ਕਲੋਸੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਲੋਸੀਅਮ
Colosseum in Rome, Italy - April 2007.jpg
ਸਥਾਨਅਗਸਤਸ ਰੋਮ ਦੇ 14 ਰਾਜ ("ਸ਼ਾਂਤੀ ਮੰਦਿਰ")
ਉਸਾਰੀ70–80 ਏਡੀ
ਲਈ/ਦੁਆਰਾ ਉਸਾਰਿਆਵੇਸਪੇਜ਼ੀਅਨ, ਤਿਤੁਸ
ਕਿਸਮਐਮਫੀਥੀਏਟਰ
ਸਬੰਧਿਤਰੋਮ ਵਿੱਚ ਪੁਰਾਤਨ ਸਮਾਰਕਾਂ ਦੀ ਸੂਚੀ
ਕਲੋਸੀਅਮ is located in Earth
ਕਲੋਸੀਅਮ
ਕਲੋਸੀਅਮ (Earth)

ਕਲੋਸੀਅਮ, ਪ੍ਰਾਚੀਨ ਯੁੱਗ ਦਾ ਵਿਸ਼ਾਲ ਗੋਲ ਅਖਾੜਾ ਜਾਂ ਰੰਗਸ਼ਾਲਾ ਹੈ, ਦਾ ਨਿਰਮਾਣ ਇਟਲੀ ਵਿੱਚ ਰੋਮ ਵਿਖੇ ਅੱਜ ਤੋਂ ਲਗਪਗ 1930 ਵਰ੍ਹੇ ਪਹਿਲਾਂ ਹੋਇਆ ਸੀ। ਇਸ ਨੂੰ ਭਵਨ-ਨਿਰਮਾਣ ਕਲਾ ਅਤੇ ਇੰਜਨੀਅਰਿੰਗ ਦਾ ਅਜੂਬਾ ਮੰਨਿਆ ਗਿਆ ਹੈ।[1] ਰੋਮ ਦੇ ਸਮਰਾਟ ਨੀਰੋ, ਜਿਸ ਦੇ ਰਾਜ ਸਮੇਂ ਜਨਤਾ ਸੁਖੀ ਅਤੇ ਸੰਤੁਸ਼ਟ ਨਹੀਂ ਸੀ, ਦੀ ਮੌਤ ਮਗਰੋਂ ਹੋਈ ਖਾਨਾਜੰਗੀ ਨਾਲ ਰਾਜਵੰਸ਼ੀ ਹਕੂਮਤ ਸਮਾਪਤ ਹੋ ਗਈ ਅਤੇ ਰੋਮ ਦੀ ਸਲਤਨਤ ਨੂੰ ਉਸਾਰੂ ਢੰਗ ਨਾਲ ਅੱਗੇ ਤੋਰਨ ਲਈ ਵੇਸਪੇਜ਼ੀਅਨ ਨਵਾਂ ਸਮਰਾਟ ਬਣਿਆ। ਉਸ ਨੇ ਕਲੋਸੀਅਮ ਦੀ ਯਾਦਗਾਰੀ ਇਮਾਰਤ ਦਾ ਆਰੰਭ 72ਈ. ਵਿੱਚ ਕਰਵਾਇਆ।[2] ਰੋਮਨ ਭਾਵੇਂ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਜਨਮਦਾਤਾ ਨਹੀਂ ਸਨ ਪਰ ਉਹਨਾਂ ਨੇ ਉਹ ਵਿਵਸਥਾ ਅਤੇ ਏਕਤਾ ਲਿਆਂਦੀ ਸੀ ਜਿਸ ਨਾਲ ਪੁਰਾਣੀਆਂ ਸੰਸਕ੍ਰਿਤੀਆਂ ਦਾ ਇਟਲੀ ਦੀ ਇੱਕ ਸਾਮਰਾਜੀ ਸੰਸਕ੍ਰਿਤੀ ਵਿੱਚ ਸੰਗਮ ਹੋ ਸਕਿਆ ਸੀ। ਇਸ ਸੰਗਮ ਦੀ ਇੱਕ ਗੌਰਵਸ਼ਾਲੀ ਉਦਾਹਰਣ ‘ਕਲੋਸੀਅਮ’ ਹੈ। ਅੰਡਾਕਾਰ ਰੂਪ ਵਿੱਚ ਉਸਾਰੇ ਗਏ ਇਸ ਗੋਲ ਅਖਾੜੇ ਦੀ ਲੰਬਾਈ 188 ਮੀਟਰ, ਚੌੜਾਈ 156 ਮੀਟਰ ਅਤੇ ਉਚਾਈ 48 ਮੀਟਰ ਸੀ। ਇਸ ਵਿੱਚ ਲਗਪਗ 55,000 ਦਰਸ਼ਕ ਬੈਠ ਸਕਦੇ ਸਨ।