ਕੱਲਰ ਦੀਵਾ ਮੱਚਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੱਲਰ ਦੀਵਾ ਮੱਚਦਾ  
ਲੇਖਕਸੁਖਦੇਵ ਮਾਦਪੁਰੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਲੋਕ ਧਾਰਾ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ,ਚੰਡੀਗੜ੍ਹ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ144

ਕੱਲਰ ਦੀਵਾ ਮੱਚਦਾ ਸੁਖਦੇਵ ਸਿੰਘ ਮਾਦਪੁਰੀ ਦੁਆਰਾ ਲਿਖੀ ਗਈ ਕਿਤਾਬ 2010 ਵਿੱਚ ਛਪੀ।ਜਿਸ ਵਿੱਚ ਉਹਨਾਂ ਨੇ ਪੰਜਾਬੀ ਲੋਕ ਮੰਚ ਤੋਂ ਅਲੋਪ ਹੋ ਰਹੇ ਲੋਕ-ਕਾਵਿ ਰੂਪਾਂ “ਦੋਹੇ” ਅਤੇ “ਮਾਹੀਆ” ਦੇ ਕਈ ਮੋਤੀਆਂ ਨੂੰ ਪੁਸਤਕੀ ਰੂਪ ਵਿੱਚ ਸਮੇਟਣ ਦਾ ਯਤਨ ਕੀਤਾ ਹੈ।[1]

ਕਿਤਾਬ ਬਾਰੇ[ਸੋਧੋ]

ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।ਇੱਕ ਭਾਗ ਵਿੱਚ “ਲੋਕ-ਦੋਹੇ” ਹਨ ਅਤੇ ਦੂਜੇ ਭਾਗ ਵਿੱਚ ''ਮਾਹੀਆ'' ਗੀਤ-ਰੂਪ ਸ਼ਾਮਲ ਕੀਤਾ ਗਿਆ ਹੈ।ਅਗੋਂ ਇਹਨਾਂ ਦੀ ਵਿਸ਼ੇ ਅਨੁਸਾਰ ਵਰਗ ਵੰਡ ਕੀਤੀ ਗਈ ਹੈ ਲੋਕ।ਦੋਹੇ (ਭਾਗ ਪਹਿਲੇ) ਦੇ ਅੱਗੋਂ ਸੱਤ ਅਧਿਆਏ ਹਨ ਜੋ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੇ ਹਨ।ਭਾਗ ਦੂਜਾ (ਮਾਹੀਆ) ਵਿੱਚ ਅੱਗੋਂ ਪੰਜ ਅਧਿਆਏ ਵੱਖੋ-ਵੱਖਰੇ ਵਿਸ਼ਿਆਂ ਅਨੁਸਾਰ ਵੰਡੇ ਹਨ।