ਗਿਆਨੀ ਮਹਾਂ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਿਆਨੀ ਮਹਾਂ ਸਿੰਘ
ਜਨਮ(1908-08-08)8 ਅਗਸਤ 1908
ਸਾਂਦੇ ਹਾਸ਼ਿਮ, ਫਿਰੋਜ਼ਪੁਰ, ਪੰਜਾਬ, ਭਾਰਤ
ਮੌਤ6 ਸਤੰਬਰ 1988(1988-09-06) (ਉਮਰ 80)
ਅੰਮ੍ਰਿਤਸਰ
ਕਿੱਤਾਸਿੱਖ ਪੱਤਰਕਾਰੀ
ਰਾਸ਼ਟਰੀਅਤਾਭਾਰਤ
ਪ੍ਰਮੁੱਖ ਕੰਮਆਦਿ ਬੀੜ ਦਾ ਸੰਕਲਨ ਕਾਲ"(1952), ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਗੁਰਮੁਖ ਜੀਵਨ (1969), 'ਖਾਲਸਾ ਸਮਾਚਾਰ ਅਖਬਾਰ ਦੀ ਸੰਪਾਦਕੀ
ਸਾਥੀਬਸੰਤ ਕੌਰ
ਬੱਚੇਰਾਜਿੰਦਰ ਕੌਰ, ਇਸ਼ਟਦੇਵ ਸਿੰਘ, ਇੰਦਰਜੀਤ ਕੌਰ
ਮਾਪੇਪਿਤਾ ਅਰਜਨ ਸਿੰਘ, ਮਾਤਾ ਰਾਧਾ ਕੌਰ

ਮਹਾਂ ਸਿੰਘ, ਗਿਆਨੀ: ਪੰਜਾਬੀ ਦਾ ਪ੍ਰਸਿੱਧ ਪੱਤਰਕਾਰ ਸੀ।

ਗਿਆਨੀ ਮਹਾਂ ਸਿੰਘ ਨੇ ਭਾਈ ਵੀਰ ਸਿੰਘ ਜੀ ਨਾਲ ਲਗਭਗ ਤਿੰਨ ਦਹਾਕਿਆਂ ਤੋਂ ਵਧ ਸਮਾ ਗੁਜ਼ਾਰਿਆ।[1] ਆਪ ਨੇ ਹਮੇਸ਼ਾ ਗੁਰਮਤਿ ਸਿਧਾਂਤਾਂ ਨੂੰ ਜ਼ਿੰਦਗੀ ਵਿਚ ਅਮਲੀ ਰੰਗ ਦੇਣ ਦੀ ਵਕਾਲਤ ਕੀਤੀ। ਸਿੱਖ ਇਤਿਹਾਸ ਸੰਪ੍ਰਦਾਵਾਂ, ਮਾਨਤਾਵਾਂ ਤੇ ਵਿਚਾਰਧਾਰਵਾਂ ਆਦਿ ਨੂੰ ਪਰਖਣ ਤੇ ਸ਼ੁੱਧ ਵਿਚਾਰਨ ਤੇ ਨਿਤਾਰਨ ਲਈ ਗੁਰਬਾਣੀ ਤੇ ਗੁਰ ਇਤਿਹਾਸ ਨੂੰ ਹੀ ਕਸਵੱਟੀ ਬਣਾਇਆ ਜੋ ਗੁਰਮਤਿ ਸਿਧਾਤਾਂ ਅਨੁਸਾਰ ਨਹੀਂ ਉਸ ਨੂੰ ਤਿਆਗਣ ਦੀ ਵਕਾਲਤ ਕੀਤੀ ਅਤੇ ਡਟ ਕੇ ਉਨ੍ਹਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਗੁਰੂਡੰਮ ਵਿਰੁੱਧ ਆਪ ਨੇ ਬਹੁਤ ਸਾਰੇ ਲੇਖ ਲਿਖੇ। ਸਿੱਖਾਂ ਦੇ ਸੁਨਹਿਰੇ ਅਤੀਤ ਨੂੰ ਪੇਸ਼ ਕਰਕੇ ਗੁੰਮਰਾਹ ਹੋਏ ਸਿੱਖਾਂ ਨੂੰ ਮੁੜ ਗੁਰੂ ਘਰ ਨਾਲ ਜੋੜਨ ਦਾ ਨਿੱਗਰ ਉਪਰਾਲਾ ਕੀਤਾ। ਇਸ ਦੇ ਨਾਲ ਨਾਲ ਉਹਨਾਂ ਆਦਰਸ਼ਾਂ ਦਾ ਪ੍ਰਚਾਰ ਕੀਤਾ ਜੋ ਸਿੰਘ ਸਭਾ ਨੇ ਅਪਣਾਏ ਸਨ ਅਤੇ ਨਾਲ ਹੀ ਭਾਈ ਵੀਰ ਸਿੰਘ ਦਾ ਪ੍ਰਭਾਵ ਵੀ ਕਬੂਲ ਕੀਤਾ। ਆਪ ਨੇ ਸਿੱਖ ਸਮੱਸਿਆਵਾਂ ਬਾਰੇ ਵਿਸਤਾਰ ਸਹਿਤ ਲਿਖਿਆ ਤੇ ਸਿੱਖਾਂ ਵਿਚ ਆ ਰਹੀ ਧਾਰਮਿਕ ਗਿਰਾਵਟ, ਸਮਾਜਿਕ ਬੁਰਾਈਆਂ, ਨਸ਼ਿਆਂ ਆਦਿ ਦੇ ਸੇਵਨ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕੀਤੀ। ਖਾਲਸਾ ਸਮਾਚਾਰ ਇਕ ਸਦੀ ਤੋਂ ਸਿੱਖਾਂ ਦਾ ਬੁਲਾਰਾ ਰਿਹਾ। ਇਸ ਦੀ ਸੰਪਾਦਕੀ ਕਰਦਿਆਂ ਗਿਆਨੀ ਮਹਾਂ ਸਿੰਘ ਨੇ ਸਿੱਖੀ ਦੇ ਵਿਕਾਸ ਤੇ ਵਿਗਾਸ ਲਈ ਬਹੁਤ ਵੱਡਾ ਯੋਗਦਾਨ ਪਾਇਆ।[2]

