ਰੀਤੀ ਸੰਪਰਦਾਇ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। (ਨਵੰਬਰ 2025) |
ਭਾਰਤੀ ਕਾਵਿ ਸ਼ਾਸਤਰ ਵਿੱਚ ਚਾਹੇ ਆਚਾਰੀਆ ਵਾਮਨ ਤੋਂ ਪਹਿਲਾਂ ਰੀਤੀ ਤੱਤ ਦੀ ਖੋਜ਼ ਹੋ ਚੁੱਕੀ ਸੀ,ਫਿਰ ਵੀ ਵਾਮਨ ਨੇ ਸਭ ਤੋਂ ਪਹਿਲਾਂ ਰੀਤੀ ਦਾ ਸਪਸ਼ਟ ਵਿਵੇਚਨ ਕਰਦੇ ਹੋਏ ਰੀਤੀ ਨੂੰ "ਕਾਵਿ ਦੀ ਆਤਮਾ" ਕਿਹਾ ਹੈ। ਆਚਾਰੀਆ ਵਾਮਨ ਦੇ ਗਰੰਥ 'ਕਾਵ੍ਯ ਅਲੰਕਾਰ ਸੂਤ੍ਰ ਵਿਤ੍ਰਿ' ਵਿੱਚ ਇਹ ਜ਼ਿਕਰ ਹੈ, "ਰੀਤੀ ਰੀਤਿਰਾਤਮਾ ਕਾਵਯਸਯ" ਰੀਤੀ ਦੀ ਲੱਛਣ ਵਿਸ਼ਿਸ਼ਟ ਪਦ ਰਚਨਾ ਕਿਹਾ ਹੈ। ਵਾਮਨ ਅਨੁਸਾਰ ਵਿਸ਼ਿਸ਼ਟ ਪਦ ਰਚਨਾ ਰੀਤੀ ਅਖਵਾਉਂਦੀ ਹੈ ('ਵਸ਼ਿਸ਼ਟ ਪਦਰਚਨਾ ਰੀਤੀ')।[1] ਸੰਪ੍ਰਾਦਾਇ ਦੀ ਮਹੱਤਤਾ ਰਸ, ਧੁਨੀ ਸੰਪ੍ਰਦਾਵਾਂ ਦੀ ਤੁਲਨਾ ਵਿੱਚ ਭਾਵੇਂ ਵਧੇਰੇ ਨਹੀ, ਪ੍ਰੰਤੂ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇਹ ਸੰਪ੍ਰਾਦਾਇ ਇੱਕ ਉਲੇਖਨੀ ਸੰਪ੍ਰਾਦਾਇ ਰਹੀ ਹੈ।
ਰੀਤੀ ਸੰਪਰਦਾਇ ਦੀ ਮਹੱਤਤਾ
[ਸੋਧੋ]ਉਹ ਹਰ ਕੰਮ ਚੰਗਾ ਹੋ ਸਕਦਾ ਹੈ ਜਿਸਦੀ ਕੋਈ ਵਿਉਂਤ ਜਾਂ ਕੋਈ ਰੀਤੀ ਹੋਵੇ। ਦੁਨੀਆ ਵਿੱਚ ਇਸ ਲਈ ਹਰ ਕੰਮ ਕਿਸੇ ਰੀਤੀ ਨਾਲ ਕੀਤਾ ਜਾਂਦਾ ਹੈ। ਏਸੇ ਤਰ੍ਹਾਂ ਕਾਵਿ ਵੀ ਇਕ ਪ੍ਕਾਰ ਨਾਲ ਰੀਤੀ ਨਾਲ ਵਿਉਂਤਿਆ ਜਾਂਦਾ ਹੈ ਅਤੇ ਕਲਾਤਮਕ ਰੂਪ ਪੇਸ਼ ਕੀਤੇ ਜਾਣ ਦੇ ਯੋਗ ਹੁੰਦਾ ਹੈ। ਕਾਵਿ ਦੇ ਦੋ ਪੱਖ ਹਨ ਸ਼ਬਦ ਅਤੇ ਅਰਥ । ਜਿਥੇ ਸ਼ਬਦ ਸੁੰਦਰ, ਉਪਯੋਗੀ, ਉਚਿਤ, ਅਨੁਕੂਲ, ਸਾਰਥਕ ਹੋਣ ਉੱਥੇ ਅਰਥ ਵਾਲਾ ਪੱਖ ਵੀ ਵਿਸ਼ੇ -ਅਨੁਕੂਲ, ਵਸਤੂ-ਵਰਧਕ, ਕਲਾਮਈ ਅਤੇ ਅਾਕਰਸ਼ਕ ਹੋਵੇ। ਸ਼ਬਦਾਂ ਦੀ ਵਿਸੈ਼ ਅਨੁਸਾਰ ਚੋਣ, ਸ਼ਬਦ ਅਤੇ ਅਰਥ ਦਾ ਆਪੋ ਵਿਚਲਾ ਉਚਿਤ ਗਠਬੰਧਨ, ਭਾਵਾਤਮਕ ਉੱਚਤਾ ਇਹ ਗੁਣ ਰੀਤੀ ਸਿੱਧਾਂਤ ਦੀ ਉਪਜ ਹਨ। ਅਰਥ ਦੇ ਨਾਲ -ਨਾਲ ਸ਼ਬਦ ਨੂੰ ਵੀ ਮਹੱਤਵ ਪੂਰਣ ਬਣਾਕੇੇ ਦੋਹਾਂ ਦਾ ਸੁਚੱਜਾ ਸੁਮੇਲ ਪੈਦਾ ਕਰਨਾ ਰੀਤੀ ਸਿੱਧਾਂਤ ਦਾ ਕਾਰਜ ਹੈ। ਇਸ ਲਈ ਕਵਿਤਾ ਵਿੱਚ ਕਾਵਿਕਤਾ ਪੈਦਾ ਕਰਨ ਦੀ ਸਮਰਥਾ ਰੀਤੀ ਦੀ ਦੇਣ ਹੈ। ਸਰਬ ਸਾਧਾਰਣ ਬੋਲਚਾਲ ਦੀ ਭਾਸ਼ਾ ਨਾਲੋਂ ਕਵਿਤਾ ਦੀ ਭਾਸ਼ਾ ਵਿੱਚ ਇਕ ਉੱਚਤਾ, ਗੌਰਵ ਅਤੇ ਇਕ ਵਿਸ਼ੇਸ਼ਤਾ ਵਰਤਮਾਨ ਰਹਿੰਦੀ ਹੈ। ਇਹੋ ਵਿਸ਼ੇਸ਼ਤਾ, ਇਹੋ ਅਲੋਕਾਰਕਤਾ ਰੀਤੀ ਤੱਤ ਦਾ ਫਲ ਹੈ। ਜੇਕਰ ਕੋਈ ਕਵੀ ਇਸ ਰੀਤੀ ਤੋਂ ਅਰਥਾਤ ਅੱਖਰ, ਵਰਣ, ਸ਼ਬਦ ਅਤੇ ਸ਼ਬਦ-ਅਰਥ ਦੇ ਸਬੰਧ ਤੋਂ ਅਣਜਾਣ ਹੈ ਉਸ ਦੀ ਰਚਨਾ ਹੋਰ ਸਭੇ ਤੱਤਾਂ ਦੇ ਬਾਵਜੂਦ ਉੱਤਮ ਰਚਨਾ ਨਹੀਂ ਹੋ ਸਕਦੀ। ਰੀਤੀ ਕਾਵਿ ਦੇ ਪਹਿਰਾਵੇ ਹੀ ਨਹੀਂ ਹਿਰਦੇ ਦੀ ਸ਼ੋਭਾ ਵੀ ਵਧਾਉਂਦੀ ਹੈ। ਇਸ ਲਈ ਉੱਚਤਾ, ਵਿਸ਼ੇਸ਼ਤਾ ਆਦਿ ਕਾਵਿ -ਗੁਣ ਲਿਆਉਣ ਲਈ ਰੀਤੀ ਦੀ ਬੜੀ ਜ਼ਰੂਰਤ ਹੈ।
ਕਵੀ ਦੀ ਰਚਨਾ ਵਿੱਚ ਕਵੀ ਦਾ ਆਪਾ ਅਵੱਸ਼ ਝਲਕਦਾ ਹੈ। ਪਰੰਤੂ ਆਪੇ ਦੀ ਵਿਸ਼ੇਸ਼ਤਾ ਰਖਕੇ ਵੀ ਜਿਸ ਤੱਤ ਰਾਹੀਂ ਕੋਈ ਕਾਵਿ-ਰਚਨਾ ਹਰਮਨ - ਪਿਆਰੀ ਬਣ ਜਾਂਦੀ ਹੈ ਅਤੇ ਪਾਠਕਾਂ-ਸਰੋਤਿਆਂ ਦੇ ਮਨਾਂ ਦੀ ਕਹਾਣੀ ਕਹਿੰਦੀ ਹੈ ਉਹ ਤੱਤ ਰੀਤੀ ਹੈ ਜਿਸ ਨਾਲ ਭਾਵੁਕਤਾ, ਸੁਮੇਲਤਾ, ਸਾਧਾਰਣੀਕਰਣ, ਅਲੰਕਾਰਿਕਤਾ ਕਲਾਮਈਤਾ, ਚਿਤ੍ਮਈਤਾ ਆਦਿ ਗੁਣ ਉਪਜਦੇ ਹਨ। ਇਸ ਲਈ ਪਾ੍ਚੀਨ ਭਾਰਤ ਵਿੱਚ ਰੀਤੀ ਜਾਂ ਰੀਤੀ ਸਿੱਧਾਂਤ ਉੱਤੇ ਕਈਆਂ ਸਦੀਆਂ ਤੀਕਰ ਵਿਚਾਰ ਹੋਇਆ ਹੈ ਸਗੋਂ ਯਰੋਪ ਵਿੱਚ ਰੀਤੀ ਉਤੇ style ਦੇ ਸਿਰਲੇਖ ਹੇਠ ਬੜੀ ਡੂੰਘੀ ਵਿਵੇਚਨਾ ਹੋਈ ਹੈ ਜਿਹੜੀ ਇਸ ਸਿੱਧਾਂਤ ਦੇ ਆਵਸ਼ਕ ਅਤੇ ਮਹੱਤਵਪੂਰਣ ਹੋਣ ਦੀ ਸੂਚਕ ਹੈ।[2]
ਰੀਤੀ ਜਾਂ ਸੈ਼ਲੀ ਕਾਵਿ ਦੀ ਅਭਿਵਿਅੰਜਣਾ ਪ੍ਰਣਾਲੀ ਹੈ।ਕਾਵਿ-ਸਾਹਿਤ ਦੀ ਅਭਿਵਿਅਕਤੀ ਰੀਤੀ ਦੁਆਰਾ ਹੁੰਦੀ ਹੈ ਅਤੇ ਬਿਨਾਂ ਅਭਿਵਿਅਕਤੀ ਤੋਂ ਸਿਰਫ ਅਨੁਭੂਤੀ ਨਾਲ ਹੀ ਕਾਵਿ ਦੀ ਹੋਂਦ ਸੰਭਵ ਨਹੀਂ।
= ਰੀਤੀ ਦੇ ਮੂਲ-ਆਧਾਰ: ਕਾਵਿਗੁਣ ਪਿੱਛੇ ਅਸੀਂ ਲਿਖ ਆਏ ਹਾਂ ਕਿ ਰੀਤੀ ਦੀ ਪਰਿਭਾਸ਼ਾ ਦਰਸਾਉਂਦਿਆਂ ਵਾਮਨ ਨੇ ਗੁਣਾਂ (ਕਾਵਿ ਗੁਣਾਂ ਨੂੰ ਆਵਸ਼ਕ ਤੱਤ ਮੰਨਿਆ ਹੈ ਜਿਸ ਤੋਂ ਬਿਨਾਂ ਰੀਤੀ ਸੰਪੂਰਨ ਨਹੀਂ ਹੋ ਸਕਦੀ॥ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਾਮਨ ਦੇ ਅਨੁਸਾਰ ਰੀਤੀ ਦਾ ਮੂਲ-ਆਧਾਰ ਗੁਣ (qualities) ਹਨ ਜਿਹੜੇ ਸ਼ਬਦ ਅਤੇ ਅਰਥ ਸੁੰਦਰਤਾ ਦੇ ਲਖਾਇਕ ਹਨ। ਇਸਦਾ ਭਾਵ ਇਹ ਹੈ ਕਿ ਮਧੁਰਤਾ,ਓਜ ਆਦਿ ਗੁਣਾਂ (ਜਿਨ੍ਹਾਂ ਦਾ ਵਿਵੇਚਨ ਅੱਗੇ ਕੀਤਾ ਜਾ ਰਿਹਾ ਹੈ) ਤੋਂ ਬਿਨਾਂ ਰੀਤੀ ਦੀ ਕੋਈ ਹੋਂਦ ਨਹੀਂ,ਇਸ ਲਈ 'ਗੁਣ' ਰੀਤੀ ਦੇ ਆਧਾਰਕ ਤੱਤ ਹਨ। ਅਗਨਿ ਪੁਰਾਣ ਵਿਚ ਰੀਤੀ ਦੇ ਤਿੰਨ ਤੱਤ ਮੰਨੇ ਹਨ - ਸਮਾਸ, ਅਲੰਕਾਰ ਅਤੇ ਕੋਮਲਤਾ ਜਿਨ੍ਹਾਂ ਦੀ ਮਾਤ੍ਰ ਵੈਦਰਭੀ, ਪਾਂਚਾਲੀ ਅਤੇ ਗੌੜੀਯ ਵਿਚ ਵਧਦੀ ਘਟਦੀ ਹੈ । 'ਕਾਵਯ ਪ੍ਰਕਾਸ਼' ਦੇ ਕਰਤਾ ਮੰਮਟ ਨੇ ਗੁਣ ਪ੍ਰਗਟਾਊ ਵਰਣ - ਸਮੂਹ (ਵਰਣ ਗੁਫਲਾ) ਨੂੰ ਰੀਤੀ ਸੰਪ੍ਰਦਾਏ ਆਖਿਆ ਹੈ ਅਤੇ ਅਖਰ ਸਮੂਹਾਂ ਨਾਲ ਗੁਣਾਂ ਦਾ ਸਬੰਧ ਨਿਯਤ ਕਰ ਦਿੱਤਾ ਹੈ। ਉਸ ਨੇ ਮਾਧੁਰਯ ਹੀ ਰੀਤੀ ਦਾ ਮੂਲਾਧਾਰ ਮੰਨਿਆ ਹੈ। ਮੰਮਟ ਨੇ ਵਿ੍ਰਤੀ (ਪ੍ਰੀਤੀ) ਨੂੰ ਵਰਣਾਂ ਜਾਂ ਅੱਖਰਾਂ ਦਾ ਕ੍ਰਮ. 147 ਆਦਿ ਗੁਣਾਂ ਵਾਸਤੇ ਵੱਖ ਵੱਖ ਵਰਣ-ਸਮੂਹ ਨਿਯਤ ਕੀਤੇ ਹਨ। ਇਸ ਲਈ ਉਸਦੀ ਦ੍ਰਿਸ਼ਟੀ ਵਿਚ ਗੁਣ-ਯੁਕਤ ਵਰਣ-ਸਮੂਹ ਹੀ ਰੀਤੀ ਦੇ ਮੂਲ ਤੱਤ ਹਨ। ਵਿਸ਼ਵਨਾਥ ਨੇ ਅੱਖਰ - ਮ, ਸ਼ਬਦ ਸਮੂਹ ਅਤੇ ਸਮਾਸ ਤਿੰਨਾਂ ਨੂੰ ਹੀ ਰੀਤੀ ਦੇ ਆਵਸ਼ਕ ਤੱਤ ਪਰਵਾਣ ਕੀਤਾ ਹੈ। ਇਉਂ ਆਚਾਰੀਆਂ ਨੇ ਰੀਤੀ ਦੇ ਅਜਿਹੇ ਤੱਤ ਦੀ ਖੋਜ ਕੀਤੀ ਹੈ ਜਿਸ ਤੋਂ ਬਗੈਰ ਰੀਤੀ ਨਿਖਰ ਹੀ ਨਹੀਂ ਸਕਦੀ ਅਤੇ ਸਗੋਂ ਜਿਸ ਤੋਂ ਬਿਨਾਂ ਰੀਤੀ ਦੀ ਹੋਂਦ ਉੱਕਾ ਹੀ ਅਸੰਭਵ ਹੈ। ਉਸ ਤੱਤ ਨੂੰ ਕਿਸੇ ਨੇ ਗੁਣ,ਕਿਸੇ ਨੇ ਸਮਾਸ,ਕਿਸੇ ਨੇ ਅੱਖਰ-ਕ੍ਰਮ ਆਖਿਆ ਹੈ ਪਰੰਤੂ ਬਹੁਸੰਮਤੀ ਏਸ ਪੱਖ ਵਿਚ ਹੈ ਕਿ ਕਾਵਿ-ਗੁਣ ਹੀ ਰੀਤੀ ਦੇ ਆਧਾਰ ਤੱਤ ਹਨ ਜਿਸ ਉੱਤੇ ਰੀਤੀ ਦਾ ਭਵਨ ਖੜਾ ਹੁੰਦਾ ਹੈ ਅਤੇ ਇਸ ਤੱਤ ਨੂੰ ਲਗਭਗ ਸਾਰੇ ਸਮੀਖਿਆਕਾਰਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ। ਇਸਦਾ ਤਯ ਇਹ ਹੋਇਆ ਕਿ ਗੁਣ ਅਤੇ ਰੀਤੀ ਦਾ ਨਿੱਤ ਸਬੰਧ ਹੈ ਇਸ ਲਈ ਰੀਤੀਆਂ ਲਈ ਕਿਸੇ ਨਾ ਕਿਸੇ ਕਾਵਿ ਗੁਣ ਦੀ ਲੋੜ ਹੈ ਜਿਸ ਦੇ ਆਸਰੇ ਉਤੇ ਰੀਤੀ ਦੀ ਸਿਰਜਨਾ ਹੋ ਸਕਦੀ ਹੈ। [3] [4]
ਰੀਤੀ ਦਾ ਸ਼ਾਬਦਿਕ ਅਰਥ