ਇਹਨਾਂ ਦੋਹਾਂ ਕਾਵਿ-ਰੂਪਾਂ ਵਿੱਚ ਉਰਦੂ,ਅਰਬੀ ਅਤੇ ਫ਼ਾਰਸੀ ਦੇ ਸ਼ਬਦਾਂ ਦੀ ਕਾਫੀ ਮਾਤਰਾ ਵਿੱਚ ਵਰਤੋਂ ਹੋਈ ਹੈ।ਅੰਤਿਕਾ ਵਿੱਚ ਲੇਖਕ ਨਾਲ ਗੱਲਬਾਤ ਕੀਤੀ ਗਈ ਹੈ ਜਿਹਨਾਂ ਨੇ ਲੋਕ ਗੀਤਾਂ ਨੂੰ ਜੀਵਿਆ ਹੈ,ਹੰਡਾਇਆ ਹੈ ਅਤੇ ਮਾਣਿਆ ਹੈ। ਪਾਠਕਾਂ ਦੀ ਸੋਖ ਲਈ ਉਰਦੂ, ਫ਼ਾਰਸੀ ਅਤੇ ਅਰਬੀ ਵਿੱਚ ਵਰਤੇ ਗਏ ਸ਼ਬਦਾਂ ਦੀ ਸ਼ਬਦਾਵਲੀ ਅਰਥਾਂ ਸਮੇਤ ਪੁਸਤਕ ਦੀ ਅੰਤਿਕਾ ਵਿੱਚ ਹੀ ਦਿੱਤੀ ਗਈ ਹੈ ਤਾਂਕਿ ਪਾਠਕ ਵਰਗ ਇਹਨਾਂ ਗੀਤਾਂ ਦੇ ਅਰਥ ਸੰਚਾਰ ਨੂੰ ਚੰਗੀ ਤਰਾਂ ਸਮਝ ਕੇ ਇਹਨਾਂ ਦੇ ਸੁਹਜ-ਸੁਆਦ ਨੂੰ ਚੱਖ ਸਕਣ।ਦੋਹੇ ਨੂੰ ਪਰਿਭਾਸ਼ਿਤ ਕਰਦੇ ਹੋਏ ਮਾਦਪੁਰੀ ਲਿਖਦੇ ਹਨ –

 • “ਦੋਹਾ ਅਥਵਾ ਦੋਹਰਾ ਇੱਕ ਮਾਤ੍ਰਿਕ ਛੰਦ ਹੈਜਿਸ ਦੇ ਦੋ ਚਰਣ(ਤੁਕਾਂ) ਤੇ 24 ਮਾਤਰਾ ਹੁੰਦੀਆ ਹਨ,ਪਹਿਲਾ ਵਿਸ਼ਰਾਮ 13 ਉੱਤੇ ਅਤੇ ਦੂਜਾ ਵਿਸ਼ਰਾਮ 11 ਉੱਤੇ ਹੁੰਦਾ ਹੈ| ਤੁਕ ਦੇ ਅਖੀਰ ਉੱਤੇ ਗੁਰੂ-ਲਘੂ ਇਕੱਠਾ ਹੀ ਆਉਂਦਾ ਹੈ।”
 • ਪੁਸਤਕ ਦੇ ਭਾਗ ਪਹਿਲੇ ‘ਲੋਕ ਦੋਹੇ’ ਵਿੱਚ ਪਹਿਲਾ ਅਧਿਆਏ ‘ਲੋਕ ਗਿਆਨ ਦੀ ਕਸਤੂਰੀ’ ਨਾਂ ਦੇ ਸਿਰਲੇਖ ਹੇਠ ਦਰਜ ਹੈ।ਜਿਸ ਵਿੱਚ ਲੇਖਕ ਦੁਆਰਾ ਲੋਕ ਦੋਹੇ ਦੀ ਹਰਮਨ ਪਿਆਰਤਾ ਬਾਰੇ ਦਸਿਆ ਗਿਆ ਹੈ।ਲੇਖਕ ਅਨੁਸਾਰ ਦੋਹਾ ਲੰਬੀ ਹੇਕ ਅਤੇ ਠਰ੍ਹਮੇ ਨਾਲ ਗਾਉਣ ਵਾਲਾ ਕਾਵਿ ਰੂਪ ਹੈ।ਜਿਸ ਨੂੰ ਗਾਉਣ ਅਤੇ ਸੁਣਨ ਦਾ ਆਪਣਾ ਹੀ ਇੱਕ ਵੱਖਰਾ ਸੁਆਦ ਹੈ।