ਖਰਾਸ
ਖਰਾਸ ਲੱਗਣ ਤੋਂ ਪਹਿਲਾਂ ਜਨਾਨੀਆਂ ਆਟਾ, ਦਾਣਾ ਚੱਕੀ ਤੇ ਘਰ ਹੀ ਪੀਂਹਦੀਆਂ ਸਨ। ਉਨ੍ਹਾਂ ਸਮਿਆਂ ਵਿਚ ਦੁੱਧ, ਦਹੀਂ, ਮੱਖਣ, ਘਿਉ ਖੁਰਾਕ ਦਾ ਅਹਿਮ ਹਿੱਸਾ ਹੁੰਦੇ ਸਨ। ਇਸ ਲਈ ਹੀ ਉਨ੍ਹਾਂ ਸਮਿਆਂ ਵਿਚ ਮੁੰਡੇ ਕੁੜੀਆਂ ਦੀ ਸਿਹਤ ਬਹੁਤ ਚੰਗੀ ਹੁੰਦੀ ਸੀ। ਕੁੜੀਆਂ ਆਪਣੇ ਰਿਸ਼ਤੇ ਲੱਭਣ ਸਮੇਂ ਆਪਣੇ ਬਾਬਲ ਨੂੰ ਉਹ ਘਰ ਲੱਭਣ ਲਈ ਕਹਿੰਦੀਆਂਂ ਸਨ, ਜਿਸ ਘਰ ਵਿਚ ਬਹੁਤੀਆਂ ਮੱਝਾਂ ਹੋਣ।
ਖਰਾਸ ਲੱਗਣ ਤੇ ਸਾਰੀ ਪਿਹਾਈ ਖਰਾਸਾਂ ਤੇ ਹੋਣ ਲੱਗ ਪਈ। ਜਿਹੜੇ ਇਲਾਕਿਆਂ ਵਿਚੋਂ ਦੀ ਨਹਿਰਾਂ ਲੰਘਦੀਆਂ ਸਨ, ਉਥੇ ਨਹਿਰਾਂ ਤੇ ਘਰਾਟ ਲੱਗ ਗਏ। ਇਸ ਨਾਲ ਵੀ ਘਰ ਦੀਆਂ ਸੁਆਣੀਆਂ ਨੂੰ ਹੋਰ ਸਹੂਲਤ ਹੋ ਗਈ
ਜਿਉਂਦੇ ਰਹਿਣ ਘਰਾਟਾਂ ਵਾਲੇ,
ਸੁੱਤੀਆਂ ਨਾ ਜਾਗਦੀਆਂ।
ਉਨ੍ਹਾਂ ਸਮਿਆਂ ਵਿਚ ਸਾਰੀ ਖੇਤੀ ਬਲਦਾਂ ਤੇ ਊਠਾਂ ਨਾਲ ਕੀਤੀ ਜਾਂਦੀ ਸੀ। ਬਲਦਾਂ ਤੇ ਊਠਾਂ ਨੂੰ ਖੁਰਾਕ ਵੀ ਪੂਰੀ ਦਿੱਤੀ ਜਾਂਦੀ ਸੀ। ਸ਼ਿੰਗਾਰ ਕੇ ਵੀ ਪੂਰੇ ਰੱਖੇ ਜਾਂਦੇ ਸਨ। ਕਈ ਸ਼ੁਕੀਨ ਜੱਟ ਖਰਾਸ ਤੇ ਜੋੜਨ ਲਈ ਆਪਣੇ ਬਲਦਾਂ ਨੂੰ ਘੁੰਗਰੂਆਂ ਨਾਲ ਸ਼ਿੰਗਾਰ ਕੇ ਲਿਆਉਂਦੇ ਸਨ
ਬੱਗੇ ਬਲਦ ਖਰਾਸੇ ਜਾਣਾ,
ਜੈ ਕੁਰੇ ਕੱਢ ਘੁੰਗਰੂ।
ਖਰਾਸਾਂ ਤੋਂ ਪਿਛੋਂ ਇੰਜਣਾਂ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਲੱਗੀਆਂ। ਬਿਜਲੀ ਆਉਣ ਤੇ ਇਹ ਚੱਕੀਆਂ ਬਿਜਲੀ ਨਾਲ ਚੱਲਣ ਲੱਗ ਪਈਆਂ। ਖਰਾਸ ਦੀ ਬਣਤਰ ਕਿਸ ਤਰ੍ਹਾਂ ਦੀ ਹੁੰਦੀ ਸੀ,
