ਚੰਡੀ ਦੀ ਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੰਡੀ ਦੀ ਵਾਰ ਜਿਸ ਨੂੰ ਵਾਰ ਦੁਰਗਾ ਕੀ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਵੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ ਸ਼ਾਮਿਲ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਇਹ ਸੰਸਕ੍ਰਿਤ ਦੀ ਇੱਕ ਰਚਨਾ ਮਾਰਕੰਡੇ ਪੁਰਾਣ,[1] ਵਿੱਚ ਦਰਜ ਦੇਵਤਿਆਂ ਅਤੇ ਦੈਂਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਅਧਾਰ ਬਣਾ ਕੇ ਲਿਖੀ ਬੀਰ ਰਸੀ ਸ਼ਾਹਕਾਰ ਹੈ। ਇਸ ਵਿੱਚ ਚੰਡੀ ਦੇਵੀ ਨੂੰ ਭਗੌਤੀ ਦੇ ਰੂਪ ਵਿੱਚ, ਦੈਂਤਾਂ ਦਾ ਨਾਸ ਕਰਨ ਵਾਲੀ ਦੈਵੀ ਸ਼ਕਤੀ ਵਜੋਂ ਰੂਪਾਤ੍ਰਿਤ ਕੀਤਾ ਗਿਆ ਹੈ।ਇਸ ਰਚਨਾ ਦਾ ਮੁੱਖ ਉਦੇਸ਼ ਮੁਸਲਿਮ ਫ਼ੋਜਾਂ ਦੀ ਵੱਡੀ ਗਿਣਤੀ ਦੇਖ ਕੇ ਸਿਹਮੀ ਹੋਈ ਸਿੱਖ ਫ਼ੋਜਾਂ ਦਾ ਹੌਸਲਾਂ ਵਧਾਉਣਾ ਸੀ।ਇਸ ਰਚਨਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਫ਼ੋਜਾਂ ਨੇ ਮੁਸਲਿਮ ਫ਼ੋਜਾਂ ਨਾਲ ਬਿਨਾਂ ਡਰੇ ਡਟ ਕੇ ਯੁੱਧ ਕੀਤਾ।

ਡਾ. ਬਿਕਰਮ ਸਿੰਘ ਘੁੰਮਣ, ਡਾ. ਚਰਨਜੀਤ ਸਿੰਘ ਗੁਮਟਾਲਾ

ਚੰਡੀ ਦੀ ਵਾਰ ਦੀ ਕਾਵਿ ਕਲਾ ਦਾ ਅਧਿਐਨ ਵਿਸ਼ਾ ਤੇ ਰੂਪਕ ਪੱਖ ਤੋਂ ਕੀਤਾ ਜਾ ਸਕਦਾ ਹੈ।

੧. ਵਿਸ਼ਾ:[ਸੋਧੋ]

ਚੰਡੀ ਦੀ ਵਾਰ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਇਸ ਦੇ ਆਰੰਭ ਦੀਆਂ ਪਹਿਲੀਆਂ ਦੋ ਪਉੜੀਆਂ ਮੰਗਲਾਚਰਨ ਦੀਆਂ ਹਨ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਭਗਉਤੀ ਨੂੰ ਧਿਆਇਆ ਹੈ। ਦੂਜੀ ਪਉੜੀ ਵਿਚ ਪਰਮਾਤਮਾ ਦੀ ਮਹਿਮਾ ਗਾਇਨ ਕੀਤੀ ਗਈ ਹੈ। ਨਿਰਣਾ ਇਹ ਕੱਢਿਆ ਹੈ ਕਿ ਇਸ ਸ਼ਕਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ।[ਸੋਧੋ]

ਇਸ ਵਾਰ ਵਿਚ ਦੁਰਗਾ ਤੇ ਦੈਂਤਾਂ ਦਾ ਸੰਘਰਸ਼ ਮਘਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।ਗੁਰੂ ਸਾਹਿਬ ਅਨੁਸਾਰ ਦੇਵਤਿਆਂ ਦਾ ਹੰਕਾਰ ਤੋੜਨ ਲਈ ਪਰਮਾਤਮਾ ਨੇ ਮਹਿਖਾਸੁਰ ਤੇ ਸੁੰਭ ਰਾਖ਼ਸ਼ ਪੈਦਾ ਕੀਤੇ ਜਿਨ੍ਹਾਂ ਨੇ ਇੰਦਰ ਨੂੰ ਹਰਾ ਕੇ ਉਸ ਦਾ ਰਾਜ ਭਾਗ ਖੋਹ ਲਿਆ। ਇੰਦਰ ਦੁਰਗਾ ਦੀ ਸ਼ਰਨ ਆਉਂਦਾ ਹੈ। ਦੁਰਗਾ ਮਹਿਖਾਸੁਰ ਤੇ ਉਸ ਦੀ ਫ਼ੌਜ ਨਾਲ ਲੜਾਈ ਲੜਦੀ ਹੈ ਤੇ ਇਹਨਾਂ ਰਾਖ਼ਸ਼ਾਂ ਨੂੰ ਮਾਰ ਕੇ ਇੰਦਰ ਨੂੰ ਰਾਜ ਭਾਗ ਵਾਪਿਸ ਦਿਵਾਉਂਦੀ ਹੈ। ਸੁੰਭ ਨਿਸੁੰਭ ਰਾਖ਼ਸ਼ ਇੰਦਰ ਨਾਲ ਯੁੱਧ ਕਰਕੇ ਉਸ ਦਾ ਰਾਜ ਭਾਗ ਮੁੜ ਖੋਹ ਲੈਂਦੇ ਹਨ। ਇੰਦਰ ਸਹਾਇਤਾ ਲਈ ਮੁੜ ਦੁਰਗਾ ਦੇਵੀ ਪਾਸ ਜਾਂਦਾ ਹੈ। ਉਹ ਰਾਖ਼ਸ਼ਾਂ ਨਾਲ ਸੰਘਰਸ਼ ਕਰਕੇ ਉਹਨਾਂ ਦਾ ਖ਼ਾਤਮਾ ਕਰ ਦਿੰਦੀ ਹੈ। ਇੰਝ ਇੰਦਰ ਨੂੰ ਮੁੜ ਆਪਣਾ ਰਾਜ ਭਾਗ ਮਿਲ ਜਾਂਦਾ ਹੈ।

ਇਸ ਤਰ੍ਹਾਂ ਇਸ ਵਾਰ ਵਿਚ ਸੁਰ ਅਤੇ ਅਸੁਰ ਵਿਚ ਟੱਕਰ ਰੂਪਮਾਨ ਕੀਤੀ ਗਈ ਹੈ। ਸੁਰ ਨੇਕੀ ਤੇ ਅਸੁਰ ਬਦੀ ਦਾ ਪ੍ਰਤੀਕ ਹਨ। ਇਸ ਸੰਘਰਸ਼ ਵਿਚ ਨੇਕੀ ਦੀ ਜਿੱਤ ਦਰਸਾਈ ਗਈ ਹੈ। ਇਸ ਵਾਰ ਵਿਚ ਦੁਰਗਾ ਤੇ ਦੈਂਤਾਂ ਦੇ ਮੁਕਾਬਲਿਆਂ ਨੂੰ ਬੜਾ ਸਖ਼ਤ ਵਿਖਾਇਆ ਗਿਆ ਤੇ ਅਜਿਹਾ ਵਾਤਾਵਰਨ ਪੈਦਾ ਕੀਤਾ ਗਿਆ ਹੈ ਕਿ ਪੜ੍ਹਨ ਤੇ ਸੁਣਨ ਵਾਲੇ ਦੇ ਡੌਲੇ ਫਵਕਣ ਲਗ ਪੈਂਦੇ ਹਨ। ਗੁਰੂ ਸਾਹਿਬ ਨੇ ਇਸਤਰੀ ਨੂੰ ਨਾਇਕਾ ਦੇ ਰੂਪ ਵਿਚ ਲੈ ਕੇ ਖ਼ਾਲਸਾ ਫ਼ੌਜ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜੇ ਇਕ ਅੋਰਤ ਏਡੇ ਵੱਡੇ ਬਲਵਾਨ ਰਾਖ਼ਸ਼ਾਂ ਦਾ ਟਾਕਰਾ ਕਰ ਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ? ਇਸ ਦਾ ਮਕਸਦ ਇਸਤਰੀ ਜਾਤੀ ਨੂੰ ਸੰਘਰਸ਼ ਲਈ ਪ੍ਰੇਰਣਾ ਹੈ ਤੇ ਉਹਨਾਂ ਪ੍ਰਤੀ ਮਾਣ ਸਤਿਕਾਰ ਪੈਦਾ ਕਰਨਾ ਹੈ। ਇਸ ਵਾਰ ਦਾ ਆਧਾਰ ਭਾਵੇਂ ਮਾਰਕੰਡੇ ਪੁਰਾਣ ਵਿਚਲਾ `ਦੁਰਗਾ ਸਪਤਸਤੀ` ਵਾਲਾ ਕਾਂਡ ਹੈ, ਪਰ ਗੁਰੂ ਸਾਹਿਬ ਨੇ ਇਸ ਵਿਚ ਪਰਾਸਰੀਰਕ ਅੰਸ਼ ਘਟਾ ਕੇ ਇਸ ਨੂੰ ਜ਼ਮੀਨੀ ਛੋਹਾਂ ਦੇ ਕੇ ਮਿਥਿਹਾਸਕ ਤੋਂ ਇਤਿਹਾਸਕ ਬਣਾ ਦਿੱਤਾ ਹੈ। ਕੁਝ ਵਿਦਵਾਨਾਂ ਦੁਆਰਾ, ਚੰਡੀ ਦੀ ਵਾਰ ਇਸ ਕਹਾਣੀ ਦਾ ਵਰਣਨ ਕਰਦੀ ਹੈ ਕਿ ਕਿਵੇਂ ਉਸਨੇ ਬ੍ਰਹਿਮੰਡ ਦੀ ਮਰਦਾਨਾ ਅਤੇ ਇਸਤਰੀ ਊਰਜਾ ਦਾ ਸੰਤੁਲਨ ਬਣਾਇਆ।

੨. ਰੂਪਕ ਪੱਖ: ਚੰਡੀ ਦੀ ਵਾਰ ਦੇ ਰੂਪਕ ਪੱਖ ਨੂੰ ਅਸੀਂ ਹੇਠ ਲਿਖੇ ਨੁਕਤਿਆਂ ਤੋਂ ਅਧਿਐਨ ਕਰ ਸਕਦੇ ਹਾਂ:[ਸੋਧੋ]

(a) ਬੋਲੀ: ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀਆਂ ਵਿਚ ਬੀਰ ਰਸ ਦਾ ਸੰਚਾਰ ਕਰਨ ਲਈ ਚੰਡੀ ਦੀ ਵਾਰ ਦੀ ਰਚਨਾ ਕੀਤੀ। ਪਰ ਇਸ ਦੀ ਠੇਠਤਾ ਬਾਰੇ ਵਿਦਵਾਨਾਂ ਵਿਚ ਮਤਭੇਦ ਹਨ। ਕਿਰਪਾਲ ਸਿੰਘ ਕਸੇਲ ਤੇ ਪਰਮਿੰਦਰ ਸਿੰਘ ਲਿਖਦੇ ਹਨ:

ਇਸ ਗੱਲ ਨਾਲ ਤਾਂ ਕਿਸੇ ਨੂੰ ਵੀ ਮਤ-ਭੇਦ ਨਹੀਂ ਕਿ ਚੰਡੀ ਦੀ ਵਾਰ ਨਿਰੋਲ ਪੰਜਾਬੀ ਵਿਚ ਨਹੀਂ। ਇਸ ਗੱਲ ਦੀ ਪੁਸ਼ਟੀ ਲਈ ਇਕ ਦਲੀਲ ਇਹ ਵੀ ਦਿੱਤੀ ਜਾ ਸਕਦੀ ਹੈ ਕਿ ਚੰਡੀ ਚਰਿੱਤਰ ਨੂੰ ਬ੍ਰਿਜ ਭਾਸ਼ਾ ਵਿਚ ਰਚਣ ਤੋਂ ਬਾਦ ਏਸੇ ਕਹਾਣੀ ਨੂੰ ਮੁੜ ਵਾਰ ਦੇ ਰੂਪ ਵਿਚ ਲਿਖਣ ਦੀ ਲੋੜ ਸਵਾਇ ਇਸ ਗੱਲ ਤੋਂ ਹੋਰ ਹੈ ਹੀ ਕੀ ਸੀ ਇਸ ਅੱਦਭੁਤ ਬੀਰ ਰਸੀ ਕਥਾ ਨੂੰ ਆਮ ਪੰਜਾਬੀ ਲੋਕਾਂ ਦੇ ਪੜ੍ਹਨ ਲਈ ਲਿਖ ਦਿੱਤਾ ਜਾਵੇ। ਏਸੇ ਮਨੋਰਥ ਲਈ ਇਹ ਵਾਰ ਦੀਵਾਨਾਂ ਵਿਚ ਬੀਰ ਰਸੀ ਭਾਵ ਪੈਦਾ ਕਰਨ ਲਈ ਢਾਡੀਆਂ ਵੱਲੋਂ ਗਾ ਕੇ ਸੁਣਾਈ ਜਾਂਦੀ ਸੀ ਅਤੇ ਯੁੱਧ ਜਾਣ ਸਮੇਂ ਸਿੰਘ ਇਸ ਦਾ ਪਾਠ ਕਰਦੇ ਹਨ। ਇਸ ਵਾਰ ਦਾ ਪਿੰਡਾ ਨਿਰੋਲ ਪੰਜਾਬੀ ਹੋਣ ਦੇ ਬਾਵਜੂਦ ਵੀ ਇਸ ਵਿਚ ਵਰਤੀ ਬੋਲੀ ਨੂੰ ਠੇਠ ਪੰਜਾਬੀ ਨਹੀਂ ਕਿਹਾ ਜਾ ਸਕਦਾ। ਗੁਰੂ ਸਾਹਿਬ ਦਾ ਬਹੁਤ ਸਾਰੀਆਂ ਬੋਲੀਆਂ ਤੋਂ ਜਾਣੂੰ ਹੋਣਾ ਇਸ ਦੀ ਭਾਸ਼ਾ ਉੱਤੇ ਵਿਦਵਤਾ ਦਾ ਭਾਰ ਪਾ ਦਿੰਦਾ ਹੈ, ਖਾਸ ਕਰਕੇ ਇਸ ਦੀ ਸ਼ਬਦਾਵਲੀ ਨੂੰ ਪੜ੍ਹਿਆਂ ਇਸ ਗੱਲ ਸਪਸ਼ਟ ਹੋ ਜਾਂਦੀ ਹੈ। ਅਨੇਕਾਂ ਸ਼ਬਦ ਲੋਕ ਬੋਲੀ ਵਿਚੋਂ ਨਹੀਂ ਸਗੋਂ ਵਿਦਵਾਨਾਂ ਦੀ ਸਾਹਿਤਕ ਪਰਨਾਲੀ ਵਿਚੋਂ ਲੈ ਕੇ ਖੁਲ੍ਹ ਦਿਲੀ ਨਾਲ ਵਰਤੇ ਗਏ ਹਨ।੧

ਕਾਲਾ ਸਿੰਘ ਬੇਦੀ ਚੰਡੀ ਦੀ ਵਾਰ ਦੀ ਭਾਸ਼ਾ ਨੂੰ ਸਾਹਿਤਕ ਭਾਸ਼ਾ ਕਰਾਰ ਦਿੰਦੇ ਹੋਏ ਲਿਖਦੇ ਹਨ:

ਕਲਗੀਧਰ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਆਦਿ ਦੇ ਮਹਾਨ ਵਿਦਵਾਨ ਤੇ ਕਵੀ ਸਨ, ਇਸ ਲਈ ਉਹਨਾਂ ਦੇ ਕਾਵਿ ਵਿਚ ਸੰਸਕ੍ਰਿਤ, ਫ਼ਾਰਸੀ, ਅਰਬੀ, ਬ੍ਰਿਜੀ ਤੇ ਅਵਧੀ ਦੀ ਸ਼ਬਦਾਵਲੀ ਦਾ ਸ਼ਾਮਲ ਹੋ ਜਾਣਾ ਕੁਦਰਤੀ ਸੀ। ਆਪ ਆਨੰਦਪੁਰ ਸਾਹਿਬ ਰਹਿੰਦੇ ਰਹੇ ਤੇ ਮਾਝੀ ਬੋਲੀ ਦੇ ਖੇਤਰ ਵਿਚ ਨਹੀਂ ਆਏ। ਸੋ ਆਪ ਜੀ ਉਪਰ ਦੁਆਬੀ ਬੋਲੀ ਦਾ ਅਧਿਕ ਅਸਰ ਸੀ। `ਚੰਡੀ ਦੀ ਵਾਰ` ਦੀ ਭਾਸ਼ਾ ਸਾਹਿਤਕ ਪੰਜਾਬੀ ਹੈ, ਪਰ ਕਿਤੇ ਕਿਤੇ `ਤੇ ਨਿਰੋਲ ਟਕਸਾਲੀ ਬੋਲੀ ਦੇ ਨੇੜੇ ਵੀ ਆ ਜਾਂਦੀ ਹੈ। ਅਸਲ ਵਿਚ ਬੀਰ ਰਸ ਨੂੰ ਉਘਾੜਨ ਲਈ, ਕਲਗੀਧਰ ਨੇ ਸਾਹਿਤਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਬੋਲੀ ਦੇ ਅਨੇਕ ਸ਼ਬਦ – ਵਰਿਆਮੀ, ਅਲਾਮੀ, ਕੈਬਰ, ਕੇਜਮ, ਸਲਲੇ, ਪਾਖਰ, ਸੰਘਰ, ਦਸਤੁ, ਕੂਰਮ, ਗਿਰ, ਸਾਰ, ਬਰਗਾਸਤਨ – ਲੋਕ ਬੋਲੀ ਪੰਜਾਬੀ ਵਿਚੋਂ ਨਹੀਂ ਸਗੋਂ ਸਾਹਤਿਕ ਪ੍ਰਣਾਲੀ ਵਿਚੋਂ ਵੀਣੇ ਗਏ ਹਨ।੨

