ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ ਕਿਤਾਬ ਡਾ. ਗਗਨਦੀਪ ਸਿੰਘ ਅਤੇ ਪ੍ਰੋ. ਸੁਖਮੋਹਨ ਕੌਰ ਨੇ ਸੰਪਾਦਿਤ ਕੀਤੀ ਹੈ ਅਤੇ ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਡਾ. ਗਗਨਦੀਪ ਸਿੰਘ ਅਤੇ ਪ੍ਰੋਰ. ਸੁਖਮੋਹਨ ਕੌਰ ਨੇ ਇਸ ਕਿਤਾਬ ਵਿੱਚ ਆਧੁਨਿਕ ਪੰਜਾਬੀ ਸਾਹਿਤ ਦੀਆਂ ਪ੍ਰਾਪਤੀਆਂ ਤੇ ਸੀਮਾਵਾਂ ਦਾ ਲੇਖਾਜੋਖਾ ਲਗਾਉਂਦੇ ਹੋਏ ਵਰਤਮਾਨ ਕਾਲ ਸਮੇਂ ਤੱਕ ਪਹੰੁਚਦੇ-ਪਹੁੰਚਦੇ ਇਸ ਵਿੱਚ ਆਏ ਪਰਿਵਰਤਨਾਂ ਦਾ ਨਿਰੀਖਣ ਕੀਤਾ ਹੈ। ਇਸ ਪੁਸਤਕ ਵਿੱਚ ਨਾ ਕੇਵਲ ਆਧੁਨਿਕ ਸਾਹਿਤ ਵਿਧਾਵਾਂ ਦੇ ਮੁਹਾਂਦਰੇ ਦਾ ਨਿਕਟ ਅਧਿਐਨ ਕੀਤਾ ਹੈ ਸਗੋਂ ਨਾਲ ਹੀ ਬੀਤੇ ਅਤੇ ਲਗਾਤਾਰ ਚੇਤਨਾ ਦਾ ਅੰਗ ਬਣ ਰਹੇ ਵਿਆਖਿਆਤਮਕ ਵਿਧਾਨ ਦੀ ਪੁਨਰ ਵਿਵੇਚਨਾ ਵੀ ਕੀਤੀ ਹੈ। (ਪੰਨਾ-8) ਇਸ ਕਿਤਾਬ ਵਿੱਚ ਆਧੁਨਿਕ ਪੰਜਾਬੀ ਸਾਹਿਤ ਦੇ ਰੂਪਾਂ ਦਾ ਮੁਹਾਂਦਰਾ ਕੀਤਾ ਗਿਆ ਹੈ। ਆਧੁਨਿਕ ਪੰਜਾਬੀ ਕਵਿਤਾ ਦਾ ਮੁਹਾਂਦਰਾ (ਡਾ. ਰਜਿੰਦਰ ਪਾਲ ਸਿੰਘ ਬਰਾੜ), ਆਧੁਨਿਕ ਪੰਜਾਬੀ ਕਹਾਣੀ ਦਾ ਮੁਹਾਂਦਰਾ (ਡਾ.ਧਨਵੰਤ ਕੌਰ), ਆਧੁਨਿਕ ਪੰਜਾਬੀ ਨਾਵਲ ਦਾ ਮੁਹਾਂਦਰਾ (ਡਾ. ਸੁਰਜੀਤ ਸਿੰਘ), ਆਧੁਨਿਕ ਪੰਜਾਬੀ ਨਾਟਕ ਦਾ ਮੁਹਾਂਦਰਾ (ਡਾ. ਸਤੀਸ਼ ਕੁਮਾਰ ਵਰਮਾ), ਆਧੁਨਿਕ ਪੰਜਾਬੀ ਵਾਰਤਕ ਦਾ ਮੁਹਾਂਦਰਾ (ਡਾ. ਨਰਿੰਦਰ ਸਿੰਘ ਕਪੂਰ) ਅਤੇ ਆਧੁਨਿਕ ਪੰਜਾਬੀ ਆਲੋਚਨਾ ਦਾ ਮੁਹਾਂਦਰਾ (ਹਰਿਭਜਨ ਸਿੰਘ ਭਾਟੀਆ)।[1]

ਆਧੁਨਿਕ ਪੰਜਾਬੀ ਕਵਿਤਾ ਦਾ ਮੁਹਾਂਦਰਾ[ਸੋਧੋ]

ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੁਆਰਾ ਲਿਖੇ ਕਵਿਤਾ ਦੇ ਨਿਬੰਧ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਵਿੱਚ ਉਹਨਾਂ ਨੇ ਕਵਿਤਾ ਦੇ ਇਤਿਹਾਸ ਬਾਰੇ ਦੱਸਿਆ ਹੈ। ਉਸ ਵਿੱਚ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਵਿਤਾ ਦੀ ਵੰਡ ਕਰਦਿਆਂ ਇਸ ਨੂੰ ਰਾਜਸੀ ਕਵਿਤਾ, ਗਦਰੀ ਪ੍ਰਭਾਵ ਅਧੀਨ ਰਚੀ ਗਈ ਕਵਿਤਾ, ਸਟੇਜੀ ਕਵਿਤਾ, ਰੁਮਾਂਸਵਾਦੀ ਕਵਿਤਾ, ਰੁਮਾਂਸਵਾਦ ਤੇ ਪ੍ਰਗਤੀਵਾਦ ਦੇ ਪਤਨ ਉਪਰੰਤ ਪੈਦਾ ਹੋਈ ਪ੍ਰਯੋਗਵਾਦੀ ਕਵਿਤਾ, ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਪੈਦਾ ਹੋਈ ਕਵਿਤਾ, ਦਲਿਤ ਚੇਤਨਾ ਅਧੀਨ ਸਿਰਜੀ ਕਵਿਤਾ ਦੀ ਤੀਬਰ ਸੁਰ, ਪ੍ਰਵਾਸੀ ਪੰਜਾਬੀ ਕਵਿਤਾ, ਪੱਛਮੀ ਪੰਜਾਬ ਵਿੱਚ ਰਚੀ ਗਈ ਕਵਿਤਾ, ਨਾਰੀ ਕਵਿਤਾ ਦੇ ਸਰੂਪਗਤ ਵਿਸਤਾਰ ਨੂੰ ਬਿਆਨ ਕੀਤਾ ਹੈ। ਇਨ੍ਹਾਂ ਨੇ ਹਾਸ਼ਿਏ ਤੇ ਧੱਕੇ ਗਏ ਲੋਕਾਂ ਦੀ ਗੱਲ ਨੂੰ ਆਪਣੇ ਇਤਿਹਾਸ ਵਿੱਚ ਸ਼ਾਮਿਲ ਕੀਤਾ ਹੈ।

ਆਧੁਨਿਕ ਪੰਜਾਬੀ ਕਹਾਣੀ ਦਾ ਮੁਹਾਂਦਰਾ[ਸੋਧੋ]

ਡਾ. ਧਨਵੰਤ ਕੌਰ ਦੁਆਰਾ ਲਿਖਿਆ ਨਿਬੰਧ ਸ਼ਾਮਿਲ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਕਹਾਣੀ ਦਾ ਵਿਧਾਗਤ ਸਰੂਪ ਵੀ ਹੋਰਨਾ ਆਧੁਨਿਕ ਸਾਹਿਤ ਰੂਪਾਂ ਵਾਂਗ ਅੰਗਰੇਜ਼ੀ ਸ਼ਾਸਨ ਕਾਲ ਦੌਰਾਨ ਪੈਦਾ ਪੂੰਜੀਵਾਦੀ ਪ੍ਰਕਿਰਿਆ ਦਾ ਹੀ ਸਿੱਟਾ ਹੈ। ਡਾ. ਧਨਵੰਤ ਕੌਰ ਅਨੁਸਾਰ, ਮੁੱਢਲੇ ਦੌਰ ਦੀ ਪੰਜਾਬੀ ਕਹਾਣੀ ਭਾਵੇਂ ਆਪਣੇ ਮੁਹਾਂਦਰੇ ਨੂੰ ਸੁਆਰਣ ਲਈ ਗੁਆਂਢੀ ਬੋਲੀਆਂ ਤੇ ਆਸ਼ਰਿਤ ਸੀ ਪਰ ਅਜੋਕੇ ਦੌਰ ਤੱਕ ਪਹੁੰਚਦੇ-ਪਹੁੰਚਦੇ ਇਹ ਅਤਿ ਨਵੀਨ ਮਨੋਵਿਗਿਆਨਕ ਲਭਤਾਂ ਨਾਲ ਸਰਸ਼ਾਰ ਨਜ਼ਰ ਆਉਂਦੀ ਹੈ। ਇਸ ਦੌਰ ਦੀ ਕਹਾਣੀ ਇੱਕ ਪਾਸੇ ਆਪਣੀ ਤਰਕਵਾਦੀ ਪਹੁੰਚ ਵਿਧੀ ਨਾਲ ਪੈ ਗਈਆਂ ਗੁੰਝਲਾਂ ਨੂੰ ਖੋਲਦੀ ਹੈ ਤੇ ਨਾਲ ਹੀ ਗਲਪੀ ਬਿੰਬ ਦੀ ਸਿਰਜਨਾ ਲਈ ਸੁਖਮਭਾਵੀ ਬਿਰਤਾਂਤਕੀ ਸੰਗਠਨ ਦੀ ਉਸਾਰੀ ਵੀ ਕਰਦੀ ਹੈ।[2]