ਸਭ ਤੋਂ ਹੇਠਾਂ ਬੜਾ ਚੱਕਲਾ ਹੁੰਦਾ ਸੀ। ਵੱਡੇ ਚੱਕਲੇ ਦੇ ਬਾਹਰਲੇ ਪਾਸੇ ਆਮੋ ਸਾਹਮਣੇ ਇਕ ਛੋਟੀ ਜਿਹੀ ਅਰਧ ਗੋਲ ਆਕਾਰ ਦੀ ਥੋੜ੍ਹੀ ਜਿਹੀ ਕੰਧ ਕੀਤੀ ਹੁੰਦੀ ਸੀ। ਏਸ ਕੰਧ ਦੇ ਉਪਰ ਇਕ ਲੱਕੜ ਰੱਖੀ ਹੁੰਦੀ ਸੀ, ਜਿਸ ਨੂੰ ਥੱਕੜ ਕਹਿੰਦੇ ਸਨ। ਜਿਸ ਦੇ ਵਿਚਾਲੇ ਬੜੀ ਇਕ ਗੋਲ ਮੋਰੀ ਹੁੰਦੀ ਸੀ। ਏਸ ਮੋਰੀ ਵਿਚੋਂ ਦੀ ਲੋਹੇ ਦੀ ਲੱਠ ਵੱਡੇ ਚੱਕਲੇਵਿਚ ਹੇਠਾਂ ਤੱਕ ਪਾਈ ਹੁੰਦੀ ਸੀ। ਲੱਠ ਦੇ ਹੇਠਲੇ ਹਿੱਸੇ ਦੇ ਹੇਠਾਂ ਇਕ ਲੱਕੜ ਦਾ ਮੁੰਨਾ ਗੱਡਿਆ ਹੁੰਦਾ ਸੀ, ਜਿਸ ਤੇ ਏਸ ਲੱਠ ਦਾ ਹੇਠਲਾ ਹਿੱਸਾ ਟਿਕਿਆ ਹੁੰਦਾ ਸੀ। ਵੱਡੇ ਚੱਕਲੇ ਦੇ ਨਾਲ ਇਕ ਸਾਈਡ ਤੇ ਛੋਟੀ ਚੱਕਲੀ ਫਿੱਟ ਹੁੰਦੀ ਸੀ। ਏਸ ਛੋਟੀ ਚੱਕਲੀ ਦੇ ਵਿਚਾਲੇ ਵੀ ਇਕ ਲੋਹੇ ਦੀ ਲੱਠ ਹੁੰਦੀ ਸੀ। ਏਸ ਲੱਠ ਦੇ ਹੇਠਲੇ ਹਿੱਸੇ ਨੂੰ ਵੀ ਧਰਤੀ ਵਿਚ ਗੱਡੇ ਲੱਕੜ ਦੇ ਮੁੰਨੇ ਤੇ ਟਿਕਾਇਆ ਹੁੰਦਾ ਸੀ। ਛੋਟੀ ਚੱਕਲੀ ਦੇ ਥੋੜ੍ਹਾ ਉਪਰ ਇਕ ਲੱਕੜ ਦਾ ਫਰੇਮ ਬਣਿਆ ਹੁੰਦਾ ਸੀ, ਜਿਸ ਉਪਰ ਪੱਕੇ ਤੌਰ ਤੇ ਇਕ ਗੋਲ ਪੱਥਰ ਫਿੱਟ ਹੁੰਦੇ ਸਨ। ਏਥ ਪੱਥਰ ਦੇ ਉਪਰ ਲੋਹੇ ਦੀ ਲੱਠ ਵਿਚ ਲੋਹੇ ਦੀ ਮੰਨਮੀ ਪਾਈ ਹੁੰਦੀ ਸੀ। ਇਕ ਲੱਕੜ ਦਾ ਗੁੱਟਕਾ ਵੀ ਰੱਖਿਆ ਹੁੰਦਾ ਸੀ। ਪੱਕੇ ਤੌਰ ਤੇ ਫਿੱਟ ਪੱਥਰ ਉਪਰ ਇਕ ਹੋਰ ਪੱਥਰ ਰੱਖਿਆ ਹੁੰਦਾ ਸੀ। ਮੰਨਮੀ ਤੇ ਗੁੱਟਕਾ ਹੀ ਏਸ ਉਪਰਲੇ ਪੱਥਰ ਨੂੰ ਘੁੰਮਾਉਂਦਾ ਸੀ। ਹੇਠਲੇ ਪੱਥਰ ਅਤੇ ਉਪਰਲੇ ਪੱਥਰ ਨੂੰ ਹੇਠਲਾ ਪੁੜ ਤੇ ਉਪਰਲਾ ਪੁੜ ਕਿਹਾ ਜਾਂਦਾ ਸੀ। ਇਨ੍ਹਾਂ ਪੱਥਰਾਂ ਦੇ ਹੇਠਲੇ ਅਤੇ ਉਪਰਲੇ ਸਿਰਿਆਂ ਤੇ ਲੋਹੇ ਦੇ ਕੜੇ ਚਾੜ੍ਹੇ ਹੁੰਦੇ ਸਨ। ਇਹ ਕੜੇ ਪੱਥਰਾਂ ਨੂੰ ਟੁੱਟਣ ਤੋਂ ਬਚਾਉਂਦੇ ਸਨ।
ਇਨ੍ਹਾਂ ਪੁੜਾਂ ਨੂੰ ਢਕਣ ਲਈ ਲੋਹੇ ਦੀ ਚੱਦਰ ਦਾ ਇਕ ਗੋਲ ਟਾਪਾ ਬਣਿਆ ਹੁੰਦਾ ਸੀ। ਏਸ ਟਾਪੇ ਵਿਚ ਇਕ ਮੋਰੀ ਰੱਖੀ ਹੁੰਦੀ ਸੀ, ਜਿਸ ਰਾਹੀਂ ਆਟਾ ਹੇਠਾਂ ਬੋਰੀ ਜਾਂ ਪੀਪੇ ਵਿਚ ਪਾਉਣ ਲਈ ਪਰਨਾਲਾ ਰੱਖਿਆ ਹੁੰਦਾ ਸੀ, ਜਿਸ ਰਾਹੀਂ ਆਟਾ ਹੇਠਾਂ ਬੋਰੀ ਜਾਂ ਪੀਪੇ ਵਿਚ ਪਾਉਣ ਲਈ ਪਰਨਾਲਾ ਰੱਖਿਆ ਹੁੰਦਾ ਸੀ। ਉਪਰਲੇ ਪੁੜ ਦੇ ਵਿਚਕਾਰ ਇਕ ਗੋਲ ਹਿੱਸਾ ਖਾਲੀ ਹੁੰਦਾ ਸੀ। ਲੋਹੇ ਦੇ ਟਾਪੇ ਉਪਰ ਇਕ ਫਰੇਮ ਬਣਿਆ ਹੁੰਦਾ ਸੀ। ਏਸ ਕੀਫ ਵਿਚੋਂ ਦੀ ਹੀ ਉਪਰਲੇ ਪੁੜ ਵਿਚਕਾਰ ਖਾਲੀ ਹਿੱਸੇ ਵਿਚ ਦਾਣੇ ਡਿੱਗਦੇ ਹੁੰਦੇ ਸਨ। ਢੋਲ ਵਿਚੋਂ, ਪੀਪੇ ਵਿਚੋਂ ਘਰਲੇ ਰਾਹੀਂ ਤੇਲ ਕੱਢਣ ਸਮੇਂ ਬੋਤਲ ਦੇ ਮੂੰਹ ਤੇ ਕੀਫ਼ ਰੱਖ ਕੇ ਹੀ ਤੇਲ ਬੋਤਲ ਵਿਚ ਪਾਇਆ ਜਾਂਦਾ ਹੈ। ਕੀਫ਼ ਵਿਚੋਂ ਕਿੰਨੇ ਦਾਣੇ ਪੁੜਾਂ ਦੇ ਵਿਚਾਲੇ ਡਿਗਣੇ ਚਾਹੀਦੇ ਹਨ, ਇਸ ਨੂੰ ਕੰਟਰੋਲ ਕਰਨ ਲਈ ਇਕ ਛੋਟੀ ਜਿਹੀ ਲੋਹੇ ਦੇ ਸਰੀਏ ਨਾਲ ਗੋਲ ਚੱਕਰੀ ਲੱਗੀ ਹੁੰਦੀ ਸੀ। ਇਸ ਨੂੰ ਗਲਾ ਘੱਟ ਤੇ ਗਲਾ ਵੱਧ ਕਰਨ ਲਈ ਵਰਤਿਆ ਜਾਂਦਾ ਸੀ। ਜੇਕਰ ਗਲਾ ਘੱਟ ਕੀਤਾ ਜਾਂਦਾ ਸੀ ਤਾਂ ਆਟਾ ਬਰੀਕ ਪੀਸਿਆ ਜਾਂਦਾ ਸੀ। ਜੇਕਰ ਗਲਾ ਜ਼ਿਆਦਾ ਕੀਤਾ ਜਾਂਦਾ ਸੀ ਤਾਂ ਦਾਣਾ ਪੀਸਿਆ ਜਾਂਦਾ ਸੀ।
