ਏਰਨਾ ਗੋਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੰਗਲੀ ਨੂੰ ਏਰਨਾ ਕਹਿੰਦੇ ਹਨ। ਜੰਗਲੀ, ਜੰਗਲ ਵਿਚ ਰਹਿਣ ਵਾਲੇ ਨੂੰ, ਜੰਗਲ ਨਾਲ ਸੰਬੰਧਿਤ ਨੂੰ ਕਹਿੰਦੇ ਹਨ। ਇਸ ਤਰ੍ਹਾਂ ਪਸ਼ੂਆਂ ਦੇ ਜੰਗਲ ਵਿਚ ਕੀਤੇ ਗੋਹੇ/ਸੁੱਕੇ ਗੋਹੇ ਨੂੰ ਏਰਨਾ ਗੋਹਾ ਕਹਿੰਦੇ ਹਨ। ਏਰਨੇ ਗੋਹੇ ਨਾਲ ਚੁੱਲ੍ਹੇ ਬਾਲੇ ਜਾਂਦੇ ਹਨ। ਧੂਣੀਆਂ ਲਾਈਆਂ ਜਾਂਦੀਆਂ ਹਨ। ਪਹਿਲਾਂ ਸਾਰੀ ਧਰਤੀ ਵਿਚ ਜੰਗਲ ਸਨ। ਗੈਰ ਆਬਾਦ ਸੀ। ਉਸ ਸਮੇਂ ਮਨੁੱਖ ਜਾਤੀ ਵੀ ਜੰਗਲਾਂ ਵਿਚ ਰਹਿੰਦੀ ਸੀ। ਹੌਲੀ ਹੌਲੀ ਜੰਗਲਾਂ ਨੂੰ ਪੱਟ ਕੇ ਗੈਰ ਆਬਾਦ ਧਰਤੀ ਨੂੰ ਜਦ ਆਬਾਦ ਕੀਤਾ ਜਾਂਦਾ ਸੀ, ਉਸ ਸਮੇਂ ਪਸ਼ੂ ਜੰਗਲਾਂ ਵਿਚ ਹੀ ਰੱਖੇ ਜਾਂਦੇ ਸਨ। ਪਸ਼ੂ ਜੰਗਲੀ ਘਾਹ, ਪੱਤੇ ਖਾਂਦੇ ਸਨ। ਜੰਗਲ ਵਿਚ ਹੀ ਗੋਹਾ ਕਰਦੇ ਸਨ। ਜੰਗਲ ਦੇ ਇਸ ਏਰਨੋ ਗੋਹੇ ਨੂੰ ਇਕੱਠਾ ਕਰ ਕੇ, ਲੱਕੜਾਂ ਨਾਲ, ਸੁੱਕੇ ਘਾਹ ਫੂਸ ਨਾਲ ਚੁੱਲ੍ਹੇ ਬਾਲੇ ਜਾਂਦੇ ਸਨ। ਏਰਨਾ ਗੋਹਾ ਚਮੜੀ ਦੀਆਂ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਵਰਤਿਆ ਜਾਂਦਾ ਸੀ/ਹੈ। ਹੁਣ ਪੰਜਾਬ ਵਿਚ ਅਜਿਹੇ ਕੋਈ ਸਾਂਝੇ, ਸਰਕਾਰੀ ਜਾਂ ਨਿੱਜੀ ਜੰਗਲ ਨਹੀਂ ਹਨ ਜਿਥੇ ਪਸ਼ੂ ਚਾਰੇ ਜਾ ਸਕਦੇ ਹੋਣ। ਇਸ ਲਈ ਏਰਨਾ ਗੋਹਾ ਨਾ ਹੁਣ ਹੁੰਦਾ ਹੈ ਅਤੇ ਨਾ ਹੀ ਅੱਜ ਦੀ ਪੀੜ੍ਹੀ ਏਰਨੇ ਗੋਹੇ ਬਾਰੇ ਜਾਣਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.