ਕਾਵਿ ਗੁਣ
ਕਾਵਿ ਗੁਣ, ਜਿਸਨੂੰ ਰੀਤੀ ਦੀ ਆਤਮਾ ਕਿਹਾ ਜਾਂਦਾ ਹੈ, ਦੇ ਸਰੂਪ ਬਾਰੇ ਭਾਰਤੀ ਕਾਵਿ ਸ਼ਾਸਤਰ ਦੇ ਸ਼ੁਰੂ ਦੇ ਸਮੇਂ ਤੋਂ ਪਹਿਲਾਂ ਵੀ ਵਿਚਾਰ ਹੁੰਦਾ ਰਿਹਾ ਹੈ। ‘ਅਰਥ ਸ਼ਾਸਤਰ’ ਦੇ ਲੇਖਕ ‘ਚਾਣਕਯ’ ਨੇ ਸੰਬੰਧ (ਵਾਕਾਂ ਵਿਚਕਾਰ ਅਤੇ ਸ਼ਬਦਾਂ ਵਿਚਕਾਰ ਆਪਸੀ ਸੰਬੰਧ ਹੋਵੇ), ਪਰਿਪੁਰਣਤਾ (ਵਾਕਾਂ ਵਿੱਚ ਪੂਰਨਤਾ ਹੋਵੇ), ਮਾਧੁਰਯ, ਔਦਾਰਯ, ਸਪਸ਼ਟਤਾ ਆਦਿ ਗੁਣ ਜ਼ਰੂਰੀ ਮੰਨੇ ਹਨ।
ਗੁਣਾਂ ਦਾ ਸ਼ਾਬਦਿਕ ਅਰਥ ਹੈ ਸੁਭਾਅ, ਧਰਮ, ਸਿਫ਼ਤ, ਨਿਪੁਣਤਾ, ਵਿਸ਼ੇਸ਼ ਗੱਲ, ਦੋਸ਼ ਦਾ ਅਭਾਵ। ਗੁਣ ਨਿੱਤ ਹੈ ਕਿਉਂਕਿ ਇਸ ਤੋਂ ਬਿਨ੍ਹਾਂ ਕਵਿ ਵਿੱਚ ਸੌਂਦਰਯ ਕਾਇਮ ਨਹੀਂ ਰਹਿ ਸਕਦਾ। ਰਾਜਾ ਰੁਦ੍ਰਦਾਮਨ ਨੇ ਪ੍ਰਸਾਦ, ਮਾਧੁਰਯ, ਓਜ, ਕਾਂਤੀ, ਉਦਾਰਤਾ ਆਦਿ ਕੁੱਝ ਗੁਣਾਂ ਦਾ ਵਿਵੇਚਨ ਕੀਤਾ ਹੈ।
ਸਭ ਤੋਂ ਪਹਿਲਾਂ ਭਰਤ ਨੇ ਨਾਟਯਸ਼ਾਸਤਰ ਵਿੱਚ ਕਾਵਿਗਤ ਗੁਣਾਂ ਦਾ ਵਿਵੇਚਨ ਕਰਦੇ ਹੋਏ ਸ਼ਲੇਸ਼, ਪ੍ਰਸਾਦ, ਸਮਤਾ, ਸਮਾਧੀ, ਮਾਧੁਰਯ, ਓਜ, ਪਦਸੁਕੁਮਾਰਤਾ, ਅਰਥ ਵਿਅਕਤੀ, ਉਦਾਰਤਾ, ਕਾਂਤੀ ਨਾਮ ਦੇ ਦਸ ਗੁਣਾਂ ਦੀ ਚਰਚਾ ਕੀਤੀ ਹੈ। ਭਰਤ ਤੋਂ ਬਾਅਦ ਭਾਮਹ ਨੇ ਮਾਧੁਰਯ, ਓਜ, ਪ੍ਰਸਾਦ ਸਿਰਫ਼ ਤਿੰਨ ਗੁਣਾਂ ਦਾ ਵਿਵੇਚਨ ਕੀਤਾ ਹੈ।
ਆਚਾਰੀਆ ਦੰਡੀ ਨੇ ਭਾਵੇਂ ਸਪਸ਼ਟ ਰੂਪ ਵਿੱਚ ਗੁਣ ਦੇ ਲੱਛਣਾਂ ਉੱਪਰ ਪ੍ਰਕਾਸ਼ ਨਹੀਂ ਪਾਇਆ ਪਰ ਫਿਰ ਵੀ ਅਲੰਕਾਰਾਂ ਦਾ ਵਿਵੇਚਨ ਕਰਦਿਆਂ ਉਸਨੇ ਅਲੰਕਾਰ ਵਾਂਗ ਗੁਣ ਨੂੰ ਵੀ ਕਾਵਿ ਦਾ ਸ਼ੋਭਾਕਾਰਕ ਮੰਨਿਆ ਹੈ। ਦੰਡੀ ਨੇ ਭਰਤ ਦੁਆਰਾ ਦੱਸੇ ਦਸ ਗੁਣਾਂ ਨੂੰ ਹੀ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਦੰਡੀ ਨੇ ਕਾਵਿ ਦੇ ਵੈਦਰਭ ਤੇ ਗੌੜ ਦੋ ਮਾਰਗ ਮੰਨੇ ਹਨ ਅਤੇ ਗੁਣ ਨੂੰ ਦੋਹਾਂ ਮਾਰਗਾਂ ਦੀ ਜਿੰਦ-ਜਾਨ ਮੰਨਿਆ ਹੈ।
