ਗਾਡੀ ਲੁਹਾਰ ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
                    ਗਾਡੀ ਲੁਹਾਰ ਕਬੀਲਾ : ਲੋਕ ਵਿਸ਼ਵਾਸ

ਗਾਡੀ ਲੁਹਾਰ ਕਬੀਲੇ ਦੇ ਲੋਕ ਵਿਸ਼ਵਾਸ ਅਡੋਲ ਬਿਰਤੀ ਅਤੇ ਧਾਰਮਿਕ ਸ਼ਰਧਾ ਦੀ ਮਿੱਸ ਵਾਲੇ ਹਨ। ਕਬੀਲੇ ਦਾ ਵਸੇਬਾ ਨਿਸ਼ਚਿਤ ਨਹੀਂ ਹੈ ਇਸ ਲਈ ਫਿਰਤੂ ਜੀਵਨ ਦੀਆਂ ਆਰਥਿਕ ਮੰਦਹਾਲੀਆਂ ਅਤੇ ਪਰੰਪਰਾਗਤ ਧਾਰਨਾਵਾਂ ਅਜਿਹੇ ਸੰਕਲਪਾਂ ਨੂੰ ਪੱਕੇ ਕਰਨ ਵਿਚ ਮੁੱਖ ਭੂਮਿਕਾ ਅਦਾ ਕਰਦੀਆ ਹਨ, ਜਿੰਨ੍ਹਾਂ ਸੰਕਲਪਾਂ ਵਿਚ ਧਾਰਮਿਕ ਸ਼ਰਧਾ ਅਤੇ ਟੇਬੂ ਦਾ ਭੈਅ ਲੁਪਤ ਹੋਵੇ। ਫਿਰਤੂ ਜੀਵਨ ਦੀਆਂ ਅਸੁਰੱਖਿਅਤ ਸਥਿਤੀਆਂ ਵਿਚ ਘਿਰਿਆ ਮਨੁੱਖ ਅਜਿਹੀਆਂ ਕਰਾਮਾਤੀ ਸ਼ਕਤੀਆਂ 'ਤੇ ਟੇਕ ਰੱਖਣ ਲੱਗਦਾ ਹੈ ਜਿਸ ਬਾਰੇ ਉਸਨੂੰ ਵਿਸ਼ਵਾਸ ਹੋਵੇ ਕੀ ਪੂਜਾ ਅਰਾਧਨਾ ਦੁਆਰਾ ਇਹ ਕਰਾਮਾਤੀ ਸ਼ਕਤੀਆਂ ਉਹਨੂੰ ਕਿਸੇ ਵੀ ਸੰਕਟ ਵਿਚੋਂ ਬਾਹਰ ਕੱਢਣ ਦੇ ਸਮੱਰਥ ਹਨ ਜਾਂ ਘੱਟੋ ਘੱਟ ਉਸ ਉਤੇ ਕ੍ਰੋਪ ਨਹੀਂ ਹੋਣਗੀਆਂ। ਗਾਡੀ ਲੁਹਾਰ ਕਬੀਲੇ ਵਿਚ ਚਾਰ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਪ੍ਰਤਿ ਲੋਕ ਵਿਸ਼ਵਾਸ ਪ੍ਰਚਿਲਤ ਹਨ। (ੳ) ਕ੍ਰੋਪ ਸ਼ਕਤੀਆਂ

1.	ਆਈ ਲਾਚਾ (ਡਾਲੀਬਾਈ)
2.	ਖੇਤਲਾ (ਖੇਤਪਾਲ)

(ਅ) ਕੁਲ ਦੇਵਤੇ

1.	ਬਾਬਾ ਰਾਮ ਦਿਉ ਜੀ
2.	ਪਾਬੂ ਜੀ	
3.	ਗੋਗਾ ਜੀ
4.	ਭੈਰੋ ਜੀ

(ੲ) ਇਸ਼ਟ ਦੇਵ

1.	ਸ਼ਿਵ ਜੀ
2.	ਹਨੂਮਾਨ ਜੀ
3.	ਖਿਜ਼ਰ (ਜਲ ਦੇਵ)