ਆਧੁਨਿਕ ਪੰਜਾਬੀ ਨਾਵਲ ਦਾ ਮੁਹਾਂਦਰਾ[ਸੋਧੋ]

ਡਾ. ਸੁਰਜੀਤ ਸਿੰਘ ਦੁਆਰਾ ਲਿਖਿਆ ਨਾਵਲ ਸੰਬੰਧੀ ਲੇਖ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਸ ਵਿੱਚ ਡਾ. ਸੁਰਜੀਤ ਸਿੰਘ ਨੇ ਨਾਵਲ ਦੇ ਇਤਿਹਾਸ ਬਾਰੇ ਦੱਸਿਆ ਹੈ ਕਿ ਕਿਸ ਪ੍ਰਕਾਰ ਬੰਗਾਲੀ, ਅਸਾਮੀ, ਤੇ ਉਸ ਉਪਰੰਤ ਉਰਦੂ ਤੇ ਹਿੰਦੀ ਵਰਗੀਆਂ ਆਧੁਨਿਕ ਭਾਰਤੀ ਭਾਸ਼ਾਵਾਂ ਸਮੇਤ ਪੰਜਾਬ ਵਿੱਚ ਹੋਂਦ ਗ੍ਰਹਿਣ ਕਰਨ ਵਾਲੀ ਇਸ ਗਲਪੀ ਵਿਧਾ ਨੇ ਮੱਧ-ਯੁੱਗੀ ਰੁਮਾਂਸਵਾਦੀ ਦੇ ਵਿਰੁੱਧ ਕਿਸੇ ਨਿੱਗਰ ਦੇ ਯਥਾਰਥਕ ਪ੍ਰਤੀਕਰਮ ਵਜੋਂ ਹੋਂਦ ਗ੍ਰਹਿਣ ਕੀਤੀ। ਡਾ. ਸੁਰਜੀਤ ਸਿੰਘ ਨੇ ਆਪਣੇ ਇਸ ਅਧਿਆਇ ਵਿੱਚ ਦੱਸਿਆ ਹੈ ਕਿ ਨਾਵਲ ਨਿਰੰਤਰ ਬਦਲਦੀ, ਵਿਗਸਦੀ, ਫੈਲਦੀ ਤੇ ਗੋਲਦੀ ਸਾਹਿਤਕ ਵਿਧਾ ਹੈ। ਜਿਸਦੀ ਦ੍ਰਿਸ਼ਟੀਗਤ ਪਹੁੰਚ ਅਤੀ ਮੁਖੀ ਧਾਰਮਿਕ ਸਮਾਜਿਕ ਸੁਧਾਰਵਾਦੀ ਨਾਵਲ ਤੋਂ ਆਰੰਭ ਹੋ ਕੇ ਪ੍ਰਗਤੀਵਾਦੀ, ਯਥਾਰਥਵਾਦੀ, ਮਾਰਕਸਵਾਦੀ, ਪ੍ਰਕਿਰਤੀਵਾਦੀ, ਰੁਮਾਂਸਵਾਦੀ, ਸਮਾਜਵਾਦੀ, ਇਤਿਹਾਸਵਾਦੀ, ਆਂਚਲਿਕ, ਪ੍ਰਯੋਗਵਾਦੀ ਅਤੇ ਮਨੋਵਿਗਿਆਨਿਕ ਵਿਸ਼ਲੇਸ਼ਣਵਾਦੀ ਰੁਚੀਆਂ ਦਾ ਪ੍ਰਯੋਗ ਕਰਦੀ ਹੋਈ ਚੇਤਨਾ-ਪ੍ਰਵਾਹ ਦੀਆਂ ਜੁਗਤਾਂ ਨਾਲ ਨਿਰੰਤਰ ਅਗਾਂਹ ਤੁਰੀ ਜਾਂਦੀ ਹੈ। ਅਜੋਕਾ ਨਾਵਲ ਮੱਧਵਰਗੀ ਮਾਨਸਿਕਤਾ ਦੀਆਂ ਪਰਤਾਂ ਉਧੇੜਦਾ ਹੈ। ਡਾ. ਸੁਰਜੀਤ ਸਿੰਘ ਨੇ ਆਪਣੇ ਇਸ ਨਿਬੰਧ ਵਿੱਚ ਪੰਜਾਬੀ ਨਾਵਲ ਦੇ ਮੁਹਾਂਦਰੇ ਨੂੰ ਸਪਸ਼ਟ ਕਰਦੇ ਹੋਏ ਪੰਜਾਬੀ ਬੰਦੇ ਦੀ ਸਮਾਜਿਕ-ਆਰਥਿਕ ਸਥਿਤੀ ਅਤੇ ਮਨੋਦਸ਼ਾ ਦੇ ਯਥਾਰਥ ਦੀ ਪੇਸ਼ਕਾਰੀ, ਪੰਜਾਬ ਸੰਕਟ ਅਤੇ ਪੰਜਾਬੀ ਨਾਵਲ, ਉੱਤਰ ਪੰਜਾਬ ਸੰਕਟ ਪੰਜਾਬੀ ਨਾਵਲ ਤੇ ਪਾਕਿਸਤਾਨੀ ਅਤੇ ਪ੍ਰਵਾਸੀ ਪੰਜਾਬੀ ਨਾਵਲ ਆਦਿ ਭਾਗਾਂ ਵਿੱਚ ਵੰਡ ਕੇ ਅਤੇ ਇਸ ਵਿੱਚ ਆਈਆਂ ਤਬਦੀਲੀਆਂ ਨੂੰ ਪੇਸ਼ ਕੀਤਾ ਹੈ।[3]