ਆਗਨੀਪੁਰਾਣ ਦੇ ਲੇਖਕ ਦੀ ਧਾਰਨਾ ਹੈ ਕਿ ਜੋ ਤੱਤ ਕਾਵਿ ਵਿੱਚ ਬਹੁਤ ਸੌਂਦਰਯ ਉਤਪੰਨ ਕਰੇ ਉਹ ‘ਗੁਣ’ ਹੈ। ਜਿਸ ਤਰ੍ਹਾਂ ‘ਸੁਹਪੱਣ’ ਅਦਿ ਗੁਣਾਂ ਤੋਂ ਬਿਨ੍ਹਾਂ ਮੁਟਿਆਰ ਦੇ ਸਰੀਰ ਉੱਤੇ ‘ਹਾਰ’ ਆਦਿ ਗਹਿਣੇ ਭਾਰ ਲੱਗਦੇ ਹਨ, ਉਸੀ ਤਰ੍ਹਾਂ ਅਲੰਕਾਰ ਆਦਿ ਭਰਪੂਰ ਹੋਣ 'ਤੇ ਵੀ ਕਾਵਿ-ਗੁਣਾਂ ਤੋਂ ਬਿਨ੍ਹਾਂ ਕਾਵਿ ਆਨੰਦ ਦੇਣ ਵਾਲਾ ਨਹੀਂ ਹੋ ਸਕਦਾ।
ਵਾਮਨ ਅਜਿਹਾ ਕਾਵਿ ਸ਼ਾਸਤਰੀ ਹੈ ਜਿਸ ਨੇ ਗੁਣ ਦਾ ਅਤਿਅੰਤ ਸਪਸ਼ਟ ਅਤੇ ਵਿਸਤ੍ਰਿਤ ਵਿਵੇਚਨ ਕੀਤਾ ਹੈ। ਉਸ ਅਨੁਸਾਰ ਗੁਣ ਕਾਵਿ ਦੀ ਸ਼ੋਭਾ (ਚਮਤਕਾਰ) ਉਤਪੰਨ ਕਰਨ ਵਾਲੇ ਧਰਮ ਹਨ। ਗੁਣ ਰਸ ਉੱਤੇ ਆਸ਼੍ਰਿਤ ਨਹੀਂ ਸਗੋਂ, ਰਸ ਹੀ ਗੁਣ ਦਾ ਅੰਗ ਹੈ। ਇਸ ਤਰ੍ਹਾਂ ਵਾਮਨ ਨੇ ਗੁਣ ਨੂੰ ਸ਼ਬਦ ਅਤੇ ਅਰਥ ਦੇ ਧਰਮ ਮੰਨਿਆ ਹੈ। ਪਰ ਇਸ ਦੇ ਉੱਲਟ, ਧ੍ਵਨੀਵਾਦੀ ਆਚਾਰੀਆਂ ਆਨੰਦਵਰਧਨ, ਮੰਮਟ, ਵਿਸ਼ਵਨਾਥ ਆਦਿ ਨੇ ਗੁਣ ਨੂੰ ਰਸ ਉੱਤੇ ਆਸ਼੍ਰਿਤ ਦੱਸ ਕੇ ਇਸਨੂੰ ਰਸ ਧਰਮ ਮੰਨਿਆ ਹੈ। ਇਨ੍ਹਾਂ ਆਨੁਸਾਰ ਕਾਵਿ ਵਿੱਚ ਰਸ ਦੀ ਸਥਿਤੀ ਗੌਣ ਹੈ। ਧ੍ਵਨੀਵਾਦੀ ਆਚਾਰੀਆਂ ਨੇ ਗੁਣ ਦਾ ਕਾਰਜ ਸਦਾ ਰਸ ਦਾ ਉਤਕਰਸ਼ ਕਰਨਾ ਮੰਨਿਆ ਹੈ।
ਓਪਰੋਕਤ ਵਿਵੇਚਨ ਤੋਂ ਸਪਸ਼ਟ ਹੈ ਕਿ ਕਾਵਿ ਵਿੱਚ ਗੁਣ ਉਹ ਧਰਮ ਜਾਂ ਤੱਤ ਹਨ ਜਿਹਨਾਂ ਨਾਲ ਕਾਵਿ ਦੇ ਅਭਿਵਿਅਕਤੀ ਪੱਖ ਵਿੱਚ ਉਤਕਰਸ਼ ਆਉਂਦਾ ਹੈ, ਫਲਸਰੂਪ ਅਨੁਭੂਤੀ ਦੇ ਸੌਂਦਰਯ ਦਾ ਵੀ ਉਤਕਰਸ਼ ਹੋ ਜਾਇਆ ਕਰਦਾ ਹੈ। ਕਾਵਿ ਵਿੱਚ ਇਨ੍ਹਾਂ ਦੀ ਸਥਿਤੀ ਅਚਲ ਜਾਂ ਨਿੱਤ ਹੈ।
ਗੁਣ ਅਤੇ ਅਲੰਕਾਰ ਵਿੱਚ ਭੇਦ
[ਸੋਧੋ]ਆਚਾਰੀਆ ਵਾਮਨ ਨੇ ਸਭ ਤੋਂ ਪਹਿਲਾਂ ਕਾਵਿ-ਗੁਣਾਂ ਦਾ ਵਿਗਿਆਨਿਕ ਸਰੂਪ ਪ੍ਰਸਤੁਤ ਕਰਦੇ ਹੋਏ ਗੁਣਾਂ ਅਤੇ ਅਲੰਕਾਰਾਂ ਦਾ ਆਪਸੀ ਭੇਦ ਦੱਸਿਆ। ਵਾਮਨ ਦੇ ਆਨੁਸਾਰ ਗੁਣ ਕਾਵਿ ਦੇ ਅੰਦਰੂਨੀ ਅੰਗ ਹਨ ਅਤੇ ਅਲੰਕਾਰ ਕਾਵਿ ਦੇ ਬਾਹਰੀ ਅੰਗ ਹਨ। ਕਾਵਿ ਵਿੱਚ ਸ਼ੋਭਾ ਉਤਪੰਨ ਕਰਨ ਵਾਲੇ ਤੱਤ (ਓਜ, ਪ੍ਰਸਾਦ ਆਦਿ) ਗੁਣ ਹਨ ਅਤੇ ਉਸ ਸ਼ੋਭਾ ਵਿੱਚ ਹੋਰ ਵਾਧਾ ਕਰਨ ਵਾਲੇ ਤੱਤ (ਉਪਮਾ, ਰੂਪਕ ਆਦਿ) ਅਲੰਕਾਰ ਹਨ। ਕਾਵਿ ਵਿੱਚ ਗੁਣਾਂ ਦੇ ਵਿਦਮਾਨ ਹੋਣ 'ਤੇ ਹੀ ਅਲੰਕਾਰ ਉਸਦੀ ਸ਼ੋਭਾ ਵਧਾ ਸਕਦੇ ਹਨ ਪਰ ਗੁਣਾਂ ਦੇ ਨਾ ਹੋਣ 'ਤੇ ਨਹੀਂ। ਇਸ ਤਰ੍ਹਾਂ ਗੁਣ ਕਾਵਿ ਦੇ ਨਿੱਤ (ਸਦਾ ਰਹਿਣ ਵਾਲੇ) ਧਰਮ ਹਨ, ਕਿਉਂਕਿ ਇਨ੍ਹਾਂ ਤੋਂ ਬਿਨ੍ਹਾਂ ਕਾਵਿ ਵਿੱਚ ਸੁਹਪੱਣ ਪੈਦਾ ਨਹੀਂ ਹੋ ਸਕਦਾ।
ਆਚਾਰੀਆ ਮੰਮਟ ਨੇ ਕਾਵਿ ਵਿੱਚ ਗੁਣ ਅਤੇ ਅਲੰਕਾਰ ਦਾ ਵਿਵੇਚਨ ਕਰਦੇ ਹੋਏ ਕਿਹਾ ਹੈ ਕਿ ਗੁਣ ਰਸ ਦੇ ਨਿੱਤ ਧਰਮ ਅਤੇ ਅਲੰਕਾਰ ਕਾਵਿ ਦੇ ਸ਼ਬਦ ਤੇ ਅਰਥ ਦੇ ਉਪਕਾਰਕ ਹਨ। ਮੰਮਟ ਨੇ ਰਸ ਦੇ ਸੰਦਰਭ ਵਿੱਚ ਗੁਣ ਅਤੇ ਅਲੰਕਾਰ ਵਿਚਕਾਰ ਅੰਤਰ ਸਪਸ਼ਟ ਕਰਦੇ ਹੋਏ ਦੱਸਿਆ ਕਿ ਰਸ ਦੇ ਹੋਣ 'ਤੇ ਕਾਵਿ ਵਿੱਚ ਗੁਣ ਵੀ ਜ਼ਰੂਰ ਹੁੰਦੇ ਹਨ ਅਤੇ ਕਾਵਿ ਦੇ ਰਸ ਰਹਿਤ ਹੋਣ 'ਤੇ ਗੁਣ ਦਾ ਵੀ ਅਭਾਵ ਰਹਿੰਦਾ ਹੈ। ਪਰ ਇਸਦੇ ਸੰਬੰਧ ਵਿੱਚ ਅਲੰਕਾਰ ਦੀ ਸਥਿਤੀ ਉੱਲਟ ਹੈ, ਰਸ ਦੇ ਨਾ ਹੋਣ 'ਤੇ ਅਲੰਕਾਰ ਹੋ ਵੀ ਸਕਦੇ ਹਨ ਅਤੇ ਨਹੀਂ ਵੀ। ਇਸੇ ਤਰ੍ਹਾਂ ਅਲੰਕਾਰ ਦੇ ਹੋਣ 'ਤੇ ਰਸ ਹੋ ਵੀ ਸਕਦਾ ਹੈ ਅਤੇ ਨਹੀਂ ਵੀ।
ਗੁਣ ਦੇ ਭੇਦ
[ਸੋਧੋ]ਭਾਰਤੀ ਸਮੀਖਿਆਕਾਰ ਗੁਣਾਂ ਦੀ ਸੰਖਿਆ, ਸਰੂਪ ਅਤੇ ਉਹਨਾਂ ਦੀ ਕਾਵਿ ਵਿੱਚ ਸਥਿਤੀ ਬਾਰੇ ਇੱਕ ਮਤ ਨਹੀਂ ਹਨ। ਹਰ ਆਚਾਰੀਆ ਨੇ ਆਪਣੀ ਮਤ ਆਨੁਸਾਰ ਗੁਣਾਂ ਦਾ ਵਰਗੀਕਰਨ ਕੀਤਾ ਹੈ।
ਆਚਾਰੀਆ ਵਾਮਨ ਨੇ ਗੁਣਾਂ ਦਾ ਵਿਵੇਚਨ ਵਿਸਥਾਰ ਨਾਲ ਕੀਤਾ ਹੈ। ਉਸਨੇ ਕਾਵਿ-ਗੁਣਾਂ ਦੀ ਗਿਣਤੀ ਤਾਂ ਆਚਾਰੀਆ ਭਰਤ ਮੁਨੀ ਵਾਲੀ ਹੀ ਮੰਨੀ ਹੈ, ਪਰ ਇਨ੍ਹਾਂ ਨੂੰ ਸ਼ਬਦਗਤ ਅਤੇ ਅਰਥਗਤ ਦੋ ਭੇਦਾਂ ਅਧੀਨ ਦੋ ਵਾਰ ਗਿਣਾ ਕੇ ਇਨ੍ਹਾਂ ਦੀ ਗਿਣਤੀ ਵੀਹ (20) ਕਰ ਦਿੱਤੀ ਹੈ। ਭੋਜ ਰਾਜ ਨੇ ਗੁਣਾਂ ਦੇ ਚੌਵੀ (24) ਭੇਦ ਮੰਨੇ ਹਨ। ਇਨ੍ਹਾਂ ਭੇਦਾਂ ਵਿੱਚ ਦਸ ਭੇਦ ਤਾਂ ਭਰਤ ਮੁਨੀ ਵਾਲੇ ਹੀ ਹਨ ਅਤੇ ਚੌਦਾਂ (14) ਭੇਦ ਨਵੇਂ ਸ਼ਾਮਿਲ ਕੀਤੇ ਹਨ- ਉਦਾਰਤਾ, ਅਰਜਿਤਤਾ, ਪ੍ਰੇਯ, ਸੁਸ਼ਬਦਤਾ, ਸੂਖਮਤਾ, ਗੰਭੀਰਤਾ, ਵਿਸਥਾਰ, ਸੰਖੇਪ, ਸੰਮਿਤਤਾ, ਭਾਵਿਕਤਾ, ਗਤਿ, ਰੀਤਿ, ਉਕਤੀ ਅਤੇ ਪ੍ਰੋੜੀ। ਉਸਨੇ ਅੱਗੋਂ ਹਰ ਗੁਣ ਦਾ ਤਿੰਨ ਰੂਪਾਂ ਬਾਹਰਲੇ, ਅੰਦਰਲੇ ਅਤੇ ਵਿਸ਼ੇਸ਼ਤਾ-ਯੁਕਤ ਵਿੱਚ ਵਿਵੇਚਨ ਕਰਕੇ ਗੁਣਾਂ ਦੀ ਗਿਣਤੀ ਬਹਤੱਰ (72) ਕਰ ਦਿੱਤੀ।
‘ਅਗਨੀਪੁਰਾਣ’ ਦੇ ਲੇਖਕ ਨੇ ਕਾਵਿ-ਗੁਣਾਂ ਦੀ ਸੰਖਿਆ ਉੰਨੀ (19) ਮੰਨੀ ਹੈ। ਇਨ੍ਹਾਂ ਨੇ ਵੀ ਅੱਗੋਂ ਤਿੰਨ ਵਰਗ ਬਣਾਏ ਹਨ- ਸ਼ਬਦ ਗੁਣ, ਅਰਥ ਗੁਣ ਅਤੇ ਸ਼ਬਦਾਰਥ ਗੁਣ।
ਆਚਾਰੀਆ ਕੁੰਤਕ ਨੇ ਕਾਵਿ ਗੁਣਾਂ ਦਾ ਵਿਵੇਚਨ ਕਰਦੇ ਹੋਏ ਇਨ੍ਹਾਂ ਨੂੰ ਦੋ ਵਰਗਾਂ- ਸਾਧਾਰਨ ਅਤੇ ਵਿਸ਼ੇਸ਼ ਵਿੱਚ ਵਰਗੀਕ੍ਰਿਤ ਕੀਤਾ ਹੈ। ਸਾਧਾਰਨ ਗੁਣਾਂ ਦੇ ਅੰਤਰਗਤ ਔਚਿਤਯ ਅਤੇ ਸੌਭਾਗਯ ਗੁਣ ਹਨ ਜਦਕਿ ਵਿਸ਼ੇਸ਼ ਵਰਗ ਅਧੀਨ ਮਾਧੁਰਯ, ਪ੍ਰਸਾਦ, ਲਾਵਣਯ ਅਤੇ ਅਭਿਜਾਤਯ ਗੁਣ ਸ਼ਾਮਿਲ ਕੀਤੇ ਹਨ।
ਆਚਾਰੀਆ ਮੰਮਟ ਤੋਂ ਪਹਿਲਾਂ ਗੁਣਾਂ ਦੇ ਸਰੂਪ ਅਤੇ ਭੇਦਾਂ ਬਾਰੇ ਸਿਰਫ਼ ਆਚਾਰੀਆ ਵਾਮਨ ਦਾ ਹੀ ਮਤ ਜ਼ਿਆਦਾ ਪ੍ਰਚਲਿਤ ਸੀ, ਪਰ ਮੰਮਟ ਨੇ ਵਾਮਨ ਦੇ ਦਸ ਸ਼ਬਦ-ਗੁਣਾਂ ਦਾ ਮਾਧੁਰਯ, ਓਜ ਅਤੇ ਪ੍ਰਸਾਦ- ਤਿੰਨ ਗੁਣਾਂ ਵਿੱਚ ਹੀ ਅੰਤਰਭਾਵ ਕਰਕੇ ਦਸ ਅਰਥ-ਗੁਣਾਂ ਨੂੰ ਅਸਵੀਕਾਰ ਕਰ ਦਿੱਤਾ। ਮੰਮਟ ਦਾ ਮੰਨਣਾ ਹੈ ਕਿ ਵਾਮਨ ਦੁਆਰਾ ਦਰਸਾਏ ਕੁੱਝ ਗੁਣ ਦੋਸ਼ਭਾਵ ਹਨ ਅਤੇ ਕੁੱਝ ਕਿਤੇ ਗੁਣ ਨਾ ਹੋ ਕੇ ਦੋਸ਼ਰੂਪ ਹੋ ਜਾਂਦੇ ਹਨ।