(ਸ) ਇਸ਼ਟ ਦੇਵੀਆਂ

1.	ਕਾਲੀ ਦੇਵੀ
2.	ਸ਼ਿਕੰਬਰੀ ਦੇਵੀ
3.	ਸੀਤਲਾ
4.	ਸ਼ਾਰਦਾ 

ਪੂਜਾ ਵਿਧੀਆਂ (ੳ) 1. ਆਈ ਲਾਚਾ, ਅਣਵਿਆਹੀ ਮਾਂ ਬਣੀ, ਜਿਸਦੀ ਔਲਾਦ ਪੁਤਰ ਦੇ ਰੂਪ ਵਿਚ ਹੋਈ। ਖੇਤ ਵਿਚ ਪੈਦਾ ਹੋਣ ਕਾਰਨ ਉਸ ਨੇ ਆਪਣੇ ਪੁਤਰ ਦਾ ਨਾਂ ਖੇਤਲਾ ਰੱਖਿਆ। (ਵੇਖੋ ਦੰਤ ਕਥਾ ਆਈ ਲਾਚਾ) ਆਈ ਲਾਚਾ ਨੂੰ ਪੀੜਤ ਅਤੇ ਸਰਾਪੀ ਹੋਈ ਰੂਹ ਕਿਆਸ ਕੀਤਾ ਜਾਂਦਾ ਹੈ। ਜਿਸਦੇ ਕ੍ਰੋਪ ਤੋਂ ਬਚਣ ਜੋੜੀ ਆਈ ਲਾਚਾ ਨਮਿਤ 'ਰਤਜਗਾ' ਕਟਦੀ ਹੈ। ਇਹ ਪੂਜਾ 'ਘੂਗੜੀ ਬਾਟੋ ਦੀ' ਦੇ ਨਾਂ ਨਾਲ ਵੀ ਪ੍ਰਸਿੱਧ ਹੈ।

(ੳ) 2. ਖੇਤਲਾ ਦਾ ਜਨਮ ਰਾਜਪੂਤਾਨੀ ਅਣਖ ਅਤੇ ਇਖ਼ਲਾਕ ਦੀ ਉੱਚਤਾ ਦੇ ਵਿਪਰਿਤ ਹੋਇਆ। ਅਣਵਿਆਹੀ ਦੇ ਪੁੱਤ ਹੋਣ ਕਾਰਨ ਜੀਵਨ ਵਿਚ ਉਸਨੇ ਬੇਹੱਦ ਯਾਤਨਾ ਹੰਢਾਈ। ਇਸ ਲਈ ਕਬੀਲਾ ਸਮੁਦਾਇ ਪ੍ਰਤਿ ਉਸਦਾ ਰੋਹ ਪ੍ਰਚੰਡ ਰੂਪ ਵਿਚ ਕਿਆਸ ਕੀਤਾ ਜਾਂਦਾ ਹੈ। ਖੇਤਲਾ ਨਮਿਤ ਵਿਆਹ ਤੋਂ ਯਾਰਾਂ ਦਿਨ ਬਾਦ 'ਗਿਆਰਤ' ਦੀ ਪੂਜਾ ਸਮੇਂ ਜਨਮ ਲੈਣ ਵਾਲੀ ਸੰਤਾਨ ਦੇ ਸੁਖ਼ ਦੀ ਕਾਮਨਾ ਕੀਤੀ ਜਾਂਦੀ ਹੈ। ਜਿਸ ਵਿਚ ਬ੍ਰਹਾਮਣ ਭੋਜ ਦਿਤਾ ਜਾਂਦਾ ਹੈ।

