ਸਮੱਗਰੀ 'ਤੇ ਜਾਓ

ਈ ਵੀ ਐਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈ ਵੀ ਐਮ ਇੱਕ ਮਸ਼ੀਨ ਹੈ ਜੋ ਵੋਟਿੰਗ ਲਈ ਵਰਤੀ ਜਾਂਦੀ ਹੈ। ਇਸ ਦਾ ਪੂਰਾ ਨਾਮ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ ਇਸ ਦਾ ਇਸਤੇਮਾਲ ਭਾਰਤ ਵਿੱਚ ਆਮ ਚੋਣਾਂ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿੱਚ 1999 ਵਿੱਚ ਸ਼ੁਰੂ ਹੋਇਆ ਅਤੇ 2004 ਤੋਂ ਇਸ ਦਾ ਪੂਰੀ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ। ਭਾਰਤ ਦਾ ਚੋਣ ਕਮਿਸ਼ਨ ਅਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਪ੍ਰੀਕਿਰਿਆ ਵਿੱਚ ਸੁਧਾਰ ਦੀ ਕੋਸ਼ਿਸ਼ ਕਰਦਾ ਰਿਹਾ ਹੈ।

ਡਿਜ਼ਾਈਨਰ[ਸੋਧੋ]

ਜਨਤਕ ਖੇਤਰ ਦੇ ਦੋ ਪ੍ਰਸਿੱਧ ਭਾਰਤ ਇਲੈਕਟ੍ਰੋਨਿਕਸ ਲਿਮਿਟਿਡ, ਬੰਗਲੋਰ ਅਤੇ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ਼ ਇੰਡਿਆ ਲਿਮਿਟਿਡ, ਹੈਦਰਾਬਾਦ ਦੇ ਸਹਿਯੋਗ ਨਾਲ ਭਾਰਤ ਚੋਣ ਕਮਿਸ਼ਨ[1] ਨੇ ਈ ਵੀ ਐਮ ਦੀ ਖੋਜ ਅਤੇ ਡਿਜ਼ਾਈਨਿੰਗ ਕੀਤੀ।

ਇਤਿਹਾਸ ਅਤੇ ਵਿਕਾਸ[ਸੋਧੋ]

ਈ ਵੀ ਐਮ ਦਾ ਪਹਿਲੀ ਵਾਰ ਇਸਤੇਮਾਲ ਮਈ, 1982 ਵਿੱਚ ਕੇਰਲ ਦੇ ਪਰੂਰ ਵਿਧਾਨ ਸਭਾ ਚੋਣ ਖੇਤਰ ਦੇ 50 ਮਤਦਾਨ ਕੇਂਦਰਾਂ ਵਿੱਚ ਹੋਇਆ। 1983 ਤੋਂ ਬਾਅਦ ਇਹਨਾਂ ਮਸ਼ੀਨਾਂ ਦਾ ਇਸਤੇਮਾਲ ਇਸ ਲਈ ਨਹੀਂ ਕੀਤਾ ਗਿਆ ਕਿ ਚੋਣਾਂ ਵਿੱਚ ਵੋਟਿੰਗ ਮਸ਼ੀਨਾਂ ਦੇ ਇਸਤੇਮਾਲ ਨੂੰ ਵਿਧਾਨਿਕ ਰੂਪ ਦਿੱਤੇ ਜਾਣ ਲਈ ਸੁਪਰੀਮ ਕੋਰਟ ਦਾ ਆਦੇਸ਼ ਜਾਰੀ ਹੋਇਆ ਸੀ। ਦਸੰਬਰ, 1988 ਵਿੱਚ ਸੰਸਦ ਨੇ ਇਸ ਕਾਨੂੰਨ ਵਿੱਚ ਸੋਧ ਕੀਤੀ ਅਤੇ ਲੋਕ ਪ੍ਰਤੀਨਿਧੀ ਕਾਨੂੰਨ 1951 ਵਿੱਚ ਨਵੀਂ ਧਾਰਾ – 61 ਏ ਜੋੜੀ ਗਈ, ਜੋ ਆਯੋਗ ਨੂੰ ਵੋਟਿੰਗ ਮਸ਼ੀਨ ਦੇ ਇਸਤੇਮਾਲ ਦਾ ਅਧਿਕਾਰ ਦਿੰਦੀ ਹੈ। ਸੋਧੀ ਧਾਰਾ 15 ਮਾਰਚ 1989 ਤੋਂ ਪ੍ਰਭਾਵੀ ਹੋਈ। ਕੇਂਦਰ ਸਰਕਾਰ ਵੱਲੋਂ ਫਰਵਰੀ, 1990 ਵਿੱਚ ਹਰੇਕ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਪ੍ਰਤੀਨਿੱਧੀਆਂ ਵਾਲੀ ਚੋਣ ਸੁਧਾਰ ਕਮੇਟੀ ਬਣਾਈ ਗਈ। ਭਾਰਤ ਸਰਕਾਰ ਨੇ ਈ ਵੀ ਐਮ ਦੀ ਵਰਤੋਂ ਸਬੰਧੀ ਵਿਸ਼ੇ ਵਿਚਾਰ ਵਟਾਂਦਰੇ ਲਈ ਚੋਣ ਸੁਧਾਰ ਕਮੇਟੀ ਨੂੰ ਭੇਜਿਆ। 24 ਮਾਰਚ 1992 ਨੂੰ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਚੋਣ ਕਰਾਉਣ ਸਬੰਧੀ ਕਾਨੂੰਨਾਂ, 1961 ਵਿੱਚ ਲੋੜੀਂਦੀ ਸੋਧ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਨਵੰਬਰ 1998 ਤੋਂ ਬਾਅਦ ਆਮ ਚੋਣਾਂ, ਉੱਪ ਚੋਣਾਂ ਵਿੱਚ ਹਰੇਕ ਸੰਸਦੀ ਅਤੇ ਵਿਧਾਨ ਸਭਾ ਚੋਣ ਖੇਤਰ ਵਿੱਚ ਈ ਵੀ ਐਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਰਤ 2004 ਦੀਆਂ ਆਮ ਚੋਣਾਂ ਵਿੱਚ ਦੇਸ਼ ਦੇ ਸਾਰੇ ਮਤਦਾਨ ਕੇਂਦਰਾਂ ਉੱਤੇ ਦੱਸ ਲੱਖ 75 ਹਜ਼ਾਰ ਈ ਵੀ ਐਮ ਦੇ ਇਸਤੇਮਾਲ ਨਾਲ ਈ ਲੋਕਤੰਤਰ ਵਿੱਚ ਬਦਲ ਗਿਆ। ਉਦੋਂ ਤੋਂ ਹੀ ਸਾਰੀਆਂ ਚੋਣਾਂ ਵਿੱਚ ਈ ਵੀ ਐਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਵਿਸ਼ੇਸ਼ਤਾਵਾਂ[ਸੋਧੋ]