ਆਧੁਨਿਕ ਪੰਜਾਬੀ ਨਾਟਕ ਦਾ ਮੁਹਾਂਦਰਾ[ਸੋਧੋ]

ਡਾ. ਸਤੀਸ਼ ਕੁਮਾਰ ਵਰਮਾ ਦੁਆਰਾ ਰਚਿਤ ਨਿਬੰਧ ਸ਼ਾਮਿਲ ਕੀਤਾ ਗਿਆ ਹੈ। ਜਿਸ ਵਿੱਚ ਉਹ ਦੱਸਦੇ ਹਨ ਕਿ ਨਾਟ-ਮੰਚੀ ਪਰਿਪੇਖ ਵਿੱਚ ਇੱਕ ਅਜਿਹਾ ਸੂਚਨਾ ਸੋ੍ਰੋਤ ਹੈ ਜੋ ਨਾਟਕ ਤੇ ਰੰਗਮੰਚ ਦੇ ਵਿਧਾਗਤ ਸਰੂਪ ਨੂੰ ਸਪਸ਼ਟ ਕਰਦਿਆਂ ਵਰਤਮਾਨ ਕਾਲ ਅੰਦਰ ਇਸਦੀਆਂ ਸਥਿਤੀਆਂ ਤੇ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਨਾਟਕ ਦਾ ਮੁਹਾਂਦਰਾ ਸਪਸ਼ਟ ਕਰਦਾ ਹੈ ਕਿ ਨਾਟਕ ਦਾ ਮੁੱਢ ਹੀ ਸਮਾਜਿਕ ਸਰੋਕਾਰਾਂ ਦੇ ਪ੍ਰਸੰਗ ਵਿੱਚ ਯਥਾਰਥਵਾਦੀ ਢੰਗ ਨਾਲ ਬੱਝਦੀ ਹੈ। ਨਾਟਕ ਆਪਣੇ ਆਰੰਭ ਤੋਂ ਹੀ ਨਿਰੰਤਰ ਬਦਲਦੇ ਸਮਾਜਿਕ ਸਰੋਕਾਰਾਂ ਦੇ ਪ੍ਰਭਾਵ ਅਧੀਨ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰਦਾ ਹੈ। ਦੇਸ਼ ਆਜ਼ਾਦੀ ਤੋਂ ਪਹਿਲਾਂ ਦੇ ਪ੍ਰਵਚਨ, ਦੇਸ਼ ਵੰਡ ਦੀਆਂ ਦੁਖਾਂਤਕ ਘੜੀਆਂ, ਨਵ-ਉਸਾਰੀ ਦੇ ਸੰਵਾਦ, ਪ੍ਰਗਤੀਵਾਦ ਦੇ ਵਿਘਟਨ, ਵਿਸ਼ਵੀਕਰਨ ਦੌਰਾਨ ਮੱਧ ਸ਼੍ਰੇਣਿਕ ਸੁਪਨਿਆਂ ਦੀ ਟੁੱਟ-ਭੱਜ ਤੋਂ ਪੈਦਾ ਹੋਏ ਅਸਤਿਤਵੀ ਖ਼ਲਾਅ, ਪੰਜਾਬੀ ਜਿਹਨੀਅਤ ਦੇ ਕਿਧਰੇ ਧੂਰ ਅੰਦਰ ਘਰ ਕਰਗੇ ਪੰਜਾਬ ਸੰਕਟ ਦੀਆਂ ਘੜੀਆਂ ਰਾਜਸੀ ਚੇਤਨਾ ਦੀ ਲਹਿਰ ਤੇ ਸਮਾਜਿਕ/ਰਾਜਨੀਤਿਕ ਭ੍ਰਿਸ਼ਟਾਚਾਰ ਜਿਹੇ ਅਹਿਮ ਮਸਲਿਆਂ ਨੂੰ ਨਾਟਕ ਨੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਇਆ ਹੈ। ਡਾ. ਸਤੀਸ਼ ਕੁਮਾਰ ਵਰਮਾ ਦੁਆਰਾ ਰਚਿਤ ਇਹ ਭਾਵ ਪੂਰਤ ਲੇਖ ਨਾ ਕੇਵਲ ਇਸ ਮੰਚੀ ਵਿਧਾ ਦੇ ਸਰੂਪਗਤ ਲੱਛਣਾਂ ਨੂੰ ਬਿਆਨ ਕਰਦਾ ਹੈ। ਸਗੋਂ ਅਜੋਕੀ ਸਦੀ ਦੇ ਚੱਲ ਰਹੇ ਦਹਾਕੇ ਦਰਮਿਆਨ ਇਸ ਵਿਧਾ ਨੇ ਦਰਪੇਸ਼ ਚੁਣੌਤੀਆਂ ਬਿਆਨ ਕਰਦਿਆਂ ਇਸਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਪ੍ਰਤੀ ਇੱਕ ਸੰਜੀਦਾ ਗਏ ਵੀ ਪੇਸ਼ ਕਰਦਾ ਹੈ।[4]

ਪੰਜਾਬੀ ਵਾਰਤਕ ਦਾ ਮੁਹਾਂਦਰਾ[ਸੋਧੋ]