(ਅ) 1. ਰਾਮ ਦਿਉ ਜੀ ਕਬੀਲੇ ਦੇ ਕੁਲ ਦੇਵਤਾ ਵਜੋਂ ਪੂਜੇ ਜਾਂਦੇ ਹਨ। ਕਬੀਲਾ ਵਿਸ਼ਵਾਸ ਅਨੁਸਾਰ, ਰਾਮ ਦਿਉ ਦੀ ਪਾਤਲੀ (ਚਿੰਨ੍ਹ) ਹਰ ਬਿਪਤਾ ਵਿਚ ਰੱਖਿਆ ਕਰਦੀ ਹੈ। ਰਾਮ ਦਿਉ ਜੀ ਦੇ ਕਰਾਮਾਤੀ ਜੀਵਨ ਬਾਰੇ ਅਨੇਕ ਦੰਤ ਕਥਾਵਾਂ ਪ੍ਰਚਿਲਤ ਹਨ। (ਵਿਸਥਾਰ ਲਈ ਵੇਖੋ: ਕਬੀਲੇ ਦੀਆਂ ਧਾਰਮਿਕ ਮਾਨਤਾਵਾਂ) ਇਨ੍ਹਾਂ ਦੀ ਪੂਜਾ ਧਨ, ਸਿਹਤ, ਖੁਸ਼ੀ ਅਤੇ ਕਬੀਲੇ ਦੀ ਸਲਾਮਤੀ ਹਿਤ ਕੀਤੀ ਜਾਂਦੀ ਹੈ। ਕਤਕ ਦੀ ਪੂਰਨਮਾਸ਼ੀ ਨੂੰ 'ਰੁਣੇਚਾ' ਪਿੰਡ ਸਥਿਤ ਸਲਾਨਾ ਮੇਲੇ ਸਮੇਂ ਬੱਕਰੇ ਦੀ ਬਲੀ ਜਾਂ ਮਖਾਣੇ, ਨਾਰੀਅਲ ਅਤੇ ਲੀਰਾਂ ਦੇ ਘੋੜੇ (ਅਸ਼ਵ) ਆਦਿ ਦੇ ਰੂਪ ਵਿਚ ਸ਼ੁਕਰਾਨਾ ਭੇਟ ਕੀਤਾ ਜਾਂਦਾ ਹੈ। ਭੂਤ-ਪ੍ਰੇਤ ਤੋਂ ਛੁਟਕਾਰੇ ਹਿਤ ਕੋਰਾ ਕੱਪੜਾ, ਦੇਸੀ ਘਿਓ ਆਦਿ ਨਾਲ ਪੱਕਿਆ ਪ੍ਰਸਾਦ ਚੜ੍ਹਾਇਆ ਜਾਂਦਾ ਹੈ। ਟੱਬਰ ਦੀ ਸੁੱਖ ਸ਼ਾਂਤੀ ਲਈ ਤਾਵੀਜ਼ ਦੇ ਰੂਪ ਵਿਚ ਰਾਮ ਦਿਉ ਜੀ ਆਕ੍ਰਿਤੀ ਗਲ ਵਿਚ ਪਹਿਨੀ ਜਾਂਦੀ ਹੈ।

(ਅ) 2. ਪਾਬੂ ਜੀ ਮਾਰਵਾੜ ਵਿਚ ਪੈਦਾ ਹੋਏ। ਕਸਾਈਆਂ ਹੱਥੋਂ ਇਕ ਗਰੀਬ ਔਰਤ ਦੀਆਂ ਗਊਆਂ ਦੀ ਰੱਖਿਆ ਕਰਨ ਹਿੱਤ ਵਿਆਹ ਦੀ ਵੇਦੀ ਤੋਂ ਹੀ ਉਠ ਕੇ ਚੱਲੇ ਗਏ। ਪਸੂ ਧਨ, ਵਿਉਪਾਰ ਵ੍ਰਿਧੀ ਅਤੇ ਸਫ਼ਰ ਦੀ ਮੰਗਲ ਕਾਮਨਾ ਹਿੱਤ ਪਾਬੂ ਜੀ ਦੇ ਨਮਿਤ ਦੇਸ ਘਿਓ ਦੀ ਚੂਰੀ ਮਾਦਾ ਪਸ਼ੂਆਂ ਨੂੰ ਖੁਆਈ ਜ਼ਾਦੀ ਹੈ।

