ਗਰਾਮ ਦਿਉਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਵਿੱਚ, ਦੇਸ਼ ਦੇ ਹੋਰ ਖਿੱਤਿਆ ਵਾਂਗ, ਕੁਝ ਅਜਿਹੇ ਦਿਉਤੇ ਵੀ ਪੂਜੇ ਜਾਂਦੇ ਹਨ, ਜਿਹਨਾਂ ਦਾ ਅਧਿਕਾਰ ਖੇਤਰ ਕੇਵਲ ਪਿੰਡ ਦੀ ਸੀਮਾ ਦੇ ਅੰਦਰ ਹੀ ਮੰਨਿਆ ਜਾਂਦਾ ਹੈ ਅਤੇ ਕੇਵਲ ਇਹ ਸਮੁੱਚੇ ਪਿੰਡ ਦੀ ਭੂਮੀ ਅਤੇ ਉਸ ਉੱਤੇ ਵਸਦੇ ਲੋਕਾਂ ਦੀ ਰਖਿਆ ਕਰਦੇ ਹਨ। ਇਹਨਾਂ ਦੀ ਮਾਨਤਾ ਸਥਾਨਕ ਪੱਧਰ ਉੱਤੇ ਹੁੰਦੀ ਹੈ ਅਤੇ ਹਰੇਕ ਪਿੰਡ ਦੇ ਆਪਣੇ ਨਿਵੇਕਲੇ ਦਿਓਤੇ ਹੁੰਦੇ ਹਨ। ਇਹਨਾਂ ਦੀ ਪੂਜਾ ਵਿਧੀ ਵੀ, ਹਰ ਪਿੰਡ ਵਿੱਚ, ਸਥਾਨਕ ਰੰਗਣ ਵਾਲੀ ਹੁੰਦੀ ਹੈ। ਇਹਨਾਂ ਗਰਾਮ ਦੇਵਤਿਆ ਦੇ ਪੂਜਾ ਸਥਾਨ ਨੂੰ 'ਦੇਹੁਰਾ' ਕਿਹਾ ਜਾਂਦਾ ਹੈ। ਇਹ ਦੇਹੁਰਾ ਪਥਰਾਂ-ਗੀਟਿਆਂ ਦੇ ਢੇਰ, ਮਮਟੀ, ਥੜ੍ਹਾ, ਆਲਾ ਜਾਂ ਪੰਜ ਇੱਟਾਂ ਦੀ ਇੱਕ ਆਕ੍ਰਿਤੀ ਆਦਿ ਦੇ ਰੂਪ ਵਿੱਚ ਹੋ ਸਕਦਾ ਹੈ ਜਿਥੇ ਦੀਵੇ ਦੀ ਜੋਤ ਜਗਾਈ ਜਾਂਦੀ ਹੈ। ਗਰਾਮ ਦਿਉਤਿਆਂ ਦੀ ਪਰੰਪਰਾ ਬੜੀ ਪੁਰਾਣੀ ਹੈ। ਪੰਜਾਬ ਵਿੱਚ ਇਹ ਪੂਰਬ ਆਰਿਆਈ ਪ੍ਰਥਾ ਹੈ ਜੋ ਦਰਾਵੜਾਂ ਵਿੱਚ ਪ੍ਰਚਿਲਤ ਸੀ। ਮੂਲ ਵਿੱਚ ਇਹ ਪੂਜਾ ਧਰਤੀ ਮਾਤਾ ਦੀ ਪੂਜਾ ਦਾ ਹੀ ਵਿਸਥਾਰ ਹੈ।

ਦਿਉਤਿਆਂ ਦੀਆਂ ਕਿਸਮਾਂ[ਸੋਧੋ]

ਗਰਾਮ ਦਿਉਤੇ ਮੁੱਖ ਰੂਪ ਵਿੱਚ ਚਾਰ ਹਨ:

  1. ਭੂੰਮੀਆਂ
  2. ਖੇੜਾ
  3. ਖੇਤਰ ਪਾਲ
  4. ਸੀਮਾ ਦਿਉਤੇ

ਭੂੰਮੀਆਂ ਦਿਉਤਾ[ਸੋਧੋ]

