ਕੇਸ ਸ਼ਿੰਗਾਰ
ਕੇਸ ਸ਼ਿੰਗਾਰ ਨੂੰ ਸਿਰ ਗੁੰਦਾਈ ਵੀ ਕਿਹਾ ਜਾਂਦਾ ਰਿਹਾ ਹੈ।
ਭਾਰਤੀ ਅਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਪਹਿਰਾਵੇ ਦੇ ਹਵਾਲੇ ਨਾਲ ਕੇਸ ਮਨੁੱਖੀ ਸੁੰਦਰਤਾ ਦਾ ਵਿਸ਼ੇਸ਼ ਹਿੱਸਾ ਰਹੇ ਹਨ। ਭਾਰਤੀ ਅਤੇ ਪੰਜਾਬੀ ਕਾਵਿ ਵਿਚ ਲੰਮੇ, ਕਾਲੇ ਅਤੇ ਘਣੇ ਕੇਸਾਂ ਦੇ ਸੁਹੱਪਣ ਬਾਰੇ ਅਲੰਕਾਰਕ ਤਸ਼ਬੀਹਾਂ/ਉਪਮਾਵਾਂ ਦੀ ਗਿਣਤੀ ਅਸੀਮ ਹੈ। ਪ੍ਰਾਚੀਨ ਸਮਿਆਂ ਵਿਚ ਕੇਸ-ਸ਼ਿੰਗਾਰ ਅਤੇ ਸੰਵਾਰਨ ਦੀ ਚਰਚਾ ਪਿਛਲੇਰੇ ਪੰਨਿਆਂ ਵਿਚ ਕੀਤੀ ਜਾ ਚੁੱਕੀ ਹੈ। ਪ੍ਰਾਚੀਨ ਸਮਿਆਂ ਤੋਂ ਹੀ ਇਸਤਰੀ ਪੁਰਸ਼ਾਂ ਵਿਚ ਸਿਰ ਦੇ ਕੇਸਾਂ ਨੂੰ ਸਜਾ ਸੰਵਾਰਨ ਕੇ ਰੱਖਣ ਦੀ ਰੁਚੀ ਪ੍ਰਬਲ ਰਹੀ ਹੈ। ਸਿੰਧੂ ਅਤੇ ਮਹਿੰਜੋਦੜੋ ਦੀ ਖੁਦਾਈ ਸਮੇਂ ਮਿਲੇ ਸ਼ੀਸ਼ੇ ਕੰਘੀਆਂ ਇਸਦੇ ਪ੍ਰਮਾਣ ਹਨ। ਬਹੁਤ ਸਾਰੀਆਂ ਇਸਤਰੀਆਂ/ਪੁਰਸ਼ਾਂ ਦੀਆਂ ਮਿਲੀਆਂ ਮੂਰਤੀਆਂ ਦੀ ਦਿੱਖ ਤੋਂ ਵੀ ਕੇਸਾਂ ਨੂੰ ਸੰਭਾਲ ਅਤੇ ਸੰਵਾਰ ਕੇ ਰੱਖਣ ਦੀ ਪੁਸ਼ਟੀ ਹੁੰਦੀ ਹੈ। ਕੇਸਾਂ ਨੂੰ ਨਰਮ ਅਤੇ ਮੁਲਾਇਮ ਰੱਖਣ ਵਾਲੇ ਥਿੰਦੇ ਤੇਲ ਸੁਗੰਧਿਤ ਰੱਖਣ ਵਾਲੇ ਪੁਸ਼ਪ (ਫ਼ੁੱਲਾਂ) ਇਤਰ ਆਦਿ ਅਨੇਕ ਵਸਤੂਆਂ ਪ੍ਰਾਚੀਨ ਸਮਿਆਂ ਤੋਂ ਹੀ ਪ੍ਰਚਲਿਤ ਰਹੀਆਂ ਹਨ ਜਿਨ੍ਹਾਂ ਦੇ ਬਦਲਵੇਂ ਰੂਪ ਅਜੋਕੇ ਸਮੇਂ ਵੀ ਪ੍ਰਚਲਿਤ ਹਨ। ਕੇਸ ਖੁੱਲ੍ਹੇ ਰੱਖਣਾ ਕਿਸੇ ਸਮੇਂ ਵੀ ਸ਼ੋਭਨੀਯ ਨਹੀਂ ਮੰਨਿਆ ਗਿਆ। ਇਸ ਲਈ ਪ੍ਰਾਚੀਨ ਮੂਰਤੀਆਂ, ਕੰਧ ਚਿੱਤਰਾਂ ਅਤੇ ਪੁਸਤਕ ਹਵਾਲਿਆਂ ਤੋਂ ਕੇਸ-ਸ਼ਿੰਗਾਰ ਦੀਆਂ ਅਣਗਿਣ ਸ਼ੈਲੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ।
ਪੰਜਾਬੀ ਸਭਿਆਚਾਰ ਵਿਚ ਇਸਤਰੀਆਂ/ਪੁਰਸ਼ਾਂ ਦੁਆਰਾ ਕੇਸਾਂ ਨੂੰ ਖੱਟੀ ਲੱਸੀ, ਦਹੀਂ ਆਦਿ ਨਾਲ ਧੋਣ ਦੀ ਜਾਣਕਾਰੀ ਮਧਕਾਲੀਨ ਪੰਜਾਬੀ ਕਿੱਸਾ-ਕਾਵਿ ਵਿਚੋਂ ਆਮ ਮਿਲਦੀ ਹੈ। ਵਿਆਹ ਸਮੇਂ ਲਾੜੇ ਲਾੜੀ ਨੂੰ ਖਾਰੇ ਲਾਹੁਣ (ਇਸ਼ਨਾਨ) ਸਮੇਂ ਅਤੇ ਉਪਰੰਤ ਅੰਤਿਮ ਇਸ਼ਨਾਨ ਦੀ ਰਸਮ ਸਮੇਂ ਦਹੀਂ ਲੱਸੀ ਆਦਿ ਦੀ ਵਰਤੋਂ ਪ੍ਰਮਾਣਿਤ ਕਰਦੀ ਹੈ ਕਿ ਅਜਿਹੀਆਂ ਪਰੰਪਰਾਗਤ ਰਸਮਾਂ ਅਜੋਕੇ ਸਮੇਂ ਵੀ ਆਪਣੀਆਂ ਰਿਵਾਇਤਾਂ ਦੀ ਟੋਹ ਦਿੰਦੀਆਂ ਹਨ। ਕੇਸਾਂ ਨੂੰ ਬਿੰਦਾ ਅਤੇ ਲਿਸ਼ਕਵਾਂ ਰੱਖਣ ਹਿਤ, ਬਦਾਮ ਤੇਲ, ਸਰ੍ਹੋਂ ਦਾ ਤੇਲ, ਦੇਸੀ ਘਿਉ, ਆਂਵਲੇ ਅਤੇ ਖੋਪੇ ਆਦਿ ਦੇ ਤੇਲ ਦੀ ਵਰਤੋਂ ਪਿਛਲੀਆਂ ਕਈ ਸਦੀਆਂ ਤੋਂ ਪ੍ਰਚਲਿਤ ਰਹੀ ਹੈ। ਥਿੰਦਿਆਈ ਦੀ ਵਰਤੋਂ ਕੇਸਾਂ ਦੇ ਆਪਸੀ ਉਲਝਾਅ ਰਹਿਤ ਅਤੇ ਚਮਕ ਯੁਕਤ ਬਣਾਉਣ ਹਿਤ ਕੀਤੀ ਜਾਂਦੀ ਹੈ। ਕਿਉਂਕਿ ਕੇਸਾਂ ਦੇ ਮੁੱਢ ਨੇੜਲੇ ਮਸਾਮਾਂ 'ਚੋਂ ਨਿਕਲਦਾ ਮੁੜ੍ਹਕਾ ਸੁੱਕ ਕੇ ਸਿੱਕਰੀ (ਖੁਸ਼ਕੀ) ਦਾ ਰੂਪ ਧਾਰ ਲੈਂਦਾ ਹੈ। ਇਕ ਧਾਰਨਾ ਅਨੁਸਾਰ ਰੁੱਖੇ ਵਾਲ ਉਲਝ ਕੇ ਟੁੱਟਣ ਲਗਦੇ ਹਨ। ਥਿੰਦਿਆਈ ਇਕ ਤਰ੍ਹਾਂ ਕੇਸਾਂ ਦੇ ਵਧਣ ਲਈ ਪੌਸ਼ਟਿਕ ਤੱਤ ਵੀ ਮੁਹੱਈਆ ਕਰਦੀ ਹੈ।
ਕੇਸਾਂ ਦਾ ਉਲਝਾਅ ਦੂਰ ਕਰਨ ਅਤੇ ਸੰਵਾਰਨ ਹਿਤ ਦੰਦੇਦਾਰ ਕੰਘੀਆਂ ਦੀ ਵਰਤੋਂ ਪ੍ਰਾਚੀਨ ਸਮੇਂ ਤੋਂ ਹੁੰਦੀ ਰਹੀ ਹੈ। ਸਿੰਧ ਘਾਟੀ ਅਤੇ ਮਹਿੰਜੋਦੜੋ ਦੀ ਖੁਦਾਈ ਵਿਚੋਂ ਕੁਝ ਦੰਦ-ਖੰਡ ਦੀਆਂ ਬਣੀਆਂ ਕੰਘੀਆਂ ਦਾ ਮਿਲਣਾ ਉਪਰੋਕਤ ਕਥਨ ਨੂੰ ਪੁਸ਼ਟ ਕਰਦਾ ਹੈ। ਅਜੋਕੇ ਸਮੇਂ ਕੰਘੀਆਂ ਦੀਆਂ ਵੰਨਗੀਆਂ ਅਨੇਕ ਹਨ ਅਤੇ ਇਹ ਦੰਦ-ਖੰਡ ਤੋਂ ਇਲਾਵਾ ਲੱਕੜੀ, ਪਲਾਸਟਿਕ ਆਦਿ ਦੀਆਂ ਬਣੀਆਂ ਆਮ ਮਿਲਦੀਆਂ ਹਨ। ਖੁੱਲ੍ਹੇ ਕੇਸ ਕੰਮ-ਕਾਜ ਵਿਚ ਬਾਧਾ ਪੈਦਾ ਕਰ ਸਕਦੇ ਹਨ। ਸੰਭਵ ਹੈ ਇਸ ਕਾਰਨ ਹੀ ਕੇਸ ਸਮੇਟ ਕੇ ਰੱਖਣ ਦਾ ਪ੍ਰਚਲਨ ਜ਼ਰੂਰੀ ਬਣ ਗਿਆ ਹੋਵੇ ਅਤੇ ਮਨੁੱਖੀ ਚੇਤਨਾ ਦੇ ਵਿਕਾਸ ਅਤੇ ਸੁਹੱਪਣ ਪ੍ਰਤਿ ਜਾਗਰੂਕਤਾ ਨੇ ਕੇਸਾਂ ਨੂੰ ਵੱਖ-ਵੱਖ ਨਮੂਨਿਆਂ ਅਤੇ ਰੂਪਾਂ ਵਿਚ ਗੁੰਦ ਕੇ ਸੰਭਾਲਣ ਦੀ ਵਿਧੀ ਅਪਣਾਈ ਹੋਵੇ। ਇਕ ਸਰਬ ਪ੍ਰਵਾਨਿਤ ਧਾਰਨਾ ਅਨੁਸਾਰ, ਪੰਜਾਬੀ ਗੁੱਤ/ਪਰਾਂਦਾ ਇਸਤਰੀ ਕੇਸਾਂ ਨੂੰ ਅਤੇ ਜੂੜਾ ਪੁਰਸ਼ਾਂ ਦੇ ਕੇਸਾਂ ਨੂੰ ਸੰਭਾਲ ਕੇ ਰੱਖਣ ਅਤੇ ਲੰਮੇਰੇ ਕੀਤੇ ਜਾਣ ਦੀ ਸਰਲ, ਸੌਖੀ ਅਤੇ ਕਾਰਗਰ ਵਿਧੀ ਸਵੀਕਾਰੀ ਗਈ ਹੈ।
