵਿੱਚ ਕਿਸੇ ਹੋਰ ਦੇ ਸ਼ਾਮਲ ਹੋਣ ਜਾਂ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਇਸ ਤਰ੍ਹਾਂ ਦੇ ਨਿਖੇੜਾ ਦਾ ਵਰਣਨ ਪਹਿਲੀ ਵਾਰ ਦੋਮਿੰਗੋ ਦੇ ਸਾਂਤੋ ਤੋਮਾਸ ਨੇ 1560 ਵਿੱਚ ਪੇਰੂ ਦੀਆਂ ਭਾਸ਼ਾਵਾਂ ਦੇ ਅਧਿਐਨ ਤੋਂ ਬਾਅਦ ਕੀਤਾ।[1]
ਅਸੀਂ ਅਤੇ ਆਪਾਂ ਦਾ ਨਿਖੇੜਾ:
ਸਰੋਤਾ ਸ਼ਾਮਲ ? | |||
---|---|---|---|
ਹਾਂ | ਨਹੀਂ | ||
ਵਕਤਾ ਸ਼ਾਮਲ ? | ਹਾਂ | ਆਪਾਂ | ਅਸੀਂ |
ਨਹੀਂ | ਤੂੰ/ਤੁਸੀਂ | ਉਹ |
ਅਸੀਂ ਅਤੇ ਆਪਾਂ ਦੇ ਿਨਖੇੜੇ ਨੂੰ ਸਪਸ਼ਟ ਕਰਦਿਆਂ ਡਾ: ਹਰਕੀਰਤ ਸਿੰਘ ਲਿਖਦੇ ਹਨ ਕਿ ਆਪਾਂ "ਪਹਿਲਾ ਪੁਰਖ ਤੇ ਦੂਜਾ ਪੁਰਖ ਲਈ ਸਾਂਝਾ ਹੈ।"[2] ਜੇ ਇਸ ਨੂੰ ਇੱਕ ਸਮੀਕਰਨ ਵਾਂਗ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:
- ਆਪਾਂ = (ਮੈਂ + ਤੂੰ) ਜਾਂ (ਮੈਂ+ਤੁਸੀਂ) ਜਾਂ (ਅਸੀਂ+ਤੂੰ) ਜਾਂ (ਅਸੀਂ+ਤੁਸੀਂ)
ਪੰਜਾਬੀ ਦੇ ਦੂਜੇ ਪੁਰਖਵਾਚੀ ਪੜਨਾਵਾਂ (Personal Pronouns) ਵਾਂਗ ਆਪਾਂ ਦਾ ਕੋਈ ਲਿੰਗ ਨਹੀਂ ਹੁੰਦਾ।[2] ਭਾਵ ਇਸ ਨੂੰ ਪੁਰਖਾਂ ਵਾਸਤੇ ਵੀ ਵਰਤਿਆ ਜਾਂਦਾ ਹੈ ਅਤੇ ਇਸਤਰੀਆਂ ਵਾਸਤੇ ਵੀ। ਵਾਕ ਵਿੱਚ ਇਸ ਨਾਲ ਲੱਗੀ ਕਿਰਿਆ ਤੋਂ ਪਤਾ ਲੱਗਦਾ ਹੈ ਕਿ ਇਹ ਪੁਲਿੰਗ ਦੇ ਤੌਰ 'ਤੇ ਵਰਤਿਆ ਗਿਆ ਹੈ ਜਾਂ ਇਸਤਰੀ ਲਿੰਗ ਦੇ ਤੌਰ 'ਤੇ। ਹੋਰ ਸਪਸ਼ਟਤਾ ਲਈ ਹੇਠ ਲਿਖੀਆਂ ਉਦਾਹਰਨਾਂ ਦੇਖੋ:
- "ਆਪਾਂ ਜਾਵਾਂਗੀਆਂ।" ਇਸ ਵਾਕ ਦਾ ਅਰਥ ਹੈ ਕਿ 'ਆਪਾਂ' ਇਸਤਰੀ ਲਿੰਗ ਵਜੋਂ ਵਰਤਿਆ ਗਿਆ ਹੈ।
- "ਆਪਾਂ ਜਾਵਾਗੇ।" ਇਸ ਵਾਕ ਦਾ ਅਰਥ ਹੈ ਕਿ 'ਆਪਾਂ' ਪੁਲਿੰਗ ਵਜੋਂ ਵਰਤਿਆ ਗਿਆ ਹੈ।
ਜੇ "ਆਪਾਂ" ਵਿੱਚ ਪੁਰਖ ਅਤੇ ਇਸਤਰੀ ਦੋਵੇਂ ਸ਼ਾਮਲ ਹੋਣ ਤਾਂ "ਆਪਾਂ" ਨਾਲ ਲੱਗਣ ਵਾਲੀ ਕ੍ਰਿਆ ਦਾ ਪੁਲਿੰਗ ਰੂਪ ਵਰਤਿਆ ਜਾਵੇਗਾ। ਉਦਾਹਰਨ ਲਈ ਜੇ ਗੀਤਾ (ਇਸਤਰੀ) ਸੋਹਣ (ਪੁਰਖ) ਨਾਲ ਗੱਲ ਕਰਦੀ ਸੁਝਾਅ ਦੇਵੇ ਕਿ ਉਹ ਦੋਵੇਂ ਕੱਲ੍ਹ ਨੂੰ ਫਿਲਮ ਦੇਖਣ ਜਾਣਗੇ ਤਾਂ ਉਹ ਇਸ ਗੱਲ ਨੂੰ ਇਸ ਤਰ੍ਹਾਂ ਕਹੇਗੀ:
- ਆਪਾਂ (ਗੀਤਾ +ਸੋਹਣ) ਕੱਲ੍ਹ ਨੂੰ ਫਿਲਮ ਦੇਖਣ ਜਾਵਾਂਗੇ।