ਗਣੇਸ਼ ਸ਼ੰਕਰ ਵਿਦਿਆਰਥੀ
ਗਣੇਸ਼ ਸ਼ੰਕਰ ਵਿਦਿਆਰਥੀ | |
---|---|
ਜਨਮ | 26 ਅਕਤੂਬਰ 1890[1] ਹਾਥਗਾਮ ਜਾਂ ਹਾਥਗਾਉਂ, ਪ੍ਰਯਾਗ (ਹੁਣ ਇਲਾਹਾਬਾਦ) |
ਮੌਤ | 25 ਮਾਰਚ 1931 |
ਪੇਸ਼ਾ | ਪੱਤਰਕਾਰ |
ਸਰਗਰਮੀ ਦੇ ਸਾਲ | 1890 - 1931 (ਮੌਤ ਤੱਕ) |
ਖਿਤਾਬ | ਸੰਪਾਦਕ ਪ੍ਰਤਾਪ (1913-1931) ਸਹਾਇਕ ਸੰਪਾਦਕ- ਸਰਸਵਤੀ (1911-1913) |
ਗਣੇਸ਼ ਸ਼ੰਕਰ ਵਿਦਿਆਰਥੀ (26 ਅਕਤੂਬਰ 1890 - 25 ਮਾਰਚ 1931), ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਆਗੂ ਸੀ। ਉਹਦੀ ਵਧੇਰੇ ਪ੍ਰਸਿੱਧੀ ਹਿੰਦੀ ਅਖਬਾਰ, ਪ੍ਰਤਾਪ ਦਾ ਬਾਨੀ ਸੰਪਾਦਕ ਹੋਣ ਨਾਤੇ ਹੈ।
ਜੀਵਨੀ
[ਸੋਧੋ]ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ 26 ਅਕਤੂਬਰ 1890 ਨੂੰ ਆਪਣੇ ਨਾਨਕਾ ਪਿੰਡ ਹਾਥਗਾਮ, ਪ੍ਰਯਾਗ (ਹੁਣ ਇਲਾਹਾਬਾਦ) ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸ਼੍ਰੀ ਜੈਨਾਰਾਇਣ ਮੱਧ ਪ੍ਰਦੇਸ਼ ਦੇ ਇੱਕ ਸਕੂਲ ਵਿੱਚ ਅਧਿਆਪਕ ਸਨ ਅਤੇ ਉਰਦੂ-ਫ਼ਾਰਸੀ ਜਾਣਦੇ ਸਨ। ਗਣੇਸ਼ਸ਼ੰਕਰ ਵਿਦਿਆਰਥੀ ਨੇ ਸਿੱਖਿਆ ਮੁੰਗਾਵਲੀ (ਗਵਾਲੀਅਰ) ਵਿੱਚ ਪ੍ਰਾਪਤ ਕੀਤੀ ਅਤੇ ਪਿਤਾ ਵਾਂਗ ਹੀ ਉਰਦੂ-ਫ਼ਾਰਸੀ ਦੀ ਪੜ੍ਹਾਈ ਕੀਤੀ। ਪਰ ਉਹ ਆਰਥਕ ਕਠਿਨਾਈਆਂ ਦੇ ਕਾਰਨ ਐਂਟਰੈਂਸ ਤੋਂ ਅੱਗੇ ਨਾ ਪੜ੍ਹ ਸਕੇ। ਵੈਸੇ ਉਹਨਾਂ ਦੀ ਗੈਰ-ਰਸਮੀ ਪੜ੍ਹਾਈ ਨਿਰੰਤਰ ਚਲਦੀ ਹੀ ਰਹੀ। ਆਪਣੀ ਮਿਹਨਤ ਅਤੇ ਲਗਨ ਨਾਲ ਉਹਨਾਂ ਨੇ ਪੱਤਰਕਾਰਤਾ ਸਿੱਖ ਲਈ। ਸ਼ੁਰੂ ਵਿੱਚ ਗਣੇਸ਼ ਸ਼ੰਕਰ ਜੀ ਨੂੰ ਇੱਕ ਨੌਕਰੀ ਵੀ ਮਿਲ ਗਈ ਸੀ, ਪਰ ਅੰਗਰੇਜ਼ ਅਧਿਕਾਰੀਆਂ ਨਾਲ ਅਣਬਣ ਕਾਰਨ ਉਹਨਾਂ ਨੇ ਉਹ ਨੌਕਰੀ ਛੱਡ ਦਿੱਤੀ।[2]
