ਚਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੱਟੀ ਦੇ ਚੌੜੇ ਮੂੰਹ ਵਾਲੇ ਉਸ ਵੱਡੇ ਭਾਂਡੇ ਨੂੰ, ਜਿਸ ਵਿਚ ਜਮਾਇਆ ਹੋਇਆ 15/16 ਲਿਟਰ ਤੱਕ ਦੁੱਧ ਪੈ ਜਾਵੇ ਤੇ ਮਧਾਣੀ ਨਾਲ ਚੰਗੀ ਤਰ੍ਹਾਂ ਰਿੜਕਿਆ ਜਾ ਸਕੇ, ਚਾਟੀ ਕਹਿੰਦੇ ਹਨ। ਚਾਟੀ ਇਸ ਤੋਂ ਛੋਟੇ ਸਾਈਜ਼ ਵਿਚ ਵੀ ਹੁੰਦੀ ਹੈ। ਇਸ ਤੋਂ ਵੱਡੇ ਸਾਈਜ਼ ਵਿਚ ਵੀ ਹੁੰਦੀ ਹੈ। ਕਈ ਇਲਾਕਿਆਂ ਵਿਚ ਚਾਟੀ ਨੂੰ ਤੌਲਾ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਦ ਬਹੁਤੇ ਬਰਤਨ ਮਿੱਟੀ ਦੇ ਹੀ ਹੁੰਦੇ ਸਨ, ਉਸ ਸਮੇਂ ਚਾਟੀਆਂ ਵਿਚ ਘਿਉ ਵੀ ਰੱਖਿਆ ਜਾਂਦਾ ਸੀ।

ਚਾਟੀ ਬਣਾਉਣ ਲਈ ਚਿਉਂਕਣੀ ਕਾਲੀ ਮਿੱਟੀ ਦੀ ਘਾਣੀ ਬਣਾਈ ਜਾਂਦੀ ਸੀ। ਜਦ ਘਾਣੀ ਮੱਖਣ ਦੀ ਤਰ੍ਹਾਂ ਮੁਲਾਇਮ ਬਣ ਜਾਂਦੀ ਸੀ ਤਾਂ ਘੁਮਿਆਰ ਚਾਟੀ ਨੂੰ ਬਣਾਉਣ ਜੋਗੀ ਮਿੱਟੀ ਲੈ ਕੇ ਉਸ ਨੂੰ ਫੇਰ ਹੱਥਾਂ ਨਾਲ ਚੰਗੀ ਤਰ੍ਹਾਂ ਗੋ ਕੇ ਚਾਟੀ ਨੂੰ ਚੱਕ ਉਪਰ ਵਿਉਂਤਦਾ ਸੀ/ਡੌਲਦਾ ਸੀ। ਚੱਕ ਉਪਰ ਬਣੀ ਚਾਟੀ ਨੂੰ ਫੇਰ ਘੁਮਿਆਰ ਧਾਗੇ ਨਾਲ ਕੱਟ ਕੇ ਚੱਕ ਤੋਂ ਲਾਹ ਕੇ ਸੁੱਕਣ ਲਈ ਰੱਖ ਦਿੰਦਾ ਸੀ। ਜਦ ਚਾਟੀ ਥੋੜ੍ਹੀ ਜਿਹੀ ਆਠਰ ਜਾਂਦੀ ਸੀ ਤਾਂ ਚਾਟੀ ਨੂੰ ਮਜ਼ਬੂਤੀ ਦੇਣ ਲਈ ਘੁਮਿਆਰ ਇਕ ਹੱਥ ਵਿਚ ਮਿੱਟੀ ਦੀ ਬਣੀ ਦਰਨੀ ਨੂੰ ਫੜ੍ਹ ਕੇ ਚਾਟੀ ਦੇ ਅੰਦਰਲੇ ਪਾਸੇ ਲਾਉਂਦਾ ਸੀ ਤੇ ਦੂਜੇ ਹੱਥ ਨਾਲ ਮਿੱਟੀ ਦੀ ਹੀ ਬਣੀ ਛੋਟੀ ਜਿਹੀ ਬਾਪੀ ਨਾਲ ਹੌਲੀ ਹੌਲੀ ਕੁੱਟਦਾ ਸੀ। ਚਾਟੀ ਨੂੰ ਫੇਰ ਸੁਕਾਇਆ ਜਾਂਦਾ ਸੀ। ਕਈ ਚਾਟੀਆਂ ਦੇ ਢਿੱਡ ਦੇ ਨੇੜੇ ਕਾਲੇ ਰੰਗ ਦੀਆਂ ਲਾਈਨਾਂ ਵੀ ਲਾ ਦਿੰਦੇ ਸਨ। ਫੇਰ ਸੁੱਕੀ ਹੋਈ ਚਾਟੀ ਨੂੰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ। ਇਸ ਤਰ੍ਹਾਂ ਚਾਟੀ ਬਣਦੀ ਹੈ[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.