ਗਰਾਮ ਦਿਉਤਿਆਂ ਵਿੱਚ ਪਹਿਲਾ ਸਥਾਨ ਭੂੰਮੀਏ ਨੂੰ ਦਿੱਤਾ ਜਾਂਦਾ ਹੈ। ਇਹ ਦਿਉਤਾ ਪਿੰਡ ਦੀ ਭੂੰਮੀ ਦਾ ਹੀ ਦੈਵੀਕਰਣ ਕਰਦਾ ਹੈ। ਭਾਰਤੀ ਸੰਸਕ੍ਰਿਤੀ ਵਿੱਚ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਧਰਤੀ ਹੀ ਉਹ ਦੇਵੀ ਮਾਤਾ ਹੈ ਜਿਹੜੀ ਪੂਰੀ ਸ਼ਿ੍ਸ਼ਟੀ ਨੂੰ ਅੰਨ ਭੰਡਾਰ ਬਖ਼ਸ਼ਦੀ ਹੈ। ਸਭ ਪਦਾਰਥ ਵਸਤੂਆਂ ਇਸਦੀ ਬਖ਼ਸ਼ਿਸ਼ ਹਨ। ਜਦੋਂ ਵੀ ਕੋਈ ਮਨੁੱਖ ਘੋਰ ਸੰਕਟ ਜਾਂ ਅਪਮਾਨ ਦੀ ਹਾਲਤ ਵਿੱਚ ਹੁੰਦਾ ਹੈ ਤਾਂ ਲੋਕ ਵਿਸ਼ਵਾਸ ਅਨੁਸਾਰ ਭੂੰਮੀ ਉਸ ਨੂੰ ਗੋਦ ਵਿੱਚ ਲੈ ਲੈਂਦੀ ਹੈ। ਅਣਗਿਣਤ, ਨਿਆਮਤਾਂ ਦੀ ਦਾਤੀ ਹੋਣ ਦੇ ਬਾਵਜੂਦ ਵੀ ਭੂੰਮੀ ਨੂੰ ਅਬਲਾ, ਕਮਜ਼ੋਰ ਮੰਨ ਕੇ ਪੁਰਸ਼ ਪ੍ਰਧਾਨ ਮਨੁੱਖੀ ਚੇਤਨਾ ਨੇ ਭੂੰਮੀਆਂ ਨਾਂ ਦੇ ਦਿਉਤੇ ਦੀ ਕਲਪਨਾ ਕੀਤੀ ਹੈ। ਭੂੰਮੀਆਂ ਭੂੰਮੀ ਦਾ ਨਰ ਰੂਪ ਹੈ।

ਭੂੰਮੀਆਂ ਨਰ ਦਿਉਤਾ ਹੈ, ਸ਼ਕਤੀਸ਼ਾਲੀ ਅਤੇ ਕਲਿਆਣਕਾਰੀ ਸੁਭਾ ਦਾ ਮਾਲਕ ਹੈ। ਪਰੰਤੂ ਇਸ ਦਾ ਅਧਿਕਾਰ ਧਰਤੀ ਉਸ ਖੰਡ ਉੱਤੇ ਹੁੰਦਾ ਹੈ, ਜਿਸ ਉੱਤੇ ਕੋਈ ਪਿੰਡ ਵਸਿਆ ਹੁੰਦਾ ਹੈ ਤੇ ਜਿਥੋ ਤੱਕ ਪਿੰਡ ਦੇ ਲੋਕਾ ਦੇ ਖੇਤ ਫੈਲੇ ਹੁੰਦੇ ਹਨ। ਧਰਤੀ ਕਰੂਰ ਤਾਕਤਾਂ ਅਤੇ ਬਦਰੂਹਾਂ ਤੋਂ ਮਨੁੱਖ ਦੀ ਰੱਖਿਆ ਨਹੀਂ ਕਰ ਸਕਦੀ।ਪਰੰਤੂ ਭੂੰਮੀਏ ਦਾ ਅਧਿਕਾਰ ਕੇਵਲ ਭੂੰਮੀ ਦੀ ਸਤਾ ਉੱਪਰ ਨਹੀਂ ਹੁੰਦਾ, ਸਗੋ ਸਮੁਚੇ ਵਾਯੂਮੰਡਲ ਵਿੱਚ ਵਸਦੀਆਂ ਬਦਰੂਹਾ ਉੱਤੇ ਵੀ ਹੁੰਦਾ ਹੈ ਜੋ ਪਿੰਡ ਵਿੱਚ ਸੰਕਟ ਪੈਦਾ ਕਰਦੀਆਂ ਹਨ, ਰੋਗਾ ਨੂੰ ਫੈਲਾਉਦੀਆਂ ਹਨ ਤੇ ਮਹਾਮਾਰੀ ਫੈਲਾਉਣ ਵਾਲੀਆਂ ਸਾਰੀਆਂ ਸ਼ਕਤੀਆ ਭੂੰਮੀਆਂ ਦਿਉਤੇ ਅਧੀਨ ਹੁੰਦੀਆਂ ਹਨ। ਪਿੰਡ ਵਿੱਚ ਖੁਸਹਾਲੀ ਅਤੇ ਅਮਨ ਚੈਨ ਭੂੰਮੀਏ ਦੀ ਮੇਹਰ ਸਦਕਾ ਹੁੰਦਾ ਹੈ। ਭੂੰਮੀਏ ਦਾ ਖੇਤਰ ਬਹੁਤ ਵਿਸ਼ਾਲ ਹੁੰਦਾ ਹੈ। ਉਹ ਪਿੰਡ ਦੀ ਸਾਰੀ ਭੂੰਮੀ ਵਿੱਚ ਫੈਲਿਆ ਹੁੰਦਾ ਹੈ।ਇਸ ਦੀ ਕੋਈ ਮੂਰਤੀ ਨਹੀਂ ਹੁੰਦੀ ਕੇਵਲ ਪੂਜਾ ਸਥਾਨ ਹੁੰਦਾ ਹੈ। ਜੋ ਪਿੰਡ ਦੀ ਵਸੋ ਤੋਂ ਬਾਹਰ ਹੁੰਦਾ ਹੈ ਜਾਂ ਪਿੰਡ ਦੇ ਕਿਸੇ ਛੱਪੜ ਜਾਂ ਤਾਲਾਬ ਦੇ ਨੇੜੇ ਹੁੰਦਾ ਹੈ।