[ਸੋਧੋ]ਭਾਰਤੀ ਕਾਵਿ ਸ਼ਾਸਤਰ ਅਨੁਸਾਰ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿਚ 'ਰੀਤੀ' ਦਾ ਪ੍ਰਯੋਗ ਅਨੇਕ ਥਾਵਾਂ 'ਤੇ ਪ੍ਰਾਪਤ ਹੈ। ਰੀਤੀ ਪਦ ਦੀ ਬਣਾਵਟ 'ਰੀਙ' (ਗਤੀ- ਗਮਨ- ਮਾਰਗ ਅਰਥ ਵਾਲੀ) ਧਾਤੂ ਤੋਂ ਹੋਈ ਹੈ। ਇਸ ਤਰ੍ਹਾਂ ਉਕਤ ਪਦ ਸਾਹਿਤ ਦੇ ਵੱਖ ਵੱਖ ਮਾਰਗਾਂ ਦਾ ਸੰਕੇਤ ਕਰਦਾ ਹੈ। ਸੰਸਕ੍ਰਿਤ ਸਾਹਿਤ ਦੇ ਆਦਿ ਗ੍ਰੰਥ 'ਰਿਗਵੇਦ' ਵਿਚ ਗਮਨ ਜਾਂ ਮਾਰਗ ਅਰਥ ਵਾਲੇ ਰੀਤੀ ਪਦ ਦਾ ਪ੍ਰਯੋਗ ਅਨੇਕ ਥਾਵਾਂ ਤੇ ਹੋਇਆ ਹੈ। ਵੈਦਿਕ ਸਾਹਿਤ ਦੇ ਹੋਰ ਗ੍ਰੰਥਾਂ ਚ ਵੀ 'ਰੀਤੀ' ਪਦ ਦਾ ਪ੍ਰਯੋਗ ਗਮਨ ਤੇ ਮਾਰਗ ਵਿੱਚ ਹੀ ਮਿਲਦਾ ਹੈ। ਇਸ ਤਰ੍ਹਾਂ ਵੱਖ ਵੱਖ ਆਚਾਰੀਆ ਨੇ ਵੀ ਰੀਤੀ ਸ਼ਬਦ ਦੀ ਥਾਂ ਵੱਖ ਵੱਖ ਸ਼ਬਦ ਜਿਵੇਂ ਭਰਤ ਮੁਨੀ ਨੇ ਪ੍ਰਵਿਰਤੀ , ਭਾਮਹ ਤੇ ਢੰਡੀ' ਨੇ ਮਾਰਗ , ਵਾਮਨ ਨੇ ਰੀਤੀ ਅਤੇ ਮੰਮਟ ਨੇ ਵਿਰਤੀ ਸ਼ਬਦ ਦਾ ਪ੍ਰਯੋਗ ਕੀਤਾ ਹੈ। ਰੀਤੀ ਨੂੰ ਪੱਥ, ਪੱਧਤੀ, ਪ੍ਰਣਾਲੀ, ਸ਼ੈਲੀ ਆਦਿ ਵੀ ਕਿਹਾ ਜਾਂਦਾ ਹੈ।[5]
ਵਿਉਂਤਪੱਤੀ ਅਨੁਸਾਰ ਜਿਸ ਮਾਰਗ ਰਾਹੀਂ ਗਮਨ ਕੀਤਾ ਜਾਵੇ, ਉਹ ਰੀਤੀ ਹੈ (ਰੀਯਤੇ ਗਮ੍ਯਤੇ ਅਨੇਨ ਇਤਿ ਰੀਤੀ: )। ਵਾਮਨ ਅਨੁਸਾਰ ਵਿਸ਼ਿਸਟ ਪਦ-ਰਚਨਾ ਰੀਤੀ ਅਖਵਾਉਂਦੀ ਹੈ (ਵਿਸ਼ਿਸਟ ਪਦ-ਰਚਨਾ ਰੀਤਿ:) ਅਤੇ ਇਸ ਵਿੱਚ ਇਹ ਵਿਸ਼ੇਸ਼ਤਾ ਗੁਣਾਂ ਦੇ ਸ਼ਾਮਲ ਹੋਣ ਨਾਲ ਹੁੰਦੀ ਹੈ (ਵਿਸ਼ੇਸ ਗੁਣਾਤਮਕ) ਇਸ ਤੋਂ ਸਪਸ਼ਟ ਹੈ ਕਿ ਰੀਤੀ ਗੁਣ ਯੁਕਤ ਪਦ ਰਚਨਾ ਹੈ।[1]
ਰੀਤੀ ਦਾ ਵਿਕਾਸ ਅਤੇ ਪਿਛੋਕੜ
[ਸੋਧੋ]'ਰੀਤੀ' ਬਾਰੇ ਸਪੱਸ਼ਟਤਾ ਤੇ ਵਿਸਥਾਰ ਭਾਵੇਂ ਆਚਾਰੀਆ ਵਾਮਨ ਹਿੱਸੇ ਆਉਂਦਾ ਹੈ ਪਰ ਭਾਰਤੀ ਕਾਵਿ ਸ਼ਾਸਤ੍ਰ ਵਿੱਚ ਉਸ ਤੋਂ ਪਹਿਲਾਂ ਹੀ ਇਸ ਸ਼ਬਦ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਸੀ। 'ਰੀਤੀ' ਨੇ ਆਪਣੇ ਨਿਕਾਸ ਤੋਂ ਵਿਕਾਸ ਵਿਚੋਂ ਹੁੰਦਿਆਂ ਹੋਇਆਂ ਵਿਸ਼ੇਸ਼ ਨਾਮ ਤੇ ਅਰਥ ਗ੍ਰਹਿਣ ਕੀਤੇ ਹਨ । ਇਸਦੇ ਭੇਦਾਂ ਬਾਰੇ ਵੀ ਭਾਰਤੀ ਆਚਾਰੀਆ ਨੇ ਆਪਣੀ ਪਰਿਭਾਸ਼ਾ ਤੇ ਵਿਸ਼ੇਸ਼ਤਾ ਪ੍ਰਗਟ ਕੀਤੀ ਹੈ। ਉਪਰੋਕਤ ਸ਼ਾਬਦਿਕ ਅਰਥ ਸਿਰਲੇਖ ਹੇਠ ਚਰਚਾ 'ਚ ਰੀਤੀ ਲਈ ਵਰਤੇ ਜਾਂਦੇ ਵੱਖ ਵੱਖ ਨਾਮਾਂ ਬਾਰੇ ਗੱਲ ਹੋ ਚੁੱਕੀ ਹੈ । ਰੀਤੀ ਲਈ ਪਹਿਲੋਂ ਪਹਿਲ ਪ੍ਰਵਿਰਤੀ ਸ਼ਬਦ ਵਰਤਿਆ ਗਿਆ ਤੇ ਇਸ ਦਾ ਵੇਰਵਾ ਭਰਤ ਮੁਨੀ ਦੇ 'ਨਾਟਯ ਸ਼ਾਸਤਰ' ਵਿਚ ਮਿਲਦਾ ਹੈ। ਆਚਾਰੀਆ ਭਰਤ ਅਨੁਸਾਰ ਪ੍ਰਵਿਰਤੀ ਤੋਂ ਭਾਵ ਜੋ ਪ੍ਰਿਥਵੀ ਦੇ ਦੇਸ਼ਾਂ ਦੇ ਪਹਿਰਾਵੇ, ਰਹਿਣ ਸਹਿਣ ਤੇ ਭਾਸ਼ਾ ਦਾ ਪ੍ਰਗਟਾਓ ਕਰੇ । ਇਸ ਲਈ ਭਰਤ ਮੁਨੀ ਦੀ ਰੀਤੀ ਦੀ ਸ਼੍ਰੇਣੀ ਵੰਡ ਦਾ ਆਧਾਰ ਦੇਸ਼ - ਵਿਦੇਸ਼ ਹੈ। ਭਰਤ ਮੁਨੀ ਅਨੁਸਾਰ ਚਾਰ ਰੀਤੀਆਂ ਇਸ ਤਰ੍ਹਾਂ ਹਨ- 1. ਆਵੰਤੀ (ਪੱਛਮੀ ਇਲਾਕੇ ਵਿੱਚ ਪ੍ਰਚਲਿਤ), 2. ਦਾਕਸ਼ਣਾਤਯ ( ਦੱਖਣੀ ਇਲਾਕੇ ਵਿੱਚ ਪ੍ਰਚਲਿਤ), 3. ਪਾਂਚਾਲੀ (ਮੱਧ ਦੇਸ਼ਾਂ ਵਿੱਚ ਪ੍ਰਚਲਿਤ), 4.ਓਡ੍ਰਾ ਮਾਗਧੀ (ਉਡੀਸਾ ਤੇ ਪੂਰਬੀ ਭਾਰਤ ਵਿਚ ਪ੍ਰਚਲਿਤ)।[2]
ਗੱਦਕਾਰ ਬਾਣ ਭੱਟ ਨੇ ਵੀ ਆਪਣੀ ਰਚਨਾ 'ਹਰਸ਼ਚਰਿਤ' ਵਿਚ ਦੇਸ਼ ਦੇ ਚੋਹਾਂ ਭਾਗਾਂ ਵਿਚ ਚਾਰ ਪ੍ਰਕਾਰ ਦੀਆਂ ਸ਼ੈਲੀਆ ਦੇ ਪ੍ਰਚਲਿਤ ਹੋਣ ਦਾ ਉਲੇਖ ਕੀਤਾ ਹੈ। ਬਾਣ ਭੱਟ ਗੁਣ ਤੇ ਅਲੰਕਾਰ ਦਾ ਰੀਤੀ ਨਾਲ ਸੰਬੰਧ ਵੀ ਦਰਸਾਉਂਦਾ ਹੈ।
'ਭਾਰਤੀ ਕਾਵਿ ਸ਼ਾਸਤਰ' ਦੇ ਰਚੇਤਾ ਪ੍ਰੋ. ਸ਼ੁਕਦੇਵ ਸ਼ਰਮਾ ਅਨੁਸਾਰ ਆਚਾਰੀਆ ਭਾਮਹ ਨੇ ਰੀਤੀ ਲਈ 'ਮਾਰਗ' ਪਦ ਵਰਤਨ ਵਾਲੇ ਪਹਿਲੇ ਆਚਾਰੀਆ ਸਨ ਪਰ ਡਾ. ਗੁਰਸ਼ਰਨ ਕੌਰ ਜੱਗੀ ਆਪਣੀ ਪੁਸਤਕ 'ਭਾਰਤੀ ਕਾਵਿ ਸ਼ਾਸਤਰ(ਸਰੂਪ ਤੇ ਸਿਧਾਂਤ)' ਵਿਚ ਭਾਮਹ ਦੁਆਰਾ ਰੀਤੀ ਲਈ 'ਕਾਵਿ' ਸ਼ਬਦ ਦੀ ਵਰਤੋਂ ਪ੍ਰਗਟ ਕਰਦੇ ਹਨ। ਆਚਾਰੀਆ ਭਾਮਹ ਨੇ ਰੀਤੀ ਦੇ ਦੋ ਭੇਦ ਦੱਸੇ ਹਨ ,1. ਵੈਦਰਭ ਤੇ 2. ਗੌੜੀਯ । ਅਚਾਰੀਆ ਦੰਡੀ ਨੇ ਮਾਰਗ ਪਦ ਦੀ ਵਰਤੋਂ ਕਰਦਿਆਂ ਹੋਇਆਂ ਦੋ ਮਾਰਗ ਦਰਸਾਏ ਹਨ ਵੈਦਰਭ ਮਾਰਗ ਤੇ ਗੋੜ੍ਹੀਯ ਮਾਰਗ ਉਹਨਾਂ ਨੇ ਭਰਤ ਮੁਨੀ ਵੱਲੋਂ ਦਿੱਤੇ 10 ਗੁਣਾ ਨੂੰ ਵੈਦਰਭ ਮਾਰਗ ਦਾ ਪ੍ਰਾਣ ਕਿਹਾ ਹੈ ਤੇ ਗੌੜ੍ਹੀਯ ਮਾਰਗ ਵਿੱਚ ਇਹਨਾਂ ਗੁਣਾਂ ਦਾ ਉਲਟ ਰੂਪ ਦੇਖਿਆ ਜਾਂਦਾ ਹੈ। ਆਚਾਰੀਆ ਦੰਡੀ ਅਨੁਸਾਰ ''ਸੂਖ਼ਮ ਭੇਦ ਦੇ ਕਾਰਨ ਕਾਵਿ ਰਚਨਾ ਦਾ ਮਾਰਗ ਹਰ ਕਵੀ ਦੇ ਨਾਲ ਬਦਲਦਾ ਰਹਿੰਦਾ ਹੈ ਇਸ ਲਈ ਇਹਨਾਂ ਦੇ ਭੇਦ ਉਪਭੇਦ ਦਰਸਾਉਣੇ ਅਸਲੋਂ ਹੀ ਔਖੇ ਹਨ।"
ਰੀਤੀ ਸੰਪਰਦਾਇ ਦੇ ਵਿਕਾਸ ਕ੍ਰਮ ਵਿੱਚ ਭਾਵੇਂ ਸਾਰੇ ਅਚਾਰੀਆਂ ਨੇ ਆਪਣੀ ਵਿਸ਼ੇਸ਼ ਟਿੱਪਣੀ ਤੇ ਸ਼ਮੂਲੀਅਤ ਪ੍ਰਗਟਾਈ ਹੈ। ਪਰ ਆਚਾਰੀਆ ਵਾਮਨ ਨੇ ਇਸ ਦਾ ਸਪਸ਼ਟ ਤੇ ਵਿਸਥਾਰ ਵਿਵੇਚਨ ਕਰਦਿਆਂ ਇਸ ਨੂੰ "ਕਾਵਿ ਦੀ ਆਤਮਾ ਕਿਹਾ ਹੈ।"ਅਚਾਰੀਆ ਵਾਮਨ ਨੇ ਰੀਤੀ ਨੂੰ ਵਿਸ਼ਿਸ਼ਟ ਪਦ ਰਚਨਾ ਤੇ ਵਿਸ਼ੇਸ਼ ਗੁਣਾਂ ਤੋਂ ਭਰਪੂਰ ਹੋਣ ਬਾਰੇ ਦੱਸਿਆ ਹੈ। ਨਾਲ ਹੀ ਉਹਨਾਂ ਨੇ ਰੀਤੀ ਤੇ ਗੁਣਾਂ ਦਾ ਨਿੱਤ ਸੰਬੰਧ ਸਥਾਪਿਤ ਕਰਕੇ ਰਸ ਆਦਿ ਕਾਵਿ ਤੱਤਾਂ ਦਾ ਵੀ ਇਸੇ ਵਿੱਚ ਸਮਾਂਵੇਸ਼ ਕਰ ਦਿੱਤਾ। ਅਚਾਰੀਆ ਵਾਮਨ ਨੇ ਗੁਣਾਂ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਹੋਇਆਂ ਵੈਦਰਭੀ ਤੇ ਗੌੜ੍ਹੀ ਦੋ ਮਾਰਗਾਂ ਦੇ ਨਾਲ ਤੀਜੇ ਮਾਰਗ ਪਾਂਚਾਲ ਨੂੰ ਵੀ ਸ਼ਾਮਿਲ ਕੀਤਾ ਤੇ ਇਸ ਤਰ੍ਹਾਂ ਰੀਤੀਆਂ ਦੀ ਸੰਖਿਆ ਤਿੰਨ ਕਰਦਿਆਂ ਇਹਨਾਂ ਰੀਤੀਆਂ ਦੀ ਆਪਸੀ ਭਿੰਨਤਾ, ਗੁਣਾਂ ਦੇ ਭੇਦ ਅਤੇ ਉਹਨਾਂ ਦੀ ਸੰਖਿਆ ਦੇ ਵੱਧ ਜਾਂ ਘੱਟ ਹੋਣ ਕਰਕੇ ਸਵੀਕਾਰ ਕੀਤੀ ਹੈ।[6]
ਰੀਤੀ ਨੂੰ ਆਚਾਰੀਆ ਭਰਤ ਨੇ ਇਲਾਕਿਆਂ ਨਾਲ ਜੋੜਿਆ ਸੀ ਉਥੇ ਆਚਾਰੀਆ ਰੋਦ੍ਰਟ ਨੇ ਰੀਤੀ ਦੇ ਵਿਕਾਸ ਕ੍ਰਮ ਵਿੱਚ ਵਿਸ਼ੇਸ਼ ਕਾਰਜ ਕਰਦਿਆਂ ਰੀਤੀ ਨੂੰ ਭੂਗੋਲਿਕ ਬੰਧਨ ਤੋਂ ਮੁਕਤ ਕਰਕੇ ਕਾਵਿ ਵਿਵਹਾਰ ਨਾਲ ਜੋੜਿਆ। ਇਹਨਾਂ ਦੀ ਗਿਣਤੀ ਤਿੰਨ ਤੋਂ ਚੋਥੀ ਰੀਤੀ 'ਲਾਟੀ' ਦੀ ਸ਼ਮੂਲੀਅਤ ਨਾਲ ਚਾਰ ਕਰ ਦਿੱਤੀ ਤੇ ਇਹਨਾਂ ਨੇ ਸਮਾਸ ਆਧਾਰਿਤ ਵੰਡ ਕੀਤੀ। ਅਚਾਰੀਆ ਰਾਜ ਸ਼ੇਖਰ ਨੇ ਤਿੰਨ ਰੀਤੀਆਂ ਦਾ ਵਿਵੇਚਨ ਕਰਦਿਆਂ ਇਹਨਾਂ ਨੂੰ ਭੂਗੋਲਿਕ ਆਧਾਰ ਮੰਨਿਆ ਪਰ ਸਾਹਿਤਕ ਪੱਖੋਂ ਉਹਨਾਂ ਨੇ ਸਮਾਸ ਨੂੰ ਆਧਾਰ ਮੰਨਿਆ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਨਾਟਿਕਾ ਕਿਰਤ 'ਕਰਪੂਰਮੰਜਰੀ' ਚ ਚੌਥੀ ਰੀਤੀ 'ਮਾਗਧੀ' ਦਾ ਵੀ ਜ਼ਿਕਰ ਕੀਤਾ ਇੱਕ ਹੋਰ ਖਾਸ ਗੱਲ ਜੋ ਰਾਸ਼ੇਖਰ ਬਾਰੇ ਮਿਲਦੀ ਹੈ ਉਹ ਹੈ ਕਿ ਉਹਨਾਂ ਨੇ ਆਪਣੇ ਗ੍ਰੰਥ ਵਿੱਚ 'ਸੁਵਰਣਨਾਭ' ਨਾਮ ਦੇ ਲੇਖਕ ਨੂੰ ਅੰਕਨ ਕੀਤਾ ਪਰ ਹੁਣ ਤੱਕ ਉਹਨਾਂ ਬਾਰੇ ਕੋਈ ਵਿਸ਼ੇਸ਼ ਸਰੋਤ ਪ੍ਰਾਪਤ ਨਹੀਂ ਹੁੰਦਾ। [6] ਡਾਕਟਰ ਗੁਰਸ਼ਰਨ ਕੌਰ ਜੱਗੀ ਅਨੁਸਾਰ ਰਾਜਸ਼ੇਖਰ ਰੀਤੀ ਨੂੰ 'ਬਚਨਾਂ ਦੀ ਵਿਵਸਥਿਤ ਕ੍ਰਮ' ਮੰਨਦੇ ਹਨ। ਉੱਥੇ ਅਚਾਰੀਆ ਸ਼ਰਦਾਤਨਯ ਵੀ ਆਪਣੇ ਗ੍ਰੰਥ 'ਭਾਵਪ੍ਰਕਾਸ਼ਨ' ਵਿੱਚ "ਵਚਨਾਂ ਦੇ ਟਿਕਾਉਣ ਦੀ ਤਰਤੀਬ" ਨੂੰ ਰੀਤੀ ਕਹਿੰਦੇ ਹਨ।
ਰੀਤੀ ਸੰਪ੍ਰਦਾਇ ਦੇ ਵਿਕਾਸ ਕ੍ਰਮ ਵਿੱਚ ਅਚਾਰੀਆ ਭੋਜ ਰੀਤੀ ਦੀ ਗਿਣਤੀ ਨੂੰ ਵਧਾਉਂਦੇ ਹੋਏ ਆਪਣੇ ਪਹਿਲੇ ਗ੍ਰੰਥ 'ਸ਼ਿੰਗਾਰਪ੍ਰਕਾਸ਼' ਵਿੱਚ ਪਾਂਚਾਲੀ, ਗੌੜ੍ਹੀ, ਵੈਦਰਭੀ ਤੇ ਲਾਟੀ ਚਾਰ ਰੀਤੀਆਂ ਦਾ ਵਿਵੇਚਨ ਕਰਦੇ ਹਨ ਤੇ ਆਪਣੇ ਦੂਜੇ ਗ੍ਰੰਥ 'ਸਰਸਵਤੀਕੰਠਾਂਭਰਣ' ਚ ਆਵੰਤਿਕਾ ਤੇ ਮਾਗਧੀ ਦੋ ਹੋਰ ਰੀਤੀਆਂ ਦਾ ਜ਼ਿਕਰ ਕਰਦਿਆਂ ਰੀਤੀਆਂ ਦੀ ਗਿਣਤੀ ਛੇ ਕਰ ਦਿੰਦੇ ਹਨ। ਅਚਾਰੀਆ ਕੁੰਤਕ ਨੇ ਰੀਤੀ ਦੀ ਥਾਂ ਮਾਰਗ ਸ਼ਬਦ ਦੀ ਵਰਤੋਂ ਕੀਤੀ ਹੈ ਤੇ ਉਹਨਾਂ ਨੇ ਤਿੰਨ ਮਾਰਗ ਦੱਸੇ ਹਨ ਸੁਕੁਮਾਰ ਮਾਰਗ (ਵੈਦਰਭੀ), ਵਿਚਿਤ੍ਰ ਮਾਰਗ (ਗੌੜ੍ਹੀ), ਮਧਿਅਮਮਾਰਗ (ਪਾਂਚਾਲੀ) । ਅਚਾਰੀਆ ਕੁੰਤਕ ਅਨੁਸਾਰ ਇਹ ਮਾਰਗ ਜਾਂ ਸ਼ੈਲੀ ਕਵੀ ਦੇ ਆਪਣੇ ਆਪਣੇ ਸੁਭਾਅ ਕਰਕੇ ਵੱਖ-ਵੱਖ ਹੈ ਇਸ ਤੋਂ ਭਾਵ ਹੁੰਦਾ ਹੈ ਕਿ ਅਚਾਰੀਆ ਕੁੰਤਕ ਨੇ ਰੀਤੀ ਦਾ ਆਧਾਰ ਕਵੀ ਦੇ ਸੁਭਾਅ ਨੂੰ ਬਣਾਇਆ ਹੈ।
ਜਿੱਥੇ ਅਚਾਰੀਆ ਵਾਮਨ ਨੇ ਰੀਤੀ ਨੂੰ ਕਾਵਿ ਦੀ ਆਤਮਾ ਕਿਹਾ ਹੈ ਉੱਥੇ ਹੀ ਆਨੰਦਵਰਧਨ ਮੰਮਟ ਤੇ ਵਿਸ਼ਵਨਾਥ ਜਹੇ ਪ੍ਰਸਿੱਧ ਆਚਾਰੀਆਂ ਨੇ ਰੀਤੀ ਨੂੰ ਕਾਵਿ ਦਾ ਬਾਹਰਲਾ ਰੂਪ ਆਖਿਆ ਹੈ ।
ਰੀਤੀ ਦੇ ਨਿਕਾਸ ਤੋਂ ਵਿਕਾਸ ਚੋਂ ਹੁੰਦਿਆਂ ਹੋਇਆਂ ਵੱਖ ਵੱਖ ਅਚਾਰੀਆਂ ਦੀ ਵਿਸ਼ੇਸ਼ ਟਿੱਪਣੀਆਂ ਤੇ ਵਿਸ਼ੇਸ਼ ਯੋਗਦਾਨ ਬਾਰੇ ਸੰਖੇਪਿਤ ਵਿਵਰਨ ਕਰਦੇ ਹੋਏ ਇਸ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਰੀਤੀ ਤੱਤ ਦੀ ਖੋਜ ਭਾਵੇਂ ਭਰਤ ਮੁਨੀ ਦੇ 'ਨਾਟਯ ਸ਼ਾਸਤਰ' ਚ ਦੇਖੀ ਜਾ ਸਕਦੀ ਹੈ ਪਰ ਇਸਦਾ ਸਹੀ ਸਪਸ਼ਟ ਤੇ ਵਿਸਥਾਰ ਵਿਵੇਚਨ ਅਚਾਰੀਆ ਵਾਮਨ ਦੇ ਹਿੱਸੇ ਆਉਂਦਾ ਹੈ। ਵਾਮਨ ਤੋਂ ਬਾਅਦ ਰੀਤੀ ਸੰਪਰਦਾਇ ਉੱਤੇ ਵਿਚਾਰ ਵਿਸਥਾਰ ਤਾਂ ਬਾਅਦ ਬਹੁਤ ਹੋਇਆ ਹੈ ਪਰ ਕਿਸੇ ਨੇ ਇਸ ਨੂੰ ਕਾਵਿ ਦੀ ਆਤਮਾ ਵਜੋਂ ਸਵੀਕਾਰ ਨਹੀਂ ਕੀਤਾ ਜੇਕਰ ਵਾਮਨ ਤੋਂ ਬਾਅਦ ਕਿਸੇ ਨੇ ਕਾਵਿ ਦੀ ਆਤਮਾ ਰੀਤੀ ਨੂੰ ਮੰਨਿਆ ਹੈ ਤਾਂ ਉਹ ਵਾਮਨ ਦੇ ਗ੍ਰੰਥ 'ਸਰਸਵਤੀਸੂਤ੍ਰਵ੍ਰਿਤੀ' ਦੇ ਟੀਕਾਕਾਰ ਗੋਪੇਂਦ੍ਰ ਹਰਭੂਪਾਲ ਤੇ ਅਮ੍ਰਿੰਤਾਨੰਦ ਯੋਗੀ ਹਨ। ਡਾ. ਰਾਮ ਚੰਦ੍ਰ ਵਰਮਾ ਅਨੁਸਾਰ,"ਰੀਤੀ ਸੰਬੰਧੀ ਮਾਨਤਾ ਨੂੰ ਸਿਧਾਂਤ ਤਾਂ ਮੰਨਿਆ ਜਾ ਸਕਦਾ ਹੈ ਪਰ ਸੰਪਰਦਾਇ ਨਹੀਂ। ਕਿਉਂਕਿ ਸੰਪਰਦਾਇ ਤਾਂ ਤਦ ਹੀ ਹੁੰਦੀ ਹੈ ਜਦ ਉਸ ਦੀ ਪ੍ਰੰਪਰਾ ਚਲਦੀ ਰਹੀ ਤੇ ਇਸ ਦੀ ਮਾਨਤਾ ਨੂੰ ਸਪੱਸ਼ਟ ਜਾਂ ਪੁਸ਼ਟ ਕਰਨ ਦੀ ਤਰਕ ਪੂਰਨ ਕੋਸ਼ਿਸ਼ ਕੀਤੀ ਜਾਵੇ।" ਇਹ ਹਵਾਲਾ ਡਾ. ਗੁਰਸ਼ਰਨ ਕੌਰ ਜੱਗੀ ਆਪਣੀ ਪੁਸਤਕ 'ਭਾਰਤੀ ਕਾਵਿ ਸ਼ਾਸਤਰ'(ਸਰੂਪ ਤੇ ਸਿਧਾਂਤ) ਵਿਚ ਦਿੰਦੇ ਹਨ ਪਰ ਨਾਲ ਹੀ ਰੀਤੀ ਵਿਕਾਸ ਕ੍ਰਮ ਸਿਰਲੇਖ ਦੀ ਸ਼ੁਰੂਆਤ,"ਰੀਤੀ ਨੂੰ ਸਿਧਾਂਤ ਰੂਪ ਵਿਚ ਭਾਵੇਂ ਆਚਾਰੀਆ ਵਾਮਨ ਨੇ ਸਥਾਪਿਤ ਕੀਤਾ ਪਰ ਭਾਰਤੀ ਕਾਵਿ ਸ਼ਾਸਤਰ ਵਿਚ ਪਰ ਉਸ ਤੋਂ ਪਹਿਲਾਂ ਹੀ ਇਸ ਸ਼ਬਦ ਦੀ ਵਰਤੋਂ ਹੋਣ ਸ਼ੁਰੂ ਹੋ ਗਈ ਸੀ।" ਇਸ ਵਾਕਯ ਨਾਲ ਕਰਦੇ ਹਨ ਜਿਸ ਵਿਚ ਰੀਤੀ ਸੰਪਰਦਾਇ ਨੂੰ ਸਿਧਾਂਤ ਕਿਹਾ ਗਿਆ ਹੈ। [7] ਇਸ ਤੋਂ ਸਪੱਸ਼ਟ ਕਿ ਭਾਵੇਂ ਭਾਰਤੀ ਆਚਾਰੀਆ ਨੇ ਰੀਤੀ ਨੂੰ ਕਾਵਿ ਦੀ ਆਤਮਾ ਨਹੀਂ ਮੰਨਿਆ ਪਰ ਇਸ ਦੀ ਪ੍ਰੀਭਾਸ਼ਾ ਤੇ ਸਰੂਪ ਨੂੰ ਨਿਖਾਰਣ ਵਿਚ ਸਭ ਦਾ ਯੋਗਦਾਨ ਰਿਹਾ ਤੇ ਇਸ ਸੰਪਰਦਾਇ ਨੂੰ ਸਿਧਾਂਤ ਕਹਿਣਾ ਆਚਾਰੀਆ ਵਾਮਨ ਤੇ ਰੀਤੀ ਨਾਲ ਅਨਿਆ ਹੈ ਕਿਉਂਕਿ ਭਾਰਤੀ ਕਾਵਿ ਸ਼ਾਸਤਰ ਵਿਚ ਰੀਤੀ ਸੰਪਰਦਾਇ ਦਾ ਤੀਜਾ ਵੱਡਾ ਸਥਾਂਨ ਹੈ । ਰਾਮ ਚੰਦ੍ਰ ਵਰਮਾ ਤੇ ਡਾ. ਗੁਰਸ਼ਰਨ ਕੌਰ ਜੱਗੀ ਦੁਆਰਾ ਸਿਧਾਂਤ ਸ਼ਬਦ ਦੀ ਵਰਤੋਂ ਇਕਪੱਖੀ ਹੈ।
ਰੀਤੀ ਬਾਰੇ ਵੱਖ ਵੱਖ ਵਿਦਵਾਨਾ ਦੇ ਵਿਚਾਰ
[ਸੋਧੋ]ਆਚਾਰੀਆ ਭਰਤ ਮੁਨੀ
[ਸੋਧੋ]ਰੀਤੀ ਦਾ ਬੀਜਰੂਪ ਉੱਲੇਖ ਅਚਾਰੀਆ ਭਰਤ ਦੁਆਰਾ ਪ੍ਰਵ੍ਰਿਤੀ ਦੇ ਵਿਵੇਚਨ ਵਿੱਚ ਉਪਲੱਬਧ ਹੈ ; ਜਿਸ ਵਿੱਚ ਇਹਨਾਂ ਨੇ ਪ੍ਰਦੇਸ਼ਾਂ (ਇਲਾਕਿਆਂ) ਦੇ ਆਧਾਰ ਤੇ ਆਵੰਤੀ (ਭਾਰਤ ਦੇ ਪੱਛਮੀ ਇਲਾਕੇ ਵਿੱਚ ) , ਦਾਕ੍ਸ਼ਣਾਤਯ (ਭਾਰਤ ਦੇ ਦੱਖਣੀ ਹਿੱਸੇ ਵਿੱਚ) , ਪਾਂਚਾਲੀ (ਮੱਧ ਪ੍ਰਦੇਸ਼ ਵਿੱਚ) ਅਤੇ ਔਡਾ- ਮਗਦੀ (ਉਡੀਸਾ ਅਤੇ ਪੂਰਬੀ ਭਾਰਤ ਵਿੱਚ) ਪ੍ਰਚਲਿਤ ਚਾਰ ਪ੍ਰਵ੍ਰਿੱਤੀਆਂ ਦਾ ਵੀ ਅੰਕਨ ਕੀਤਾ ਹੈ । [8]
ਬਾਣ ਭੱਟ
[ਸੋਧੋ]ਭਰਤ ਮੁਨੀ ਦੇ ਪਿੱਛੋਂ ਬਾਣ-ਭੱਟ ਨੇ ਆਪਣੀ ਰਚਨਾ 'ਹਰਸ਼ਚਰਿਤ' ਵਿੱਚ ਦੇਸ਼ ਦੇ ਚੌਹਾਂ ਭਾਗਾਂ ਵਿੱਚ ਚੌਹਾਂ ਦੀਆਂ ਸ਼ੈਲੀਆਂ ਦੇ ਪ੍ਰਚੱਲਿਤ ਹੋਣ ਦਾ ਉਲੇਖ ਕੀਤਾ ਹੈ ਅਤੇ ਚੌਹਾਂ ਸ਼ੈਲੀਆਂ ਦੀ ਇਕੱਠੀ ਵਰਤੋਂ ਕਾਵਿ ਲਈ ਮਹੱਤਵਪੂਰਨ ਮੰਨੀ ਹੈ। ਉਸ ਅਨੁਸਾਰ ਅਰਥ, ਸ਼ਬਦ, ਅਲੰਕਾਰ ਅਤੇ ਅਕਸ਼ਰਬੰਧ ਇਨ੍ਹਾਂ ਚੌਹਾਂ ਦੇ ਸੌਂਦਰਯ ਦੀ ਇਕੱਠੀ ਸਥਿਤੀ ਭਾਵੇਂ ਦੁਰਲੱਭ ਹੈ,ਪਰ ਕਾਵਿ ਦੀ ਸ੍ਰੇਸ਼ਟਤਾ ਦੀ ਇਹ ਕਸੌਟੀ ਹੈ। ਇਸ ਤਰ੍ਹਾਂ ਬਾਣਭੱਟ ਨੇ ਗੁਣ ਅਤੇ ਅਲੰਕਾਰ ਦਾ ਰੀਤੀ ਨਾਲ ਸਬੰਧ ਸਥਾਪਿਤ ਕੀਤਾ ਹੈ। ਬਾਣਭੱਟ ਨੇ ਉਕਤ ਵਿਸ਼ੇ ਤੇ ਇਸ਼ਾਰਾ ਕਰਦੇ ਹੋਏ ਕਿਹਾ ਹੈ ਕਿ, "ਉੱਤਰੀ ਭਾਰਤ ਦੇ ਲੋਕ (ਸਾਹਿਤਕ ਰਚਨਾਵਾਂ ਵਿੱਚ) ' ਸ਼ਲੇਸ਼' ਦੀ ਜ਼ਿਆਦਾ ਵਰਤੋਂ ਕਰਦੇ ਹਨ; ਪੱਛਮੀ ਭਾਰਤ ਵਿੱਚ ਅਰਬ ਦੀ ਵਡਿਆਈ (ਮਹੱਤਤਾ) ਸਵੀਕਾਰ ਕੀਤੀ ਜਾਂਦੀ ਹੈ ; ਦੱਖਣੀ ਭਾਰਤ ਦੇ ਲੋਕ ' ਉਤਪ੍ਰੇਖਿਆ' (ਅਲੰਕਾਰ) ਦੇ ਪ੍ਰੇਮੀ ਹਨ ਅਤੇ ਪੂਰਬੀ ਭਾਰਤ ਦੇ ਲੇਖਕ ਅੱਖਰਾਂ ਦੇ ਆਡੰਬਰ ਨੂੰ ਮਹੱਤਤਾ ਦਿੰਦੇ ਹਨ।"[9]
ਆਚਾਰੀਆ ਭਾਮਹ
[ਸੋਧੋ]ਆਚਾਰੀਆ ਭਾਮਹ ਸਭ ਤੋਂ ਪਹਿਲੇ ਕਾਵਿ ਸ਼ਾਸਤਰੀ ਹਨ ਜਿਨਾਂ ਨੇ 'ਰੀਤੀ' ਪਦ ਦੀ ਥਾਂ 'ਮਾਰਗ'ਦਾ ਪ੍ਯੋਗ ਕਰਕੇ ਸਾਹਿਤਕ ਰਚਨਾ ਲਈ ਵੈਦਰਭ ਅਤੇ ਗੌੜੀਯ -ਦੋ ਮਾਰਗਾਂ ਦੀ ਕਲਪਨਾ ਕਿਤੀ ਹੈ ।[10] ਇਨ੍ਹਾਂ ਦੋਹਾਂ ਵਿੱਚੋ ਪਹਿਲੀ ਨੂੰ ਸ੍ਰੇਸ਼ਟ ਅਤੇ ਦੂਜੀ ਨੂੰ ਨਿਕ੍ਰਿਸ਼ਟ ਮੰਨਿਆਂ ਜਾਂਦਾ ਸੀ,ਪਰ ਭਾਮਹ ਨੇ ਇਸ ਧਾਰਨਾ ਦਾ ਖੰਡਨ ਕਰਕੇ ਦੋਹਾਂ ਦੇ ਪਰਸਪਰ ਅਧਾਰਿਤ ਹੋਣ ਦੀ ਗੱਲ ਨੂੰ ਜਤਾਇਆ ਅਤੇ ਦੋਹਾਂ ਦੇ ਮਰਯਾਦਿਤ ਰੂਪ ਨੂੰ ਉੱਤਮ ਮੰਨਿਆਂ।
ਦੰਡੀ
[ਸੋਧੋ]ਦੰਡੀ ਨੇ ਰੀਤੀ ਨੂੰ (ਸ੍ਰੇਸ਼ਟ) ਗੌਰਵ ਪ੍ਰਦਾਨ ਕੀਤਾ। ਉਸਨੇ ਰੀਤੀ ਲਈ 'ਮਾਰਗ' ਸ਼ਬਦ ਵਰਤਿਆ ਅਤੇ ਰੀਤੀ ਦੇ ਮੁੱਖ ਤੌਰ 'ਤੇ ਦੋ ਭੇਦ ਮੰਨੇ,ਵੈਦਰਭੀ ਅਤੇ ਗੌੜੀ। ਇਨ੍ਹਾਂ ਦੋਹਾਂ ਵਿੱਚੋ ਵੈਦਰਭੀ ਸ੍ਰੇਸ਼ਠ ਹੈ ਅਤੇ ਸਲੇਸ,ਪ੍ਰਸਾਦ, ਸਮਤਾ,ਮਾਧੁਰਯ,ਸੁਕਮਾਰਤਾ,ਅਰਥ ਵਿਅਕਤੀ,ਉਦਾਰਤਾ, ਓਜ,ਕਾਂਤੀ ਅਤੇ ਸਮਾਧੀ ਇਹ ਦਸ ਗੁਣ ਵੈਦਰਭੀ ਦੇ ਪ੍ਰਾਣ ਹਨ। ਆਚਾਰੀਆ ਵਾਮਨ ਨੇ ਸਭ ਤੋਂ ਪਹਿਲੀ ਵਾਰ ਰੀਤੀ ਸ਼ਬਦ ਦੀ ਵਰਤੋਂ ਕੀਤੀ ਤੇ ਇਸ ਦੀ ਸਪਸ਼ਟ ਪਰਿਭਾਸ਼ਾ ਨਿਰੂਪਿਤ ਕੀਤੀ। ਉਸ ਅਨੁਸਾਰ ਵਿਸ਼ਿਸਟ ਦਾ ਅਰਥ ਹੈ ਗੁਣ ਸੰਪੰਨਤਾ ਅਤੇ ਗੁਣ ਤੋਂ ਭਾਵ ਹੈ ਕਿ ਕਾਵਿ ਦੇ ਸ਼ੋਭਾ ਕਾਰਕ ਧਰਮ। ਉਸਨੇ ਦੰਡੀ ਦੇ ਦਸ ਗੁਣਾ ਨੂੰ ਸ਼ਬਦਗਤ ਅਤੇ ਅਰਥਗਤ ਦਸ—ਦਸ ਮੰਨ ਕੇ ਇਨ੍ਹਾਂ ਦੀ ਗਿਣਤੀ 20 ਵੀਹ ਕੀਤੀ ਅਤੇ ਅਰਥਗਤ ਗੁਣਾ ਨੂੰ ਕਾਵਿ ਦੀ ਆਤਮਾ ਮੰਨ ਕੇ ਇੱਕ ਨਵੀਂ ਜਾਂ ਵੱਖਰੀ ਸੰਪਰਦਾਇ ਦੀ ਸਥਾਪਨਾ ਕੀਤੀ।
ਵਾਮਨ
[ਸੋਧੋ]ਵਾਮਨ ਅਨੁਸਾਰ ਰੀਤੀ ਦੇ ਤਿੰਨ ਭੇਦ ਹਨ— ਵੈਦਰਭੀ, ਗੌੜੀ ਅਤੇ ਪਾਂਚਾਲੀ। ਵੈਦਰਭੀ ਵਿੱਚ ਗੁਣਾਂ ਦੀ ਸੰਪੂਰਨਤਾ ਹੁੰਦੀ ਹੈ। ਗੌੜੀ ਵੈਦਰਭੀ ਤੋ ਘਟੀਆ ਹੈ।ਇਸ ਵਿੱਚ ਓਜ ਅਤੇ ਕਾਂਤੀ ਨਾਂ ਦੇ ਗੁਣ ਸ਼ਾਮਲ ਹੁੰਦੇ ਹਨ। ਪਾਂਚਾਲੀ ਵਿੱਚ ਓਜ ਅਤੇ ਕਾਂਤੀ ਗੁਣਾਂ ਦਾ ਅਭਾਵ ਹੁੰਦਾ ਹੈ ਅਤੇ ਮਾਧੁਰਯ ਤੇ ਸੁਕੁਮਾਰਤਾ ਗੁਣ ਜਰੂਰ ਰਹਿੰਦੇ ਹਨ। ਇਨ੍ਹਾਂ ਤਿੰਨਾਂ ਰੀਤੀ ਭੇਦਾਂ ਵਿੱਚ ਕਾਵਿ ਇੰਝ ਸਮੋਇਆ ਜਾਂਦਾ ਹੈ ਜਿਵੇਂ ਰੇਖਾਵਾਂ ਵਿੱਚ ਚਿੱਤਰ ਰੱਖਿਆ ਜਾਂਦਾ ਹੈ। ਵਾਮਨ ਅਨੁਸਾਰ ਵੈਦਰਭੀ ਸ੍ਰੇਸ਼ਟ ਰੀਤੀ ਭੇਦ ਹੈ। ਇਹ ਅਲੌਕਿਕ ਪਦ ਰਚਨਾ ਹੈ। ਇਸ ਵਿੱਚ ਰਚੀ ਹੋਈ ਤੁੱਛ ਰਚਨਾ ਵੀ ਚਮਤਕਾਰਮਈ ਪ੍ਰਤੀਤ ਹੋਣ ਲੱਗਦੀ ਹੈ ਅਤੇ ਸੁਹਿਰਦਯ ਦਾ ਚਿੱਤ ਅਨੰਦਿਤ ਕਰਦੀ ਹੈ।
ਰੁਦ੍ਰਟ
[ਸੋਧੋ]ਰੁਦ੍ਰਟ ਨੇ ਰੀਤੀ ਸਿਧਾਂਤ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਰੀਤੀ ਦੇ ਤਿੰਨ ਭੇਦਾਂ ਦੀ ਥਾਂ ਚਾਰ ਭੇਦਾਂ ਦੀ ਸਥਾਪਨਾ ਕੀਤੀ। ਉਸਨੇ ਸਮਾਸ ਦੇ ਬਿਲਕੁਲ ਅਭਾਵ ਨੂੰ ਵੈਦਰਭੀ, ਅਲਪ ਮਾਤ੍ਰਾ ਵਿੱਚ ਸਮਾਸ ਨੂੰ ਪਾਂਚਾਲੀ, ਮੱਧਮ ਸ੍ਰੇਣੀ ਦੇ ਅਮਾਸ ਲਈ ਸਮਾਸ ਬਹੁਲਤਾ ਨੂੰ ਗੌੜੀ ਨਾਂ ਦਿੱਤਾ ਹੈ। ਇਸ ਤੋਂ ਇਲਾਵਾ ਰੁਦਰਟ ਨੇ ਰੀਤੀ ਅਤੇ ਰਸ ਦੀ ਸਬੰਧ ਸਥਾਪਨਾ ਕਰਕੇ ਇਨ੍ਹਾਂ ਦੀ ਨੇੜ੍ਤਾ ਨੂੰ ਦਰਸਾਇਆ ਹੈ।
ਆਚਾਰੀਆ ਆਨੰਦਵਰਧਨ
[ਸੋਧੋ]ਆਚਾਰੀਆ ਆਨੰਦਵਰਦਾਨ ਨੇ ਕਾਵਿ ਵਿੱਚ ਪਦ ਰਚਨਾ ਦੀ ਵਿਸ਼ੇਸ਼ਤਾ ਨੂੰ 'ਰੀਤੀ' ਤਾਂ ਜਰੂਰ ਕਿਹਾ ਹੈ , ਪਰ ਇਸ ਨੂੰ ਕਾਵਿ ਦਾ ਬਾਹਰਲਾ ਤੱਤ ਹੀ ਮੰਨਿਆ ਹੈ ।
ਰਾਜਸ਼ੇਖਰ
[ਸੋਧੋ]ਰਾਜਸ਼ੇਖਰ ਅਨੁਸਾਰ ਵਚਨ ਦਾ ਵਿਵਸਥਿਤ ਕ੍ਰਮ ਹੀ ਰੀਤੀ ਹੈ (ਵਚਨ ਵਿਨਯਾਸ ਕੁਮ ਰੀਤਿ)। ਉਸਨੇ ਸਮਾਸ ਦੇ ਨਾਲ ਅਨੁਪ੍ਰਾਮ ਨੂੰ ਵੀ ਰੀਤਿ ਦ ਮੂਨ ਤੱਤ ਮੰਨਿਆ।
ਕੁੰਤਕ
[ਸੋਧੋ]ਕੁੰਤਕ ਨੇ ਰੀਤੀ ਨਹੀਂ ਮਾਰਗ ਸ਼ਬਦ ਦੀ ਵਰਤੋਂ ਕਰਦਿਆਂ,ਇਸਦੇ ਤਿੰਨ ਭੇਦ ਦੱਸੇ: ਸੁਕਮਾਰ, ਵਿਚ੍ਰਿਤ ਅਤੇ ਮੱਧਮ। ਉਸਨੇ ਰੀਤੀ ਦੇ ਭੇਦਾਂ ਨੂੰ ਪ੍ਰਾਦੇਸ਼ਿਕ ਜਾਂ ਭੂਗੋਲਿਕ ਆਧਾਰ ਦੀ ਥਾਂ 'ਤੇ ਕਵੀ ਦੇ ਸੁਭਾਅ ਦੇ ਅਧਾਰ 'ਤੇ ਮਾਰਗਾਂ ਦੀ ਵੰਡ ਕੀਤੀ ਕਿਉਂਕਿ ਉਸ ਅਨੁਸਾਰ ਮਾਰਗ ਦਾ ਸਬੰਧ ਕਿਸੇ ਦੇਸ ਨਾਲ ਨਾ ਹੋ ਕੇ ਕਵੀ ਦੇ ਅੰਦਰਲੇ ਗੁਣਾ ਅਤੇ ਅਭਿਵਿਅਕਤੀ ਨਾਲ ਹੈ।
ਭੋਜਰਾਜ
[ਸੋਧੋ]ਭੋਜਰਾਜ ਨੇ ਰੀਤੀ ਲਈ ਮਾਰਗ ਅਤੇ ਪੰਥ ਸ਼ਬਦਾ ਦੀ ਵਰਤੋ ਵੀ ਕੀਤੀ। ਉਸ ਅਨੁਸਾਰ ਰੀਤੀ ਦੀ ਗਮਨ ਮਾਰਗ ਹੈ। ਉਸਨੈ ਸਮਾਸ ਦੇ ਅਧਾਰ ਤੇ ਰੀਤੀ ਦੇ ਛੇ ਭੇਦ ਮੰਨ ਹਨ— ਵੈਦਰਭੀ, ਪਾਚਾਲੀ ਗੌੜੀਆਂ, ਆਵੰਤਿਕਾ ਲਾਟੀਆ ਅਤੇ ਮਾਗਧੀ।
ਮੰਮਟ
[ਸੋਧੋ]ਆਚਾਰਯ ਮੰਮਟ ਨੇ ਰੀਤੀ ਦੀ ਥਾਂ ਤਿੰਨ ਵ੍ਰਿਤੀਆਂ (ਉਪਨਾਗਰਿਕਤਾ,ਪੁਰਸ਼ਾ ਅਤੇ ਕੋਮਲਾ) ਦੀ ਕਲਪਨਾ ਕੀਤੀ ਹੈ ਜੋ ਕ੍ਰਮਵਾਰ ਵੈਦਰਭੀ, ਗੌੜੀ ਅਤੇ ਪਾਚਾਲੀ ਦੇ ਹੀ ਨਾਂ-ਮਾਤਰ ਹਨ। ਇਸ ਆਚਾਰਯ ਅਨੁਸਾਰ ਨਿਯਤ ਵਰਣਾਂ ਦਾ ਰਸ ਅਨੁਕੂਲ ਵਿਆਪਾਰ ਹੀ ਵ੍ਰਿਤੀ ਹੈ।
ਆਚਾਰੀਆ ਸ਼ਾਰਦਾਤਨਯ
[ਸੋਧੋ]ਇਹਨਾਂ ਨੇ "ਵਚਨਾ ਦੇ ਟਿਕਾਉਣ ਦੀ ਤਰਤੀਬ ਨੂੰ" ਰੀਤੀ ਕਹਿ ਕੇ ਭੋਜ ਦੇ ਚਾਰ ਪ੍ਰਮੁੱਖ ਭੇਦਾਂ ਨਾਲ - ਸੌਰਾਸ਼ਟ੍ਰੀ , ਦ੍ਰਾਵਿੜੀ- ਦੋ ਹੋਰ ਭੇਦ ਜੋੜ ਦਿੱਤੇ ਹਨ । [11]
ਇਸ ਤਰ੍ਹਾ ਸਪਸ਼ਟ ਹੈ ਕਿ ਭਾਰਤੀ ਕਾਵਿ ਸ਼ਾਸਤ੍ਰ ਵਿੱਚ ਰੀਤੀ ਦੇ ਵਿਵੇਚਨ ਦੀ ਇੱਕ ਲੰਮੀ ਪਰੰਪਰਾ ਮੌਜੂਦ ਹੈ, ਪਰ ਇਸ ਨੂੰ ਕਾਵਿ ਦੀ ਆਤਮਾ ਵਜੋ ਕੇਵਲ ਆਚਾਰਥ ਵਾਮਨ ਨੇ ਪੇਸ਼ ਕੀਤਾ।ਉਸ ਤੋਂ ਬਾਅਦ ਉਸਦੇ ਗ੍ਰੰਥ 'ਕਾਵਯਲੰਕਾਰ ਸੂਤ੍ਰ ਵ੍ਰਿਤੀ' ਦੇ ਟੀਕਾਕਾਰ ਗੋਪ੍ਰੇਂਦ੍ਰ ਹਰਭੂਪਾਲ ਅਤੇ ਅੰਮ੍ਰਿਤਾਨੰਦ ਯੋਗੀ ਨੇ ਬੜੇ ਸਾਧਾਰਣ ਰੂਪ ਵਿੱਚ ਇਸ ਦੇ ਕਾਵਿ ਦੀ ਆਤਮਾ ਹੋਣ ਦੀ ਗੱਲ ਕਹੀ ਹੈ।
ਯੂਰਪ ਵਿੱਚ ਰੀਤੀ
[ਸੋਧੋ]ਇਸ ਤੋਂ ਇਲਾਵਾ ਯੂਰਪ ਵਿੱਚ ਵੀ ਆਧੁਨਿਕ ਵਿਚਾਰਕਾਂ ਅਤੇ ਕਾਵਿ ਆਲੋਚਕਾਂ ਨੇ ਰੀਤੀ ਅਰਥਾਤ ਸੈ਼ਲੀ ਦਾ ਤੁਲਨਾਤਮਕ ਅਧਿਐਨ ਕਰਦਿਆਂ ਭਾਰਤੀ ਅਤੇ ਯੂਰੋਪੀਅਨ ਰੀਤੀ ਸਿਧਾਂਤ ਦੀ ਬਹੁਤ ਛਾਣ ਬੀਣ ਕੀਤੀ ਹੈ। ਯੂਰਪ ਵਿੱਚ ਸ਼ੈਲੀ ਦੀ ਜੋ ਇੱਕ ਲੰਮੇਰੀ ਅਤੇ ਜਰੂਰੀ ਪਰੰਪਰਾ ਪ੍ਰਾਪਤ ਹੈ,ਉਹ ਨਿਸ਼ਚੇ ਹੀ ਇੱਕ ਵਰਣਨ ਯੋਗ ਕਾਵਿ ਘਟਨਾ ਹੈ। ਯੂਨਾਨ ਦੇ ਆਦਿ ਵਿਚਾਰਕ ਪਲੈਟੋ ਦੇ ਗ੍ਰੰਥ 'ਰੀਪਬਲਿਕੋ' ਵਿੱਚ ਕਾਵਿ ਭਾਸ਼ਾ ਦਾ ਵਿਸ਼ਲੇਸ਼ਣ ਹੋਇਆ ਹੈ।ਜਿੱਥੇ ਪਲੈਟੋ ਨੇ ਤਿੰਨ ਸ਼ੈਲੀਆਂ ਵੱਲ ਸੰਕੇਤ ਕੀਤਾ ਹੈ: ਸਹਜ ਸਫਲ,ਵਿਚ੍ਰਿਤ ਤੇ ਮਿਲੀਜੁਲੀ (ਮਿਸ) ਓਥੇ ਜਾ ਕੇ ਅਰਸਤੂ ਨੇ ਵਿਸਥਾਰ ਪੂਰਵਕ ਵਰਣਨ ਕੀਤਾ ਹੈ, ਉਸਨੇ ਸ਼ੈਲੀ ਦੇ ਦੋ ਭੇਦ ਮੰਨੇ ਹਨ। ਸਾਹਿਤ ਸ਼ੈਲੀ ਤੇ ਵਿਵਾਦ ਸ਼ੈਲੀ। ਇਨ੍ਹਾਂ ਤੋਂ ਇਲਾਵਾ ਟੈਂਰੇਸ,ਸਿਮਰੋੇ,ਹੋਰੇਸ, ਕਵਿੰਦੀਲੀਅਨ ਵਰਗੇ ਰੂਸੀ ਸ਼ੈਲੀਕਾਰਾਂ ਨੇ ਇਸ ਤੱਤ ਦਾ ਸੂਖਮ ਵਿਸਲੇਸ਼ਣ ਕੀਤਾ ਹੈ।
ਇਸ ਤਰ੍ਹਾ ਯੂਰਪ ਵਿੱਚ ਵੀ ਰੀਤੀ ਜਾਂ ਸ਼ੈਲੀ ਦੇ ਮਹੱਤਵ ਦੀ ਪੂਰੀ ਪ੍ਰਤਿਸਠਾ ਹੈ। ਇਸ ਲਈ ਰੀਤੀ ਜਾਂ ਸ਼ੈਲੀ ਦੀ ਨਿਰਸੰਦੇਹ ਮਹੱਤਤਾ ਹੈ। ਇਹ ਠੀਕ ਹੈ ਕਿ ਵਾਮਨ ਦਾ ਰੀਤੀਵਾਦ ਜਿਸ ਅਨੁਸਾਰ ਰੀਤੀ ਤਾਂ ਆਤਮਾ ਰੂਪ ਕੇਂਦਰੀ ਤੱਤ ਹੈ ਬਾਕੀ ਤੱਤ ਗੌਣ ਹਨ, ਬਹੁਤੀ ਪ੍ਰਵਾਨ ਨਹੀਂ ਚੜ੍ਹੀ।ਬਾਅਦ ਵਿੱਚ ਅੰਤ ਅਜੋਕੇ ਯੁੱਗ ਵਿੱਚ ਰੀਤੀ ਸਬੰਧੀ ਵਿਸ਼ਲੇਸ਼ਣ ਜਰੂਰ ਬਦਲ ਗਿਆ ਹੈ। ਹੁਣ ਕਾਵਿ ਵਸਤੂ ਦੀ ਰੀਤੀ ਜਾਂ ਸੈ਼ਲੀ ਮਹੱਤਤਾ ਪੂਰਨ ਕਲਾ ਸਾਧਨ ਹੈ। ਇਸ ਲਈ ਕਲਾ,ਕਵਿਤਾ ਆਦਿ ਵਿੱਚ ਵਿਸ਼ੇ ਵਸਤੂ ਪ੍ਰਮੁੱਖ ਹੈ ਅਤੇ ਰੀਤੀ,ਸ਼ੈਲੀ,ਗੁਣ ਆਦਿ ਵਸਤੂ ਦੇ ਹੀ ਸਹਾਇਕ ਅੰਗ ਹਨ।
ਰੀਤੀ ਦੇ ਨਿਯਾਮਕ ਹੇਤੂ
[ਸੋਧੋ]ਰੀਤੀ ਸਿਧਾਤ ਦੇ ਵਿਕਾਸ ਕ੍ਰਮ ਵਿੱਚ ਵਾਮਨ ਨੇ ਇਸ ਨੂੰ ਕਾਵਿ ਦੀ ਆਤਮਾ ਮੰਨ ਲਿਆ, ਇਸ ਲਈ ਇਸ ਉੱਪਰ ਕਿਸੇ ਹੋਰ ਦੇ ਨਿਯੰਤਰਣ ਕਰਨ ਜਾਂ ਇਸ ਲਈ ਨਿਯਮ ਨਿਰਧਾਰਿਤ ਕਰਨ ਦੀ ਕੋਈ ਹੋਰ ਸੱਤਾ ਨਾ ਰਹੀ।ਪਰ ਇਹ ਸਥਿਤੀ ਸਦਾ ਨਾ ਬਣੀ ਰਹੀ,ਕਿਉਂਕਿ ਬਾਅਦ ਦੇ ਅਚਾਰੀਆ ਨੇ ਜਦੋਂ ਇਸ ਨੂੰ ਕਾਵਿ ਦੀ ਆਤਮਾ ਮੰਨ ਲੈਣ ਦੀ ਸਥਾਪਨਾ ਦਾ ਖੰਡਨ ਕੀਤਾ ਤਾਂ ਕਾਵਿ ਰੀਤੀ ਦੀ ਵਰਤੋਂ ਦੇ ਨਿਯਾਮਕ ਕਾਰਣਾ ਜਾਂ ਹੇਤੂਆ ਬਾਰੇ ਵਿਚਾਰ ਕੀਤਾ ਜਾਣ ਲੱਗਿਆ। ਜੋ ਕਿ ਇਸ ਪ੍ਰਕਾਰ ਹੈ -
ਆਨੰਦਵਰਧਨ ਨੇ ਰੀਤੀ ਦਾ ਪ੍ਰਮੁੱਖ ਹੇਤੂ ਰਸ ਨੂੰ ਮੰਨਿਆ ਅਤੇ ਇਸ ਤੋਂ ਇਲਾਵਾ ਤਿੰਨ ਹੋਰ ਹੇਤੂ ਮੰਨੇ ਜਿਵੇਂ ਵਕਤ੍ਰਿ, ਔਚਿਤਯ, ਵਾਚਯ, ਔਚਿਤਯ ਅਤੇ ਵਿਸ਼ਯ ਔਚਿਤਯ,ਰਸ ਔਚਿਤਯ,ਵਾਚਯ ਔਚਿਤਯ ਅਤੇ ਵਿਸ਼ਯ ਔਚਿਤਯ।ਰਸ ਔਚਿਤਯ ਤੋਂ ਭਾਵ ਹੈ ਵੱਖ ਵੱਖ ਰਸਾਂ ਅਨੁਸਾਰ ਰੀਤੀ ਦੀ ਵਰਤੋ ਜਾਂ ਵਿਧਾਨ ਕਰਨਾ ਜ਼ਰੂਰੀ ਹੈ।ਰੀਤੀ ਅਸਲੋਂ ਰਸ ਉੱਤੇ ਅਧਾਰਿਤ ਹੁੰਦੀ ਹੈ।ਰਸ ਦੇ ਅਨੁਰੂਪ ਸ਼ੈਲੀ/ਰੀਤੀ ਦੀ ਵਰਤੋ ਰਚਨਾ ਨੂੰ ਮਨਮੋਹਕ ਅਤੇ ਰੌਚਕ ਬਣਾ ਦਿੰਦੀ ਹੈ।
ਰੀਤੀ ਦੇ ਨਿਯਾਮਕ ਹੇਤੁ ਵਾਮਨ ਰੀਤੀ ਨੂੰ ਕੇਵਲ ਮਨੋਰਥ (ਸਾਧੑਯ) ਹੀ ਮੰਨਦਾ ਸੀ, ਇਸ ਲਈ ਉਸ ਵਾਸਤੇ ਰੀਤੀ ਦੇ ਨਿਯਾਮਕ ਹੇਤੂ ਦਾ ਪ੍ਰਸ਼ਨ ਹੀ ਪੈਦਾ ਨਹੀਂ ਸੀ ਹੁੰਦਾ। ਉਸ ਨੇ ਰੀਤੀ ਨੂੰ ਸੁਤੰਤਰ ਸਾਹਿੱਤ–ਰੂਪ ਮੰਨਿਆ, ਪਰ ਰਸਵਾਦੀਆਂ ਅਤੇ ਸਿਧਾਂਤਾਚਾਰਯਾਂ ਨੇ ਸਭ ਤੋਂ ਪਹਿਲਾਂ ਇਨ੍ਹਾਂ ਤੱਤਾਂ ਬਾਰੇ ਚਰਚਾ ਕੀਤੀ ਹੈ। ਆਨੰਦ ਵਰਧਨ, ਰਸ ਨੂੰ ਰੀਤੀ ਦਾ ਪ੍ਰਮੁੱਖ ਨਿਯਾਮਕ ਹੇਤੂ ਮੰਨਦੇ ਹਨ; ਇਸ ਤੋਂ ਇਲਾਵਾ ਤਿੰਨ ਹੋਰ ਹੇਤੂ ਹਨ :
(1) ਵਕਤ੍ਰਿ ਔਚਿਤੑਯ : ਇਸ ਵਿਚ ਵਕਤਾ ਜਾਂ ਲੇਖਕ ਦੇ ਸੁਭਾ ਅਤੇ ਮਨੋ–ਸਥਿਤੀ ਅਨੁਕੂਲ ਰੀਤੀ ਜਨਮ ਲੈਂਦੀ ਹੈ।
(2) ਵਾਚੑਯ ਔਚਿਤੑਯ : ਇਸ ਵਿਚ ਵਿਸ਼ੈ–ਵਸਤੂ ਹੀ ਰੀਤੀ ਦਾ ਨਿਯਾਮਕ ਹੇਤੂ ਹੈ। ਕੋਮਲ ਵਿਸ਼ੈ ਵਿਚੋਂ ਨੋਮਲ ਅਤੇ ਕਠੋਰ ਰੰਗ ਦੀ ਰੀਤੀ ਦਾ ਨਿਰਮਾਣ ਹੁੰਦਾ ਹੈ।
(3) ਵਿਸ਼ੈ ਔਚਿਤੑਯ : ਆਨੰਦ ਵਰਧਨ ਨੇ ਇਸ ਰੀਤੀ ਨੂੰ ਵਿਸ਼ੈ ਦੇ ਅੰਤਰਗਤ ਨਹੀਂ ਸਗੋਂ ਕਾਵਿ–ਰੂਪ ਦੇ ਅਨੁਕੂਲ ਮੰਨਿਆ ਹੈ।
ਇਨ੍ਹਾਂ ਤਿੰਨਾਂ ਨਿਯਾਮਕ ਹੇਤੂਆਂ ਵਿਚੋਂ ਪਹਿਲੇ ਦੋ ਯੁਕਤੀਪੂਰਣ ਹਨ ਪਰ ਤੀਜੇ, ਅਰਥਾਤ ਕਾਵਿ ਰੂਪ ਆਧਾਰ ਨੂੰ ਰੀਤੀ ਦਾ ਹੇਤੂ ਮੰਨਣਾ ਅਨੁਚਿਤ ਹੈ। ਕਾਵਿ–ਰੂਪ ਕਦੀ ਵੀ ਰੀਤੀ ਦਾ ਰੂਪ ਧਾਰਣ ਨਹੀਂ ਕਰ ਸਕਦੇ, ਪਹਿਲੇ ਦੋ ਵੀ ਤਾਂ ਹੀ ਰੀਤੀ ਦੇ ਨਿਯਾਮਕ ਹੇਤੂ ਹਨ ਜੇ ਉਹ ਰਸ–ਅਧੀਨ ਹੋਣ। ਰੀਤੀ ਵਿਚ ਰਸ ਦੀ ਹੋਂਦ ਬਾਰੇ ਸਾਰੇ ਹੀ ਸਾਹਿੱਤਾ ਆਚਾਰਯ ਸਹਿਮਤ ਹਨ। ਰਸ, ਭਾਵ ਤੋਂ ਉਤਪੰਨ ਹੁੰਦਾ ਹੈ ਅਤੇ ਭਾਸ਼ਾ ਵਿਚੋਂ ਓਜ ਤੇ ਪ੍ਰਸਾਦ ਗੁਣ ਦੀ ਉਤਪੱਤੀ ਹੁੰਦੀ ਹੈ।
ਵਾਮਨ ਤੋਂ ਪਹਿਲਾਂ ਰੀਤੀ ਦੀ ਸਥਿਤੀ : ਰੀਤੀ ਸਿਧਾਂਤ ਦਾ ਮੂਲ ਰੂਪ ਵਾਮਨ ਤੋਂ ਪਹਿਲਾਂ ਵੀ ਸੰਸਕ੍ਰਿਤ ਸਮੀਖਿਆ ਸ਼ਾਸਤ੍ਰ ਵਿਚ ਮਿਲਦਾ ਹੈ। ਭਾਰਤ ਦੇ ‘ਨਾਟੑਯ ਸ਼ਾਸਤ੍ਰ’ ਵਿਚ ਰੀਤੀ ਦੇ ਸਰਵ–ਪ੍ਰਥਮ ਬੀਜ ਮਿਲਦੇ ਹਨ, ਭਾਵੇਂ ਭਰਤ ਨੇ ਰੀਤੀ ਦਾ ਵਿਵੇਚਨ ਨਹੀਂ ਕੀਤਾ, ਪਰ ਉਸ ਨੇ ਭਾਰਤ ਦੇ ਵੱਖ ਵੱਖ ਪ੍ਰਦੇਸ਼ਾਂ ਵਿਚ ਪ੍ਰਚੱਲਿਤ ਪ੍ਰਵ੍ਰਿਤੀਆਂ ਦਾ ਵਰਣਨ ਜ਼ਰੂਰ ਕੀਤਾ ਹੈ।
ਪੱਛਮੀ ਭਾਗ ਦੀ ਪ੍ਰਵ੍ਰਿਤੀ ‘ਆਵੰਤੀ’, ਦੱਖਣ ਦੀ ‘ਦਾਖਸ਼ਿਣਾਤੑਯ’, ਪੂਰਬ ਦੀ ‘ਉਤ੍ਰਮਾਗਧੀ’ ਅਤੇ ਮਗਧ ਦੇਸ਼ ਦੀ ‘ਮਾਗਧੀ’ ਚਾਰ ਪ੍ਰਵ੍ਰਿਤੀਆਂ ਹਨ। ਇਹ ਵੰਡ ਵੱਖ ਵੱਖ ਪ੍ਰਦੇਸ਼ਾਂ ਦੀ ਵੇਸ਼–ਭੂਸ਼ਾ, ਭਾਸ਼ਾ ਅਤੇ ਆਚਾਰ–ਵਿਹਾਰ ਅਨੁਸਾਰ ਕੀਤੀ ਗਈ ਹੈ। ਵਾਮਨ ਨੇ ਇੱਥੋਂ ਹੀ ਰੀਤੀ ਦਾ ਸੰਕੇਤ ਪ੍ਰਾਪਤ ਕੀਤਾ ਜਾਪਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਤੋਂ ਪਹਿਲਾਂ ਰੀਤੀ ਬਾਰੇ ਚਰਚਾ ਜ਼ਰੂਰ ਸੀ, ਉਸ ਨੇ ਇਸ ਨੂੰ ਸਿਧਾਂਤ–ਰੂਪ ਦੇ ਕੇ ਸਾਹਿੱਤ ਦਾ ਇਕ ਸੰਪੂਰਣ ਮਾਪਦੰਢ ਬਣਾਉਣ ਦਾ ਯਤਨ ਕੀਤਾ। ਉਸ ਨੇ ਸਿੱਧ ਕੀਤਾ ਕਿ ਰੀਤੀ ਹੀ ਕਾਵਿ ਦੀ ਆਤਮਾ ਹੈ ਪਰ ਬਾਅਦ ਵਿਚ ਇਹ ਸਥਾਨ ਰਸ ਨੇ ਪ੍ਰਾਪਤ ਕਰ ਲਿਆ।
ਰੀਤੀ ਅਸਲ ਵਿਚ ਆਤਮਿਕ ਨਹੀਂ ਸਗੋਂ ਕਾਵਿ ਦਾ ਦੇਹਵਾਦੀ ਸਿਧਾਂਤ ਹੈ ਪਰ ਉਸ ਦੀ ਕਾਵਿ–ਗੁਣ–ਯੁਕਤ ਮਹੱਤਾ ਤੋਂ ਮੁਨਕਰ ਹੋਣਾ ਵੀ ਬੜੀ ਵੱਡੀ ਭੁੱਲ ਹੈ। ਆਧੁਨਿਕ ਯੁੱਗ ਵਿਚ ਵੀ ਕ੍ਰੋਚੇ ਵਰਗੇ ਵਿਦਵਾਨਾਂ ਨੇ ਅਭਿਵਿਅੰਜਨਾਵਾਦ ਨੂੰ ਕਾਵਿ ਦਾ ਇਕ ਪ੍ਰਮੁੱਖ ਸਿਧਾਂਤ ਮਨਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਕਿ ਵਾਣੀ ਦੇ ਅਨੇਕਾਂ ਦੁਆਰ (ਮਾਰਗ) ਹਨ ਜਿਨ੍ਹਾਂ ਵਿਚ ਬੜਾ ਹੀ ਸੂਖ਼ਮ ਭੇਦ ਹੈ। ਇਨ੍ਹਾਂ ਵਿਚੋਂ ਗੌੜੀ ਤੇ ਵੈਦਰਭੀ ਦਾ ਭੇਦ ਸਪਸ਼ਟ ਹੈ। ਸ਼ਲੇਸ਼, ਪ੍ਰਸਾਦ, ਸਮਤਾ, ਮਾਧੁਰਯ, ਸੁਕੁਮਾਰਤਾ, ਅਭਿਵਿਅਕਤੀ, ਉਦਾਰਤਾ, ਓਜ, ਕਾਂਤੀ ਤੇ ਸਮਾਧੀ ਆਦਿਕ ਇਹ ਦਸ ਗੁਣ ਵੈਦਰਭੀ ਮਾਰਗ ਦੇ ਹਨ। ਗੌੜ ਮਾਰਗ ਵਿਚ ਉਨ੍ਹਾਂ ਦਾ ਵਿਪਰੀਤ ਰੂਪ ਦਿੱਸਦਾ ਹੈ, ਇਸ ਪ੍ਰਕਾਰ ਹਰ ਇਕ ਦੇ ਸਰੂਪ ਦਾ ਨਿਰੂਪਣ ਕਰਕੇ ਦੋਹਾਂ ਮਾਰਗਾਂ ਦਾ ਫ਼ਰਕ ਸਪਸ਼ਟ ਕਰ ਦਿੱਤਾ ਗਿਆ ਏ। ਦੰਡੀ ਦੇ ਵਿਵੇਚਨ ਤੋਂ ਸਪਸ਼ਟ ਹੈ ਕਿ ਵਾਮਨ ਤੋਂ ਪਹਿਲਾਂ ਰੀਤੀ ਮਾਰਗ ਇਕ ਸਪਸ਼ਟ ਰੂਪ ਧਾਰਣ ਕਰ ਗਿਆ ਸੀ; ਹੁਣ ਇਹ ਮਾਰਗ ਪ੍ਰਵ੍ਰਿਤੀ ਵਿਚੋਂ ਭਾਸ਼ਾ ਰੀਤੀ ਦਾ ਸਪਸ਼ਟ ਰੂਪ ਪ੍ਰਾਪਤ ਕਰ ਚੁੱਕਾ ਸੀ। ਦੰਡੀ ਤੋਂ ਬਾਅਦ ਵੈਦਰਭ ਮਾਰਗ ਹੀ ਉੱਤਮ ਮਾਰਗ ਮੰਨਿਆ ਜਾਂਦਾ ਸੀ। ਭਾਮਹ ਨੇ ਕਿਸੇ ਮਾਰਗ ਨੂੰ ਉੱਤਮ ਨਹੀਂ ਮੰਨਿਆ ਅਤੇ ਰੀਤੀ ਦੇ ਕਾਵਿ ਗੁਣਾਂ ਨੂੰ ਹੀ ਮਹੱਤਾ ਦਿੱਤੀ ਹੈ। ਉਨ੍ਹਾਂ ਨੇ ਸੰਤ–ਕਵਿ, ਭਾਵੇਂ ਉਹ ਵੈਦਰਭੀ ਹੈ ਜਾਂ ਗੌੜੀ, ਨੂੰ ਹੀ ਉੱਤਮ ਰੀਤੀ ਮੰਨਿਆ ਹੈ।
ਭਾਰਤ ਤੋਂ ਪਿੱਛੋਂ ਵਾਣਭੱਟ ਨੇ ਵੀ ਇਸ ਮਾਰਗ ਦਾ ਵਿਵੇਚਨ ਕੀਤਾ ਹੈ, ਉਸ ਨੇ ਵੀ ਇਸ ਮਾਰਗ ਨੂੰ ਪ੍ਰਵ੍ਰਿਤੀ ਨਾਲ ਹੀ ਜੋੜਿਆ ਹੈ। ਫਿਰ ਵੀ ਉਸ ਦੀ ਪਰਿਭਾਸ਼ਾ ਵਿਚ ਭਾਸ਼ਾ, ਸਰੂਪ ਅਤੇ ਸ਼ੈਲੀ ਭੇਦ ਦਹ ਸਪਸ਼ਟ ਸੰਕੇਤ ਮਿਲਦਾ ਹੈ। ਭਾਰਤ ਨੇ ਰੀਤੀ ਨੂੰ ਮਾਰਗ ਜਾਂ ਪ੍ਰਵ੍ਰਿਤੀ ਦਾ ਨਾਂ ਦਿੱਤਾ ਹੈ। ਭਾਮਹ ਨੇ ਰੀਤੀ ਦਾ ਸਿਧਾਂਤ ਸਰਵਪ੍ਰਥਮ ਨਿਰਧਾਰਤ ਕਰਦੇ ਹੋਏ ਇਸ ਲਈ ‘ਕਾਵਿ’ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਦੇ ਸਮੇਂ ਵਿਚ ਵੈਦਰਭ ਅਤੇ ਗੌੜ ਦੋ ਮਾਰਗ ਪ੍ਰਚੱਲਿਤ ਸਨ; ਉਸ ਨੇ ਇਨ੍ਹਾਂ ਦਾ ਹੀ ਵਿਵੇਚਨ ਕੀਤਾ। ਉਦੋਂ ਤਕ ਵਾਣਭੱਟ ਦੀ ਉਦੀਚਯ ਅਤੇ ਪ੍ਰਤੀਚਯ ਅਤੇ ਭਾਰਤ ਦੀ ਆਵੰਤੀ ਅਤੇ ਪਾਂਚਾਲੀ, ਮਾਰਗ ਕਾਵਿ ਵਿਚ ਪ੍ਰਸਿੱਧ ਨਹੀਂ ਸਨ।
ਰੀਤੀ ਦਾ ਕਾਵਿ ਦੇ ਦੂਜੇ ਪ੍ਰਮੁੱਖ ਤੱਤਾਂ ਨਾਲ ਸੰਬੰਧ
[ਸੋਧੋ]
ਰੀਤੀ ਅਤੇ ਵ੍ਰਿਤੀ
[ਸੋਧੋ]ਕੁੱਝ ਵਿਦਵਾਨਾਂ ਨੇ ਰੀਤੀ ਦੀ ਥਾਂ 'ਤੇ ਵ੍ਰਿਤੀ ਸ਼ਬਦ ਦੀ ਵਰਤੋ ਕੀਤੀ ਹੈ। ਅਨੁਕੂਲ ਸ਼ਬਦ ਯੋਜਨਾ ਦੀ ਉਚਿਤਤਾ ਹੀ ਕਾਵਿ ਸਾਮਤ੍ਰ ਅਨੁਸਾਰ ਵ੍ਰਿਤੀ ਹੈ। ਇਸ ਤਰ੍ਹਾ ਵਿੱਤੀ ਦਾ ਸਬੰਧ ਕਾਵਿ ਗੂਣਾ ਨਾਲ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਦੇ ਸਰੂਪ ਅਤੇ ਭੇਦਾ ਦਾ ਸਿਰਮਲਾ ਵੀ ਕਾਵਿ ਗੁਣ ਅਨੁਸਾਰ ਹੋਇਆ ਹੈ। ਵ੍ਰਿਤੀ ਦਾ ਭਰਤ ਮੁਨੀ ਦੀਆ ਨਾਟਯ ਵਿੱ੍ਰਤੀਆ ਤੋ ਅੰਤਰ ਹੈ। ਉਨ੍ਹਾਂ ਦਾ ਸਬੰਧ ਕਾਵਿਕ ਅਤੇ ਮਾਨਸਿਕ ਚੇਸਟਾਵਾ ਨਾਲ ਹੈ। ਆਨੰਦ ਵਰਧਨ ਅਤੇ ਅਭਿਨਵ ਗੁਪਤ ਨੇ ਨਾਟਯ ਵ੍ਰਿਤੀਆ ਨੂੰ ਅਰਥ ਕਾਵਿ ਵ੍ਰਿੱਤੀਆ ਕਿਹਾ ਹੈ। ਪ੍ਰਸਤੁਤ ਪ੍ਰਸੰਗ ਵਿੱਚ ਵਿੱਤੀ ਤੋਂ ਭਾਵ ਕਾਵਿ ਵ੍ਰਿੱਤੀ ਤੋਂ ਹੈ। ਸੰਮਟ ਨੇ ਵ੍ਰਿੱਤੀ ਅਤੇ ਰੀਤੀ ਨੂੰ ਇੱਕ ਮੰਨ ਕੇ ਤਿੰਨ ਰੀਤੀ ਭੇਦਾ ਨੂੰ ਮਧੁਰਾ, ਪੁਰਸ਼ਾ ਅਤੇ ਕੋਮਲਾ ਦਾ ਨਾਮਾਤਰ ਦੱਸਿਆ ਹੈ।
- ਰੀਤੀ ਦੀ ਬਨਾਮ ਸ਼ੈਲੀ: ਰੀਤੀ ਦੀ ਪਰਿਭਾਸ਼ਾ ਕਰਦੇ ਸਮੇਂ ਇਸ ਦੇ ਕੁਝ ਕੁ ਪਰਿਆਇਵਾਚੀ ਸ਼ਬਦ ਸ਼ੈਲੀ (style) ਦਾ ਜ਼ਿਕਰ ਆ ਜਾਂਦਾ ਹੈ, ਦੋਹਾਂ ਦੀ ਅਰਥਾਂ ਵਿਚ ਪੱਧਤੀ ਜਾਂ ਪ੍ਰਣਾਲੀ ਦਾ ਸਮਾਵੇਸ਼ ਹੈ ਅਤੇ ਦੋਹਾਂ ਦਾ ਸੰਬੰਧ ਰਚਨਾ–ਪੱਧਤੀ ਨਾਲ ਹੁੰਦਾ ਹੈ, ਇਕ ਸਾਧਾਰਣ ਅਤੇ ਨਿਰਵਿਸ਼ੇਸ਼ ਹੁੰਦੀ ਹੈ ਅਤੇ ਦੂਜੀ ਵਿਸ਼ਿਸ਼ਟ; ਦੋਹਾਂ ਵਿਚ ਇਹੀ ਪਰਸਪਰ ਭੇਦ ਹੈ।
ਹਰ ਇਕ ਕੰਮ ਵਿਚ ਦੋ ਤੱਤ ਹੁੰਦੇ ਹਨ, ਇਕ ਉਸ ਦੇ ਕਰਨ ਦਾ ਮਾਰਗ ਅਤੇ ਦੂਜਾ ਕਰਤਾ। ਇਕ ਦਾ ਸੰਬੰਧ ਕਾਰਜ–ਪੱਧਤੀ ਨਾਲ, ਅਤੇ ਦੂਜੇ ਦਾ ਸੰਬੰਧ ਕਰਤਾ ਨਾਲ ਹੈ। ਜਦੋਂ ਦੋ ਆਦਮੀ ਕਿਸੇ ਇਕ ਟਿਕਾਣੇ ਵੱਲ ਟੁਰਨ ਤਾਂ ਉਹ ਇਕੋ ਮਾਰਗ ’ਤੇ ਟੁਰਦੇ ਹੋਏ ਵੀ ਵਿਭਿੰਨ ਵਿਧੀਆਂ ਅਖ਼ਤਿਆਰ ਕਰਦੇ ਹਨ, ਇਹ ਰੀਤੀ ਹੈ, ਅਤੇ ਇਸੇ ਤਰ੍ਹਾਂ ਦੋ ਵਿਅਕਤੀ ਉਸੇ ਮਾਰਗ ’ਤੇ ਟੁਰਦੇ ਹੋਏ ਆਪਣੀਆਂ ਨਿੱਜੀ ਰੁਚੀਆਂ, ਪ੍ਰਵ੍ਰਿਤੀਆਂ ਅਤੇ ਸ਼ਕਤੀਆਂ ਦੀ ਵਰਤੋਂ ਕਰਦੇ ਹਨ, ਇਸ ਦਾ ਸੰਬੰਧ ਸ਼ੈਲੀ ਨਾਲ ਹੈ।
ਰੀਤੀ ਵਿਚ ‘ਪੂਰਵ–ਨਿਸ਼ਚਿਤਤਾ’ ਹੁੰਦੀ ਹੈ ਪਰ ਸ਼ੈਲੀ ਵਿਚ ਅਜਿਹਾ ਨਹੀਂ ਹੁੰਦਾ। ਜਦੋਂ ਕੋਈ ਅਭਿਵਿਅਕਤੀ ਪੂਰਵ–ਨਿਰਧਾਰਤ ਮਾਰਗ ਅਖ਼ਤਿਆਰ ਕਰ ਲੈਂਦੀ ਹੈ ਤਾਂ ਇਹ ਵੀ ਰੀਤੀ ਬਣ ਜਾਂਦੀ ਹੈ। ਮਿਸਾਲ ਵਜੋਂ ਪਿਟਮੈਨ ਦੀ ਸ਼ਾਰਟ–ਹੈਂਡ ਪਹਿਲਾਂ ਸ਼ੈਲੀ ਸੀ ਪਰ ਬਾਅਦ ਵਿਚ ਸਰਵ–ਸਾਧਾਰਣ ਦੀ ਚੀਜ਼ ਬਣ ਜਾਣ ਕਰਕੇ ਰੀਤੀ ਬਣ ਗਈ। ਰੀਤੀ ਪੂਰਣ ਵਿਧੀ ਦੀ ਸ਼ੁੱਧਤਾ ਨੂੰ ਨਿਭਾਉਂਦੀ ਹੈ, ਸ਼ੈਲੀ ਵਿਚ ਨਵੀਨਤਾ ਅਤੇ ਚਮਤਕਾਰ ਪੈਦਾ ਕੀਤਾ ਜਾਂਦਾ ਹੈ। ਰੀਤੀ ਦੀ ਪ੍ਰਕ੍ਰਿਤੀ ਆਦਰਸ਼ਵਾਦੀ ਅਤੇ ਮਰਯਾਦਾ–ਅਨੁਕੂਲ ਹੁੰਦੀ ਹੈ ਪਰ ਸ਼ੈਲੀ ਵਿਅਕਤੀ ਦੀ ਸਵੈ–ਇੱਛਾ ਨੂੰ ਰੂਪਮਾਨ ਕਰਦੀ ਹੈ। ਰੀਤੀ ਦੀ ਪ੍ਰਵ੍ਰਿਤੀ ਸਥਾਈ ਤੱਤਾਂ ਨੂੰ ਮੁੱਖ ਰੱਖਦੀ ਹੈ ਪਰ ਸ਼ੈਲੀ ਵਿਚ ਛਿਣ–ਭੰਗਰ ਅਤੇ ਸਾਮਿਅਕ ਤੱਤਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਰੀਤੀ ਦਾ ਖੇਤਰ ਸ਼ਾਸਤ੍ਰ ਅਤੇ ਵਿਗਿਆਨ ਵਰਗਾ ਹੁੰਦਾ ਹੈ ਜਦ ਕਿ ਸ਼ੈਲੀ ਸੌਂਦਰਜ ਚੇਤਨਾ ਨਾਲ ਸੰਬੰਧਿਤ ਮਜ਼ਮੂਨਾਂ ਵਿਚ ਕੇਂਦਰਿਤ ਹੁੰਦੀ ਹੈ।
ਇਨ੍ਹਾਂ ਦੋਹਾਂ ਵਿਚ ਇਹ ਅੰਤਰ ਹੁੰਦੇ ਹੋਏ ਵੀ ਇਹ ਪਰਸਪਰ ਸਹਿਯੋਗੀ ਵੀ ਹਨ। ਕਈ ਵਾਰ ਰੀਤੀ ਵਿਚੋਂ ਹੀ ਕੋਈ ਲੇਖਕ ਜਾਂ ਕਵੀ ਸ਼ੈਲੀ ਨੂੰ ਜਨਮ ਦੇ ਦਿੰਦਾ ਹੈ ਅਤੇ ਸ਼ੈਲੀ ਤਾਂ ਰੀਤੀ ਦੀ ਰੂੜ੍ਹੀ ਦਾ ਕੰਮ ਕਰਦੀ ਹੀ ਆਈ ਹੈ। ਹਰ ਯੁੱਗ ਵਿਚ ਕੁਝ ਰੀਤੀਆਂ ਜਨਮ ਲੈਂਦੀਆਂ ਹਨ, ਨਵੀਂ ਪੀੜ੍ਹੀ ਇਸ ਤੋਂ ਵਿਦਰੋਹ ਕਰਦੀ ਹੋਈ ਨਵੀਂ ਸ਼ੈਲੀ ਨੂੰ ਅਪਣਾਉਂਦੀ ਹੈ, ਅਤੇ ਬਾਅਦ ਵਿਚ ਉਹ ਨਵੀਂ ਸ਼ੈਲੀ ਵੀ ਸਾਹਿੱਤ–ਸੌਂਦਰਯ ਪੱਧਤੀ ਦੀ ਰੀਤੀ ਬਣ ਜਾਂਦੀ ਹੈ।
ਪੰਜਾਬੀ ਵਿਚ ਬਾਬਾ ਫ਼ਰੀਦ, ਗੁਰੂ ਨਾਨਕ ਅਤੇ ਗੁਰੂ ਅਰਜਨ ਸ਼ੈਲੀਕਾਰ ਸਨ, ਪਰ ਗੁਰੂ ਅੰਗਦ ਦੇਵ, ਅਮਰਦਾਸ ਅਤੇ ਰਾਮਦਾਸ ਜੀ ਨੇ ਰੀਤੀ ਦਾ ਵਿਸਤਾਰ ਕੀਤਾ ਹੈ। ਸੂਫ਼ੀ ਪ੍ਰਸੰਗ ਵਿਚ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ, ਈਰਾਨੀ ਪ੍ਰਭਾਵ ਕਬੂਲ ਕਰਦੇ ਹੋਏ ਵੀ ਸ਼ੈਲੀਕਾਰ ਸਨ, ਅਤੇ ਬਾਅਦ ਵਿਚ ਇਹ ਸੂਫ਼ੀ ਰੀਤੀ ਸਦੀਆਂ ਤਕ ਚਲਦੀ ਰਹੀ, ਇੱਥੋਂ ਤਕ ਕਿ ਆਧੁਨਿਕ ਯੁੱਗ ਦੇ ਪ੍ਰਤਿਭਾਸ਼ਾਲੀ ਲੇਖਕ ਡਾ. ਮੋਹਨ ਸਿੰਘ ਅਤੇ ਚਾਤ੍ਰਿਕ ਨੇ ਵੀ ਰੀਤੀ ਦੀ ਪਾਲਣਾ ਕੀਤੀ ਹੈ।
ਭਾਈ ਵੀਰ ਸਿੰਘ ਦੀ ਸ਼ੈਲੀ ਪੁਰਾਣੀ ਗੁਰਮਤਿ ਰੀਤੀ ਦਾ ਪ੍ਰਭਾਵ ਕਬੂਲਦੀ ਹੋਈ ਵੀ ਸ਼ੈਲੀ ਹੈ, ਪਰ ਉਨ੍ਹਾਂ ਦੀ ਸ਼ੈਲੀ ਇਕ ਰੀਤੀ ਨਹੀਂ ਬਣ ਸਕੀ। ਇਸੇ ਤਰ੍ਹਾਂ ਗੁਰਬਖ਼ਸ਼ ਸਿੰਘ ਦੀ ਵਾਰਤਕ, ਰੀਤੀ ਦਾ ਰੂਪ ਨਹੀਂ ਧਾਰਣ ਕਰ ਸਕੀ। ਸਾਡੇ ਬੀਰ ਕਾਵਿ ਦਾ ਸਰੋਤ ਯੂਨਾਨੀ ਕਵਿਤਾ ਨਾਲ ਜਾ ਜੁੜਦਾ ਹੈ ਪਰ ਗੁਰੂ ਗੋਬਿੰਦ ਸਿੰਘ ਅਤੇ ਨਜਾਬਤ ਮਹਾਨ ਸ਼ੈਲੀਕਾਰ ਸਨ ਅਤੇ ਰੀਤੀ ਤੇ ਪਾਲਕ ਵੀ। ਗੁਰੂ ਨਾਨਕ ਸਾਹਿਬ ਨੇ ਵਾਰ ਦੀ ਆਤਮਾ ਨੂੰ ਸ਼ਾਂਤ ਰਸ ਨਾਲ ਓਤ–ਪ੍ਰੋਤ ਕਰਕੇ ਇਕ ਵੱਖਰੀ ਸ਼ੈਲੀ ਨੂੰ ਜਨਮ ਦਿੱਤਾ ਹੈ।
ਨਵੀਂ ਕਵਿਤਾ ਵਿਚ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਬਾ ਬਲਵੰਤ ਤੇ ਸਫ਼ੀਰ ਸੁਚੱਜੀ ਕਵਿਤਾ ਲਿਖ ਕੇ ਵੀ ਕਿਸੇ ਸਥਾਈ ਰੀਤੀ ਨੂੰ ਜਨਮ ਨਹੀਂ ਦੇ ਸਕੇ, ਇਨ੍ਹਾਂ ਦੀਆਂ ਕਵਿਤਾਵਾਂ ਵਿਚ, ਸਿਵਾਏ ਬਾਵਾ ਬਲਵੰਤ ਦੀ ਕਵਿਤਾ ਦੇ, ਕਲਾਸੀਕਲ ਸਾਹਿੱਤ ਬਣਨ ਦੀ ਬਹੁਤ ਘੱਟ ਸੰਭਾਵਨਾ ਹੈ। ਨਵੇਂ ਸਾਹਿੱਤ ਵਿਚ ਕਿਸੇ ਰੀਤੀ ਦਾ ਪ੍ਰਚੱਲਿਤ ਹੋਣਾ ਬੜਾ ਕਠਿਨ ਹੈ, ਹਰ ਲੇਖਕ ਨਿਤ ਨਵੇਂ ਸੌਂਦਰਯ ਤਜ਼ਰਬੇ ਕਰ ਰਿਹਾ ਹੈ, ਆਪਣੇ ਹੀ ਉਲੀਕੇ ਹੋਏ ਖ਼ਾਕਿਆਂ ਦੀ ਸੀਮਾ ਪਾਰ ਕਰ ਰਿਹਾ ਹੈ।
ਰੀਤੀ ਅਤੇ ਅਲੰਕਾਰ
[ਸੋਧੋ]ਵਾਮਨ ਨੇ ਪਦਾਂ ਦੀ ਵਿਸ਼ਿਸ਼ਟ ਰਚਨਾ ਨੂੰ ਰੀਤੀ ਅਤੇ ਵਿਸ਼ੇਸ਼ ਤੋਂ ਭਾਵ ਗੁਣਯੁਕਤ ਹੋਣਾ -ਕਹਿ ਕੇ ਰੀਤੀ 'ਚ ਗੁਣਾਂ (ਮਾਧੁਰਯ ਆਦਿ) ਦੀ ਹੋਂਦ ਨੂੰ ਜ਼ਰੂਰੀ ਤੱਤ ਕਿਹਾ ਹੈ। ਵਾਮਨ ਗੁਣਾਂ ਨੂੰ ਕਾਵਿ ਦੇ ਸੌਂਦਰਯ ਤੱਤ ਦਾ ਪ੍ਰਤਿਪਾਦਕ ਅਤੇ ਉਪਮਾ ਆਦਿ ਅਲੰਕਾਰਾਂ ਨੂੰ ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਮੰਨਦੇ ਹਨ। ਇਸ ਤਰ੍ਹਾਂ, ਇਹ ਗੁਣਾਂ ਤੋਂ ਯੁਕਤ ਰੀਤੀ ਨੂੰ 'ਅੰਗੀ' ਅਤੇ ਅਲੰਕਾਰਾਂ ਨੂੰ ਉਸਦਾ ਉਤਕਰਸ਼ ਕਰਨ ਵਾਲੇ 'ਅੰਗ' ਦੇ ਰੂਪ 'ਚ ਸਵੀਕਾਰ ਕਰਦੇ ਹਨ। ਪਰ ਜਿਸ ਤਰ੍ਹਾਂ ਦੰਡੀ ਦੇ ਅਲੰਕਾਰ ਕਾਵਿ ਦੀ ਸ਼ੋਭਾ 'ਚ ਵਾਧਾ ਕਰਦੇ50 ਹਨ; ਉਸੇ ਤਰ੍ਹਾਂ ਵਾਮਨ ਦੇ ਗੁਣ ਵੀ। ਦੰਡੀ ਦੇ ਅਲੰਕਾਰ ਅਤੇ ਵਾਮਨ ਦੀ ਗੁਣ-ਪਰਿਭਾਸ਼ਾ 'ਚ ਕੋਈ ਅੰਤਰ ਨਾ ਹੋਣ 'ਤੇ ਵੀ ਵਾਮਨ ਨੇ ਅਲੰਕਾਰਾਂ ਦੀ ਅਪੇਖਿਆ ਗੁਣਾਂ ਨੂੰ ਜ਼ਿਆਦਾ ਮਹਤੱਵ ਦੇ ਕੇ ਅਲੰਕਾਰਾਂ ਨੂੰ ਗੁਣਾਂ ਦਾ 'ਅੰਗ' ਬਣਾ ਦਿੱਤਾ ਹੈ। ਸਾਰ ਰੂਪ 'ਚ, ਵਾਮਨ ਦੇ ਅਨੁਸਾਰ ਰੀਤੀ ਕਾਵਿ ਦੀ ਆਤਮਾ ਅਤੇ ਅੰਦਰਲਾ ਤੱਤ ਹੈ; ਅਲੰਕਾਰ ਬਾਹਰਲਾ ਤੱਤ। ਸੋ, ਅਲੰਕਾਰ ਕਾਵਿ ਦੀ ਆਤਮਾਰੂਪ 'ਰੀਤੀ' ਦੇ ਅੰਗ ਰੂਪ ਹੀ ਹਨ।[12]
ਰੀਤੀ ਅਤੇ ਪ੍ਰਵ੍ਰਿਤੀ
[ਸੋਧੋ]ਆਚਾਰੀਆ ਭਰਤ ਨੇ ਨਾਟਕਾਂ 'ਚ ਅਭਿਨੈ ਦੇ ਪ੍ਰਸੰਗ ਵਿੱਚ ਵੱਖ-ਵੱਖ ਪ੍ਰਦੇਸ਼ਾਂ ਦੀ ਵੇਸ-ਭੂਸ਼ਾ, ਭਾਸ਼ਾ ਅਤੇ ਵਾਰਤਾ (ਆਪਸੀ ਗੱਲਬਾਤ) ਦੇ ਅਧਾਰ 'ਤੇ-ਆਵੰਤੀ, ਦਾਸ਼ਿਣਾਤਿਆ, ਪਾਂਚਾਲੀ, ਔਦਮਾਗਧੀ ਪ੍ਰਵ੍ਰਿਤੀਆਂ ਦਾ ਪ੍ਰਤਿਪਾਦਨ ਕੀਤਾ ਹੈ। ਬਾਅਦ ਦੇ ਆਚਾਰੀਆ ਰਾਜਸ਼ੇਖਰ, ਸ਼ਿੰਗਭੂਪਾਲ ਆਦਿ ਨੇ ਪ੍ਰਵ੍ਰਿਤੀ ਦੇ ਵਿਵੇਚਨ 'ਚ ਭਰਤ ਮੁਨੀ ਦਾ ਹੀ ਸਮਰਥਨ ਕਰਦੇ ਹੋਏ ਉਕਤ ਚਾਰੋਂ ਪ੍ਰਵ੍ਰਿਤੀਆਂ ਦਾ ਪ੍ਰਤਿਪਾਦਨ” ਕੀਤਾ ਹੈ। ਦੋਹਾਂ ਵਿੱਚੋਂ ਪੱਕੇ ਤੌਰ 'ਤੇ ‘ਪ੍ਰਵ੍ਰਿਤੀ' ਦਾ ਸੰਬੰਧ ਵੱਖ-ਵੱਖ ਪ੍ਰਦੇਸ਼ਾਂ ਦੀ ਵੇਸ ਭੂਸ਼ਾ, ਭਾਸ਼ਾ, ਆਚਾਰ-ਵਿਵਹਾਰ ਆਦਿ ਨਾਲ ਹੈ, ਜਦੋਂ ਕਿ ‘ਰੀਤੀ' ਦਾ ਸੰਬੰਧ ਸਿਰਫ਼ ਵਰਣ-ਵਿਨਿਆਸ ਨਾਲ। ਇਸ ਤਰ੍ਹਾਂ ਰੀਤੀ ਦਾ ਖੇਤਰ ਪ੍ਰਵ੍ਰਿਤੀ ਦੀ ਬਜਾਏ ਬਹੁਤ ਸੀਮਿਤ ਅਤੇ ਛੋਟਾ ਹੈ। ਇਸਦੇ ਇਲਾਵਾ, ਆਚਾਰੀਆਂ ਨੇ ਰੀਤੀ ਨੂੰ ਕਾਵਿ ਦਾ ਅੰਦਰਲਾ ਤੱਤ ਅਤੇ ਪ੍ਰਵ੍ਰਿਤੀ ਨੂੰ ਬਾਹਰਲਾ ਤੱਤ ਕਿਹਾ ਹੈ। ਦੂਜਾ, ਰੀਤੀ ਕਾਵਿ ਦੇ ਸੁਭਾਅ ਨਾਲ ਅਤੇ ਪ੍ਰਵ੍ਰਿਤੀ ਭੂਗੋਲ ਨਾਲ ਜੁੜੀ ਹੋਈ ਹੈ। (ਆਧੁਨਿਕ ਸਮੀਖਿਆਕਾਰ ਰੀਤੀ ਨੂੰ ‘ਸ਼ੈਲੀ’ ਪਦ ਦੁਆਰਾ ਪੁਕਾਰਦੇ ਹਨ ਅਤੇ ਅੱਜ ਦਾ ਸ਼ੈਲੀ-ਵਿਗਿਆਨ ਇੱਕ ਸੁਤੰਤਰ ਕਾਵਿਸ਼ਾਸਤ੍ਰੀ ਤੱਤ ਦੇ ਰੂਪ 'ਚ ਉਭਰ ਕੇ ਸਾਹਮਣੇ ਆਇਆ ਹੈ)।[13]
ਰੀਤੀ ਅਤੇ ਰਸ
[ਸੋਧੋ]ਵਾਮਨ ਦੇ ਅਨੁਸਾਰ ਕਾਵਿ 'ਚ ਸੱਭ ਤੋਂ ਜ਼ਿਆਦਾ ਮਹਤੱਵ ਰੀਤੀ ਦਾ ਅਤੇ ਰੀਤੀ ਹੀ ਕਾਵਿ ਦੀ ਆਤਮਾ ਹੈ। ਇਹ ਕਾਵਿ 'ਚ ਰਸ (ਸ਼ਿੰਗਾਰ ਆਦਿ) ਨੂੰ ਉਂਨਾ ਮਹਤੱਵ ਨਹੀਂ ਦਿੰਦੇ ਜਿੰਨਾ ਕਿ ਰਸਵਾਦੀ ਆਚਾਰੀਆ। ਵਾਮਨ ਨੇ ‘ਕਾਂਤੀ' ਨਾਮ ਦੇ ਕਾਵਿਗਤ ਗੁਣ 'ਚ ਰਸਾਂ ਦਾ ਸਮਾਵੇਸ਼ ਕਰਕੇ ਰਸਾਂ ਦੀ ਸਥਿਤੀ ਨੂੰ ਕਾਵਿ 'ਚ ਅੰਗ (ਅਪ੍ਰਧਾਨ) ਰੂਪ 'ਚ ਸਵੀਕਾਰ ਕੀਤੀ ਹੈ ਨਾ ਕਿ ‘ਅੰਗੀ’ (ਪ੍ਰਧਾਨ) ਰੂਪ 'ਚ। ਇਹਨਾਂ ਨੇ ਵੈਦਰਭੀ ਰੀਤੀ ਦੀ ਬਜਾਏ 'ਕਾਂਤੀ’ ਗੁਣ ਨੂੰ ਗੌੜ੍ਹੀ ਰੀਤੀ ਦਾ ਆਧਾਰ ਮੰਨ ਕੇ 'ਰਸ' ਦਾ ਹੋਰ ਵੀ ਮਹਤੱਵ ਘਟਾ ਦਿੱਤਾ ਹੈ। ਇਸਦੇ ਬਿਲਕੁਲ ਉਲਟ ਧੁਨੀਵਾਦੀ ਆਚਾਰੀਆਂ ਨੇ ‘ਧੁਨੀ’ ਨੂੰ ਵਿਸ਼ੇਸ਼ਕਰ ‘ਰਸਧੁਨੀ' ਨੂੰ ਕਾਵਿ ਦੀ ਆਤਮਾ ਮੰਨਿਆ ਹੈ। ਇਹਨਾਂ ਦੇ ਅਨੁਸਾਰ 'ਰਸ' ਅੰਗੀ ਅਤੇ ਰੀਤੀਆਂ ਦੀ ਸਥਿਤੀ ਅੰਗ ਦੇ ਸਮਾਨ ਹੈ। ਇਹੋ ਕਾਰਣ ਹੈ ਕਿ ਆਨੰਦਵਰਧਨ ਨੇ ਪਦਾਂ ਦੀ ਸੰਘਟਨਾ (ਰਚਨਾ) ਵਿੱਚ ‘ਰਸੌਚਿਤਯ’ ਨੂੰ ਰੀਤੀ ਦਾ ਨਿਯਾਮਕ ਤੱਤ ਵੀ ਕਿਹਾ ਹੈ।[14]
ਰੀਤੀ ਦੇ ਭੇਦ
[ਸੋਧੋ]ਵਾਮਨ ਅਤੇ ਕਈ ਹੋਰ ਆਚਾਰੀਆ ਨੇ ਭਾਵੇਂ ਰੀਤੀ ਦੇ ਚਾਰ ਭੇਦ ਮੰਨੇ ਹਨ ਪਰ ਉਹਨਾਂ ਨੇ ਰੀਤੀਆਂ ਦੇ ਮਹੱਤਵ ਤੇ ਰੁਤਬੇ ਬਾਰੇ ਵੀ ਨਿਰਣਾ ਦਿੱਤਾ ਹੈ। ਬੇਸ਼ੱਕ ਉਪਰੋਕਤ ਅਸੀਂ ਸਾਰੀਆਂ ਰੀਤੀਆਂ ਦੀਆਂ ਮਹੱਤਤਾ ਬਾਰੇ ਚਰਚਾ ਕੀਤੀ ਹੈ ਪਰ ਭਾਰਤੀ ਆਚਾਰੀਆ ਅਨੁਸਾਰ ਵੈਦਰਭੀ ਸਭ ਤੋਂ ਮਹੱਤਵਪੂਰਨ ਤੇ ਉੱਚੇ ਰੁਤਬੇ ਵਾਲੀ ਰੀਤੀ ਹੈ। ਵੈਦਰਭੀ ਇਕਲੋਤੀ ਹੈ ਜੋ ਸਾਰੇ ਗੁਣਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਰੱਖਦੀ ਹੈ। ਫਿਰ ਵੀ ਵੈਦਰਭੀ ਦੇ ਨਾਲ ਨਾਲ ਆਚਾਰੀਆ ਵਾਮਨ ਨੇ ਗੌੜ੍ਹੀ ਤੇ ਪਾਂਚਾਲੀ ਰੀਤੀ ਦਾ ਵਿਵਰਣ ਦਿੱਤਾ ਹੈ:-
ਵੈਦਰਭੀ
[ਸੋਧੋ]ਆਚਾਰਯ ਵਾਮਨ ਅਨੁਸਾਰ ਵਿਦਰਭ (ਆਧੁਨਿਕ ਬਹਾਰ) ਆਦਿ ਦੇਸ਼ਾ ਵਿੱਚ ਪ੍ਰਚਲਿਤ ਹੋਣ ਕਰਕੇ ਇਸਨੂੰ ਵੈਦਰਭੀ ਰੀਤੀ ਮੰਨਿਆ ਗਿਆ ਹੈ। ਇਹ ਕਾਵਿ ਦੀ ਸਰਵ ਉਤਮ ਰੀਤੀ ਹੈ। ਵਾਮਨ ਅਨੁਸਾਰ ਇਹ ਦੋਸ਼ਾ ਦੀ ਮਾਤਰਾ ਤੋਂ ਰਹਿਤ, ਸਾਰਿਆ ਗੁਣਾ ਨਾਲ ਯੁਕਤ ਅਤੇ ਵੀਣਾ ਦੇ ਸੁਰਾ ਵਾਂਗ ਮਧੁਰ ਹੁੰਦੀ ਹੈ। ਇਸ ਦੀ ਵਿੱਲਖਣ ਚਮਕ ਹੁੰਦੀ ਹੈ।
ਇਸ ਰੀਤੀ ਦੀ ਸਿਫਤ ਹੋਰਨਾ ਵਿਦਵਾਨਾ ਨੇ ਵੀ ਕੀਤੀ ਹੈ। ਰੁਦ੍ਰ ਅਨੁਸਾਰ ਇਸ ਵਿੱਚ ਸੁਕੁਸਾਰ ਅਤੇ ਕੋਮਲ ਗੁਣ ਹੁੰਦੇ ਹਨ। ਅਤੇ ਸਿੰਗਾਰ, ਕਰੁਣਾ, ਸ਼ਾਂਤ, ਰਸਾਂ ਵਿੱਚ ਵਰਤੀ ਜਾਂਦੀ ਹੈ ਅਤੇ ਇਹ ਸਮਾਸ ਰਹਿਤ ਹੁੰਦੀ ਹੈ। ਕੁੰਤਕ ਨੇ ਇਸ ਨੂੰ ਸੁਕਸਾਰ ਮਾਰਗ ਕਿਹਾ ਹੈ। ਵਿਸ਼ਵਨਾਥ (ਸਾਹਿਤਯ ਦਰਪਣ) ਅਸਾਰ ਇਸ ਵਿੱਚ ਤਿੰਨ ਵਿਸ਼ੇਸ਼ ਗੱਲਾ ਹੁੰਦੀਆ ਹਨ— ਮਾਧੁਰਯ ਗੁਣ ਵਿਅੰਜਕ ਵਰਣ, ਲਲਿਤ ਪਦ ਅਤੇ ਅਲਪ ਸਮਾਜ। ਸਪਸ਼ਟ ਹੈ ਕਿ ਵੈਦਰਭੀ ਰੀਤੀ ਬੜੀ ਆਕਰਸ਼ਕ ਅਤੇ ਸੇ੍ਰਸ਼ਠ ਹੈ।
ਗੌੜੀ
[ਸੋਧੋ]ਇਹ ਰੀਤੀ ਦਾ ਦੂਜਾ ਭੇਦ ਹੈ। ਇਸ ਦੀ ਵਰਤੋਂ ਗੌੜ ਦੇਸ਼ ਦੇ ਕਵੀਆ ਦੁਆਰਾ ਅਧਿਕ ਹੋਣ ਕਰਕੇ ਇਸ ਦਾ ਨਾ ਪਿਆ ਹੈ। ਇਹ ਉਜ ਗੁਣ ਵਿਅੰਜਕ, ਦੁਆਰਾ ਅਧਿਕ ਹੋਣ ਕਰਕੇ ਇਸ ਦਾ ਨਾ ਗੌੜੀ ਪਿਆ ਹੈ। ਇਹ ਓਜ ਗੁਣ ਵਿਅੰਜਕ, ਦੀਰਘ ਸਮਾਸ ਯੁਕਤ ਅਤੇ ਔਸੀ ਹੁੰਦੀ ਹੈ। ਇਸ ਵਿੱਚ ਆਡੰਬਰ ਪੂਰਣ ਪਦਾਂ ਅਤੇ ਸਮਾਸਾਂ ਦੀ ਅਧਿਕਤਾ ਹੁੰਦੀ ਹੈ। ਇਸ ਵਿੱਚ ਕਠੋਰ ਵਰਣ, ਦੁੱਤ ਅੱਖਰ, ਟਵਰਗ ਦੀ ਵਰਤੋ ਹੁੰਦੀ ਹੈ ਅਤੇ ਰੋਦਰ, ਵੀਰ ਅਤੇ ਭਿਆਨਕ ਰਮਾ ਲਈ ਇਹ ਪ੍ਰਯੋਗ ਵਿੱਚ ਲਿਆਈ ਜਾਂਦੀ ਹੈ। ਇਸ ਦਾ ਪ੍ਰਾਣ ਤੱਤ ਓਜ ਗੁਣ ਹੈ।
ਦੰਡੀ ਅਨੁਸਾਰ ਇਸ ਰੀਤੀ ਭੇਦ ਵਿੱਚ ਦਸ ਗੁਣ ਨਹੀਂ ਹੁੰਦੇ। ਵਾਮਨ ਨੇ ਇਸਨੂੰ ਤੇਜਸਵੀ ਸੈਲੀ ਮੰਨਿਆ ਹੈ। ਇਸ ਵਿੱਚ ਕਠੋਰ ਪਦਾ ਅਤੇ ਸਮਾਸਾਂ ਦੀ ਬਹੁਤਾਤ ਤੋਂ ਇਲਾਵਾ ਮਧੁਰਤਾ ਅਤੇ ਸੁਕਮਾਰਤਾ ਦਾ ਅਭਾਵ ਹੁੰਦਾ ਹੈ। ਰਝਟ ਨੇ ਇਸਨੂੰ ਦੀਰਘ ਸਮਾਸਾਂ ਵਾਲੀ ਰੀਤੀ ਮੰਨਦੇ ਹੋਇਆ ਰੋਦਰ, ਭਿਆਨਕ ਅਤੇ ਵੀਰ ਰਸਾਂ ਦੇ ਪ੍ਰਗਟਾਵੇ ਲਈ ਉਚਿਤ ਦਸਿਆ ਹੈ। ਆਚਰਯ ਵਿਸ਼ਵਨਾਥ ਨੇ ਇਸ ਦੇ ਸਰੂਪ ਨੂੰ ਸਪਸ਼ਟ ਕਰਦਿਆ ਕਿਹਾ ਹੈ ਕਿ ਓਜ ਗੁਣ ਪ੍ਰਕਾਸ਼ਕ ਵਰਣਾ ਨਾਲ ਯੁਕਤ ਪ੍ਰਚੰਡ ਰਚਨਾ, ਜਿਸ ਵਿੱਚ ਸਮਾਸੀਅਤੇ ਔਖੇ ਪਦਾਂ ਦੀ ਅਧਿਕ ਵਰਤੋ ਹੁੰਦੀ ਹੈ ਗੌੜੀ ਰੀਤੀ ਹੈ।
ਪਾਂਚਾਲੀ
[ਸੋਧੋ]ਰੀਤੀ ਦੇ ਤੀਜੇ ਭੇਦ ਵਜੋ ਪਾਂਚਾਲੀ ਪ੍ਰਸਿੱਧ ਹੈ। ਇਸ ਦੀ ਵਰਤੋ ਪਾਚਾਲ ਦੇਸ਼ ਦੇ ਕਵੀਆਂ ਦੁਆਰਾ ਅਧਿਕ ਹੋਣ ਕਰਕੇ ਇਸ ਦਾ ਨਾਂ ਪਾਂਚਾਲੀ ਪਿਆ ਹੈ। ਇਸਦਾ ਸਰਵ ਪ੍ਰਥਮ ਉਲੇਖ ਵਾਮਨ ਨੇ ਕੀਤਾ। ਉਸ ਅਨੁਸਾਰ ਇਹ ਅਗਠਿਤ, ਭਾਵ ਸਿਥਲ ਅਤੇ ਛਾਇਆ ਯੁਕਤ, ਮਧੁਰ ਅਤੇ ਸੁਕੁਮਾਰ ਗੁਣਾ ਨਾਲ ਯੁਕਤ ਰਹਿੰਦੀ ਹੈ। (ਕਾਵਯਾਲੰਕਾਰ ਸੂਤ੍ਰ ਵ੍ਰਿਤਿ)
ਰੂਦ੍ਰਟ ਦੇ ਮਤ ਅਨੁਸਾਰ ਪਾਂਚਾਲੀ ਲਘੂ ਸ੍ਰਮਾਸ ਵਾਲੀ ਹੁੰਦੀ ਹੈ। ਵਿਸ਼ਵਨਾਥ ਅਨੁਸਾਰ ਪਾਂਚਾਲੀ ਪੰਜ ਛੇ ਸਮਾਸਾ ਨਾਲ ਯੁਕਤ ਪਦਾਂ ਦੇ ਬੰਧ ਵਾਲੀ ਰੀਤੀ ਹੈ। ਵੈਦਰਭੀ ਅਤੇ ਗੋਡੀ ਰੀਤੀਆ ਵਿੱਚ ਵਰਤੇ ਜਾਣ ਵਾਲੇ ਵਰਣਾ ਨੂੰ ਛਡ ਕੇ ਬਾਕੀ ਬਚੇ ਵਰਣਾ ਨਾਲ ਯੁਕਤ ਇਹ ਰੀਤੀ ਭੇਦ ਇੱਕ ਪ੍ਰਕਾਰ ਨਾਲ ਉਪਰੋਕਤ ਦੋਹਾ ਦਾ ਮੱਧ ਵਰਤੀ ਹੈ।
ਉਪਰੋਕਤ ਤਿੰਨ ਰੀਤੀ ਭੇਦਾਂ ਤੋਂ ਇਲਾਵਾ ਲਾਟੀ ਭੇਦ ਦਾ ਉਲੇਖ ਰੁਦ੍ਰਟ ਨੇ ਕੀਤਾ ਹੈ। ਉਸਦੇ ਮਤ ਅਨੁਸਾਰ ਲਾਟੀ ਮੱਧਮ ਸਮਾਸਵਾਲੀ ਅਤੇ ਉਸ ਰਸਾਂ ਦੇ ਵਰਣਨ ਲਈ ਢੁੱਕਵੀ ਹੈ। ਵਿਸ਼ਵਨਾਥ ਨੇ ਇਸ ਨੂੰ ਵੈਦਰਭੀ ਅਤੇ ਪਾਚਾਲੀ ਦੀ ਮਧਵਰਤੀ ਰੀਤੀ ਮੰਨਿਆ ਹੈ। ਹੋਰਨਾਂ ਆਚਾਰਯਾ ਨੈ ਇਸ ਦਾ ਉਲੇਖ ਨਹੀਂ ਕੀਤਾ। ਹਿਸ ਤੋਂ ਇਲਾਵਾ ਕਿਸੇ ਕਿਸੇ ਆਚਾਰਯਾ ਨੇ ਪੰਚਾਲਿਕਾ (ਪਾਂਚਾਲੀ ਦਾ ਦਾ ਨਾਮਤਾਰ) ਮਾਗਧੀ, ਮੈਥਿਲੀ, ਅਵੰਤਿਕਾ ਅਦਿ ਰੀਤੀ ਭੇਦਾਂ ਦਾ ਉਲੇਚ ਵੀ ਕੀਤਾ ਹੈ। ਪਰ ਇਨ੍ਹਾਂ ਦਾ ਕੋਈ ਵਿਸੇ਼ਸ ਮਹੱਤਵ ਨਹੀਂ ਹੈ। ਏਥੇ ਇਨ੍ਹਾਂ ਰੀਤੀ ਪ੍ਰਕਾਰਾਂ ਦੇ ਨਾਮਕਰਦਦ ਬਾਰੇ ਵੀ ਵਿਚਾਰ ਕਰ ਲੈਣਾ ਉਪਯੋਗੀ ਹੋਵੇਗਾ। ਸਾਧਾਰਨ ਤੌਰ 'ਤੇ ਜਦੋਂ ਅਸੀਂ ਏਸ ਪਾਸੇ ਵੇਖਦੇ ਹਾਂ ਤਾਂ ਬਹੁਤੇ ਆਚਾਰਯਾ ਨੇ ਇਨ੍ਹਾਂ ਰੀਤੀਆ ਦੇ ਨਾ ਇਲਾਕਿਆ ਦੇ ਅਨੁਸਾਰ ਰਖੇ ਹਨ ਜਿੱਥੇ ਉਨ੍ਹਾ ਨੇ ਕੁਝ ਆਪੋ ਆਪਣੀਆ ਨਵੇਕਲੀ ਵਿਸੇ਼ਸਤਾਈਆ ਅਨੁਭਵ ਕੀਤੀਆ ਭਰਤ ਨੇ ਦਾਕਸ਼ਣਾਤਯਾ, ਆਵੰਤੀ ਆਦਿ ਨਾ ਭਿੰਨ ਭਿੰਨ ਪ੍ਰਦੇਸ਼ਾ ਜਾਂ ਪ੍ਰਾਂਤਾਂ ਦੇ ਆਧਾਰ ਉੱਤੇ ਘੜੇ ਹਨ ਜਿਹੜੇ ਜਿਹੜੇ ਪ੍ਰਦੇਸ਼ਕ ਨਾ ਉਸ ਵੇਲੇ ਪ੍ਰਚਲਤ ਸਨ। ਭਾਮਹ, ਵਾਮਨ, ਆਦਿ ਹੋਰਨਾਂ ਸਮਾਲੰਚਕਾਂ ਨੇਵੀ ਏਸੇ ਪ੍ਰਣਾਲੀ ਨੂੰ ਅਪਣਾਇਆ। ਭਰਤ ਆਇਕਾਂ ਨਹੀਂ ਮੰਨਿਆ ਗਿਆ ਅਤੇ ਏਸੇ ਲਈ ਸਮੇਂ ਸਮੇਂ ਕਾਵਿ ਆਲੋਚਕ ਸੰਦੇਹ ਪ੍ਰਗਟ ਕਰਕੇ ਰਹੇ ਪ੍ਰੰਤੂ ਫੇਰ ਵੀ ਇਹ ਰੀਸ ਜਾਰੀ ਰਹੀ। ਵਾਮਨ ਨੇ ਇਸ ਬਾਰੇ ਸੰ਼ਕਾਂ ਉਠਾ ਕੇ ਇਸ ਸਮੱਸਿਆ ਵਲ ਧਿਆਨ ਦਿੱਤਾ ਅਤੇ ਲਿਖਿਆ ਕਿ ਰੀਤੀਅ ਾਦੇ ਇਹ ਨਾਂ ਏਸ ਕਰਕੇ ਨਹੀਂ ਦਿੱਤੇ ਕਿ ਗੋੜ ਜਾਂ ਪਾਂਚਾਲੀ ਦੇਸ਼ ਵਿੱਚ ਲਿਖੀ ਗਈਹਰ ਕਵਿਤਾ ਗੌੜੀ ਜਾਂ ਪਾਂਚਾਲੀ ਰੀਤੀਆਂ ਦੇ ਗੁਣ ਤਰਤੀਬਵਾਰ ਆਪਣੇ ਆਪ ਹੀ ਧਾਰਨ ਕਰ ਲੈਂਦੀ ਹੈ, ਸਗੋਂ ਇਹ ਨਾਮਕਰਣ ਏ ਲਹੀ ਹੈ ਕਿ ਏਨ੍ਹਾਂ ਦੇਸ਼ਾਂ ਦੇ ਕਵੀਆ ਨੇ ਇਨ੍ਹਾਂ ਵਿਭਿੰਨ ਰੀਤੀਆ ਵਿੱਚ ਪ੍ਰਾਪਤ ਵਿਸੇ਼ਸਤਾਈਆ ਦਾ ਆਪੋ ਆਪਣੇ ਢੰਗ ਨਾਲ ਵਧੇਰੇ ਉਪਯੋਗ ਕੀਤਾ ਹੈ। ਕਿਉਂਕਿ ਰੀਤੀ ਦੇ ਤੱਤ ਕਵੀ ਦੀ ਅਤਿਰੰਗ, ਸਥਿਤੀ ਨਾਲ ਸਬੰਧਤ ਹਨ ਉਹ ਭੌਤਿਕ ਜਾਂ ਬਾਹਰਵਰਤੀ ਨਹੀਂ। ਏਸ ਲਈ ਵਾਮਨ ਨੇ ਇਸ ਸਮੱਸਿਆ ਦਾ ਇਹ ਹਲ ਕਿਉ ਪ੍ਰਸਭੁਤ ਕੀਤਾ ਹੈ। ਇਸ ਤੋਂ ਅੱਗੇ ਰਸਵਾਦੀ ਅਤੇ ਧੁਨੀਵਾਦੀ ਆਨੰਦਵਰਧਨ ਮੰਮਟ ਆਦਿ ਆਚਾਰਯਾਂ ਨੇ ਏ ਨਾਮਕਰਨ ਬਾਰੇ ਤੌਰ ਸਪੱਸਟ ਲਿਆਂਦੀ। ਉਨ੍ਹਾ ਨੇ ਪ੍ਰਾਦੇਸ਼ਕ ਆਧਾਰ ਨੂੰ ਸਮਾਪਤ ਕਰਕੇ ਵਿਸੈ਼, ਵਕਤਾ ਅਤੇ ਰਸ ਨੂੰ ਹਾੀ ਆਧਾਰ ਮੰਨਿਆ ਗੌੜੀਆ ਰੀਤੀ ਦਾ ਗੌੜ ਦੇਸ਼ ਨਾਲ ਕੋਈ ਸਬੰਧ ਨਾ ਰਿਹਾ ਸਗੋ ਉਹ ਰੀਤੀ ਹਿੰਦੂ ਆਦਿ ਰਸਾਂ ਦੇ ਯੁੱਧ ਦੇ ਵਰਣਨ ਲਈ ਮੰਨੀ ਗਈ, ਏਸ ਤਰ੍ਹਾ ਪਾਂਚਾਲੀ ਵੀ ਸ੍ਰਿੰਗ੍ਰਾਰ, ਕਰੁਣ ਰਸਾਂ ਦੇ ਲਈ ਉਚਿਤ ਰਹਿਰਾਈ ਗਈ, ਉਸ ਦਾ ਪਾਂਚਾਲ ਦੇਸ਼ ਨਾਲ ਕੋਈ ਖਾਸ ਤਅਲੁਕ ਨਹੀਂ ਰਿਹਾ। ਇਸ ਨਾਮਕਰਣ ਦੇ ਪ੍ਰਸੰਗ ਵਿੱਚ ਵਕੇੁਕਤਿ ਜੀਵਤ ਦੇ ਲੇਖਕ ਕੁੰਤਕ ਦਾ ਉਲੇਖ ਹਮਾਵਸ਼ਕ ਹੈ। ਡਾ: ਰਾਮਪਾਲ ਸਿੰਹ ਨੇ ਸਮੀਕਸ਼ਾ ਦਰਸ਼ਨ ਵਿੱਚ ਠੀਕ ਕਿਹਾ ਹੈ ਕਿ ਦੇਸ਼ ਜਾਂ ਪ੍ਰਾਂਤ ਭੇਦ ਦੇ ਆਧਾਰ ਉਤੇ ਰੀਤੀਆ ਦੇ ਵਰਗੀਕਰਣ ਦੇ ਸਿਧਾਤ ਦਾ ਨਿਆਇ—ਪੂਰਨ ਅਤੇ ਵਿਗਿਆਨਿਕ ਖੰਡਨ ਵੀ ਰੀਤੀ ਖੇਤਰ ਵਿੱਚ ਕੁੰਤਕ ਦੀ ਮੌਲਕ ਦੇਣ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੀਤੀ ਤਾਂ ਕਵੀ ਦੀ ਸਖਸੀਅਤ ਜਾਂ ਸੁਭਾ ਦੇ ਪ੍ਰਗਟ ਦਾ ਇੱਕ ਸਾਧਨ ਮਾਤ੍ਰ ਹੈ, ਦੇਸ਼ ਜਾਂ ਪ੍ਰਾਂਤ ਨਾਲ ਹਿਸ ਦਾ ਕੋਈ ਸਬੰਧ ਨਹੀਂ। ਜੇਕਰ ਪ੍ਰਾਂਤ ਨਾਲ ਹੀ ਕਿਸੇ ਰੀਤੀ ਦਾ ਸਬੰਧ ਰਹਿੰਦਾ ਤਾਂ ਕਿਸੇ ਖਾਸ ਪ੍ਰਾਂਤ ਵਿੱਚ ਜਨਮ ਲੈਣ ਤੋਂ ਕੋਈ ਕਵੀ ਕਿਸੇ ਖਾਸ ਰੀਤੀ ਦੇ ਪਾਲਨ ਵਿੱਚ ਸਮਰਣ ਹੋ ਜਾਂਦਾ ਤਾਂ ਫੇਰ ਉਸ ਲਈ ਪ੍ਰਤਿਭਾ, ਕਾਵਿ ਅਭਿਆਸ ਦੀ ਲੋੜ ਹੀ ਨਾ ਪੈਂਦੀ ਗੌੜ ਦੇਸ ਦੇ ਸਾਰੇ ਨਿਵਾਸੀ ਗੌੜੀ ਦੀ ਵਰਤੋਂ ਵਿੱਚ ਸਫਲ ਨਹੀਂ ਹੋਏ। ਮਤਲਬ ਇਹ ਹੈ ਕਿ ਰੀਤੀਆ ਦਾ ਸਬੰਧ ਕਿਸੇ ਖਾਸ ਪ੍ਰਾਂਤ ਨਾਲ ਜੋੜਨਾ ਕੁਚੱਜਤਾ ਹੈ। ਕੁੰਕਤ ਨੇ ਏਸ ਪ੍ਰਾਦੇਸ਼ਕ ਨਾਮਕਰਣ ਦੀ ਅਵਿਗਿਆਨਿਕਤਾ ਨੂੰ ਮੁੱਖ ਰਖ ਕੇ ਹੀ ਸੁਕੁਮਾਰ, ਵੋਚਿਤ੍ਰਯ ਤਥਾ ਮਧਯਮ ਨਾ ਰਖੇ ਸਨ। ਇਸ ਵਿਵੇਚਨਾ ਤੋਂ ਅਸੀਂ ਕਹਿ ਸਕਦੇ ਹਾਂ ਕਿ ਆਚਰਯਾ ਨੇ ਵੈਦਰਭੀ, ਗੌੜੀ ਆਦਿਕ ਰੀਤੀਆ ਦੇ ਨਾ ਜਿਹੜੇ ਪਹਿਲਾਂ ਦੇਸ਼ਾ ਨੂੰ ਮੁੱਖ ਰਖ ਕੇ ਇਲਾਕਾਹੀ ਵਿਸ਼ੇਸਤਾਵਾ ਦਰਸਾਉਦੇ ਸਨ, ਬਾਦ ਵਿੱਚ ਕੇਵਲ ਪਰੰਪਰਾ ਉਤੇ ਆਧਾਰਤ ਚਲੇ ਆਉਦੇ ਰਹੇ ਹਾਲਾਕਿ ਇਨ੍ਹਾਂ ਨਾਵਾਂ ਵਿੱਚ ਇਲਕਾਈ ਵਿਸ਼ੇਸ਼ਤਾ ਪੈਦਾ ਕਰਨ ਦਾ ਕੋਈ ਵਿਚਾਰ ਨਹੀਂ ਸੀ। ਸੋ ਇਹ ਨਾਵਾ ਵਿੱਚ ਇਲਕਾਈ ਵਿਸੇ਼ਸਤਾ ਪੈਦਾ ਕਰਨ ਦਾ ਕੋਈ ਵਿਚਾਰ ਨਹੀਂ ਸੀ। ਸੋ ਇਹ ਨਾਂ ਸੰਜੋਗ ਦਾ ਹੀ ਚਮਤਕਾਰ ਸਨ।
ਰੀਤੀ ਬਾਰੇ ਕੁਝ ਨਿਰਣੇ
[ਸੋਧੋ]ਡਾ. ਰਾਮਲਾਲ ਸਿੰਹ ਨੇ ਏਸ ਸਾਰੀ ਚਰਚਾ ਚੋ ਹੇਠ ਲਿਖੇ ਸਿੱਟੇ ਕੱਢੇ ਹਨ:
- ਦੰਡੀ ਅਤੇ ਵਾਮਨ ਨੇ ਖਾਸ ਕਿਸਮ ਦੀ ਸ਼ਬਦ ਰਚਨਾ ਦੇ ਹੀ ਰੂਪ ਵਿੱਚ ਰੀਤੀ ਦਾ ਵਰਨਣ ਕੀਤਾ ਹੈ, ਜਿਸ ਵਿੱਚ ਖਾਸ ਕਿਸਮ ਦੇ ਵਰਣਾ (ਅੱਖਰ) ਅਨੁਪ੍ਰਾਸ ਅਤੇ ਸਮਾਸਾਂ ਦੀ ਵਰਤੋ ਹੁੰਦੀ ਹੈ। ਅਪ੍ਰੱਤਖ ਤੌਰ 'ਤੇ ਵਿਸੇ ਨਾਲ ਵੀ ਇਸਦਾ ਸਬੰਧ ਜੋੜਿਆ ਗਿਆ ਹੈ। ਸਾਰੇ ਆਚਾਰੀਆਂ ਨੇ ਰੀਤੀ ਨੂੰ ਗੁਣਾਂ ਉਤੇ ਆਧਾਰਿਤ ਮੰਨਿਆ ਹੈ।
- ਸੁੰਦਰ ਕਾਵਿ ਦੀ ਕਸੌਟੀ ਰੀਤੀ ਮੰਨੀ ਗਈ ਹੈ, ਉਹ ਵੀ ਵੈਦਰਭੀ ਰੀਤੀ।ਸਭ ਤੋਂ ਵੱਧ ਵਾਮਨ ਨੇ ਗੁਣਾ ਦੇ ਦੋ ਭੇਦ ਕੀਤੇ- ਸ਼ਬਦਗੁਣ ਅਤੇ ਅਰਥਗੁਣ। ਏਸੇ ਵਿੱਚ ਅਲੰਕਾਰ, ਵਿਸ਼ੇ ਵਸਤੂ, ਲੱਖਣਾ, ਵਕੋ੍ਰਕਤੀ ਆਦਿਕ, ਅੰਗ ਸ਼ਾਮਲ ਹੋ ਜਾਂਦੇ ਹਨ। ਇਉਂ ਰੀਤੀ ਅਤੇ ਗੁਣਾ ਦਾ ਪਰਸਪਰ ਸਬੰਧ ਸਥਾਪਿਤ ਕੀਤਾ ਗਿਆ ਹੈ।
- ਕਾਵਿ ਨੂੰ ਆਮ ਬੋਲੀ ਤੋ ਵੱਖਰਾ ਕਰਨ ਵਾਲਾ ਤੱਤ ਰੀਤੀ ਤੱਤ ਸਵੀਕਾਰਿਆ ਗਿਆ ਅਤੇ ਇਹ ਤੱਤ ਕਾਵਿ ਦੀ ਆਤਮਾ ਦੇ ਰੂਪ ਵਿੱਚ ਵੇਖਿਆ ਗਿਆ।
- ਭਾਵੇ ਰੀਤੀ ਸੰਪ੍ਰਦਾਇ ਵਿੱਚ ਵੱਧ ਤੋਂ ਵੱਧ ਤਿੰਨ ਹੀ ਰੀਤੀਆ ਪ੍ਰਚਲਿਤ ਹੋਈਆ ਪਰ ਬਾਦ ਵਿੱਚ ਇਨ੍ਹਾਂ ਦੀ ਗਿਣਤੀ ਵਧਦੀ ਗਈ।
- ਰੀਤੀਆ ਦਾ ਵਰਗੀਕਰਣ ਸੰਤਵਾਦੀਆਂ ਨੇ ਪ੍ਰਾਤਾਂ ਜਾਂ ਗੁਣਾ ਦੇ ਆਧਾਰ 'ਤੇ ਕੀਤਾ ਪ੍ਰੰਤੂ ਕੁੰਤਕ ਨੇ ਅੱਗੇ ਜਾਂ ਕੇ ਕਵੀ ਸੁਭਾ ਦੇ ਅਨੁਕੂਲ ਇਹ ਵੰਡ ਪਾਈ।
- ਆਮ ਆਚਾਰਯ ਇਹ ਮੰਨਦੇ ਸਨ ਕਿ ਵੈਦਰਭੀ ਉੱਤਮ, ਗੌੜੀ ਮੱਧਮ ਤਥਾ ਪਾਂਚਾਲੀ ਅੱਧਮ ਰੀਤੀ ਹੈ।
ਹਵਾਲੇ
[ਸੋਧੋ]- 1 2 ਜੱਗੀ, ਡਾ.ਗੁਰਸ਼ਰਨ ਕੌਰ (1981). ਭਾਰਤੀ ਕਾਵਿ ਸ਼ਾਸਤਰ (ਸਰੂਪ ਅਤੇ ਸਿਧਾਂਤ). ਦਿੱਲੀ: ਆਰਸੀ ਪਬਲਿਸ਼ਰਜ਼,ਚਾਂਦਨੀ ਚੌਂਕ,ਦਿੱਲੀ.
- 1 2 ਧਾਲੀਵਾਲ, ਡਾ.ਪਰੇਮ ਪਰਕਾਸ਼ ਸਿੰਘ (2012). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਮਦਾਨ ਪਬਲੀਕੇਸ਼ਨਜ਼, ਪਟਿਆਲਾ.
- ↑ ਧਾਲੀਵਾਲ, ਪ੍ਰੇਮ ਪ੍ਰਕਾਸ਼ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: mdaan publishing e. p. 247. ISBN 978-81-302-0462-8.
- ↑ ਕੌਰ, ਅਮਨਜੋਤ (2021). "ਰੀਤੀ ਦੇ ਮੂਲ ਅਧਾਰ": 1 – via ਵਿਦਿਆਰਥੀ ਪੰਜਾਬੀ ਵਿਭਾਗ.
{{cite journal}}: Cite journal requires|journal=(help) - ↑ ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ - ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ.
- 1 2 ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ - ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ.
- ↑ ਜੱਗੀ, ਡਾ.ਗੁਰਸ਼ਰਨ ਕੌਰ (1981). ਭਾਰਤੀ ਕਾਵਿ ਸ਼ਾਸਤਰ (ਸਰੂਪ ਅਤੇ ਸਿਧਾਂਤ). ਦਿੱਲੀ: ਆਰਸੀ ਪਬਲਿਸ਼ਰਜ਼,ਚਾਂਦਨੀ ਚੌਂਕ,ਦਿੱਲੀ.
- ↑ ਭਾਰਤੀ ਕਾਵਿ-ਸ਼ਾਸਤਰ , ਪ੍ਰੋ. ਸ਼ੁਕਦੇਵ ਸ਼ਰਮਾ (ਨਾਟਯਸ਼ਾਸਤ੍ਰ. ਭਰਤ.)
- ↑ ਭਾਰਤੀ ਕਾਵਿ- ਸ਼ਾਸਤਰ 2017 (ਪ੍ਰੋ. ਸ਼ੁਕਦੇਵ ਸ਼ਰਮਾ)
- ↑ ਕਾਵਿਆਲੰਕਾਰ , ਭਾਮਹ . 1,35
- ↑ ਭਾਰਤੀ ਕਾਵਿ ਸ਼ਾਸਤਰ , ਸ਼ੁਕਦੇਵ , ਪਬਲੀਕੇਸ਼ਨ ਬਿਊਰੋ , ਪੰਜਾਬੀ ਯੁਨੀਵਰਸਿਟੀ ਪਟਿਆਲਾ
- ↑ ਭਾਰਤੀ ਕਾਵਿ ਸ਼ਾਸਤਰ , ਪ੍ਰੋ ਸ਼ੁਕਦੇਵ ਸ਼ਰਮਾ , ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ , ਪਟਿਆਲਾ
- ↑ ਭਾਰਤੀ ਕਾਵਿ ਸ਼ਾਸਤਰ , ਪ੍ਰੋ ਸ਼ੁਕਦੇਵ ਸ਼ਰਮਾ , ਪਬਲੀਕੇਸ਼ਨ ਬਿਊਰੋ , ਪਟਿਆਲਾ , ਸਫ਼ਾ ਨੰ 211
- ↑ ਭਾਰਤੀ ਕਾਵਿ ਸ਼ਾਸਤਰ , ਪ੍ਰੋ ਸ਼ੁਕਦੇਵ ਸ਼ਰਮਾ , ਪਬਲੀਕੇਸ਼ਨ ਬਿਊਰੋ , ਪਟਿਆਲਾ , ਸਫ਼ਾ ਨੰ210