ਜਗਨਨਾਥ ਅਤੇ ਵਿਸ਼ਵਨਾਥ ਨੇ ਵੀ ਮੰਮਟ ਦਾ ਅਨੁਸਰਣ ਕਰਦੇ ਹੋਏ ਵਾਮਨ ਦੇ ਵੀਹ ਗੁਣਾਂ ਨੂੰ ਸਿਰਫ਼ ਤਿੰਨ ਗੁਣਾਂ- ਓਜ, ਮਾਧੁਰਯ ਅਤੇ ਪ੍ਰਸਾਦ ਵਿੱਚ ਹੀ ਸਥਾਨ ਪ੍ਰਦਾਨ ਕੀਤਾ ਹੈ। ਆਚਾਰੀਆ ਵਿਸ਼ਵਨਾਥ ਦਾ ਵਿਚਾਰ ਹੈ ਕਿ ਵਾਮਨ ਦੁਆਰਾ ਕਹੇ ਸ਼ਬਦ ਗੁਣਾਂ ਵਿੱਚੋਂ- ਸ਼ਲੇਸ਼, ਸਮਾਧੀ, ਉਦਾਰਤਾ ਅਤੇ ਪ੍ਰਸਾਦ ਗੁਣਾਂ ਦਾ ਓਜ ਗੁਣ ਵਿੱਚ ਹੀ ਅੰਤਰਭਾਵ ਹੋ ਜਾਂਦਾ ਹੈ। ਅਰਥ-ਵਿਅਕਤੀ ਸ਼ਬਦ ਗੁਣ ਦਾ ਪ੍ਰਸਾਦ ਗੁਣ ਦੁਆਰਾ ਹੀ ਬੋਧ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਂਤੀ ਅਤੇ ਸੁਕੁਮਾਰਤਾ ਸ਼ਬਦ ਗੁਣਾਂ ਨੂੰ ਵਿਸ਼ਵਨਾਥ ਨੇ ਗ੍ਰਾਮਯਤਵ ਦੋਸ਼ ਕਿਹਾ ਹੈ। ਸਮਤਾ ਨਾਮਕ ਸ਼ਬਦ ਗਣ ਕਿਤੇ ਦੋਸ਼ ਅਤੇ ਕਿਤੇ ਗੁਣ ਪ੍ਰਤੀਤ ਹੁੰਦਾ ਹੈ।
ਵਾਮਨ ਦੇ ਅਰਥ ਗੁਣਾਂ ਬਾਰੇ ਵਿਵੇਚਨ ਕਰਦੇ ਹੋਏ ਵਿਸ਼ਵਨਾਥ ਦਾ ਕਹਿਣਾ ਹੈ ਕਿ ਦਸ ਅਰਥ ਗੁਣਾਂ ਵਿੱਚੋਂ ਓਜ, ਪ੍ਰਸਾਦ, ਮਾਧੁਰਯ, ਸੁਕੁਮਾਰਤਾ ਅਤੇ ਉਦਾਰਤਾ ਦੋਸ਼ ਮਾਤ੍ਰ ਹਨ। ਉਸਨੇ ਅਰਥ-ਵਿਅਕਤੀ ਅਰਥ ਗੁਣ ਨੂੰ ਸੁਭਾਵੋਕਤੀ ਅਲੰਕਾਰ ਕਿਹਾ ਹੈ। ਕਾਂਤੀ ਨਾਮਕ ਅਰਥ ਗੁਣ ਵਿਅੰਗ ਕਾਵਿ ਵਿੱਚ ਆ ਜਾਂਦਾ ਹੈ। ਸਮਾਧੀ ਅਤੇ ਸ਼ਲੇਸ਼ ਅਰਥ ਗੁਣਾਂ ਨੂੰ ਕੋਈ ਗੁਣ ਨਾ ਮੰਨਦੇ ਹੋਏ ਉਸਨੇ ਸਮਤਾ ਅਰਥ ਗੁਣ ਨੂੰ ਵੀ ਦੋਸ਼ ਮਾਤ੍ਰ ਕਿਹਾ ਹੈ। ਇਸ ਤਰ੍ਹਾਂ ਵਿਸ਼ਵਨਾਥ ਨੇ ਅਰਥ ਗੁਣਾਂ ਨੂੰ ਵੱਖਰੇ ਕਾਵਿ-ਗੁਣ ਨਾ ਮੰਨਦੇ ਹੋਏ ਦਸ ਸ਼ਬਦ ਗੁਣਾਂ ਨੂੰ ਤਿੰਨ ਗੁਣਾਂ- ਓਜ, ਮਾਧੁਰਯ ਅਤੇ ਪ੍ਰਸਾਦ ਵਿੱਚ ਹੀ ਸਮੇਟ ਦਿੱਤਾ ਹੈ। ਇਨ੍ਹਾਂ ਤਿੰਨਾਂ ਗੁਣਾਂ ਦਾ ਵਿਵੇਚਨ ਇਸ ਪ੍ਰਕਾਰ ਹੈ-
1 ਮਾਧੁਰਯ ਗੁਣ-
[ਸੋਧੋ]ਮਾਧੁਰਯ ਦਾ ਸ਼ਾਬਦਿਕ ਅਰਥ ਹੈ ਮਿਠਾਸ। ਚਿੱਤ ਦਾ ਪੰਘਰਨਾ ਹੀ ਮਾਧੁਰਯ ਹੈ। ਇਹ ਗੁਣ ਉਥੇ ਹੁੰਦਾ ਹੈ ਜਿਥੇ ਕਾਵਿ ਵਿੱਚ ਮਧੁਰਤਾ ਦੀ ਪ੍ਰਧਾਨਤਾ ਹੋਵੇ ਅਤੇ ਜਿਸ ਨੂੰ ਪੜ੍ਹਨ ਨਾਲ ਚਿੱਤ ਪੰਘਰ ਜਾਏ। ਆਚਾਰੀਆ ਭਰਤ ਮੁਨੀ ਅਨੁਸਾਰ ਕੰਨਾਂ ਨੂੰ ਸੁਖਾਵਾਂ ਲਗਣਾ, ਆਚਾਰੀਆ ਦੰਡੀ ਅਨੁਸਾਰ ਰਸਮਇਤਾ, ਆਚਾਰੀਆ ਵਾਮਨ ਅਨੁਸਾਰ ਪਦਾਂ ਦੀ ਵਖਰਤਾ ਜਾਂ ਸਮਾਸ ਰਹਿਤ ਸ਼ਬਦਾਂ ਦੀ ਵਰਤੋਂ ਅਤੇ ਆਚਾਰੀਆ ਮੰਮਟ ਅਨੁਸਾਰ ਚਿੱਤ ਨੂੰ ਪੰਘਾਰਨ ਵਾਲੇ ਆਨੰਦ ਨੂੰ ਮਾਧੁਰਯ ਕਿਹਾ ਜਾਂਦਾ ਹੈ। ਮਾਧੁਰਯ ਗੁਣ ਵਾਲੀ ਰਚਨਾ ਵਿੱਚ ਟਵਰਗ ਵਰਣਾਂ ਦੀ ਵਰਤੋਂ ਨਹੀਂ ਹੁੰਦੀ। ਕਵਰਗ, ਚਵਰਗ, ਤਵਰਗ, ਪਵਰਗ ਦੇ ਸਾਰੇ ਵਰਣਾਂ ਅਤੇ ਹੋਰ ਪਦ ਦੇ ਸੰਬੰਧ ਨਾਲ ਕੋਮਲ ਵਰਣਾਂ ਵਾਲੀ ਰਚਨਾ ਮਾਧੁਰਯ ਗੁਣ ਦੀ ਵਿਅੰਜਕ ਹੁੰਦੀ ਹੈ। ਇਸ ਦੀ ਵਰਤੋਂ ਸ਼ਾਂਤ ਰਸ ਵਿੱਚ ਹੁੰਦੀ ਹੈ। ਉਦਾਹਰਣ-
- ਜੇ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ
- ਤੇਰੇ ਲੱਕ ਨੂੰ ਪਏ ਕੜਵੱਲ ਮੋਈਏ !
- ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ
- ਭਾਰ ਨਾਲ ਨਾ ਸੱਕੀ ਤੂੰ ਹੱਲ ਮੋਈਏ !
- (ਪ੍ਰੋ. ਮੋਹਨ ਸਿੰਘ)
ਓਪਰੋਕਤ ਸਤਰਾਂ ਵਿੱਚ ਵਰਤੇ ਗਏ ਸ਼ਬਦ ਸਮਾਸ ਰਹਿਤ ਹਨ ਅਤੇ ਟਵਰਗ ਦੇ ਕਿਸੇ ਵੀ ਵਰਣ ਦੀ ਵਰਤੋਂ ਨਹੀਂ ਕੀਤੀ ਗਈ, ਜਿਸ ਕਰਕੇ ਇਥੇ ਮਾਧੁਰਯ ਗੁਣ ਹੈ।
2 ਓਜ ਗੁਣ-
[ਸੋਧੋ]ਓਜ ਦਾ ਸ਼ਾਬਦਿਕ ਅਰਥ ਹੈ ਤੇਜ, ਪ੍ਰਤਾਪ। ਇਹ ਗੁਣ ਉਥੇ ਹੁੰਦਾ ਹੈ ਜਿਥੇ ਕਾਵਿ ਦੇ ਸੁਣਨ ਨਾਲ ਪਾਠਕ ਜਾਂ ਸਹ੍ਰਿਦਯ ਦੇ ਚਿੱਤ ਦਾ ਵਿਸਤਾਰ ਹੋਵੇ ਅਤੇ ਮਨ ਵਿੱਚ ਤੇਜ ਪੈਦਾ ਹੋਵੇ। ਆਚਾਰੀਆ ਭਰਤ ਮੁਨੀ, ਆਚਾਰੀਆ ਦੰਡੀ ਆਦਿ ਨੇ ਇਸ ਲਈ ਸਮਾਸਾਂ ਅਧਿਕ ਵਰਤੋਂ 'ਤੇ ਵਿਸ਼ੇਸ਼ ਬਲ ਦਿੱਤਾ ਹੈ। ਆਚਾਰੀਆ ਵਾਮਨ ਨੇ ਰਚਨਾ ਦੀ ਗਾੜ੍ਹਤਾ ਨੂੰ ਹੀ ਓਜ ਗੁਣ ਮੰਨਿਆ ਹੈ। ਆਚਾਰੀਆ ਆਨੰਦਵਰਧਨ ਨੇ ਓਜ ਗੁਣ ਨੂੰ ਚਿੱਤ ਦਾ ਵਿਸਥਾਰਕ ਜਾਂ ਉਤੇਜਕ ਮੰਨਿਆ ਹੈ।
