ਇਹੁ ਜਨਮ ਤੁਮ੍ਹਾਰੇ ਲੇਖੇ
ਲੇਖਕ | ਗੁਰਬਚਨ ਸਿੰਘ ਭੁੱਲਰ |
---|---|
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਨਾਵਲ |
ਪ੍ਰਕਾਸ਼ਨ | 2014 |
ਪ੍ਰਕਾਸ਼ਕ | ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ |
ਮੀਡੀਆ ਕਿਸਮ | ਪ੍ਰਿੰਟ |
ਇਹੁ ਜਨਮੁ ਤੁਮਹਾਰੇ ਲੇਖੇ ਨਾਵਲ ਗੁਰਬਚਨ ਸਿੰਘ ਭੁੱਲਰ ਪੰਜਾਬੀ ਦੇ ਮਸ਼ਹੂਰ ਗਲਪਕਾਰ ਗੁਰਬਚਨ ਸਿੰਘ ਭੁੱਲਰ ਦੁਆਰਾ ਸਿਰਜਿਆ ਨਾਵਲ ਹੈ। ਇਸ ਨਾਵਲ ਦੀ ਨਾਵਲੀ ਕਥਾ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਨੂੰ ਪਿੱਠਭੂਮੀ ਵਜੋਂ ਵਰਤ ਕੇ ਉਸਰਦੀ ਹੈ। ਗੁਰਬਚਨ ਸਿੰਘ ਭੁੱਲਰ ਨੇ ਅੰਮ੍ਰਿਤਾ ਪ੍ਰੀਤਮ ਦੀਆਂ ਜੀਵਨ ਘਟਨਾਵਾਂ ਨੂੰ ਬੜੀ ਹੀ ਸੁਹਿਰਦਤਾ ਦੇ ਨਾਲ ਇੱਕ ਬਿਰਤਾਂਤਕ ਲੜੀ ਵਿੱਚ ਪਰੋਇਆ ਹੈ। ਇਸ ਨਾਵਲ ਵਿੱਚ ਕਈ ਇਸ ਤਰ੍ਹਾਂ ਦੇ ਪਾਤਰ ਹੋਂਦ ਵਿੱਚ ਆਏ ਹਨ, ਜਿਹੜੇ ਕਿ ਅੰਮ੍ਰਿਤਾ ਪ੍ਰੀਤਮ ਦੀ ਨਿੱਜੀ ਜ਼ਿੰਦਗੀ ਜਾਂ ਉਸਦੀ ਆਪਣੀ ਸਵੈਜੀਵਨੀ ‘ਰਸੀਦੀ ਟਿਕਟ’ ਵਿੱਚ ਜਾਂ ਤਾਂ ਉਹ ਮੁੱਢੋਂ ਹੀ ਖਾਰਜ ਹਨ, ਜਾਂ ਫਿਰ ਉਹਨਾਂ ਦਾ ਬਿੰਬ ਇੱਕ ਖਲਨਾਇਕ ਵਜੋਂ ਉਭਰਦਾ ਹੈ। ਇਸ ਪ੍ਰਕਾਰ ਘਟਨਾਵਾਂ ਦੀ ਪੇਸ਼ਕਾਰੀ ਦੇ ਪੱਖੋਂ ਅਤੇ ਉਹਨਾਂ ਘਟਨਾਵਾਂ ਵਿੱਚ ਉਭਾਰੀਆਂ ਪਛਾਣਾਂ ਦੀ ਨਿਰਮਾਣਕਾਰੀ ਪੱਖੋਂ ਨਾਵਲੀ ਪ੍ਰਵਚਨ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਬਹਿਸ ਛੇੜ ਦਿੰਦਾ ਹੈ। ਜਿਹੜੀ ਕੇ ਪਿੱਤਰੀ ਸੱਤਾ ਅਤੇ ਨਾਰੀ ਦੀ ਮੁਕੰਮਲ ਆਜ਼ਾਦੀ ਦੀ ਲਾਲਸਾ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਗੁਰਬਚਨ ਸਿੰਘ ਭੁੱਲਰ ਆਪਣੇ ਨਾਵਲ ਦੇ ਮੁੱਖ ਬੰਦ ਵਿੱਚ ਹੇਠ ਲਿਖੇ ਬੋਲਾਂ ਰਾਹੀ ਮੁਖਾਤਿਬ ਹੁੰਦਾ ਹੈ।