ਜਗੀਰਦਾਰੀ ਵਿਵਸਥਾ ਸਮੇਂ ਕਿੱਤਿਆਂ ਦੀ ਜਾਤੀਗਤ ਵੰਡ ਅਨੁਸਾਰ ਸਿਰ (ਕੇਸਾਂ ਦੀਆਂ ਮੀਢੀਆਂ ਆਦਿ) ਗੁੰਦਣ ਦਾ ਕਾਰਜ ਨੈਣ (ਨਾਈ ਦੀ ਪਤਨੀ) ਦੇ ਜ਼ਿੰਮੇ ਰਿਹਾ ਹੈ, ਪਰ ਨੈਣ ਵਿਆਹ ਆਦਿ ਸਮੇਂ ਹੀ ਇਹ ਕਾਰਜ ਨਿਭਾਉਂਦੀ ਰਹੀ ਹੈ। ਰੋਜ਼ਾਨਾ ਜਨ-ਜੀਵਨ ਵਿਚ ਸਿਰ ਦੇ ਕੇਸ ਵਾਹੁਣ ਅਤੇ ਪਰਾਂਦੇ ਵਿਚ ਸਮੇਟਣ/ਗੁੰਦਣ ਦਾ ਕਾਰਜ ਇਸਤਰੀਆਂ ਖੁਦ ਹੀ ਕਰ ਲੈਂਦੀਆਂ ਹਨ। ਪਰ ਵਿਸ਼ੇਸ਼ ਪ੍ਰਕਾਰ ਦੀਆਂ ਮੀਢੀਆਂ, ਸੱਗੀਫੁੱਲ ਜਾਂ ਠੂਠੀਆਂ, ਦਾਉਣੀ, ਛੱਬਾ ਆਦਿ ਗੁੰਦਣ ਦਾ ਕਾਰਜ ਖੁਦ ਕਰਨਾ ਸੰਭਵ ਨਹੀਂ ਹੈ। ਸ਼ਾਇਦ ਇਸੇ ਲਈ ਇਹ ਮੁਹਾਵਰਾ ਪ੍ਰਚਲਿਤ ਹੋਇਆ ਹੋਵੇ ਕਿ ‘ਆਪਣਾ ਸਿਰ ਆਪ ਨਹੀਂ ਗੁੰਦਿਆ ਜਾਂਦਾ।
ਪੰਜਾਬੀ ਸਭਿਆਚਾਰ ਦੀਆਂ ਪੁਰਾਤਨ ਰਵਾਇਤਾਂ ਅਨੁਸਾਰ, ਸਿਰ ਦੇ ਕੇਸ ਖੁੱਲ੍ਹੇ ਅਤੇ ਕੱਜਣ ਤੋਂ ਬਿਨਾਂ ਘਰ ਤੋਂ ਬਾਹਰ ਨਿਕਲਣਾ ਵਰਜਿਤ ਰਿਹਾ ਹੈ। ਖਾਸ ਕਰ ਅਣ-ਵਿਆਹੁਤਾ ਮੁਟਿਆਰਾਂ ਲਈ ਸਿਰ ਕੱਜ ਕੇ ਰੱਖਣ ਦੀ ਸਖ਼ਤੀ ਨਾਲ ਪਾਲਣਾ ਕੀਤੇ ਜਾਣ ਦੀ ਰਵਾਇਤ ਰਹੀ ਹੈ। ਇਸਦੇ ਬਾਵਜੂਦ ਸਿਰ ਦੇ ਕੇਸਾਂ ਵਿਚ ਗਹਿਣੇ ਗੁੰਦਣ ਦੀ ਰੀਤ ਵੀ ਪ੍ਰਾਚੀਨ ਹੈ। ਪੰਜਾਬੀ ਸਭਿਆਚਾਰ ਸੰਬੰਧੀ ਹਾਰ-ਸ਼ਿੰਗਾਰ ਅਧੀਨ ਸਿਰ ਦੇ ਕੇਸਾਂ ਵਿਚ ਗੁੰਦੇ ਜਾਣ ਵਾਲੇ ਗਹਿਣਿਆਂ ਦੀ ਗਿਣਤੀ ਕਾਫ਼ੀ ਹੈ। ਅਜਿਹੇ ਪਰੰਪਰਾਗਤ ਗਹਿਣਿਆਂ ਵਿਚੋਂ ਕੁਝ ਕੁ ਪ੍ਰਸਿੱਧ ਨਾਂ ਇਸ ਪ੍ਰਕਾਰ ਹਨ – ਸੱਗੀ ਫੁੱਲ, ਸੂਈਆਂ, ਸ਼ਿੰਗਾਰ ਪੱਟੀ, ਕਲਿੱਪ, ਚੌਂਕ-ਚੰਦ, ਛੱਬਾ, ਟਿੱਕਾ, ਠੂਠੀਆਂ, ਤਵੀਤੜੀਆਂ, ਦਾਉਣੀ, ਬਘਿਆੜੀ ਆਦਿ... |
ਪਰਾਂਦੇ ਅਤੇ ਗੁੱਤਾਂ ਭਾਵੇਂ ਗਹਿਣਿਆਂ ਵਿਚ ਸ਼ੁਮਾਰ ਨਹੀਂ ਕੀਤੀਆਂ ਜਾਂਦੀਆਂ ਪਰ ਇਸਤਰੀ ਕੇਸਾਂ ਦੀ ਸੰਭਾਲ ਅਤੇ ਗੁੰਦਾਈ ਵਿਚ ਇਨ੍ਹਾਂ ਦੀ ਵਰਤੋਂ ਜ਼ਰੂਰੀ ਹੈ। ਕੇਵਲ ਅਜਿਹੀ ਹਾਲਤ ਵਿਚ ਜਿਸ ਵਿਚ ਜੂੜਾ ਸ਼ੈਲੀ ਅਨੁਸਾਰ ਕੇਸ ਸਮੇਟੇ ਗਏ ਹੋਣ, ਗੁੱਤ/ਪਰਾਂਦੇ ਦੀ ਲੋੜ ਨਹੀਂ ਰਹਿੰਦੀ। ਲੰਮੇਰੇ ਕੇਸਾਂ ਵਾਲੀਆਂ ਇਸਤਰੀਆਂ ਵੀ ਅਕਸਰ ਪਰਾਂਦੇ ਜਾਂ ਗੁੱਤ ਤੋਂ ਬਿਨਾਂ ਹੀ ਕੇਸ ਸਮੇਟ ਲੈਂਦੀਆਂ ਹਨ। ਗੁੱਤ ਛੋਟੀ ਅਤੇ ਪਰਾਂਦਾ ਵੱਡੀ ਗੁੱਤ ਲਈ ਵਰਤਿਆ ਜਾਂਦਾ ਹੈ। ਗੁੱਤ ਅਤੇ ਪਰਾਂਦੇ ਦੀ ਬਣਤਰ ਤਿੰਨ ਲੜੀਆਂ ਦੀ ਰੱਖੀ ਜਾਂਦੀ ਹੈ, ਜੋ ਲਾਲ ਜਾਂ ਕਾਲੇ ਧਾਗਿਆਂ ਦੇ ਸਮੂਹ ਦੁਆਰਾ ਨਿਰਮਤ ਕੀਤੀ ਗਈ ਹੁੰਦੀ ਹੈ। ਧਾਗਾ ਰੇਸ਼ਮੀ ਅਤੇ ਸੂਤੀ ਦੋ ਤਰ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਿੰਨ ਲੜੀਆਂ ਨੂੰ ਮੁੱਢ ਵਿਚ ਗੰਢ ਦੇ ਕੇ ਥੱਲਵੇਂ ਪਾਸੇ ਹਰ ਲੜੀ ਨੂੰ ਦੋ ਪੀਡੇ ਬੰਨ੍ਹ ਮਾਰ ਕੇ ਮਣਕਾ ਅਤੇ ਉਸਤੋਂ ਥੱਲੇ (ਧਾਗਿਆਂ ਦੀ ਵਿਸ਼ੇਸ਼ ਬੁਣਤੀ ਦੁਆਰਾ) ਹਰੜ ਬਣਾਈ ਜਾਂਦੀ ਹੈ। ਉਪਰੰਤ ਉਨ੍ਹਾਂ ਹੀ ਲੜੀਆਂ ਦੇ ਧਾਗਿਆਂ ਦੁਆਰਾ ਜਾਲੀ ਦੀਆਂ ਤਿਕੋਨਾਂ ਦੇ ਨਮੂਨੇ ਬੁਣਨ ਪਿੱਛੋਂ ਨੀਚੇ ਲਟਕਦੇ ਧਾਗੇ ਇਕ ਸਾਰ ਕਤਰ ਦਿੱਤੇ ਜਾਂਦੇ ਹਨ। ਇਹ ਪਰਾਂਦੀ ਦੀ ਬਣਤਰ ਹੈ। ਪਰਾਂਦਾ, ਪਰਾਂਦੀ ਨਾਲੋਂ ਕੁਝ ਲੰਮੇਰਾ ਅਤੇ ਅਕਸਰ ਲਾਲ ਰੰਗ ਦਾ ਬਣਾਇਆ ਜਾਂਦਾ ਹੈ। ਪਰਾਂਦੇ ਦੀਆਂ ਵੀ ਤਿੰਨ ਲੜੀਆਂ ਰੱਖੀਆਂ ਜਾਂਦੀਆਂ ਹਨ। ਪਰਾਂਦੇ ਦੇ ਉਪਰ ਤਿੰਨ ਲੜੀਆਂ ਨੂੰ ਜੋੜ ਲਿਆ ਜਾਂਦਾ ਹੈ ਅਤੇ ਉਸਦੇ ਥੱਲੇ ਮਣਕਾ/ਹਰੜ ਨਹੀਂ ਬਣਾਈ ਜਾਂਦੀ ਸਗੋਂ ਥੱਲਵੇਂ ਸਿਰੇ ਇਸ ਤਰ੍ਹਾਂ ਅਲੱਗ-ਅਲੱਗ ਗੰਢ ਮਾਰ ਕੇ ਛੱਡ ਦਿੱਤੇ ਜਾਂਦੇ ਹਨ ਕਿ ਉਹਨਾਂ ਵਿਚ ਵੱਖਰੇ ਤੌਰ ਤੇ ਬਣਾਏ ਨਮੂਨਿਆਂ ਅਤੇ ਰੰਗਾਂ ਵਾਲੇ ਫੁੰਮਣ ਲਟਕਾਏ ਜਾ ਸਕਣ। ਗੁੱਤ ਦੇ ਟਾਕਰੇ ਪਰਾਂਦਾ ਲੰਮੇਰਾ ਅਤੇ ਧਾਗਿਆਂ ਦੇ ਵਧੇਰੇ ਸਮੂਹ ਵਾਲਾ ਹੁੰਦਾ ਹੈ। ਵਿਆਹੁਤਾ ਲਾੜੀ ਅਕਸਰ ਲਾਲ ਰੰਗ ਦਾ ਪਰਾਂਦਾ ਕੇਸਾਂ ਵਿਚ ਗੁੰਦਦੀ ਹੈ। ਇਥੇ ਇਹ ਦੱਸ ਦੇਣਾ ਯੋਗ ਹੋਵੇਗਾ ਕਿ ਸਿਰ ਦੇ ਕੇਸਾਂ ਦੀਆਂ ਮੀਢੀਆਂ ਭਾਵੇਂ ਕਿਸੇ ਵੀ ਸ਼ੈਲੀ ਵਿਚ ਗੁੰਦੀਆਂ ਹੋਣ ਗਿੱਚੀ ਤੋਂ ਥੱਲਵੇਂ ਕੇਸ ਪਰਾਂਦੇ ਅਤੇ ਗੁੱਤ ਨਾਲ ਤਿੰਨ ਲੜੀਆਂ ਵਿਚ ਹੀ ਗੁੰਦੇ ਜਾਂਦੇ ਹਨ।
ਅਜੋਕੇ ਸਮੇਂ ਭਾਵੇਂ ਗਿਚੀ ਪਿਛੋਂ ਕੇਸਾਂ ਨੂੰ ਘੁੱਟ ਕੇ ਰੱਖਣ ਲਈ ਕਈ ਪ੍ਰਕਾਰ ਦੇ ਨਮੂਨੇਦਾਰ ਰਬੜ ਦੇ ਛੱਲੇ ਉਪਲਬਧ ਹਨ ਅਤੇ ਪਰਾਂਦੇ ਗੁੱਤਾਂ ਆਦਿ ਤੋਂ ਇਲਾਵਾ ਪਰਾਂਦਿਆਂ ਨਾਲ ਲਟਕਾਏ ਜਾਣ ਵਾਲੇ ਰੰਗਦਾਰ ਫੁੰਮਣ, ਛੂੰਦੇ, ਜਾਲੀਆਂ, ਮੋਤੀਆਂ ਦੀਆਂ ਲੜੀਆਂ ਛੱਬੇ ਆਦਿ ਵੀ ਪ੍ਰਚਲਿਤ ਹਨ; ਪਰ ਕਿਸੇ ਮੁਟਿਆਰ ਦੇ ਵਿਆਹ ਸਮੇਂ ਦਾਜ ਵਿਚ ਦਿੱਤੀਆਂ ਜਾਣ ਵਾਲੀਆਂ ਵਸਤਾਂ ਅਤੇ ਸਹੁਰਿਆਂ ਵੱਲੋਂ ਭੇਜੀ ਜਾਣ ਵਾਲੀ ਸੁਹਾਗ ਪਟਾਰੀ ਵਿਚ (ਨਮੂਨੇਦਾਰ) ਲਾਲ ਪਰਾਂਦਾ ਭੇਜਣ ਦੀ ਰਿਵਾਇਤ ਅਜੋਕੇ ਸਮੇਂ ਵੀ ਪ੍ਰਚਲਿਤ ਹੈ।
ਪੰਜਾਬੀ ਸਭਿਆਚਾਰ ਵਿਚ ਇਸਤਰੀ ਕੇਸਾਂ ਦੀਆਂ ਮੀਢੀਆਂ ਗੁੰਦਣ ਦੀਆਂ ਕਈ ਸ਼ੈਲੀਆਂ ਪ੍ਰਚਲਿਤ ਹਨ। ਸੱਗੀ ਫੁੱਲ, ਦਾਉਣੀ, ਸ਼ਿੰਗਾਰ-ਪੱਟੀ, ਠੂਠੀਆਂ, ਚੌਂਕ-ਚੰਦ ਛੱਬਾ ਆਦਿ ਗੁੰਦਣ ਸਮੇਂ ਮੀਢੀਆਂ ਦੀ ਗੁੰਦਾਈ ਤਾਂ ਭਾਵੇਂ ਇਕੋ ਤਰ੍ਹਾਂ ਦੀ ਹੋਵੇਗੀ; ਪਰ ਮੀਢੀਆਂ ਸਿਰ ਦੇ ਕਿਹੜੇ ਹਿੱਸੇ ਵਿਚੋਂ ਗੁੰਦ ਕੇ ਅਤੇ ਇਕ ਦੂਜੀ ਵਿਚੋਂ ਲੰਘਾ ਕੇ ਗਿੱਚੀ ਪਿਛੇ ਪਰਾਂਦੇ/ਗੁੱਤ ਨੇੜੇ ਇਕੱਤਰ ਕਰਨ ਦੀਆਂ ਵਿਧੀਆਂ ਕਈ ਪ੍ਰਕਾਰ ਦੀਆਂ ਹਨ। ਇਨ੍ਹਾਂ ਵਿਧੀਆਂ ਦੇ ਨਾਂ ਵੀ ਇਕ ਤੋਂ ਵਧੇਰੇ ਹਨ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਪਹਿਲੇ ਸਮਿਆਂ ਵਿਚ ਸਿਰ ਗੁੰਦਾਈ ਅਤੇ ਲਾੜੀ ਦੇ ਪਹਿਰਾਵੇ ਦੀ ਤਿਆਰੀ ਪੱਖੋਂ ਨੈਣ (ਨਾਈ ਦੀ ਪਤਨੀ) ਦੀ ਸ਼ਮੂਲੀਅਤ ਲਾਜ਼ਮੀ ਸਮਝੀ ਜਾਂਦੀ ਸੀ। ਇਸ ਲਈ ਸਿਰ (ਕੇਸ) ਗੁੰਦਾਈ ਦਾ ਕਾਰਜ ਵੀ ਨੈਣ ਜ਼ਿੰਮੇ ਹੀ ਹੁੰਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਈ ਕਾਰਜ ਜਦੋਂ ਕਿੱਤੇ ਦਾ ਰੂਪ ਧਾਰ ਲਵੇ ਤਾਂ ਉਸ ਵਿਚ ਕਲਾਤਮਿਕਤਾ ਦਾ ਆ ਜਾਣਾ ਸੁਭਾਵਿਕ ਵਰਤਾਰਾ ਹੈ। ਜਗੀਰੂ ਸਮਾਜ ਵਿਚ ਰਾਜਕੁਮਾਰੀਆਂ ਅਤੇ ਰਾਣੀਆਂ ਦੀ ਟਹਿਲ ਸੇਵਾ ਲਈ ਦਾਸੀਆਂ ਦੀ ਪ੍ਰਥਾ ਕਿਸੇ ਤੋਂ ਗੁੱਝੀ ਨਹੀਂ ਹੈ। ਸੰਭਵ ਹੈ ਨੈਣਾਂ ਦੁਆਰਾ ਸਿਰ ਗੁੰਦਣ ਜਿਹੇ ਕਾਰਜ ਜਗੀਰੂ ਰੁਚੀ ਦੀ ਹੀ ਰਹਿੰਦ-ਖੂੰਹਦ ਹੋਣ; ਪਰ ਜਦੋਂ ਇਕ ਮੁਟਿਆਰ ਨੈਣ ਪਾਸੋਂ ਇਕ ‘ਖਾਸ’ ਸ਼ੈਲੀ ਵਿਚ ਸਿਰ ਗੁੰਦਾਈ ਦੀ ਮੰਗ ਕਰਦੀ ਹੈ ਅਤੇ ਨੈਣ ਅਜਿਹੀ ਕੁਸ਼ਲਤਾ ਤੋਂ ਅਸਮਰਥਤਾ ਜ਼ਾਹਰ ਕਰਦੀ ਹੈ ਤਾਂ ਉਪਰੋਕਤ ਕਥਨ ਦੀ ਪੁਸ਼ਟੀ ਹੁੰਦੀ ਦਿਸਦੀ ਹੈ।
ਸਿਰ ਗੁੰਦ ਦੇ ਕੁਪੱਤੀਏ ਨੈਣੇ ਉੱਤੇ ਪਾ ਦੇ ਡਾਕ ਬੰਗਲਾ, ਮੈਤੋਂ ਡਾਕ ਬੰਗਲਾ ਨਹੀਂ ਪੈਣਾ, ਉੱਤੇ ਪਾ ਦੂੰ ਸੋਨ ਚਿੜੀਆਂ।