ਇਸ ਗੁਣ ਦੇ ਪ੍ਰਗਟਾਵੇ ਲਈ ਰਚਨਾ ਵਿੱਚ ਟਵਰਗ ਦੇ ਪਹਿਲੇ ਚਾਰ ਵਰਣਾਂ (ਟ, ਠ, ਡ, ਢ) ਅਤੇ ਬਾਕੀ ਵਰਗਾਂ ਦੇ ਪਹਿਲੇ ਵਰਣਾਂ ਦਾ ਤੀਜੇ ਵਰਣ ਨਾਲ ਤੇ ਦੂਜੇ ਵਰਣਾਂ ਦਾ ਚੌਥੇ ਵਰਣ ਨਾਲ ਸੰਯੋਗ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਵੀਰ ਰਸ, ਬੀਭਤਸ ਰਸ ਅਤੇ ਰੌਦਰ ਰਸ ਵਿੱਚ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਆਚਾਰੀਆ ਵਿਸ਼ਵਨਾਥ ਨੇ ਵਾਮਨ ਦੁਆਰਾ ਕਹੇ ਦਸ ਸ਼ਬਦ ਗੁਣਾਂ ਵਿੱਚੋਂ- ਸ਼ਲੇਸ਼, ਸਮਾਧੀ, ਉਦਾਰਤਾ ਅਤੇ ਪ੍ਰਸਾਦ ਗੁਣਾਂ ਨੂੰ ਓਜ ਗੁਣ ਵਿੱਚ ਹੀ ਅੰਤਰਭਾਵ ਕਰ ਦਿੱਤਾ ਹੈ। ਉਦਾਹਰਣ-
- ਘੋੜੇ ਮਰਦ ਮੈਦਾਨ ਵਿੱਚ ਢਹਿ ਪੈਣ ਉਤਾਣਾ।
- ਜਿਵੇਂ ਮੋਛੇ ਕਰ ਕਰ ਸੁਟੀਆਂ ਗਨੀਆਂ ਤਰਖਾਣਾਂ।
- (ਨਜਾਬਤ)
ਓਪਰੋਕਤ ਸਤਰਾਂ ਦੇ ਸ਼ਬਦਾਂ ਵਿੱਚ ਵੀਰ ਰਸੀ ਵਰਣਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਕਰਕੇ ਇਥੇ ਓਜ ਗੁਣ ਹੈ।
3 ਪ੍ਰਸਾਦ ਗੁਣ-
[ਸੋਧੋ]ਪ੍ਰਸਾਦ ਦਾ ਸ਼ਾਬਦਿਕ ਅਰਥ ਹੈ ਪ੍ਰਸੰਨਤਾ ਜਾਂ ਖੇੜਾ। ਜਿਹੜੀ ਰਚਨਾ ਸੁਣਨ ਨਾਲ ਹੀ ਚਿੱਤ ਵਿੱਚ ਵਿਅਪਤ ਹੋ ਜਾਏ ਜਾਂ ਸਹ੍ਰਿਦਯ ਦੇ ਚਿੱਤ ਵਿੱਚ ਖੇੜਾ ਲਿਆ ਦੇਵੇ ਉਸ ਰਚਨਾ ਨੂੰ ਪ੍ਰਸਾਦ ਗੁਣ ਵਾਲੀ ਰਚਨਾ ਕਿਹਾ ਜਾਂਦਾ ਹੈ। ਇਸ ਗੁਣ ਦੀ ਵਰਤੋਂ ਸਾਰੇ ਰਸਾਂ ਵਿੱਚ ਹੁੰਦੀ ਹੈ। ਆਚਾਰੀਆ ਭਰਤ ਮੁਨੀ ਅਨੁਸਾਰ ਸਵੱਛਤਾ ਅਤੇ ਸਹਿਜ ਭਾਵ ਵਿੱਚ ਸਮਝ ਆ ਜਾਣਾ ਹੀ ਪ੍ਰਸਾਦ ਗੁਣ ਦੇ ਪ੍ਰਧਾਨ ਤੱਤ ਹਨ। ਦੰਡੀ ਅਤੇ ਮੰਮਟ ਦੇ ਅਨੁਸਾਰ ਜਿਸ ਰਚਨਾ ਵਿੱਚ ਅਜਿਹੇ ਸ਼ਬਦ ਵਰਤੇ ਜਾਣ ਜਿਹਨਾਂ ਨੂੰ ਸੁਣਨ ਨਾਲ ਹੀ ਅਰਥ ਦੀ ਪ੍ਰਤੀਤੀ ਹੋ ਜਾਏ, ਪ੍ਰਸਾਦ ਗੁਣ ਅਖਵਾਉਂਦਾ ਹੈ। ਆਚਾਰੀਆ ਵਿਸ਼ਵਨਾਥ ਅਤੇ ਆਚਾਰੀਆ ਮੰਮਟ ਨੇ ਵਾਮਨ ਦੇ ਅਰਥ-ਵਿਅਕਤੀ ਸ਼ਬਦ ਗੁਣ ਨੂੰ ਪ੍ਰਸਾਦ ਗੁਣ ਵਿੱਚ ਹੀ ਸ਼ਾਮਿਲ ਕੀਤਾ ਹੈ। ਉਦਾਹਰਣ-
- ਗੁਰੂ ਨਾਨਕ ਜੀ ਹਸਨ ਅਬਦਾਲ ਬੈਠੇ,
- ਲੋਕਾਂ ਆ ਹਜ਼ੂਰ ਫ਼ਰਿਆਦ ਕੀਤੀ,
- 'ਪਾਣੀ ਬਾਝ ਮੱਛੀ ਵਾਂਗੂੰ ਤੜਫਦੇ ਹਾਂ,