ਭੂੰਮੀਆਂ ਦਾ ਪੂਜਾ ਅਸਥਾਨ ਕਈ ਰੂਪਾਂ ਵਿੱਚ ਮਿਲਦਾ ਹੈ। ਕਿਧਰੇ ਤਾਂ ਇਹ ਖੇੜੇ ਦੀ ਸ਼ਕਲ ਵਿੱਚ ਹੁੰਦਾ ਹੈ, ਕਿਤੇ ਇੱਟਾਂ ਦਾ ਥੜਾ, ਕਿਤੇ ਨਿੱਕੀ ਜਹੀ ਗੁੰਬਦਦਾਰ ਮਾੜੀ ਦੀ ਸ਼ਕਲ ਹੁੰਦੀ ਹੈ। ਕੁਝ ਪਿੰਡਾਂ ਵਿੱਚ ਭੂੰਮੀਏ ਦਾ ਸਥਾਨ ਕੇਵਲ ਪੰਜ ਇੱਟਾਂ ਦਾ ਹੁੰਦਾ ਹੈ। ਦੋ ਇੱਟਾਂ ਖੱਬੇ, ਦੋ ਸੱਜੇ ਤੇ ਇੱਕ ਇੱਟ ਉੱਪਰ ਹੁੰਦੀ ਹੈ। ਸਥਾਨ ਭਾਵੇਂ ਕਿਸੇ ਵੀ ਸ਼ਕਲ ਵਿੱਚ ਹੋਵੇ ਪਿੰਡ ਦੇ ਲੋਕ ਭੂੰਮੀਏ ਨੂੰ ਸਮਰਥਾਵਾਨ ਦੇਵਤਾ ਮੰਨਦੇ ਹੋਏ ਉਸ ਅੱਗੇ ਅਰਜੋਈ ਕਰਦੇ ਹਨ।ਦੀਵਾ ਬਾਲਦੇ ਹਨ, ਭੇਟਾ ਚਾੜਦੇ ਹਨ। ਤਿਥ ਤਿਉਹਾਰ ਜਾਂ ਖੁਸ਼ੀ ਮੌਕੇ ਉਸਦੀ ਪੂਜਾ ਕਰਦੇ ਹਨ। ਇਹ ਕਲਪਿਤ ਦੇਵਤਾ ਹੈ ਜੋ ਪਿੰਡ ਦੀ ਬੁਨਿਆਦ ਰਖਣ ਵਾਲਾ ਕੋਈ ਬਜ਼ੁਰਗ ਜਾਂ ਕੁਲ-ਕਟੁੰਬ ਦਾ ਵਡੇਰਾ ਵੀ ਹੋ ਸਕਦਾ ਹੈ।ਪਿੰਡ ਦਾ ਨਿਰਮਾਣ ਕਰਨ ਸਮੇਂ ਕੁਲ ਦਾ ਵਡੇਰਾ ਭੂੰਮੀਏ ਦਾ ਸਥਾਨ ਨਿਸਚਿਤ ਕਰਦਾ ਹੈ। ਘਿਓ ਦੀ ਜੋਤ ਜਗਾਈ ਜਾਂਦੀ ਹੈ ਅਤੇ ਹੋਰ ਭੇਟਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ।[1]

