ਕਲੋਠਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਿੰਡ ਕਲੋਠਾ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਅਧੀਨ ਆਉਂਦਾ ਹੈ। ਅਤੀਤ ਵਿੱਚ ਉੱਥੇ ਸਾਲ ਵਿੱਚ ਕੁਝ ਸਮੇਂ ਲਈ ਇੱਕ ਕਬੀਲਾ ਆ ਕੇ ਬਹਿੰਦਾ ਸੀ। ਕਬੀਲੇ ਦੇ ਲੋਕ ਚੋਰੀ-ਡਕੈਤੀ ਅਤੇ ਲੜਾਈ-ਝਗੜੇ ਕਰਦੇ ਰਹਿੰਦੇ ਸਨ। ਕਲੇਸ਼ ਕਰਨ ਵਾਲੇ ਇਸ ਕਬੀਲੇ ਨੂੰ ਫ਼ਕੀਰ ਫਾਜ਼ਿਲ ਨੇ ਹੱਕ-ਸੱਚ ਦਾ ਸਬਕ ਪੜ੍ਹਾਇਆ ਸੀ। ਫ਼ਕੀਰ ਫਾਜ਼ਿਲ ਦੀ ਸਿੱਖਿਆ ’ਤੇ ਅਮਲ ਕਰਦਿਆਂ ਕਬੀਲੇ ਦੇ ਲੋਕ ਨੇਕ ਕਮਾਈ ਕਰਨ ਲੱਗ ਪਏ ਅਤੇ ਸਥਾਈ ਤੌਰ ’ਤੇ ਇੱਥੇ ਵਸ ਗਏ ਤੇ ਪਿੰਡ ਬੱਝ ਗਿਆ ਸੀ। ਇਸ ਤਰ੍ਹਾਂ ਪਿੰਡ ਕਲੋਠਾ ਨੂੰ ਬੰਨ੍ਹਣ ਦਾ ਸਿਹਰਾ ਵੀ ਫ਼ਕੀਰ ਫਾਜ਼ਿਲ ਨੂੰ ਜਾਂਦਾ ਹੈ।

ਪਿੰਡ ਦਾ ਇਤਿਹਾਸ[ਸੋਧੋ]

ਫ਼ਕੀਰ ਫਾਜ਼ਿਲ ਨੇ ਕਲੋਠਾ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਦੇ ਨਾਲ-ਨਾਲ ਪਿੰਡ ਵਿੱਚ ਦੋਹਰੀ ਛੱਤ ਭਾਵ ਚੁਬਾਰਾ ਬਣਾਉਣ ਤੋਂ ਵਰਜਿਆ ਸੀ। ਇਸ ਪਿੱਛੇ ਫ਼ਕੀਰ ਫਾਜ਼ਿਲ ਦਾ ਮਨੋਰਥ ਸ਼ਾਇਦ ਪਿੰਡ ਵਾਸੀਆਂ ਨੂੰ ਸਮਾਨਤਾ ਅਤੇ ਨਿਰਵਾਣਤਾ ਵਿੱਚ ਰਹਿਣ ਦਾ ਸੰਦੇਸ਼ ਦੇਣਾ ਸੀ। ਫ਼ਕੀਰ ਨੇ ਔਰਤਾਂ ਲਈ ਇਕੱਠੇ ਪਾਣੀ ਦੇ ਦੋ ਘੜੇ ਚੁੱਕਣ ਅਤੇ ਬਲਦਾਂ ਨੂੰ ਪੰਜਾਲੀ ਨਾਲ ਜੋੜ ਕੇ ਪਿੰਡ ਵਿੱਚ ਦਾਖ਼ਲ ਹੋਣ ’ਤੇ ਵੀ ਪਾਬੰਦੀ ਲਾਈ ਸੀ। ਲਗਪਗ ਡੇਢ ਸਦੀ ਤੋਂ ਕਲੋਠਾ ਵਾਸੀ ਫ਼ਕੀਰ ਦੇ ਕਾਇਦਿਆਂ ਦੀ ਪਾਲਣਾ ਕਰਦੇ ਆ ਰਹੇ ਹਨ। 1947 ਤੋਂ ਪਹਿਲਾਂ ਕਲੋਠਾ ਮੁਸਲਮਾਨਾਂ ਦਾ ਪਿੰਡ ਸੀ। ਵੰਡ ਹੋਣ ਤੋਂ ਬਾਅਦ ਮੁਸਲਮਾਨ ਵੀਰ ਪਾਕਿਸਤਾਨ ਚਲੇ ਗਏ ਤੇ ਉਹਨਾਂ ਦੀ ਥਾਂ ਹਿੰਦੂ-ਸਿੱਖ ਆ ਗਏ ਸਨ ਪਰ ਕਲੋਠਾ ਵਾਸੀਆਂ ਵਿੱਚ ਫ਼ਕੀਰ ਫਾਜ਼ਿਲ ਪ੍ਰਤੀ ਸ਼ਰਧਾ ਤੇ ਸਤਿਕਾਰ ਘੱਟ ਨਹੀਂ ਹੋਇਆ। ਅੱਜ ਵੀ ਕਲੋਠਾ ਵਾਸੀ ਫ਼ਕੀਰ ਫਾਜ਼ਿਲ ਵੱਲੋਂ ਬਣਾਏ ਨੇਮਾਂ ਨੂੰ ਤੋੜਨਾ ਠੀਕ ਨਹੀਂ ਸਮਝਦੇ। ਹਲ-ਪੰਜਾਲੀ ਜੋੜ ਕੇ ਵਾਹੀ ਕਰਨ ਅਤੇ ਖੂਹਾਂ ਤੋਂ ਪਾਣੀ ਭਰ ਕੇ ਲਿਆਉਣ ਦਾ ਜ਼ਮਾਨਾ ਤਾਂ ਚਲਾ ਗਿਆ ਹੈ ਪਰ ਬਹੁਤੇ ਕਲੋਠਾ ਵਾਸੀ ਹੁਣ ਵੀ ਦੋਹਰੀ ਛੱਤ ਨਹੀਂ ਬਣਾਉਂਦੇ।