ਉਪੁਲ ਥਰੰਗਾ
ਵਰੂਸ਼ਾਵੀਥਾਨਾ ਉਪੁਲ ਥਰੰਗਾ (ਜਨਮ 2 ਫਰਵਰੀ 1985), ਜਿਸਨੂੰ ਕਿ ਉਪੁਲ ਥਰੰਗਾ (ਸਿੰਹਾਲਾ: උපුල් තරංග), ਵੀ ਕਿਹਾ ਜਾਂਦਾ ਹੈ, ਇਹ ਇੱਕ ਕ੍ਰਿਕਟ ਖਿਡਾਰੀ ਹੈ, ਜੋ ਕਿ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਉਹ ਇੱਕ ਖੱਬੇ ਹੱਥ ਦਾ ਬੱਲੇਬਾਜ ਹੈ ਅਤੇ ਵਿਕਟ-ਰੱਖਿਅਕ ਹੈ। ਉਪੁਲ ਕ੍ਰਿਕਟ ਦੇ ਤਿੰਨੋਂ ਫਾਰਮੈਟ (ਇੱਕ ਦਿਨਾ ਅੰਤਰਰਾਸ਼ਟਰੀ, ਟਵੰਟੀ ਟਵੰਟੀ ਅਤੇ ਟੈਸਟ ਕ੍ਰਿਕਟ) ਵਿੱਚ ਸ੍ਰੀ ਲੰਕਾ ਵੱਲੋਂ ਕ੍ਰਿਕਟ ਖੇਡਦਾ ਹੈ।
ਨਿੱਜੀ ਜ਼ਿੰਦਗੀ
[ਸੋਧੋ]ਉਪੁਲ ਥਰੰਗਾ ਨੇ ਧਰਮਾਸੋਕਾ ਕਾਲਜ, ਅੰਬਾਲਾਂਗੋਡਾ ਤੋਂ ਸਿੱਖਿਆ ਹਾਸਿਲ ਕੀਤੀ ਹੈ। ਉਸਨੇ ਕ੍ਰਿਕਟ ਖੇਡਣੀ ਛੋਟੀ ਉਮਰ ਤੋਂ ਹੀ ਸ਼ੁਰੂ ਕਰ ਦਿੱਤੀ ਸੀ। ਉਹ 15 ਸਾਲ ਦੀ ਉਮਰ ਤੋਂ ਨਾਂਡਸਕਰਿਪਟਸ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਖੇਡ ਰਿਹਾ ਹੈ ਅਤੇ ਥਰੰਗਾ ਨੇ ਸ੍ਰੀ ਲੰਕਾ ਵੱਲੋਂ ਅੰਡਰ-15, ਅੰਡਰ-17 ਅਤੇ ਅੰਡਰ-19 ਵਿੱਚ ਵੀ ਭਾਗ ਲਿਆ ਹੈ। 2004 ਦੇ ਅੰਡਰ-19 ਵਿਸ਼ਵ ਕੱਪ ਵਿੱਚ ਉਸਨੇ 117 ਅਤੇ 61 ਦੀ ਪਾਰੀ ਖੇਡੀ ਸੀ ਅਤੇ ਉਹ ਉਸ ਟੂਰਨਾਮੈਂਟ ਦਾ ਸਫ਼ਲ ਖਿਡਾਰੀ ਰਿਹਾ ਸੀ। ਸ੍ਰੀ ਲੰਕਾ ਕ੍ਰਿਕਟ ਬੋਰਡ ਨੇ ਉਸਨੂੰ ਲੀਗ ਕ੍ਰਿਕਟ ਖੇਡਣ ਲਈ ਲਫਟਨ ਕ੍ਰਿਕਟ ਕਲੱਬ ਵੱਲੋਂ ਖੇਡਣ ਲਈ ਭੇਜਿਆ ਸੀ। ਜੁਲਾਈ 2005 ਵਿੱਚ ਉਸ ਨੂੰ "ਏ" ਟੀਮ ਵਿੱਚ ਚੁਣ ਲਿਆ ਗਿਆ ਸੀ।
ਖੇਡ-ਜੀਵਨ
