ਸਮੱਗਰੀ 'ਤੇ ਜਾਓ

ਆਲਿਫ਼ ਲੈਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਹਿਰਜ਼ਾਦ ਅਤੇ ਸ਼ਹਿਰਯਾਰ, ਚਿੱਤਰ:ਫ਼ਰਦੀਨੰਦ ਕੈੱਲਰ, 1880
ਆਲਿਫ਼ ਲੈਲਾ ਦਾ ਇੱਕ ਖਰੜਾ

ਆਲਿਫ਼ ਲੈਲਾ (Arabic: كتاب ألف ليلة وليلة Kitāb alf laylah wa-laylah ਕਿਤਾਬ ਆਲਿਫ਼ ਲੈਲਾ ਵਾ-ਲੈਲਾ) ਸਦੀਆਂ ਦੌਰਾਨ ਮੂਲ ਤੌਰ 'ਤੇ ਅਰਬੀ ਭਾਸ਼ਾ ਵਿੱਚ ਪੱਛਮੀ, ਕੇਂਦਰੀ, ਦੱਖਣੀ ਏਸ਼ੀਆ ਅਤੇ ਉਤਰੀ ਅਫਰੀਕਾ ਦੇ ਅਣਗਿਣਤ ਰਚਨਹਾਰਿਆਂ ਦੀ ਮਿਹਨਤ ਦਾ ਸਾਂਝਾ ਸਿੱਟਾ ਹੈ ਇਹ ਬੇਮਿਸਾਲ ਕਥਾ ਸੰਗ੍ਰਹਿ। ਇਹ ਸੰਸਾਰ ਦੀਆਂ ਮਹਾਨਤਮ ਰਚਨਾਵਾਂ ਵਿੱਚੋਂ ਇੱਕ ਹੈ, ਖਾਸ ਤੌਰ 'ਤੇ ਬਾਲ-ਸਾਹਿਤ ਦੇ ਖੇਤਰ ਵਿੱਚ। ਜਿਆਦਾਤਰ ਰਚਨਾਵਾਂ ਪ੍ਰਾਚੀਨ ਭਾਰਤ, ਈਰਾਨ, ਯੂਨਾਨ ਅਤੇ ਅਰਬ ਦੇਸ਼ਾਂ ਦੀਆਂ ਪ੍ਰਾਚੀਨ ਕਥਾਵਾਂ ਹਨ।