ਵੱਡੇ ਚੱਕਲੇ ਵਿਚ ਜਿਹੜੀ ਲੋਹੇ ਦੀ ਲੱਠ ਪਾਈ ਹੁੰਦੀ ਸੀ, ਉਸ ਦੇ ਉਪਰਲੇ ਸਿਰੇ ਤੇ ਦੇਗ ਦਾ ਸਿਰ ਬਣਿਆ ਹੁੰਦਾ ਸੀ। ਏਸ ਸਿਰ ਵਿਚ ਹੀ ਲੱਕੜ ਦੀ ਗਰਦਲ ਫਿੱਟ ਕੀਤੀ ਜਾਂਦੀ ਸੀ। ਜੇਕਰ ਇਹ ਸਿਰ ਨਹੀਂ ਲਾਇਆ ਜਾਂਦਾ ਸੀ ਤਾਂ ਲੱਕੜ ਦੀ ਗਰਦਲ-ਗਰਧਨ ਦਾ ਜਿਹੜਾ ਹਿੱਸਾ ਲੋਹੇ ਦੀ ਲੱਠ ਦੇ ਉਪਰ ਹੁੰਦਾ ਸੀ, ਉਸ ਦੇ ਉਪਰਲੇ ਤੇ ਹੇਠਲੇ ਹਿੱਸੇ ਵਿਚ ਮੋਟੀ ਚੱਦਰ ਦੇ ਦੋ ਟੁਕੜੇ ਲਾਏ ਹੁੰਦੇ ਸਨ, ਜਿਨ੍ਹਾਂ ਨੂੰ ਤਾਲੂਏ ਕਹਿੰਦੇ ਸਨ। ਇਹ ਤਾਲੂਏ ਗਰਧਨ ਨੂੰ ਮਜ਼ਬੂਤੀ ਦਿੰਦੇ ਹੁੰਦੇ ਸਨ।
ਖਰਾਸ ਚਲਾਉਣ ਲਈ ਬਲਦਾਂ ਦੀ ਜੋੜੀ ਜਾਂ ਊਠ ਨੂੰ ਗਰਦਲ ਨਾਲ ਜੋੜਿਆ ਜਾਂਦਾ ਸੀ। ਗਰਦਲ ਚੱਲਣ ਨਾਲ ਬੜਾ ਚੱਕਲਾ ਚਲਦਾ ਸੀ। ਬੜਾ ਚੱਕਲਾ ਛੋਟੀ ਚੱਕਲੀ ਨੂੰ ਚਲਾਉਂਦਾ ਸੀ। ਛੋਟੀ ਚੱਕਲੀ ਦੇ ਉਪਰ ਕਰ ਕੇ ਜਿਹੜਾ ਪੱਥਰ ਫਿੱਟ ਹੁੰਦਾ ਸੀ, ਜਿਸ ਪੱਥਰ ਉਪਰ ਲੋਹੇ ਦੀ ਲੱਠ ਵਿਚ ਮੰਨਮੀ ਤੇ ਗੁੱਟਕਾ ਲੱਗਿਆ ਹੁੰਦਾ ਸੀ, ਬਲਦਾ ਦੀ ਜੋੜੀ ਚੱਲਣ ਨਾਲ ਇਹ ਉਪਰਲਾ ਪੱਥਰ ਘੁੰਮਣ ਲੱਗਦਾ ਸੀ। ਕੀਫ ਵਿਚੋਂ ਦਾਣੇ ਡਿਗਣੇ ਸ਼ੁਰੂ ਹੋ ਜਾਂਦੇ ਸਨ। ਇਹ ਦਾਣੇ ਦੋਵਾਂ ਪੁੜਾਂ ਦੇ ਵਿਚਾਲੇ ਆ ਕੇ ਪੀਸੇ ਜਾਂਦੇ ਸਨ, ਜਿਸ ਨਾਲ ਆਟਾ ਅਤੇ ਦਾਣਾ ਤਿਆਰ ਹੋ ਜਾਂਦਾ ਸੀ। ਇਹ ਆਟਾ ਜਾਂ ਦਾਣਾ ਦੋਵਾਂ ਪੁੜਾਂ ਤੇ ਜਿਹੜਾ ਟਾਪਾ ਲੱਗਿਆ ਹੁੰਦਾ ਸੀ, ਉਸ ਦੀਆਂ ਸਾਈਡਾਂ ਵਿਚ ਦੀ ਹੁੰਦਾ ਹੋਇਆ ਟਾਪੇ ਵਚ ਲਗੇ ਪਰਨਾਲੇ ਰਾਹੀਂ ਬੋਰੀ ਜਾਂ ਪੀਪੇ ਵਿਚ ਪੈਂਦਾ ਰਹਿੰਦਾ ਸੀ।[1]
ਹਵਾਲੇ
[ਸੋਧੋ]- ↑ "ਖਰਾਸ - ਪੰਜਾਬੀ ਪੀਡੀਆ". punjabipedia.org. Retrieved 2024-12-21.