ਗੁੱਡੀ ਫੂਕਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁੱਡੀ ਫੂਕਣ ਦੀ ਰਸਮ ਹਾੜ ਅਤੇ ਸਾਉਣ ਦੇ ਮਹੀਨਿਆਂ ਵਿਚ ਕੀਤੀ ਜਾਂਦੀ ਹੈ। ਇਹ ਮੰਨਿਆ ਗਿਆ ਕਿ ਜਦੋਂ ਮੀਂਹ ਨਾ ਪਵੇ ਤੇ ਫਸਲਾਂ ਤੇ ਜੀਵ ਜੰਤੂ ਗਰਮੀ ਨਾਲ ਮਰ ਰਹੇ ਹੋਣ ਤਾਂ ਗੁੱਡੀ ਫੂਕਣ ਨਾਲ ਮੀਂਹ ਪੈ ਜਾਂਦਾ ਹੈ। ਇਸ ਕਰਮ ਕਾਂਡ ਨੂੰ "ਗੁੱਡਾ ਸਾੜਨਾ" ਜਾਂ "ਗੁੱਡਾ ਫੁੱਕਣਾ" ਕਿਹਾ ਜਾਂਦਾ ਹੈ। ਇਸ ਕਰਮ ਕਾਂਡ ਦੇ ਪਿੱਛੇ ਇਹ ਵਿਚਾਰ ਹੈ ਕਿ ਦੇਵਤੇ ਜਦੋਂ ਇਹ ਦੇਖਣਗੇ ਕਿ ਔੜ ਕਾਰਨ ਬੱਚਿਆਂ ਨੂੰ ਖੇਡਾਂ ਖੇਡਣੀਆਂ ਵੀ ਭੁੱਲ ਗਈਆਂ ਹਨ ਤਾਂ ਉਹ ਤਰਸ ਖਾ ਕੇ ਮੀਂਹ ਵਹਾਉਣਗੇ।[1]

ਰਸਮ[ਸੋਧੋ]

ਗੁੱਡੀ ਫੂਕਣਾ ਇੱਕ ਛੋਟੀ ਜਿਹੀ ਰਸਮ ਹੈ। ਪਹਿਲਾ ਆਪਣੇ ਵਿਹੜੇ ਜਾਂ ਆਲੇ ਦੁਆਲੇ ਦੇ ਘਰਾਂ ਵਿਚੋਂ ਗੁੜ, ਆਟਾ, ਤੇਲ ਤੇ ਚੌਲ ਆਦਿ ਪਦਾਰਥ ਇੱਕਠੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਇਸ ਪਦਾਰਥ ਦੀਆਂ ਮਿੱਠੀਆ ਰੋਟੀਆਂ ਜਾ ਗੁਲਗੁਲੇ ਪਕਾਏ ਜਾਂਦੇ ਹਨ। ਫਿਰ ਘਰਾਂ ਦੀਆਂ ਕੁੜੀਆਂ, ਔਰਤਾਂ ਤੇ ਬੱਚੇ ਇੱਕ ਸਾਝੇ ਜਿਹੇ ਘਰ ਵਿੱਚ ਇੱਕਠੇ ਹੋ ਕੇ ਇੱਕ ਦੋ ਕੁ ਫੁੱਟ ਦੀ ਗੁੱਡੀ ਤਿਆਰ ਕਰਦੇ ਹਨ। ਇਹ ਗੁੱਡੀ ਕੱਪੜਿਆਂ ਦੀ ਬਣਾਈ ਜਾਂਦੀ ਹੈ। ਫਿਰ ਬੱਚਿਆਂ ਵਲੋਂ ਇੱਕ ਛੋਟੀ ਜਿਹੀ ਸੀੜ੍ਹੀ ਵੀ ਤਿਆਰ ਕੀਤੀ ਜਾਂਦੀ ਹੈ। ਤਿਆਰ ਕੀਤੀ ਹੋਈ ਗੁੱਡੀ ਨੂੰ ਫਿਰ ਸੀੜ੍ਹੀ ਉੱਪਰ ਪਾਇਆ ਜਾਦਾ ਹੈ। ਇਸ ਤੋਂ ਬਾਅਦ ਚਾਰ ਛੋਟੇ ਮੁੰਡੇ ਲਗ ਕੇ ਉਹ ਸੀੜ੍ਹੀ ਨੂੰ ਚੁੱਕ ਕੇ ਪਿੰਡ ਦੇ ਕੱਲਰਾਂ ਵਿਚ ਲਾਉਂਦੇ ਹਨ। ਪਿੱਛੇ ਕੁੜੀਆ ਤੇ ਔਰਤਾਂ ਜਿਵੇਂ ਆਮ ਸਾਧਾਰਣ ਬੰਦੇ ਦੀ ਮੋਤ ਤੇ ਵੈਣ, ਕੀਰਨੇ ਤੇ ਦੁਹੱਥੜ ਪੁੱਟਦੀਆਂ ਹਨ। ਉਸੇ ਤਰ੍ਹਾ ਹੀ ਗੁੱਡੀ ਦੇ ਮਗਰ ਵੈਣ ਪਾਉਂਦੀਆਂ ਜਾਂਦੀਆਂ ਹਨ। ਜਿਵੇਂ:

