ਕਲੀ ਜੋਟਾ (ਲੋਕ-ਖੇਡ)
ਕਲੀ ਜੋਟਾ ਮੁੰਡਿਆਂ ਦੀ ਇੱਕ ਖੇਡ ਹੈ ਜੋ ਕੱਚ ਦੀਆਂ ਗੋਲ਼ੀਆਂ ਨਾਲ ਖੇਡੀ ਜਾਂਦੀ ਹੈ। ਇਹਨਾਂ ਗੋਲ਼ੀਆਂ ਨੂੰ ਅਕਸਰ ਬਾਂਟੇ ਆਖਿਆ ਜਾਂਦਾ ਹੈ। ਇਸਨੂੰ ਦੋ ਜਾਂ ਚਾਰ ਖਿਡਾਰੀ ਖੇਡਦੇ ਹਨ।
ਖੇਡਣ ਦੀ ਵਾਰੀ ਦਾ ਫ਼ੈਸਲਾ
[ਸੋਧੋ]ਸਭ ਤੋਂ ਪਹਿਲਾਂ ਖਿਡਾਰੀ ਆਪਣੀ ਵਾਰੀ ਦਾ ਫੈਸਲਾ ਕਰਦੇ ਹਨ ਕਿ ਕਿਸ ਨੇ ਪਹਿਲੀ ਵਾਰੀ ਲੈਣੀ ਹੈ ਅਤੇ ਕਿਸ ਨੇ ਦੂਜੀ। ਖੇਡਣ ਵਾਲੇ ਖਿਡਾਰੀਆਂ ਦੀ ਰਜ਼ਾਮੰਦੀ ਹੁੰਦੇ ਸਾਰ ਹੀ ਕੋਈ ਨਾ ਕੋਈ ਖਿਡਾਰੀ ਨਾਲ ਹੀ ਬੋਲ ਪੈਂਦਾ ਹੈ ਇੱਚਾਲਾਈ ਜਾਂ ਪੋਹਲ (ਪਹਿਲ), ਨਾਲ ਹੀ ਦੂਜਾ ਖਿਡਾਰੀ ਬੋਲ ਦਿੰਦਾ ਹੈ ਦੂਗਾਲਾਈ ਜਾਂ ਦੁੱਗ ਅਤੇ ਇਸੇ ਤਰ੍ਹਾਂ ਹੀ ਉਹ ਵਾਰੀ ਦਾ ਫੈਸਲਾ ਕਰ ਲੈਂਦੇ ਹਨ। ਜੇਕਰ ਇਸ ਤਰੀਕੇ ਨਾਲ ਫੈਸਲਾ ਨਾ ਹੋਵੇ ਤਾਂ ਪੁੱਗ ਕੇ ਵੀ ਨਤੀਜਾ ਕੱਢ ਲਿਆ ਜਾਂਦਾ ਹੈ।
ਖੇਡਣ ਦਾ ਢੰਗ
[ਸੋਧੋ]ਆਪਣੀ ਵਾਰੀ ਦਾ ਫ਼ੈਸਲਾ ਕਰਨ ਤੋਂ ਬਾਅਦ ਸਾਰੇ ਖਿਡਾਰੀ ਆਪੋ–ਆਪਣੇ ਬਾਂਟੇ ਆਪਣੇ ਹੱਥਾਂ ‘ਚ ਲੈ ਕੇ ਸਾਫ ਜਿਹੀ ਜਗ੍ਹਾ ਤੇ ਬੈਠ ਜਾਂਦੇ ਹਨ। ਪਹਿਲੀ ਵਾਰੀ ਵਾਲਾ ਖਿਡਾਰੀ ਆਪਣੇ ਦੋਨੇ ਹੱਥਾਂ ਦੀ ਅੰਦਰੋ ਖੋਖਲੀ ਜਿਹੀ ਮੁੱਠੀ ਬਣਾ ਕੇ ਉਸ ‘ਚ ਬਾਂਟੇ ਖੜਕਾਉਂਦਾ ਹੋਇਆ ਆਪਣੇ ਇਕ ਹੱਥ ‘ਚ ਕੁੱਝ ਬਾਂਟੇ ਲੈ ਕੇ ਬੰਦ ਮੁੱਠੀ ਨੂੰ ਜਮੀਨ ਤੇ ਰੱਖਦਾ ਹੈ। ਦੂਜੀ ਵਾਰੀ ਵਾਲੇ ਖਿਡਾਰੀ ਨੇ ਇਹ ਬੁੱਝਣਾ ਹੁੰਦਾ ਹੈ ਕਿ ਬੰਦ ਮੁੱਠੀ ‘ਚ ਕਲੀ ਹੈ ਜਾਂ ਜੋਟਾ। ਕਲੀ ਭਾਵ ਬਾਂਟਿਆਂ ਦੀ ਗਿਣਤੀ ਟਾਂਕ (1,3,5,7,……) ਹੈ ਅਤੇ ਜੋਟਾ ਭਾਵ ਬਾਂਟਿਆਂ ਦੀ ਗਿਣਤੀ ਜਿਸਤ/ਜੋੜਿਆਂ (2,4,6,8,……) ਹੈ। ਦੂਜੀ ਵਾਰੀ ਵਾਲਾ ਖਿਡਾਰੀ ਜੇਕਰ ਕਲੀ ਮੰਗਦਾ ਹੈ ਤਾਂ ਫਿਰ ਪਹਿਲੀ ਵਾਰੀ ਵਾਲਾ ਖਿਡਾਰੀ ਆਪਣੀ ਮੁੱਠੀ ਖੋਲ ਕੇ ਬਾਂਟਿਆਂ ਦੀ ਗਿਣਤੀ ਕਰਵਾਉਂਦਾ ਹੈ। ਇਸ ਵਾਸਤੇ ਖਿਡਾਰੀ ਆਮ ਕਰਕੇ ਬਾਂਟਿਆਂ ਨੂੰ ਦੋ-ਦੋ ਦੇ ਗੁੱਟਾਂ ‘ਚ ਬਣਾ ਲੈਂਦੇ ਹਨ ਤਾਂ ਜੋ ਛੇਤੀ ਅਤੇ ਅਸਾਨੀ ਨਾਲ ਗਿਣਿਆ ਜਾ ਸਕੇ। ਜੇਕਰ ਅਖੀਰ ‘ਚ ਇਕ ਬਾਂਟਾ ਬਚ ਜਾਵੇ ਤਾਂ ਕਲੀ ਅਤੇ ਜੇਕਰ ਕੋਈ ਬਾਂਟਾ ਨਾ ਬਚੇ ਤਾਂ ਜੋਟਾ। ਜੇਕਰ ਖਿਡਾਰੀ ਨੇ ਕਲੀ ਮੰਗੀ ਹੋਵੇ ਤੇ ਕਲੀ ਹੀ ਆ ਜਾਵੇ ਤਾਂ ਉਹ ਜਿੱਤਿਆ ਸਮਝਿਆ ਜਾਂਦਾ ਹੈ। ਤਾਂ ਫਿਰ ਪਹਿਲੀ ਵਾਰੀ ਵਾਲਾ ਖਿਡਾਰੀ ਦੂਜੀ ਵਾਰੀ ਵਾਲੇ ਖਿਡਾਰੀ ਨੂੰ ਇਕ ਬਾਂਟਾ (ਜਾਂ ਫਿਰ ਜਿੰਨੇ ਪਹਿਲਾਂ ਮਿਥੇ ਹੋਣ) ਦਿੰਦਾ ਹੈ।[1]