ਇਸ ਵਿਧਾ ਦੀ ਆਧੁਨਿਕ ਸਾਹਿਤ ਅੰਦਰ ਪਛਾਣ ਤੇ ਸਥਾਪਤੀ ਨੂੰ ਸਪਸ਼ਟ ਕਰਨ ਲਈ ਪੁਸਤਕ ਵਿਚਲਾ ਲੇਖ ਆਧੁਨਿਕ ‘ਪੰਜਾਬੀ ਵਾਰਤਕ ਦਾ ਮੁਹਾਂਦਰਾ` ਇੱਕ ਸੂਖਮਭਾਵੀ ਨਿਬੰਧ ਹੈ ਜਿਸ ਨੂੰ ਵਾਰਤਕਾਰੀ ਦੇ ਖੇਤਰ ਵਿੱਚ ਇੱਕ ਸਥਾਪਿਤ ਵਾਰਤਕਕਾਰ ਡਾ. ਨਰਿੰਦਰ ਸਿੰਘ ਕਪੂਰ ਦੁਆਰਾ ਲਿਖਿਆ ਗਿਆ ਹੈ। ਇਹ ਨਿਬੰਧ ਸਾਹਿਤਕ ਸੰਵਾਦ ਦੇ ਦੂਸਰੇ ਦਲੀਲ ਮਈ ਅੱਧ ਦੇ ਪ੍ਰਗਟਾਅ ਦੀਆਂ ਪਰਤਾਂ ਨੂੰ ਪਰਤ-ਦਰ-ਪਰਤ ਉਜਾਗਰ ਕਰਦਾ ਹੈ। ਡਾ. ਨਰਿੰਦਰ ਸਿੰਘ ਕਪੂਰ ਦੁਆਰਾ ਰਚਿਤ ‘ਆਧੁਨਿਕ ਪੰਜਾਬੀ ਵਾਰਤਕ ਦਾ ਮੁਹਾਂਦਰਾ` ਪੜ੍ਹਦੇ ਹੋਏ ਪਤਾ ਚੱਲਦਾ ਹੈ ਕਿ ਪ੍ਰਾਚੀਨਤਮ ਵਾਰਤਕ ਜਿਥੇ ਧਰਮ ਆਧਾਰਿਤ ਸੀ ਉਥੇ ਆਧੁਨਿਕ ਵਾਰਤਕ ਗਿਆਨ ਕੇਂਦਰਿਤ ਹੈ। ਡਾ. ਨਰਿੰਦਰ ਸਿੰਘ ਕਪੂਰ ਨੇ ਦੱਸਿਆ ਹੈ ਕਿ ਪੁਰਾਤਨ ਵਾਰਤਕਨ ਵਿੱਚ ਟੀਕੇ, ਵਚਨ, ਗੋਸ਼ਟਾਂ, ਹੁਕਮਨਾਮੇ ਆਦਿ ਵਾਰਤਕ ਦੇ ਨਮੂਨੇ ਹਨ। ਇਸ ਵਾਰਤਕ ਵਿੱਚ ਲੌਕਿਕ ਮਸਲਿਆਂ ਦੀ ਪਾਰਲੌਕਿਕ ਵੇਰਵਿਆਂ ਦੀ ਪ੍ਰਧਾਨਤਾ ਹੈ। ਆਧੁਨਿਕ ਵਾਰਤਕ ਵਿੱਚ ਜੀਵਨੀ, ਸਵੈ-ਜੀਵਨੀ, ਸਫ਼ਰਨਾਮਾ, ਡਾਇਰੀ, ਮੁਲਾਕਾਤਾਂ, ਨਿਬੰਧ ਆਦਿ ਵਾਰਤਕ ਦੀਆਂ ਨਵੀਆਂ ਵੰਨਗੀਆਂ ਹਨ। ਜਦੋਂ ਹੱਦਾਂ-ਸਰਹੱਦਾਂ ਵੰਡੀਆਂ ਗਈਆਂ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਉਂਗਲ ਫੜੀ ਤੁਰੀ ਆਉਂਦੀ ਵਾਰਤਕ ਲਾਲ ਸਿੰਘ ਕਮਲਾ ਅਕਾਲੀ ਦੇ ਕੰਧਾੜੇ ਚੜ੍ਹ ਨਵੀਆਂ ਰਾਹਾਂ ਦੀ ਰਾਹੀਗਰ ਬਣ ਤੁਰੀ।[5]

ਆਧੁਨਿਕ ਪੰਜਾਬੀ ਆਲੋਚਨਾ ਦਾ ਮੁਹਾਂਦਰਾ[ਸੋਧੋ]

ਡਾ. ਹਰਿਭਜਨ ਸਿੰਘ ਭਾਟੀਆ ਦੁਆਰਾ ਲਿਖੀਆਂ ਪੰਜਾਬੀ ਆਲੋਚਨਾ ਦੇ ਇਤਿਹਾਸ ਨੂੰ ਸ਼ਾਮਿਲ ਕੀਤਾ ਗਿਆ ਹੈ। ਹਰਿਭਜਨ ਸਿੰਘ ਭਾਟੀਆ ਦੇ ਇਸ ਲੇਖ ਵਿੱਚ ਪੰਜਾਬੀ ਆਲੋਚਨਾ ਦਾ ਮੁਹਾਂਦਰਾ ਕੀਤਾ ਗਿਆ ਹੈ। ਜਿਸ ਵਿੱਚ ਹਰਿਭਜਨ ਸਿੰਘ ਭਾਟੀਆ ਨੇ ਪੰਜਾਬੀ ਆਲੋਚਨਾ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਹੋਈ ਮੰਨੀ ਹੈ। ਆਪ ਅਨੁਸਾਰ ਪੰਜਾਬੀ ਆਲੋਚਨਾ ਪ੍ਰਭਾਵਵਾਦੀ ਪ੍ਰਸ਼ੰਸਾਵਾਦੀ ਪ੍ਰਵਿਰਤੀ ਤਹਿਤ ਆਰੰਭ ਹੋ ਕੇ ਮਾਰਕਸਵਾਦੀ, ਰੂਪਵਾਦੀ, ਸੰਰਚਨਾਵਾਦੀ, ਉੱਤਰ ਸੰਰਚਨਾਵਾਦੀ, ਨਵੇਂ ਮਾਰਕਸਵਾਦੀ, ਉੱਤਰ ਆਧੁਨਿਕਤਾਵਾਦੀ ਆਦਿ ਪ੍ਰਵਿਰਤੀਆਂ ਦੇ ਉਤਰਾਅ ਚੜਾਅ ਹੰਢਾਉਂਦੀ ਅਜੋਕੇ ਗਲੋਬਲੀ ਪ੍ਰਸੰਗ ਅੰਦਰ ਨਵੇਂ ਮੁਹਾਂਦਰੇ ਤਹਿਤ ਮੁਖਾਤਿਬ ਹੈ। (ਪੰਨਾ-14, 15) ਡਾ. ਹਰਿਭਜਨ ਸਿੰਘ ਭਾਟੀਆ ਅਨੁਸਾਰ ਅਜੋਕੇ ਪੂੰਜੀਵਾਦੀ ਦੌਰ ਅੰਦਰ ਹਰ ਸ਼ੈਅ ਮੰਡੀ ਦੀ ਵਸਤ ਬਣ ਕੇ ਰਹਿ ਗਈ ਹੈ। ਪੂੰਜੀ, ਮੁਨਾਫਾ, ਲੁੱਟ ਅਤੇ ਸਵੈ ਹੀ ਕੇਂਦਰ ਵਿੱਚ ਹਨ ਬਾਕੀ ਤਮਾਮ ਵਰਤਾਰੇ ਹਾਸ਼ੀਏ ਤੇ ਚਲੇ ਗਏ ਹਨ। ਜਿਸ ਤਹਿਤ ਪੂੰਜੀਵਾਦ ਉੱਤਰ ਆਧੁਨਿਕਤਾਵਾਦ ਨੂੰ ਇੱਕ ਤਰਕ ਜਾਂ ਦਲੀਲ ਵਜੋਂ ਪੇਸ਼ ਕਰ ਰਿਹਾ ਹੈ। ਇਹ ਨਿਬੰਧ ਸਾਹਿਤ ਚਿੰਤਨ ਦਾ ਨਿੱਗਰ ਦ੍ਰਿਸ਼ਟੀਕੋਣ ਪ੍ਰਸਤੁਤ ਕਰਦਾ ਹੈ। (ਪੰਨਾ-15) ਇਸ ਤਰ੍ਹਾਂ ‘ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ` ਕਿਤਾਬ ਵਿੱਚ ਸਾਹਿਤ ਦੇ ਕਵਿਤਾ, ਨਾਵਲ, ਕਹਾਣੀ, ਨਾਟਕ, ਵਾਰਤਕ ਤੇ ਪੰਜਾਬੀ ਆਲੋਚਨਾ ਦਾ ਲੇਖਾ ਜੋਖਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਵਿੱਚ ਤਬਦੀਲੀਆਂ ਆਈਆਂ ਹਨ। ਪੁਸਤਕ ਦੇ ਸਾਰੇ ਨਿਬੰਧ ਆਪਣੇ ਆਪ ਵਿੱਚ ਸੁਤੰਤਰ ਸਾਹਿਤਕ ਇਤਿਹਾਸਕ ਦਸਤਾਵੇਜ ਹਨ।

ਹਵਾਲੇ[ਸੋਧੋ]

  1. ਡਾ: ਗਗਨਦੀਪ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ,ਪੰਨਾ 5
  2. ਡਾ. ਗਗਨਦੀਪ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ,ਪੰਨਾ 45
  3. ਡਾ: ਗਗਨਦੀਪ ਸਿੰਘ, ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ,ਪੰਨਾ 11,12
  4. ਡਾ: ਗਗਨਦੀਪ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ,ਪੰਨਾ 32
  5. ਡਾ: ਗਗਨਦੀਪ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ,ਪੰਨਾ 14