ਚਾਰ ਸੁੱਤਾ
ਲੱਕੜ ਦੇ 5 ਕੁ ਫੁੱਟ ਲੰਮੇ ਹੱਥੇ ਦੇ ਇਕ ਸਿਰੇ ਵਿਚ ਲੋਹੇ ਦੀ ਪੱਤੀ ਦੀਆਂ 12/ 13 ਕੁ ਇੰਚ ਲੰਮੀਆਂ ਬਣਾਈਆਂ ਤੇ ਲਾਈਆਂ ਚਾਰ ਸੁੱਤਾ ਵਾਲੇ ਖੇਤੀ ਸੰਦ ਨੂੰ ਚਾਰ ਸੁੱਤਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਚਾਰ ਸੁੱਤੇ ਨੂੰ ਚੁਸੁੱਤਾ ਵੀ ਕਹਿੰਦੇ ਹਨ। ਲੋਹੇ ਦੀਆਂ ਸੁੱਤਾਂ ਤੋਂ ਪਹਿਲਾਂ ਚਾਰ ਸੁੱਤੇ ਵਿਚ ਲੱਕੜ ਦੀਆਂ ਸੁੱਤਾਂ ਲਾਈਆਂ ਜਾਂਦੀਆਂ ਸਨ। ਚਾਰ ਸੁੱਤੇ ਦੀ ਵਰਤੋਂ ਫਲ੍ਹਿਆਂ ਨਾਲ ਫਸਲਾਂ ਦੀ ਗਹਾਈ, ਕਢਾਈ, ਉਡਾਈ ਆਦਿ ਵਿਚ ਉਸ ਤਰ੍ਹਾਂ ਹੀ ਹੁੰਦੀ ਸੀ ਜਿਸ ਤਰ੍ਹਾਂ ਤੰਗਲੀ ਦੀ ਹੁੰਦੀ ਸੀ। ਪਸ਼ੂਆਂ ਨੂੰ ਤੂੜੀ ਤੇ ਹਰੇ ਪੱਠੇ ਪਾਉਣ ਸਮੇਂ ਵੀ ਚਾਰ ਸੁੱਤੇ ਨੂੰ ਵਰਤ ਲਿਆ ਜਾਂਦਾ ਸੀ |[1]
ਚਾਰ ਸੁੱਤੇ/ਚੁਸੁੱਤੇ ਦੀ ਬਣਤਰ ਵੀ ਤੰਗਲੀ ਦੀ ਤਰ੍ਹਾਂ ਹੁੰਦੀ ਸੀ। ਫਰਕ ਸਿਰਫ ਇਹ ਹੁੰਦਾ ਸੀ, ਜਿਥੇ ਤੰਗਲੀ ਵਿਚ 7 ਤੋਂ 9 ਤੱਕ ਸੁੱਤਾਂ ਹੁੰਦੀਆਂ ਸਨ ਉਥੇ ਚਾਰ ਸੁੱਤੇ ਵਿਚ ਚਾਰ ਸੁੱਤਾਂ ਹੁੰਦੀਆਂ ਸਨ। ਚਾਰ ਸੁੱਤੇ ਦੀਆਂ ਸੁੱਤਾਂ ਵੀ ਤੰਗਲੀ ਦੀਆਂ ਸੁੱਤਾਂ ਦੀ ਤਰ੍ਹਾਂ ਹੀ ਬਣਾਈਆਂ ਜਾਂਦੀਆਂ ਸਨ। ਤੰਗਲੀ ਦੀਆਂ ਸੁੱਤਾਂ ਦੀ ਤਰ੍ਹਾਂ ਪਹਿਲਾਂ ਚਾਰ ਸੁੱਤੇ ਦੀਆਂ ਚਾਰ ਸੁੱਤਾਂ ਨੂੰ ਆਪਸ ਵਿਚ ਕੱਠੀਆਂ ਕਰ ਕੇ ਇਕ ਥਾਂ ਇਸ ਤਰ੍ਹਾਂ ਜੋੜਿਆ ਜਾਂਦਾ ਸੀ ਕਿ ਸੁੱਤਾਂ ਦੇ ਅਗਲੇ ਹਿੱਸੇ ਦੀ ਚੌੜਾਈ 10 ਕੁ ਇੰਚ ਬਣ ਜਾਵੇ। ਇਨ੍ਹਾਂ ਸੁੱਤਾਂ ਨੂੰ ਮਜਬੂਤੀ ਦੇਣ ਲਈ ਸੁੱਤਾਂ ਦੇ ਪਿਛਲੇ ਤੇ ਅਗਲੇ ਪਾਸੇ ਲੋਹੇ ਦੀਆਂ ਇਕ ਇੰਚ ਕੁ ਦੀਆਂ ਚੌੜੀਆਂ ਪੱਤੀਆਂ ਲਾਈਆਂ ਜਾਂਦੀਆਂ ਸਨ। ਇਹ ਪੱਤੀਆਂ ਜਿਥੇ ਸਾਰੀਆਂ ਸੁੱਤਾਂ ਇਕ ਥਾਂ ਜੋੜੀਆਂ ਹੁੰਦੀਆਂ ਹਨ, ਉਸ ਤੋਂ 4/ 5 ਕੁ ਇੰਚ ਹੇਠਾਂ ਕਰ ਕੇ ਲਾਈਆਂ ਜਾਂਦੀਆਂ ਸਨ। ਫੇਰ ਇਕ ਥਾਂ ਜੋੜੀਆਂ ਹੋਈਆਂ ਸੁੱਤਾਂ ਨੂੰ ਹੱਥੇ ਦੇ ਇਕ ਸਿਰੇ ਨਾਲ ਲੋਹੇ ਦੀਆਂ ਪੱਤੀਆਂ ਲਾ ਕੇ ਚੰਗੀ ਤਰ੍ਹਾਂ ਜੋੜਿਆ ਜਾਂਦਾਸੀ। ਇਸ ਤਰ੍ਹਾਂ ਚਾਰ ਸੁੱਤਾਂ ਬਣਦਾ ਸੀ।(ਹੋਰ ਵਿਸਥਾਰ ਲਈ ਵੇਖੋ ਤੰਗਲੀ)।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.