“ਇਸ ਨਾਵਲ ਦੀ ਨਾਇਕਾ ਕਿਸੇ ਨਾਰੀ ਦੀ ਥਾਂ ਨਾਰੀ-ਸੋਚ ਹੈ। ਜਿਸਦੀ ਧੁਰੀ ਮਨਚਾਹਿਆ ਅਜ਼ਾਦ ਜੀਵਨ ਜਿਉਣ ਦੀ ਕਲਪਨਾ, ਕਾਮਨਾ ਤੇ ਕੋਸ਼ਿਸ਼ ਹੈ; ਨਾਇਕ ਕਿਸੇ ਪੁਰਸ਼ ਦੀ ਥਾਂ ਸਮਾਜ ਹੈ ਜਿਸ ਦੇ ਇੱਕ ਹੱਥ ਵਿੱਚ ਮਨੁੱਖ ਨੂੰ ਜੰਗਲ ਤੋਂ ਸੱਭਿਅਕ ਜੀਵਨ ਤੱਕ ਲਿਆਉਣ ਵਾਲੀ ਨੇਮਾਂ ਦੀ ਪੱਟ-ਕੂਲ਼ੀ ਡੋਰ ਹੈ ਅਤੇ ਦੂਜੇ ਹੱਥ ਵਿੱਚ ਅਮੋੜ ਮਨੁੱਖ ਨੂੰ ਕਾਬੂ ਵਿੱਚ ਰੱਖਣ ਵਾਸਤੇ ਬੰਨ੍ਹਣਾਂ-ਵਰਜਨਾ ਦੀ ਮੁੰਜ ਦੀ ਰੱਸੀ ਹੈ। ਇਸ ਉਪਰੰਤ, ਸਮਾਜ ਪ੍ਰੰਪਰਾਵਾਂ ਤੇ ਰਹੁ-ਰੀਤਾਂ, ਨੇਮਾਂ ਤੇ ਕਾਨੂੰਨ, ਵਿਆਹ ਤੇ ਪਰਿਵਾਰ ਦੀ ਸੰਸਥਾ ਅਤੇ ਸਦਾਚਾਰ ਤੇ ਦੁਰਾਚਾਰ ਦੇ ਸਿਧਾਂਤ ਜਿਹੇ ਅਸਤਰਾਂ-ਸ਼ਸਤਰਾਂ ਨਾਲ ਵੀ ਲੈਸ ਹੈ। ਨਾਰੀ-ਸੋਚ ਬਹੁਤੀਆਂ ਸੂਰਤਾਂ ਵਿੱਚ ਤਾਂ ਖੰਭ ਹੁੰਦਿਆਂ ਵੀ ਸਮਾਜਕ ਲਛਮਣਕਾਰਾਂ ਨੂੰ ਖੁਸ਼ੀ-ਖੁਸ਼ੀ ਜਾਂ ਥੋੜੇ ਬਹੁਤੇ ਰੋਸ ਨਾਲ ਹੌਕਾ ਲੈ ਕੇ ਆਪਣੀ ਹੋਣੀ ਵਜੋਂ ਪ੍ਰਵਾਨ ਕਰ ਲੈਂਦੀ ਹੈ, ਪਰ ਕੁਝ ਸੂਰਤਾਂ ਵਿੱਚ ਨਾਬਰ ਵੀ ਹੋ ਜਾਂਦੀ ਹੈ। ਉਹ ਸਮਾਜ ਦੇ ਅਸਤਰਾਂ-ਸ਼ਸਤਰਾਂ ਦੇ ਬਾਵਜੂਦ ਆਪਣੀ ਮੁਕਤ ਸੋਚ ਦੇ ਖੰਭਾਂ ਦੇ ਬਲ ਨਾਲ ਸਮਾਜਕ ਪ੍ਰਬੰਧ ਦੀ ਗੁਰੂਤਾ-ਸ਼ਕਤੀ ਨੂੰ ਚੀਰ ਜਾਂਦੀ ਹੈ ਅਤੇ ਮਨਚਾਹੇ ਤੇ ਮਨਚਿਤਵੇ ਅੰਬਰਾਂ ਦੀਆਂ ਉੱਚੀਆਂ ਉਡਾਰੀਆਂ ਭਰਨ ਦੇ ਸਮਰੱਥ ਰਹਿੰਦੀ ਹੈ। ਵਿਗਿਆਨ ਅਨੁਸਾਰ, ਧਰਤੀ ਦੀ ਗੁਰੂਤਾ ਖਿੱਚ ਨੂੰ ਪਾਰ ਕਰਕੇ ਉੱਚੇ ਅੰਬਰੀ ਪਹੁੰਚੇ ਪੁਲਾੜ ਯਾਤਰੀਆਂ ਦਟ ਤਨ ਮਨ ਉੱਤੇ ਬੜੇ ਦੀਰਘ ਪ੍ਰਭਾਵ ਪੈਂਦੇ ਹਨ। ਕੀ, ਮਨੋਵਿਗਿਆਨ ਅਨੁਸਾਰ, ਸਮਾਜਕ ਗੁਰੂਤਾ ਨੂੰ ਚੀਰ ਕੇ ਸਵੈ-ਸਿਰਜੇ ਅੰਬਰਾਂ ਵਿੱਚ ਉੱਡੀ ਨਾਬਰ ਨਾਰੀ ਦੇ ਤਨ-ਮਨ ਉੱਤੇ ਵੀ ਕੋਈ ਦੀਰਘ ਪ੍ਰਭਾਵ ਪੈਂਦੇ ਹਨ ਜਾਂ ਨਹੀਂ ? ਬੱਸ ਇਹੋ ਸਵਾਲ ਇਸ ਨਾਵਲ ਦਾ ਸਰੋਕਾਰ ਹੈ”।
ਇਸ ਨਾਵਲ ਤੇ ਵਿਦਵਾਨ ਆਲੋਚਕਾਂ ਅਤੇ ਰਿਸਰਚ ਸਕਾਲਰਾਂ ਵੱਲੋਂ ਆਪਣੀ- ਆਪਣੀ ਵਿਚਾਰਧਾਰਕ ਸੂਝ ਦ੍ਰਿਸ਼ਟੀ ਰਾਹੀਂ ਪੇਪਰ ਲਿਖੇ ਜਾਂ ਰਹੇ ਹਨ। ਜਿਹੜੇ ਕਿ ਇਸ ਨਾਵਲ ਦੀ ਕਥਾ ਵਾਰਤਾ ਰਾਹੀਂ ਸਮਾਜਕ ਸਰੋਕਾਰਾਂ ਨੂੰ ਉਜਾਗਰ ਕਰਦੀ ਹੈ। [1]
- ↑ ਭੁੱਲਰ ਗੁਰਬਚਨ ਸਿੰਘ, ਇਹੁ ਜਨਮੁ ਤੁਮਹਾਰੇ ਲੇਖੇ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2015