ਸਿਰ (ਕੇਸਾਂ) ਦੀ ਗੁੰਦਾਈ ਵਿਚ ਡਾਕ ਬੰਗਲਾ ਸ਼ੈਲੀ ਦੀ ਗੁੰਦਾਈ ਕਾਫ਼ੀ ਕਠਨ ਹੈ। ਇਸ ਗੁੰਦਾਈ ਲਈ ਘਣੇ ਅਤੇ ਲੰਮੇ ਕੇਸ ਜ਼ਰੂਰੀ ਹਨ। ਇਸ ਸ਼ੈਲੀ ਬਾਰੇ ਕਿਤਾਬੀ ਸ੍ਰੋਤ ਉਪਲਬਧ ਨਹੀਂ ਹਨ। ਬਾਲੋ ਦੇਵੀ (80 ਸਾਲ) ਪਤਨੀ ਰਤਨਾ ਨਾਈ ਪਿੰਡ ਕੋਟ ਫੱਤਾਂ ਬਠਿੰਡਾ, ਸੀਬੋ (65 ਸਾਲ) ਪਤਨੀ ਲਾਭ ਸਿਹੁੰ ਝਿਊਰ ਬੁਢਲਾਡਾ ਅਤੇ ਪ੍ਰੋ. ਕੁਲਦੀਪ ਕੌਰ ਟਿਵਾਣਾ ਦੀਆਂ ਦੱਸਾਂ ਅਨੁਸਾਰ, ਡਾਕ ਬੰਗਲਾ ਸ਼ੈਲੀ ਦੇ ਇਕ ਤੋਂ ਵਧੇਰੇ ਨਮੂਨੇ ਪ੍ਰਚਲਿਤ ਹਨ। ਇਹ ਗੁੰਦਾਈ ਕਾਫ਼ੀ ਕਠਨ ਮੰਨੀ ਗਈ ਹੈ। ਇਕ ਸ਼ੈਲੀ ਵਿਚ ਸੱਜੀ ਖੱਬੀ ਪੁੜਪੁੜੀ, ਮੱਥੇ ਅਤੇ ਗਿੱਚੀ ਵੱਲੋਂ ਚਾਰ ਮੀਢੀਆਂ ਗੁੰਦੀਆਂ ਜਾਂਦੀਆਂ ਹਨ ਅਤੇ ਸੱਗੀ ਦੀ ਥਾਂ ਤਾਲੂ ਤੋਂ ਪਿੱਛੇ ਲੋਗੜੀ ਸਮੇਤ ਫੁੱਲ ਗੁੰਦ ਲਿਆ ਜਾਂਦਾ ਹੈ। ਇੰਜ ਦੁਪੱਟਾ ਸਿਰ ਵਿਚਕਾਰੋਂ ਉਠਿਆ ਦਿੱਸਦਾ ਹੈ। ਦੂਜੀ ਗੁੰਦਾਈ ਵਿਚ ਸੱਜੀ ਖੱਬੀ ਪੁੜਪੁੜੀ, ਮੱਥੇ ਅਤੇ ਗਿੱਚੀ ਵੱਲੋਂ ਲੰਮੇ ਵਾਲਾਂ ਦੀਆਂ ਚਾਰ ਮੀਢੀਆਂ ਗੁੰਦ ਕੇ ਕੇਸਾਂ ਹੇਠੋਂ ਇਸ ਕਲਾਤਮਿਕਤਾ ਨਾਲ ਤਾਲੂ ਤੱਕ ਲੈ ਜਾਈਆਂ ਜਾਂਦੀਆਂ ਹਨ ਕਿ ਦਿੱਸਦੀਆਂ ਨਹੀਂ। ਤਾਲੂ ਨੇੜੇ ਚਹੁੰਆਂ ਮੀਢੀਆਂ ਵਿਚ ਤਾਲੂ ਉਤਲੇ ਕੇਸਾਂ ਨੂੰ ਮੀਢੀਆਂ ਦੁਆਰਾ ਗੰਢ ਮਾਰ ਕੇ ਵਿਚਕਾਰਲੇ ਕੇਸਾਂ ਨੂੰ ਢਿੱਲੇ ਵਲ਼ ਦੇ ਕੇ ਤਿੰਨ (ਪੌੜੀਆਂ ਜਿਹੇ ਮੁਨਾਰਿਆਂ ਦੇ ਰੂਪ ਵਿਚ) ਮੁਨਾਰੇ ਬਣਾਏ ਜਾਂਦੇ ਹਨ ਜੋ ਜੂੜੇ ਦੇ ਰੂਪ ਵਿਚ ਹੇਠੋਂ ਉਤੋਂ ਇਕੋ ਜਿਹੇ ਦਿੱਸਦੇ ਹਨ। ਗੰਢ ਮਾਰਨ ਵਾਲੀਆਂ ਮੀਢੀਆਂ ਵਿਚਕਾਰੋਂ ਲੰਘਾ ਕੇ ਅੱਗੋਂ ਖੋਲ੍ਹ ਲਈਆਂ ਜਾਂਦੀਆਂ ਹਨ ਅਤੇ ਖੁੱਲ੍ਹੇ ਹੋਏ ਕੇਸ ਦੁਬਾਰਾ ਵਲ਼ ਦੇ ਕੇ ਬਣਾਏ ਮੁਨਾਰਿਆਂ ਚੁਫ਼ੇਰਿਉਂ ਲੰਘਾ ਕੇ ਫਿਰ ਤਾਲੂ ਦੇ ਮੁੱਢ ਵਿਚ ਵਲ ਦੇਣ ਉਪਰੰਤ ਗੁੱਤ ਵਿਚ ਗੁੰਦ ਲਏ ਜਾਂਦੇ ਹਨ। ਮੱਥੇ ਵੱਲ ਦੀ ਮੀਢੀ ਵਿਚ ਸੱਗੀ, ਟਿੱਕਾ, ਸੱਜੀ ਖੱਬੀ ਪੁੜਪੁੜੀ ਦੀਆਂ ਮੀਢੀਆਂ ਵਿਚ ਫੁੱਲ ਅਤੇ ਗਿੱਚੀ ਵੱਲ ਦੀ ਮੀਢੀ ਵਿਚ ਬਘਿਆੜੀ ਸਮੇਤ ਛੱਬਾ ਆਦਿ ਵੀ ਗੁੰਦ ਲਿਆ ਜਾਂਦਾ ਹੈ। ਸੀਬੋ ਝਿਉਰੀ ਦੀ ਦੱਸ ਅਨੁਸਾਰ, ਜ਼ਰੂਰੀ ਨਹੀਂ ਇਸ ਗੁੰਦਾਈ ਵਿਚ ਸੱਗੀ, ਫੁੱਲ, ਚੌਂਕ ਜਾਂ ਛੱਬਾ ਜ਼ਰੂਰੀ ਗੁੰਦਿਆ ਜਾਵੇ। ਇਸ ਗੁੰਦਾਈ ਦੀ ਦਿੱਖ ਨਿੱਕੇ ਜਟਾਧਾਰੀ ਜੂੜੇ ਜਿਹੀ ਦਿੱਸਦੀ ਹੈ। ਇਸ ਗੁੰਦਾਈ ਦੀ ਕਲਾਤਮਿਕਤਾ ਤਾਲੂ ਉਪਰਲਾ ਜੂੜਾ ਦੇਰ ਤੱਕ ਸਥਿਰ ਰਹਿਣ ਵਿਚ ਹੈ। ਇਸ ਗੁੰਦਾਈ ਨਾਲ ਮੁਟਿਆਰ ਦਾ ਦੁਪੱਟਾ ਉੱਚਾ ਉੱਠ ਜਾਂਦਾ ਹੈ ਅਤੇ ਕਦ ਲੰਮਾ ਦਿੱਸਦਾ ਹੈ। ਸੰਭਵ ਹੈ ਡਾਕ ਬੰਗਲਾ ਸ਼ੈਲੀ ਸੱਗੀ ਫ਼ੁੱਲ ਜਿਹੇ ਮਹਿੰਗੇ ਗਹਿਣੇ ਦੀ ਥੁੜ੍ਹ ਕਾਰਨ ਪ੍ਰਚਲਿਤ ਹੋਈ ਹੋਵੇ। ਸਿਰ (ਇਸਤਰੀ ਕੇਸ) ਗੁੰਦਾਈ ਬਾਰੇ ਡਾ. ਚਰਨਜੀਤ ਕੌਰ ਦੁਆਰਾ ਲਿਖਤ ਖੋਜ-ਪੱਤਰ (ਲੋਕ ਵਾਣੀ ਅਪਰੈਲ-ਜੂਨ 2013) ਵਿਚੋਂ ਸਮਗਰ ਰੂਪ ਵਿਚ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਸਿਰ ਦੇ ਵਾਲਾਂ ਨੂੰ ਚੌਰਸ ਖਾਨਿਆਂ ਵਿਚ ਵਾਹ ਕੇ ਮੀਢੀਆਂ ਦੁਆਰਾ ਗੁੰਦਣ ਨੂੰ ਡਾਕ ਬੰਗਲਾ ਸ਼ੈਲੀ ਕਿਹਾ ਹੈ ਸੋ ਇਸ ਪ੍ਰਕਾਰ ਡਾਕ ਬੰਗਲਾ ਸ਼ੈਲੀ ਦੇ ਕਈ ਰੂਪ ਪ੍ਰਚਲਿਤ ਹਨ।
ਡਾਕ ਬੰਗਲਾ ਸਿਰ (ਕੇਸ) ਗੁੰਦਾਈ ਬਾਰੇ ਵਿਦਵਾਨ ਗੁਰਮੀਤ ਕੌਰ ਭੱਠਲ (ਸਾਬਕਾ ਪ੍ਰਿੰਸੀਪਲ ਰਣਬੀਰ ਕਾਲਜ ਸੰਗਰੂਰ) ਪਾਸੋਂ ਮਿਲੀ ਵਿਸਤ੍ਰਿਤ ਜਾਣਕਾਰੀ ਅਨੁਸਾਰ, ਡਾਕ ਬੰਗਲਾ ਸਿਰ (ਕੇਸ) ਗੁੰਦਾਈ ਵਿਚ ਮੱਥੇ ਵੱਲੋਂ ਦੋ ਤੋਂ ਚਾਰ ਉਂਗਲ ਥਾਂ ਛੱਡ ਕੇ ਮੀਢੀਆਂ ਦੀਆਂ ਲੜੀਆਂ ਗੁੰਦੀਆਂ ਜਾਂਦੀਆਂ ਹਨ ਅਤੇ ਤਾਲੂ ਦੇ ਮੱਧ ਤੋਂ ਮੱਥੇ ਵੱਲ ਕੁਝ ਅਗੇਤੇ ਲੋਗੜੀ ਦਾ ਫੁੱਲ ਰੱਖ ਕੇ ਮੀਢੀਆਂ ਵਿਚ ਗੁੰਦ ਲਿਆ ਜਾਂਦਾ ਹੈ। ਲੋਗੜੀ ਦੇ ਫ਼ੁੱਲ ਦੀ ਉਚਾਈ ਤਾਂ ਲਗਭਗ ਸੱਗੀ ਜਿਤਨੀ ਹੀ ਹੁੰਦੀ ਪਰ ਉਹ ਚੌੜਾ ਸੱਗੀ ਤੋਂ ਕੁਝ ਵਧੇਰੇ ਹੁੰਦਾ ਹੈ। ਇੰਜ ਬਰੀਕ ਮੀਢੀਆਂ ਦੇ ਮੱਥੇ ਵੱਲ ਵਿਚਕਾਰਲੇ ਚੀਰ ਦੇ ਦੁਵੱਲੀ (ਕੇਸਾਂ ਨੂੰ ਢਿੱਲੇ ਛੱਡ ਕੇ ਅਤੇ ਉਭਾਰ ਦੇ ਕੇ) ਚਿੜੀਆਂ ਵੀ ਪਾ ਲਈਆਂ ਜਾਂਦੀਆਂ ਅਤੇ ਫੁੱਲ ਤੋਂ ਲੰਘਾ ਕੇ ਵਿਚਕਾਰੋਂ ਕੇਸਾਂ ਦਾ ਉਭਾਰ ਸਿਰਜ ਲਿਆ ਜਾਂਦਾ ਹੈ। ਅੰਤ ਵਿਚ ਮੀਢੀਆਂ ਗੁੱਤ ਤੱਕ ਤਾਂ ਗੁੰਦੀਆਂ ਰਹਿਣ ਦਿੱਤੀਆਂ ਜਾਂਦੀਆਂ ਹਨ ਅਤੇ ਬਾਕੀ ਕੇਸ ਗੁੱਤ/ਪਰਾਂਦੇ ਵਿਚ ਗੁੰਦ ਲਏ ਜਾਂਦੇ ਹਨ।
ਪੀੜ੍ਹਾ ਸ਼ੈਲੀ (ਇਸਤਰੀ ਕੇਸ) ਗੁੰਦਾਈ ਵੀ ਕਾਫ਼ੀ ਪ੍ਰਚਲਿਤ ਸ਼ੈਲੀ ਹੈ। ਪੀੜ੍ਹਾ ਗੁੰਦਾਈ ਪੰਜਾਬੀ ਸਭਿਆਚਾਰ ਦੀ ਪਰੰਪਰਾਗਤ ਸ਼ੈਲੀ ਹੈ ਜਿਸ ਤੋਂ ਹਰ ਪੰਜਾਬਣ ਇਸਤਰੀ ਜਾਣੂ ਹੈ। ਪੀੜ੍ਹਾ ਗੁੰਦਾਈ ਦੀਆਂ ਕਈ ਸ਼ੈਲੀਆਂ ਪ੍ਰਚਲਿਤ ਹਨ। ਸੱਗੀ ਫੁੱਲ ਪੀੜ੍ਹਾ ਗੁੰਦਾਈ, ਚੌਂਕ-ਚੰਦ ਪੀੜ੍ਹਾ ਗੁੰਦਾਈ, ਦਾਉਣੀ ਜਾਂ ਛੱਬਾ ਪੀੜ੍ਹਾ-ਗੁੰਦਾਈ ਦੇ ਨਮੂਨਿਆਂ ਵਿਚ ਇਕ ਗੱਲ ਸਾਂਝੀ ਹੈ ਕਿ ਪੂਰੇ ਸਿਰ ਦੇ ਕੇਸਾਂ ਨੂੰ ਤਿੰਨ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ। ਮੱਥੇ ਦੇ ਅੱਧ ਵਿਚਕਾਰ ਚੀਰ ਅਤੇ ਤਾਲੂ ਤੋਂ ਕੁਝ ਅਗਲੇ ਹਿੱਸੇ ਵੱਲ ਦੇ ਕੇਸਾਂ ਵਿਚ ਪਾਏ ਚੀਰ ਨਾਲ ਸੱਗੀ ਫੁੱਲ ਗੁੰਦਣਾ ਹੋਵੇ ਤਾਂ ਸੱਜੀ-ਖੱਬੀ ਪੁੜਪੜੀ ਵੱਲ ਪਾਏ ਚੀਰ ਨੇੜੇ ਦੁਵੱਲੀ ਦੋ ਅਤੇ ਤਾਲੂ ਨੇੜੇ ਦੇ ਚੀਰ ਵਿਚ ਇਕ ਮੀਢੀ ਗੁੰਦ ਲਈ ਜਾਂਦੀ ਹੈ ਜਿਸ ਵਿਚ ਸੱਗੀ ਫੁੱਲ ਦੇ ਧਾਗੇ ਗੁੰਦ ਲਏ ਜਾਂਦੇ ਹਨ। ਇਸ ਪ੍ਰਕਾਰ ਸੱਗੀ ਫੁੱਲ ਸਿਰ ਦੇ ਮੱਥੇ ਵਾਲੇ ਹਿੱਸੇ ਵਿਚ ਸਥਾਪਿਤ ਕਰ ਲਏ ਜਾਂਦੇ ਹਨ। ਇਸ ਉਪਰੰਤ ਸੱਜੀ-ਖੱਬੀ ਪੁੜਪੁੜੀ ਤੋਂ ਆਰ-ਪਾਰ ਚੀਰ ਦੇ ਕੇਸਾਂ ਦੀਆਂ ਦੁਵੱਲੀ ਇਕੋ ਜਿਹੇ ਵਕਫ਼ੇ ਵਿਚ ਮੀਢੀਆਂ ਗੁੰਦ ਲਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਮੰਜੇ-ਪੀੜ੍ਹੇ ਦੀ ਬੁਣਤੀ ਵਾਂਗ ਇਕ ਦੂਜੀ ਦੇ ਵਿਚੋਂ (ਹੇਠੋਂ-ਉਤੋਂ) ਲੰਘਾ ਕੇ ਅੰਤ ਵਿਚ ਗਿੱਚੀ ਦੇ ਮੁੱਢ ਨੇੜੇ ਸਮੇਟ ਲਿਆ ਜਾਂਦਾ ਹੈ। ਇੰਜ ਗੁੰਦੀਆਂ ਮੀਢੀਆਂ ਦੇ ਵਿਚਕਾਰਲਾ ਵਕਫ਼ਾ ਬਰਫ਼ੀ ਦੇ ਆਕਾਰ ਦਾ ਨਜ਼ਰ ਆਉਂਦਾ ਹੈ। ਅਜਿਹੀ ਸੂਰਤ ਵਿਚ ਗੁੱਤ ਨੇੜੇ ਇਕੱਠੀਆਂ ਮੀਢੀਆਂ ਦੇ ਪਿਛਲੇ ਵਾਲ ਖੋਲ੍ਹ ਕੇ ਗੁੱਤ ਜਾਂ ਪਰਾਂਦੇ ਵਿਚ ਗੁੰਦ ਲਏ ਜਾਂਦੇ ਹਨ। ਸਿਰ ਦਾ ਪਿਛਲਾ ਸਮੁੱਚਾ ਹਿੱਸਾ ਪੀੜ੍ਹੀ ਦੀ ਬੁਣਤੀ ਜਿਹਾ ਦਿਸਦਾ ਹੈ।
ਛੱਬਾ, ਚੌਂਕ-ਚੰਦ ਜਾਂ ਦਾਉਣੀ ਆਦਿ ਨਾਲ ਪੀੜ੍ਹਾ ਸ਼ੈਲੀ ਵਿਚ ਕੇਸ ਗੁੰਦਣੇ ਹੋਣ ਤਾਂ ਦੋਹਾਂ ਪੁੜਪੜੀਆਂ ਵੱਲੋਂ ਪਾਏ ਜਾਣ ਵਾਲੇ ਚੀਰ ਨੂੰ ਤਾਲੂ ਤੋਂ ਥੋੜ੍ਹਾ ਪਿਛੇ ਸਿਰਜ ਲਿਆ ਜਾਂਦਾ ਹੈ। ਪੀੜਾ ਗੁੰਦਾਈ ਸ਼ੈਲੀ ਦੀ ਪ੍ਰਬੀਨਤਾ ਇਸ ਪੱਖ ਤੋਂ ਆਂਕੀ ਜਾਂਦੀ ਹੈ ਕਿ ਸਿਰ ਦੇ ਪਿਛਲੇ ਅੱਧ ਵਿਚ ਮੀਢੀਆਂ ਦੀ ਗਿਣਤੀ ਕਿਤਨੀ ਵਧੇਰੇ ਹੈ ਅਤੇ ਇਕ ਦੂਜੀ ਦੇ ਹੇਠੋਂ ਉੱਤੋਂ ਲੰਘਾਉਣ ਸਮੇਂ ਕਿਤਨੇ ਸੰਘਣੇ ਜਾਲ ਦੀ ਬੁਣਤੀ ਕੀਤੀ ਗਈ ਹੈ।
ਫੁੱਲ ਚਿੜੀਆਂ ਅਤੇ ਸੋਨ ਚਿੜੀਆਂ ਦੀ ਸਿਰ ਗੁੰਦਾਈ ਦੋ ਕਿਸਮ ਦੀ ਹੈ। ਫ਼ੁੱਲ ਚਿੜੀਆਂ ਸਮੇਂ ਸਧਾਰਨਤਾ ਕੇਸ ਪਿਛੇ ਨੂੰ ਵਾਹ ਅਤੇ ਵਿਚਕਾਰ ਚੀਰ ਕੱਢ ਕੇ ਦੋ ਹਿੱਸਿਆਂ ਵਿਚ ਵੰਡ ਲਏ ਜਾਂਦੇ ਹਨ। ਅਕਸਰ ਇਸਤਰੀਆਂ ਕੇਸਾਂ ਨੂੰ ਪਾਣੀ ਨਾਲ ਗਿੱਲੇ ਕਰਕੇ ਨਰਮ ਕਰ ਲੈਂਦੀਆਂ ਹਨ। ਇਸ ਉਪਰੰਤ ਸੱਜੇ ਖੱਬੇ ਕੇਸਾਂ ਨੂੰ ਢਿੱਲ ਦੇ ਕੇ ਮੱਥੇ ਨੇੜਿਉਂ ਦੁਵੱਲੀ ਕੇਸਾਂ ਦਾ ਉਭਾਰ ਕਰ ਲਿਆ ਜਾਂਦਾ ਹੈ। ਇੰਜ ਵੱਧ ਤੋਂ ਵੱਧ ਦੋ ਵਾਰ ਕੀਤਾ ਜਾਣਾ ਸ਼ੋਭਦਾ ਹੈ। ਦੁਵੱਲੀ ਉੱਭਰੇ ਵਾਲ, ਚਿੜੀਆਂ ਬੈਠੀਆਂ ਹੋਣ ਦਾ ਭੁਲੇਖਾ ਪਾਉਂਦੇ ਹਨ। ਪਰ ਇਹ ਉਭਾਰ ਦੁਪੱਟਾ ਲੈਣ ਨਾਲ ਬੈਠ ਅਤੇ ਬਿਖਰ ਸਕਦੇ ਹਨ। ਇਸ ਸ਼ੈਲੀ ਦੀ ਦੂਜੀ ਕਿਸਮ ਵਿਚ ਕੇਸਾਂ ਨੂੰ ਪਿੱਛੇ ਵੱਲ ਵਾਹੁਣ ਉਪਰੰਤ ਮੱਥੇ ਵਿਚਕਾਰ ਚੀਰ ਕੱਢ ਕੇ ਕੇਸਾਂ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ ਜਾਂਦਾ ਹੈ। ਮੱਥੇ ਦੇ ਇਕ ਪਾਸੇ ਦੇ ਕੇਸਾਂ ਨੂੰ ਘੁਮਾ ਜਾਂ ਵੱਟ ਚਾੜ੍ਹ ਕੇ ਮੀਢੀ ਗੁੰਦਣ ਉਪਰੰਤ ਅੱਗੇ ਦੋ ਉਂਗਲ ਥਾਂ ਛੱਡ ਕੇ ਤੀਹਰੀ ਮੀੜ੍ਹੀ ਗੁੰਦ ਲਈ ਜਾਂਦੀ ਹੈ। ਉਸ ਤੋਂ ਅੱਗੇ ਸਾਦੀ ਮੀਢੀ ਸ਼ੁਰੂ ਹੋ ਜਾਂਦੀ ਹੈ।
ਇਸ ਤਰ੍ਹਾਂ ਸੱਜੇ ਖੱਬੇ ਦੋਹਾਂ ਪਾਸੇ ਕੀਤਾ ਜਾਂਦਾ ਹੈ। ਇਸ ਪ੍ਰਕਾਰ ਘੁਮਾਏ ਹੋਏ ਵਾਲ ਉਭਾਰ ਰੂਪ ਵਿਚ ਉੱਠੇ ਦੁਵੱਲੀ ਖੰਭ ਸਮੇਟ ਕੇ ਬੈਠੀਆਂ ਚਿੜੀਆਂ ਜਿਹੇ ਦਿਸਦੇ ਹਨ। ਸਧਾਰਨ ਫੁੱਲ ਚਿੜੀਆਂ ਨਾਲੋਂ ਇਸ ਪ੍ਰਕਾਰ ਕੇਸਾਂ ਦਾ ਉਠਾਅ ਦੇਰ ਤੱਕ ਬਣਿਆ ਰਹਿੰਦਾ ਹੈ।
ਸੋਨ ਚਿੜੀਆਂ ਸਿਰ ਗੁੰਢਾਈ ਦੀ ਇਕ ਹੋਰ ਕਿਸਮ ਵਿਚ ਕੇਸ ਪਿਛੇ ਨੂੰ ਵਾਹੁਣ ਉਪਰੰਤ ਵਿਚਕਾਰੋਂ ਚੀਰ ਕਢ ਲਿਆ ਜਾਂਦਾ ਹੈ। ਸੱਜੇ ਖੱਬੇ ਮੱਥੇ ਨੇੜਿਉਂ ਕੇਸਾਂ ਦਾ ਉਠਾ ਕਰਕੇ ਚੀਰ ਨੇੜਿਉਂ ਬਰੀਕ ਮੀਢੀਆਂ ਗੁੰਦ ਕੇ ਕੰਨਾਂ ਵੱਲ ਲੈ ਜਾਈਆਂ ਜਾਂਦੀਆਂ ਹਨ। ਇਸ ਨਾਲ ਕੇਸਾਂ ਦੇ ਉਠਾਅ ਪਿਛੇ ਗੁੰਦੀ ਮੀਢੀ ਨੀਵੀਂ ਲੀਕ (ਖਾਲੀ) ਸਿਰਜ ਦਿੰਦੀ ਹੈ ਅਤੇ ਕੇਸਾਂ ਦਾ ਉਠਾਅ ਵਧੇਰੇ ਉੱਚਾ ਦਿਸਣ ਲੱਗਦਾ ਹੈ। ਇਸ ਤੋਂ ਪਿੱਛੋਂ ਫਿਰ (ਚੀਰ ਦੇ) ਦੁਵੱਲੀ ਕੇਸ ਢਿਲੇ ਛੱਡ ਕੇ ਕੰਨਾਂ ਵੱਲ ਲੈ ਜਾਈਆਂ ਜਾਂਦੀਆਂ ਹਨ। ਇੰਜ ਸਿਰ ਦੇ ਮੱਥੇ ਵੱਲ ਦੇ ਅੱਧ ਵਿਚ ਸੱਜੇ ਖੱਬੇ ਚਾਰ ਚਿੜੀਆਂ ਬੈਠੀਆਂ ਦਿੱਸਦੀਆਂ ਹਨ। ਇਸ ਸ਼ੈਲੀ ਵਿਚ ਕੇਸਾਂ (ਚਿੜੀਆਂ) ਦਾ ਉਭਾਰ ਛੇਤੀ ਮਿਟਦਾ ਨਹੀਂ ਅਤੇ ਦੁਵੱਲੀ ਕੰਨਾਂ ਵੱਲ ਗਈਆਂ ਮੀਢੀਆਂ ਪੁੜਪੁੜੀਆਂ ਵੱਲੋਂ ਵਲਾਅ ਕੇ ਗੁੱਤ ਦੇ ਮੁੱਢ ਵੱਲ ਗੁੰਦ ਲਈਆਂ ਜਾਂਦੀਆਂ ਹਨ।
ਸੱਗੀ ਫੁੱਲ ਸ਼ੈਲੀ ਦੀ ਗੁੰਦਾਈ ਆਮ ਪ੍ਰਚਲਿਤ ਹੈ। ਇਸ ਦੇ ਇਕ ਤੋਂ ਵਧੇਰੇ ਨਮੂਨੇ ਪ੍ਰਚਲਿਤ ਹਨ। ਜਿਵੇਂ ਕਿ ਪਿਛੇ ਸੱਗੀ ਅਤੇ ਦੁਵੱਲੀ ਫੁੱਲਾਂ ਦੀ ਬਣਤਰ ਬਾਰੇ ਵਿਸਤ੍ਰਿਤ ਚਰਚਾ ਕੀਤੀ ਜਾ ਚੁੱਕੀ ਹੈ ਫਿਰ ਵੀ ਇਹ ਦੱਸ ਦੇਣਾ ਯੋਗ ਹੋਵੇਗਾ ਕਿ ਸੱਗੀ ਨਾਲ ਗੁੰਦੇ ਜਾਣ ਵਾਲੇ ਫੁੱਲ ਕੁਝ ਲਘੂ ਆਕਾਰ ਦੇ ਹੁੰਦੇ ਹਨ ਅਤੇ ਇਹਨਾਂ ਦੀ ਦਿੱਖ ਮੂਧੀ ਠੂਠੀ ਜਿਹੀ ਦਿਸਦੀ ਹੈ। ਇਹਨਾਂ ਦੇ ਥੱਲੇ ਕੰਢਿਆਂ ਨੇੜੇ ਕੁੰਡੇ ਲੱਗੇ ਹੁੰਦੇ ਹਨ ਜਿਨ੍ਹਾਂ ਵਿਚੋਂ ਲੰਘਾਇਆ ਧਾਗਾ ਕੇਸਾਂ ਦੀਆਂ ਮੀਢੀਆਂ ਸੰਗ ਗੁੰਦ ਲਿਆ ਜਾਂਦਾ ਹੈ। ਇਸ ਦੀ ਗੁੰਦਾਈ ਸਮੇਂ ਮੱਥੇ ਵਿਚਕਾਰੋਂ ਚੀਰ ਕੱਢ ਕੇ ਕੇਸਾਂ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ ਜਾਂਦਾ ਹੈ ਅਤੇ ਮੁੱਢ ਵਿਚੋਂ ਹੀ ਸੱਗੀ ਅਤੇ ਫੁੱਲਾਂ ਦੇ ਧਾਗੇ ਮੀਢੀਆਂ ਵਿਚ ਗੁੰਦ ਲਏ ਜਾਂਦੇ ਹਨ। ਸੱਗੀ ਅਤੇ ਫੁੱਲਾਂ ਨੂੰ ਜੋੜਨ ਵਾਲਾ ਧਾਗਾ ਸੱਗੀ ਅਤੇ ਫੁੱਲਾਂ ਵਿਚਾਲੇ ਵਕਫ਼ਾ ਇਕਸਾਰ ਰੱਖਣ ਵਿਚ ਸਹਾਈ ਹੁੰਦਾ ਹੈ। ਗੁੰਦੀਆਂ ਹੋਈਆਂ ਮੀਢੀਆਂ ਸੱਗੀ ਅਤੇ ਫੁੱਲਾਂ (ਗਹਿਣਿਆਂ) ਨੂੰ ਕੇਸਾਂ ਨਾਲ ਘੁੱਟੀ ਰਖਦੀਆਂ ਹਨ। ਵਿਚਕਾਲੀ ਮੀਢੀ ਵਿਚ ਟਿੱਕੇ ਦੀ ਜੰਜੀਰੀ ਵੀ ਗੁੰਦ ਲਈ ਜਾਂਦੀ ਹੈ, ਜੋ ਸੱਗੀ ਦੇ ਥੱਲਿਉਂ ਲੰਘਦੀ ਹੋਈ ਟਿੱਕੇ ਨੂੰ ਮੱਥੇ ਵਿਚਕਾਰ ਸਥਿਰ ਰੱਖਦੀ ਹੈ। ਇਹ ਗੁੰਦਾਈ ਭਾਵੇਂ ਸਧਾਰਨਤਾ ਦਿੱਸ ਆਉਂਦੀ ਹੈ, ਇਸ ਦੇ ਬਾਵਜੂਦ ਇਸ ਨਮੂਨੇ ਦੀ ਗੁੰਦਾਈ ਕਿਸੇ ਦੂਜੀ ਇਸਤਰੀ ਦੀ ਸਹਾਇਤਾ ਦੁਆਰਾ ਹੀ ਸੰਭਵ ਹੈ।
ਰੇਲਾਂ ਸਿਰ ਗੁੰਦਾਈ ਦਾ ਰੂਪ ਮਧਕਾਲੀਨ ਸਮੇਂ ਦਾ ਹੋ ਸਕਦਾ ਹੈ। ਕਿਉਂਕਿ ਭਾਰਤ ਵਿਚ ਰੇਲਾਂ ਅੰਗਰੇਜ਼ਾਂ ਸਮੇਂ ਹੀ ਵਰਤੋਂ ਦਾ ਹਿੱਸਾ ਬਣੀਆਂ। ਰੇਲਾਂ ਸਿਰ ਗੁੰਦਾਈ ਦੋ ਤਰ੍ਹਾਂ ਦੀ ਹੈ। ਇਕ ਗੁੰਦਾਈ ਵਿਚ ਮੱਥੇ ਦੇ ਨੇੜਿਉਂ ਚੀਰ ਦੇ ਆਸੇ ਪਾਸੇ ਇਕ ਇਕ ਮੀਢੀ ਸ਼ੁਰੂ ਹੋ ਕੇ ਪੁੜਪੁੜੀਆਂ ਵੱਲ ਲੈ ਜਾਈ ਜਾਂਦੀ ਹੈ ਜਿਸਨੂੰ ਠੋਕਰ ਕਿਹਾ ਜਾਂਦਾ ਹੈ। ਉਸ ਉਪਰੰਤ ਬਾਕੀ ਕੇਸਾਂ ਦੀਆਂ ਮੀਢੀਆਂ ਜੋਟਿਆਂ ਦੇ ਰੂਪ ਵਿਚ ਇਸ ਪ੍ਰਕਾਰ ਗੁੰਦੀਆਂ ਜਾਂਦੀਆਂ ਹਨ ਕਿ ਮੀਢੀਆਂ ਰੇਲ ਦੀਆਂ ਲਾਈਨਾਂ ਵਾਂਗ ਨਜ਼ਰ ਆਉਣ ਅਤੇ ਜੋਟਾ-ਜੋਟਾ ਲਾਈਨਾਂ ਵਾਲਾ ਵਕਫ਼ਾ ਅਤੇ ਲਾਈਨਾਂ ਦੇ ਵਿਚਕਾਰਲਾ ਵਕਫ਼ਾ ਅਲੱਗ ਰੱਖਿਆ ਜਾਂਦਾ ਹੈ। ਭਾਵ : ਲਾਈਨ ਦਾ ਵਕਫ਼ਾ ਸੌੜਾ ਅਤੇ ਦੋਹਾਂ ਲਾਈਨਾਂ ਵਿਚਾਲੇ ਵਕਫ਼ਾ ਚੌੜਾ ਰਖਿਆ ਜਾਂਦਾ ਹੈ। ਇਸ ਗੱਲ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਠੋਕਰ ਦੇ ਰੂਪ ਵਿਚ ਮੱਥੇ ਦੇ ਨੇੜੇ ਗੁੰਦੀ ਗਈ ਮੀਢੀ ਕੰਨਾਂ ਵੱਲ ਰੇਲ ਦੀ ਲਾਈਨ ਵਾਲੀ ਮੀਢੀ ਵਿਚ ਰਲ ਜਾਣ ’ਤੇ ਲਾਈਨਾਂ ਦੇ ਜੋਟਿਆਂ ਵਿਚ ਫ਼ਰਕ ਨਾ ਪਵੇ। ਇੰਜ ਇਨ੍ਹਾਂ ਮੀਢੀਆਂ ਦੀ ਗਿਣਤੀ ਅੱਠ ਜਾਂ ਬਾਰਾਂ ਦੀ ਹੋ ਸਕਦੀ ਹੈ। ਇਸ ਸ਼ੈਲੀ ਦੇ ਦੂਜੇ ਰੂਪ ਵਿਚ ਵਿਚਕਾਰਲੇ ਚੀਰ ਤੋਂ ਤਾਲੂ ਨੇੜਿਉਂ ਇਕ ਵੱਡੀ ਚੌੜੀ ਮੀਢੀ ਗੁੰਦ ਲਈ ਜਾਂਦੀ ਹੈ ਅਤੇ ਉਸ ਦੇ ਆਸੇ ਪਾਸੇ ਦੋ-ਦੋ ਬਰੀਕ ਮੀਢੀਆਂ ਸੌੜੇ ਵਕਫ਼ੇ ਨਾਲ ਗੁੰਦ ਕੇ ਇਕ ਦੂਜੀ ਦੇ ਨਜ਼ਦੀਕ ਕੀਤੇ ਬਿਨਾਂ ਵਕਫ਼ਾ ਰੱਖ ਕੇ ਗੁੱਤ ਵਿਚ ਗੁੰਦ ਦਿੱਤੀਆਂ ਜਾਂਦੀਆਂ ਹਨ। ਵਿਚਕਾਰਲੀ ਚੌੜੀ ਮੀਢੀ ਸਿੱਧੀ ਅਤੇ ਆਸੇ ਪਾਸੇ ਰੇਲ ਦੀ ਪਟਰੀ ਜਿਹੀਆਂ ਮੀਢੀਆਂ ਵਲ ਖਾਂਦੀਆਂ ਗੁੱਤ ਦੇ ਮੁੱਢ ਤੱਕ ਪੁੱਜਦੀਆਂ ਹਨ।
ਪਿੱਠ ਪਿਛੇ ਲਟਕਦੇ ਕੇਸਾਂ ਵਿਚ ਗੁੱਤ ਪਰਾਂਦਾ, ਛੱਬਾ, ਬਘਿਆੜੀ ਨਾਲ ਲਟਕਦੀਆਂ ਮੋਤੀਆਂ ਆਦਿ ਦੀਆਂ ਲੜੀਆਂ, ਫੁੰਮਣ, ਫੰਦੇ ਲੋਗੜੀ ਦੇ ਫੁੱਲ, ਕੋਡੀਆਂ ਆਦਿ ਦੀਆਂ ਝਾਲਰਾਂ ਪੰਜਾਬੀ ਸਭਿਆਚਾਰ ਵਿਚ ਕੇਸ ਸ਼ਿੰਗਾਰ ਦੇ ਆਮ ਹਿੱਸੇ ਹਨ। ਗੁਰਮੀਤ ਕੌਰ ਭੱਠਲ ਦੀ ਦੱਸ ਅਨੁਸਾਰ, ਮਾਲਵੇ ਦੇ ਪਿੰਡਾਂ ਵਿਚ ‘ਆਸ਼ਕ ਲੁੱਡਾ’ ਗੁੰਦਣ ਦਾ ਰਿਵਾਜ ਵੀ ਰਿਹਾ ਹੈ। ਆਸ਼ਕ ਲੁੱਡਾ ਦੀ ਬਣਤਰ ਵਿਚ ਤੋਤੇ ਰੰਗੀ, ਸੰਤਰੀ, ਸਾਵੀ ਅਤੇ ਲਡੂ ਰੰਗੀ ਲੋਗੜੀ ਦੇ ਫੁੱਲ ਲੰਮੇ ਕਾਲੇ ਧਾਗਿਆਂ ਦੇ ਸਮੂਹ ਨਾਲ ਨੇੜੇ-ਨੇੜੇ ਟਾਂਕ ਲਏ ਜਾਂਦੇ ਹਨ ਅਤੇ ਕਾਲੇ ਧਾਗਿਆਂ ਦੀ ਵਾਲਾਂ ਜਿਹੀ ਡੋਰੀ ਕੇਸਾਂ ਅਤੇ ਪਰਾਂਦੇ ਦੇ ਨਾਲ ਹੀ ਗੁੰਦ ਲਈ ਜਾਂਦੀ ਹੈ। ਇੰਜ ਗੁੱਤ/ਪਰਾਂਦੇ ਸਮੇਤ ਪਿੱਠ ਪਿਛੇ ਲਟਕਦੇ ਕੇਸਾਂ ਵਿਚ ਲੋਗੜੀ ਦੇ ਰੰਗ ਬਰੰਗੇ ਫੁੱਲ ਸੁਹਪਣ ਵਿਚ ਢੇਰ ਵਾਧਾ ਕਰਦੇ ਹਨ।
ਕੇਸਾਂ ਦੀਆਂ ਦੋ ਗੁੱਤਾਂ ਕਰਨ ਉਪਰੰਤ ਉਨ੍ਹਾਂ ਨੂੰ ਮੋੜ ਕੇ ਇਸ ਕਦਰ ਗੰਢ ਦੇ ਕੇ ਗਿੱਚੀ ਉਪਰ ਅੰਗਰੇਜ਼ੀ ਦੇ (ਅੱਠ) ਹਿੰਦਸੇ ਜਾਂ ਕਾਂ ਦੀ ਸ਼ਕਲ ਬਣਾਉਣ ਦੇ ਨਮੂਨੇ ਆਧੁਨਿਕ ਹਨ। ਕੇਸਾਂ ਦੀ ਸਿਰ ਗੁੰਦਾਈ ਦੇ ਵਧੇਰੇ ਨਮੂਨਿਆਂ ਦੀ ਲੋੜ ਸ਼ਾਇਦ ਅਜਿਹੀਆਂ ਸਥਿਤੀਆਂ ਵਿਚੋਂ ਉਤਪੰਨ ਹੋਈ ਹੋਵੇ ਕਿ ਖੇਤੀਬਾੜੀ ਜਿਹੇ ਕਿੱਤੇ ਅਤੇ ਪੇਂਡੂ ਰਹਿਤਲ ਵਿਚ ਹਰ ਰੋਜ਼ ਕੇਸ ਵਾਹੁਣ ਅਤੇ ਸੰਵਾਰਨ ਲਈ ਸਮੇਂ ਅਤੇ ਵਿਹਲ ਦੀ ਥੁੜੋਂ ਹੋਵੇ। ਅਜੋਕੇ ਸਮੇਂ ਪਰੰਪਰਾਗਤ ਨਮੂਨਿਆਂ ਦੀ ਸਿਰ ਗੁੰਦਾਈ ਕੇਵਲ ਕਿਸੇ ਵਿਸ਼ੇਸ਼ ਅਵਸਰ ਸਮੇਂ ਹੀ ਦਿਸ ਆਉਂਦੀ ਹੈ। ਉਦਾਹਰਨ ਵਜੋਂ ਵਰਤਮਾਨ ਸਮੇਂ ਭਾਵੇਂ ਨੈਣਾਂ ਦੀ ਥਾਂ ਬਿਊਟੀ ਪਾਰਲਰਾਂ ਨੇ ਲੈ ਲਈ ਹੈ ਅਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਪਰੰਪਰਾਗਤ ਕੇਸ-ਸ਼ਿੰਗਾਰ ਦੀਆਂ ਵਿਭਿੰਨ ਸ਼ੈਲੀਆਂ ਬਾਰੇ ਜਾਣਕਾਰੀ ਵੀ ਉਪਲਬਧ ਨਹੀਂ ਹੈ। ਇਸਦੇ ਬਾਵਜੂਦ ਵਿਆਹ ਸਮੇਂ ਕੁੜੀ ਨੂੰ ਮਾਈਏਂ ਪਾਉਣ (ਵਟਣਾ ਮਲਣ) ਸਮੇਂ ਸਹੇਲੀਆਂ ਦਾ ਹੱਥ ਲੁਆ ਕੇ ਮੀਢੀਆਂ ਗੁੰਦਣ ਅਤੇ ਖਾਰੇ ਲਾਹੁਣ ਸਮੇਂ ਮੀਢੀਆਂ ਖੋਲ੍ਹਣ ਦੀ ਰਵਾਇਤ ਕਾਇਮ ਹੈ।