ਜਗਜੀਤ ਸਿੰਘ ਇਸ ਵਾਰ ਦੀ ਬੋਲੀ ਲਹਿੰਦੀ ਮੰਨਦੇ ਹੋਏ ਲਿਖਦੇ ਹਨ, "ਇਸ ਵਾਰ ਦੀ ਬੋਲੀ ਲਹਿੰਦੀ ਹੈ ਜਿਸ ਵਿਚ ਦੁਆਬੀ, ਫ਼ਾਰਸੀ ਤੇ ਸੰਸਕ੍ਰਿਤ ਸ਼ਬਦਾਂ ਦਾ ਰਲਾ ਹੈ।"੩ ਸ਼ਮਸ਼ੇਰ ਸਿੰਘ ਅਸ਼ੋਕ ਪਹਿਲਾਂ ਤਾਂ ਇਸ ਵਾਰ ਦੀ ਬੋਲੀ ਨੂੰ ਪੁਰਾਣੀ ਪੰਜਾਬੀ ਕਰਾਰ ਦਿੰਦੇ ਹਨ, ਜੋ ਕਿਤੋਂ ਕਿਤੋਂ ਰਾਜਪੁਤਾਨੀ ਨਾਲ ਮਿਲਦੀ ਜੁਲਦੀ ਜਾਪਦੀ ਹੈ੪ ਪਰ ਅੱਗੇ ਜਾ ਕੇ ਇਹੋ ਵਿਦਵਾਨ ਇਸ ਵਾਰ ਦੀ ਪੰਜਾਬੀ ਨੂੰ `ਮਲਵਈ` ਪੰਜਾਬੀ ਦੱਸਦੇ ਹਨ।੫ ਪ੍ਰੋ. ਪ੍ਰੀਤਮ ਸਿੰਘ ਇਸ ਨੂੰ ਠੇਠ ਪੰਜਾਬੀ ਦੱਸਦੇ ਹਨ ਜਿਸ `ਤੇ ਬ੍ਰਿਜ ਭਾਸ਼ਾ ਦਾ ਵੀ ਪ੍ਰਭਾਵ ਹੈ। ਉਹ ਲਿਖਦੇ ਹਨ, "ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਰੀ ਉਮਰ ਬ੍ਰਿਜ ਭਾਸ਼ਾ ਵਿਚ ਏਨੀਆਂ ਰਚਨਾਵਾਂ ਕਰਨ ਵਾਲਾ ਮਹਾਨ ਯੋਧਾ, ਏਨੀ ਠੇਠ ਪੰਜਾਬੀ ਬੋਲੀ ਵਿਚ ਕਿਵੇਂ ਖੂਬਸੂਰਤ ਰਚਨਾ ਕਰ ਸਕਿਆ ਹੈ। ਹਾਂ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਾਵਿ ਬਣਤਰ `ਤੇ ਨਵੇਂ ਸ਼ਬਦ ਘੜਨ ਦੇ ਢੰਗ ਉੱਤੇ ਬ੍ਰਿਜ ਭਾਸ਼ਾ ਦਾ ਅਸਰ ਪ੍ਰਤੱਖ ਹੈ।"੬ ਗੋਪਾਲ ਸਿੰਘ ਦਰਦੀ ਇਸ ਨੂੰ ਠੇਠ ਪੰਜਾਬੀ ਦੀ ਰਚਨਾ ਸਵੀਕਾਰ ਕਰਦੇ ਹੋਏ ਲਿਖਦੇ ਹਨ, "ਪੰਜਾਬੀ ਰਚਨਾ ਉਨ੍ਹਾਂ ਅਜੇਹੀ ਠੇਠ ਕੇਂਦਰੀ ਬੋਲੀ ਵਿਚ ਕੀਤੀ ਹੈ (ਹਾਲਾਂ ਕਿ ਆਪ ਮਾਝੇ ਵਿਚ ਕਦੇ ਨਹੀਂ ਆਏ) ਕਿ ਮਨ ਹੈਰਾਨ ਰਹਿ ਜਾਂਦਾ ਹੈ।"੭ ਅਜਿਹੀ ਧਾਰਨਾ ਰਣਜੀਤ ਸਿੰਘ ਖੜਗ ਦੀ ਹੈ। ਇਸ ਸੰਬੰਧੀ ਉਹ ਲਿਖਦੇ ਹਨ, "ਬੋਲੀ ਆਪ ਨੇ ਡਾਢੀ ਠੇਠ ਪੰਜਾਬੀ ਵਰਤੀ ਹੈ। ਲੋੜ ਅਨੁਸਾਰ ਕਈ ਨਵੇਂ ਸ਼ਬਦ ਵੀ ਘਵੇ ਹਨ। ਜੋ ਆਪ ਦੀ ਸਿੱਧ ਹਸਤ ਜ਼ਬਾਨਦਾਨੀ ਦਾ ਅਕੱਟ ਪ੍ਰਮਾਣ ਹਨ।"੮

ਜੀ.ਐਲ ਸ਼ਰਮਾ ਇਸ ਨੂੰ ਮਾਝੀ, ਲਹਿੰਦੀ ਤੇ ਬ੍ਰਿਜ ਦਾ ਮਿਸ਼ਰਣ ਦਰਸਾਉਂਦੇ ਹੋਏ ਲਿਖਦੇ ਹਨ:

ਵਾਰ ਦੀ ਬੋਲੀ ਦਾ ਵਿਸ਼ਲੇਸ਼ਣਾਤਮਕ ਅਧਿਐਨ ਦੱਸਦਾ ਹੈ ਕਿ ਵਾਰ ਦੇ ਕਿਸੇ ਵੀ ਹਿੱਸੇ ਵਿਚ ਨਿਰੋਲ ਇਕ ਬੋਲੀ ਵਰਤੀ ਹੋਈ ਨਹੀਂ ਦਿਸਦੀ। ਵਾਰ ਦੀ ਬੋਲੀ ਤਿੰਨਾਂ ਬੋਲੀਆਂ ਮਾਝੀ, ਲਹਿੰਦੀ ਤੇ ਬ੍ਰਿਜ ਦਾ ਮਿਸ਼ਰਣ ਹੈ। ਤੀਜੀ ਪਉੜੀ ਤੋਂ ਲੈ ਕੇ ਇਕੱਵੀਂ ਪਉੜੀ (ਮਹਿਖਾਸੁਰ ਵਧ ਦੇ ਬ੍ਰਿਤਾਂਤ) ਦੀ ਬੋਲੀ ਵਿਚ ਮਾਝੀ ਦੀ ਪ੍ਰਧਾਨਤਾ ਰੱਖੀ ਹੈ ਅਤੇ ਏਨੇ ਹਿੱਸੇ ਵਿਚ ਲਹਿੰਦੀ ਤੇ ਬ੍ਰਿਜ ਭਾਸ਼ਾ ਸਹਾਇਕ ਰੂਪ ਵਿਚ ਵਰਤੀਆਂ ਹਨ। ਪਰ ਬਾਕੀ ਵਾਰ ਵਿਚ ਲਹਿੰਦੀ ਦੀ ਪ੍ਰਧਾਨਤਾ ਹੈ ਅਤੇ ਮਾਝੀ ਤੇ ਬ੍ਰਿਜ ਸਹਾਇਕ ਰੂਪ ਵਿਚ ਵਰਤਦੀਆਂ ਹਨ। ਲਹਿੰਦੀ ਪ੍ਰਧਾਨ ਪਉੜੀਆਂ ਵਿਚ ਫ਼ਾਰਸੀ ਦਾ ਅਸਰ ਵੀ ਹੈ। ਬ੍ਰਿਜ ਭਾਸ਼ਾ ਦਾ ਅਸਰ ਸਾਰੀ ਵਾਰ ਉੱਤੇ ਇਕੋ ਜਿਹਾ ਹੈ। ਕੁਝ ਆਲੋਚਕਾਂ ਨੇ ਵਾਰ ਦੀ ਬੋਲੀ ਉੱਤੇ ਸੰਸਕ੍ਰਿਤ, ਦੁਆਬੀ ਅਤੇ ਫ਼ਾਰਸੀ ਦੇ ਅਸਰ ਵੱਖਰੇ ਤੌਰ `ਤੇ ਲੱਭਣ ਦਾ ਯਤਨ ਕੀਤਾ ਹੈ। ਪਰ ਸਾਡਾ ਇਹ ਨਿਸ਼ਚਾ ਹੈ ਕਿ ਜਿਨ੍ਹਾਂ ਸ਼ਬਦਾਂ ਨੂੰ ਸੰਸਕ੍ਰਿਤ ਦਾ ਅਸਰ ਕਿਹਾ ਜਾਂਦਾ ਹੈ ਉਹ ਅਸਲ ਵਿਚ ਬ੍ਰਿਜ ਭਾਸ਼ਾ ਦਾ ਹੀ ਹਿੱਸਾ ਹਨ ਅਤੇ ਜਿਹੜੇ ਸ਼ਬਦ ਦੁਆਬੀ ਦੇ ਦੱਸੇ ਜਾਂਦੇ ਹਨ ਉਹ ਵੀ ਦੁਆਬੀ ਤੇ ਬ੍ਰਿਜ ਦੇ ਸਾਂਝੇ ਹਨ – ਕਿਉਂਕਿ `ਵ` ਨੂੰ `ਬ` ਜਿਸ ਤਰ੍ਹਾਂ ਦੁਆਬੀ ਵਿਚ ਵਰਤਿਆ ਜਾਂਦਾ ਹੈ, ਬ੍ਰਿਜ ਭਾਸ਼ਾ ਵਿਚ ਵੀ ਓਸੇ ਤਰ੍ਹਾਂ ਹੀ `ਵ` ਤੋਂ `ਬ` ਉਚਾਰਣ ਬਣਾ ਲਿਆ ਜਾਂਦਾ ਹੈ। ਜੋ ਸ਼ਬਦ ਫ਼ਾਰਸੀ ਦੇ ਕਹੇ ਜਾਂਦੇ ਹਨ ਉਹ ਅਸਲ ਵਿਚ ਲਹਿੰਦੀ ਬੋਲੀ ਚਿਰਾਂ ਤੋਂ ਵਰਤੀਂਦੇ ਆ ਰਹੇ ਹਨ। ਇਸ ਲਈ ਲਹਿੰਦੀ ਦਾ ਅਨਿੱਖੜ ਅੰਗ ਬਣ ਚੁੱਕੇ ਹਨ ਅਤੇ ਇਹ ਸ਼ਬਦ ਫ਼ਾਰਸੀ ਦਾ ਵੱਖਰਾ ਪ੍ਰਭਾਵ ਨਹੀਂ ਕਹੇ ਜਾ ਸਕਦੇ।੯

ਪ੍ਰੀਤਮ ਸਿੰਘ ਇਸ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੇ ਰਲਾਅ ਨੂੰ ਸਵੀਕਾਰ ਕਰਦੇ ਹੋਏ ਲਿਖਦੇ ਹਨ:

"ਗੁਰੂ ਜੀ ਨੂੰ ਆਪਣੇ ਸਮੇਂ ਦੀਆਂ ਮਹੱਤਵਪੂਰਣ ਭਾਸ਼ਾਵਾਂ ਦਾ ਡੂੰਘਾ ਗਿਆਨ ਤੇ ਅਧਿਕਾਰ ਪ੍ਰਾਪਤ ਸੀ। ਵਿਸ਼ੇ ਕਾਰਣ ਮਿਥਿਹਾਸਕ ਸ਼ਬਦਾਵਲੀ ਦੀ ਵਰਤੋਂ ਜ਼ਰੂਰੀ ਹੋ ਗਈ, ਜਿਸ ਕਾਰਣ ਸੰਸਕ੍ਰਿਤ ਪ੍ਰਾਕ੍ਰਿਤ, ਹਿੰਦੀ ਅਤੇ ਰਾਜਸਥਾਨੀ ਸ਼ਬਦ ਵੱਡੀ ਗਿਣਤੀ ਵਿਚ ਆਏ। ਇਸ ਗੱਲ ਦਾ ਸਿਹਰਾ ਗੁਰੂ ਜੀ ਦੇ ਸਿਰ ਹੈ ਕਿ ਉਹ ਇਸ ਰੁਕਾਵਟ ਦੇ ਬਾਵਜੂਦ ਉਸ ਖੁਬਸੂਰਤ ਬਿਆਨ-ਢੰਗ ਲਿਆਉਣ ਵਿਚ ਸਫਲ ਹੋਏ ਹਨ ਜਿਸ ਨੇ ਇਸ ਭਾਸ਼ਾ ਦੀ ਸਮਰੱਥਾ ਨੂੰ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਬਣਤਰ ਵਿਚ ਮਿਥਿਹਾਸ ਦਾ ਵਰਨਣ ਕੀਤਾ ਜਾ ਸਕਦਾ ਹੈ।"੧੦

ਕੁਲਵੰਤ ਕੌਰ ਕੋਹਲੀ ਵਾਰ ਦੀ ਬੋਲੀ ਦੀ ਵਿਸਥਾਰ ਪੂਰਵਕ ਚਰਚਾ ਕਰਨ ਉਪਰੰਤ ਇਸ ਨਿਰਣੇ `ਤੇ ਪੁੱਜਦੇ ਹਨ ਕਿ ਉਸ ਸਮੇਂ ਦੀ ਆਮ ਬੋਲੀ ਜਾਣ ਵਾਲਾ ਭਾਸ਼ਾ ਹੈ। ਉਹਨਾਂ ਦਾ ਮੱਤ ਹੈ:

"ਚੰਡੀ ਦੀ ਵਾਰ ਦੀ ਬੋਲੀ ਨਾ ਤਾਂ ਠੇਠ ਪੰਜਾਬੀ ਹੈ ਤੇ ਨਾ ਹੀ ਨਿਰੋਲ ਲਹਿੰਦੀ ਜਾਂ ਦੁਆਬੀ ਹੈ, ਸਗੋਂ ਇਸ ਦੀ ਬੋਲੀ ਉਸ ਸਮੇਂ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਜਿਸ ਨੂੰ ਆਮ ਜਨਤਾ ਸਮਝ ਸਕਦੀ ਸੀ।"੧੧

ਉਪਰੋਕਤ ਚਰਚਾ ਤੋਂ ਸਪਸ਼ਟ ਹੈ ਕਿ ਚੰਡੀ ਦੀ ਵਾਰ ਪੰਜਾਬੀ ਵਿਚ ਹੈ ਪਰ ਇਸ ਵਿਚ ਦੂਜੀਆਂ ਬੋਲੀਆਂ ਅਤੇ ਪੰਜਾਬੀਆਂ ਦੀਆਂ ਉਪ-ਭਾਸ਼ਾਵਾਂ ਦੇ ਸ਼ਬਦਾਂ ਦਾ ਉਪਯੋਗ ਵੀ ਕੀਤਾ ਗਿਆ ਹੈ। ਇਸ ਦਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਵਿਦਵਾਨ ਹੋਣਾ ਹੈ। ਇਹ ਭਾਸ਼ਾਈ ਵਖਰੇਵੇਂ ਇਸ ਪ੍ਰਕਾਰ ਹਨ:

ਮਾਝੀ: ਚੰਡੀ ਦੀ ਵਾਰ ਵਿਚ ਮਾਝੀ ਸ਼ਬਦਾਵਲੀ ਕਾਫੀ ਗਿਣਤੀ ਵਿਚ ਵਰਤੀ ਗਈ ਹੈ, ਜਿਵੇਂ ਸੀਹੁ ਮੰਗਾਇਆ, ਚਿੰਤਾ ਕਰਹੁ ਨ, ਦੇਵਾਂ ਨੂੰ ਆਖਿਆ, ਖੇਤ ਅੰਦਰ ਜੋਧੇ ਗੱਜੇ, ਦੇਖਨ ਚੰਡ ਪ੍ਰਚੰਡ ਨੂੰ, ਕਦੇ ਨ ਨਠੋ, ਮਾਰੇ ਚੰਡ ਪ੍ਰਚੰਡ ਨੇ, ਚੋਟ ਪਈ ਦਮਾਮੇ ਦਲਾਂ ਮੁਕਾਬਲਾ, ਲੱਖ ਨਗਾਰੇ ਵੱਜਣ, ਸੀਹਾਂ ਵਾਗੂ ਗੱਜਣ, ਰਾਕਸ਼ ਵੱਡੇ, ਕਦੇ ਨ ਆਖਨ ਹਾਰੇ, ਕੜਕ ਉਠਿਆ, ਸੱਟ ਪਈ ਜਮਧਾਣੀ, ਦਿਤੇ ਦਿਉ ਭਜਾਈ, ਕਦੇ ਨ ਰੱਜੇ, ਮਤਾ ਪਕਾਇਆ, ਆਦਿ।

ਮਲਵਈ: ਗੁਰੂ ਗੋਬਿੰਦ ਸਿੰਘ ਜੀ ਪਟਨੇ ਤੋਂ ਆ ਕੇ ਬਹੁਤ ਸਮਾਂ ਮਾਲਵੇ ਵਿਚ ਰਹੇ। ਇਸ ਲਈ ਉਨ੍ਹਾਂ ਦੀ ਭਾਸ਼ਾ ਉੱਤੇ ਮਲਵਈ ਭਾਸ਼ਾ ਦਾ ਪ੍ਰਭਾਵ ਸੁਭਾਵਕ ਹੀ ਸੀ। ਸਉਹੈ, ਆਦਾ, ਤਿਖਾ, ਭਜਨਾ, ਸਾਤੇ ਆਦਿ ਸ਼ਬਦ ਉਦਾਹਰਨ ਵਜੋਂ ਪੇਸ਼ ਕੀਤੇ ਜਾ ਸਕਦੇ ਹਨ। ਸ਼ਮਸ਼ੇਰ ਸਿੰਘ ਅਸ਼ੋਕ ਤਾਂ ਇਥੋਂ ਤੀਕ ਲਿਖਦੇ ਹਨ ਕਿ `ਚੰਡੀ ਦੀ ਵਾਰ` ਦੀ ਪੰਜਾਬੀ ਮਲਵਈ ਪੰਜਾਬੀ ਹੈ ਜਿਸ ਵਿਚ ਮਾਝੇ ਦੀ ਤੇ ਲਹਿੰਦੇ ਦੀ ਬੋਲੀ ਦਾ ਬਹੁਤ ਘਟ ਅਸਰ ਹੈ।੧੨

ਦੁਆਬੀ: ਦੁਆਬੀ ਵਿਚ `ਵ` ਦੀ ਥਾਂ `ਬ` ਦੀ ਵਰਤੋਂ ਆਮ ਹੁੰਦੀ ਹੈ। `ਚੰਡੀ ਦੀ ਵਾਰ` ਵਿਚ ਵੀ ਅਜਿਹਾ ਕਈ ਥਾਵਾਂ `ਤੇ ਕੀਤਾ ਗਿਆ ਹੈ। ਜਿਵੇਂ ਬਡੇ ਬਡੇ, ਬੁਠੀ, ਬਾਹਣ, ਬਜੁਇਕੈ, ਬਰਦਾਨੀ, ਬੱਜਿਆ, ਬਾਢੀਆਂ ਆਦਿ। ਪਰ ਜੀ.ਐਲ. ਸ਼ਰਮਾ ਇਸ ਨੂੰ ਬ੍ਰਿਜ ਭਾਸ਼ਾ ਦਾ ਪ੍ਰਭਾਵ ਮੰਨਦਾ ਹੈ ਕਿਉਂਕਿ ਬ੍ਰਿਜ ਵਿਚ ਵੀ `ਵ` ਨੂੰ `ਬ` ਉਚਾਰਨ ਕਰਨ ਦਾ ਸੁਭਾਅ ਹੈ।੧੩

ਲਹਿੰਦੀ: ਪੰਜਾਬੀ ਸਾਹਿਤ ਵਿਚ ਲਹਿੰਦੀ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਰਿਹਾ ਹੈ। ਕਿਸੇ ਸਮੇਂ ਸਤਲੁਜ ਤੋਂ ਪਾਰ ਬ੍ਰਿਜ ਤੇ ਪੱਛਮ ਵੱਲ ਲਹਿੰਦੀ ਸਾਹਿਤਕ ਭਾਸ਼ਾ ਸੀ। ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਬਾਬਾ ਫ਼ਰੀਦ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਦਮੋਦਰ ਆਦਿ ਅਨੇਕਾਂ ਲੇਖਕ ਆਪਣੀ ਰਚਨਾ ਲਹਿੰਦੀ ਵਿਚ ਕਰ ਚੁੱਕੇ ਸਨ। ਵਾਰ ਵਿਚ ਵੀ ਅਨੇਕਾਂ ਸ਼ਬਦ ਲਹਿੰਦੀ ਦੇ ਮਿਲਦੇ ਹਨ ਜਿਵੇਂ ਲਾੜੀਆਂ, ਜਰਵਾਣਾ, ਦਿਹਾੜੇ, ਰਜ਼ਾਈ, ਪਛਾੜੀਅਨ, ਤੜਫੀਅਨ, ਮੰਗਾਇਸੁ, ਜਾਸਨ, ਤੱਕੀ, ਲਿਆਵਣੀ, ਸੁਣੰਦੀ, ਮਰੜਾਇਕੈ, ਗਣਨਾਇਕੈ, ਖੁਨਸਾਇਕੈ, ਰੋਸ ਬਢਾਇਕੈ, ਆਦਿ। ਲਹਿੰਦੀ ਵਿਚ ਸ਼ਬਦ ਦੇ ਅੰਤ ਵਿਚ `ੀ` ਦੀ ਮਾਤਰਾ ਲਾ ਕੇ ਬਹੁ-ਵਚਨ ਬਣਾ ਲਿਆ ਜਾਂਦਾ ਹੈ। ਇਹ ਪ੍ਰਵਿਰਤੀ ਇਸ ਵਾਰ ਵਿਚ ਹੀ ਮਿਲਦੀ ਹੈ ਜਿਵੇਂ: ਦਾਨਵੀ, ਰਾਕਸੀ, ਦੈਂਤੀ, ਜਿੰਨੀ, ਸੂਰਮੀ, ਪਲਾਣੀ ਆਦਿ।

ਬ੍ਰਿਜ: ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਰੀ ਰਚਨਾ ਬ੍ਰਿਜ ਭਾਸ਼ਾ ਵਿਚ ਕੀਤੀ ਸੀ ਤੇ ਉਹਨਾਂ ਦੇ ਬਹੁਤ ਦਰਕਾਰੀ ਕਵੀ ਵੀ ਬ੍ਰਿਜ ਭਾਸ਼ਾ ਦੇ ਵਿਦਵਾਨ ਸਨ, ਇਸ ਲਈ ਬ੍ਰਿਜ ਭਾਸ਼ਾ ਉਹਨਾਂ ਦੀ ਰਚਨਾ ਦਾ ਅਨਿਖੜਵਾਂ ਅੰਗ ਬਣ ਗਈ ਸੀ। ਇਹ ਵਾਰ ਭਾਵੇਂ ਗੁਰੂ ਜੀ ਨੇ ਪੰਜਾਬੀ ਵਿਚ ਰਚੀ ਪਰ ਬ੍ਰਿਜ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਹੋਣਾ ਸੁਭਾਵਕ ਸੀ। ਜਿਵੇਂ: ਸਿੰਘ, ਸੈਸਾਰ, ਮਦਾਰੀ, ਸਾਮ, ਧਾਏ, ਜੂਝਾਰੇ, ਇਤਿ, ਗਿਰਿ, ਘੁਮਨ ਆਦਿ। ਦੇਵੀ ਵਾਸਤੇ `ਪੁਲਿੰਗ` ਦੇਵਤਾ ਵਰਤਣਾ ਵੀ ਬ੍ਰਿਜ ਦਾ ਸੁਭਾਅ ਹੈ ਜਿਵੇਂ ਦੁਰਗਾ ਆਇਆ (ਪੰਜਾਬੀ ਵਿਚ ਦੁਰਗਾ ਆਈ), ਉੱਠੀ ਦੇਵਤਾ (ਪੰਜਾਬੀ ਵਿਚ ਉੱਠੀ ਦੇਵੀ)। ਕੁਝ ਸ਼ਬਦਾਂ ਦਾ ਅਸਲਾ ਪੰਜਾਬੀ ਹੈ, ਪਰ ਉਹਨਾਂ ਦਾ ਉਚਾਰਣ ਜਾਂ ਲਹਿਜਾ ਬ੍ਰਿਜ ਭਾਸ਼ਾ ਅਨੁਸਾਰ ਢਲਿਆ ਹੋਇਆ ਹੈ। ਉਦਾਹਰਨ ਵਜੋਂ: ਜਿਹੇ ਦੀ ਥਾਂ ਜੇਹਵੇ, ਅਗਾਹਾਂ ਦੀ ਥਾਂ ਅੱਘਾ, ਲਹੂ ਦੀ ਥਾਂ ਲੋਹੂ, ਝੱਲੀ, ਚੱਲੀ, ਹਲੀ, ਘਲੀ ਆਦਿ ਦੀ ਥਾਂ ਝਾਲੀ, ਚਾਲੀ, ਘਾਲੀ ਅਤੇ ਵਜਾ ਕੇ, ਵਧਾ ਕੇ ਥਾਂ ਬਜਾਇਕੈ, ਬਢਾਇਕੈ ਆਦਿ।੧੪

ਪੋਠੋਹਾਰੀ: ਕਈ ਸ਼ਬਦ ਪੋਠੋਹਾਰੀ ਦੇ ਹਨ ਜਿਵੇਂ ਨਿਕਥੇ, ਰਜਾਈ, ਜੀਵਾ ਆਦਿ।

ਰਾਜਸਥਾਨੀ: ਰਾਜਸਥਾਨੀ ਭਾਸ਼ਾ ਵਿਚ ਕਈ ਸ਼ਬਦ ਆਏ ਹਨ ਜੋ ਘਟ ਜਾਂ ਵਧ ਉਸੇ ਰੂਪ ਵਿਚ ਵਰਤੇ ਹਨ ਜਿਵੇਂ ਕਿ ਉਸ ਭਾਸ਼ਾ ਵਿਚ ਮੌਜੂਦ ਸਨ। ਉਦਾਹਰਨ ਵਜੋਂ: ਵਥ, ਛੱਤ੍ਰ, ਵੱਧ, ਮਾਰੀਅਨ, ਬਢਿ, ਭਾਗਿਆ, ਘਾਲੀ, ਚਾਲੀ, ਬ੍ਰਿਜ, ਪੱਬਾਂ।੧੫

ਸੰਸਕ੍ਰਿਤ: ਸੰਸਕ੍ਰਿਤ ਦੇ ਸ਼ਬਦ ਤਤਸਮ ਤੇ ਤਦਭਵ ਦੋਵਾਂ ਰੂਪਾਂ ਵਿਚ ਮਿਲਦੇ ਹਨ ਪਰ ਇਹਨਾਂ ਦੀ ਗਿਣਤੀ ਬਹੁਤ ਥੌੜ੍ਹੀ ਹੈ। ਤਤਸਮ ਜਿਵੇਂ ਅਮਰਾਵਤੀ, ਗਜ਼, ਕੂਰਮ, ਗਦਾ, ਤ੍ਰਿਸ਼ੂਲ, ਛਤਰ, ਨਾਰਦ, ਗਦਾ, ਰਮਤ ਆਦਿ। ਤਦਭਵ ਜਿਵੇਂ ਨਉਨਿਧ, ਰੋਹ, ਦੈਂਤ, ਧੁਮਕੇਤ, ਭਗਉਤੀ, ਜੋਗਣੀਆਂ, ਤ੍ਰਸੂਲਾਂ, ਭੁਜੰਗਮ, ਜਮ ਆਦਿ।

ਅਰਬੀ ਫ਼ਾਰਸੀ: ਉਸ ਸਮੇੱਨ ਫ਼ਾਰਸੀ ਦਰਬਾਰੀ ਭਾਸ਼ਾ ਸੀ ਇਸ ਲਈ ਫ਼ਾਰਸੀ ਅਰਬੀ ਮੂਲ ਦੇ ਸ਼ਬਦਾਂ ਦਾ ਆ ਜਾਣਾ ਸੁਭਾਵਿਕ ਹੀ ਸੀ। ਦੂਜਾ, ਗੁਰੂ ਜੀ ਫ਼ਾਰਸੀ ਭਾਸ਼ਾ ਦੇ ਵਿਦਵਾਨ ਵੀ ਸਨ ਜਿਵੇਂ ਕਿ ਜਫ਼ਰਨਾਮਾ ਤੋਂ ਸਪਸ਼ਟ ਹੁੰਦਾ ਹੈ। ਅਰਬੀ ਫ਼ਾਰਸੀ ਦੇ ਤਤਸਮ ਦੇ ਤਦਭਵ ਦੋਵੇਂ ਪ੍ਰਕਾਰ ਦੇ ਸ਼ਬਦ ਮਿਲਦੇ ਹਨ। ਤਤਸਮ ਜਿਵੇਂ ਤਾਰੀਫ਼, ਹਾਜੀ, ਪਾਜੀ, ਤਾਜੀ, ਦਹਸ਼ਤ, ਫਰਮਇਸ਼, ਗੋਸ਼ਤ, ਦਸਤ, ਰਹਮਤ, ਬੁੰਦ। ਤਤਭਵ ਜਿਵੇਂ ਤਰਵਾਰ, ਨਦਰ, ਸ਼ਾਬਾਸ਼, ਨਿਵਾਜੀ, ਬਖ਼ਤਰ, ਪਾਖਰ, ਫਰੇਸਤੇ।

ਗੁਰੂ ਜੀ ਇਕ ਮਹਾਨ ਸ਼ਕਤੀ ਸਨ ਜੋ ਸ਼ਬਦ ਨੂੰ ਪੰਜਾਬੀ ਵਿਚ ਅਤੇ ਇਸ ਦੇ ਲੋੜੀਂਦੇ ਰੂਪ ਵਿਚ ਅਜਿਹੇ ਢੰਗ ਨਾਲ ਢਾਲ ਸਕੇ ਕਿ ਇਸ ਦੀ ਆਪਣੀ ਮੂਲ ਹੋਂਦ ਖ਼ਤਮ ਹੋ ਗਈ। ਕੁਝ ਉਦਾਹਰਨਾਂ ਇਸ ਪ੍ਰਕਾਰ ਹਨ: ਭਹਾਵਲੇ ਹਿੰਦੀ ਮਧ ਤੋਂ, ਨਦਰ ਫ਼ਾਰਸੀ ਸ਼ਬਦ ਨਜ਼ਰ ਲਈ, ਰਜ਼ਾਦੀ ਫ਼ਾਰਸੀ ਸ਼ਬਦ ਰਾਏਜ਼ਾਦੀ ਲਈ, ਦਸਤੋ-ਦਸਤੀ ਫ਼ਾਰਸੀ ਦਸਤ ਤੋਂ, ਪਰ ਦੋ ਵਾਰੀ ਬਣਤਰ ਵਿਚ ਪੰਜਾਬੀ ਸ਼ਬਦ ਦੀ ਵਰਤੋਂ ਦਾ ਅਰਥ ਹਥੋਂ ਹਥ ਲੜਾਈ ਦਿੱਤਾ ਗਿਆ ਹੈ। ਸੰਸਕ੍ਰਿਤ ਅਤੇ ਫ਼ਾਰਸੀ ਦਾ ਢੰਗ, ਜਿਸ ਦੁਆਰਾ ਮਸਦਰ ਨਾਲ ਸਿ, ਮ ਆਦਿ ਲਾ ਕੇ ਲੋੜੀਂਦੀ ਕਿਰਿਆ ਬਣ ਜਾਂਦੀ ਹੈ ਤੇ ਉਸ ਦੇ ਨਾਲ ਹੀ ਪੁਰਖ ਦਾ ਪਤਾ ਲੱਗ ਜਾਂਦਾ ਹੈ। ਗੁਰੂ ਜੀ ਪੁਰਾਣੀ ਬਣਤਰ ਵਰਤਦੇ ਹਨ ਜਿਹੜੀ ਰਾਜਸਥਾਨ ਤੋਂ ਆਈ ਜਿਵੇਂ ਫਰਮਾਉਸ ਅਰਥਾਤ ਉਸ ਨੇ ਹੁਕਮ ਦਿੱਤਾ ਪਰ ਇਸ aੱਤੇ ਪੰਜਾਬੀ ਕ੍ਰਿਆ ਬਣਤਰ ਦਾ ਜ਼ੋਰ ਹੈ ਅਤੇ ਸਤਰਾਂ ਜਿਹੜੀਆਂ ਕਮਾਇਆ, ਫਿਰਾਇਆ, ਵਧਾਇਆ, ਖਾਇਕੈ ਆਦਿ ਨਾਲ ਖ਼ਤਮ ਹੁੰਦੀਆਂ ਹਨ। ਕਿਉਂਕਿ ਦੁਰਗਾ ਇਸਤਰੀ ਹੈ, ਇਸ ਲਈ ਵਰਿਆਮ ਸ਼ਬਦ ਨੂੰ ਮੋੜ ਕੇ ਵਰਿਆਮੀ ਅਰਥਾਤ ਬਹਾਦਰ ਇਸਤਰੀ ਬਣਾ ਦਿੱਤਾ। ਹੜ-ਹੜਾਇ, ਜਿਸ ਦਾ ਅਰਥ ਗੁੱਸੇ ਭਰਿਆ ਹਾਸਾ ਹੈ ਵਰਗੇ ਨਵੇਂ ਸ਼ਬਦ ਗੁਰੂ ਜੀ ਦੀ ਸ਼ਬਦ ਬਣਤਰ ਉੱਤੇ ਅਧਿਕਾਰ ਦਾ ਪਤਾ ਦਿੰਦੇ ਹਨ ਭਾਵੇਂ ਅਜਿਹੀਆਂ ਮਿਸਾਲਾਂ ਬੜੀਆਂ ਘੱਟ ਹਨ।੧੬

ਭਾਸ਼ਾ ਦੀ ਪ੍ਰਕ੍ਰਿਤੀ[ਸੋਧੋ]

`ਚੰਡੀ ਦੀ ਵਾਰ` ਵਿਚ `ਆਦਿ ਗ੍ਰੰਥ` ਵਾਲੀ ਵਿਆਕਰਣ ਪ੍ਰਣਾਲੀ ਚੱਲ ਰਹੀ ਹੈ, ਭਾਵੇਂ ਹੁਣ ਤੀਕ ਕਾਫ਼ੀ ਫਰਕ ਪੈ ਚੁਕਾ ਹੈ। ਸਿਹਾਰੀ ਤੇ ਔਂਕੜ ਦੀ ਕਾਫ਼ੀ ਵਰਤੋਂ ਕੀਤੀ ਗਈ ਹੈ। ਬੇਸ਼ੱਕ ਕਈ ਥਾਈਂ ਇਹ ਮਾਤਰਾਵਾਂ ਵਾਧੂ ਹੀ ਜਾਪਦੀਆਂ ਹਨ ਪਰੰਤੂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਦੋਂ ਆਦਿ ਗ੍ਰੰਥ ਵਾਲੀ ਵਿਆਕਰਣ ਪ੍ਰਣਾਲੀ ਅਜੇ ਜਾਰੀ ਸੀ ਜਿਵੇਂ: ਅੰਤੁ, ਸੂਰਜੁ, ਨਦਰਿ, ਦੁਖਿਆ, ਸਤਜੁਗ, ਅਭਿਮਾਨੁ, ਬੀਰੁ, ਖੇਤੁ, ਸੈਸਾਰ, ਸਿੰਧੁ, ਤਨੁ, ਬਲੁ, ਬਾਦੁ, ਚੁਣਿ ਚੁਣਿ ਆਦਿ।੧੭

ਇਸ ਵਿਚ ਕਈ ਸ਼ਬਦਾਂ ਦੇ ਇਕ ਤੋਂ ਬਹੁਤੇ ਸ਼ਬਦ ਜੋੜ ਵੀ ਵਰਤੇ ਗਏ ਹਨ, ਜਿਵੇਂ ਜਾਣ/ਜਾਣੁ, ਰਾਕਸ/ਰਾਕਸਿ, ਦੇਵ/ਦੇਉ, ਚੰਡਿ/ਚੰਡੀ, ਕਈ ਪੁਰਾਣੇ ਰੂਪ ਵੀ ਮਿਲਦੇ ਹਨ ਜਿਵੇਂ ਕਉਨ, ਮੈਥਉ, ਧਉਸਾ, ਧਉਲ ਆਦਿ। ਪ੍ਰਾਚੀਨ ਸ਼ਬਦ ਵੀ ਮਿਲਦੇ ਹਨ ਜੋ ਅੱਜ ਨਹੀਂ ਵਰਤੇ ਜਾਂਦੇ ਜਿਵੇਂ ਸੰਘਰ, ਤੁਰੇ, ਬਾਢੀ, ਖਰਚਾਮ, ਰਿਸਾਏ, ਕੰਧਾਰ, ਅਣੀਆਰਾਂ। ਚੰਡੀ ਦੀ ਵਾਰ ਦੀ ਭਾਸ਼ਾ ਅੱਜ ਨਾਲੋਂ ਵਧੇਰੇ ਸੰਜੋਗਾਤਮਕ ਹੈ ਪਰੰਤੂ ਆਦਿ ਗ੍ਰੰਥ ਦੀ ਭਾਸ਼ਾ ਨਾਲੋਂ ਵਿਯੋਗਾਤਮਕ ਹੈ। ਉਦਾਹਰਨ ਵਜੋਂ ਸੰਜੋਗਾਤਮਕ ਰੂਪ ਇਹ ਹੈ: ਲੋਕ ਤਿਹੀ (ਤਿੰਨਾਂ ਲੋਕਾਂ ਵਿਚ), ਬਰਛੀਈ (ਬਰਛੀਆਂ ਨਾਲ), ਵਢੇ ਤੇਗੀ (ਤੇਗਾਂ ਨਾਲ ਵੱਢੇ ਹੋਏ), ਝਾੜਉ (ਝਾੜਾਂ ਵਿਚ)। ਸਮਾਸ ਘੜਨ ਵਿਚ ਵੀ ਬੜੀ ਨਿਪੁੰਨਤਾ ਵਿਖਾਈ ਹੈ। ਉਦਾਹਰਨ ਵਜੋਂ ਸੰਗਲੀਆਲੇ, ਬੰਬਲੀਆਲੇ, ਜਟਾਲੇ। ਇਸ ਤੋਂ ਇਲਾਵਾ ਗੁਰੂ ਜੀ ਨੇ ਅੰਤਰ-ਭਾਸ਼ੀ ਸਮਾਸ ਵੀ ਘੜੇ ਹਨ ਜਿਵੇਂ ਖਰਚਾਮੀ ਵਿਚ ਖਰ ਫ਼ਾਰਸੀ ਤੇ ਚਾਮੀ-ਸੰਸਕ੍ਰਿਤ । ਇਸੇ ਤਰ੍ਹਾਂ ਸੀਹਣ ਸਾਰ ਦੀ, ਗੋਸ਼ਤ-ਗਿੱਧੀਆਂ ਆਦਿ ਸਮਾਸ ਵੇਖੇ ਜਾ ਸਕਦੇ ਹਨ।੧੮

ਇਸ ਵਾਰ ਵਿਚ ਬੀਰ ਰਸੇ ਦੀ ਛਣਕਾਰ ਪੈਦਾ ਕਰਨ ਲਈ ਖਰਵੀਆਂ ਧੁਨੀਆਂ ਜਿਵੇਂ ਗ, ਢ, ਝ, ਘ, ੜ ਆਦਿ ਦੀ ਵਰਤੋਂ ਕੀਤੀ ਗਈ ਹੈ। ਅਨੁਨਾਸਿਕਤਾ ਅੱਜ ਨਾਲੋਂ ਘਟ ਹੈ ਜਿਵੇਂ ਥਾਈ (ਥਾਈਂ), ਤੈਥੋ (ਤੈਥੋਂ), ਤੈਹੀ (ਤੈਹੀਂ) ਆਦਿ। ਯ ਦੀ ਥਾਂ `ਤੇ `ਜ` ਦੀ ਵਰਤੋਂ ਮਿਲਦੀ ਹੈ ਜਿਵੇਂ ਸਤਜੁਗ, ਜੁਗ, ਜੋਧੇ, ਜੁਧ ਆਦਿ। ਭਾਸ਼ਾ ਅਲੰਕ੍ਰਿਤ ਹੈ ਤੇ ਪ੍ਰਸੰਗ ਅਨੁਸਾਰ ਹੈ। ਵਾਰ ਵਿਚ ਠੇਠ ਮੁਹਾਵਰੇ ਵੀ ਮਿਲਦੇ ਹਨ ਜਿਵੇਂ ਬਿੱਜ ਪੈਣਾ (ਮਾਰੇ ਬਿਜ ਦੇ), ਸਾਈ ਦੇਣਾ (ਜਾਪੇ ਦਿਤੀ ਸਾਈ) ਆਦਿ। ਉਪਰੋਕਤ ਚਰਚਾ ਤੋਂ ਅਸੀਂ ਇਸ ਨਿਰਣੇ `ਤੇ ਪਹੁੰਚਦੇ ਹਾਂ ਕਿ ਚੰਡੀ ਦੀ ਵਾਰ ਦੀ ਬੋਲੀ ਨਾ ਹੀ ਠੇਠ ਮਲਵਈ ਹੈ ਤੇ ਨਾ ਹੀ ਠੇਠ ਦੁਆਬੀ ਜਾਂ ਲਹਿੰਦੀ ਆਦਿ ਹੈ। ਸਗੋਂ ਇਹ ਉਸ ਸਮੇਂ ਵੀ ਆਮ ਬੋਲ ਚਾਲ ਦੀ ਬੋਲੀ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਜੰਗ ਦੇ ਮੈਦਾਨ ਜਾਣ ਲਈ ਉਤਸ਼ਾਹਿਤ ਕਰਨ ਲਈ ਇਸ ਵਾਰ ਦੀ ਰਚਨਾ ਕੀਤੀ। ਸਰੋਤਿਆਂ ਵਿਚ ਇਸ ਦਾ ਸੰਚਾਰ ਕਰਨ ਲਈ ਇਹ ਜ਼ਰੂਰੀ ਸੀ ਕਿ ਗੁਰੂ ਸਾਹਿਬ ਉਸ ਸਮੇਂ ਦੀ ਪ੍ਰਚਲਿਤ ਭਾਸ਼ਾ ਦਾ ਉਪਯੋਗ ਕਰਦੇ।

(ਅ) ਛੰਦ ਪ੍ਰਬੰਧ: `ਛੱਧ` ਸ਼ਬਦ ਦਾ ਧਾਤੂ ਛੰਦ ਵੀ ਮੰਨਿਆ ਜਾਂਦਾ ਹੈ, ਜਿਸ ਦੇ ਅਰਥ ਹਨ, ਪੱਤੇ ਢਕਣਾ, ਪੜਦਾ, ਅਚਾਦਾਨ, ਕਰੁਣਾ, ਆਦਿ। ਰਿਗਵੇਦ ਦੇ ਨਿਰੁਕਤ ਅੰਗ ਵਿਚ ਆਇਆ ਹੈ ਕਿ ਦੇਵਤਿਆਂ ਨੇ ਮੌਤ ਅਤੇ ਦੁਖਾਂ ਤੋਂ ਬਚਣ ਲਈ ਜਿਨ੍ਹਾਂ ਮੰਤਰਾਂ ਰਾਹੀਂ ਆਪਣੇ ਆਪ ਨੂੰ ਢੱਕਿਆ, ਉਹਨਾਂ ਨੂੰ `ਛੰਦ` ਕਹਿੰਦੇ ਹਨ। ਇਸ ਤਰ੍ਹਾਂ ਵੇਦ ਦਾ ਨਾਂ ਵੀ ਛੰਦ ਪੈ ਗਿਆ। `ਛੰਦ` ਸ਼ਬਦ ਨੂੰ ਸੰਸਕ੍ਰਿਤ ਸ਼ਬਦ `ਛੰਦਸ` ਤੇ `ਛੰਦਕ` ਨਾਲ ਵੀ ਜੋੜਿਆ ਜਾਂਦਾ ਹੈ। ਛੰਦਕ ਦੇ ਅਰਥ ਹਨ `ਹੱਥ` ਵਿਚ ਪਾਉਣ ਵਾਲਾ ਗਹਿਣਾ, ਭੂਸ਼ਣ ਆਦਿ। ਸ੍ਰੀਮਦ ਭਾਗਵਦ ਗੀਤਾ ਵਿਚ ਵੇਦਾਂ ਨੂੰ ਛੰਦਸ ਕਿਹਾ ਗਿਆ ਹੈ। `ਅਮਰਕੋਸ਼` ਜੋ ਛੇਵੀਂ ਸਦੀ ਦੀ ਰਚਨਾ ਹੈ ਵਿਚ ਛੰਦ ਦੇ ਅਰਥ `ਮਨ ਦੀ ਗੱਲ` ਦਿੱਤੇ ਹਨ। ਵੇਦ ਦੇ ਛੇ ਅਮਗਾਂ ਵਿਚੋਂ ਇਕ ਅੰਗ `ਛੰਦ` ਮੰਨਿਆ ਗਿਆ ਹੈ। ਹੋਰ ਅੰਗ ਹਨ: ਸਿਖਿਆ, ਕਲਪ, ਵਿਆਕਰਣ, ਨਿਰੁਕਤ ਅਤੇ ਜੋਤਸ਼। ਨਿਰੁਕਤ ਤੇ ਭਾਸ਼ਾਕਾਰ ਦਾ ਕਥਨ ਹੈ ਕਿ ਛੰਦ ਤੋਂ ਬਿਨਾਂ ਬਾਣੀ ਦਾ ਉਚਾਰਣ ਸੰਭਵ ਨਹੀਂ ਹੈ।੧੯ ਵ੍ਰਿਹਤ ਸ਼ਬਦਸਾਗਰ ਅਨੁਸਾਰ ਛੰਦ ਸ਼ਬਦ ਦੀ ਵਰਤੋਂ ਭਿੰਨ ਭਿੰਨ ਅਰਥਾਂ ਵਿਚ ਕੀਤੀ ਗਈ ਹੈ ਜਿਵੇਂ:

੧. ਵੇਦ

੨. ਵੇਦ ਵਾਕ ਜਿਸ ਵਿਚ ਗਾਇਤ੍ਰੀ ਵੀ ਸ਼ਾਮਲ ਹੈ।

੩. ਉਹ ਵਾਕ ਜਿਸ ਦੀ ਰਚਨਾ ਵਰਣ ਅਤੇ ਮਾਤ੍ਰਾ ਦੇ ਨਿਯਮਾਂ `ਤੇ ਆਧਾਰਿਤ ਹੋਵੇ।

੪. ਛੇ ਵੇਦਾਗਾਂ ਵਿਚੋਂ ਇਕ ਵਿਦਿਆ ਜਿਸ ਵਿਚ ਛੰਦ ਦੇ ਲੱਛਣਾਂ ਦਾ ਵਿਚਾਰ ਕੀਤਾ ਗਿਆ ਹੋਵੇ।

੫. ਛਾਦਨ, ਪਰਦਾ, ਢਕਣ, ਆਵਰਣ

੬. ਪਤਨੀ

੭. ਰੰਗ ਢੰਗ, ਆਕਾਰ, ਚੇਸ਼ਟਾ

੮. ਛਲ ਛੰਦ, ਕਪਟ, ਮਕਰ

੯. ਅਭਿਲਾਖਾ

੧੦. ਚਾਲ, ਕਲਾ, ਚਾਲਾਕੀ, ਆਦਿ

੧੧. ਬੰਧਨ੨੦

ਉਂਕਾਰ ਪ੍ਰਸ਼ਾਦ ਮਹੇਸ਼ਵਰੀ ਅਨੁਸਾਰ ਛੰਦ ਦਾ ਕੋਸ਼ਗਤ ਅਰਥ ਇਹ ਹੈ ਕਿ ਜੋ ਮਨੁੱਖਾਂ ਨੂੰ ਪ੍ਰਸੰਨ ਕਰਦਾ ਹੈ ਜਾਂ ਆਨੰਦ ਦਿੰਦਾ ਹੈ, ਉਹ ਛੰਦ ਹੈ। ਪ੍ਰੇਮ ਪ੍ਰਕਾਸ਼ ਸਿੰਘ ਛੰਦ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਦੇ ਹਨ ਕਿ ਕਵਿਤਾ ਵਿਚ ਮਾਤ੍ਰਾ ਜਾਂ ਵਰਣਾਂ ਨੂੰ ਖਾਸ ਵਿਉਂਤ ਨਾਲ ਜੋੜਕੇ ਵਜ਼ਨ, ਤੋਲ, ਸੁਰ, ਬਿਸਰਾਮ ਦਾ ਖ਼ਿਆਲ ਰੱਖਦੇ ਹੋਏ ਤੁਕਾਂਤ ਦੇ ਮੇਲ ਨਾਲ ਲੈ ਪੈਦਾ ਕਰਨੀ ਹੀ ਛੰਦ ਹੈ।੨੧

ਭਾਵੇਂ ਛੰਦ ਦੇ ਕਈ ਅਰਥ ਦਿੱਤੇ ਗਏ ਹਨ ਪਰ ਅੱਜ ਪੰਜਾਬੀ ਕਾਵਿ ਸਾਹਿਤ ਵਿਚ ਛੰਦ ਦੇ ਦੋ ਹੀ ਅਰਥ ਪ੍ਰਧਾਨ ਮੰਨੇ ਜਾਂਦੇ ਹਨ: ਇਕ ਉਹ ਵਿਦਿਆ ਜਿਸ ਵਿਚ ਛੰਦ ਦੇ ਲੱਛਣ ਆਦਿ ਦਾ ਗਿਆਨ ਦਿੱਤਾ ਜਾਵੇ ਅਤੇ ਦੂਜਾ ਅਜੇਹੀ ਰਚਨਾ ਜੋ ਅੱਖਰ, ਮਾਤ੍ਰਾ, ਗੁਣ, ਆਦਿ ਦੇ ਨਿਯਮਾਂ `ਤੇ ਆਧਾਰਤ ਹੋਵੇ। ਇਸ ਤਰ੍ਹਾਂ ਵਜ਼ਨ ਤੋਲ ਵਿਚ ਲਿਖਿਆ ਹਰ ਵਾਕ ਛੰਦ ਹੈ ਅਤੇ ਦੂਜੇ ਸ਼ਬਦਾਂ ਵਿਚ ਹਰ ਪਦ ਅਥਵਾ ਨਜ਼ਮ ਛੰਦ ਹੈ।੨੨

ਪੁਰਾਤਨ ਕਾਲ ਦੀ ਲਗਪਗ ਸਾਰੀ ਕਾਵਿ ਰਚਨਾ ਛਮਦਾ ਬੰਦੀ ਵਿਚ ਹੈ। ਉਸ ਸਮੇਂ ਛੰਦਾ ਬੰਦੀ ਤੋਂ ਬਿਨਾਂ ਵਿਦਿਆ ਅਧੂਰੀ ਸਮਝੀ ਜਾਂਦੀ ਸੀ। ਇਸ ਦੇ ਕਈ ਕਾਰਨ ਹਨ ਜਿਵੇਂ:

੧. ਛੰਦਬਧ ਰਚਨਾ ਇਕ ਖ਼ਾਸ ਨਜ਼ਾਮ ਹੁੰਦਾ ਹੈ, ਇਸ ਲਈ ਇਸ ਵਿਚ ਕਹੀ ਗੱਲ ਵਧੇਰੇ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਹੁੰਦੀ ਹੈ।

੨. ਛੰਦਬਧ ਕਾਵਿ ਵਿਚ ਇਕ ਸੰਗੀਤ ਜਾਂ ਸੰਗੀਤਕ ਲੈ ਪੈਦਾ ਹੋ ਜਾਂਦੀ ਹੈ। ਇਸ ਲਈ ਜਦ ਇਹ ਗਾ ਕੇ ਪੜ੍ਹੀ ਜਾਂਦੀ ਹੈ ਤਾਂ ਸਰੋਤਿਆਂ `ਤੇ ਖ਼ਾਸ ਅਸਰ ਕਰਦੀ ਹੈ।

੩. ਛੰਦਬਧ ਰਚਨਾ ਵਿਚ ਸ਼ਬਦ ਚੋਣ `ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਇਸ ਲਈ ਇਸ ਨਾਲ ਥੋੜੇ ਤੋਂ ਥੋੜੇ ਸ਼ਬਦਾਂ ਵਿਚ ਵੱਧ ਤੋਂ ਵੱਧ ਕਿਹਾ ਜਾ ਸਕਦਾ ਹੈ।

੪. ਛੰਦਬਧ ਰਚਨਾ ਜ਼ਬਾਨੀ ਯਾਦ ਕਰਨੀ ਸੌਖੀ ਹੈ ਇਸ ਲਈ ਪੁਰਾਣਾ ਸਾਹਿਤ ਸਦੀਆਂ ਤੀਕ ਸੀਨਾ ਬਸੀਨਾ ਹੀ ਅੱਗੇ ਚਲਦਾ ਰਿਹਾ ਹੈ। ਪੁਰਾਤਨ ਸਾਹਿਤ ਲਗਪਗ ਸਾਰਾ ਛੰਦ ਵਿਚ ਹੀ ਹੈ। `ਬਾਣੀ ਕੰਠ ਤੇ ਪੈਸਾ ਗੰਠ` ਅਨੁਸਾਰ ਉਹੀ ਵਡੇਰਾ ਵਿਦਵਾਨ ਮੰਨਿਆ ਜਾਂਦਾ ਸੀ ਜਿਸ ਨੂੰ ਵਧੇਰੇ ਬਾਣੀ ਜ਼ਬਾਨੀ ਯਾਦ ਹੁੰਦੀ ਸੀ।੨੩

ਪੰਜਾਬੀ ਦਾ ਸ਼੍ਰੋਮਣੀ ਕਿੱਸਾਕਾਰ ਵਾਰਿਸ ਸ਼ਾਹ ਵੀ ਸ਼ਾਇਰੀ ਲਈ ਅਰੂਜ਼ ਦਾ ਗਿਆਨ ਹੋਣਾ ਜ਼ਰੂਰੀ ਦੱਸਦਾ ਹੈ:

ਜਾਹਲ ਸ਼ਾਇਰਾਂ ਨੂੰ ਜਰਾ ਸਮਝ ਆਵੇ,

ਸ਼ਿਅਰ ਮੌਜੂ ਲਿਖ ਸੁਣਾਈਏ ਜੀ।

ਇਲਮ ਸ਼ਾਇਰੀ ਦਾ ਜਿਸ ਨੂੰ ਪਤਾ ਨਾਹੀਂ,

ਉਸ ਨੂੰ ਇਲਮ ਅਰੂਜ਼ ਪੜ੍ਹਾਈਏ ਜੀ।

ਸੰਤ ਸਿੰਘ ਸੇਖੋਂ ਛੰਦ ਤੇ ਕਵਿਤਾ ਦਾ ਅਨਿੱਖੜਵਾਂ ਸੰਬੰਧ ਦਰਸਾਉਂਦੇ ਹੋਏ ਲਿਖਦੇ ਹਨ, "ਕੇਵਲ ਛੰਦ ਬਧ ਰਚਨਾ ਹੀ ਕਵਿਤਾ ਹੈ ਜਿਵੇਂ ਕੇਵਲ ਇਸਤਰੀ ਲਿੰਗ ਰੂਪ ਵਾਲਾ ਵਿਅਕਤੀ ਹੀ ਨਾਰੀ ਜਾਂ ਇਸਤਰੀ ਹੈ। ਜਿਸ ਤਰ੍ਹਾਂ ਕਿਸੇ ਇਸਤਰੀ ਵਿਚ ਨਾਰੀਤਵ ਦੇ ਗੁਣ ਘਟ ਜਾਂ ਵੱਧ ਹੋ ਸਕਦੇ ਹਨ, ਉਸੇ ਤਰ੍ਹਾਂ ਛੰਦ ਵਿਚ ਵੀ ਕਵਿਤਾ ਦੇ ਗੁਣ ਘਟ ਜਾਂ ਵੱਧ ਹੋ ਸਕਦੇ ਹਨ। ਪਰ ਕਵਿਤਾ ਦੇ ਨਾਉ ਦੀ ਯੋਗਤਾ ਕੇਵਲ ਛੰਦ ਨੂੰ ਹੀ ਪ੍ਰਾਪਤ ਹੈ।"੨੪