ਲੇਖਕ ਇਸ ਅਧਿਆਏ ਵਿੱਚ ਦਸਦਾ ਹੈ ਕਿ ਆਮ ਤੌਰ 'ਤੇ ਟਿਕੀ ਹੋਈ ਰਾਤ ਵਿੱਚ ਦੋਹੇ ਲਾਏ ਜਾਂਦੇ ਸ।ਇਸ ਅਧਿਆਏ ਵਿੱਚ ਇਸ਼ਕ,ਦੋਸਤੀ,ਵਿਯੋਗ,ਮਨੁੱਖ ਦੀ ਹਉਮੈ ਨੂੰ ਮਾਰਨ ਸਬੰਧੀ,ਫ਼ਕੀਰੀ ਵਾਲੇ ਜੀਵਨ,ਕੁਦਰਤ ਨੂੰ ਮਾਨਣ ਸਬੰਧੀ ਆਦਿ ਦੋਹਿਆਂ ਰਾਹੀਂ ਜੀਵਨ ਦੀਆਂ ਅਟੱਲ ਸਚਾਈਆਂ ਤੋਂ ਜਾਣੂ ਕਰਵਾਉਣ ਦਾ ਯਤਨ ਕੀਤਾ ਹੈ।
 • ਅਧਿਆਏ ਦੂਜਾ ਜੋ ਕਿ ‘ਦੋਹਾ ਗੀਤ ਗਿਆਨ ਦਾ’ ਹੈ,ਜਿਸ ਨੂੰ ਸਮਝਣ ਅਤੇ ਮਾਨਣ ਲਈ ਡੂੰਘੀ ਸੋਚ ਅਤੇ ਚੇਤਨ ਦਿਮਾਗ ਦੀ ਲੋੜ ਹੈ।ਇਸ ਅਧਿਆਏ ਵਿੱਚ ਦੋਹੇ ਦੀ ਸਿਰਜਨਾ ਕਿੱਥੋਂ ਹੋਈ ਅਤੇ ਕਿਸ ਦੁਆਰਾ ਕੀਤੀ ਗਈ, ਇਸ ਦੀ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ।ਇਸ ਵਿੱਚ ਦੋਹੇ ਦੀ ਸਿਰਜਨਾ ਸਬੰਧੀ ਪ੍ਰਸ਼ਨ ਦਾ ਉੱਤਰ ਦੋਹਾ ਆਪ ਹੀ ਮੋੜਦਾ ਹੈ।
 • ਅਧਿਆਏ ਤੀਜਾ ‘ਮਹੁਬਤਾਂ ਦੀ ਮਹਿਕ’ ਵਿੱਚ ਇਸ਼ਕ,ਦੋਸਤੀ ਅਤੇ ਇਸ਼ਕ ਵਿੱਚ ਵਿਯੋਗ ਦੀ ਪੀੜਾ ਨਾਲ ਭਰੇ ਵੈਰਾਗਮਈ ਦੋਹੇ ਮਿਲਦੇ ਹਨ,ਜਿਸ ਵਿੱਚ ਦੋਸਤ-ਮਿੱਤਰ ਦੀ ਸਹੀ ਪਛਾਣ ਅਤੇ ਕਦਰ ਦੇ ਮੁੱਲ ਦੀ ਗਲ ਕੀਤੀ ਗਈ ਹੈ।ਮਾਹੀ ਦੇ ਮਿਲਾਪ ਲਈ ਤੜਪ ਦੀ ਗੱਲ ਕੀਤੀ ਗਈ ਹੈ।ਪ੍ਰਦੇਸੀ ਨਾਲ ਪਿਆਰ ਨਾ ਪਾਉਣ ਦੀ ਗਲ ਕੀਤੀ ਗਈ ਹੈ।ਜੋਗੀ ਦਾ ਭੇਸ ਧਾਰ ਕੇ ਮਿਲਣ ਆਏ ਆਪਣੇ ਦਿਲ ਦੇ ਮਹਿਰਮ ਨੂੰ ਯਾਦ ਕੀਤਾ ਗਿਆ ਹੈ।
 • ਅਧਿਆਏ ਚੌਥਾ ‘ਸੁਣ ਮਿੱਟੀ ਦਿਆ ਦਿਵਿਆ’ਵਿੱਚ ਆਧੁਨਿਕ ਮਨੁੱਖ ਨੂੰ ਮਿੱਟੀ ਦੇ ਦੀਵੇ ਦਾ ਪ੍ਰਤੀਕ ਵਰਤ ਕੇ ਉਸ ਨੂੰ ਆਪਣੀ ਹੋਣੀ ਦਾ ਅਹਿਸਾਸ ਕਰਾਇਆ ਹੈ।ਮਨੁੱਖ ਨੂੰ ਜੀਵਨ ਦੀਆਂ ਅੱਟਲ ਸਚਾਈਆਂ ਤੋਂ ਜਾਣੂ ਕਰਵਾਇਆ ਹੈ।ਮਨੁੱਖ ਨੂੰ ਆਪਣੀ ਹਉਮੈ ਨੂੰ ਮਾਰ ਕੇ ਕੁਦਰਤ ਨੂੰ ਮਾਨਣ ਲਈ ਆਖਿਆ ਗਿਆ ਹੈ।
 • ਅਧਿਆਏ ਪੰਜਵਾਂ ‘ਫੁੱਲਾ ਤੇਰੀ ਵੇਲ ਵਧੇ’ ਵਿੱਚ ਮਨੁੱਖ ਦੇ ਅਮੋੜ ਸੁਭਾਅ ਅਤੇ ਭੈੜੀਆਂ ਆਦਤਾਂ ਨੂੰ ਸੰਕੇਤਕ ਰੂਪ ਵਿੱਚ ਦੋਹਿਆਂ ਦੁਆਰਾ ਬਿਆਨ ਕੀਤਾ ਗਿਆ ਹੈ।
 • ਅਧਿਆਏ ਛੇਵਾਂ ‘ਮਾਲਾ ਤੇਰੀ ਕਾਠ ਦੀ’ ਵਿੱਚ ਮੌਤ ਨਾਲ ਸਬੰਧਿਤ ਦੋਹੇ ਮਿਲਦੇ ਹਨ।ਜੀਵਨ ਕੁੱਝ ਹੀ ਦੇਰ ਦਾ ਹੈ,ਅੰਤ ਹਰ ਕਿਸੇ ਨੇ ਮੌਤ ਦੇ ਵੱਸ ਪੈ ਜਾਣਾ ਹੈ।ਮੌਤ ਦੇ ਨਜਦੀਕ ਆਉਣ ਦੀ ਗੱਲ ਕੀਤੀ ਗਈ ਹੈ ਅਤੇ ਜੀਵਨ ਇੱਕ ਦਿਨ ਪਿੱਛੇ ਰਹਿ ਜਾਣਾ ਹੈ।ਇੱਕ ਦਿਨ ਸਭ ਨੇ ਮੁਕ ਜਾਣਾ ਹੈ ਅਤੇ ਫੇਰ ਮੁੜ ਕੇ ਨਹੀਂ ਜੰਮਣਾ।ਇਸ ਤਰਾਂ ਇਸ ਅਧਿਆਏ ਵਿੱਚ ਮੌਤ ਨਾਲ ਸਬੰਧਿਤ ਦੋਹੇ ਮਿਲਦੇ ਹਨ।
 • ਅਧਿਆਏ ਸਤਵਾਂ ‘ਮਾਣਕ ਮੋਤੀ’ ਵਿੱਚ ਦਸਿਆ ਗਿਆ ਹੈ ਕਿ ਬਹੁਤ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਮਨੁੱਖ ਮਾਨਸਿਕ ਭਟਕਣਾ ਦਾ ਸ਼ਿਕਾਰ ਹੋ ਰਿਹਾ ਹੈ।ਕਿਸੇ ਨੂੰ ਸਬਰ ਸੰਤੋਖ ਨਹੀਂ ਹੈ।ਮਨੁੱਖ ਨੂੰ ਪੈਸਾ,ਧੰਨ ਅਤੇ ਦੌਲਤ ਦੀ ਹੋੜ ਲੱਗੀ ਹੋਈ ਹੈ।ਪੰਜਾਬ ਦਾ ਸਾਧਾਰਣ ਦੋਹਾਕਾਰ ਮਨੁੱਖ ਨੂੰ ਪੰਛੀਆਂ ਅਤੇ ਦਰਵੇਸ਼ਾਂ ਵਰਗਾ ਜੀਵਨ ਜੀਣ ਦਾ ਸੁਝਾਅ ਦਿੰਦਾ ਹੈ।ਇਸ ਅਧਿਆਏ ਵਿੱਚ ਥਾਂ-ਥਾਂ ਉੱਸਰੇ ਸੰਤਾਂ-ਬਾਬਿਆਂ ਦੇ ਗਿਆਨ ਵੰਡਦੇ ਅਖਾਉਤੀ ਡੇਰਿਆਂ ਤੇ ਵੀ ਵਿਅੰਗ ਕੀਤਾ ਗਿਆ ਹੈ।[2]

ਮਾਹੀਆ[ਸੋਧੋ]

ਲੇਖਕ ਅਨੁਸਾਰ “ਮਾਹੀਆ ਛੋਟੇ ਆਕਾਰ ਦਾ ਕਾਵਿ ਰੂਪ ਹੈ-‘ਨਿਰੋਲ ਪਿਆਰ ਦਾ ਗੀਤ’।ਜਿਸ ਵਿੱਚ ਬੇਪਨਾਹ ਮਹੁੱਬਤ ਦਾ ਇਜ਼ਹਾਰ ਹੈ।ਸ਼ਿਕਵੇ,ਨਹੋਰੇ ਅਤੇ ਵਿਛੋੜੇ ਦੇ ਸੱਲਾਂ ਦਾ ਵੇਗਮਈ ਵਰਣਨ ਹੈ।ਇਹਨਾਂ ਵਿੱਚ ਏਨੀ ਸਾਧਗੀ ਤੇ ਰਵਾਨੀ ਹੈ ਕਿ ਸਰੋਤਾ ਧੁਰ ਅੰਦਰ ਤੱਕ ਕੀਲਿਆ ਜਾਂਦਾ ਹੈ”। ਪੁਸਤਕ ਦਾ ਦੂਜਾ ਭਾਗ "ਮਾਹੀਆ" ਸਿਰਲੇਖ ਹੇਠ ਦਰਜ ਹੈ।ਇਸ ਭਾਗ ਵਿੱਚ ਅੱਗੋਂ ਪੰਜ ਅਧਿਆਏ ਸ਼ਾਮਿਲ ਹਨ।

 • ਅਧਿਆਏ ਪਹਿਲਾ ਜੋ ਕਿ ‘ਮਹੁੱਬਤ ਦੀਆਂ ਕੂਲਾਂ’ ਹੈ।ਇਸ ਅਧਿਆਏ ਵਿੱਚ ਮਾਹੀਏ ਕਾਵਿ-ਰੂਪ ਦੇ ਸ਼ਾਬਦਿਕ ਅਰਥਾਂ ਤੋਂ ਲੈ ਕੇ ਪ੍ਰਚਲਿਤ ਅਰਥਾਂ ਅਤੇ ਰੂਪ ਵਿਧਾਨ ਬਾਰੇ ਗੱਲ ਕੀਤੀ ਹੈ।ਇਸ ਤੋਂ ਇਲਾਵਾ ਇਸਦੇ ਲੋਕਪ੍ਰਿਅਤਾ ਵਾਲੇ ਖੇਤਰਾਂ ਬਾਰੇ ਦਸਿਆ ਗਿਆ ਹੈ ਕਿ ਮਾਹੀਆ ਮੁਲਤਾਨ,ਸਿਆਲਕੋਟ,ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਪੁਰਾਣੇ ਸਮੇਂ ਤੋਂ ਲੋਕਪ੍ਰਿਅ ਰਿਹਾ ਹੈ।ਅਖੀਰ ਵਿੱਚ ਇਸਦੀ ਪ੍ਰਾਚੀਨਤਾ ਬਾਰੇ ਗਲ ਕਰਦਿਆਂ ਦਸਿਆ ਗਿਆ ਹੈ ਕਿ ਮਾਹੀਆ ਕਾਵਿ-ਰੂਪ ਬਹੁਤ ਪੁਰਾਣਾ ਹੈ ਜੋ ਕਿ ਸ਼ਾਹ ਹੁਸੈਨ ਦੇ ਸਮੇਂ ਤੋਂ ਪਹਿਲਾਂ ਦਾ ਹੈ।“ਟੱਪੇ” ਇਸਦਾ ਪੁਰਾਣਾ ਨਾ ਦਸਿਆ ਗਿਆ ਹੈ।
 • ਅਧਿਆਏ ਦੂਜਾ ‘ਮੈਂ ਤੇਰੀ ਖੁਸ਼ਬੋ ਮਾਹੀਆ’ ਵਿੱਚ ਪੰਜਾਬ ਦੀ ਮੁਟਿਆਰ ਇਹਨਾ ਗੀਤਾਂ ਵਿੱਚ ਕੇਵਲ ਆਪਣੀ ਬੇਪਨਾਹ ਮਹੁੱਬਤ ਦਾ ਜ਼ਿਕਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ,ਨਹੋਰਿਆਂ ਅਤੇ ਵਿਛੋੜੇ ਦੇ ਦੁਖ ਦਾ ਵਰਣਨ ਵੀ ਬੜੇ ਦਰਦ ਭਰੇ ਬੋਲਾਂ ਵਿੱਚ ਕਰਦੀ ਹੈ ਅਤੇ ਉਸ ਮੁਟਿਆਰ ਦਾ ਮਾਹੀ ਵੀ ਉਸ ਦੀਆਂ ਗੱਲਾਂ ਦਾ ਜਵਾਬ ਮਾਹੀਏ ਜਾਂ ਟੱਪੇ ਦੇ ਰੂਪ ਵਿੱਚ ਦਿੰਦਾ ਹੈ।
 • ਅਧਿਆਏ ਤੀਜਾ ‘ਇਸ਼ਕੇ ਦੀ ਵੰਗ ਮਾਹੀਆ’ ਵਿੱਚ ਇਸ਼ਕ ਦੀ ਮਹੱਤਤਾ ਦਸਦਿਆਂ ਹੋਇਆਂ ਇਸ਼ਕ ਨੂੰ ਸਵਿਕਾਰਿਆ ਗਿਆ ਹੈ।ਇਸ਼ਕ ਪ੍ਰਤੀ ਸਮਾਜਿਕ ਵਿਰੋਧਤਾ ਦਿਖਾਈ ਗਈ ਹੈ।ਇਸ਼ਕ ਵਿੱਚ ਸਮਰਪਣ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ ਹੈ।ਇਸ਼ਕ ਦੇ ਰਾਹ ਵਿੱਚ ਆਉਣ ਵਾਲੀਆ ਮੁਸੀਬਤਾਂ ਦੀ ਗੱਲ ਕੀਤੀ ਗਈ ਹੈ।
 • ਅਧਿਆਏ ਚੌਥਾ ‘ਰੁੱਸ ਗਿਆ ਤੂੰ ਮਾਹੀਆ’ ਵਿੱਚ ਮਾਹੀ ਦੇ ਰੁੱਸਣ ਤੇ ਉਸ ਦੀ ਮੁਟਿਆਰ ਉਸ ਨੂੰ ਮਾਹੀਏ ਗਾ ਕੇ ਮਨਾਉਂਦੀ ਹੈ।ਇਸ ਰੋਸੇ ਨੂੰ ਲੈ ਕ ਉਹ ਆਪਣੇ ਮਾਹੀਏ ਨਾਲ ਸ਼ਿਕਵੇ ਕਰਦੀ ਹੈ।ਮਾਹੀ ਦੇ ਰੁੱਸ ਕੇ ਜਾਣ ਮਗਰੋਂ ਵਿਛੋੜੇ ਦੀ ਹਾਲਤ ਵਿੱਚ ਟੱਪੇ ਗਾਏ ਗਏ ਹਨ|ਰੁੱਸੇ ਹੋਏ ਮਾਹੀਏ ਨੂੰ ਘਰ ਵਾਪਿਸ ਆਉਣ ਲਈ ਮੁਟਿਆਰ ਤਰਲੇ ਪਾਉਂਦੀ ਹੈ।ਮਾਹੀ ਦੇ ਘਰ ਤੋਂ ਜਾਣ ਪਿਛੋਂ ਮੁਟਿਆਰ ਦੀ ਘਾਬਰੀ ਹੋਈ ਰੂਹ ਦਾ ਜਿਕਰ ਕੀਤਾ ਗਿਆ ਹੈ।