ਸਿਰ ਗੁੰਦਾਈ ਬਾਰੇ ਜਿਥੇ ਕਈ ਪ੍ਰਕਾਰ ਦੀਆਂ ਸ਼ੈਲੀਆਂ ਦੀ ਸੰਖੇਪ ਚਰਚਾ ਕੀਤੀ ਗਈ ਹੈ ਉੱਥੇ ਜ਼ਰੂਰੀ ਨਹੀਂ ਕਿ ਪਿੱਛੇ ਨੂੰ ਵਾਹੇ ਕੇਸ, ਮੀਢੀਆਂ, ਗੁੱਤਾਂ, ਪਰਾਂਦਿਆਂ, ਜਾਂ ਆਸ਼ਕ ਲੁੱਡਾ ਦੀਆਂ ਲੋਗੜੀਆਂ ਨਾਲ ਹੀ ਹੁੰਦੇ ਜਾਣ, ਕਈ ਮੁਟਿਆਰਾਂ/ਸੁਆਣੀਆਂ ਬਿਨਾਂ ਉਪਰੋਕਤ ਸਾਧਨਾਂ ਦੇ ਵੀ ਗੁੱਤ ਗੁੰਦਦੀਆਂ ਹਨ ਜਿਨ੍ਹਾਂ ਵਿਚ ਇਕ ਖਜੂਰੀ ਗੁੱਤ ਸ਼ੈਲੀ ਨਾਲ ਜਾਣੀ ਜਾਂਦੀ ਹੈ।
ਇਸ ਨਮੂਨੇ ਦੀ ਗੁੰਦਾਈ ਵਿਚ ਪਰਾਂਦਾ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਰੇ ਕੇਸ ਪਿਛੇ ਨੂੰ ਵਾਹ ਕੇ ਮੱਥੇ ਵਿਚਕਾਰ ਚੀਰ ਕੱਢਣ ਉਪਰੰਤ, ਤਾਲੂ ਦੇ ਮੱਧ ਵਿਚੋਂ ਦੋ ਲੜੀਆਂ ਵਿਚ ਕੇਸ ਗੁੰਦਣੇ ਸ਼ੁਰੂ ਕੀਤੇ ਜਾਂਦੇ ਹਨ। ਦੋ ਲੜੀਆਂ ਵਿਚ ਕੇਸ ਜਿਥੇ ਕਰਾਸ ਬਣਾਉਂਦੇ ਹਨ ਉਸ ਜੋੜ ਵਿਚ ਆਸੇ ਪਾਸੇ ਦੇ ਥਾਂ ਪੁਰ ਥਾਂ ਤੋਂ ਥੋੜੇ-ਥੋੜੇ ਕੇਸ ਲੈ ਕੇ ਆਰ ਪਾਰ ਲੰਘਾ ਕੇ ਘੁੱਟ ਲਏ ਜਾਂਦੇ ਹਨ। ਇੰਜ ਇਹ ਗੁੱਤ ਤਾਲੂ ਦੇ ਮੱਧ ਵਿਚੋਂ ਸ਼ੁਰੂ ਹੋ ਕੇ ਕੇਸਾਂ ਦੇ ਆਖਰੀ ਸਿਰੇ ਤੱਕ ਪੁੱਜਦੀ ਹੈ ਅਤੇ ਇਸਦੀ ਬਣਤਰ ਖਜੂਰ ਦੇ ਤਣੇ ' ਉੱਤੇ ਉੱਭਰੀਆਂ ਚੜਾਂ ਵਾਂਗ ਦਿੱਸਦੀ ਨਜ਼ਰ ਆਉਂਦੀ ਹੈ।
ਘਣੇ ਅਤੇ ਲੰਮੇ ਕੇਸਾਂ ਵਾਲੀਆਂ ਇਸਤਰੀਆਂ ਕੇਸਾਂ ਨੂੰ ਗਿੱਚੀ ਪਿੱਛੇ ਜੂੜੇ ਵਿਚ ਵੀ ਸਮੇਟ ਲੈਂਦੀਆਂ ਹਨ। ਜੂੜੇ ਵਾਂਗ ਸਮੇਟਣ ਦੇ ਨਮੂਨੇ ਪ੍ਰਾਚੀਨ ਕੰਧ-ਚਿੱਤਰਾਂ ਅਤੇ ਸਿੰਧ ਘਾਟੀ ਦੀ ਖੁਦਾਈ ਵਿਚੋਂ ਪ੍ਰਾਪਤ ਮੂਰਤੀਆਂ ਵਿਚੋਂ ਆਮ ਮਿਲਦੇ ਹਨ।
ਸਿਰ ਗੁੰਦਾਈ ਦੀ ਇਕ ਕਿਸਮ ਜੂੜਾ ਸ਼ੈਲੀ ਜਿਹੀ ਵੀ ਹੈ ਜਿਸਨੂੰ ਛੱਤਾ/ਛੱਬਾ ਸ਼ੈਲੀ ਕਿਹਾ ਜਾਂਦਾ ਹੈ। ਇਸ ਸ਼ੈਲੀ ਵਿਚ ਸਿਰ ਦੇ ਪਿਛਲੇ ਅੱਧ ਵਿਚ ਬਹੁਤ ਸਾਰੀਆਂ ਬਰੀਕ ਮੀਢੀਆਂ ਗੁੰਦ ਲਈਆਂ ਜਾਂਦੀਆਂ ਹਨ ਅਤੇ ਗਿੱਚੀ ਤੋਂ ਪਿੱਛੇ ਲਮਕਦੇ ਕੇਸ ਜੂੜੇ ਦੀ ਸ਼ਕਲ ਵਿਚ ਇਕੱਠੇ ਸਮੇਟ ਕੇ ਮੀਢੀਆਂ ਨਾਲ ਕੱਜਣ ਉਪਰੰਤ ਮੀਢੀਆਂ ਜੂੜੇ ਦੇ ਮੁੱਢ ਨੇੜੇ ਫਿਰ ਕੁੰਜ ਲਈਆਂ ਜਾਂਦੀਆਂ ਹਨ। ਇਕੱਤਰ ਕੇਸਾਂ ਉਤੋਂ ਮੀਢੀਆਂ ਦੀਆਂ ਸੰਘਣੀਆਂ ਲੜੀਆਂ ਵਿਚ ਪਲਮਦਾ ਕੇਸਾਂ ਦਾ ਸਮੂਹ (ਜੂੜਾ) ਮਖਿਆਲ ਦੇ ਛੱਤੇ ਜਿਹਾ ਦਿਸਦਾ ਹੈ।
ਮਾਲਵੇ ਦੇ ਕੁਝ ਪਿੰਡਾਂ ਵਿਚ ਕਾਟੋ ਸ਼ੈਲੀ ਦੀ ਸਿਰ (ਕੇਸ) ਗੁੰਦਾਈ ਦੇ ਨਮੂਨੇ ਵੀ ਪ੍ਰਚਲਿਤ ਹਨ। ਇਸ ਸ਼ੈਲੀ ਵਿਚ ਕੇਸ ਪਿਛੇ ਨੂੰ ਵਾਹੁਣ ਉਪਰੰਤ ਮੱਥੇ ਵਿਚਕਾਰਲਾ ਚੀਰ ਤਾਲੂ ਤੱਕ ਲੈ ਜਾ ਕੇ ਓਥੋਂ ਇਕ ਚੌੜੀ ਮੀਢੀ ਗੁੰਦ ਲਈ ਜਾਂਦੀ ਹੈ ਜਿਸ ਨੇ ਪਿਛੇ ਗਿੱਚੀ ਨੇੜੇ ਗੁੱਤ ਵਿਚ ਜਾ ਰਲਣਾ ਹੁੰਦਾ ਹੈ। ਚੌੜੀ ਮੀਢੀ ਵਿਚੋਂ ਕੁਝ ਕੇਸ ਲੈ ਕੇ ਆਡੇ ਦਾਅ ਨਿੱਕੀਆਂ-ਨਿੱਕੀਆਂ ਚੂੰਢੀਆਂ ਛੁੱਟੀਆਂ ਜਾਂਦੀਆਂ ਹਨ ਤਾਂ ਜੋ ਵੇਖਣ ਤੇ ਕਾਟੋ (ਗਲਹਿਰੀ) ਦੀ ਪਿੱਠ ਤੇ ਪਈਆਂ ਧਾਰੀਆਂ ਦੀ ਦਿੱਖ ਨਜ਼ਰ ਆਵੇ। ਇੰਜ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਕੇਸ-ਸ਼ਿੰਗਾਰ ਦੀਆਂ ਕਈ ਪ੍ਰਕਾਰ ਦੀਆਂ ਸ਼ੈਲੀਆਂ ਪ੍ਰਚਲਿਤ ਹਨ।
ਹਵਾਲੇ
[ਸੋਧੋ]- ↑ ਕਜ਼ਾਕ, ਪ੍ਰੋ ਕਿਰਪਾਲ. ਪੰਜਾਬੀ ਸਭਿਆਚਾਰ ਤੇ ਲੋਕ ਪਹਿਰਾਵਾ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ.