ਕੈਂਟਰਬਰੀ ਕਹਾਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
1483 ਵਿੱਚ ਛਪੇ 'ਦ ਕੈਂਟਰਬਰੀ ਟੇਲਸ' ਦੇ ਦੂਜੇ ਅਡੀਸ਼ਨ ਤੋਂ ਵਿਲੀਅਮ ਕੈਕਸਟਨ ਦਾ ਬਣਾਇਆ ਇੱਕ ਵੁੱਡਕੱਟ

ਕੈਂਟਰਬਰੀ ਕਹਾਣੀਆਂ (ਅੰਗਰੇਜੀ: The Canterbury Tales, ਦ ਕੈਂਟਰਬਰੀ ਟੇਲਸ) ਇੰਗਲੈਂਡ ਦੇ ਪ੍ਰਸਿੱਧ ਕਵੀ ਚੌਸਰ ਦੀ 14ਵੀਂ ਸਦੀ ਦੇ ਅਖੀਰ ਵਿੱਚ ਮਧਕਾਲੀ ਅੰਗਰੇਜ਼ੀ ਵਿੱਚ ਲਿਖੀ ਅੰਤਮ ਅਤੇ ਸਰਵੋਤਮ ਰਚਨਾ ਹੈ। ਇਹ ਕਹਾਣੀਆਂ (ਦੋ ਗਦ ਵਿੱਚ, ਬਾਕੀ ਬਾਈ ਪਦ ਵਿੱਚ) ਦਾ ਸੰਗ੍ਰਿਹ ਹੈ। ਇਸ ਨਾਲ ਅੰਗਰੇਜ਼ੀ ਸਾਹਿਤ ਵਿੱਚ ਆਧੁਨਿਕ ਅਰਥਾਂ ਵਿੱਚ ਜੀਵਨ ਦੇ ਯਥਾਰਥ ਚਿਤਰਣ ਦੀ ਪਰੰਪਰਾ ਦਾ ਅਰੰਭ ਹੁੰਦਾ ਹੈ। ਬਾਤਾਂ ਪਾਉਣ ਦੀ ਲੋਕ ਪਰੰਪਰਾ ਨਾਲ ਜੁੜੀ ਬਿਰਤਾਂਤ ਜੁਗਤ ਕਰ ਕੇ ਲੋਕ ਕਹਾਣੀਆਂ ਨਾਲ ਇਸ ਦੀ ਗੂੜ੍ਹੀ ਸਾਂਝ ਹੈ। ਵੱਖ ਵੱਖ ਤਰ੍ਹਾਂ ਦੀਆਂ ਕਹਾਣੀਆਂ ਨੂੰ ਇੱਕ ਲੜੀ ਵਿੱਚ ਪਰੋਣ ਦੀ ਯੋਜਨਾ ਚੌਸਰ ਨੇ ਵੱਡੀ ਚਤੁਰਾਈ ਨਾਲ ਬਣਾਈ ਹੈ। ਕੈਂਟਰਬਰੀ ਟੇਲਜ਼ ਨੂੰ ਅੰਗਰੇਜ਼ੀ ਸਾਹਿਤ ਹੀ ਨਹੀ, ਯੂਰਪੀ ਸਾਹਿਤ ਦੀਆਂ ਚੋਟੀ ਦੀਆਂ ਰਚਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੈਂਟਰਬਰੀ ਵਿੱਚ ਥਾਮਸ ਬੈਕਟ ਦੇ ਮਕਬਰੇ ਦੀ ਸਰਧਾ ਯਾਤਰਾ ਲਈ ਜਾ ਰਹੇ ਲਗਪਗ ਤੀਹ ਯਾਤਰੀਆਂ, ਜੋ ਤਤਕਾਲੀਨ ਬਰਤਾਨਵੀ ਸਮਾਜ ਦੇ ਵੱਖ ਵੱਖ ਸਤਰਾਂ ਅਤੇ ਪੇਸ਼ਿਆਂ ਦੀ ਤਰਜਮਾਨੀ ਕਰਦੇ ਹਨ, ਲੰਦਨ ਦੇ ਸਾਊਥਵਾਰਕ ਇਲਾਕੇ ਦੀ ਟਾਬਰਡ ਸਰਾਂ ਵਿੱਚ ਠਹਿਰਾ ਸਮੇਂ ਬਾਤਾਂ ਕਹਿਣ ਦੀ ਪ੍ਰਤਿਯੋਗਿਤਾ ਰਚ ਲੈਂਦੇ ਹਨ। ਇਹ ਮਿਥ ਲਿਆ ਕਿ ਜਿਸ ਪਾਂਧੀ ਦੀਆਂ ਕਹਾਣੀਆਂ ਸਰਬੋਤਮ ਹੋਣਗੀਆਂ ਉਸਨੂੰ ਪਰਤਦੇ ਸਮੇਂ ਸਭਨਾਂ ਵਲੋਂ ਮਿਲਕੇ ਉਸੇ ਸਰਾਂ ਵਿੱਚ ਇਨਾਮ ਵਜੋਂ ਚੰਗੀ ਸੁਹਣੀ ਦਾਅਵਤ ਦਿੱਤੀ ਜਾਵੇਗੀ।