ਮੁੱਢਲਾ ਜੀਵਨ ਤੇ ਪਰਿਵਾਰ[ਸੋਧੋ]

ਮਹਾਂ ਸਿੰਘ, ਗਿਆਨੀ: ਪੰਜਾਬੀ ਦੇ ਇਸ ਪ੍ਰਸਿੱਧ ਪੱਤਰਕਾਰ ਦਾ ਜਨਮ 8 ਅਗਸਤ, 1908 ਈ. ਨੂੰ ਸ. ਅਰਜਨ ਸਿੰਘ ਦੇ ਘਰ ਪਿੰਡ ਸਾਂਦੇ ਹਾਸ਼ਿਮ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ।ਆਪ ਨੇ ਆਪਣੇ ਪਿੰਡ ਤੋਂ ਮੁਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਫਿਰੋਜ਼ਪੁਰ ਤੋਂ ਦਸਵੀਂ ਪਾਸ ਕੀਤੀ। ਧਾਰਮਿਕ ਰੁਚੀਆਂ ਦਾ ਧਾਰਨੀ ਹੋਣ ਕਾਰਨ ਇਸ ਨੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਉਹਨਾਂ ਦੀ ਲੇਖਣੀ ਦਾ ਪ੍ਰਭਾਵ ਗ੍ਰਹਿਣ ਕੀਤਾ। ਸਮਾਂ ਪਾ ਕੇ ਆਪ ਅੰਮ੍ਰਿਤਸਰ ਵਿਖੇ ਆ ਗੲੇ ਤੇ ਭਾਈ ਵੀਰ ਸਿੰਘ ਨੇ ਸੰਪਰਕ ਵਿਚ ਆਉਣ ਮਗਰੋਂ ਉਨ੍ਹਾਂ ਕੋਲ ਨੌਕਰੀ ਕਰ ਲਈ। ਲੰਮਾ ਸਮਾਂ ਆਪ ਖਾਲਸਾ ਸਮਾਚਾਰ ਦਾ ਮੈਨੇਜਰ ਤੇ ਸੰਪਾਦਕ ਰਹੇ। ਇਸ ਨੇ ਪੰਥਕ ਮਸਲਿਆਂ ਬਾਰੇ, ਹੋਰ ਧਰਮਾਂ ਵਾਲਿਆਂ ਜਾਂ ਸੰਪ੍ਰਦਾਇ ਵਾਲੇ ਸਾਧੂ ਸੰਤਾਂ ਵਲੋਂ ਛੇੜੇ ਵਿਵਾਦਾਂ ਬਾਰੇ ਨਿਰੰਤਰ ਖਾਲਸਾ ਸਮਾਚਾਰ ਵਿਚ ਲਿਖਿਆ। ਇਸ ਦੇ ਅਣਗਿਣਤ ਲੇਖ ਅਤੇ ਸੰਪਾਦਕੀਆਂ ਯਾਦਗਾਰੀ ਤੇ ਸਾਂਭਣਯੋਗ ਹਨ।[3]