ਉਹ ਅੱਗੇ ਲਿਖਦੇ ਹਨ ਕਿ ਛੰਦ ਕਵਿਤਾ ਦਾ ਸਰੀਰ ਹੈ ਤੇ ਜਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਉਸ ਦੇ ਸਰੀਰਕ ਰੂਪ ਵਿਚ ਹੀ ਜਾਣਿਆ ਜਾ ਸਕਦਾ ਹੈ, ਕਵਿਤਾ ਦੀ ਜਾਣ ਪਛਾਣ ਪਹਿਲਾਂ ਇਸ ਦੇ ਛੰਦ (ਸਰੀਰ) ਰਾਹੀਂ ਹੀ ਹੁੰਦੀ ਹੈ। ਜਿਤਨਾ ਇਸ ਦਾ ਸਰੀਰ ਤੇ ਚਿਹਰਾ ਮੁਹਰਾ ਵੱਧ ਜਾਣਿਆ ਪਛਾਣਿਆ ਹੋਵੇਗਾ ਉਤਨੀ ਹੀ ਕੋਈ ਕਵਿਤਾ ਵਧੇਰੇ ਪ੍ਰਵਾਨ ਹੋਵੇਗੀ।੨੫ ਏਸੇ ਤਰ੍ਹਾਂ ਬਹੁਤ ਸਾਰੇ ਵਿਦਵਾਨ ਛੰਦ ਨੂੰ ਕਵਿਤਾ ਦਾ ਜ਼ਰੂਰੀ ਅੰਗ ਮੰਨਦੇ ਹਨ ਤੇ ਛੰਦ ਰਹਿਤ ਕਵਿਤਾ ਨੂੰ ਕਵਿਤਾ ਮੰਨਣ ਲਈ ਤਿਆਰ ਨਹੀਂ।

ਇਸ ਦੇ ਉਲਟ ਕਈ ਵਿਦਵਾਨ ਛੰਦ ਨੂੰ ਕਵਿਤਾ ਦਾ ਜ਼ਰੂਰੀ ਅੰਗ ਨਹੀਂ ਮੰਨਦੇ। ਇਹਨਾਂ ਦਾ ਮੋਢੀ ਅਰਸਤੂ ਹੈ। ਉਸ ਨੇ ਆਪਣੀ ਰਚਨਾ ਪੋਇਟਿਕਸ (ਫੋeਟਚਿਸ) ਵਿਚ ਸਾਫ਼ ਤਾਂ ਨਹੀਂ ਪਰ ਗੌਣ ਰੂਪ ਵਿਚ ਲਿਖਿਆ ਹੈ ਕਿ ਕਵਿਤਾ ਵਿਚ ਛੰਦ ਨੂੰ ਕੋਈ ਖਾਸ ਮਹੱਤਤਾ ਹਾਸਲ ਨਹੀਂ। ਭਾਵੇਂ ਜ਼ਮਾਨੇ ਦੇ ਰਸਮ ਰਿਵਾਜ਼ ਨੇ ਛੰਦ ਨੂੰ ਕਵਿਤਾ ਨਾਲ ਜੋੜ ਦਿੱਤਾ ਹੈ ਪਰ ਕੇਵਲ ਛੰਦ ਰਚਨ ਵਾਲੇ ਨੂੰ ਕਵੀ ਨਹੀਂ ਆਖਿਆ ਜਾ ਸਕਦਾ। ਅਰਸਤੂ ਦੇ ਇਸ ਖ਼ਿਆਲ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੋ ਸਕਦੀ ਹੈ ਕਿ ਉਸ ਨੇ ਪਲੈਟੋ ਦੇ ਸਿੰਪੋਜ਼ੀਅਮ (ਸ਼ੇਮਪੋਸਿਮ) ਦੀ ਸ਼ੈਲੀ ਨੂੰ ਵੀ ਬੇ-ਵਜ਼ਨ ਤੇ ਬੇ-ਬਹਿਰ ਕਵਿਤਾ ਵਿਚ ਸ਼ਾਮਲ ਕੀਤਾ ਹੈ। ਭਾਰਤੀ ਛਮਦਾਂ ਦੇ ਵਿਕਾਸ ਦੇ ਮੁੱਢਲੇ ਸਮੇਂ ਵਿਚ ਵੀ ਕਵਿਤਾ ਵਿਚ ਕਾਫ਼ੀਆਂ ਮੇਲਣ ਦਾ ਬਹੁਤਾ ਧਿਆਨ ਨਹੀਂ ਸੀ ਰਖਿਆ ਜਾਂਦਾ। ਵੈਦਿਕ ਕਵਿਤਾ ਵਧੇਰੇ ਤੁਕਾਂਤ ਰਹਿਤ ਹੈ।੨੬

ਉਪਰੋਕਤ ਦੋਵੇਂ ਧਾਰਨਾਵਾਂ ਇਕ ਪਾਸੜ ਹਨ। ਇਹ ਠੀਕ ਹੈ ਕਿ ਅੱਜਕਲ ਛੰਦ ਰਹਿਤ ਕਵਿਤਾ ਵੀ ਲਿਖੀ ਜਾ ਰਹੀ ਹੈ ਪਰ ਛੰਦ-ਬਧ ਕਵਿਤਾ ਨੂੰ ਅੱਜ ਵੀ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਨਿਰੀ ਛੰਦਾ-ਬੰਦੀ ਕਵਿਤਾ ਨਹੀਂ ਅਖਵਾ ਸਕਦੀ ਤੇ ਚੰਗੀ ਕਵਿਤਾ ਲਈ ਛੰਦਾ-ਬੰਦੀ ਤੋਂ ਇਲਾਵਾ ਬਾਕੀ ਕਾਵਿ-ਗੁਣ ਵੀ ਹੋਣੇ ਚਾਹੀਦੇ ਹਨ।

ਵਾਰ ਲਈ ਸਭ ਤੋਂ ਪ੍ਰਮਾਣਿਕ ਸਰੂਪ ਪਉੜੀ ਹੀ ਹੈ। ਭਾਈ ਕਾਨ੍ਹ ਸਿੰਘ ਨਾਭਾ ਪਉੜੀ ਨੂੰ ਇਕ ਛੰਦ ਦਰਸਾਉਂਦੇ ਹੋਏ ਲਿਖਦੇ ਹਨ:

ਇਕ ਛੰਦ ਜਿਸ ਵਿਚ ਵਿਸ਼ੇਸ਼ ਕਰਕੇ ਯੁੱਧ ਦੀਆਂ ਵਾਰਾਂ ਰਚੀਆਂ ਜਾਂਦੀਆਂ ਹਨ, ਢਾਡੀ ਲੋਕ ਯੁੱਧ ਦਾ ਪ੍ਰਸੰਗ ਵਾਰਤਿਕ ਸੁਣਾ ਕੇ ਉਸ ਦਾ ਸਾਰ ਪੌੜੀ ਛੰਦ ਵਿਚ ਲੈ ਤਾਰ ਨਾਲ ਮ੍ਰਿਦੰਗ ਦੀ ਸਹਾਇਤਾ ਸਾਥ ਗਾ ਕੇ ਪ੍ਰਕਰਣ ਸਮਾਪਤ ਕਰਦੇ ਹਨ, "ਦੁਰਗਾ-ਪਾਠ ਬਣਾਇਆ ਸਭੇ ਪਉੜੀਆਂ" (ਚੰਡੀ ੩) ਸ੍ਰੀ ਗੁਰੂ ਸਾਹਿਬ ਜੀ ਦੀਆਂ ਵਾਰਾਂ ਵਿਚ ਅਨੇਕ ਛੰਦ "ਪਉੜੀ" ਸਿਰਲੇਖ ਹੇਠ ਦੇਖੇ ਜਾਂਦੇ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪਦ ਭੀ ਪਉੜੀ ਨਾਮ ਤੋਂ ਹੀ ਪ੍ਰਸਿੱਧ ਹਨ, ਇਹ ਛੰਦ ਸਮ ਅਤੇ ਵਿਖਮ ਦੋਵੇਂ ਪ੍ਰਕਾਰ ਦਾ ਦੇਖੀਦਾ ਹੈ। ਗੁਰੂ ਅਰਜਨ ਦੇਵ ਜੀ ਨੇ ਨੌਂ ਵਾਰਾਂ ਤੇ ਨੌਂ ਧੁਨੀਆਂ ਪਉੜੀ ਦੀਆਂ ਰਾਗੀਆਂ ਦੇ ਗਾਉਣ ਲਈ ਠਹਿਰਾਈਆਂ ਹਨ।੨੭ ਪੰਜਾਬੀ ਸਾਹਿਤ ਕੋਸ਼ ਦੇ ਕਰਤਾ ਅਨੁਸਾਰ:

ਪਉੜੀ ਦੇ ਕੋਸ਼ਗਤ ਅਰਥ ਹਨ `ਪੈਰ ਰੱਖਣ ਦੀ ਥਾਂ`, ਪਰ ਆਮ ਬੋਲ ਚਾਲ ਵਿਚ ਸੀੜੀ ਦੇ ਹਰ ਡੰਡੇ ਨੂੰ ਪੌੜੀ ਕਹਿੰਦੇ ਹਨ ਤੇ ਇਨ੍ਹਾਂ ਡੰਡਿਆਂ ਨਾ ਤਿਆਰ ਹੋਈ ਸੀੜ੍ਹੀ ਨੂੰ ਭੀ ਆਖਦੇ ਹਨ। ਸਾਹਿਤ ਖੇਤਰ ਵਿਚ ਇਹ ਇਕ ਕਾਵਿ-ਰੂਪ ਹੈ, ਜਿਸ ਅੰਦਰ ਵਿਚਾਰਾਂ ਦੀ ਉਸਾਰੀ ਪੌੜੀ ਦੇ ਡੰਡਿਆਂ ਅਨੁਸਾਰ ਹੁੰਦੀ ਹੈ। ਇਕ ਖਿਆਲ ਤੋਂ ਬਾਅਦ ਦੂਜਾ ਖ਼ਿਆਲ ਬੜੀ ਵਾਰ ਜੁੜਦਾ ਜਾਂਦਾ ਹੈ ਤੇ ਫੇਰ ਕੁਝ ਪੌੜੀਆਂ ਇਕੱਠੀਆਂ ਹੋ ਕੇ ਇਕ ਸਮੁੱਚਾ ਖਿਆਲ ਬਣਾਂਦੀਆਂ ਹਨ। ਲੰਮੇਰੇ ਮਜ਼ਬੂਨ ਨਿਭਾਉਣ ਲਈ ਇਸ ਦੀ ਪੰਜਾਬੀ ਕਾਵਿ ਵਿਚ ਠੀਕ ਤਰ੍ਹਾਂ ਵਰਤੋਂ ਹੁੰਦੀ ਹੈ ਜਿਵੇਂ ਮੁਸੱਦਸ ਦੀ ਉਰਦੂ ਫ਼ਾਰਸੀ ਕਾਵਿ ਵਿਚ। ਇਸੇ ਤਰ੍ਹਾਂ ਜਪੁਜੀ, ਅਨੰਦ, ਬਾਵਨ ਅੱਖਰੀ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੀਆਂ ਵਾਰਾਂ ਵਿਚ ਪਉੜੀਆਂ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ।੨੮

ਵਾਰ ਲਈ ਪਉੜੀ ਦੀ ਮਹੱਤਾ ਨੂੰ ਉਜਾਗਰ ਕਰਦੇ ਹੋਏ ਰਤਨ ਸਿੰਘ ਜੱਗੀ ਲਿਖਦੇ ਹਨ, "ਵਾਰ ਪਉੜੀਆਂ ਵਿਚ ਲਿਖੀ ਜਾਂਦੀ ਹੈ। ਜੇ ਟੱਕਰ `ਵਾਰ` ਦੀ ਆਤਮਾ ਹੈ ਤਾਂ ਪਉੜੀ ਕਲੇਵਰ।"੨੯ ਪਰੰਤੂ ਕਈ ਵਿਦਵਾਨ ਪਉੜੀ ਨੂੰ ਛੰਦ ਨਹੀਂ ਮੰਨਦੇ। ਰੋਸ਼ਨ ਲਾਲ ਅਹੂਜਾ ਤੇ ਗੁਰਦਿਆਲ ਸਿੰਘ ਫੂੱਲ ਇਸ ਨੂੰ ਕਾਵਿਕ-ਭੇਦ ਮੰਨਦੇ ਹਨ। ਉਹਨਾਂ ਅਨੁਸਾਰ, "ਪਉੜੀ ਦੇ ਮਾਤ੍ਰਾਂ ਵਿਚ ਇਕਸਾਰ ਹੋਣ ਕਰਕੇ ਹੀ ਇਸ ਨੂੰ ਛੰਦ ਨਹੀਂ, ਕਵਿਤਾ ਭੇਦ ਮੰਨਿਆ ਜਾਂਦਾ ਹੈ।"੩੦ ਪਿਆਰਾ ਸਿੰਘ ਪਦਮ ਇਸ ਨੂੰ ਚਿਹਣ ਪ੍ਰਬੰਧ ਮੰਨਦੇ ਹਨ।੩੧ ਜੀਤ ਸਿੰਘ ਸੀਤਲ ਪਉੜੀ ਨੂੰ ਛੰਦ ਤੇ ਕਾਵਿ ਭੇਦ ਦਾ ਮਿਸ਼ਰਣ ਮੰਨਦੇ ਹਨ। ਉਹਨਾਂ ਦਾ ਮੱਤ ਹੈ, "ਪਉੜੀ ਨਾ ਤਾਂ ਨਿਰੋਲ ਛੰਦ ਹੈ ਤੇ ਨਾ ਹੀ ਕਾਵਿ ਭੇਦ ਬਲਕਿ ਦੋਵਾਂ ਦਾ ਮਿਸ਼ਰਣ `ਛੰਦ ਗਤ ਰੂਪ` ਹੈ। ਵਾਰ ਪਉੜੀਆਂ ਤੋਂ ਬਿਨਾਂ ਨਹੀਂ ਹੋ ਸਕਦੀ। ਪਉੜੀਆਂ ਵਾਰ ਤੋਂ ਬਿਨਾਂ ਹੋ ਸਕਦੀਆਂ ਹਨ ਜਿਵੇਂ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਵਿਚ ਹਨ। ਯੁੱਧ ਸੰਬੰਧੀ ਹੋਣ `ਤੇ ਵੀ ਕੋਈ ਪਉੜੀ ਬਿਨਾਂ ਵਾਰ ਨਹੀਂ ਅਖਵਾ ਸਕਦੀ। ਜੰਗ ਸਿੰਘਾਂ ਤੇ ਫਿਰੰਗੀਆਂ (ਸ਼ਾਹ ਮੁਹੰਮਦ), ਜੰਗ ਨਾਮਾ ਹਾਮਦ, ਜੰਗ ਨਾਮਾ ਹਰੀ ਸਿੰਘ (ਰਾਮ ਦਿਆਲ) ਵਾਰ ਹਰੀ ਸਿੰਘ (ਕਾਦਰਯਾਰ) ਆਦਿ ਰਚਨਾਵਾਂ ਪਉੜੀਆਂ ਦੀ ਅਣਹੋਂਦ ਸਦਕਾ ਵਾਰਾਂ ਨਹੀਂ ਬਣ ਸਕੀਆਂ। ਵਾਰ ਤੇ ਪਉੜੀ ਦਾ ਪਰਸਪਰ ਪਰੰਪਰਾਗਤ ਸੰਬੰਧ ਕਾਇਮ ਹੋ ਚੁੱਕਿਆ ਹੈ। ਨਾਦਰਸ਼ਾਹ ਦੀ ਵਾਰ ਨੂੰ ਹੁਣ ਤੀਕ ਨਾਦਰਸ਼ਾਹ ਦੀ ਪਉੜੀ ਕਰਕੇ ਜਾਣਿਆ ਜਾਂਦਾ ਰਿਹਾ ਹੈ।"੩੨

ਉਪਰੋਕਤ ਚਰਚਾ ਤੋਂ ਅਸੀਂ ਇਸ ਨਿਰਣੇ `ਤੇ ਪੁੱਜਦੇ ਹਾਂ ਕਿ ਵਾਰ ਹਮੇਸ਼ਾ ਪਉੜੀਆਂ ਵਿਚ ਲਿਖੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚੰਡੀ ਦੀ ਵਾਰ ਪਉੜੀਆਂ ਵਿਚ ਲਿਖੀ ਤੇ ਇਸ ਦੀ ਪੁਸ਼ਟੀ ਉਹ ਆਪ ਕਰਦੇ ਹਨ, ਜਦੋਂ ਉਹ ਲਿਖਦੇ ਹਨ, "ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।" ਪਉੜੀ ਵਾਰ ਦੇ ਇਕ ਬੰਦ ਨੂੰ ਕਿਹਾ ਹੈ। ਪਉੜੀ ਦੀਆਂ ਤੁਕਾਂ ਵਧ ਘੱਟ ਹੁੰਦੀਆਂ ਹਨ। ਪਉੜੀ ਦਾ ਭਾਵ ਦਰਸਾਉਣ ਵਾਲੇ ਸਲੋਕ ਸ਼ਾਮਲ ਕਰਨ ਦੀ ਰੀਤ ਪੰਜਵੇਂ ਗੁਰੂ ਜੀ ਨੇ ਤੋਰੀ ਸੀ। ਭਾਈ ਗੁਰਦਾਸ ਨੇ ਇਹ ਤਰੀਕਾ ਨਹੀਂ ਅਪਣਾਇਆ ਅਤੇ ਆਪਣੀ ਰਚਨਾ ਨਿਰੋਲ ਪਉੜੀਆਂ ਵਿਚ ਕੀਤੀ ਜਿਵੇਂ ਕਿ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਕੀਤਾ ਸੀ। ਇਹ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾਈ। ਚੰਡੀ ਦੀ ਵਾਰ ਵਿਚ ਇਕ ਦੋਹਿਰਾ ਤੇ ੫੪ ਪਉੜੀਆਂ ਹਨ। ਪਉੜੀਆਂ ਵਿਚ ਸਤਰਾਂ ਦੀ ਗਿਣਤੀ ਵਧ ਘਟ ਹੈ ਤੇ ਇਸ ਪ੍ਰਕਾਰ ਹੈ:

ਪਉੜੀ ਸ਼ਤਰਾਂ ਦੀ ਗਿਣਤੀ

੧ ੬

੨ ੯

੩ ੮

੪ ੮

੫ ੪

੬ ਇਕ ਦੋਹਾ

੭ ੪

੮ ੯

੯ ੭

੧੦ ੬

੧੧ ੬

੧੨ ੪

੧੩ ੬

੧੪ ੪

੧੫ ੮

੧੬ ੪

੧੭ ੬

੧੮ ੪

੧੯ ੧੧

੨੦ ੭

੨੧ ੪

੨੨ ੪

੨੩ ੪

੨੪ ੪

੨੫ ੫੫

੨੬ ੫

੨੭ ੪

੨੮ ੮

੨੯ ੭

੩੦ ੬

੩੧ ੫

੩੨ ੪

੩੩ ੧੦

੩੪ ੭

੩੫ ੬

੩੬ ੬

੩੭ ੪

੩੮ ੬

੩੯ ੯

੪੦ ੧੧

੪੧ ੧੨

੪੨ ੪

੪੩ ੧੧

੪੪ ੮

੪੫ ੮

੪੬ ੪

੪੭ ੪

੪੮ ੫

੪੯ ੮

੫੦ ੧੨

੫੧ ੪

੫੨ ੭

੫੩ ੬

੫੪ ੬

੫੫ ੫

ਭਾਵ ਨੂੰ ਹੋਰ ਸੰਘਣਾ ਕਰਨ ਲਈ ਕਈ ਵਾਰ ਪਉੜੀ ਦੀ ਅਖੀਰਲੀ ਤੁਕ ਅੱਧੀ ਵੀ ਰੱਖ ਲਈ ਜਾਂਦੀ ਹੈ ਅਤੇ ਭਾਈ ਗੁਰਦਾਸ ਨੇ ਅੰਤਲੀ ਤੁਕ ਨੂੰ ਦੁਹਰਾ ਜਾਂ ਟੀਪ ਵੀ ਬਣਾਇਆ ਹੈ। ਭਾਈ ਸਾਹਿਬ ਦੀਆਂ ਕਈਆਂ ਪਉੜੀਆਂ ਦੀਆਂ ਪਹਿਲੀਆਂ ਤੁਕਾਂ ਵਿਚ ਦੋ ਖ਼ਿਆਲਾਂ, ਰੁਚੀਆਂ ਜਾਂ ਗੁਣਾਂ ਦਾ ਭੇੜ ਹੁੰਦਾ ਹੈ ਅਤੇ ਅੰਤਲੀ ਤੁਕ ਨੂੰ ਸਿਖ਼ਰ ਦੀ ਤੁਕ ਬਣਾ ਪ੍ਰਮਾਣ ਜਾਂ ਦ੍ਰਿਸ਼ਟਾਂਤ ਲਈ ਨਿਰੂਪਣ ਕੀਤਾ ਹੁੰਦਾ ਹੈ। ੩੪ ਚੰਡੀ ਦੀ ਵਾਰ ਵਿਚ ਪਉੜੀ ਨੰ: ੧,੨,੩,੭,੨੨,੨੩ ਅਤੇ ੪੧ ਵਿਚ ਅੰਤਲੀ ਤੁਕ ਅੱਧੀ ਹੈ। ਪਉੜੀ ਨੰ: ੮ ਅਤੇ ੪੯ ਵਿਚ ਅੰਤਲੀਆਂ ਦੋ ਅੱਧੀਆਂ ਤੁਕਾਂ ਹਨ ਅਤੇ ਪਉੜੀ ਨੰ: ੫੦ ਦੇ ਅੰਤ ਵਿਚ ਪੰਜ ਅੱਧੀਆਂ ਤੁਕਾਂ ਹਨ। ਵਾਰ ਵਿਚ ਆਮ ਤੌਰ `ਤੇ ੧੯ ਮਾਤਰਾ ਤੋਂ ਲੈ ਕੇ ੨੮ ਮਾਤਰਾ ਵਾਲੀਆਂ ਪਉੜੀਆਂ ਹਨ ਤੇ ਇਹਨਾਂ ਦੀ ਬਣਤਰ ਆਮ ਤੌਰ `ਤੇ ੧੧+੮, ੧੨+੯, ੧੨+੧੦, ੧੪+੯, ੧੩+੧੧, ੧੩+੧੫ ਹੈ। ਇਹਨਾਂ ਦੀ ਮਾਤਰਾ ਦੀ ਗਿਣਤੀ ਕਈ ਥਾਵਾਂ `ਤੇ ੩੩ ਚਲੀ ਗਈ ਹੈ। ਵਾਰ ਵਿਚ ਪਉੜੀਆਂ ਦੇ ਅੰਤ ਵਿਚ ਆਈਆਂ ਅੱਧੀਆਂ ਤੁਕਾਂ ਦੀ

ਮਾਤ੍ਰਿਕ ਗਿਣਤੀ ਇਸ ਪ੍ਰਕਾਰ ਹੈ।

ਪਉੜੀ ਨੰ: ਤੁਕ ਨੰ: ਮਾਤਰਾ

੧ ੬ ੧੩

੨ ੯ ੧੬

੩ ੮ ੧੮

੭ ੪ ੧੫

੮ ੯ ੧੫

੮ ੧੦ ੧੫

੨੨ ੪ ੧੬

੨੩ ੪ ੧੪

੪੧ ੧੨ ੧੫

੪੯ ੭ ੧੬

੪੯ ੮ ੧੫

੫੦ ੮ ੧੫

੫੦ ੯ ੧੭

੫੦ ੧੧ ੧੫

੫੦ ੧੦ ੧੫

੫੦ ੧੨ ੧੫

ਪਉੜੀ ਦੋ ਛੰਦ ਭੇਦਾਂ ਨਿਸ਼ਾਨੀ ਤੇ ਸਿਰਖੰਡੀ ਵਿਚ ਲਿਖੀ ਜਾਂਦੀ ਹੈ ਤੇ ਇਹ ਦੋਵੇਂ ਛੰਦ ਚੰਡੀ ਦੀ ਵਾਰ ਵਿਚ ਉਪਲਬਧ ਹਨ।

ਨਿਸ਼ਾਨੀ ਛੰਦ: ਵਾਰ ਦੀ ਪਉੜੀ ਛੰਦ ਦਾ ਪ੍ਰਮਾਣੀਕ-ਨਮੂਨਾ ਨਿਸ਼ਾਨੀ ਛੰਦ ਹੀ ਹੈ।੩੫ ਨਿਸ਼ਾਨੀ ਛੰਦ ਨੂੰ ਉਪਮਾਨ ਛੰਦ ਵੀ ਆਖਦੇ ਹਨ। ਇਸ ਦੇ ਚਾਰ ਚਰਣ ਹੁੰਦੇ ਹਨ, ਪ੍ਰਤਿ ਚਰਣ ਤੇਈ ਮਾਤਰਾਂ ਹੁੰਦੀਆਂ ਹਨ, ਤੇਰਾਂ, ਦਸ ਉੱਤੇ ਬਿਸਰਾਮ ਹੁੰਦਾ ਹੈ ਅਤੇ ਅੰਤ ਦੋ ਗੁਰੂ ਹੁੰਦੇ ਹਨ।੩੫ ਪਰ ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ ਅਨੁਸਾਰ ਨਿਸ਼ਾਨੀ ਛੰਦ ਕਈ ਮਾਤਰਾਂ ਦਾ ਹੋ ਸਕਦਾ ਹੈ। ਵਾਰ ਲਈ ੨੩ ਮਾਤਰਾਂ ਵਾਲੇ ਛੰਦ ਵੀ ਵਰਤੇ ਜਾਂਦੇ ਹਨ। ਉਹ ੨੩ ਮਾਤਰਾਂ ਵਾਲੇ ਛੰਦ ਨੂੰ ਵਧੇਰੇ ਪ੍ਰਮਾਣੀਕ ਮੰਨਦੇ ਹਨ। ਉਹਨਾਂ ਅਨੁਸਾਰ ਨਿਸ਼ਾਨੀ ਛੰਦ ਦੀਆਂ ਅੰਤਲੀਆਂ ਮਾਤਰਾਂ ਦੀਰਘ ਤੇ ਗੁਰੂ ਹੁੰਦੀਆਂ ਹਨ ਤਾਂ ਜੋ ਗਾਉਣ ਵੇਲੇ ਲੋੜੀਂਦੀ ਘੂਕਰ ਉਪਜ ਸਕੇ। ਇਹਨਾਂ ਤੁਕਾਂ ਵਿਚ ਬੀਰ ਰਸ ਭਰਨ ਲਈ ਖਰਵੇ ਸ੍ਵਰਾਂ (ਵਿਸ਼ੇਸ਼ ਕਰਕੇ ਝ, ਢ, ਘ, ੜ, ਭ, ਧ) ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਸ਼ਬਦ ਅਜਿਹੇ ਢੰਗ ਨਾਲ ਜੋੜੇ ਜਾਂਦੇ ਹਨ ਕਿ ਪੜ੍ਹਨ ਲੱਗਿਆਂ ਫੁਰਤੀ ਕਰਨ ਲਈ ਮਜਬੂਰ ਕਰਨ ਅਤੇ ਘੂਕਰ ਖਵਕਵੀਂ ਆਵਾਜ਼ ਪੈਦਾ ਕਰਨ।੩੭ ਹੁਣ ਅਸੀਂ ਚੰਡੀ ਦੀ ਵਾਰ ਵਿਚ ਨਿਸ਼ਾਨੀ ਛੰਦ ਦੀ ਅਵਸਥਾ ਦੇਖਦੇ ਹਾਂ।

੨੩ ਮਾਤਰਾਂ ਵਾਲੇ ਛੰਦ ਦਾ ਪ੍ਰਮੁੱਖ ਨਮੂਨਾ ਨੌਵੀਂ ਪਉੜੀ ਵਿਚ ਮਿਲਦਾ ਹੈ ਪਰ ਇਥੇ ੪ ਦੀ ਥਾਂ `ਤੇ ੭ ਚਰਣ ਹਨ:

ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ॥ ੧੩+੧੦=੨੩

ਧਾਏ ਰਾਕਸਿ ਰੋਹਲੇ ਚਉਗਿਰਦੇ ਭਾਰੇ ॥ ੧੩+੧੦=੨੩

ਹਥੀਂ ਤੇਗਾਂ ਪਕੜਿ ਕੈ ਰਣ ਭਿੜੇ ਕਰਾਰੇ ॥ ੧੩+੧੦=੨੩

ਕਦੇ ਨ ਨੱਠੈ ਜੁੱਧ ਤੇ ਜੋਧੇ ਜੁਝਾਰੇ ॥੧੩+੧੦=੨੩

ਭਾਈ ਕਾਨ੍ਹ ਸਿੰਘ ਨਾਭਾ ਨੇ ਚੰਡੀ ਦੀ ਵਾਰ ਵਿਚ ਨਿਸ਼ਾਨੀ ਛੰਦ ਦੇ ਉਪਰੋਕਤ ਦਸੇ ਭੇਦ ਤੋਂ ਇਲਾਵਾ ਹੋਰ ਭੇਦ ਵੀ ਦੱਸੇ ਹਨ।੩੮ ਇਕ ਭੇਦ ਵਿਚ ਚਾਰ ਚਰਣ ਹਨ, ਜਿਸ ਵਿਚ ਤਿੰਨ ਚਰਣਾਂ ਦੀਆਂ ੨੭ ਮਾਤਰਾਂ ਪਹਿਲਾ ਬਿਸਰਾਮ ੧੩ ਤੇ ਦੂਜਾ ੧੪ ਤੇ। ਅੰਤ ਦੋ ਗੁਰੂ। ਚੌਥੇ ਚਰਣ ਦੀਆਂ ੧੫ ਮਾਤਰਾਂ, ਅੰਤ ਦੇ ਗੁਰੂ ਜਿਵੇਂ ਕਿ ਵਾਰ ਦੀ ੨੩ਵੀਂ ਪਉੜੀ ਵਿਚ:

ਸਾਧੂ ਸਤਜੁਗੁ ਬੀਤਿਆ ਅਧ ਸੀਲੀ ਤ੍ਰੇਤਾ ਆਇਆ ॥ ੧੩+੧੫

ਨੱਚੀ ਕਲ ਸਰੋਸਰੀ ਕਲ ਨਾਰਦ ਡਉਰੂ ਵਾਇਆ ॥ ੧੨+੫

ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ ॥੧੬+੧੫

ਜੀਤਿ ਲਏ ਤਿਨਿ ਦੇਵਤੇ ਤਿਹ ਲੋਕੀ ਰਾਜੁ ਕਮਾਇਆ ॥੧੩+੧੫

ਵੱਡਾ ਬੀਰ ਅਖਾਇ ਕੈ ਸਿਰ ਉਪਰ ਛਤ੍ਰ ਫਿਰਾਇਆ ॥੧੩+੧੪

ਦਿੱਤਾ ਇੰਦ੍ਰੁ ਨਿਕਾਲ ਕੈ ਤਿਨ ਗਿਰਿ ਕੈਲਾਸੁ ਤਕਾਇਆ ॥ ੧੩+੧੫

ਡਰਿ ਕੈ ਹੱਥੋ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ ॥ ੧੩+੧੫

ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥

ਚੌਥੇ ਭੇਦ ਵਿਚ ਬਾਰਾਂ ਚਰਣ ਹਨ। ਗਿਆਰਾਂ ਚਰਣ ੨੮ ਮਾਤਰਾਂ ਦੇ, ਬਿਸਰਾਮ ੧੩-੧੫ ਤੇ ਬਾਰਵਾਂ ਚਰਣ ੧੫ ਮਾਤਰਾਂ ਦਾ। ਅੰਤ ਵਿਚ ਰਗਣ ਸ਼ੀਸ਼ ਆਉਂਦਾ ਹੈ। ਜਿਵੇਂ ਵਾਰ ਦੀ ੪੧ਵੀਂ ਪਉੜੀ ਵਿਚ:

ਸੂਰੀ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥ ੧੨+੧੬

ਚੰਡ ਚਿਤਾਰੀ ਕਾਲਕਾ ਮਨਿ ਬਾਹਲਾ ਰੋਸ ਬਢਾਇ ਕੈ ॥ ੧੩ + ੧੬

ਨਿਕਲੀ ਮੱਥਾ ਫੋੜਿ ਕੈ ਜਨ ਫਤੇ ਨੀਸਾਣ ਬਜਾਇ ਕੈ ॥ ੧੨ +੧੬

ਜਾਗ ਸੁ ਜੰਮੀ ਜੁਧ ਨੋ ਜਰਵਾਣਾ ਜਣੁ ਮਰੜਾਇ ਕੈ ॥ ੧੩+੧੬

ਦਲ ਵਿਚਿ ਘੇਰਾ ਘੱਤਿਆ ਜਣ ਸੀਂਹ ਤੁਰਿਆ ਗਣਿਣਾਇ ਕੈ ॥ ੧੩+੧੬

ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਇ ਕੈ ॥ ੧੩ + ੧੫

ਰੋਹ ਸਿਧਾਇਆਂ ਚਕ੍ਰ ਪਾਨ ਕਰ ਨਿੰਦਾ ਖੜਗ ਉਠਾਇ ਕੈ ॥ ੧੬ +੧੫

ਅਗੈ ਰਾਕਸ ਬੈਠੇ ਰੋਹਲੇ ਤੀਰੀ ਤੇਗੀ ਛਹਬਰ ਲਾਇ ਕੈ ॥ ੧੬ + ੧੭

ਪਕੜ ਪਛਾੜੇ ਰਾਕਸਾਂ ਦਲ ਦੈਤਾਂ ਅੰਦਰਿ ਜਾਇ ਕੈ ॥ ੧੩ + ੧੫

ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰਿ ਧੂਮ ਰਚਾਇ ਕੈ ॥ ੧੫ + ੧੫

ਬਡੇ ਬਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥ ੧੩ + ੧੫

ਰਣ ਕਾਲੀ ਗੁੱਸਾ ਖਾਇ ਕੈ ॥੪੧॥ ੧੫

ਸਿਰਖੰਡੀ ਛੰਦ – ਸਿਰਖੰਡੀ ਮਾਤ੍ਰਿਕ ਛੰਦ ਹੈ। ਸਹੀ ਨਾਂ ਸਿਰਖੰਡ ਭਾਵ ਸਿਰ ਖਮਡਿਤ ਹੈ। ਇਸ ਵਿਚ ਤੁਕਾਂਤ ਮੇਲ ਨਹੀਂ ਖਾਂਦਾ ਪਰ ਆਮ ਤੌਰ `ਤੇ ਤੁਕ ਦੇ ਮਧ ਅਨੁਪ੍ਰਾਸ ਦਾ ਮੇਲ ਹੁੰਦਾ ਹੈ। ਇਸ ਛੰਦ ਦੀ ਚਾਲ ਤਿੱਖੀ ਹੈ ਅਤੇ ਅੱਗੇ ਤੋਂ ਅੱਗੇ ਵਧਦਾ ਤੁਰਿਆ ਜਾਂਦਾ ਹੈ। ਇਸ ਵਿਚ ਮਾਤਰਾਂ ਦੀ ਗਿਣਤੀ ਆਮ ਤੌਰ `ਤੇ ੨੧ ਤੇ ੨੩ ਪ੍ਰਤਿਚਰ ਵੇਖੀ ਜਾਂਦੀ ਹੈ। ਪਹਿਲਾ ਬਿਸਰਾਮ ੧੧, ੧੨ ਜਾਂ ੧੩ ਆਉਂਦਾ ਹੈ। ਇਸ ਤਰ੍ਹਾਂ ਹਰ ਚਰਣ ਦੇ ਦੂਜੇ ਭਾਗ ਵਿਚ ਆਮ ਤੌਰ ਤੇ ਨੌਂ ਦਸ ਮਾਤਰਾ ਹੁੰਦੀਆਂ ਹਨ। ਇਹ ਲੰਮੀ ਬਿਆਨੀਆ ਕਵਿਤਾ ਲਿਖਣ ਲe ਿਅਤਿ ਲਾਭਦਾਇਕ ਛੰਦ ਹੈ। ਪੰਜਾਬੀ ਕਾਵਿ ਵਿਚ ਇਸ ਦੀ ਸਫ਼ਲਤਾ ਸਹਿਤ ਵਰਤੋਂ ਪਹਿਲੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿਚ ਕੀਤੀ ਹੈ। `ਨਜ਼ਬਾਤ ਦੀ ਵਾਰ` ਨਾਦਰਸ਼ਾਹ ਵਿਚ ਚੀ ਇਸ ਛੰਦ ਦੀ ਸਫ਼ਲ ਵਰਤੋਂ ਕੀਤੀ ਗਈ ਹੈ। ਭਾਈ ਵੀਰ ਸਿੰਘ ਨੇ ਰਾਣਾ ਸੂਰਤ ਸਿੰਘ ਵਿਚ ਵੀ ਥੋੜ੍ਹੀ ਬਹੁਤ ਤਬਦੀਲੀ ਨਾਲ ਇਹੋ ਛੰਦ ਵਰਤਿਆ ਹੈ। ਸਿਖੰਡੀ ਛੰਦ ਦੇ ਆਮ ਤੌਰ `ਤੇ ਚਾਰ ਚਰਣ ਹੁੰਦੇ ਹਨ ਪਰ `ਚੰਡੀ ਦੀ ਵਾਰ` ਤੇ `ਨਾਦਰਸ਼ਾਹ ਦੀ ਵਾਰ` ਵਿਚ ਕਈ ਥਾਵਾਂ `ਤੇ ਇਸ ਤੋਂ ਵਧ ਚਰਣ ਵੀ ਆਏ ਹਨ। ਭਾਈ ਵੀਰ ਸਿੰਘ ਨੇ ਵੀ ਰਾਣਾ ਸੂਰਤ ਸਿੰਘ ਵਿਚ ਖੁਲ੍ਹ ਵਰਤੀ ਹੈ।੩੯ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿਰਖੰਡੀ ਛੰਦ ਦਾ ਨਾਂ `ਸ੍ਰੀਖੰਡ` ਹੈ। ਇਹ `ਪਲਵੰਗਮ` ਛੰਦ ਦਾ ਰੂਪਾਂਤਰ ਹੈ। ਇਸ ਛੰਦ ਦੀ ਤੁਕ ਦੇ ਮਧ ਅਨੁਪ੍ਰਾਸ ਦਾ ਮੇਲ ਅਤੇ ਤੁਕਾਂਤ ਹੁੰਦਾ ਹੈ। ਇਸ ਦਾ ਲੱਛਣ ਹੈ – ਚਾਰ ਚਰਣ, ਪ੍ਰਤਿ ਚਰਣ ੨੧ ਮਾਤਰਾਂ। ਪਹਿਲਾ ਬਿਸਰਾਮ ੧੨ ਤੇ, ਦੂਜਾ ੯ `ਤੇ, ਦੋਵਾਂ ਬਿਸਰਾਮਾਂ ਦੇ ਅੰਤ ਗੁਰੂ। ਦੂਜਾ ਰੂਪ-ਪ੍ਰਤਿ ਚਰਣ ੨੨ ਮਾਤਰਾਂ, ਪਹਿਲਾ ਬਿਸਰਾਮ ੧੨ `ਤੇ, ਅੰਤ ਲਘੂ, ਦੂਜਾ ੧੦ ਮਾਤਰਾ `ਤੇ, ਅੰਤ ਗੁਰੂ। ਤੁਕ ਦੇ ਮੱਧ ਅਨੁਪ੍ਰਾਸ ਦਾ ਮੇਲ। ਇਸੀ ਚਾਲ ਅਨੁਸਾਰ ੨੩ ਮਾਤਰਾਂ ਦੀ ਵੀ ਸਿਰਖੰਡੀ ਹੁੰਦਾ ਹੈ, ਜਿਸ ਦਾ ਬਿਸਰਾਮ ੧੪-੯ `ਤੇ ਹੋਇਆ ਕਰਦਾ ਹੈ। ਤੁਕ ਦੇ ਮੱਧ ਦੋ ਗੁਰੂ ਅਤੇ ਅਨੁਪ੍ਰਾਸ ਦਾ ਮੇਲ, ਤੁਕਾਂਤ ਅਨਮੇਲ।੪੦ ਇਸ ਤਰ੍ਹਾਂ ਭਾਈ ਸਾਹਿਬ ਨੇ ਸਿਰਖੰਡੀ ਦੇ ਤਿੰਨ ਰੂਪ ਦੱਸੇ ਹਨ ਪਰ ਇਹਨਾਂ ਵਿਚੋਂ ਪਹਿਲੇ ਰੂਪ ਵਿਚ ਹੀ ਚਰਣਾਂ ਦੀ ਗਿਣਤੀ ਦਿੱਤੀ ਹੈ, ਬਾਕੀਆਂ ਵਿਚ ਨਹੀਂ। ਦਰਅਸਲ ਪਉੜੀਆਂ ਵਿਚ ਚਰਣਾਂ ਦੀ ਗਿਣਤੀ ਵਧਦੀ ਘਟਦੀ ਰਹਿੰਦੀ ਹੈ।