ਉਸਤੋਂ ਬਾਅਦ ਦੂਜੀ ਵਾਰੀ ਵਾਲਾ ਖਿਡਾਰੀ ਮੁੱਠੀ ‘ਚ ਬਾਂਟੇ ਖੜਕਾ ਕੇ ਆਪਣੀ ਵਾਰੀ ਚਲਦਾ ਹੈ। ਪਰ ਜੇਕਰ ਪਹਿਲੀ ਵਾਰੀ ਵਾਲਾ ਖਿਡਾਰੀ ਜਿੱਤ ਜਾਵੇ (ਭਾਵ ਦੂਜੇ ਨੇ ਕਲੀ ਮੰਗੀ ਹੋਵੇ ਤੇ ਜੋਟਾ ਆ ਜਾਵੇ ਜਾਂ ਜੋਟਾ ਮੰਗਿਆ ਹੋਵੇ ਤੇ ਕਲੀ ਆ ਜਾਵੇ) ਤਾਂ ਉਹ ਦੂਜੀ ਵਾਰੀ ਵਾਲੇ ਖਿਡਾਰੀ ਤੋਂ ਪਹਿਲਾਂ ਮਿਥੇ ਅਨੁਸਾਰ ਇਕ, ਦੋ,…. ਬਾਂਟੇ ਲੈ ਲੈਂਦਾ ਹੈ। ਇਸ ਤਰ੍ਹਾਂ ਇਹ ਖੇਡ ਅੱਗੇ ਚਲਦੀ ਰਹਿੰਦੀ ਹੈ। ਫਿਰ ਦੂਜੀ ਵਾਰੀ ਵਾਲਾ ਚਲਦਾ ਹੈ ਅਤੇ ਤੀਜੀ ਵਾਰੀ ਵਾਲਾ ਬੁੱਝਦਾ ਹੈ।
ਖੇਡ ਦਾ ਮੰਤਵ
[ਸੋਧੋ]ਮਨੋਰੰਜਨ ਦੇ ਨਾਲ ਨਾਲ ਕਲੀ ਜੋਟਾ ਇੱਕ ਸਿੱਖਿਆਦਾਇਕ ਖੇਡ ਵੀ ਹੈ, ਖਾਸਕਰ ਛੋਟੇ ਬੱਚਿਆਂ ਲਈ ਕਿਉਂਕਿ ਇਸ ਨਾਲ ਬੱਚਿਆਂ ਨੂੰ ਜਿਸਤ ਅਤੇ ਟਾਂਕ ਸੰਖਿਆਵਾਂ ਦਾ ਪਤਾ ਲੱਗ ਜਾਂਦਾ ਹੈ। ਗਿਣਤੀ ਵੇਲੇ ਬਾਂਟਿਆਂ ਨੂੰ ਦੋ–ਦੋ ਦੇ ਗੁੱਟਾਂ ‘ਚ ਵੰਡ ਕੇ ਰੱਖਣ ਨਾਲ ਬੱਚਿਆਂ ਨੂੰ ਦੋ ਦਾ ਪਹਾੜਾ ਵੀ ਆ ਜਾਂਦਾ ਹੈ। ਬਾਅਦ ‘ਚ ਜਦੋਂ ਬੱਚੇ ਇਸ ਖੇਡ ‘ਚ ਪਰਿਪੱਕ ਹੋ ਜਾਂਦੇ ਹਨ ਤਾਂ ਉਹ ਗਿਣਤੀ ਵੇਲੇ ਬਾਂਟਿਆਂ ਨੂੰ ਦੋ–ਦੋ ਦੀ ਬਜਾਏ ਚਾਰ–ਚਾਰ ਦੇ ਗੁਟਾਂ ‘ਚ ਵੀ ਗਿਣਵਾ ਦਿੰਦੇ ਹਨ। ਜਿਸ ਨਾਲ ਉਨ੍ਹਾਂ ਨੂੰ ਚਾਰ ਦਾ ਪਹਾੜਾ ਵੀ ਆ ਜਾਂਦਾ ਹੈ।