ਗਿਆਨੀ ਮਹਾਂ ਸਿੰਘ ਨੇ ਜਿਥੇ ਗੁਰਬਾਣੀ ਬਾਰੇ ਲਿਖਿਆ ਉਥੇ ਦਸਮ ਗ੍ਰੰਥ ਬਾਰੇ ਵੀ ਵਿਸਥਾਰ ਸਹਿਤ ਲਿਖਿਆ। ਅਕਾਲ ਉਸਤਤਿ ਦਾ ਸ਼ੁੱਧ ਟੀਕਾ ਇਸ ਦੀ ਨਿੱਗਰ ਦੇਣ ਹੈ। ਫ਼ਾਰਸੀ ਵਿਚੋਂ ਭਾਈ ਨੰਦ ਲਾਲ ਗੋਯਾ ਦੀਆਂ ਪ੍ਰਮੁੱਖ ਰਚਨਾਵਾਂ ਜੋਤਿ ਵਿਗਾਸ, ਜ਼ਿੰਦਗੀਨਾਮਾ, ਗੰਜਨਾਮਾ, ਤੌਸੀਫ਼ ਸਨਾ ਆਦਿ ਦਾ ਅਨੁਵਾਦ (ਟੀਕੇ) ਕੀਤਾ। ਇਹ ਅਨੁਵਾਦ ਬੜੇ ਸ਼ੁੱਧ ਤੇ ਸਫਲ ਹਨ।[4]

ਗਿਆਨੀ ਮਹਾਂ ਸਿੰਘ ਦੇ ਲੇਖਾਂ ਵਿਚ ਮੁੱਖ ਰੂਪ ਵਿਚ ਦਾਰਸ਼ਨਿਕ, ਵਿਆਖਿਆਤਮਕ ਤੇ ਵਿਵੇਚਨਾਤਮਕ ਸ਼ੈਲੀ ਪ੍ਰਧਾਨ ਹੈ, ਭਾਵੇਂ ਇਸ ਨੇ ਖੰਡਨ ਮੰਡਨ ਵਾਲੀ ਤਰਕ ਪ੍ਰਧਾਨ ਸ਼ੈਲੀ ਵੀ ਅਪਣਾਈ ਹੈ ਜਿਹੜੀ ਕਿ ਬੜੀ ਰੌਚਕ ਹੈ। ਵਿਚਾਰਾਂ ਨੂੰ ਬੜੀ ਸਫ਼ਲਤਾ ਨਾਲ ਪ੍ਰਸਤੁਤ ਕੀਤਾ ਹੈ। ਭਾਸ਼ਾ ਠੇਠ, ਸਰਲ ਤੇ ਬੋਲਚਾਲ ਵਾਲੀ ਸੁੰਦਰ ਪੰਜਾਬੀ ਹੈ।‘ਆਦਿ ਬੀੜ ਦਾ ਸੰਕਲਨ ਕਾਲ’; ‘ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ’; ‘ਭਾਈ ਸਾਹਿਬ ਭਾਈ ਵੀਰ ਸਿੰਘ’; ‘ਦਸਮ ਗੁਰ ਗਿਰਾ’; ‘ਸਰਦਾਰ ਤਰਲੋਚਨ ਸਿੰਘ ਦਾ ਸਫਲ ਜੀਵਨ’; ‘ਪੰਥਕ ਨਜ਼ਾਰੇ’; ‘ਹੇਮਕੁੰਟ ਸਪਤ ਸ਼੍ਰਿੰਗ’; ‘ਭਗਤ ਬਾਣੀ ਪਰਥਾਇ ਗੁਰੂ ਸਾਹਿਬਾਨ ਦੀ ਬਾਣੀ’; ‘ਅਕਾਲ ਉਸਤਤਿ ਸਟੀਕ’; ‘33 ਸਵੈਯੇ ਸਟੀਕ’; ‘ਜੋਤਿ ਵਿਗਾਸ (ਸਹਿ ਅਨੁਵਾਦਕ)’; ‘ਤੌਸੀਫ਼ ਸਨਾ ਤੇ ਗੋਯਾ (ਅਨੁਵਾਦ/ਟੀਕਾ)’; ‘ਗੰਜਨਾਮਾ (ਅਨੁਵਾਦ/ਸਟੀਕ)’; ਜ਼ਿੰਦਗੀਨਾਮਾ (ਅਨੁਵਾਦ/ਸਟੀਕ)’; ਆਦਿ ਇਸ ਦੀਆਂ ਪ੍ਰਮੁੱਖ ਰਚਨਾਵਾਂ ਹਨ । ਇਨ੍ਹਾਂ ਤੋਂ ਇਲਾਵਾ ਭਾਈ ਵੀਰ ਸਿੰਘ ਦੇ ਦੇਹਾਂਤ ਉਪਰੰਤ ਇਸ ਨੇ ਉਨ੍ਹਾਂ ਦੀਆਂ ਵਿਕੋਲਿਤਰੀਆਂ ਰਚਨਾਵਾਂ ਦਾ ਸੰਪਾਦਨ ਵੀ ਕੀਤਾ। ਇਹ ਮੁੱਖ ਰੂਪ ਵਿਚ ਪੱਤਰਕਾਰ ਸੀ। ਸੰਨ 1985 ਵਿਚ ਭਾਸ਼ਾ ਵਿਭਾਗ, ਪੰਜਾਬ ਨੇ ਇਸ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਆ। 6 ਸਤੰਬਰ, 1988 ਨੂੰ ਇਸ ਦਾ ਦੇਹਾਂਤ ਅੰਮ੍ਰਿਤਸਰ ਵਿਖੇ ਹੋਇਆ।[5]

ਸੇਵਾਵਾਂ[ਸੋਧੋ]

ਧਾਰਮਿਕ ਰੁਚੀਆਂ ਦਾ ਧਾਰਨੀ ਹੋਣ ਕਾਰਨ ਇਸ ਨੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਉਹਨਾਂ ਦੀ ਲੇਖਣੀ ਦਾ ਪ੍ਰਭਾਵ ਗ੍ਰਹਿਣ ਕੀਤਾ। ਸਮਾਂ ਪਾ ਕੇ ਇਹ ਅੰਮ੍ਰਿਤਸਰ ਵਿਖੇ ਆ ਗਿਆ ਤੇ ਭਾਈ ਵੀਰ ਸਿੰਘ ਨੇ ਸੰਪਰਕ ਵਿਚ ਆਉਣ ਮਗਰੋਂ ਉਨ੍ਹਾਂ ਕੋਲ ਨੌਕਰੀ ਕਰ ਲਈ। ਲੰਮਾ ਸਮਾਂ ਇਹ ਖਾਲਸਾ ਸਮਾਚਾਰ ਦਾ ਮੈਨੇਜਰ ਤੇ ਸੰਪਾਦਕ ਰਿਹਾ। ਇਸ ਨੇ ਪੰਥਕ ਮਸਲਿਆਂ ਬਾਰੇ, ਹੋਰ ਧਰਮਾਂ ਵਾਲਿਆਂ ਜਾਂ ਸੰਪ੍ਰਦਾਇ ਵਾਲੇ ਸਾਧੂ ਸੰਤਾਂ ਵਲੋਂ ਛੇੜੇ ਵਿਵਾਦਾਂ ਬਾਰੇ ਨਿਰੰਤਰ ਖਾਲਸਾ ਸਮਾਚਾਰ ਵਿਚ ਲਿਖਿਆ। ਇਸ ਦੇ ਅਣਗਿਣਤ ਲੇਖ ਅਤੇ ਸੰਪਾਦਕੀਆਂ ਯਾਦਗਾਰੀ ਤੇ ਸਾਂਭਣਯੋਗ ਹਨ। ਨਾਮਧਾਰੀਆਂ ਨਾਲ ਇਹਨਾ ਕਲਮੀ ਯੁੱਧ ਲੰਮਾ ਸਮਾਂ ਚਲਿਆ। ਸਿੰਘ ਸਭਾ ਲਹਿਰ ਦੇ ਸਿਖਰ ਕਾਲ ਸਮੇਂ ਇਸ ਨੇ ਲਿਖਣਾ ਆਰੰਭਿਆ ਅਤੇ ਬੀਮਾਰ ਸੰਸਕਾਰਾਂ ਤੋਂ ਕਿਨਾਰਾ ਕਰਨ ਲਈ ਜਨਤਾ ਨੂੰ ਪ੍ਰੇਰਿਆ। [6]

ਰਚਨਾਵਾਂ[ਸੋਧੋ]

ਗਿਆਨੀ ਜੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਮੁਖ ਦਾ ਵੇਰਵਾ ਇਉਂ ਹੈ:-

ਮੌਲਿਕ ਰਚਨਾਵਾਂ

1. ਆਦਿ ਬੀੜ ਦਾ ਸੰਕਲਨ ਕਾਲ (1952)

2. ਪੀਊ ਦਾਦੇ ਕਾ ਖੋਲਿ ਡਿਠਾ ਖਜ਼ਾਨਾ (1958)

3. ਦਸਮ ਗੁਰ ਗਿਰਾ ਸਰਵੇਖਣ (1977)

ਜੀਵਨੀਆਂ

1. ਭਾਈ ਵੀਰ ਸਿੰਘ ਜੀ ਦਾ ਸੰਖੇਪ ਜੀਵਨ (1958)

2. ਭਾਈ ਸਾਹਿਬ ਭਾਈ ਵੀਰ ਸਿੰਘ ਦਾ ਗੁਰਮੁਖ ਜੀਵਨ (1969)

3. ਸਰਦਾਰ ਤ੍ਰਿਲੋਚਨ ਸਿੰਘ ਦਾ ਸਫਲ ਜੀਵਨ (1976)

ਸੰਪਾਦਨ

1. ਤਸਨੀਫਾਤੇ ਗੋਇਆ (1963) ਫਾਰਸੀ ਅੱਖਰਾਂ ਵਿਚ

2. ਦਰਬਾਰ ਸਾਹਿਬ ਦੀ ਮਹੱਤਤਾ (1963)

3. ਅਮਰ ਲੇਖ (1963) ਆਦਿ।[7]

ਸਨਮਾਨ[ਸੋਧੋ]

ਇਹ ਮੁੱਖ ਰੂਪ ਵਿਚ ਪੱਤਰਕਾਰ ਸਨ। ਸੰਨ 1985 ਵਿਚ ਭਾਸ਼ਾ ਵਿਭਾਗ, ਪੰਜਾਬ ਨੇ ਇਸ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਆ।

ਫੁਟਨੋਟ[ਸੋਧੋ]

  1. ਗਿਆਨੀ, ਮਹਾਂ ਸਿੰਘ (2013). ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਗੁਰਮੁਖ ਜੀਵਨ. ਨਵੀਂ ਦਿੱਲੀ: ਭਾਈ ਵੀਰ ਸਿੰਘ ਸਾਹਿਤ ਸਦਨ. p. 1. ISBN 9789380854410.
  2. "ਮਹਾਂ ਸਿੰਘ ਗਿਆਨੀ - ਪੰਜਾਬੀ ਪੀਡੀਆ". punjabipedia.org. Retrieved 2022-09-18.
  3. "ਮਹਾਂ ਸਿੰਘ ਗਿਆਨੀ - ਪੰਜਾਬੀ ਪੀਡੀਆ". punjabipedia.org. Retrieved 2022-09-18.
  4. "ਮਹਾਂ ਸਿੰਘ ਗਿਆਨੀ - ਪੰਜਾਬੀ ਪੀਡੀਆ". punjabipedia.org. Retrieved 2022-09-18.
  5. "ਮਹਾਂ ਸਿੰਘ ਗਿਆਨੀ - ਪੰਜਾਬੀ ਪੀਡੀਆ". punjabipedia.org. Retrieved 2022-09-18.
  6. "ਮਹਾਂ ਸਿੰਘ ਗਿਆਨੀ - ਪੰਜਾਬੀ ਪੀਡੀਆ". punjabipedia.org. Retrieved 2022-09-18.
  7. ਪ੍ਰੋਫੈਸਰ, ਪ੍ਰੀਤਮ ਸਿੰਘ (2003). ਪੰਜਾਬੀ ਲੇਖਕ ਕੋਸ਼. ਚੰਡੀਗੜ੍ਹ: ਯੂਨੀਸਟਾਰ. p. 500.