ਗੁੱਡੀ ਮਰਗੀ ਅੱਜ ਕੁੜੇ।
ਸਿਰਹਾਣੇ ਧਰਗੀ ਛੱਜ ਕੁੜੇ।
ਗੋਡੀ ਮਰਗੀ ਜਾਣ ਕੇ।
ਹਰਾ ਦੁੱਪਟਾ ਤਾਣ ਕੇ।
ਜੇ ਗੁੱਡੀਏ ਤੂੰ ਮਰਨਾ ਸੀ।
ਆਟਾ ਛਾਣ ਕੇ ਕਿਉਂ ਧਰਨਾ ਸੀ।
ਹਾਏ ਹਾਏ ਨੀ ਮੇਰੀਏ ਬਾਗਾਂ ਦੀਏ ਕੋਇਲੇ
ਨੀ ਤੂੰ ਕੁਝ ਵੀ ਉਮਰ ਨਾ ਪਾਈ ਨੀ।
ਨੀ ਕਿੱਥੇ ਉੱਡ ਗਈ ਮਾਰ ਉਡਾਰੀ ਨੀ।
ਮੇਰੇ ਬਾਗਾਂ ਦੀਏ ਕੋਇਲੇ
ਅੱਡੀਆਂ ਗੋਡੇ ਘਮਾਮਾਗੇ।
ਮੀਂਹ ਪਏ ਤੋਂ ਜਾਵਾਂਗੇ।