ਭੂੰਮੀਆ ਦੀ ਪੂਜਾ ਐਤਵਾਰ ਨੂੰ ਕੀਤੀ ਜਾਂਦੀ ਹੈ। ਕਈ ਬ੍ਰਾਹਮਣ ਨੂੰ ਭੋਜ ਵੀ ਦਿੰਦੇ ਹਨ। ਨਵੇਂ ਜੰਮੇ ਬੱਚੇ ਨੂੰ ਪਹਿਲੀ ਵਾਰ ਐਤਵਾਰ ਨੂੰ ਹੀ ਭੂੰਮੀਏ ਦੀ ਮਾੜੀ ਉਤੇ ਲਿਜਾਇਆ ਜਾਂਦਾ ਹੈ।ਕਈ ਲੋਕ ਬੱਚੇ ਦੇ ਜਨਮ ਸਮੇਂ ਦਿਉਤੇ ਨੂੰ ਪੰਜ ਪੂਲੇ ਦੁਬ ਘਾਹ ਦੇ ਭੇਂਟ ਕਰਦੇ ਹਨ। ਨਵੀਂ ਸੂਈ ਜਾਂ ਨਵੀਂ ਖ਼ਰੀਦੀ ਗਊ ਮੱਝ ਅਥਵਾ ਲਵੇਰੇ ਦੇ ਦੁੱਧ ਦੀਆਂ ਪਹਿਲੀਆਂ ਧਾਰਾਂ ਭੂੰਮੀਏ ਨੂੰ ਭੇਂਟ ਕੀਤੀਆਂ ਜਾਂਦੀਆ ਹਨ। ਭੂੰਮੀਏ ਨੂੰ ਕਈ ਥਾਈਂ ਚੌਦਸ ਵਾਲੇ ਦਿਨ ਭੇਟਾ ਦਿੱਤੀਆਂ ਜਾਂਦੀਆਂ ਹਨ। ਗੁੜਗਾਵਾਂ ਵਿੱਚ ਭੂੰਮੀਏ ਦੀ ਪੂਜਾ ਚੌਦਸ ਨੂੰ ਕੀਤੀ ਜਾਂਦੀ ਹੈ। ਭੂੰਮੀਏ ਮੂਲ ਰੂਪ ਵਿੱਚ ਕਲਿਆਣੀ ਰੂਹ ਹੈ। ਭੂੰਮੀਆਂ ਲੋਕਾਂ ਦੇ ਦੁੱਖ ਦਰਦ ਸੁਣਦਾ ਹੈ। ਇਹ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਂਦਾ, ਪਰ ਜੇ ਕੋਈ ਮਨੁੱਖ ਭੂੰਮੀਆਂ ਦਾ ਅਪਮਾਨ ਕਰੇ, ਉਸ ਦੀ ਮਾੜੀ ਲਾਗੇ ਮੈਲਾ ਸੁੱਟੇ, ਪਿਠ ਕਰਕੇ ਮੰਜੀ ਉੱਤੇ ਸੌਂਵੇਂ ਜਾਂ ਦਾਤਨ ਕਰ ਕੇ ਮਾੜੀ ਉੱਤੇ ਸੁੱਟੇ ਤਾਂ ਉਸ ਨੂੰ ਸਜ਼ਾ ਵੀ ਦਿੰਦਾ ਹੈ। ਪਰੰਤੂ ਸੁਖਣਾ ਸੁਖਕੇ ਜਾਂ ਪੂਜਾ ਅਰਚਾ ਕਰਕੇ ਮਨਾਇਆ ਜਾਂਦਾ ਹੈ।

ਖੇੜਾ ਦਿਉਤਾ[ਸੋਧੋ]

ਖੇੜਾ ਪਿੰਡ ਦਾ ਹੀ ਇੱਕ ਦਿਉਤਾ ਹੈ, ਜਿਸਦਾ ਦਰਜਾ ਭੂੰਮੀਏ ਨਾਲੋਂ ਛੋਟਾ ਹੈ। ਮੂਲ ਵਿੱਚ ਇਹ ਪਿੰਡ ਦਾ ਰੱਖਿਅਕ ਹੈ। ਕਈ ਵਾਰ ਖੇੜਾ ਦਿਉਤੇ ਤੇ ਭੂੰਮੀਏ ਦਾ ਏਕੀਕਰਣ ਵੀ ਕਰ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਛੋਟੇ ਪਿੰਡਾਂ ਵਿੱਚ ਹੀ ਖੇੜੇ ਦਿਉਤੇ ਦੀ ਪੂਜਾ ਹੁੰਦੀ ਹੈ। ਵੱਡੇ ਵਿੱਚ ਭੂੰਮੀਏ ਦੀ, ਪਰ ਕਈ ਪਿੰਡਾਂ ਵਿੱਚ ਭੂੰਮੀਏ ਦਿਉਤੇ ਦੇ ਨਾਲੋਂ ਅਲਹਿਦਾ ਖੇੜਾ ਦਿਉਤਾ ਵੀ ਵੇਖਣ ਵਿੱਚ ਆਇਆ ਹੈ। ਅਜਿਹੀ ਸਥਿਤੀ ਵਿੱਚ ਖੇੜਾ ਪਿੰਡ ਦੇ ਪਸ਼ੂਆਂ ਦੀ ਰੱਖਿਆ ਕਰਦਾ ਹੈ ਤੇ ਭੂੰਮੀਆਂ ਪਿੰਡ ਦੇ ਸਾਰੇ ਜੀਆਂ ਤੇ ਖੇਤਾਂ ਦੀ। ਵੈਸੇ ਵੀ ਖੇੜਾ ਦਿਉਤਾ ਤੇ ਭੂੰਮੀਆਂ ਦੇ ਅਧਿਕਾਰ ਖੇਤਰ ਅਲੱਗ ਅਲੱਗ ਹਨ। ਖੇੜਾ ਪਿੰਡ ਦੇ ਲੋਕਾਂ ਦਾ ਰੱਖਿਅਕ ਹੈ। ਇਸ ਡਾ ਅਧਿਕਾਰ ਖੇਤਰ ਸੀਮਤ ਹੈ। ਕਈ ਵਾਰ ਇਹ ਪਿੰਡ ਦੇ ਪਸੂਆਂ ਦਾ ਵੀ ਰਾਖਾ ਹੁੰਦਾ ਹੈ।

