ਸਮੱਗਰੀ 'ਤੇ ਜਾਓ

ਕੰਵਰ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੰਵਰ ਚੌਹਾਨ (22 ਜੂਨ 1932 - 27 ਅਗਸਤ 1995) ਪੰਜਾਬੀ ਗ਼ਜ਼ਲ ਨੂੰ ਪੰਜਾਬੀ-ਕਾਵਿ ਦੀ ਮੁੱਖ ਧਾਰਾ ਦੀ ਸ਼ਕਤੀਸ਼ਾਲੀ ਵਿਧਾ ਵਜੋਂ ਸਥਾਪਿਤ ਕਰਨ ਵਾਲ਼ੇ ਗ਼ਜ਼ਲਕਾਰਾਂ ਵਿੱਚੋਂ ਇੱਕ ਸੀ।[1] ਉਹ ਸਰਕਾਰੀ ਹਸਪਤਾਲ, ਨਾਭਾ ਵਿਖੇ ਹੈਲਥ-ਵਿਜ਼ਿਟਰ ਰਹੇ। ਨੌਕਰੀ ਦੇ ਸਿਲਸਿਲੇ ਵਿੱਚ 5-6 ਸਾਲ ਸੰਗਰੂਰ ਰਹੇ ਪਰ ਉਮਰ ਦਾ ਬਾਕੀ ਸਾਰਾ ਹਿੱਸਾ ਨਾਭੇ ਹੀ ਗੁਜ਼ਾਰਿਆ।

ਕੰਵਰ ਚੌਹਾਨ ਦੀ ਕੋਈ ਵੀ ਕਿਤਾਬ ਉਨ੍ਹਾਂ ਦੇ ਜੀਵਨ ਕਾਲ ਵਿੱਚ ਨਹੀਂ ਛਪ ਸਕੀ। ਮੌਤ ਉਪਰੰਤ 1999 ਵਿਚ ਉਨ੍ਹਾਂ ਦਾ ਗ਼ਜ਼ਲ-ਸੰਗ੍ਰਹਿ ਜੰਗਲ ਵਿਚ ਸ਼ਾਮ ਛਪਿਆ। ਉਸ ਦੀ ਦੇਣ ਨੂੰ ਦੇਖਦਿਆਂ ਸਨੇਹੀਆਂ ਵਲੋਂ ਕੰਵਰ ਚੌਹਾਨ ਯਾਦਗਾਰੀ ਗ਼ਜ਼ਲ ਪੁਰਸਕਾਰ ਸਥਾਪਤ ਕੀਤਾ ਗਿਆ ਹੈ। ਗ਼ਜ਼ਲਕਾਰ ਬਰਜਿੰਦਰ ਚੌਹਾਨ ਅਤੇ ਜੈਨਿੰਦਰ ਚੌਹਾਨ ਉਨ੍ਹਾਂ ਦੇ ਪੁੱਤਰ ਹਨ।

ਨਮੂਨਾ ਗ਼ਜ਼ਲ[ਸੋਧੋ]

ਇਸ਼ਕ ਦੀ ਰਾਹ ਵਿਚ ਬਣ ਜਾਂਦਾ ਹੈ, ਅਪਣਾ ਅਤੇ ਪਰਾਇਆ ਪੱਥਰ।
ਮੈਂ ਉਸ ਸ਼ਖ਼ਸ ਨੂੰ ਢੂੰਡ ਰਿਹਾ ਹਾਂ, ਜਿਹੜਾ ਚੁੱਕੇ ਪਹਿਲਾ ਪੱਥਰ।
ਮਾਯੂਸੀ ਦੀ ਭੀੜ ਚ ਘਿਰ ਕੇ, ਹਰ ਕੋਈ ਤਨਹਾ ਰਹਿ ਜਾਂਦਾ ਹੈ
ਤਪਦੇ ਮਾਰੂਥਲ ਦੇ ਅੰਦਰ, ਬਣ ਜਾਂਦਾ ਹੈ ਸਾਇਆ ਪੱਥਰ।
ਬੀਤ ਗਏ ਤੇ ਹੁਣ ਦੇ ਯੁਗ ਵਿਚ, ਕੋਈ ਐਨਾ ਫ਼ਰਕ ਨਹੀਂ ਹੈ
ਦੇਵਤਿਆਂ ਦੇ ਦੋਸ਼ ਤੇ ਬਣਦੀ ਹੈ ਨਿਰਦੋਸ਼ ਅਹੱਲਿਆ ਪੱਥਰ।
ਮੈਨੂੰ ਦੂਰੋਂ ਪਰਖਣ ਵਾਲੇ, ਇਸ ਲਈ ਧੋਖਾ ਖਾ ਜਾਂਦੇ ਨੇ
ਕਿਉਂ ਜੇ ਮੇਰੇ ਹਿੱਸੇ ਆਇਐ ਦਿਲ ਸ਼ੀਸ਼ੇ ਦਾ, ਚਿਹਰਾ ਪੱਥਰ।
ਇਸ ਦੀ ਕਿਸਮਤ ਵਿਚ ਹੈ ਲਿਖਿਆ ਤੇਰੇ ਪੈਰਾਂ ਦਾ ਆਲਿੰਗਣ
ਮੀਲ ਦੇ ਪੱਥਰ ਨਾਲੋਂ ਚੰਗੈ, ਫੁੱਟਪਾਥਾਂ ਵਿਚ ਜੜਿਆ ਪੱਥਰ।
ਓਸੇ ਰਾਹ ਤੋਂ ਕੁਝ ਚਿਰ ਪਹਿਲਾਂ, ਤੇਰਾ ਦੀਵਾਨਾ ਸੀ ਲੰਘਿਆ
ਹੁਣ ਜਿਸ ਰਾਹ ਵਿਚ ਲਿਸ਼ਕ ਰਿਹਾ ਹੈ,ਸੱਜਰੇ ਖ਼ੂਨ ਚ ਭਿੱਜਿਆ ਪੱਥਰ।

ਹਵਾਲੇ[ਸੋਧੋ]

  1. "ਗ਼ਜ਼ਲ - ਪੰਜਾਬੀ ਪੀਡੀਆ". punjabipedia.org. Retrieved 2021-04-21.