ਪੰਜਾਬ ਦੇ ਪਿੰਡਾਂ ਵਿਚ ਜਦੋਂ ਕੁੜੀਆਂ ਗੁੱਡੀ ਫੂਕਣ ਦੀ ਰੀਤ ਅਦਾ ਕਰਦੀਆਂ ਹਨ ਤਾਂ ਇੱਕ ਕੁੜੀ ਦਾ ਸਾਂਗ ਬਣਾਇਆ ਜਾਂਦਾ ਹੈ ਜਿਸ ਨੂੰ "ਢੋਡਾ" ਕਿਹਾ ਜਾਂਦਾ ਹੈ।[2] ਇਸ ਤੋਂ ਬਾਅਦ ਜਿਵੇਂ ਆਮ ਸਾਧਾਰਣ ਬੰਦਿਆਂ ਦੀ ਮੌਤ ਸਮੇਂ ਇੱਕ ਰਸਮ ਨਿਭਾਉਦ ਵਜੋਂ ਘੜੀ ਭੰਨੀ ਜਾਂਦੀ ਹੈ ਉਸੇ ਤਰ੍ਹਾ ਹੀ ਗੁੱਡੀ ਲਈ ਇੱਕ ਛੋਟਾ ਕੁੱਜਾ ਭੰਨਿਆ ਜਾਂਦਾ ਹੈ ਤੇ ਗੁੱਡੀ ਲਈ ਇੱਕ ਛੋਟਾ ਕੁੱਜਾ ਭੰਨਿਆ ਜਾਂਦਾ ਹੈ ਤੇ ਡੱਕੇ ਵੀ ਤੋੜੇ ਜਾਦੇ ਹਨ। ਫਿਰ ਉਹ ਗੁੱਡੀ ਦਾ ਸੰਸਕਾਰ ਕੀਤਾ ਜਾਂਦਾ ਹੈ। ਉੱਥੇ ਕੁੜੀਆਂ, ਔਰਤਾਂ ਦੁਹੱਥੜ ਪਿਟਦੀਆਂ ਹਨ। ਜੇਕਰ ਉਸੇ ਸਮੇਂ ਮੀਂਹ ਪੈਣ ਲੱਗ ਜਾਵੇ ਤਾਂ ਕੁੜੀਆਂ ਗਿੱਧਾ ਪਾਉਂਦੀਆਂ ਹਨ। ਇਸ ਤੋਂ ਬਾਅਦ ਜੋ ਮਿੱਠੀਆਂ ਰੋਟੀਆਂ ਤੇ ਗੁਲਗੁਲੇ ਹੁੰਦੇ ਹਨ ਉਹਨਾ ਨੁੰ ਸਾਰਿਆਂ ਵਿਚ ਵੰਡਿਆ ਜਾਂਦਾ ਹੈ।

ਬਦਲਾਅ[ਸੋਧੋ]

ਪਰੰਤੂ ਅੱਜਕਲ੍ਹ ਸ਼ਹਿਰੀਕਰਨ ਤੇ ਆਧੁਨਿਕਤਾ ਆਉਣ ਕਰਕੇ ਇਹ ਰਸਮ ਬਹੁਤ ਘੱਟ ਗਈ। ਸ਼ਹਿਰਾਂ ਵਿਚ ਤਾ ਲਗਪਗ ਇਹ ਰਸਮ ਫ਼ਤਮ ਹੋ ਗਈ। ਪਿੰਡਾਂ ਵਿਚ ਵੀ ਲੋਕ ਕਦੀ ਕਦਾਈ ਇਹ ਰਸਮ ਨੁੰ ਕਰਦੇ ਹਨ। ਵਿਗਿਆਨ ਦੀ ਯੁੱਗ ਮੀਂਹ ਪੈਣਾ ਇੱਕ ਕੁਦਰਤੀ ਚੀਜ ਹੈ। ਅੱਜ ਕਲ੍ਹ ਦੇ ਸਮੇਂ ਵਿਚ ਤਾਂ ਸੀਜਨ ਸ਼ੁਰੂ ਦੇ ਪਹਿਲਾਂ ਹੀ ਦੱਸਿਆ ਜਾਂਦਾ ਕਿ ਮੀਂਹ ਜ਼ਿਆਦਾ ਪੈਣਾ ਕਿ ਘੱਟ ਪੈਣਾ। ਸੋ ਰਸਮ ਹੌਲੀ ਹੌਲੀ ਇਹ ਘੱਟਦੀ ਜਾ ਰਹੀ ਹੈ।

ਹਵਾਲੇ[ਸੋਧੋ]

  1. ਵਣਜਾਰਾ ਬੇਦੀ. "ਪੰਜਾਬੀ ਲੋਕਧਾਰਾ ਵਿਸ਼ਵਕੋਸ਼ (5)". ਨੈਸ਼ਨਲ ਬੁੱਕ ਟ੍ਰਸਟ, ਦਿੱਲੀ.  Check date values in: |access-date= (help);
  2. ਭੁਪਿੰਦਰ ਸਿੰਘ ਖਹਿਰਾ. "ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ". ਪੈਪਸੂ ਬੂਕ ਡਿਪੂ ਪਟਿਆਲਾ. p. 127.  Check date values in: |access-date= (help);