ਚੰਡੀ ਦੀ ਵਾਰ ਦੀਆਂ ੩੧ ਪਉੜੀਆਂ ਸਿਰਖੰਡੀ ਛੰਦ ਵਿਚ ਹਨ। ਇਹ ਹਨ ਪਉੜੀ ਨੰ: ੪, ੫, ੧੦, ਤੋਂ ੧੨, ੧੪, ੧੫, ੧੭, ੧੯, ੨੧, ੨੪ ਤੋਂ ੪੦, ੪੩, ੪੪, ੪੬ ਤੇ ੫੫। ਇਹਨਾਂ ਵਿਚ ਚਰਣਾਂ ਦੀ ਗਿਣਤੀ ਇਕ ਸਮਾਨ ਨਹੀਂ। ਵਾਰ ਵਿਚ ਜ਼ਿਆਦਾਤਰ ੨੧ ਮਾਤਰਾਂ ਵਾਲਾ ਸਿਰਖੰਡੀ ਛੰਦ ਵਰਤਿਆ ਗਿਆ ਹੈ:

ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ॥ ੧੨ + ੯ =੨੧

ਘੇਰ ਲਈ ਵਰਿਆਮੀ ਦੁਰਗਾ ਆਇ ਕੈ ॥ ੧੨ + ੯ =੨੧

ਰਾਖਸ ਵਡੇ ਅਲਾਮੀ ਭੱਜ ਨ ਜਾਣਦੇ ॥ ੧੨ + ੯ = ੨੧

ਕਈ ਥਾਵਾਂ `ਤੇ ੨੩ ਮਾਤਰਾ ਛੰਦ ਦੀ ਵਰਤੋਂ ਵੀ ਹੋਈ ਹੈ:

੧. ਧਗਾ ਸੂਲੀ ਬਜਾਈਆਂ ਦਲਾਂ ਮੁਕਾਬਲਾ ॥ ੧੪+੯=੨੩

੨. ਦੁਰਗਾ ਸਉਹੇਂ ਆਈਆਂ ਰੋਹ ਬਢਾਇ ਕੈ ॥ ੧੪ + ੯ = ੨੩

੩. ਚੋਬੀ ਧਉਸੀ ਪਾਈਆਂ ਦਲਾਂ ਮੁਕਾਬਲਾ ॥ ੧੪ + ੯ =੨੩

ਕਈ ਥਾਵਾਂ `ਤੇ ਖੁਲ੍ਹ ਵੀ ਲਈ ਗਈ ਹੈ:

੧. ਦਸਤੀ ਧੂਹ ਨਚਾਈਆਂ ਤੇਗਾਂ ਤਿਖੀਆਂ ॥ ੧੪+੧੦ = ੨੪

੨. ਬਹੁਤੀ ਸਿਰੀ ਵਿਹਾਈਆਂ ਘੜੀਆਂ ਕਾਲ ਕੀਆ ॥ ੧੪ +੧੨ =੨੬

੩. ਘੁੰਮਰਿਆਰ ਸਿਆਲੀ ਬਣੀਆਂ ਕੇਜਮਾਂ ॥੩੯॥ ੧੧+੧੦=੨੧

ਸਮੁੱਚੇ ਰੂਪ ਵਿਚ ਸਿਰਖੰਡੀ ਛੰਦ ਦੀ ਸਫਲਤਾ ਪੂਰਵਕ ਵਰਤੋਂ ਕੀਤੀ ਗਈ ਹੈ।

ਦੋਹਰਾ – ਇਸ ਵਿਚ ਦੋ ਤੁਕਾਂ ਹੁੰਦੀਆਂ ਹਨ। ਤੇਰਾਂ ਮਾਤਰਾਂ ਅਤੇ ੧੧ ਮਾਤਰਾਂ `ਤੇ ਬਿਸਰਾਮ ਹੁੰਦਾ ਹੈ। ਤੁਕਾਂਤ ਮਿਲਦਾ ਹੈ, ਅੰਤ ਗੁਰੂ ਲਘੂ ਹੁੰਦੇ ਹਨ।੪੧ ਚੰਡੀ ਦੀ ਵਾਰ ਵਿਚ ਇਕ ਦੋਹਰਾ ਹੀ ਆਇਆ ਹੈ:

ਰਾਕਸਿ ਆਏ ਰੋਹਲੇ ਖੇਤਿ ਭਿੜਨ ਕੇ ਚਾਇ ॥ ੧੩ + ੧੧ =੨੪

ਲਸ਼ਕਨਿ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ ॥੬॥ ੧੪+੧੧=੨੫

ਦੂਜੀ ਸਤਰ ਦੇ ਸ਼ਬਦ ਬਰਛੀਆਂ ਨੂੰ ਬਰਛਿਆਂ ਕਰ ਦਿੱਤਾ ਜਾਵੇ ਤਾਂ ਮਾਤ੍ਰਿਕ ਗਿਣਤੀ ਪੂਰੀ ਹੋ ਜਾਂਦੀ ਹੈ।

ਉਪਰੋਕਤ ਅਧਿਐਨ ਤੋਂ ਅਸੀਂ ਇਸ ਨਿਰਣੇ `ਤੇ ਪੁੱਜਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਉੜੀ ਛੰਦ-ਰੂਪ ਦੀ ਵਰਤੋਂ ਸਫ਼ਲਤਾ ਪੂਰਵਕ ਉਪਯੋਗ ਕਰਦੇ ਸਮੇਂ ਇਸ ਦੇ ਦੋਵੇਂ ਛੰਦਾਂ ਦੀ ਨਿਸ਼ਾਨੀ ਤੇ ਸਿਰਖੰਡੀ ਨੂੰ ਇਸਤੇਮਾਲ ਕੀਤਾ ਹੈ। ਵਾਰ ਦੇ ਛੰਦ-ਪ੍ਰਬੰਧ ਨੂੰ ਅਸੀਂ ਇਕ ਉੱਚ ਪਾਏ ਦਾ ਕਹਿ ਸਕਦੇ ਹਾਂ।

(e) ਅਲੰਕਾਰ – ਅਲੰਕਾਰ ਸ਼ਬਦ ਅਲੰ-ਕ੍ਰਿ ਤੋਂ ਬਣਿਆ ਹੈ, ਜਿਸ ਦਾ ਅਰਥ ਗਹਿਣਾ ਹੈ।੪੨ ਵਿਚਾਰ ਭਾਵੇਂ ਕਿੰਨਾ ਸੋਹਣਾ ਹੋਵੇ ਜੇ ਉਹ ਸ਼ਿੰਗਾਰਿਆ ਨਹੀਂ ਗਿਆ ਤੇ ਮਟਕਾਇਆ ਨਹੀਂ ਤਾਂ ਰਸ ਨਹੀਂ ਉਪਜੇਗਾ। ਅਲੰਕਾਰ ਵਿਚਾਰਾਂ ਵਿਚ ਸੁੰਦਰਤਾ, ਸੁਆਦ ਉਪਜਾਉਣ, ਵਿਚਾਰ ਮਟਕਾਉਣ, ਸੁਲਝਾਉਣ, ਕਲਪਨਾ ਨਾਲ ਨਿਖਾਰਨ ਤੇ ਡੂੰਘਿਆਈ ਲਿਆਉਣ ਦੀ ਜੁਗਤੀ ਹੈ, ਜਿਸ ਨਾਲ ਵਿਚਾਰਾਂ ਦੀ ਕਾਵਿਕਤਾ ਸੂਖ਼ਮਤਾ, ਅੰਦਰ ਮੁਖੀ ਸੁੰਦਰਤਾ, ਸਦੀਵਤਾ, ਚਿੰਨ੍ਹਾਤਮਕ ਸ਼ਬਦੀ ਤਲ ਤੇ ਬੜੇ ਅਨੌਖੇ ਅਮਦਾਜ ਨਾਲ ਕੰਵਲ ਫੁੱਲ `ਤੇ ਪੱਤਿਆਂ ਵਾਂਗ ਆ ਕੇ ਮਨੁੱਖੀ ਮਨ ਦੀ ਸੋਹਜ ਸੁਆਣੀ ਰੁਚੀ ਦੇ ਰੁਮਕੇ ਕਲੋਲ ਕਰਨ ਲੱਗ ਪੈਂਦੀ ਹੈ।੪੩

ਅਲੰਕਾਰ ਸਿਰਜਨ ਸ਼ਕਤੀ ਕਵੀ ਦੀ ਆਪਣੀ ਦੂਰਦਰਸ਼ੀ, ਪਾਰਦਰਸ਼ੀ, ਕਲਪਣਾ, ਜੀਵਨ ਅਭਿਆਸ, ਜੀਵਨ ਜਾਚ, ਸ਼ਬਦਾਵਲੀ ਗਿਆਨ, ਧੁੰਨ ਗਿਆਨ, ਸੰਗੀਤ ਅਨੁਭਵ ਉਡਾਰੀ ਅਤੇ ਤੀਬਰ ਵਲਵਲੇ `ਤੇ ਨਿਰਭਰ ਹੈ। ਜਿੰਨੀਆਂ ਇਹ ਸ਼ਕਤੀਆਂ ਸ਼ਕਤੀਸ਼ਾਲੀ ਤੇ ਤੇਜ਼ ਹੋਣਗੀਆਂ, ਉਨੇ ਅਲੰਕਾਰ ਮੌਲਿਕ ਹੋਣਗੇ, ਸਹੀ ਹੋਣਗੇ, ਭਾਵ ਪੂਰਵਕ ਹੋਣਗੇ, ਨਹੀਂ ਤਾਂ ਧੁੰਦਲੇ ਤੇ ਨਿਜੀ ਹੋ ਨਿਬੜਨਗੇ ਤੇ ਪੁਰਾਣੀ ਹੰਢੀ ਹੋਈ ਭਾਅ ਮਾਰਨ ਲੱਗ ਪੈਣਗੇ।੪੪

ਅਲੰਕਾਰ ਸ਼ਾਸਤ੍ਰੀਆਂ ਨੇ ਅਲੰਕਾਰਾਂ ਦੇ ਵੱਖ-ਵੱਖ ਪ੍ਰਯੋਜਨ ਮੰਨੇ ਹਨ। ਆਚਾਰੀਆ ਰਾਮਚੰਦਰ ਸ਼ੁਕਲ ਨੇ ਅਲੰਕਾਰਾਂ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਿਆ ਹੈ, "ਭਾਵਾਂ ਨੂੰ aਚਿਆਣ ਅਤੇ ਵਸਤੂਆਂ ਦੇ ਰੂਪ ਗੁਣ ਅਤੇ ਕਿਰਿਆ ਨੂੰ ਵਧੇਰੇ ਅਨੁਭਵ ਕਰਾਉਣ ਲਈ ਕਦੇ ਕਦੇ ਮਦਦ ਦੇਣ ਵਾਲੀ ਯੁਕਤੀ ਦਾ ਨਾਂ ਅਲੰਕਾਰ ਹੈ।" ੪੫ ਸਾਰੇ ਅਲੰਕਾਰਵਾਦੀਆਂ ਭਾਮਹ ਦੰਡੀ, ਵਾਮਨ ਆਦਿ ਨੇ ਅਲੰਕਾਰਾਂ ਨੂੰ ਕਾਵਿ ਦੀ ਜਿੰਦ ਜਾਨ, ਆਤਮਾ ਮੰਨਿਆ ਹੈ ਪਰ ਮੱਮਟ, ਵਿਸ਼ਵ ਨਾਥ ਆਦਿ ਨੇ ਅਲੰਕਾਰਾਂ ਨੂੰ ਰਸ ਦਾ ਸਹਾਇਕ ਅੰਗ ਮੰਨਿਆ ਹੈ। ਪਿਛਲੇਰੇ ਕਾਲ ਦੇ ਆਚਾਰੀਆ ਮੱਮਟ ਤੇ ਵਿਸ਼ਵ ਨਾਥ ਨੇ ਅਨੁਯਾਈ ਸਨ ਜਿੰਨਾਂ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਅਲੰਕਾਰ ਕਾਵਿ ਦੀ ਆਤਮਾ ਨਹੀਂ ਸਗੋਂ ਕਾਵਿ ਵਿਚ ਚਮਤਕਾਰ ਸੁਹਜ ਤੇ ਸਜੀਵਤਾ ਭਰਨ ਵਾਲੇ ਸਹਾਇਕ ਸਾਧਨ ਹਨ।੪੧ ਇਸ ਤਰ੍ਹਾਂ ਕਾਵਿ ਵਿਚ ਅਲੰਕਾਰ ਦਾ ਵਿਸ਼ੇਸ਼ ਸਥਾਨ ਹੈ। ਚੰਡੀ ਦੀ ਵਾਰ ਵਿਚ ਅਲੰਕਾਰਾਂ ਦੀ ਵਰਤੋਂ ਉਚੇਚੇ ਤੌਰ `ਤੇ ਨਹੀਂ ਕੀਤੀ ਗਈ, ਸਗੋਂ ਇਹ ਕਾਵਿ ਰਚਨਾ ਸਮੇਂ ਸਹਿਜ ਸੁਭਾਅ ਹੀ ਆ ਗਏ ਹਨ। ਵਾਰ ਵਿਚ ਪ੍ਰਮੁੱਖ ਅਲੰਕਾਰ ਨਿਮਨਲਿਖਤ ਹਨ: -

ਉਪਮਾ ਅਲੰਕਾਰ: ਬਾਕੀ ਅਲੰਕਾਰਾਂ ਦੀ ਤੁਲਨਾ ਵਿਚ ਉਪਮਾ ਅਲੰਕਾਰ ਦੀ ਵਰਤੋਂ ਸਭ ਤੋਂ ਵੱਧ ਕੀਤੀ ਹੋਈ ਹੈ। ਇਹ ਅਲੰਕਾਰ ਸਮੇਂ `ਤੇ ਸਥਿਤੀ ਅਨੁਸਾਰ ਬਹੁਤ ਹੀ ਢੁਕਵੇਂ ਹਨ। ਸੂਰਮਿਆਂ ਦੇ ਗਰਜਨ ਸਮੇਂ ਵਰਤੀਆਂ ਉਪਮਾਵਾਂ ਵੇਖੋ:

੧. ਸੀਹਾਂ ਵਾਂਗੂ ਗੱਜਣ ਸੱਭੇ ਸੂਰਮੇ ॥

੨. ਗੱਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥੧੩॥

੩. ਬੱਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ ॥

ਸੂਰਮਿਆਂ ਦਾ ਮੈਦਾਨ ਵਿਚ ਡਿੱਗਣਾ, ਤੜਫਨਾ, ਮਰਨਾ ਤੇ ਉਹਨਾਂ ਦੇ ਸਰੀਰ ਦੇ ਟੋਟਿਆਂ ਦਾ ਦ੍ਰਿਸ਼ ਇਸ ਅਲੰਕਾਰ ਦੁਆਰਾ ਪੇਸ਼ ਕੀਤਾ ਗਿਆ ਹੈ:

੧. ਬੀਰ ਪਰੋਤੇ ਬਰਛੀeਂੇ ਜਣ ਡਾਲ ਚਮੁੱਟੇ ਆਵਲੇ ॥

ਇਕ ਵੱਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ ॥....