ਪਿੰਡ ਬੰਨਣ ਵੇਲੇ ਸਭ ਤੋ ਪਹਿਲਾਂ ਇੱਟਾਂ ਚੂਨੇ ਦਾ ਇੱਕ ਥੜ੍ਹਾ ਬਣਾਇਆ ਜਾਂਦਾ ਹੈ। ਜਿਸ ਦੇ ਵਿਚਕਾਰ ਅਰਧ ਅੰਡਾਕਾਰ ਗੋਲਾ ਬਣਾਇਆ ਜਾਂਦਾ ਹੈ। ਇਸ ਵਿੱਚ ਦੀਵਾ ਬਾਲਣ ਲਈ ਗੋਲਾ ਬਣਾਇਆ ਜਾਂਦਾ ਹੈ। ਇਸ ਵਿੱਚ ਦੀਵੇ ਬਾਲਣ ਲਈ ਆਲਾ ਰੱਖਿਆ ਜਾਂਦਾ ਹੈ। ਬਸ, ਇਹੋ ਖੇੜਾ ਦਿਉਤੇ ਦਾ ਅਸਥਾਨ ਹੈ।

ਪਿੰਡਾਂ ਕਈ ਵਿੱਚ, ਪਿੰਡ ਦੇ ਮੂਹਰਲੇ ਦਰਵਾਜ਼ੇ ਅੱਗੇ ਲੱਕੜੀ ਦਾ ਇੱਕ ਢਾਂਚਾ ਜਿਹਾ ਬਣਾ ਕੇ ਖੜਾ ਕਰ ਦਿੱਤਾ ਜਾਂਦਾ ਹੈ। ਇਸ ਦੀਆਂ ਬਾਹਾਂ ਫੈਲੀਆਂ ਹੁੰਦੀਆਂ ਹਨ। ਇਹ ਢਾਂਚਾ ਖੇੜਾ ਦਾ ਹੀ ਹੈ, ਜੋ ਪਿੰਡ ਦੇ ਲੋਕਾਂ ਦੀਆਂ ਬਿਮਾਰੀਆਂ ਤੋ ਰੱਖਿਆ ਕਰਦਾ ਹੈ। ਖੇੜਾ ਦਿਉਤੇ ਦੀ ਪੂਜਾ ਐਤਵਾਰ ਨੂੰ ਕੀਤੀ ਜਾਂਦੀ ਹੈ।ਜੀਂਦ ਵਿੱਚ ਚਾਹਿਲ ਗੋਤ ਦੇ ਜੱਟ ਖੇੜਾ ਭੂੰਮੀਆਂ ਨੂੰ ਪੂਜਦੇ ਹਨ।

ਖੇਤਰਪਾਲ[ਸੋਧੋ]

ਪੰਜਾਬ ਦੇ ਪਿੰਡ ਦੀ ਆਰਥਿਕਤਾ ਵਾਹੀ ਖੇਤੀ ਦੀ ਚੂਲ ਦੁਆਲੇ ਘੁੰਮਦੀ ਹੈ। ਖੇਤ ਕਿਸਾਨਾਂ ਲਈ ਆਸਾਂ ਵੀ ਹਨ। ਸ਼ਕਤੀ ਵੀ ਹਨ ਅਤੇ ਜੀਵਨ ਨਿਰਬਾਹ ਵੀ ਸਵੈਂ-ਰੱਖਿਆ ਲਈ ਜੋ ਕੋਈ ਪੈਂਡੂ ਦੇਵੀ-ਦਿਉਤਿਆਂ ਦਾ ਸਹਾਰਾ ਲੈਂਦਾ ਹੈ ਤਾਂ ਖੇਤਾਂ ਦੀ ਰੱਖਿਆਂ ਲਈ ਵੀ ਕਿਸੇ ਦਿਉਤੇ ਦੀ ਪੂਜਾ ਕਰਨੀ ਸੁਭਾਵਿਕ ਹੈ। ਖੇਤਾ ਨਾਲ ਸੰਬੰਧਿਤ ਵੀ ਕਿਸੇ ਦਿਉਤੇ ਖੇਤਾਂ ਦੀ ਕੁਦਰਤੀ ਆਫਤਾਂ, ਮੀਹ ਝੱਖੜ ਤੇ ਹਨੇਰੀ ਤੋਂ ਰੱਖਿਆ ਕਰਦੇ ਹਨ ਅਤੇ ਪੈਂਦਾਵਾਰ ਵਧਾਂਦੇ ਹਨ। ਅਜਿਹੇ ਦਿਉਤਿਆਂ ਵਿੱਚ ਪ੍ਰਮੁੱਖ ਸਥਾਨ ਖੇਤਰਪਾਲ ਦਾ ਹੈ।

ਖੇਤਰਪਾਲ ਦਾ ਅਸਥਾਨ ਖੇਤਾਂ ਵਿੱਚ ਹੀ ਬਣਾਇਆਂ ਜਾਂਦਾ ਹੈ। ਫ਼ਸਲ ਦੀ ਵਾਢੀ ਵੇਲੇ ਉਸਨੂੰ ਭੇਟਾਂ ਚਾੜ੍ਹਈਆਂ ਜਾਂਦੀਆਂ ਹਨ। ਕੁਦਰਤੀ ਆਫ਼ਤਾ ਵੇਲੇ ਵੀ ਫ਼ਸਲ ਦੀ ਰੱਖਿਆ ਲਈ ਖੇਤਰਪਾਲ ਨੂੰ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ ਤੇ ਕਈ ਵਾਰ ਕੁੱਕੜ ਦੀ ਬਲੀ ਵੀ ਦਿੱਤੀ ਜਾਂਦੀ ਹੈ। ਆਮ ਤੌਰ 'ਤੇ ਖੇਤਰਪਾਲ ਦੀ ਪੂਜਾ ਐਤਵਾਰ ਨੂੰ ਕੀਤੀ ਜਾਂਦੀ ਹੈ।

ਖੇੇਤਰਪਾਲ ਨੂੰ ਭੈਰੋਂ ਦਾ ਇੱਕ ਰੂਪ ਮੰਨਿਆਂ ਗਿਆ ਹੈ। ਇਸਦੀ ਪੂਜਾ ਪੂਰਵ-ਅਰਿਆਈ ਕਾਲ ਵਿੱਚ ਦਗਵਾੜਾਂ ਵਿੱਚ ਪ੍ਰਚੱਲਿਤ ਸੀ। ਖੇਤਰਪਾਲ ਦੀ ਪੂਜਾ ਵੀ ਧਰਤੀ ਮਾਤਾ ਦੀ ਪੂਜਾ ਦਾ ਵਿਸਥਾਰ ਹੈ। ਖੇਤਰਪਾਲ ਨੂੰ ਉਤਪਾਦਨ ਦਾ ਵੀ ਦਿਉਤਾ ਮੰਨਿਆ ਗਿਆ ਹੈ। ਇਸਦੀ ਪੂਜਾ ਨਾਲ ਭੋਇੰ ਦੀ ਜਣਨ ਸ਼ਕਤੀ ਵਿੱਚ ਵਾਧਾ ਹੰੰੁਦਾ ਹੈ। ਦਗਵਾੜਾ ਵਿੱਚ ਭੈਰੋਂ ਧਾਰਤੀ ਮਾਤਾ ਦੇ ਹੀ ਸੰਗੀ ਗੋਲੀ ਦਾ ਇੱਕ ਰੂਪ ਹੈ।