  • ਇਹ ਛੇੜਛਾੜ ਮੁਕਤ ਅਤੇ ਸੰਚਾਲਨ ਵਿੱਚ ਆਸਾਨ ਹੈ।
  • ਕੰਟਰੋਲ ਇਕਾਈ ਤੇ ਕਾਰਜਾਂ ਨੂੰ ਕੰਟਰੋਲ ਕਰਨ ਵਾਲੇ ਪ੍ਰੋਗਰਾਮ ਇੱਕ ਵਾਰ ਪ੍ਰੋਗਰਾਮ ਬਣਾਉਣ ਯੋਗ ਆਧਾਰ ਤੇ ਮਾਈਕਰੋ ਚਿੱਪ ਵਿੱਚ ਨਸ਼ਟ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇਸ ਨੂੰ ਪੜ੍ਹਨਾਂ, ਕਾਪੀ ਕਰਨਾ ਜਾ ਬਦਲਾਅ ਕਰਨਾ ਅਸੰਭਵ ਹੈ।
  • ਗੈਰ ਕਾਨੂੰਨੀ ਵੋਟਾਂ ਦੀ ਸੰਭਾਵਨਾ ਘੱਟ ਹੁੰਦੀ ਹੈ।
  • ਗਣਨਾਂ ਪ੍ਰੀਕਿਰਿਆ ਤੇਜ਼ ਬਣਾਉਂਦੀ ਹੈ ਤੇ ਲਾਗਤ ਵੀ ਘੱਟਾਉਂਦੀ ਹੈ।
  • ਇਸ ਦਾ ਇਸਤੇਮਾਲ ਬਿਨਾਂ ਬਿਜਲੀ ਤੋਂ ਕੀਤਾ ਜਾ ਸਕਦਾ ਹੈ ਤੇ ਇਹ ਮਸ਼ੀਨ ਬੈਟਰੀ ਨਾਲ ਚਲਦੀ ਹੈ।
  • ਜੇਕਰ ਉਮੀਦਵਾਰ ਦੀ ਗਿਣਤੀ 64 ਤੋਂ ਵਧ ਨਹੀਂ ਹੁੰਦੀ ਤਾਂ ਈ ਵੀ ਐਮ ਦੀ ਵਰਤੋਂ ਨਾਲ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਹ ਵਧ ਤੋਂ ਵਧ 3840 ਵੋਟ ਦਰਜ ਕਰ ਸਕਦੀ ਹੈ।
  • ਈ ਵੀ ਐਮ ਨਾਲ ਪੁਰਾਣੀ ਮਤ ਪੱਤਰ ਪ੍ਰਣਾਲੀ ਦੇ ਮੁਕਾਬਲੇ ਵਿੱਚ ਵੋਟ ਪਾਉਣ ਦੇ ਸਮੇਂ ਵਿੱਚ ਕਮੀ ਆਉਂਦੀ ਹੈ ਅਤੇ ਘਟ ਸਮੇਂ ਵਿੱਚ ਨਤੀਜੇ ਐਲਾਨ ਕਰਦੀ ਹੈ।
  • ਈ ਵੀ ਐਮ ਦੇ ਇਸਤੇਮਾਲ ਨਾਲ ਜਾਅਲੀ ਮਤਦਾਨ ਅਤੇ ਬੂਥ ਕਬਜ਼ਾ ਕਰਨ ਦੀਆਂ ਘਟਨਾਵਾਂ ਵਿੱਚ ਕਾਫ਼ੀ ਹੱਦ ਤੱਕ ਕਮੀ ਲਿਆਂਦੀ ਜਾ ਸਕਦੀ ਹੈ।
  • ਇਸ ਨਾਲ ਅਣਪੜ ਲੋਕ ਈ ਵੀ ਐਮ ਨੂੰ ਮਤ ਪੱਤਰ ਪ੍ਰਣਾਲੀ ਤੋਂ ਵੱਧ ਸੌਖਾਲਾ ਪਾਉਂਦੇ ਹਨ।
  • ਮਤ ਬਕਸਿਆਂ ਦੇ ਮੁਕਾਬਲੇ ਈ ਵੀ ਐਮ ਨੂੰ ਪਹੁੰਚਾਉਣ ਅਤੇ ਵਾਪਸ ਲਿਆਉਣ ਵਿੱਚ ਆਸਾਨੀ ਹੁੰਦੀ ਹੈ।