ਆਚਾਰੀਆ ਮੇਧਾਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਚਾਰੀਆ ਮੇਧਾਵੀ[1][ਸੋਧੋ]

(ਭਰਤ-ਭਾਮਹ ਦੇ ਵਿਚਕਾਰ)[ਸੋਧੋ]

ਭਾਰਤੀ ਕਾਵਿ-ਸ਼ਾਸਤਰ ਵਿੱਚ ਬਹੁਤ ਸਾਰੇ ਕਾਵਿ-ਸ਼ਾਸਤਰੀ ਜਾਂ ਆਚਾਰੀਆ ਅਜਿਹੇ ਵੀ ਹਨ ਜਿਨ੍ਹਾਂ ਦਾ ਸਾਨੂੰ ਕੋਈ ਗ੍ਰੰਥ ਜਾਂ ਰਚਨਾ ਤਾਂ ਪ੍ਰਾਪਤ ਨਹੀਂ ਹੁੰਦੀ ਪਰ ਉਨ੍ਹਾਂ ਦਾ ਜ਼ਿਕਰ ਬਾਕੀ ਆਚਾਰੀਆ ਆਪਣੇ ਗ੍ਰੰਥਾਂ ਵਿੱਚ ਕਰਦੇ ਹਨ। ਅਜਿਹਾ ਹੀ ਇੱਕ ਨਾਮ ਆਚਾਰੀਆ ਮੇਧਾਵੀ ਦਾ ਵੀ ਹੈ। ਇਹਨਾਂ ਦਾ ਦੂਜਾ ਨਾਮ ਮੇਧਾਵੀਰੁਦ੍ਰ ਵੀ ਮਿਲਦਾ ਹੈ। ਇਹਨਾਂ ਦਾ ਸਮਾਂ ਅਨਿਸ਼ਚਿਤ ਅਤੇ ਕੋਈ ਗ੍ਰੰਥ ਵੀ ਪ੍ਰਾਪਤ ਨਹੀਂ ਹੈ; ਪਰ ਇਹਨਾਂ ਦੇ ਕਾਵਿ-ਸ਼ਾਸਤਰੀ ਵਿਚਾਰ ਆਚਾਰੀਆ ਭਾਮਹ, ਰੁਦ੍ਰਟ, ਨਮੀਸਾਧੂ, ਰਾਜਸ਼ੇਖਰ[2] ਆਦਿ ਦੇ ਗ੍ਰੰਥਾਂ ’ਚ ਪ੍ਰਾਪਤ ਹੁੰਦੇ ਹਨ। ਇਨ੍ਹਾਂ ਦਾ ਸਭ ਤੋਂ ਪਹਿਲਾ ਹਵਾਲਾ ਸਾਨੂੰ ਭਾਮਹ ਦੇ ਗ੍ਰੰਥ ਵਿਚੋਂ ਮਿਲਦਾ ਹੈ ਇਸ ਕਰਕੇ ਇੰਨਾਂ ਨੂੰ ਆਚਾਰੀਆ ਭਰਤਮੁਨੀ ਅਤੇ ਭਾਮਹ ਦੇ ਵਿਚਕਾਰ ਦੇ ਸਮੇਂ ਵਿੱਚ ਰੱਖਿਆ ਜਾ ਸਕਦਾ ਹੈ। ਭਾਮਹ ਨੇ ਉਪਮਾ ਅਲੰਕਾਰ ਦੇ ਹੀਨਤਾ, ਅਸੰਭਵ, ਲਿੰਗਭੇਦ, ਵਚਨਭੇਦ, ਵਿਪਰਯਯ, ਉਪਮਾਨਾਧਿਕਯ, ਉਪਮਾਨਾਸਾਦ੍ਰਿਸ਼ਯ-ਸੱਤ ਦੋਸ਼ਾਂ ਦਾ ਵਿਵੇਚਨ ਕਰਦੇ ਹੋਏ ਮੇਧਾਵੀ ਦੇ ਮੱਤ ਦਾ ਉਲੇਖ ਕੀਤਾ ਹੈ[3]। ਭਾਮਹ ਨੇ ‘ਯਥਾਸੰਖਯ’ ਅਤੇ ‘ਉਤਪ੍ਰੇਖਿਆ’ ਅਲੰਕਾਰਾਂ ਦੇ ਪ੍ਰਸੰਗ ‘ਚ ਮੇਧਾਵੀ ਦਾ ਦੂਜੀ ਵਾਰ ਉਲੇਖ ਕੀਤਾ ਹੈ ਜਿਸ ਵਿੱਚ ਮੇਧਾਵੀ ਨੇ ‘ਉਤਪ੍ਰੇਖਿਆ’ ਨੂੰ ‘ਸੰਖਿਆਨ’ ਅਲੰਕਾਰ ਕਿਹਾ ਹੈ[3]। ਭਾਮਹ ਦੇ ਇਸ ਕਥਨ ਤੋਂ ਮੇਧਾਵੀ ਦੀ ਭਾਮਹ ਤੋਂ ਪ੍ਰਾਚੀਨਤਾ ਸਿੱਧ ਹੁੰਦੀ ਹੈ। ਆਚਾਰੀਆ ਦੰਡੀ ਨੇ ਵੀ ਮੇਧਾਵੀ ਦੇ ਨਾਮ ਦਾ ਅੰਕਨ ਨਾ ਕਰਕੇ ਵੀ ‘ਕੁਝ ਅਲੰਕਾਰਿਕ’ ਕਹਿ ਕੇ ਉਹਨਾਂ ਨੂੰ ਹੀ ‘ਸੰਖਿਆਨ’ ਅਲੰਕਾਰ ਦੀ ਉਦਭਾਵਨਾ ਕਰਨ ਦਾ ਸਿਹਰਾ ਦਿੱਤਾ ਹੈ[4]। ਟੀਕਾਕਾਰ ਨਮੀਸਾਧੂ ਨੇ ਮੇਧਾਵੀ ਦੇ ਅਨੁਸਾਰ ਨਾਮ, ਆਖਿਆਤ, ਉਪਸਰਗ, ਨਿਪਾਤ- ਸ਼ਬਦ ਦੇ ਚਾਰ ਭੇਦ ਦੱਸੇ ਹਨ ਅਤੇ ਮੇਧਾਵੀ ਨੇ ਵਿਆਕਰਨਕਾਰਾਂ ਦੁਆਰਾ ਸ਼ਬਦ ਦੇ ਪੰਜਵੇਂ ਭੇਦ ‘ਕਰਮਪ੍ਰਵਚਨੀਯ’ ਨੂੰ ਅਸਵੀਕਾਰ ਕੀਤਾ ਹੈ[5]। ਨਮੀਸਾਧੂ ਨੇ ਮੇਧਾਵੀ ਨੂੰ ਕਿਸੇ ਅਲੰਕਾਰਸ਼ਾਸਤ੍ਰ ਦਾ ਲੇਖਕ ਵੀ ਮੰਨਿਆ[5] ਹੈ।

ਰਾਜਸ਼ੇਖਰ ਨੇ ਕਾਵਿ ਦੇ ਹੇਤੂ ‘ਪ੍ਰਤਿਭਾ’ ਦਾ ਨਿਰੂਪਣ ਕਰਦੇ ਹੋਏ ਇਹਨਾਂ ਦਾ ਉਲੇਖ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਜਨਮ ਤੋਂ ਹੀ ਅੰਨ੍ਹੇ[6] ਸਨ। ਆਚਾਰੀਆ ਮੇਧਾਵੀ ਬਾਰੇ ਭਾਰਤੀ ਸਮੀਖਿਆਕਾਰਾਂ ਦਾ ਕੁਝ ਮਤਭੇਦ ਜਾਪਦਾ ਹੈ ਕਿਉਂਕਿ ਭਾਮਹ ਨੇ ਇਹਨਾਂ ਦਾ ‘ਮੇਧਾਵਿਨ’ ਕਹਿ ਕੇ ਉਲੇਖ ਕੀਤਾ[7] ਹੈ, ਜਦੋਂ ਕਿ ਰਾਜਸ਼ੇਖਰ ਅਤੇ ਨਮੀਸਾਧੂ ਨੇ ਇਹਨਾਂ ਨੂੰ ‘ਮੇਧਾਵੀਰੁਦ੍ਰ’ ਕਿਹਾ ਹੈ। ਇਸ ਕਥਨ ਤੋਂ ਕੁਝ ਆਧੁਨਿਕ ਬਲਦੇਵ ਉਪਾਧਿਆਇ ਆਦਿ ਆਲੋਚਕਾਂ ਦਾ ਵਿਚਾਰ ਹੈ ਕਿ ਇਹਨਾਂ ਦਾ ਪੂਰਾ ਨਾਮ ‘ਮੇਧਾਵੀਰੁਦ੍ਰ’ ਅਥਵਾ ‘ਮੇਧਾਵੀ’ ਅਤੇ ‘ਰੁਦ੍ਰ’ ਦੋ ਨਾਮ ਹਨ ਜਿਸਦਾ ਨਿਸ਼ਚੇ ਕਰਨਾ ਔਖਾ ਜਾਪਦਾ[8] ਹੈ। ਕੁਝ ਦੂਜੇ ਸਮਾਲੋਚਕ ਪੱਕੇ ਤੌਰ ‘ਤੇ ‘ਮੇਧਾਵੀ’ ਅਤੇ ‘ਰੁਦ੍ਰ’ ਦੋ ਵੱਖ-ਵੱਖ ਨਾਮ ਮੰਨਦੇ ਹਨ ਜਿਸਦਾ ਆਧਾਰ ਰਾਜਸ਼ੇਖਰ ਅਤੇ ਨਮੀਸਾਧੂ ਦੁਆਰਾ ‘ਮੇਧਾਵਿਰੂਦ੍ਰ’ ਇਕੱਠੇ ਪਦ ਦਾ ਪ੍ਰਯੋਗ ਹੈ। ਭਾਮਹ ਨੇ ਇਹਨਾਂ ਦਾ ਆਪਣੇ ਗ੍ਰੰਥ ‘ਚ ਉਲੇਖ ਕੀਤਾ ਹੈ; ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਭਾਮਹ ਤੋਂ ਪਹਿਲਾਂ ਹੋ ਚੁੱਕੇ ਸਨ ਅਤੇ ਬਾਅਦ ਦੇ ਅਨੇਕ ਆਚਾਰੀਆਂ ਦੁਆਰਾ ਇਹਨਾਂ ਦੇ ਮਤਾਂ ਦੇ ਉਲੇਖਾਂ ਤੋਂ ਇਲਾਵਾ ਅੱਜ ਤਕ ਇਹਨਾਂ ਦਾ ਕੋਈ ਵੀ ਕਾਵਿ-ਸ਼ਾਸਤਰੀ ਗ੍ਰੰਥ ਪ੍ਰਾਪਤ ਨਹੀਂ ਹੋ ਸਕਿਆ ਹੈ।

  1. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਬਲੀਕੇਸ਼ਨ ਬਿਊਰੋ , ਪੰਜਾਬੀ ਯੂਨੀਵਰਸਿਟੀ ਪਟਿਆਲਾ. p. 279. ISBN 9788130204628.
  2. ਕਾਵਿਮੀਮਾਂਸਾ. ਰਾਜਸ਼ੇਖਰ. ਚੌਥਾ ਅਧਿਆਇ. ਪੰ. 27
  3. 3.0 3.1 ਕਾਵਿਆਲੰਕਾਰ. ਭਾਮਹ. 2, 88.
  4. ਕਾਵਿਆਦਰਸ਼. ਦੰਡੀ. 2,273.
  5. 5.0 5.1 ਕਾਵਿਆਲੰਕਾਰ. ਰੁਦ੍ਰਟ. (ਨਮੀਸਾਧੂ ਦਾ ਟੀਕਾ) 1,2.
  6. ਕਾਵਿਮੀਮਾਂਸਾ. ਰਾਜਸ਼ੇਖਰ. ਪੰ. 27
  7. ਕਾਵਿਆਲੰਕਾਰ. ਭਾਮਹ. 2,40; 88.
  8. ਭਾਰਤੀ ਸਾਹਿਤਸ਼ਾਸਤ੍ਰ, ਬਲਦੇਵ ਉਪਾਧਿਆਇ. ਭਾਗ-. ਪੰ. 8.