ਪੰਜਾਬ ਵਿੱਚ ਜਦੋਂ ਫ਼ਸਲ ਪੱਕਦੀ ਹੈ ਤਾਂ ਬ੍ਰਾਹਮਣਾਂ ਨੂੰ ਸੱਦ ਕੇ ਫ਼ਸਲ ਵੱਢਣ ਲਈ ਕੋਈ ਸ਼ੁਭ ਮਹੂਰਤ ਕੱਢਿਆਂ ਜਾਂਦਾ ਹੈ। ਉਸ ਸ਼ੁਭ ਦਿਨ ਵਾਢੀ ਸ਼ੁਰੂ ਕਰਨ ਤੋਂ ਪਹਿਲਾਂ ਰੋਟੀ ਦੀਆਂ ਪੰਜ ਗਰਾਹੀਆਂ ਜਾਂ ਇੱਕ ਜਲ ਦਾ ਕੁੰਭ ਤੇ ਫ਼ਸਲ ਦੀ ਕੋਈ ਗੁਠ ਖੇਤਰਪਾਲ ਲਈ ਰਾਖਵੀ ਕਰ ਦਿੱਤੀ ਜਾਂਦੀ ਹੈ।ਖੇਤਰਪਾਲ ਦਾ ਏਕੀਕਰਣ ਕਈ ਵਾਰ ਭੂੰਮੀਏ ਨਾਲ ਵੀ ਕਰ ਲਿਆ ਜਾਂਦਾ ਹੈ। ਅਸਲ ਵਿੱਚ ਭੂਮੀਆਂ ਜੋ ਭੈਰੋਂ ਦਾ ਹੀ ਇੱਕ ਰੂਪ ਹੈ, ਪਿੰਡ ਦਾ ਪ੍ਰਧਾਨ ਦਿਉਤਾ ਹੈ ਬਾਕੀ ਸਾਰੇ ਦਿਉਤੇ ਉਸਦਾ ਰੂਪ ਹੀ ਮੰਨੇ ਜਾਂਦੇ ਹਨ।

ਸੀਮਾ ਦਿਉਤਾ[ਸੋਧੋ]

ਗ੍ਰਾਮ ਦਿਉਤਿਆ ਵਿੱਚ ਸੀਮਾ ਦਿਉਤੇ ਨੂੰ ਵੀ ਮਹਤਵਪੂਰਣ ਸਥਾਨ ਪ੍ਰਾਪਤ ਹੈ। ਇਸ ਦਾ ਅਧਿਕਾਰ ਪਿੰਡ ਦੀ ਸੀਮਾ ਦੇ ਅੰਦਰ ਹੁੰਦਾ ਹੈ ਤੇ ਬਦਰੂਹਾਂ,ਰੋਗ ਅਤੇ ਬਿਮਾਰੀਆਂ ਵਾਲੀ ਖੋਰੂ ਸ਼ਕਤੀਆਂ ਨੂੰ ਸੀਮਾ ਤੋਂ ਦੂਰ ਰੱਖਣਾ ਹੈ ਅਤੇ ਪਿੰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਫੈਲਣ ਤੋਂ ਰੋਕਦਾ ਹੈ।

ਧਰਨਾ ਹੈ ਕਿ ਹਰ ਪਿੰਡ ਦੇ ਦਿਉਤੇ ਹੁੰਦੇ ਹਨ ਜੋ ਪਿੰਡ ਦੀ ਰੱਖਿਆ ਕਰਦੇ ਹਨ। ਪਿੰਡ ਦੀ ਸੀਮਾ ਤੋ ਪਾਰ ਵੱਖਰਾ ਖੇਤਰ ਸ਼ੁਰੂ ਹੋ ਜਾਂਦਾ ਹੈ,ਜਿਸ ਉਤੇ ਬਾਹਰਲੇ ਦਿਉਤੇ ਦਾ ਅਧਿਕਾਰ ਹੁੰਦਾ ਹੈ। ਇਸ ਲਈ ਪਹਿਲੀਆਂ ਵਿੱਚ ਵਿਆਹ ਵੇਲੇ,ਪਿੰਡੋਂ ਬਾਹਰ ਜਾਣ ਲਗਿਆ,ਬਾਰਾਤ ਸੀਮਾ ਉੱਤੇ ਪੁਜ ਕੇ ਪਹਿਲਾ ਆਪਣੇ ਦਿਉਤੇ ਪੂਜਦੀ ਤੇ ਫਿਰ ਸੀਮਾ ਨੂੰ ਪਾਰ ਕਰਕੇ ਬਾਹਰਲੇ ਦਿਉਤਿਆ ਨੂੰ ਪੂਜ ਕੇ ਉਹਨਾਂ ਦੀ ਬਖਸ਼ਿਸ਼ ਮੰਗਦੀ ਹੈ। ਬਾਹਰ ਦੇ ਦਿਉਤਿਆ ਨੂੰ ਰੀਝਾਨਾ ਉਤਨਾ ਹੀ ਜਰੂਰੀ ਸੀ,ਜਿਤਨਾ ਆਪਣੇ ਦਿਉਤੇ ਨੂੰ ਪੂਜਣਾ,ਪਰ ਹੁਣ ਰਸਮ ਕੇਵਲ ਨਦੀ ਪਾਰ ਕਰਨ ਵੇਲੇ ਕੀਤੀ ਜਾਂਦੀ ਹੈ।

ਜਦੋਂ ਕਿਧਰੇ ਨਾਲ ਦੇ ਪਿੰਡ ਵਿੱਚ ਕੋਈ ਬਿਮਾਰੀ ਫੈਲ ਗਈ ਹੋਵੇ ਤਾ ਪਿੰਡ ਦੇ ਵਸਦੇ ਲੋਕਾਂ ਤੇ ਪਸ਼ੂਆਂ ਦੀ ਰੱਖਿਆ ਲਈ ਸੀਮਾ ਦਿਉਤੇ ਦੀ ਪੂਜਾ ਜਰੂਰੀ ਸਮਝੀ ਜਾਂਦੀ ਹੈ। ਕਈ ਵਾਰ ਜਲ ਦੇ ਭਰੇ ਤਿੰਨ ਕੁੰਭ ਪੰਡਿਤ ਸਿਰ ਉੱਤੇ ਚੁੱਕ ਕੇ ਸਾਰੇ ਪਿੰਡ ਦੀ ਸੀਮਾ ਦੀ ਪਰਿਕਰਮਾ ਕਰਦਾ ਹੈ। ਉਸਦੇ ਅੱਗੇ-ਅੱਗੇ ਇੱਕ ਭਾਂਡੇ ਵਿੱਚ ਗੋਹੇ ਦੀ ਇੱਕ ਧੁਖਦੀ ਪਾਥੀ ਉੱਤੇ ਹਰਮਲ ਤੇ ਮਿਰਚਾਂ ਸੁੱਟੀ,ਇੱਕ ਪੁਰੋਹਤ ਮੰਤਰ ਪੜ੍ਹਦਾ ਜਾਂਦਾ ਹੈ ਅਤੇ ਜਿਥੋਂ ਗੇੜਾ ਸ਼ੁਰੂ ਕੀਤਾ ਜਾਂਦਾ ਹੈ,ਉਥ੍ਹੇ ਹੀ ਖ਼ਤਮ ਕਰਕੇ ਕਾਰ ਜਿਹੀ ਵਾਹ ਦਿੱਤੀ ਜਾਂਦੀ। ਨਾਲੋਂ ਨਾਲ ਮੰਤਰਾਂ ਦਾ ਜਾਪ ਵੀ ਕੀਤਾ ਜਾਂਦਾ। ਧਾਰਨਾ ਹੈ ਕਿ ਇਸ ਤਰ੍ਹਾਂ ਬਾਹਰੋਂ ਕੋਈ ਬਲਾ ਸੀਮਾ ਅੰਦਰ ਨਹੀਂ ਘੁਸ ਸਕਦੀ।

ਕਈ ਪਿੰਡਾਂ ਦੀ ਸੀਮਾ ਉੱਤੇ ਦਰਵਾਜ਼ਾ ਬਣਾਇਆ ਹੁੰਦਾ ਹੈ। ਉਸ ਦਰਵਾਜ਼ੇ ਉਤੇ ਹੀ ਪੂਜਾ ਅਰਚਨਾ ਕਰ ਕੇ ਸੀਮਾ ਦਿਉਤਾ ਪ੍ਰਸੰਨ ਕੀਤਾ ਜਾਂਦਾ ਹੈ। ਸੀਮਾ ਉੱਤੇ ਕਿਸੇ ਬ੍ਰਿਛ ਹੇਠ ਪੱਥਰ-ਗੀਟਿਆ ਦੀ ਸ਼ਕਲ ਵਿੱਚ ਲੱਗਾ ਢੇਰ ਹੀ ਸੀਮਾ ਦਿਉਤਾ ਦਾ ਸਥਾਨ ਹੁੰਦਾ ਹੈ,ਪਰ ਹੁਣ ਇਸ ਦੀ ਪੂਜਾ ਕੁਝ ਪਛੜੇ ਪਿੰਡਾਂ ਵਿੱਚ ਹੀ ਪ੍ਰਚਿਲਤ ਰਹਿਗਈ ਹੈ।[2]

ਹਵਾਲੇ[ਸੋਧੋ]

  1. ਡਾ ਭੁਪਿੰਦਰ ਸਿੰਘ ਖਹਿਰਾ,ਡਾ ਸੁਰਜੀਤ ਸਿੰਘ (2012). "ਲੋਕਧਾਰਾ ਦੀ ਭੂਮਿਕਾ". ਪਬਲੀਕੇਸ਼ਨ,ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ. p. 18. {{cite web}}: |access-date= requires |url= (help); Missing or empty |url= (help)
  2. ਡਾ ਭੁਪਿੰਦਰ ਸਿੰਘ ਖਹਿਰਾ ਡਾ ਸੁਰਜੀਤ ਸਿੰਘ (2010). "ਲੋਕਧਾਰਾ ਦੀ ਭੂਮਿਕਾ". ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ. {{cite web}}: |access-date= requires |url= (help); Missing or empty |url= (help)

2. ਡਾ .ਜੀਤ ਸਿੰਘ ਜੋਸ਼ੀ "ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ" ਲਾਹੌਰ ਬੁੱਕ ਸ਼ਾਪ, ਲੁਧਿਆਣਾ {2004}