ਕਥਾ ਚੌਖਟਾ

[ਸੋਧੋ]
ਸੁਲਤਾਨ ਸ਼ਹਿਰਜ਼ਾਦ ਨੂੰ ਮੁਆਫ ਕਰਦੇ ਹੋਏ

ਇਨ੍ਹਾਂ ਕਹਾਣੀਆਂ ਨੂੰ ਜੋੜਨ ਵਾਲੀ ਕਹਾਣੀ ਚੌਖਟੇ ਦਾ ਕੰਮ ਕਰਦੀ ਹੈ ਜਿਸ ਵਿੱਚ ਜੀਵਨ ਦੇ ਵਭਿੰਨ ਪਹਿਲੂਆਂ ਨੂੰ ਛੂੰਹਦੀਆਂ ਹਜ਼ਾਰਾਂ ਕਥਾਵਾਂ ਜੜੀਆਂ ਗਈਆਂ। ਲੰਮੇ ਸਮੇਂ ਤੱਕ ਲੋਕ ਪ੍ਰਤਿਭਾ ਨੂੰ ਸਹਿਜ ਤੇ ਸੁਹਜ ਨਾਲ ਆਪਣੀ ਬਿਰਤਾਂਤ-ਕਲਾ ਚਮਕਾਉਣ ਲਈ ਇਸ ਤੋਂ ਕਮਾਲ ਹੋਰ ਕਿਸੇ ਚੌਖਟੇ ਦੀ ਕਲਪਨਾ ਸੰਭਵ ਨਹੀਂ ਲੱਗਦੀ। ਬਾਦਸ਼ਾਹ ਸ਼ਹਿਰਯਾਰ ਨੂੰ ਜਦੋਂ ਆਪਣੀ ਮਲਕਾ ਦੀ ਬੇਵਫਾਈ (ਉਸ ਦੇ ਗੁਲਾਮ ਨਾਲ ਇਸ਼ਕ) ਦਾ ਪਤਾ ਚਲਦਾ ਹੈ ਤਾਂ ਉਸ ਦਾ ਔਰਤ ਜਾਤੀ ਤੋਂ ਬਦਲਾ ਲੈਣ ਲਈ ਹਰ ਰੋਜ਼ ਇੱਕ ਸੁੰਦਰ ਕੰਵਾਰੀ ਲੜਕੀ ਨਾਲ ਸ਼ਾਦੀ ਰਚਾਉਂਦਾ ਅਤੇ ਅਗਲੀ ਸਵੇਰ ਹੋਣ ਤੇ ਕਤਲ ਕਰਵਾ ਦਿੰਦਾ ਤਾਂ ਜੋ ਉਸਨੂੰ ਬੇਵਫਾਈ ਦਾ ਮੌਕਾ ਹੀ ਨਾ ਮਿਲੇ। ਇਹ ਸਿਲਸਿਲਾ ਚੱਲਦਾ ਰਿਹਾ ਤਾਂ ਆਖਰ ਕੁੜੀਆਂ ਦਾ ਇੰਤਜ਼ਾਮ ਕਰਨ ਵਾਲਾ ਵਜ਼ੀਰ ਮੁਸ਼ਕਿਲ ਸਥਿਤੀ ਵਿੱਚ ਫਸ ਗਿਆ। ਕੰਵਾਰੀਆਂ ਕੁੜੀਆਂ ਲਭਣਾ ਉਸ ਲਈ ਔਖਾ ਹੋ ਗਿਆ। ਵਜ਼ੀਰ ਭਾਰੀ ਉਦਾਸ ਹੋ ਗਿਆ ਅਤੇ ਉਸ ਦੀ ਬੇਟੀ ਸ਼ਹਿਰਜ਼ਾਦ ਨੇ ਆਪਣੇ ਪਿਉ ਦੀ ਮੁਸ਼ਕਿਲ ਹੱਲ ਕਰਨ ਲਈ ਖੁਦ ਬਾਦਸ਼ਾਹ ਨਾਲ ਸ਼ਾਦੀ ਕਰਵਾ ਲਈ। ਸ਼ਹਿਰਜ਼ਾਦ ਨੇ ਰਾਤੀਂ ਸ਼ਹਿਰਯਾਰ ਨੂੰ ਇੱਕ ਬਹੁਤ ਦਿਲਚਸਪ ਕਹਾਣੀ ਸੁਣਾਈ ਅਤੇ ਉਸ ਵਿੱਚ ਇੱਕ ਹੋਰ ਕਹਾਣੀ ਜੜ ਦਿੱਤੀ ਪਰ ਅਧੂਰੀ ਛੱਡ ਦਿੱਤੀ ਅਗਲੀ ਰਾਤ ਮੁੜ ਅੱਗੇ ਤੋਰਨ ਲਈ। ਅਗਲੀ ਰਾਤ ਬਾਕੀ ਕਹਾਣੀ ਸੁਣਨ ਲਈ ਬਾਦਸ਼ਾਹ ਨੇ ਸ਼ਹਿਰਜ਼ਾਦ ਨੂੰ ਨਹੀਂ ਮਰਵਾਇਆ। ਸ਼ਹਿਰਜ਼ਾਦ ਹਰ ਰਾਤ ਇਸੇ ਤਰ੍ਹਾਂ ਕਰਦੀ ਅਤੇ ਉਸ ਦੀ ਜਾਨ ਬਖਸ਼ੀ ਹੋ ਜਾਂਦੀ। ਇਸ ਤਰ੍ਹਾਂ 1001 ਰਾਤਾਂ ਗੁਜ਼ਰ ਗਈਆਂ। ਬਾਦਸ਼ਾਹ ਸ਼ਹਿਰਜ਼ਾਦ ਦੀ ਕਲਾ ਤੋਂ ਏਨਾ ਖੁਸ਼ ਹੋਇਆ ਕਿ ਉਸ ਨੇ ਉਸ ਨੂੰ ਆਪਣੀ ਵੱਡੀ ਮਲਕਾ ਬਣਾ ਲਿਆ। ਔਰਤਾਂ ਬਾਰੇ ਉਸ ਦੀ ਰਾਏ ਵੀ ਬਦਲ ਗਈ।

