ਘੜੇਸਣੀ
ਲੱਕੜ ਦੀ ਉਸ ਚਗਾਠ ਨੂੰ ਜਿਸ ਦੇ ਇਕ ਪਾਸੇ ਖੜੇ ਰੁੱਖ ਲੰਮੀ ਲੱਕੜ ਲੱਗੀ ਹੁੰਦੀ ਹੈ, ਜਿਸ ਉਪਰ ਦੁੱਧ/ਦਹੀਂ ਵਾਲੀ ਚਾਟੀ ਨੂੰ ਰੱਖ ਕੇ ਦੁੱਧ ਰਿੜਕਿਆ ਜਾਂਦਾ ਹੈ, ਘੜੇਸਣੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਘੜੇਥਨੀ ਕਹਿੰਦੇ ਹਨ। ਕਈਆਂ ਵਿਚ ਨੇਹੀ। ਘੜੇਸਣੀ ਬਣਾਉਣ ਲਈ 12 ਕੁ ਫੁੱਟ ਲੰਮੇ 22 ਕੁ ਇੰਚ ਚਪਟੇ ਦੋ ਲੱਕੜ ਦੇ ਟੋਟੇ ਲਏ ਜਾਂਦੇ ਹਨ। ਦੋ ਟੋਟੇ 14 ਕੁ ਫੁੱਟ ਲੰਮੇ ਲਏ ਜਾਂਦੇ ਹਨ। ਜਿਨ੍ਹਾਂ ਵਿਚ ਚੂਲਾਂ ਪਾਈਆਂ ਜਾਂਦੀਆਂ ਹਨ। 12 ਕੁ ਫੁੱਟ ਵਾਲੇ ਟੋਟਿਆਂ ਦੇ ਕਿਨਾਰਿਆਂ ਦੇ ਨੇੜੇ ਸੈੱਲ ਪਾਏ ਜਾਂਦੇ ਹਨ। ਫੇਰ ਇਨ੍ਹਾਂ ਚਾਰੇ ਟੋਟਿਆਂ ਨੂੰ ਆਪਸ ਵਿਚ ਜੋੜ ਕੇ ਚੁਗਾਠ ਬਣਾਈ ਜਾਂਦੀ ਹੈ।
12 ਕੁ ਫੁੱਟ ਵਾਲੇ ਇਕ ਪਾਸੇ ਦੇ ਟੋਟੇ ਦੇ ਵਿਚਾਲੇ ਸੈੱਲ ਪਾਇਆ ਜਾਂਦਾ ਹੈ। ਇਕ 8 ਕੁ ਇੰਚ ਦਾ ਚਪਟਾ ਟੋਟਾ ਹੋਰ ਲਿਆ ਜਾਂਦਾ ਹੈ। ਇਸ ਟੋਟੇ ਦੇ ਇਕ ਕਿਨਾਰੇ 'ਤੇ ਚੂਲ ਪਾਈ ਜਾਂਦੀ ਹੈ। ਇਕ ਕਿਨਾਰੇ ਦੇ ਨੇੜੇ ਸੱਲ ਪਾਇਆ ਜਾਂਦਾ ਹੈ। ਫੇਰ ਇਸ ਟੋਟੇ ਦੀ ਚੂਲ ਨੂੰ ਚੁਗਾਠ ਵਿਚ ਬਣੀ ਸੱਲ ਵਿਚ ਠੋਕ ਦਿੱਤਾ ਜਾਂਦਾ ਹੈ। ਫੇਰ ਇਕ 22/3 ਕੁ ਫੁੱਟ ਲੰਮਾ ਗੁਲਾਈਦਾਰ ਡੰਡਾ ਲਿਆ ਜਾਂਦਾ ਹੈ। ਇਸ ਗੁਲਾਈਦਾਰ ਡੰਡੇ ਦੇ ਇਕ ਸਿਰੇ ਵਿਚ ਚੂਲ ਪਾਈ ਜਾਂਦੀ ਹੈ।ਚੂਲ ਵਾਲੇ ਹਿੱਸੇ ਨੂੰ ਚੁਗਾਠ ਵਿਚ ਲੱਗੇ ਟੋਟੇ ਦੇ ਸੈੱਲ ਵਿਚ ਠੋਕ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਘੜੇਸਣੀ ਬਣਦੀ ਹੈ। ਏਸ ਘੜੇਸਣੀ ਉਪਰ ਦੁੱਧ ਜਮਾਉਣ ਤੇ ਰਿੜਕਣ ਲਈ ਚਾਟੀ ਰੱਖੀ ਜਾਂਦੀ ਹੈ। ਕਿਉਂ ਜੋ ਹੁਣ ਜ਼ਿਆਦਾ ਪਰਿਵਾਰ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ ਨਾਲ ਦੁੱਧ ਰਿੜਕਦੇ ਹਨ, ਇਸ ਲਈ ਘੜੇਸਣੀ ਦੀ ਥਾਂ ਹੁਣ ਬਹੁਤੇ ਪਰਿਵਾਰ ਲੱਕੜ ਦੀ ਚੌਖਟ ਦੀ ਹੀ ਵਰਤੋਂ ਕਰਦੇ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.