(ਅ) 3. ਗੋਗਾ ਜੀ ਦਦਰੇਵਾ ਪਿੰਡ ਵਿਚ ਜਨਮੇਂ ਅਤੇ ਮੇੜ੍ਹੀ ਪਿੰਡ ਵਿਚ ਆਪਣੇ ਅਸ਼ਵ ਸਮੇਤ ਧਰਤੀ ਵਿਚ ਸਮਾ ਗਏ। ਉਹਨਾਂ ਗੋਰਖ ਦੇ ਵਰ ਨਾਲ ਰਿਧੀਆਂ ਸਿਧੀਆਂ ਪ੍ਰਾਪਤ ਕੀਤੀਆਂ। ਕਬੀਲੇ ਵਿਚ ਗੋਗਾ ਜੀ ਦੀ ਪੂਜਾ ਵਿਸ਼-ਮੁਕਤੀ ਅਤੇ ਪੁੱਤਰ ਪ੍ਰਾਪਤੀ ਹਿੱਤ ਗੁਲਗਲੇ ਅਤੇ ਸੇਵੀਆਂ ਵੰਡ ਕੇ ਕੀਤੀ ਜਾਂਦੀ ਹੈ।

(ਅ) 4. ਭੈਰੋ ਜੀ ਦੇ ਜਨਮ ਸੰਬੰਧੀ ਸ਼ਿਵ ਪੁਰਾਣ ਵਿਚ ਵੀ ਉਲੇਖ ਹੈ। ਕਬੀਲੇ ਵਿਚ ਇਹ ‘ਕਲ ਭੈਰੋ’ ਦੇ ਨਾਂ ਨਾਲ ਵਧੇਰੇ ਪ੍ਰਸਿੱਧ ਹਨ। ਭੂਤਾਂ ਪ੍ਰੇਤਾਂ ਵਿਚ ਵਿਸ਼ਵਾਸੀ, ਕਬੀਲੇ ਦੇ ਲੋਕਾਂ ਅਨੁਸਾਰ, ਭੈਰੋ ਜੀ ਦੇ ‘ਬਾਤੁਕ’ ਸਰੂਪ ਨੂੰ ਕਲਿਆਣਕਾਰੀ ਕਾਰਜਾਂ ਹਿੱਤ ਧਿਆਇਆ ਜਾਂਦਾ ਹੈ। ਜਦ ਕਿ ‘ਕਲ ਭੈਰੋ’ ਦੇ ਸਰੂਪ ਨੂੰ (ਕਿਸੇ ਦੂਜੀ ਧਿਰ ਦੇ) ਨੁਕਸਾਨ ਹਿੱਤ ਧਿਆਇਆ ਜਾਂਦਾ ਹੈ। ਇਸ ਲਈ ‘ਬਾਤੁਕ ਭੈਰੋ’ ਦੀ ਪੂਜਾ ਪੂਰਵ ਦੁਪਿਹਰ, ਖੋਪਾ, ਤੇਲ, ਉੜਦ ਦੀ ਦਾਲ, ਚੂਰਮਾਂ ਅਤੇ ਗੁਲਗਲਿਆਂ ਨਾਲ ਕੀਤੀ ਜਾਂਦੀ ਹੈ, ਜਦ ਕਿ ‘ਕਲ ਭੈਰੋ’ਦੀ ਪੂਜਾ ਬਾਦ ਦੁਪਿਹਰ ਸੂਰ ਅਤੇ ਕੱਟੇ ਆਦਿ ਦੀ ਬਲੀ ਨਾਲ ਕੀਤੀ ਜਾਂਦੀ ਹੈ। ਕਬੀਲਾ ਵਿਸ਼ਵਾਸ ਅਨੁਸਾਰ, ਬਾਤੁਕ ਭੈਰੋ ਦੀ ਪੂਜਾ ਬਾਂਝ ਇਸਤਰੀ ਦੀ ਕੁੱਖ ਹਰੀ ਕਰ ਦਿੰਦੀ ਹੈ। ਅਤੇ ਕਲ ਭੈਰੋ ਦੀ ਪੂਜਾ ਜਾਦੂ ਟੂਣੇ ਦੇ ਪ੍ਰਭਾਵ ਨੂੰ ਖ਼ਤਮ ਕਰ ਦਿੰਦੀ ਹੈ। ਵਿਸਥਾਰ ਲਈ ਵੇਖੋ: ਕਬੀਲੇ ਦੇ ਜਨਮ ਸੰਸਕਾਰ।