ਸੰਪਾਦਕ ਵਜੋਂ
[ਸੋਧੋ]ਨੌਕਰੀ ਛੱਡਕੇ ਉਹ ਅਧਿਆਪਕ ਬਣ ਗਏ। ਮਹਾਵੀਰ ਪ੍ਰਸਾਦ ਦਿਵੇਦੀ ਨੇ ਵਿਦਿਆਰਥੀ ਜੀ ਨੂੰ ਆਪਣੇ ਕੋਲ ਸਰਸਵਤੀ ਦੇ ਸੰਪਾਦਕੀ ਕਾਰਜ ਲਈ ਸੱਦ ਲਿਆ। ਰਾਜਨੀਤੀ ਦੀ ਚੇਟਕ ਤਾਂ ਪਹਿਲਾਂ ਹੀ ਸੀ। ਸਾਲ ਕੁ ਬਾਅਦ ਉਹ ਅਭਿਉਦਏ ਨਾਮਕ ਪੱਤਰ ਵਿੱਚ ਚਲੇ ਗਏ। ਇਸ ਦੇ ਬਾਅਦ 1907 ਤੋਂ 1912 ਤੱਕ ਦਾ ਉਹਨਾਂ ਦਾ ਜੀਵਨ ਅਤਿਅੰਤ ਭਟਕਣ ਵਾਲਾ ਸੀ। ਕੁੱਝ ਸਮਾਂ ਪ੍ਰਭਾ ਦਾ ਵੀ ਸੰਪਾਦਨ ਕੀਤਾ ਸੀ। 1913 ਦੇ ਅਕਤੂਬਰ ਵਿੱਚ ਪ੍ਰਤਾਪ (ਹਫ਼ਤਾਵਾਰ) ਦੇ ਸੰਪਾਦਕ ਬਣੇ।
ਸਮਾਜਕ-ਰਾਜਨੀਤਕ ਸਮੱਸਿਆਵਾਂ ਬਾਰੇ ਵਿਦਿਆਰਥੀ ਜੀ ਦੇ ਵਿਚਾਰ ਬਹੁਤ ਕ੍ਰਾਂਤੀਕਾਰੀ ਹੁੰਦੇ ਸਨ। ਉਹਨਾਂ ਨੇ ਕਿਸਾਨਾਂ ਅਤੇ ਦੇਸੀ ਰਿਆਸਤਾਂ ਦੀ ਪ੍ਰਜਾ ਉੱਤੇ ਕੀਤੇ ਜਾਂਦੇ ਅੱਤਿਆਚਾਰਾਂ ਦਾ ਜ਼ੋਰਦਾਰ ਵਿਰੋਧ ਕੀਤਾ। ਉਹਨਾਂ ਨੇ ਪਹਿਲਾਂ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ ਤੇ ਬਾਅਦ 'ਚ ਹਿੰਦੀ ਵਿੱਚ ਪੱਤਰਕਾਰੀ ਵੱਲ ਆਏ ਅਤੇ ਜੀਵਨ ਭਰ ਸੰਪਾਦਕ ਰਹੇ।
ਰਾਜਨੀਤਕ ਸੰਘਰਸ਼
[ਸੋਧੋ]ਪਹਿਲਾਂ ਵਿਦਿਆਰਥੀ ਜੀ ਨੇ ਲੋਕਮਾਨਿਆ ਤਿਲਕ ਨੂੰ ਆਪਣਾ ਰਾਜਨੀਤਕ ਗੁਰੂ ਮੰਨਿਆ, ਪਰ ਰਾਜਨੀਤੀ ਵਿੱਚ ਗਾਂਧੀ ਜੀ ਦੇ ਆਗਮਨ ਦੇ ਬਾਅਦ ਆਪ ਉਹਨਾਂ ਦੇ ਪੱਕੇ ਪੈਰੋਕਾਰ ਬਣ ਗਏ। ਸ਼੍ਰੀਮਤੀ ਏਨੀ ਬੀਸੇਂਟ ਦੇ ਹੋਮਰੂਲ ਅੰਦੋਲਨ ਵਿੱਚ ਵਿਦਿਆਰਥੀ ਜੀ ਨੇ ਬਹੁਤ ਲਗਨ ਨਾਲ ਕੰਮ ਕੀਤਾ ਅਤੇ ਕਾਨਪੁਰ ਦੇ ਮਜ਼ਦੂਰ ਵਰਗ ਦੇ ਇੱਕ ਵਿਦਿਆਰਥੀ ਨੇਤਾ ਹੋ ਗਏ। ਕਾਂਗਰਸ ਦੇ ਵੱਖ ਵੱਖ ਅੰਦੋਲਨਾਂ ਵਿੱਚ ਭਾਗ ਲੈਣ ਅਤੇ ਅਧਿਕਾਰੀਆਂ ਦੇ ਅੱਤਿਆਚਾਰਾਂ ਦੇ ਵਿਰੁੱਧ ਨਿਡਰਤਾ ਨਾਲ ਪ੍ਰਤਾਪ ਵਿੱਚ ਲੇਖ ਲਿਖਣ ਦੇ ਸੰਬੰਧ ਵਿੱਚ ਇਹ 5 ਵਾਰ ਜੇਲ੍ਹ ਗਏ ਅਤੇ ਪ੍ਰਤਾਪ ਤੋਂ ਕਈ ਵਾਰ ਜ਼ਮਾਨਤ ਮੰਗੀ ਗਈ। ਕੁੱਝ ਹੀ ਸਾਲਾਂ ਵਿੱਚ ਉਹ ਉੱਤਰ ਪ੍ਰਦੇਸ਼ (ਤਦ ਸੰਯੁਕਤ ਪ੍ਰਾਂਤ) ਦੇ ਸਿਖ਼ਰ ਦੇ ਕਾਂਗਰਸ ਨੇਤਾ ਹੋ ਗਏ। ਉਹ 1925 ਵਿੱਚ ਕਾਂਗਰਸ ਦੇ ਕਾਨਪੁਰ ਅਜਲਾਸ ਦੀ ਸਵਾਗਤ ਸਮਿਤੀ ਦੇ ਪ੍ਰਧਾਨ ਸਨ ਅਤੇ 1930 ਵਿੱਚ ਰਾਜਕੀ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਏ। ਇਸ ਨਾਤੇ 1930 ਦੇ ਸੱਤਿਆਗ੍ਰਿਹ ਅੰਦੋਲਨ ਦੇ ਆਪਣੇ ਪ੍ਰਦੇਸ਼ ਦੇ ਪਹਿਲੇ ਡਿਕਟੇਟਰ ਨਿਯੁਕਤ ਹੋਏ।
ਹਫ਼ਤਾਵਾਰ ਪ੍ਰਤਾਪ ਦੇ ਪ੍ਰਕਾਸ਼ਨ ਦੇ 7 ਸਾਲ ਬਾਅਦ 1920 ਵਿੱਚ ਵਿਦਿਆਰਥੀ ਜੀ ਨੇ ਉਸਨੂੰ ਦੈਨਿਕ ਕਰ ਦਿੱਤਾ ਅਤੇ ਪ੍ਰਭਾ ਨਾਮ ਦੀ ਇੱਕ ਸਾਹਿਤਕ ਅਤੇ ਰਾਜਨੀਤਕ ਮਾਸਿਕ ਪਤ੍ਰਿਕਾ ਵੀ ਆਪਣੇ ਪ੍ਰੈੱਸ ਤੋਂ ਕੱਢੀ। ਉਹਨਾਂ ਨੇ ਕਿੰਨੇ ਹੀ ਨਵਯੁਵਕਾਂ ਨੂੰ ਸੰਪਾਦਕ, ਲੇਖਕ ਅਤੇ ਕਵੀ ਬਨਣ ਦੀ ਪ੍ਰੇਰਨਾ ਅਤੇ ਟ੍ਰੇਨਿੰਗ ਦਿੱਤੀ। ਭਾਰਤ ਦੇ ਇਨਕਲਾਬੀ ਨੌਜਵਾਨਾਂ ਨਾਲ ਉਹਨਾਂ ਦੇ ਨਿਰੰਤਰ ਸੰਪਰਕ ਸਨ। 1923-24 ਵਿੱਚ ਭਗਤ ਸਿੰਘ ਨੇ ਵੀ ਪ੍ਰਤਾਪ ਦੇ ਦਫ਼ਤਰ ਵਿੱਚ ਗਣੇਸ਼ ਸ਼ੰਕਰ ਵਿਦਿਆਰਥੀ ਨਾਲ 'ਬਲਵੰਤ' ਨਾਮ ਥੱਲੇ ਕੰਮ ਕੀਤਾ ਸੀ। ਇੱਥੇ ਹੀ ਭਗਤ ਸਿੰਘ ਦੀ ਮੁਲਾਕਾਤ ਬਟੁਕੇਸ਼ਵਰ ਦੱਤ,ਸ਼ਿਵ ਵੀਨਾ,ਬੀ.ਕੇ.ਸਿਨ੍ਹਾ ਨਾਲ ਹੋਈ।[3]