[3][4][5][6] ਚਾਰ ਮੰਜ਼ਿਲੀ ਇਸ ਇਮਾਰਤ ਦੀ ਪਹਿਲੀ ਮੰਜ਼ਿਲ ਪ੍ਰਮੁੱਖ ਨਾਗਰਿਕਾਂ ਦੇ ਬੈਠਣ ਲਈ ਰਾਖਵੀਂ ਸੀ। ਜ਼ਮੀਨੀ ਮੰਜ਼ਿਲ ਵਿੱਚ ਜੰਗਲੀ ਜਾਨਵਰਾਂ ਨੂੰ ਰੱਖਣ ਲਈ ਕਮਰੇ ਬਣੇ ਹੋਏ ਸਨ। ਪਿੰਜਰਿਆਂ ਵਿੱਚ ਬੰਦ ਇਨ੍ਹਾਂ ਜੰਗਲੀ ਜਾਨਵਰਾਂ ਨੂੰ ਲੋੜ ਅਨੁਸਾਰ ਅਖਾੜੇ ਜਾਂ ਪਿੜ ਦੇ ਕੇਂਦਰ ਵਿੱਚ ਲਿਜਾਇਆ ਜਾ ਸਕਦਾ ਸੀ, ਜਿੱਥੇ ਇਨ੍ਹਾਂ ਨੂੰ ਖੁੱਲ੍ਹੇ ਛੱਡ ਕ ਇਨ੍ਹਾਂ ਦਾ ਭੇੜ ਜਾਂ ਮੁਕਾਬਲੇ ਕਰਵਾਏ ਜਾਂਦੇ ਸਨ। ਰੋਮਨ ਸਮਰਾਟ ਇਸ ਕਲੋਸੀਅਮ ਦਾ ਜਨਤਾ ਨੂੰ ਮੁਫ਼ਤ ਵਿੱਚ ਖੇਡ ਪ੍ਰਦਰਸ਼ਨ ਕਰਨ ਲਈ ਪ੍ਰਯੋਗ ਕਰਦੇ ਸਨ। ਇਹ ਖੇਡਾਂ ਇੱਕ ਤਰ੍ਹਾਂ ਦੇ ਗੌਰਵ ਅਤੇ ਰਾਜਸੀ ਸ਼ਕਤੀ ਦੇ ਚਿੰਨ੍ਹ ਸਨ, ਪਰ ਇਹ ਗੋਲ ਅਖਾੜਾ ਪ੍ਰਾਚੀਨ ਰੋਮ ਦੀ ਮਹਾਨਤਾ ਅਤੇ ਜਾਹੋ-ਜਲਾਲ ਦੇ ਨਾਲ-ਨਾਲ ਉਸ ਦੇ ਜ਼ੁਲਮ ਅਤੇ ਨਿਰਦਈ ਪੁਣੇ, ਦੋਵਾਂ ਦਾ ਪ੍ਰਤੱਖ ਪ੍ਰਮਾਣ ਹੈ। ਖੇਡਾਂ ਦਾ ਦਾ ਆਰੰਭ ਅਕਸਰ ਕਿਸੇ ਹਾਸਪੂਰਨ ਨਾਟਕ ਨਾਲ ਹੁੰਦਾ ਸੀ, ਜਾਂ ਅਜੀਬ ਅਤੇ ਵਚਿੱਤਰ ਜਾਨਵਰਾਂ ਦੀ ਨੁਮਾਇਸ਼ ਨਾਲ। ਇਸ ਮਗਰੋਂ ਜਾਨਵਰਾਂ ਦੇ ਆਪਸ ਵਿੱਚ ਭੇੜ ਕਰਵਾਏ ਜਾਂਦੇ ਸਨ। ਫਿਰ ਜਾਨਵਰਾਂ ਅਤੇ ਤਲਵਾਰਾਂ ਜਾਂ ਹੋਰ ਸ਼ਸਤਰਾਂ ਨਾਲ ਯੁੱਧ ਕਰਨ ਲਈ ਸਿਖਲਾਈ ਦਿੱਤੇ ਆਦਮੀਆਂ ਅਤੇ ਜਾਨਵਰਾਂ ਦਾ ਮੁਕਾਬਲਾ ਹੁੰਦਾ ਸੀ ਅਤੇ ਫਿਰ ਤਲਵਾਰੀਆਂ (ਤਲਵਾਰ ਨਾਲ ਯੁੱਧ ਕਰਨ ਵਾਲੇ) ਦਾ ਆਪਸ ਵਿੱਚ ਮੁਕਾਬਲਾ ਹੁੰਦਾ ਸੀ, ਜੋ ਆਮ ਤੌਰ ’ਤੇ ਗੁਲਾਮ, ਕੈਦੀ ਅਤੇ ਅਪਰਾਧੀ ਹੁੰਦੇ ਸਨ। ਇਸ ਭੇੜ ਖੇਡਾਂ ਵਿੱਚ ਅਣਗਿਣਤ ਜਾਨਵਰਾਂ ਅਤੇ ਬੰਦਿਆਂ ਦੀਆਂ ਮੌਤਾਂ ਹੋ ਜਾਂਦੀਆਂ ਸਨ। ਪੰਜਵੀਂ ਸਦੀ ਈਸਵੀ ਵਿੱਚ ਰੋਮਨ ਸਮਰਾਟ ਹੋਨੋਰਸ ਨੇ ਇਨ੍ਹਾਂ ਖੂਨੀ ਖੇਡਾਂ ਨੂੰ ਗ਼ੈਰ-ਕਾਨੂੰਨੀ ਅਤੇ ਅਨੈਤਿਕ ਕਰਾਰ ਦੇ ਕੇ ਸਦਾ ਲਈ ਬੰਦ ਕਰ ਦਿੱਤਾ ਪਰ ਰੋਮਨ ਸੱਭਿਅਤਾ ਦੇ ਹੋਰ ਅਨੇਕਾਂ ਸੁਨਹਿਰੀ ਪੱਖਾਂ ਉੱਤੇ ਇਹ ਖੂਨੀ ਖੇਡਾਂ ਇੱਕ ਕਾਲੇ ਧੱਬੇ ਵਾਂਗ ਰਹਿਣਗੀਆਂ। ਸਾਮਰਾਜੀ ਸਮੇਂ ਦੇ ਤੇਜ-ਪ੍ਰਤਾਪ ਤੋਂ ਬਾਅਦ ਇਹ ਕਲੋਸੀਅਮ ਇੱਕ ਤਰ੍ਹਾਂ ਨਾਲ ਤਿਆਰੀਆਂ ਸੀ। ਫਿਰ ਇਹ ਰੋਮ ਦੇ ਮੱਧ-ਕਾਲੀਨ ਕਬੀਲਿਆਂ ਦੀ ਗੜ੍ਹੀ ਬਣਿਆ ਰਿਹਾ। ਇਸ ਮਗਰੋਂ ਇਸ ਉੱਤੇ ਲੱਗਿਆ ਸ਼ਾਨਦਾਰ ਪੱਥਰ ਹੋਰ ਇਮਾਰਤਾਂ ਬਣਾਉਣ ਲਈ ਚੋਰੀ ਕਰ ਕੇ ਵਰਤਿਆ ਜਾਣ ਲੱਗਾ। ਇਹ ਚਿੱਤਰਕਾਰਾਂ ਲਈ ਚਿੱਤਰਕਾਰੀ ਕਰਨ ਦਾ ਵਿਸ਼ਾ ਬਣ ਗਿਆ। ਹੁਣ ਇਹ ਇਤਿਹਾਸ ਅਤੇ ਮਿਥਿਹਾਸ ਨਾਲ ਸਬੰਧਤ ਫ਼ਿਲਮਾਂ ਬਣਾਉਣ ਦੀ ਪਿੱਠ-ਭੂਮੀ ਦਾ ਕੰਮ ਦੇਣ ਲੱਗਾ ਅਤੇ ਨਾਲ ਹੀ ਪੁਰਾਤਤਵ ਖੋਜੀਆਂ ਦੀ ਖੋਜ ਦਾ ਕੇਂਦਰ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Building the Colosseum". roman-colosseum.info. 
  2. Hopkins, p. 2
  3. William H. Byrnes IV (Spring 2005) "Ancient Roman Munificence: The Development of the Practice and Law of Charity".
  4. "BBC's History of the Colosseum p. 1". Bbc.co.uk. 22 March 2011. Retrieved 16 April 2012. 
  5. Baldwin, Eleonora (2012). Rome day by day. Hoboken: John Wiley & Sons Inc. p. 26. ISBN 9781118166291. 
  6. Dark Tourism - Italy's Creepiest Attractions, The Local