(ੲ) 1.ਹਨੂਮਾਨ ਪੂਜਾ ਬੈਲ ਗੱਡੀ ਦੀ ਸਲਾਮਤੀ ਹਿੱਤ ਕੀਤੀ ਜਾਂਦੀ ਹੈ। ਕਬੀਲਾ ਵਿਸ਼ਵਾਸ ਅਨੁਸਾਰ, ਰਸਤਿਆਂ ਦੀ ਊਚ ਨੀਚ ਅਤੇ ਬੈਲ ਗੱਡੀ ਦੀ ਟੁਟ-ਭੱਜ, ਹਨੂਮਾਨ ਦੀ ਪੂਜਾ ਅਰਾਧਨਾ ਦੁਆਰਾ ਰੋਕੀ ਜਾ ਸਕਦੀ ਹੈ। ਇਹ ਪੂਜਾ ਨਵੀਂ ਗੱਡੀ ਦੀ ਆਮਦ ਸਮੇਂ ਹੀ ਕਾਰਨ ਦੀ ਰੀਤ ਹੈ। ਜਿਸ ਵਿਚ ਨਵੀਂ ਬੈਲ ਗੱਡੀ ਦੇ ਅਗਲੇਰੇ ਹਿੱਸੇ ਹੇਠ ਗਿੱਲੀ ਮਿੱਟੀ ਦੇ ਤੋਦੇ ਨਾਲ ਬਾਂਦਰ ਦੀ ਸ਼ਕਲ ਬਣਾ ਕੇ ਉਸ ੳਪਰ ਸੰਧੂਰ ਛਿੜਕਿਆ ਜਾਂਦਾ ਹੈ। ਬੈਲ ਗੱਡੀ ਦੇ ਪਹੀਆਂ ਨੇੜੇ ਅਗਨੀ ਬਾਲ ਕੇ ਹਵਨ ਸਮੱਗਰੀ ਪਾਈ ਜਾਂਦੀ ਹੈ।

(ੲ) 2. ਖਿਜ਼ਰ ਜਲ ਦੇਵਤਾ ਦਾ ਨਾਂ ਹੈ। ਕਬੀਲਾ ਵਿਸ਼ਵਾਸ ਅਨੁਸਾਰ ਜਲ ਦੇਵਤਾ ਦੀ ਪੂਜਾ ਉਸਦੇ ਕ੍ਰੋਪ ਤੋਂ ਬਚਾਓ ਹਿੱਤ ਕੀਤੀ ਜਾਂਦੀ ਹੈ। ਪੂਜਾ ਵਿਧੀ ਵਿਚ ਮੀਂਹ ਅਤੇ ਝੱਖੜ ਸਮੇਂ ਬੈਲ ਗੱਡੀ ਦੀ ਛੱਤ ਤੇ ਤਵਾ ਜਾਂ ਘੜਾ ਮੂਧਾ ਮਾਰ ਕੇ ਅਰਾਧਨਾ ਕੀਤੀ ਜਾਂਦੀ ਹੈ। ਰਾਜਸਥਾਨੀ ਗਾਡੀ ਲੁਹਾਰ ਖਿਜ਼ਰ ਦੀ ਥਾਵੇਂ ਇੰਦਰ ਦੇਵਤਾ ਦੀ ਪੂਜਾ ਕਰਦੇ ਹਨ ਕਿਉਂਕਿ ਉਹਨਾਂ ਜਾਚੇ ਖਿਜ਼ਰ ਮੁਸਲਮਾਨਾਂ ਦੀ ਪੀਰ ਹੈ।

(ਸ) 1. ਕਾਲੀ ਮਾਈ ਨੂੰ ਕਬੀਲੇ ਦੇ ਲੋਕ ਚਿਤੌੜ ਦੀ ਦੇਵੀ ਮੰਨਦੇ ਹਨ। ਉਹਨਾਂ ਅਨੁਸਾਰ ਕਿਲ੍ਹੇ ਦੇ ਪ੍ਰਾਚੀਨ ਮੰਦਿਰ ਵਿਚ ਦੇਵੀ ਦੀ ਮੂਰਤੀ ਸਥਿਤ ਹੈ। ਸੰਤਾਨ ਪ੍ਰਾਪਤੀ, ਚੋਰੀ ਤੋਂ ਰੱਖਿਆ, ਖੁਸ਼ਹਾਲੀ ਅਤੇ ਦੁਸ਼ਮਣ 'ਤੇ ਫਤਿਹ ਲਈ ਦੇਵੀ ਨਮਿਤ ਕਾਲਾ ਬੱਕਰਾ, ਕਾਲਾ ਕੁਕੜ, ਨਰ ਮਹਿਰੂ ਪਸੂ ਜਾਂ ਸ਼ਰਾਬ ਦਾ ਪ੍ਰਸਾਦ ਚੜ੍ਹਾਉਣ ਦੀ ਰੀਤ ਹੈ। ਕਬੀਲੇ ਦੇ ਲੋਕ ਕਿਸੇ ਵੀ ਸਮੇਂ, ਕਿਸੇ ਵੀ ਥਾਂ, ਕਾਲਾ ਪੱਥਰ ਥਾਪ ਕੇ, ਪੂਜਾ ਕਰ ਲੈਂਦੇ ਹਨ।

(ਸ) 2. ਸੀਤਲਾ ਮਾਤਾ ਛੂਤ ਨਿਵਾਰਕ ਦੇਵੀ ਮੰਨੀ ਗਈ ਹੈ। ਕਬੀਲੇ ਦੇ ਲੋਕ ਟੱਬਰ ਵਿਚ ਕਿਸੇ ਨੂੰ ਮਾਤਾ ਨਿਕਲ ਆਵੇ ਤਾਂ ਕੁਝ ਬੰਦਿਸ਼ਾਂ ਦੇ ਰੂਪ ਵਿਚ ਪੂਜਾ ਕਰਦੇ ਹਨ। ਜਿਸ ਪਰਿਵਾਰ ਵਿਚ ਮਾਤਾ ਦੀ ਕ੍ਰੋਪੀ ਹੋਵੇ, ਉਸ ਪਰਿਵਾਰ ਵਿਚ ਮਾਤਾ ਦਾ ਮੋੜਾ ਪੈਣ ਤੱਕ ਹੇਠ ਲਿਖੇ ਕਾਰਜ ਵਰਜਿਤ ਹਨ:  ਚੱਕੀ ਪੀਹਣੀ  ਵਾਲ ਧੋਣੇ  ਤੜਕਾ ਲਾਉਣਾ  ਵਾਲ ਕੱਟਣੇ  ਨਵੇਂ ਵਸਤਰ ਪਾਉਣੇ  ਮਾਸ ਰਿੰਨ੍ਹਣਾ ਆਦਿ ਦੇਵੀ ਦੀ ਸੁਆਰੀ ਖਰ (ਖੋਤਾ) ਮੰਨਿਆ ਗਿਆ ਹੈ।

