ਗੱਲ-ਬਾਤ:ਰੀਤੀ ਸੰਪਰਦਾਇ
ਦਿੱਖ
ਰੀਤੀ ਦੀ ਬਨਾਮ ਸ਼ੈਲੀ
[ਸੋਧੋ]ਰੀਤੀ ਬਨਾਮ ਸ਼ੈਲੀ: ਰੀਤੀ ਦੀ ਪਰਿਭਾਸ਼ਾ ਕਰਦੇ ਸਮੇਂ ਇਸ ਦੇ ਕੁਝ ਕੁ ਪਰਿਆਇਵਾਚੀ ਸ਼ਬਦ ਸ਼ੈਲੀ (style) ਦਾ ਜ਼ਿਕਰ ਆ ਜਾਂਦਾ ਹੈ, ਦੋਹਾਂ ਦੀ ਅਰਥਾਂ ਵਿਚ ਪੱਧਤੀ ਜਾਂ ਪ੍ਰਣਾਲੀ ਦਾ ਸਮਾਵੇਸ਼ ਹੈ ਅਤੇ ਦੋਹਾਂ ਦਾ ਸੰਬੰਧ ਰਚਨਾ–ਪੱਧਤੀ ਨਾਲ ਹੁੰਦਾ ਹੈ, ਇਕ ਸਾਧਾਰਣ ਅਤੇ ਨਿਰਵਿਸ਼ੇਸ਼ ਹੁੰਦੀ ਹੈ ਅਤੇ ਦੂਜੀ ਵਿਸ਼ਿਸ਼ਟ; ਦੋਹਾਂ ਵਿਚ ਇਹੀ ਪਰਸਪਰ ਭੇਦ ਹੈ।
ਹਰ ਇਕ ਕੰਮ ਵਿਚ ਦੋ ਤੱਤ ਹੁੰਦੇ ਹਨ, ਇਕ ਉਸ ਦੇ ਕਰਨ ਦਾ ਮਾਰਗ ਅਤੇ ਦੂਜਾ ਕਰਤਾ। ਇਕ ਦਾ ਸੰਬੰਧ ਕਾਰਜ–ਪੱਧਤੀ ਨਾਲ, ਅਤੇ ਦੂਜੇ ਦਾ ਸੰਬੰਧ ਕਰਤਾ ਨਾਲ ਹੈ। ਜਦੋਂ ਦੋ ਆਦਮੀ ਕਿਸੇ ਇਕ ਟਿਕਾਣੇ ਵੱਲ ਟੁਰਨ ਤਾਂ ਉਹ ਇਕੋ ਮਾਰਗ ’ਤੇ ਟੁਰਦੇ ਹੋਏ ਵੀ ਵਿਭਿੰਨ ਵਿਧੀਆਂ ਅਖ਼ਤਿਆਰ ਕਰਦੇ ਹਨ, ਇਹ ਰੀਤੀ ਹੈ, ਅਤੇ ਇਸੇ ਤਰ੍ਹਾਂ ਦੋ ਵਿਅਕਤੀ ਉਸੇ ਮਾਰਗ ’ਤੇ ਟੁਰਦੇ ਹੋਏ ਆਪਣੀਆਂ ਨਿੱਜੀ ਰੁਚੀਆਂ, ਪ੍ਰਵ੍ਰਿਤੀਆਂ ਅਤੇ ਸ਼ਕਤੀਆਂ ਦੀ ਵਰਤੋਂ ਕਰਦੇ ਹਨ, ਇਸ ਦਾ ਸੰਬੰਧ ਸ਼ੈਲੀ ਨਾਲ ਹੈ।
ਰੀਤੀ ਵਿਚ ‘ਪੂਰਵ–ਨਿਸ਼ਚਿਤਤਾ’ ਹੁੰਦੀ ਹੈ ਪਰ ਸ਼ੈਲੀ ਵਿਚ ਅਜਿਹਾ ਨਹੀਂ ਹੁੰਦਾ। ਜਦੋਂ ਕੋਈ ਅਭਿਵਿਅਕਤੀ ਪੂਰਵ–ਨਿਰਧਾਰਤ ਮਾਰਗ ਅਖ਼ਤਿਆਰ ਕਰ ਲੈਂਦੀ ਹੈ ਤਾਂ ਇਹ ਵੀ ਰੀਤੀ ਬਣ ਜਾਂਦੀ ਹੈ। ਮਿਸਾਲ ਵਜੋਂ ਪਿਟਮੈਨ ਦੀ ਸ਼ਾਰਟ–ਹੈਂਡ ਪਹਿਲਾਂ ਸ਼ੈਲੀ ਸੀ ਪਰ ਬਾਅਦ ਵਿਚ ਸਰਵ–ਸਾਧਾਰਣ ਦੀ ਚੀਜ਼ ਬਣ ਜਾਣ ਕਰਕੇ ਰੀਤੀ ਬਣ ਗਈ। ਰੀਤੀ ਪੂਰਣ ਵਿਧੀ ਦੀ ਸ਼ੁੱਧਤਾ ਨੂੰ ਨਿਭਾਉਂਦੀ ਹੈ, ਸ਼ੈਲੀ ਵਿਚ ਨਵੀਨਤਾ ਅਤੇ ਚਮਤਕਾਰ ਪੈਦਾ ਕੀਤਾ ਜਾਂਦਾ ਹੈ। ਰੀਤੀ ਦੀ ਪ੍ਰਕ੍ਰਿਤੀ ਆਦਰਸ਼ਵਾਦੀ ਅਤੇ ਮਰਯਾਦਾ–ਅਨੁਕੂਲ ਹੁੰਦੀ ਹੈ ਪਰ ਸ਼ੈਲੀ ਵਿਅਕਤੀ ਦੀ ਸਵੈ–ਇੱਛਾ ਨੂੰ ਰੂਪਮਾਨ ਕਰਦੀ ਹੈ। ਰੀਤੀ ਦੀ ਪ੍ਰਵ੍ਰਿਤੀ ਸਥਾਈ ਤੱਤਾਂ ਨੂੰ ਮੁੱਖ ਰੱਖਦੀ ਹੈ ਪਰ ਸ਼ੈਲੀ ਵਿਚ ਛਿਣ–ਭੰਗਰ ਅਤੇ ਸਾਮਿਅਕ ਤੱਤਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਰੀਤੀ ਦਾ ਖੇਤਰ ਸ਼ਾਸਤ੍ਰ ਅਤੇ ਵਿਗਿਆਨ ਵਰਗਾ ਹੁੰਦਾ ਹੈ ਜਦ ਕਿ ਸ਼ੈਲੀ ਸੌਂਦਰਜ ਚੇਤਨਾ ਨਾਲ ਸੰਬੰਧਿਤ ਮਜ਼ਮੂਨਾਂ ਵਿਚ ਕੇਂਦਰਿਤ ਹੁੰਦੀ ਹੈ।
ਇਨ੍ਹਾਂ ਦੋਹਾਂ ਵਿਚ ਇਹ ਅੰਤਰ ਹੁੰਦੇ ਹੋਏ ਵੀ ਇਹ ਪਰਸਪਰ ਸਹਿਯੋਗੀ ਵੀ ਹਨ। ਕਈ ਵਾਰ ਰੀਤੀ ਵਿਚੋਂ ਹੀ ਕੋਈ ਲੇਖਕ ਜਾਂ ਕਵੀ ਸ਼ੈਲੀ ਨੂੰ ਜਨਮ ਦੇ ਦਿੰਦਾ ਹੈ ਅਤੇ ਸ਼ੈਲੀ ਤਾਂ ਰੀਤੀ ਦੀ ਰੂੜ੍ਹੀ ਦਾ ਕੰਮ ਕਰਦੀ ਹੀ ਆਈ ਹੈ। ਹਰ ਯੁੱਗ ਵਿਚ ਕੁਝ ਰੀਤੀਆਂ ਜਨਮ ਲੈਂਦੀਆਂ ਹਨ, ਨਵੀਂ ਪੀੜ੍ਹੀ ਇਸ ਤੋਂ ਵਿਦਰੋਹ ਕਰਦੀ ਹੋਈ ਨਵੀਂ ਸ਼ੈਲੀ ਨੂੰ ਅਪਣਾਉਂਦੀ ਹੈ, ਅਤੇ ਬਾਅਦ ਵਿਚ ਉਹ ਨਵੀਂ ਸ਼ੈਲੀ ਵੀ ਸਾਹਿੱਤ–ਸੌਂਦਰਯ ਪੱਧਤੀ ਦੀ ਰੀਤੀ ਬਣ ਜਾਂਦੀ ਹੈ।
ਪੰਜਾਬੀ ਵਿਚ ਬਾਬਾ ਫ਼ਰੀਦ, ਗੁਰੂ ਨਾਨਕ ਅਤੇ ਗੁਰੂ ਅਰਜਨ ਸ਼ੈਲੀਕਾਰ ਸਨ, ਪਰ ਗੁਰੂ ਅੰਗਦ ਦੇਵ, ਅਮਰਦਾਸ ਅਤੇ ਰਾਮਦਾਸ ਜੀ ਨੇ ਰੀਤੀ ਦਾ ਵਿਸਤਾਰ ਕੀਤਾ ਹੈ। ਸੂਫ਼ੀ ਪ੍ਰਸੰਗ ਵਿਚ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ, ਈਰਾਨੀ ਪ੍ਰਭਾਵ ਕਬੂਲ ਕਰਦੇ ਹੋਏ ਵੀ ਸ਼ੈਲੀਕਾਰ ਸਨ, ਅਤੇ ਬਾਅਦ ਵਿਚ ਇਹ ਸੂਫ਼ੀ ਰੀਤੀ ਸਦੀਆਂ ਤਕ ਚਲਦੀ ਰਹੀ, ਇੱਥੋਂ ਤਕ ਕਿ ਆਧੁਨਿਕ ਯੁੱਗ ਦੇ ਪ੍ਰਤਿਭਾਸ਼ਾਲੀ ਲੇਖਕ ਡਾ. ਮੋਹਨ ਸਿੰਘ ਅਤੇ ਚਾਤ੍ਰਿਕ ਨੇ ਵੀ ਰੀਤੀ ਦੀ ਪਾਲਣਾ ਕੀਤੀ ਹੈ।
ਭਾਈ ਵੀਰ ਸਿੰਘ ਦੀ ਸ਼ੈਲੀ ਪੁਰਾਣੀ ਗੁਰਮਤਿ ਰੀਤੀ ਦਾ ਪ੍ਰਭਾਵ ਕਬੂਲਦੀ ਹੋਈ ਵੀ ਸ਼ੈਲੀ ਹੈ, ਪਰ ਉਨ੍ਹਾਂ ਦੀ ਸ਼ੈਲੀ ਇਕ ਰੀਤੀ ਨਹੀਂ ਬਣ ਸਕੀ। ਇਸੇ ਤਰ੍ਹਾਂ ਗੁਰਬਖ਼ਸ਼ ਸਿੰਘ ਦੀ ਵਾਰਤਕ, ਰੀਤੀ ਦਾ ਰੂਪ ਨਹੀਂ ਧਾਰਣ ਕਰ ਸਕੀ। ਸਾਡੇ ਬੀਰ ਕਾਵਿ ਦਾ ਸਰੋਤ ਯੂਨਾਨੀ ਕਵਿਤਾ ਨਾਲ ਜਾ ਜੁੜਦਾ ਹੈ ਪਰ ਗੁਰੂ ਗੋਬਿੰਦ ਸਿੰਘ ਅਤੇ ਨਜਾਬਤ ਮਹਾਨ ਸ਼ੈਲੀਕਾਰ ਸਨ ਅਤੇ ਰੀਤੀ ਤੇ ਪਾਲਕ ਵੀ। ਗੁਰੂ ਨਾਨਕ ਸਾਹਿਬ ਨੇ ਵਾਰ ਦੀ ਆਤਮਾ ਨੂੰ ਸ਼ਾਂਤ ਰਸ ਨਾਲ ਓਤ–ਪ੍ਰੋਤ ਕਰਕੇ ਇਕ ਵੱਖਰੀ ਸ਼ੈਲੀ ਨੂੰ ਜਨਮ ਦਿੱਤਾ ਹੈ।
ਨਵੀਂ ਕਵਿਤਾ ਵਿਚ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਬਾ ਬਲਵੰਤ ਤੇ ਸਫ਼ੀਰ ਸੁਚੱਜੀ ਕਵਿਤਾ ਲਿਖ ਕੇ ਵੀ ਕਿਸੇ ਸਥਾਈ ਰੀਤੀ ਨੂੰ ਜਨਮ ਨਹੀਂ ਦੇ ਸਕੇ, ਇਨ੍ਹਾਂ ਦੀਆਂ ਕਵਿਤਾਵਾਂ ਵਿਚ, ਸਿਵਾਏ ਬਾਵਾ ਬਲਵੰਤ ਦੀ ਕਵਿਤਾ ਦੇ, ਕਲਾਸੀਕਲ ਸਾਹਿੱਤ ਬਣਨ ਦੀ ਬਹੁਤ ਘੱਟ ਸੰਭਾਵਨਾ ਹੈ। ਨਵੇਂ ਸਾਹਿੱਤ ਵਿਚ ਕਿਸੇ ਰੀਤੀ ਦਾ ਪ੍ਰਚੱਲਿਤ ਹੋਣਾ ਬੜਾ ਕਠਿਨ ਹੈ, ਹਰ ਲੇਖਕ ਨਿਤ ਨਵੇਂ ਸੌਂਦਰਯ ਤਜ਼ਰਬੇ ਕਰ ਰਿਹਾ ਹੈ, ਆਪਣੇ ਹੀ ਉਲੀਕੇ ਹੋਏ ਖ਼ਾਕਿਆਂ ਦੀ ਸੀਮਾ ਪਾਰ ਕਰ ਰਿਹਾ ਹੈ। Sukhjit kaur 21391116 (ਗੱਲ-ਬਾਤ) 08:46, 23 ਜਨਵਰੀ 2022 (UTC)