ਅਲਿਫ ਲੈਲਾ ਦੀਆਂ ਅਕਸਰ ਕਹਾਣੀਆਂ, ਬੇਬਲ, ਫ਼ੋਨੀਸ਼ੀਆ, ਮਿਸਰ ਅਤੇ ਯੂਨਾਨ ਦੀਆਂ ਪੁਰਾਣੀਆਂ ਲੋਕ ਦਾਸਤਾਨਾਂ ਨੂੰ ਆਪਣਾ ਕੇ ਲਿਖੀਆਂ ਗਈਆਂ ਹਨ ਅਤੇ ਉਹਨਾਂ ਨੂੰ ਹਜ਼ਰਤ ਸੁਲੇਮਾਨ, ਈਰਾਨੀ ਸੁਲਤਾਨਾਂ ਅਤੇ ਮੁਸਲਮਾਨ ਖਲੀਫਿਆਂ ਉੱਤੇ ਢੁਕਾਇਆ ਗਿਆ ਹੈ। ਇਨ੍ਹਾਂ ਦਾ ਮਾਹੌਲ ਅਠਵੀਂ ਸਦੀ ਈਸਵੀ ਦਾ ਹੈ। ਅਜਿਹੀਆਂ ਕਹਾਣੀਆਂ ਜਿਹਨਾਂ ਵਿੱਚ ਉਹਨਾਂ ਕਈ ਚੀਜਾਂ ਦਾ ਜਿਕਰ ਮਿਲਦਾ ਹੈ ਜੋ ਅਠਵੀਂ ਸਦੀ ਵਿੱਚ ਅਜੇ ਈਜਾਦ ਨਹੀਂ ਹੋਈਆਂ ਸਨ, ਉਹ ਬਹੁਤ ਬਾਅਦ ਦੇ ਇਜ਼ਾਫੇ ਹਨ।

ਮੁਹੰਮਦ ਬਿਨ ਇਸਹਾਕ ਨੇ (ਅਲਫ਼ਹਿਰਸਤ) ਵਿੱਚ ਕਹਾਣੀਆਂ ਦੀ ਇੱਕ ਕਿਤਾਬ ਹਜ਼ਾਰ ਅਫ਼ਸਾਨਾ ਦਾ ਜਿਕਰ ਕੀਤਾ ਹੈ ਜੋ ਬਗਦਾਦ ਵਿੱਚ ਲਿਖੀ ਗਈ ਸੀ ਅਤੇ ਉਸ ਦੀ ਇੱਕ ਕਹਾਣੀ ਵੀ ਦਰਜ ਕੀਤੀ ਹੈ ਜੋ ਅਲਿਫ ਲੈਲਾ ਦੀ ਪਹਿਲੀ ਕਹਾਣੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਪਹਿਲਾਂ ਕਿਤਾਬ ਦਾ ਨਾਮ (ਹਜ਼ਾਰ ਅਫ਼ਸਾਨਾ) ਸੀ।[1] ਅਰਥਾਤ ਇਸ ਵਿੱਚ ਇੱਕ ਹਜ਼ਾਰ ਇੱਕ ਕਹਾਣੀਆਂ ਨਹੀਂ ਸਨ।

ਹਵਾਲੇ

[ਸੋਧੋ]
  1. Marzolph (2007), "Arabian Nights", Encyclopaedia of Islam, vol. I, Leiden: Brill.