ਖੱਟ ਦਿਖਾਉਣੀ
ਕੁੜੀ ਦੇ ਵਿਆਹ ਵਿਚ, ਕੁੜੀ ਦੇ ਮਾਪਿਆਂ ਵੱਲੋਂ, ਕੁੜੀ ਨੂੰ ਦਿੱਤੀਆਂ ਵਸਤਾਂ ਨੂੰ ਖੱਟ ਕਹਿੰਦੇ ਹਨ। ਖੱਟ ਨੂੰ ਦਾਜ ਵੀ ਕਿਹਾ ਜਾਂਦਾ ਹੈ। ਦਹੇਜ ਵੀ ਕਿਹਾ ਜਾਂਦਾ ਹੈ। ਖੱਟ ਵਿਚ ਕੁੜੀ ਨੂੰ ਗਹਿਣੇ, ਪੱਕੇ ਬਿਸਤਰੇ, ਕੱਚੇ ਬਿਸਤਰੇ, ਸੂਟ, ਭਾਂਡੇ, ਵਿਛਾਈਆਂ, ਪੱਖੀਆਂ, ਝੋਲੇ, ਗੱਲ ਕੀ ਘਰ ਵਰਤਣ ਵਾਲੀ ਹਰ ਵਸਤ ਦਿੱਤੀ ਜਾਂਦੀ ਹੈ/ਸੀ। ਲਾੜੇ ਨੂੰ ਪੈਸੇ ਵਾਲੇ ਪਰਿਵਾਰ ਕੈਂਠਾ, ਕੜਾ, ਛਾਂਪ, ਨੱਤੀਆਂ, ਤਵੀਤੀ, ਜੋੜੀ, ਘੋੜੀ, ਮੱਝ, ਗਾਂ, ਊਂਠ, ਕਪੜੇ ਆਦਿ ਵਿੱਤ ਅਨੁਸਾਰ ਦਿੰਦੇ ਸਨ/ਹਨ। ਲਾੜੇ ਦੇ ਸਾਰੇ ਪਰਿਵਾਰ ਨੂੰ ਮਾਂ, ਬਾਪ, ਭੈਣਾਂ, ਜੀਜੇ, ਭਾਈ ਭਰਜਾਈਆਂ, ਭਤੀਜੇ ਭਤੀਜੀਆਂ, ਭੂਆ ਫੁੱਫੜ, ਨਾਨਾ ਨਾਨੀ, ਮਾਮਾ ਮਾਮੀ, ਮਾਸੀ ਮਾਸੜ ਅਤੇ ਹੋਰ ਸਾਰੇ ਰਿਸ਼ਤੇਦਾਰਾਂ ਨੂੰ ਵਿੱਤ ਅਨੁਸਾਰ ਗਹਿਣੇ, ਸੂਟ, ਪੱਗਾਂ, ਖੇਸ, ਦੁਪੱਟੇ ਆਦਿ ਦਿੱਤੇ ਜਾਂਦੇ ਸਨ/ਹਨ। ਸਹੁਰੇ ਪਰਿਵਾਰ ਦੇ ਪੱਕੇ ਲਾਗੀਆਂ ਨੂੰ ਵੀ ਸੂਟ ਦਿੱਤੇ ਜਾਂਦੇ ਸਨ/ਹਨ। ਬਰਾਤ ਵਿਚ ਆਏ ਹਰ ਬਰਾਤੀ ਦਾ ਮਾਣ ਕੀਤਾ ਜਾਂਦਾ ਸੀ/ਹੈ।
ਖੱਟ/ਦਾਜ ਦੀਆਂ ਇਹ ਸਾਰੀਆਂ ਵਸਤਾਂ ਬਰਾਤੀਆਂ ਨੂੰ, ਕੁੜੀ ਦੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਨੂੰ ਮੰਜਿਆਂ ਉੱਪਰ ਰੱਖ ਕੇ ਵਿਖਾਈਆਂ ਜਾਂਦੀਆਂ ਸਨ। ਹਨ। ਨਾਲੇ ਦਿੱਤਾ ਇਹ ਸਾਰਾ ਦਾਜ ਪੜ੍ਹ ਕੇ ਸੁਣਾਇਆ ਜਾਂਦਾ ਸੀ/ਹੈ। ਫੇਰ ਦਾਜ ਦੀਆਂ ਇਨ੍ਹਾਂ ਸਾਰੀਆਂ ਵਸਤਾਂ ਨੂੰ ਸੰਦੂਖ ਜਾਂ ਪੇਟੀ ਵਿਚ ਰੱਖ ਕੇ ਜਿੰਦਾ ਲਾ ਦਿੰਦੇ ਸਨ। ਨਾਲ ਖੰਮਣੀ ਬੰਨ੍ਹ ਦਿੰਦੇ ਸਨ। ਏਸੇ ਤਰ੍ਹਾਂ ਹੀ ਇਹ ਸਾਰੀ ਖੱਟ/ਦਾਜ ਵਿਆਹ ਤੋਂ ਦੂਜੇ ਦਿਨ ਕੁੜੀ ਦੇ ਸਹੁਰੇ ਪਿੰਡ ਵਿਖਾਇਆ ਜਾਂਦਾਂ ਸੀ।ਹੁਣ ਬਹੁਤੇ ਵਿਆਹ ਮੈਰਿਜ ਪੈਲੇਸਾਂ ਵਿਚ ਹੁੰਦੇ ਹਨ। ਇਸ ਲਈ ਹੁਣ ਖੱਟ ਨੂੰ ਮੰਜਿਆਂ ਉੱਪਰ ਖਿਲਾਰ ਕੇ ਵਿਖਾਉਣ ਦਾ ਰਿਵਾਜ ਨਹੀਂ ਰਿਹਾ। ਹੁਣ ਖੱਟ ਵਿਚ ਕੀ ਦਿੱਤਾ ਗਿਆ ਹੈ ਇਹ ਸਿਰਫ ਮੁੰਡੇ ਅਤੇ ਕੁੜੀ ਵਾਲਿਆਂ ਦੇ ਪਰਿਵਾਰ ਨੂੰ ਹੀ ਪਤਾ ਹੁੰਦਾ ਹੈ। ਹੁਣ ਪਰਦੇ (ਘੁੰਡ ਕੱਢਣ) ਦਾ ਰਿਵਾਜ ਤਾਂ ਹੱਟ ਗਿਆ ਹੈ ਪਰ ਖੱਟ/ਦਾਜ ਹੁਣ ਪਰਦੇ ਵਿਚ ਦਿੱਤਾ ਜਾਂਦਾ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.