[ਸੋਧੋ]ਉਪੁਲ ਥਰੰਗਾ ਦੁਨੀਆ ਦਾ ਦੂਸਰਾ ਅਜਿਹਾ ਬੱਲੇਬਾਜ ਹੈ ਜਿਸਨੇ ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਵਿੱਚ 7 ਵਾਰ ਕਿਸੇ ਹੋਰ ਬੱਲੇਬਾਜ ਨਾਲ 200+ ਦੀ ਸਾਂਝੇਦਾਰੀ ਕੀਤੀ ਹੈ। ਅਜਿਹਾ ਕਰਨ ਵਿੱਚ ਪਹਿਲਾ ਸਥਾਨ ਸਾਬਕਾ ਆਸਟਰੇਲੀਆਈ ਖਿਡਾਰੀ ਰਿੱਕੀ ਪਾਂਟਿੰਗ ਦਾ ਹੈ।[1]
2 ਜੁਲਾਈ 2013 ਨੂੰ ਉਪੁਲ ਥਰੰਗਾ ਨੇ 174* ਦੌੜਾਂ ਬਣਾਈਆਂ ਸਨ, ਜੋ ਕਿ ਕਿਸੇ ਵੀ ਸ੍ਰੀ ਲੰਕਾਈ ਖਿਡਾਰੀ ਵੱਲੋਂ ਦੂਸਰਾ ਸਭ ਤੋਂ ਵੱਡਾ ਨਿੱਜੀ ਸਕੋਰ ਸੀ। ਇਹ ਦੌੜਾਂ ਉਸ ਨੇ ਭਾਰਤੀ ਕ੍ਰਿਕਟ ਟੀਮ ਖਿਲਾਫ਼ ਬਣਾਈਆਂ ਸਨ। ਸ੍ਰੀ ਲੰਕਾ ਵੱਲੋਂ ਸਭ ਤੋਂ ਜਿਆਦਾ ਨਿੱਜੀ ਦੌੜਾਂ ਬਣਾਉਣ ਦਾ ਰਿਕਾਰਡ ਸਨਾਥ ਜੈਸੂਰੀਆ (189) ਦੇ ਨਾਮ ਹੈ। ਇਸ ਪਾਰੀ ਨਾਲ ਹੀ ਉਹ 5000 ਦੌੜਾਂ ਪੂਰੀਆਂ ਕਰਨ ਵਾਲਾ 9ਵਾਂ ਸ੍ਰੀ ਲੰਕਾਈ ਖਿਡਾਰੀ ਬਣ ਗਿਆ ਸੀ। ਉਹ ਆਪਣੇ ਅੰਤਰਰਾਸ਼ਟਰੀ ਖੇਡ-ਜੀਵਨ ਦੌਰਾਨ 11 ਵਾਰ ਮੈਨ ਆਫ਼ ਦ ਮੈਚ ਇਨਾਮ ਨਾਲ ਸਨਮਾਨਿਆ ਜਾ ਚੁੱਕਾ ਹੈ। ਨਵੰਬਰ 2016 ਵਿੱਚ ਜ਼ਿੰਬਾਬਵੇ ਵਿੱਚ ਹੋਈ ਟ੍ਰਾਈ ਸੀਰੀਜ਼ ਦੀ ਕਪਤਾਨੀ ਉਪੁਲ ਥਰੰਗਾ ਨੂੰ ਸੌਂਪੀ ਗਈ ਸੀ ਅਤੇ ਉਸਦੀ ਕਪਤਾਨੀ ਹੇਠ ਸ੍ਰੀ ਲੰਕਾ ਨੇ ਜ਼ਿੰਬਾਬਵੇ ਨੂੰ ਪਹਿਲੇ ਮੈਚ ਵਿੱਚ ਆਸਾਨੀ ਨਾਲ 8 ਵਿਕਟਾਂ ਨਾਲ ਹਰਾ ਦਿੱਤਾ ਸੀ ਅਤੇ ਅੰਤ ਵਿੱਚ ਵੀ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਨੇ ਇਹ ਸੀਰੀਜ਼ ਜਿੱਤ ਲਈ ਸੀ।