ਕਬੀਲੇ ਵਿਚ ਬਹੁਤ ਸਾਰੇ ਵਿਸ਼ਵਾਸ ਕੁਝ ਚਿੰਨ੍ਹਾਂ ਦੇ ਅੰਦਾਜ਼ਾ ਲਾਉਣ ਨਾਲ ਵੀ ਜੁੜੇ ਹੋਏ ਹਨੇ। ਜਿਵੇ: 1. ਨਵਰਾਤਿਆਂ ਵਿਚ ਗਰੁੜ ਦਿਸਣ ਵਾਲੇ ਨੂੰ ਭਾਗਸ਼ਾਲੀ ਸਮਝਿਆ ਜਾਂਦਾ ਹੈ। 2. ਕਾਂ ਤੀਲ੍ਹੇ ਨੂੰ ਚੁੰਝ ਵਿਚ ਵਿਚਾਲਿਉਂ ਚੁੱਕ ਕੇ ਉਡਦਾ ਦਿਸੇ ਤਾਂ ਵਿਉਪਾਰ ਵਿਚ ਘਾਟਾ ਵਾਧਾ ਬਰਾਬਰ ਰਹਿੰਦਾ ਹੈ 3. ਬਲਦ ਪਿਠ ਜੋੜ ਕੇ ਬੈਠਣ ਤਾਂ ਕਾਲ ਪੈਣ ਦੀ ਸੰਭਾਵਨਾਂ ਸਮਝੀ ਜਾਂਦੀ ਹੈ। 4. ਬੈਲ ਗੱਡੀ ਅੱਗੋਂ ਨਿਉਲਾ ਸੱਜੇ ਤੋਂ ਖੱਬੇ ਨੂੰ ਟੱਪ ਜਾਵੇ ਤਾਂ ਸਫ਼ਰ ਵਿਚ ਅਟਕਾਅ ਪੈਣ ਦੀ ਸੰਭਾਵਨਾ ਸਮਝੀ ਜਾਂਦੀ ਹੈ। 5. ਸੱਪ ਮਾਰਨ ਸਮੇਂ ਉਸਦੇ ਸਰੀਰ ਵਿਚੋਂ ਜਿਆਦਾ ਲਹੂ ਨਾ ਨਿਕਲੇ ਤਾਂ ਵਪਾਰ ਵਿਚ ਵਾਧੇ ਦਾ ਸੰਕੇਤ ਸਮਝਿਆ ਜਾਂਦਾ ਹੈ। 6. ਖੋਤਾ ਖਬਿਉਂ, ਤਿੱਤਰ ਸੱਜਿਉਂ ਸੱਪ ਸਾਮ੍ਹਣੇ ਨਜ਼ਰ ਆਵੇ ਅਤੇ ਕਾਂ ਸੱਜੇ ਤੋਂ ਖੱਬੇ ਵੱਲ ਨੂੰ ਉਡੇ ਤਾਂ ਸ਼ੁਭ ਸ਼ਗਨ ਸਮਝਦੇ ਹਨ। 7. ਨਵਜਾਤ ਸ਼ਿਸ਼ੂ ਕਮਜ਼ੋਰ ਹੋਵੇ ਤਾਂ ਸੱਤ ਛਨਿਚਰਵਾਰ ਬੱਚੇ ਨੂੰ ਜੁਤੀਆਂ ਨਾਲ ਤੋਲ ਕੇ ਭੈਰੋ ਨਮਿਤ ਅਰਾਧਨਾ ਕੀਤੀ ਜਾਂਦੀ ਹੈ। 8. ਗ੍ਰਹਿਣ ਸਮੇਂ ਗਰਭਵਤੀ ਇਸਤਰੀ ਨੂੰ ਭੁੰਏ 'ਤੇ ਚੌਕੜੀ ਮਾਰ ਕੇ ਬਿਠਾ ਦੇਣ ਦਾ ਚਲਨ ਹੈ ਵਿਸ਼ਵਾਸ ਕੀਤਾ ਜਾਂਦਾ ਹੈ ਇਉਂ ਬੱਚਾ ਅਪੰਗ ਪੈਦਾ ਨਹੀਂ ਹੁੰਦਾ। 9. ਨਵਰਾਤਿਆਂ ਵਿਚ ਗਰੁੜ ਦਾ ਦਿਸਣਾ ਸ਼ੁੱਭ ਹੈ। 10. ਕਬੀਲਾ ਇਸਤਰੀ ਲਈ ਛਨਿਚਰਵਾਰ ਪੇਕਾ ਟੱਬਰ ਵਿਚ ਅਤੇ ਐਤਵਾਰ ਸੁਹਰੇ ਟੱਬਰ ਵਿਚ ਜਾਣਾ ਅਸ਼ੁਭ ਹੈ। ਸੁਪਨੇ ਵਿਚ ਪ੍ਰਭਾਵ 1. ਗਾਲ੍ਹਾਂ ਕੱਢਣੀਆਂ (ਲੜਾਈ ਝਗੜਾ) 2. ਗਧੇ ਦਿਸਣੇ (ਕੰਗਾਲੀ) 3. ਲੰਮੀ ਦਾੜੀ ਦਿਸਣੀ (ਭੈੜੀ ਕਿਸਮਤ) 4. ਕੱਪੜੇ ਸੜਨੇ (ਦੁਸ਼ਮਣੀ ਦਾ ਖਾਤਮਾ) 5. ਵੱਛੇ ਦਾ ਜਨਮ (ਖੁਸ਼ਹਾਲੀ) 6. ਕੁੱਤੇ ਦਾ ਪਿਛਾ ਕਰਨਾ (ਦੁਸ਼ਮਣ ਤੋਂ ਨੁਕਸਾਨ) 7. ਬਜ਼ੁਰਗ ਦੀ ਮੌਤ (ਖੁਸ਼ੀ ਦੀ ਖਬਰ) 8. ਬੈਲ ਗੱਡੀ ਦਾ ਡੁੱਬਣਾ (ਮੰਦਹਾਲੀ) ਓਹੜ ਪੋਹੜ 1. ਪਸੂ ਚਾਰਾ ਨਾ ਖਾਵੇ ਤਾਂ ਮੂੰਹ ਖੁਰ ਦੀ ਅਲਾਮਤ ਸਮਝੀ ਜਾਂਦੀ ਹੈ।ਅਜਿਹੀ ਹਾਲਤ ਵਿਚ ਪਸੂ ਨੂੰ ਤੱਤੀ ਰੇਤ ਉਪਰ ਖੜਾ ਕਰਦੇ ਹਨ। 2. ਤਾਪ ਚੜ੍ਹਨ ਤੇ ਕਾਲੀ ਭੰਬੋਲ ਦਾ ਕਾੜ੍ਹਾ ਪੀਂਦੇ ਹਨ। 3. ਕਿਸੇ ਬਾਲ ਨੂੰ ਖਾਂਸੀ ਹੋਵੇ ਤਾਂ ਮਲੱਠੀ ਚੱਬਣ ਲਈ ਪੀਲੂੰ ਖਾਣ ਲਈ ਦਿੱਤੀਆਂ ਜਾਂਦੀਆਂ ਹਨ। 4. ਦੰਦ ਪੀੜ ਸਮੇਂ ਮਸੂੜੇ ਨੂੰ ਨਮਕ ਮਲਣ ਨਾਲ ੳਪਾਅ ਕੀਤਾ ਜਾਂਦਾ ਹੈ। 5. ਕੁੱਕਰੇ ਜਾਂ ਗਰਮੀ ਕਾਰਨ ਅੱਖਾਂ ਦੁਖਦੀਆਂ ਹੋਣ ਤਾਂ ਅੱਖ ਵਿਚ ਫਟਕੜੀ ਦੀ ਬੱਤੀ ਫੇਰੀ ਜਾਂਦੀ ਹੈ। 6. ਫੋੜੇ ਫਿਨਸੀਆ ਨਿਕਲਨ ਤੇ ਨਿੰਮ ਦਾ ਘੋਲ ਪੀਤਾ ਜਾਂਦਾ ਹੈ। 7. ਔਰਤਾਂ ਦੇ ਗੁਪਤ ਰੋਗ, ਨਾੜੀਆਂ ਉਤੇ ਬਿੰਦ ਤਤੋਲੇ ਗੋਦ ਦੇ ਠੀਕ ਕੀਤੇ ਜਾਂਦੇ ਹਨ। 8. ਪੇਟ ਦਰਦ ਲਈ ਜਵੈਣ ਅਤੇ ਸੇਧਾਂ ਲੂਣ ਦੀ ਫੱਕੀ ਇਸਤੇਮਾਲ ਕੀਤੀ ਜਾਂਦੀ ਹੈ। 9. ਨਜ਼ਲਾ ਜੁਖ਼ਾਮ ਲਈ ਖਸਖਸ ਦੇ ਦਾਣੇ ਗੁੜ ਨਾਲ ਚੱਬਦੇ ਹਨ। 10. ਉਲਟੀ ਆਉਣ ਤੇ ਪਦੀਨੇ ਦੀ ਚਟਨੀ ਜਾਂ ਪਾਣੀ ਪੀਣ ਦਾ ਚਲਨ ਹੈ।


ਨੋਟ:ਸਮੁੱਚੀ ਜਾਣਕਾਰੀ ਕਬੀਲਾ ਵਿਅਕਤੀਆਂ ਪਾਸੋਂ ਸਮੇਂ ਸਮੇਂ ਪ੍ਰਾਪਤ


ਹਵਾਲੇ:- ਗਾਡੀ ਲੁਹਾਰ ਕਬੀਲੇ ਦਾ ਸਭਿਆਚਾਰ-ਕਿਰਪਾਲ ਕਜ਼ਾਕ-ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ


ਗਗਨਪ੍ਰੀਤ ਕੌਰ ਰੋਲ ਨੰਬਰ- 140160929 ਐਮ.ਏ ਭਾਗ- ਦੂਜਾ