 • ਅਧਿਆਏ ਪੰਜਵਾਂ ‘ਬਾਲੋ ਮਾਹਿਏ’ ਵਿੱਚ ਲੇਖਕ ਨੇ ਪੋਠੋਹਾਰ ਵਿੱਚ ਮਾਹੀਏ ਦਾ ਇੱਕ ਹੋਰ ਕਾਵਿ-ਰੂਪ ਦਸਿਆ ਹੈ,ਜਿਸਨੂੰ ‘ਬਾਲੋ ਮਾਹੀਏ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਲੇਖਕ ਦੱਸਦਾ ਹੈ ਕਿ ਬਾਲੋ ਗੁਜਰਾਂਵਾਲੇ ਦੀ ਰਹਿਣ ਵਾਲੀ ਇੱਕ ਸੁੰਦਰ ਮੁਟਿਆਰ ਸੀ,ਜੋ ਆਪਣੇ ਪ੍ਰੇਮੀ ਨੂੰ ਮਾਹੀਆ ਕਹਿ ਕੇ ਸੱਦਦੀ ਸੀ।ਇਹ ਅਧਿਆਏ ਬਾਲੋ ਦੇ ਪ੍ਰੇਮ ਨਾਲ ਸਬੰਧਿਤ ਹੈ ਜਿਸ ਵਿੱਚ ਬਾਲੋ ਦੇ ਪ੍ਰੇਮੀ ਦੁਆਰਾ ਹੁਸਨ ਇਸ਼ਕ ਦੀ ਚਰਚਾ ਕੀਤੀ ਗਈ ਹੈ।ਇਹ ਇੱਕ ਸੁਆਲਾਂ-ਜੁਆਬਾਂ ਵਾਲਾ ਮਾਹੀਆ ਹੈ ਜੋ ਕਿ ਅੱਜ ਵੀ “ਮਾਹੀਆ ਬਾਲੋ” ਦੇ ਨਾਂ ਨਾਲ ਪ੍ਰਸਿੱਧ ਹੈ।
 • ਸਮੁੱਚੇ ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੁਖਦੇਵ ਮਾਦਪੁਰੀ ਦੀ ਇਹ ਕਿਤਾਬ ਲੋਕ-ਕਾਵਿ ਦੇ ਦੋ ਰੂਪਾਂ ‘ਦੋਹੇ’ ਅਤੇ ‘ਮਾਹੀਏ’ ਦਾ ਸੰਗ੍ਰਹਿ ਹੈ।ਦੋਹਾ ਕਾਵਿ-ਰੂਪ ਜਿਥੇ ਇਸ ਪੁਸਤਕ ਵਿੱਚ ਲੋਕ ਗਿਆਨ ਦੇ ਬਹੁਮੁੱਲੇ ਰੂਪ ਵਿੱਚ ਪ੍ਰਗਟ ਹੋਇਆ ਹੈ,ਉਥੇ ਹੀ ਮਾਹੀਏ ਦੇ ਵਿਸ਼ੇ ਜ਼ਿਆਦਾਤਰ ਇਸ਼ਕ ਦੀ ਬਾਤ ਪਾਉਂਦੇ ਨਜ਼ਰ ਆਉਂਦੇ ਹਨ।[3]

ਹਵਾਲੇ[ਸੋਧੋ]

 1. ਸੁਖਦੇਵ ਮਾਦਪੁਰੀ,ਕੱਲਰ ਦੀਵਾ ਮੱਚਦਾ,ਪੰਨਾ:09
 2. ਸੁਖਦੇਵ ਮਾਦਪੁਰੀ,ਕੱਲਰ ਦੀਵਾ ਮੱਚਦਾ,ਪੰਨਾ:10-75
 3. ਸੁਖਦੇਵ ਮਾਦਪੁਰੀ,ਕੱਲਰ ਦੀਵਾ ਮੱਚਦਾ,ਪੰਨਾ:76-121