- ਡੀ, ਆ ਨਾ ਕਿਸੇ ਸਾਰ ਲੀਤੀ।'
- (ਕਰਮਜੀਤ ਸਿੰਘ)
ਓਪਰੋਕਤ ਸਤਰਾਂ ਰਾਹੀਂ ਹਸਨ ਅਬਦਾਲ ਦੇ ਲੋਕਾਂ ਦੁਆਰਾ ਗੁਰੂ ਨਾਨਕ ਦੇਵ ਜੀ ਨੂੰ ਕੀਤੀ ਗਈ ਫ਼ਰਿਆਦ ਦੀ ਪ੍ਰਤੀਤੀ ਸਹਿਜੇ ਹੀ ਹੋ ਰਹੀ ਹੈ,ਜਿਸ ਕਾਰਨ ਇਥੇ ਪ੍ਰਸਾਦ ਗੁਣ ਹੈ।
ਓਪਰੋਕਤ ਵਿਵੇਚਨ ਤੋਂ ਸਪਸ਼ਟ ਹੈ ਕਿ ਆਚਾਰੀਆ ਵਾਮਨ ਨੇ ਗੁਣ ਨੂੰ ਕਾਵਿ ਦੀ ਸ਼ੋਭਾ ਉਤਪੰਨ ਕਰਨ ਵਾਲੇ ਧਰਮ ਮੰਨਦੇ ਹੋਏ ਕਾਵਿ ਦੀ ਉਤਪੱਤੀ ਲਈ ਵੀ ਆਵਸ਼ਕ ਮੰਨਿਆ ਹੈ। ਧ੍ਵਨੀਵਾਦੀ ਆਚਾਰੀਆਂ ਆਨੰਦਵਰਧਨ, ਮੰਮਟ, ਵਿਸ਼ਵਨਾਥ ਆਦਿ ਨੇ ਵਾਮਨ ਦੁਆਰਾ ਦਰਸਾਏ ਦਸ ਅਰਥ ਗੁਣਾਂ ਨੂੰ ਅਸਵੀਕਾਰ ਕਰਕੇ ਬਾਕੀ ਦਸ ਸ਼ਬਦ ਗੁਣਾਂ ਨੂੰ ਸਿਰਫ਼ ਤਿੰਨ ਗੁਣਾਂ ਮਾਧੁਰਯ, ਓਜ ਅਤੇ ਪ੍ਰਸਾਦ ਵਿੱਚ ਅੰਤਰਭਾਵ ਕਰ ਦਿੱਤਾ। ਵਰਤਮਾਨ ਸਮੇਂ ਵਿੱਚ ਵੀ ਇਨ੍ਹਾਂ ਤਿੰਨਾਂ ਕਾਵਿ-ਗੁਣਾਂ ਨੂੰ ਹੀ ਪ੍ਰਵਾਨਿਤ ਕੀਤਾ ਜਾਂਦਾ ਹੈ।
ਪੁਸਤਕ ਸੂਚੀ
[ਸੋਧੋ]- ਕੁਲਵੰਤ ਸਿੰਘ, ਵਾਰ ਨਾਦਰ ਸ਼ਾਹ (ਅਧਿਐਨ ਤੇ ਸੰਪਾਦਨ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004
- ਗਰੋਵਰ, ਦਰਸ਼ਨ, ਮੋਹਨ ਸਿੰਘ ਕਾਵਿ-ਸਮੀਖਿਆ, ਪੰਜਾਬੀ ਸਾਹਿਤ ਅਕਾਦਮੀ, ਦਿੱਲੀ, 1988
- ਜੱਗੀ, ਗੁਰਸ਼ਰਨ ਕੌਰ, ਭਾਰਤੀ ਕਾਵੀ ਸ਼ਾਸਤ੍ਰ ਸਰੂਪ ਅਤੇ ਸਿਧਾਂਤ, ਆਰਸ਼ੀ ਪਬਲਿਸ਼ਰਜ਼, ਦਿੱਲੀ, 2014
- ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ, ਭਾਰਤੀ ਕਾਵਿ-ਸ਼ਾਸਤ੍ਰ, ਲਾਹੌਰ ਬੁਕ ਸ਼ਾਪ, ਲੁਧਿਆਣਾ, 1998
- ਸ਼ਾਸਤਰੀ, ਰਾਜਿੰਦਰ ਸਿੰਘ, ਕਾਵਿ ਪ੍ਰਕਾਸ਼ ਮੰਮਟ (ਅਨੁ.), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,1981
- ਸ਼ਰਮਾ, ਸ਼ੁਕਦੇਵ, ਭਾਰਤੀ ਕਾਵਿ ਸ਼ਾਸਤਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2017