ਸ਼ਹਾਦਤ
[ਸੋਧੋ]ਗਣੇਸ਼ਸ਼ੰਕਰ ਵਿਦਿਆਰਥੀ ਦੀ ਮੌਤ ਕਾਨਪੁਰ ਦੇ ਹਿੰਦੂ-ਮੁਸਲਮਾਨ ਦੰਗਿਆਂ ਵਿੱਚ ਬੇਕਸੂਰ ਲੋਕਾਂ ਨੂੰ ਬਚਾਉਂਦੇ ਹੋਏ 25 ਮਾਰਚ 1931 ਵਿੱਚ ਹੋਈ। ਉਹਨਾਂ ਦੀ ਲਾਸ਼ ਤਿੰਨ-ਚਾਰ ਦਿਨ ਬਾਅਦ ਹਸਪਤਾਲ ਦੀਆਂ ਲਾਸ਼ਾਂ ਵਿੱਚ ਮਿਲੀ ਸੀ। 29 ਮਾਰਚ ਨੂੰ ਵਿਦਿਆਰਥੀ ਜੀ ਦਾ ਅੰਤਮ-ਸਸਕਾਰ ਕੀਤਾ ਗਿਆ।
ਸਨਮਾਨ
[ਸੋਧੋ]- ਗਣੇਸ਼ ਸ਼ੰਕਰ ਵਿਦਿਆਰਥੀ ਮੈਡੀਕਲ ਕਾਲਜ (ਜੀ ਐੱਸ ਵੀ ਐਮ) ਮੈਡੀਕਲ ਕਾਲਜ ਦਾ ਨਾਂ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਹੈ।
- ਫੂਲ ਬਾਗ ਨੂੰ ਗਣੇਸ਼ ਵਿਦਿਆਰਥੀ ਉਦਿਆਨ ਕਿਹਾ ਜਾਂਦਾ ਹੈ।
- ਗਣੇਸ਼ ਸ਼ੰਕਰ ਵਿਦਿਆਰਥੀ ਇੰਟਰ ਕਾਲਜ (ਜੀ ਐੱਸ ਵੀ ਆਈ ਸੀ) ਜੀ ਐੱਸ ਵੀ ਇੰਟਰ ਕਾਲਜ ਕਾਨਪੁਰ ਵੀ ਉਸ ਦੀ ਯਾਦ ਵਿੱਚ ਕਾਇਮ ਕੀਤਾ ਗਿਆ।
- ਗਣੇਸ਼ ਸ਼ੰਕਰ ਵਿਦਿਆਰਥੀ ਇੰਟਰ ਕਾਲਜ (ਜੀ ਐੱਸ ਵੀ ਇੰਟਰ ਕਾਲਜ ਹਾਥਗਾਉਂ-ਫਤੇਹਪੁਰ) ਵੀ ਉਸ ਦੀ ਯਾਦ ਵਿੱਚ ਕਾਇਮ ਹੈ।
ਹਵਾਲੇ
[ਸੋਧੋ]- ↑ पुस्तक- भारतीय चरित कोश| लेखक-लीलाधर शर्मा 'पर्वतीय'| पृष्ठ-219| प्रकाशक- शिक्षा भारती, दिल्ली
- ↑ "गणेश शंकर विद्यार्थी: एक समाज सुधारक और निष्ठावान पत्रकार".
- ↑ ... ਤੇਰੀ ਕੁਰਬਾਨੀ ਦਾ ਭਗਤ ਸਿਹਾਂ ਭੋਰਾ ਮੁੱਲ ਨੀਂ ਪਾਇਆ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |