ਘਰੇਲੂ ਚਿੜੀ
ਘਰੇਲੂ ਚਿੜੀ | |
---|---|
ਨਰ ਚਿੜੀ (ਚਿੜਾ) | |
Scientific classification | |
Kingdom: | Animalia (ਐਨੀਮੇਲੀਆ)
|
Phylum: | Chordata (ਕੋਰਡਾਟਾ)
|
Class: | |
Order: | |
Family: | Passeridae (ਪਾਸਰਇਡੀ)
|
Genus: | Passer (ਪਾਸਰ)
|
Species: | domesticus (ਡੋਮੈਸਟੀਕਸ)
|
Binomial name | |
(ਲਿਨਾਈਅਸ, 1758) |
ਘਰੇਲੂ ਚਿੜੀ (ਪਾਸਰ ਡੋਮੈਸਟੀਕਸ) ਇੱਕ ਨਿੱਕਾ ਪੰਛੀ ਹੈ ਜੋ ਯੂਰਪ ਅਤੇ ਏਸ਼ੀਆ ਵਿੱਚ ਆਮ ਮਿਲਦਾ ਹੈ। ਇਸ ਦੇ ਇਲਾਵਾ ਪੂਰੇ ਸੰਸਾਰ ਵਿੱਚ ਜਿੱਥੇ ਜਿੱਥੇ ਮਨੁੱਖ ਗਿਆ ਇਸਨੇ ਉਸ ਦਾ ਪਿੱਛਾ ਕੀਤਾ ਅਤੇ ਅਮਰੀਕਾ ਦੇ ਜਿਆਦਾਤਰ ਸਥਾਨਾਂ, ਅਫਰੀਕਾ ਦੇ ਕੁੱਝ ਸਥਾਨਾਂ, ਨਿਊਜ਼ੀਲੈਂਡ ਅਤੇ ਆਸਟਰੇਲੀਆ ਅਤੇ ਹੋਰ ਨਗਰ ਬਸਤੀਆਂ ਵਿੱਚ ਆਪਣਾ ਘਰ ਬਣਾਇਆ। ਸ਼ਹਿਰੀ ਇਲਾਕਿਆਂ ਵਿੱਚ ਚਿੜੀਆਂ ਦੀਆਂ ਛੇ ਪ੍ਰਜਾਤੀਆਂ ਮਿਲਦੀਆਂ ਹਨ। ਇਹ ਹਨ ਹਾਊਸ ਸਪੈਰੋ, ਸਪੇਨੀ ਸਪੈਰੋ, ਸਿੰਡ ਸਪੈਰੋ, ਰਸੇਟ ਸਪੈਰੋ, ਡੈੱਡ ਸੀ ਸਪੈਰੋ ਅਤੇ ਟਰੀ ਸਪੈਰੋ। ਇਹਨਾਂ ਵਿੱਚ ਹਾਉਸ ਸਪੈਰੋ ਨੂੰ ਘਰੇਲੂ ਚਿੜੀ ਕਿਹਾ ਜਾਂਦਾ ਹੈ। ਇਹ ਸ਼ਹਿਰਾਂ ਵਿੱਚ ਜ਼ਿਆਦਾ ਮਿਲਦੀਆਂ ਹਨ। ਅੱਜ ਇਹ ਸੰਸਾਰ ਵਿੱਚ ਸਭ ਤੋਂ ਜਿਆਦਾ ਮਿਲਣ ਵਾਲੇ ਪੰਛੀਆਂ ਵਿੱਚੋਂ ਹੈ। ਲੋਕ ਜਿੱਥੇ ਵੀ ਘਰ ਬਣਾਉਂਦੇ ਹਨ ਦੇਰ ਸਵੇਰ ਚਿੜੀਆਂ ਦੇ ਜੋੜੇ ਉੱਥੇ ਰਹਿਣ ਪਹੁੰਚ ਹੀ ਜਾਂਦੇ ਹਨ।
ਹੁਲੀਆ
[ਸੋਧੋ]ਘਰੇਲੂ ਚਿੜੀ ਇੱਕ ਛੋਟੀ ਚਿੜੀ ਹੈ।[1] ਇਹ ਹਲਕੇ ਭੂਰੇ ਰੰਗ ਜਾਂ ਘਸਮੈਲੇ ਸਫ਼ੈਦ ਰੰਗ ਦੀ ਹੁੰਦੀ ਹੈ। ਇਸ ਦੇ ਸਰੀਰ ਉੱਤੇ ਛੋਟੇ ਛੋਟੇ ਖੰਭ ਅਤੇ ਪੀਲੀ ਚੁੰਜ ਅਤੇ ਪੈਰਾਂ ਦਾ ਰੰਗ ਪੀਲਾ ਹੁੰਦਾ ਹੈ। ਨਰ ਚਿੜੀ ਦੀ ਪਛਾਣ ਉਸ ਦੇ ਗਲੇ ਦੇ ਕੋਲ ਕਾਲੇ ਧੱਬਿਆਂ ਤੋਂ ਹੁੰਦੀ ਹੈ। ਆਮ ਤੌਰ 'ਤੇ ਇਹ 16 ਸਮ (6.3 ਇੰਚ), 14–18 ਸਮ (5.5–7.1ਇੰਚ) ਦੀ ਰੇਂਜ ਵਿੱਚ ਲੰਮੀ ਹੁੰਦੀ ਹੈ।[2] ਇਹਦਾ ਗੋਲ ਮਟੋਲ ਜਿਹਾ ਵੱਡਾ ਸਿਰ ਅਤੇ 1.1 ਤੋਂ 1.5 ਸਮ (0.43 to 0.59 ਇੰਚ) ਲੰਮੀ ਗਠੀਲੀ ਚੁੰਜ ਹੁੰਦੀ ਹੈ। 5.2 ਤੋਂ 6.5 ਸਮ (2.0 ਤੋਂ 2.6 ਇੰਚ) ਲੰਮੀ ਛੋਟੀ ਜਿਹੀ ਪੂਛ ਹੁੰਦੀ ਹੈ। ਪੰਖ ਚਾਪ 6.7 ਤੋਂ 8.9 ਸਮ (2.6 to 3.5 ਇੰਚ), ਅਤੇ ਪੰਜਾ 1.6 ਤੋਂ 2.5 ਸਮ (0.63 ਤੋਂ 0.98 ਇੰਚ)। ਭਾਰ ਪੱਖੋਂ ਇਹਦੀ ਰੇਂਜ 24–39.5 ਗ੍ਰਾਮ (0.85–1.39 oz)।[1][3] ਨਰ ਤੇ ਮਦੀਨ ਦੇ ਭਾਰ ਵਿੱਚ ਫ਼ਰਕ ਹੁੰਦਾ ਹੈ। ਯੂਰਪ ਦੇ ਖੇਤਰਾਂ ਵਿੱਚ ਔਸਤ ਭਾਰ ਲਗਪਗ 30 ਗ੍ਰਾਮ (1.1 oz), ਅਤੇ ਦੂਰ ਦੱਖਣੀ ਉੱਪ ਪ੍ਰਜਾਤੀਆਂ ਵਿੱਚ 26 ਗ੍ਰਾਮ (0.92 oz)। ਮਾਦਾ ਚਿੜੀ 5-7 ਅੰਡੇ ਦਿੰਦੀ ਹੈ ਅਤੇ 14-17 ਦਿਨਾਂ ਬਾਅਦ ਬੋਟ ਨਿਕਲ ਆਉਂਦੇ ਹਨ ਜੋ ਨਿੱਕੇ ਨਿੱਕੇ ਹੁੰਦੇ ਹਨ। ਸਰਦੀਆਂ ਵਿੱਚ ਨਰ ਵਡੇਰੇ ਹੁੰਦੇ ਹਨ ਅਤੇ ਅੰਡੇ ਦੇਣ ਦੀ ਰੁੱਤ ਵਿੱਚ ਮਦੀਨ ਵੱਡੀਆਂ ਹੁੰਦੀਆਂ ਹਨ।[4] ਉੱਪ ਪ੍ਰਜਾਤੀਆਂ ਵਿੱਚ ਦੇਸ਼ਾਂਤਰ, ਉੱਚਾਈ, ਜਲਵਾਯੂ, ਅਤੇ ਹੋਰ ਵਾਤਾਵਰਨ ਦੇ ਅੰਤਰਾਂ ਅਨੁਸਾਰ, ਬਰਗਮੈਨ ਨਿਯਮ ਵਰਗੇ ਜੀਵ-ਵਿਗਿਆਨਕ ਸਿਧਾਤਾਂ ਤਹਿਤ ਹੋਰ ਵੀ ਵਖਰੇਵੇਂ ਵੀ ਮਿਲਦੇ ਹਨ।.[4][5] ਘਰੇਲੂ ਚਿੜੀ ਮਨੁੱਖੀ ਘਰਾਂ ਦੇ ਆਸਪਾਸ ਰਹਿਣਾ ਪਸੰਦ ਕਰਦੀ ਹੈ। ਇਹ ਲਗਪਗ ਹਰ ਤਰ੍ਹਾਂ ਦੀ ਜਲਵਾਯੂ ਪਸੰਦ ਕਰਦੀ ਹੈ ਪਰ ਪਹਾੜੀ ਸਥਾਨਾਂ ਵਿੱਚ ਇਹ ਘੱਟ ਵਿਖਾਈ ਦਿੰਦੀ ਹੈ। ਸ਼ਹਿਰਾਂ, ਕਸਬਿਆਂ ਪਿੰਡਾਂ ਅਤੇ ਖੇਤਾਂ ਦੇ ਆਸਪਾਸ ਇਹ ਬਹੁਤਾਤ ਵਿੱਚ ਮਿਲਦੀ ਹੈ। ਬਹੁਤ ਲੋਕ ਨਰ ਨੂੰ ਚਿੜਾ ਅਤੇ ਮਾਦਾ ਨੂੰ ਚਿੜੀ ਕਹਿੰਦੇ ਹਨ।
ਆਵਾਜ਼ਾਂ
[ਸੋਧੋ]ਘਰੇਲੂ ਚਿੜੀ ਦੀਆਂ ਜਿਆਦਾਤਰ ਆਵਾਜ਼ਾਂ ਇਸ ਦੀ ਨਿਰੰਤਰ ਹਲਕੀ ਚੀਂ-ਚੀਂ ਦੇ ਅੱਡ ਅੱਡ ਰੂਪ ਹੁੰਦੇ ਹਨ। ਇਹ ਚਹਿਕ ਉਡਦੇ ਜਾਂ ਆਰਾਮ ਕਰਦੇ ਪੰਛੀਆਂ ਦੀਆਂ ਸੰਪਰਕ ਆਵਾਜ਼ਾਂ ਹੁੰਦੀਆਂ ਹਨ ਜਾਂ ਫਿਰ ਨਰ ਪੰਛੀ ਆਲ੍ਹਣੇ ਉੱਤੇ ਆਪਣੀ ਮਾਲਕੀ ਜਤਲਾਉਂਦੇ ਹਨ ਅਤੇ ਮਿਲਣ ਲਈ ਚਿੜੀ ਨੂੰ ਬੁਲਾਉਂਦੇ ਹਨ। ਪ੍ਰਜਨਣ ਦੀ ਰੁੱਤ ਵਿੱਚ ਚਿੜਾ ਵਾਰ ਵਾਰ ਵਧ ਰਹੇ ਜੋਰ ਅਤੇ ਰਫਤਾਰ ਨਾਲ ਇਹ ਆਵਾਜ਼ਾਂ ਦੁਹਰਾਉਂਦਾ ਹੈ ਪਰ ਲੈਅ ਬਹੁਤੀ ਨਹੀਂ ਹੁੰਦੀ। ਇਸ ਤਰ੍ਹਾਂ ਇੱਕ ਗੀਤ ਜਿਹਾ ਗਾਉਂਦਾ ਹੈ ਜਾਂ ਗੀਤਮਈ " ਅਨੰਦਦਾਇਕ ਸੱਦੇ" ਦੀ ਸਿਰਜਣਾ ਕਰਦਾ ਹੈ। ਪੁੰਗਰਦੇ ਬੋਟ ਵੀ ਮਿਠੇ ਗੀਤ ਗਾਉਂਦੇ ਹਨ ਖਾਸ ਕਰ ਜਦੋਂ ਉਹ ਅਜੇ ਉਹ ਉਡਣ ਤੋਂ ਆਤੁਰ ਹੁੰਦੇ ਹਨ। ਕਈ ਵਾਰ ਆਲ੍ਹਣੇ ਵਿੱਚੋਂ ਡਿੱਗ ਪੈਣ ਤੇ ਜੋਰ ਜੋਰ ਨਾਲ ਬੜੀ ਕਰੁਣਾਮਈ ਆਵਾਜ਼ ਵਿੱਚ ਚਿਚਲਾਉਂਦੇ ਹਨ।
ਪੰਜਾਬੀ ਸੱਭਿਆਚਾਰ ਵਿੱਚ
[ਸੋਧੋ]ਪੰਜਾਬੀ ਲੋਕ ਗੀਤਾਂ ਵਿੱਚ ਵੀ ਚਿੜੀ ਦਾ ਖੂਬ ਜ਼ਿਕਰ ਆਉਂਦਾ ਹੈ। ਚਿੜੀ ਦੀ ਤੁਲਨਾ ਕੁੜੀ ਨਾਲ ਕੀਤੀ ਗਈ ਹੈ।[6]
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸਾਂ ਉੱਡ ਜਾਣਾ
ਜਨੌਰ ਕਹਾਣੀਆਂ ਵਿੱਚ ਚਿੜੀ ਤੇ ਕਾਂ ਨਾਲ ਸਬੰਧਤ ਕਈ ਕਥਾਵਾਂ ਮਿਲਦੀਆਂ ਹਨ ਜਿਹਨਾਂ ਵਿੱਚ ਚਿੜੀ ਦੀ ਮਾਸੂਮੀਅਤ ਅਤੇ ਮਿਹਨਤੀ ਸੁਭਾ ਦਾ ਵਰਣਨ ਹੁੰਦਾ ਹੈ। ਚਿੜੀ ਨੂੰ ਦਾਣਾ ਲਭਣਾ ਅਤੇ ਕਾਂ ਨਾਲ ਸਾਂਝ ਕਰ ਕੇ ਕਣਕ ਬੀਜਣ ਵਾਲੀ ਕਹਾਣੀ ਸ਼ਾਇਦ ਸਭ ਤੋਂ ਵਧ ਮਕਬੂਲ ਪੰਜਾਬੀ ਲੋਕ ਕਹਾਣੀ ਹੈ।
ਚਿੜੀਆਂ ਦੀ ਚਹਿਕ ਦਾ ਪੰਜਾਬ ਦੀ ਸਵੇਰ ਨਾਲ ਅਨਿੱਖੜ ਸੰਬੰਧ ਵਾਰਸ ਦੀ ਹੀਰ ਵਿੱਚ ਦਰਜ ਹਾ।
ਚਿੜੀ ਚੂਕਦੀ ਨਾਲ ਜਾਂ ਟੁਰੇ ਪਾਂਧੀ
ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ[7]
ਇੱਕ ਲੋਕ ਬੋਲੀ
[ਸੋਧੋ]ਚਿੜੇ ਚਿੜੀ ਦੀ ਲੱਗੀ ਦੋਸਤੀ, ਲੱਗੀ ਕਿੱਕਰ ਦੀ ਟੀਸੀ..
ਬਈ ਚਿੜਾ ਤਾਂ ਰਹਿੰਦਾ ਚੀ-ਚੀ ਕਰਦਾ,
ਚਿੜੀ ਬੈਠੀ ਚੁੱਪ ਕੀਤੀ…
ਮਰ ਜੋ ਵੇ ਛੜਿਉ, ਕਿਉਂ ਦੁਨੀਆ ਢੀਠ ਕੀਤੀ
ਪੰਜਾਬੀ ਕਵਿਤਾ ਵਿੱਚ
[ਸੋਧੋ]ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਬੰਨਿਆਂ ਤੋਂ ਘਾਹ ਖੋਤੇਗਾ,
ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ
ਤੇ ਮੈਲੀਆਂ ਚੁੰਨੀਆਂ ਭਿਉਂ ਕੇ
ਲੋਆਂ ਨਾਲ ਲੂਸੇ ਚਿਹਰਿਆਂ ਤੇ ਫੇਰੇਗਾ..(ਪਾਸ਼)[8]
ਵਿਕੇ ਹੋਏ ਮਕਾਨ ਨੂੰ ਵਿਦਾ ਆਖਦਿਆਂ
ਯਾਦ ਆਈ ਉਹ ਚਿੜੀ
ਜਿਹਦੇ ਬਾਰੇ ਰੋਜ਼ ਰਾਤ ਨੂੰ
ਸੁਣਾਉਂਦਾ ਸਾਂ ਸੁਖਨ ਆਪਣੇ ਨੂੰ
ਕਿੰਨੀਆਂ ਕਹਾਣੀਆਂ (ਗੁਰਪ੍ਰੀਤ)[9]
ਹਵਾਲੇ
[ਸੋਧੋ]- ↑ 1.0 1.1 "House Sparrow". All About Birds. Cornell Lab of Ornithology. Archived from the original on 8 ਦਸੰਬਰ 2010. Retrieved 20 ਮਾਰਚ 2013.
{{cite web}}
: Unknown parameter|dead-url=
ignored (|url-status=
suggested) (help) - ↑ Summers-Smith 1988, pp. 116–117
- ↑ Clement, Harris & Davis 1993, p. 443
- ↑ 4.0 4.1 Summers-Smith 1988, pp. 118–121
- ↑ Felemban, Hassan M. (1997). "Morphological differences among populations of House Sparrows from different altitudes in Saudi Arabia" (PDF). The Wilson Bulletin. 109 (3): 539–544.
- ↑ ਵਿਸ਼ਵ ਚਿੜੀ ਦਿਵਸ
- ↑ "ਹੀਰ ਵਾਰਸ ਸ਼ਾਹ: ਬੰਦ 43". Archived from the original on 2013-08-09. Retrieved 2013-03-21.
{{cite web}}
: Unknown parameter|dead-url=
ignored (|url-status=
suggested) (help) - ↑ "ਪਾਸ਼ ਦੀ ਕਵਿਤਾ- ਚਿੜੀਆਂ ਦਾ ਚੰਬਾ". Archived from the original on 2013-07-21. Retrieved 2013-03-21.
- ↑ ਵਿਕਿਆ ਹੋਇਆ ਮਕਾਨ ਤੇ ਉਹ ਚਿੜੀ, ਕਾਵਿ-ਸੰਗ੍ਰਹਿ: ਸਿਆਹੀ ਘੁਲ਼ੀ ਹੈ, ਲੇਖਕ:ਗੁਰਪ੍ਰੀਤ, ਪੰਨਾ-58