ਜਣ ਡਸੇ ਭੁਜੰਗਮ ਸਾਵਲੇ॥ ਮਰ ਜਾਵਨਿ ਬੀਰ ਰੁਹਾਵਲੇ ॥੮॥

੨. ਡਿੱਗੇ ਜਾਣਿ ਮੁਨਾਰੇ ਮਾਰੈ ਬਿੱਜੁ ਦੇ ॥

ਖੁੱਲੀ ਵਾਲੀ ਦੈਤ ਅਹਾੜੇ ਸਭੇ ਸੂਰਮੇ ॥

ਸੁੱਤੇ ਜਾਣਿ ਜਟਾਰੇ ਭੰਗਾ ਖਾਇ ਕੈ ॥੧੭॥

੩. ਵੱਢੇ ਗਨ ਤਿਖਾਣੀ ਮੂਏ ਖੇਤ ਵਿਚ ॥

੪. ਇਕ ਘਾਇਲ ਘੁਮਨਿ ਸੂਰਮੇ ਜਣੁ ਮਕਤਬ ਕਾਜੀ ॥

ਇਕ ਬੀਰ ਪਰੋਤੇ ਬਰਛੀਏ ਜਿਉ ਝੁਕ ਪਉਨ ਨਿਵਾਜੀ ॥

ਇਕ ਦੁਰਗਾ ਸਉਹੇ ਖੁਨਸ ਕੈ ਖੁਣਸਾਇਨ ਤਾਜੀ ॥

ਉਪਮਾਵਾਂ ਦੀ ਚੋਣ ਕਰਨ ਸਮੇਂ ਗੁਰੂ ਜੀ ਨੇ ਧਰਤੀ ਦੀਆਂ ਵਸਤੂਆਂ ਨਾਲ ਤੁਲਨਾ ਦਿੱਤੀ ਹੈ ਪਰ ਜ਼ਿਆਦਾ ਧਿਆਨ ਅਸਮਾਨੀ ਵਾਯੂਮੰਡਲ ਵਿਚੋਂ ਉਪਮੇਯ ਚੁਣਨ ਵੱਲ ਦਿੱਤਾ ਹੈ।

ਰੂਪਕ ਅਲੰਕਾਰ- ਇਸ ਅਲੰਕਾਰ ਦੀ ਵਰਤੋਂ ਇਕ ਦੋ ਥਾਈਂ ਹੀ ਹੋਈ ਹੈ:

੧. ਦੇਵੀ ਦਸਤ ਨਚਾਈ ਸੀਹਣ ਸਾਰਦੀ ॥

੨. ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚਿ ॥

੩. ਹੂਰਾਂ ਸ੍ਰਣਵਤ ਬੀਜ ਨੂੰ ਘਤਿ ਘਿਰ ਖਲੋਈਆਂ ॥

ਲਾੜਾ ਵੇਖਣਿ ਲਾੜੀਆਂ ਚਉਗਿਰਦੈ ਹੋਈਆਂ ॥੪੨॥

ਅਤਿਕਥਨੀ ਅਲੰਕਾਰ – ਵਾਰ ਵਿਚ ਨਾਇਕ ਨੂੰ ਵਡਿਆਉਣ ਲਈ ਅਤਿਕਥਨੀ ਅਲੰਾਰ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਚੰਡੀ ਦੀ ਵਾਰ ਵਿਚ ਇਸ ਅਲੰਕਾਰ ਦੀ ਵਰਤੋਂ ਦੁਰਗਾ ਦੇਵੀ ਦੀ ਬਹਾਦਰੀ ਨੂੰ ਦਰਸਾਉਣ ਲਈ ਕੀਤੀ ਗਈ ਹੈ:

੧. ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥

ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ॥

ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥

ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥

ਕੂਰਮ ਸਿਰ ਲਹਿਲਾਣੀ ਦੁਸਮਨ ਮਾਰਿ ਕੈ ॥

੨. ਲਸ਼ਕਨਿ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ ॥੬॥

ਦੁਰਗਾ ਦਾ ਸਮੁੱਚਾ ਕਿਰਦਾਰ ਅਤਿਕਥਨੀ ਹੈ। ਉਹ ਇਕੱਲੀ ਹੀ ਲੱਖਾਂ ਫੌਜਾਂ ਦਾ ਟਾਕਰਾ ਕਰਕੇ ਉਹਨਾਂ ਨੂੰ ਮਾਰ ਦਿੰਦੀ ਹੈ।

ਦੁਰਗਾ ਸਭ ਸੰਘਾਰੇ ਰਾਖਸਿ ਖੜਗ ਲੈ ॥੧੫॥

ਦ੍ਰਿਸ਼ਟਾਂਤ ਅਲੰਕਾਰ - ਗੱਲ ਨੂੰ ਹੋਰ ਸਪਸ਼ਟ ਕਰਨ ਲਈ ਇਸ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ:

੧. ਬੱਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ ॥

੨. ਥਰਿ ਥਰਿ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ॥

ਨਾਉ ਜਿਵੇ ਹੈ ਹਾਲੀ ਸਹੁ ਦਰੀਆਉ ਵਿਚਿ ॥

ਅਨੁਪ੍ਰਾਸ ਅਲੰਕਾਰ - ਅਨੁਪ੍ਰਾਸ ਅਲੰਕਾਰ ਦੀ ਵਰਤੋਂ ਕਰਨ ਵਿਚ ਗੁਰੂ ਸਾਹਿਬ ਨੇ ਨਿਸੰਦੇਹ ਬਹੁਤ ਉਚੇਚ ਵਰਤਿਆ ਹੈ। ਉਸ ਦਾ ਕਾਰਨ ਇਹ ਹੈ ਕਿ ਅਨੁਪ੍ਰਾਸ ਦੀ ਧੁਨੀ ਵਿਚ ਇਕ ਸੁਰ ਜਾਂ ਇਕ ਵਰਣ ਦਾ ਦੁਹਰਾਓ ਹੋਣ ਨਾਲ ਜੋ ਕਲਾਤਮਕ ਰਸ ਪੈਦਾ ਹੁੰਦਾ ਹੈ ਉਸ ਨਾਲ ਕਵਿਤਾ ਵਿਚ ਰਵਾਨੀ ਵੀ ਵਧਦੀ ਹੈ ਅਤੇ ਬੀਰ ਰਸ ਨੂੰ ਉਭਾਰਨ ਵਿਚ ਵੀ ਸਹਾਇਤਾ ਮਿਲਦੀ ਹੈ। ੪੭ ਇਸ ਅਲੰਕਾਰ ਦੀਆਂ ਅਨੇਕਾਂ ਉਦਾਹਰਨਾਂ ਵਾਰ ਵਿਚ ਉਪਲਬਧ ਹਨ ਜਿਵੇਂ ਬਡੇ ਬਡੇ, ਤਿਲੀ ਤਨੁ ਤਾਇਆ, ਚੁਣ ਚੁਣ, ਚੰਡ ਪ੍ਰਚੰਡ, ਵਾਹਨ ਵਾਰੋ ਵਾਰੀ, ਸੁੰਭ ਨਿਸੁੰਭ, ਚੁਣਿ ਚੁਣਿ, ਤਣਿ ਤਣਿ, ਵਾਇ ਵਧਾਈ, ਸੂਰੇ ਸੰਘਰੇ, ਆਦਿ।

ਉਤਪ੍ਰੇਖਿਆ ਅਲੰਕਾਰ – ਜਿਥੇ ਉਪਮੇਯ ਦੀ ਉਪਮਾਨ ਵਿਚ ਸੰਭਾਵਨਾ ਕੀਤੀ ਜਾਵੇ ਉਥੇ ਉਤਪ੍ਰੇਖਿਆ ਅਲੰਕਾਰ ਹੁੰਦਾ ਹੈ। `ਚੰਡੀ ਦੀ ਵਾਰ` ਵਿਚ ਸਭ ਤੋਂ ਵੱਧ ਇਸ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ।੪੮ ਜਿਵੇਂ:

ਰੌਦਰ ਰਸ – ਜਿਥੇ ਵਿਰੋਧੀਆਂ ਦੀ ਛੇੜਾਖਾਨੀ, ਬੇਇੱਜ਼ਤੀ, ਅਪਮਾਨ, ਵਡੇਰਿਆਂ ਦੀ ਨਿੰਦਾ, `ਦੇਸ਼ ਤੇ ਧਰਮ` ਦੇ ਅਪਮਾਨ ਕਰਕੇ ਬਦਲੇ ਦੀ ਭਾਵਨਾ ਜਾਗਰਤ ਹੁੰਦੀ ਹੈ। ਉਥੇ ਰੌਦਰ ਰਸ ਹੁੰਦਾ ਹੈ।੫੫ ਕ੍ਰੋਧ ਇਸ ਦਾ ਸਥਾਈ ਭਾਵ ਵਿਰੋਧੀ ਅਲੰਬਨ ਤੇ ਉਹਨਾਂ ਵੱਲੋਂ ਕੀਤੀ ਕਾਰਵਾਈ ਉਦੀਪਨ ਵਿਭਾਵ ਹਨ। ਸਾਹਿਤਕਾਰਾਂ ਨੇ ਬੀਰ ਰਸ ਤੇ ਰੌਦਰ ਰਸ ਵਿਚ ਬੜਾ ਬਰੀਕ ਫ਼ਰਕ ਬਿਆਨ ਕੀਤਾ ਹੈ। ਜਦ ਬਹਾਦਰ ਪੁਰਸ਼ ਗੁੱਸਾ ਖਾ ਕੇ ਨੇਕੀ ਲਈ ਮੈਦਾਨ ਵਿਚ ਜੂਝਦਾ ਹੈ ਤਾਂ ਬੀਰ ਰਸ ਦਾ ਪ੍ਰਗਟਾਵਾ ਹੁੰਦਾ ਹੈ ਪਰ ਮਾਮੂਲੀ ਅਥਵਾ ਮਾੜਾ ਮਨੁੱਖ ਘਟੀਆ ਇੱਛਾ ਦੇ ਅਧੀਨ ਗੁੱਸਾ ਖਾ ਕੇ ਆਪਣਾ ਰੋਹ ਪ੍ਰਗਟ ਕਰਦਾ ਹੈ ਤਾਂ ਉਸ ਨੂੰ ਰੌਦਰ ਰਸ ਕਿਹਾ ਜਾਂਦਾ ਹੈ।੫੬ ਇਸ ਤਰ੍ਹਾਂ ਗੁੱਸੇ ਦਾ ਆਮ ਪ੍ਰਗਟਾ ਰੌਦਰ ਰਸ ਕਹਾਇਆ। ਇਸ ਵਾਰ ਵਿਚ ਰੌਦਰ ਰਸ ਦੀਆਂ ਕਈ ਉਦਾਹਰਨਾਂ ਮਿਲਦੀਆਂ ਹਨ ਜਿੱਥੇ ਯੋਧੇ ਕ੍ਰੋਧ ਵਿਚ ਆਏ ਵਾਰ ਕਰਦੇ ਹਨ। ਜਿਵੇਂ:

੧. ਦਿਲ ਵਿਚ ਰੋਹ ਬਢਾਇ ਕੈ ਮਾਰਿ ਮਾਰਿ ਪੁਕਾਰੇ ॥

੨. ਰੋਹ ਭਵਾਨੀ ਆਈ ਉਤੇ ਰਾਕਸਾਂ ॥

ਖੱਬੈ ਦਸਤ ਨਚਾਈ ਸੀਹਣ ਸਾਰ ਦੀ ॥

੩. ਰੋਹ ਹੋਇ ਬੁਲਾਏ ਰਾਕਸਿ ਰਾਇ ਨੇ ॥

ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ॥

੪. ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ ॥

ਸਿਰ ਵਿਚ ਤੇਗ ਵਗਾਈ ਸ੍ਰਣਵਤ ਬੀਜ ਦੇ ॥੩੭॥

ਕਰੁਣਾ ਰਸ – ਗ਼ਮ ਅਥਵਾ ਸ਼ੋਕ ਇਸ ਦੇ ਸ਼ਤਾਈ ਭਾਵ ਹਨ। ਵਿਯੋਗ ਤੇ ਵਿਯੋਗ ਦੇ ਕਾਰਨ ਵਗਦੇ ਹੰਝੂ, ਵਿਰਲਾਪ, ਦੁੱਖ ਦੇ ਕਾਰਨ ਪਿਆਰੇ ਨੂੰ ਤਾਅਨੇ ਮਿਹਣੇ ਸਭ ਕਰੁਣਾ ਰਸ ਵਿਚ ਸ਼ਾਮਲ ਹਨ। ਦੇਸ਼ ਦੀ ਬਦਹਾਲੀ ਪਰ ਗ਼ਮ ਦੇ ਗੀਤ, ਮਨੁੱਖੀ ਤਬਾਹੀ `ਤੇ ਗਾਏ ਸੋਹਿਲੇ ਸਭ ਵਿਚ ਇਹੀ ਮਜ਼ਬੂਨ ਭਰਿਆ ਪਿਆ ਹੈ। ਗੁਰਵਾਕ `ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥` (ਮ:੧, ਅੰਗ ੩੬੦) ਕਰੁਣਾ ਰਸ ਦਾ ਅਤਿ ਉੱਤਮ ਉਦਾਹਰਨ ਹੈ। ਭਵਭੂਤੀ ਅਨੁਸਾਰ ਕਰੁਣਾ ਰਸ ਹੀ ਅਸਲ ਰਸ ਹੈ। ਇਸ ਨਾਲ ਮਨ ਅੰਦਰ ਹਮਦਰਦੀ ਦਾ ਸੋਮਾ ਫੁੱਟਦਾ ਹੈ ਤੇ ਕੋਲਮਤਾ ਛਾ ਜਾਂਦੀ ਹੈ। ਅੰਤਰ ਆਤਮਾ ਕੀਮਤਾਂ ਘੜਨਾ ਲੋਚਦੀ ਹੈ।੫੭ ਵਾਰ ਵਿਚ ਕਈ ਥਾਈਂ ਇਹ ਰਸ ਵਿਦਮਾਨ ਹੈ। ਸ਼ੁਰੂ ਵਿਚ ਹੀ ਜਦ ਇੰਦਰ ਦੈਂਤਾਂ ਪਾਸੋਂ ਹਾਰ ਖਾ ਕੇ ਦੁਰਗਾ ਪਾਸ ਜਾਂਦਾ ਹੈ ਤੇ ਦੁੱਖ ਭਰੀ ਕਹਾਣੀ ਸੁਣਾਉਂਦਾ ਹੈ ਤਾਂ ਕਰੁਣਾ ਰਸ ਉਤਪੰਨ ਹੁੰਦਾ ਹੈ:

ਇੰਦ੍ਰ ਬਿਰਥਾ ਸੁਣਾਈ ਅਪਣੇ ਹਾਲ ਦੀ ॥

ਛੀਨ ਲਈ ਠਕੁਰਾਈ ਸਾਤੇ ਦਾਨਵੀ ॥

ਪਹਿਲੀ ਲੜਾਈ ਵਿਚ ਰਾਖ਼ਸ਼ ਮਰ ਰਹੇ ਹਨ ਤੇ ਉਹਨਾਂ ਦੇ ਸਰੀਰਾਂ ਵਿਚੋਂ ਖ਼ੂਨ ਦੇ ਫੁਆਰੇ ਚੱਲ ਰਹੇ ਹਨ। ਉਹਨਾਂ ਦੀਆਂ ਇਸਤਰੀਆਂ ਕਰੁਣਾਮਈ ਦ੍ਰਿਸ਼ ਉੱਚੀਆਂ ਅਟਾਰੀਆਂ ਵਿਚੋਂ ਵੇਖ ਰਹੀਆਂ ਹਨ:

ਵਗੈ ਰੱਤੁ ਝੁਲਾਰੀ ਜਿਉ ਗੇਰੂ ਬਾਬਤ੍ਰਾ ॥

ਦੇਖਨ ਬੈਠ ਅਟਾਰੀ ਨਾਰੀ ਰਾਕਸਾਂ ॥

ਭਿਆਨਕ ਰਸ - ਭੈ ਇਸ ਦਾ ਸਥਾਈ ਭਾਵ ਹੈ। ਡਰਾਉਣੇ ਦ੍ਰਿਸ਼ ਬਿਆਨ ਕਰਕੇ ਕਵੀ ਡਰ ਦੀ ਸਥਿਤੀ ਪੈਦਾ ਕਰਦਾ ਹੈ। ਜਿੰਨਾਂ ਭੁਤਾਂ ਦੀਆਂ ਕਹਾਣੀਆਂ ਵਿਚ ਇਹ ਰੰਗ ਆਮ ਮਿਲਦਾ ਹੈ। ਇਸੇ ਤਰ੍ਹਾਂ ਜੰਗ ਵਿਚ ਲੜਾਈ ਦਾ ਹੂ-ਬੂ-ਹੂ ਚਿੱਤਰ ਵੀ ਭਿਆਨਕ ਰਸ ਪੈਦਾ ਕਰਦਾ ਹੈ।੫੮ ਚੰਡੀ ਦੀ ਵਾਰ ਵਿਚ ਭਾਵੇਂ ਬੀਰ ਰਸ ਦੀ ਪ੍ਰਧਾਨਤਾ ਹੈ ਪਰ ਕਈ ਥਾਵਾਂ `ਤੇ ਇਹ ਰਸ ਵੀ ਮਿਦਾ ਹੈ ਜਿਵੇਂ:

ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥

ਜਾਪਨ ਅੰਬਰਿ ਤਾਰੇ ਡਿੱਗਨਿ ਸੂਰਮੇ ॥

ਗਿਰੇ ਪਰਬਤ ਭਾਰੇ ਮਾਰੇ ਬਿੱਜੁ ਦੈ ॥

ਦੈਤਾਂ ਦੇ ਦਲ ਹਾਰੇ ਦਹਸਤ ਖਾਇ ਕੈ ॥

ਵਿਭਤਸ ਰਸ - ਇਸ ਦਾ ਸਥਾਈ ਭਾਵ ਘ੍ਰਿਣਾ ਹੈ। ਕਿਸੇ ਚੀਜ਼ ਨੂੰ ਵੇਖ ਕੇ ਜਾਂ ਉਸ ਦੇ ਬਾਰੇ ਸੁਣ ਕੇ ਜਦ ਘ੍ਰਿਣਾ ਉਤਪੰਨ ਹੋਵੇ ਤਾਂ ਉਥੇ ਵਿਭਤਸ ਰਸ ਹੁੰਦਾ ਹੈ। ਲੜਾਈ ਦੇ ਮੈਦਾਨ ਵਿਚ ਮੁਰਦਿਆਂ ਤੋਂ ਉਤਪੰਨ ਬਦਬੂ ਇਹ ਰਸ ਪੈਦਾ ਕਰਦੀ ਹੈ। ਚੰਡੀ ਦੀ ਵਾਰ ਵਿਚ ਕਈ ਦ੍ਰਿਸ਼ ਅਜਿਹੇ ਹਨ ਜੋ ਇਹ ਰਸ ਪੈਦਾ ਕਰਦੇ ਹਨ ਜਿਵੇਂ:

੧. ਰਣ ਵਿਚ ਘੱਤੀ ਘਾਣੀ ਲੋਹੂ ਮਿਝ ਦੀ ॥

੨. ਭੂਤਾਂ ਇੱਲਾਂ ਕਾਗੀਂ ਗੋਸਤ ਭਖਿਆ ॥

ਅਦਭੁਤ ਰਸ – ਅਨੋਖੀ ਅਤੇ ਵਿਚਿਤ੍ਰ ਵਸਤੂ ਦੇ ਦੇਖਣ ਅਤੇ ਸੁਣਨ `ਤੇ ਜਦੋਂ ਅਸਚਰਜ ਭਾਵ ਦੀ ਪੁਸ਼ਟੀ ਹੋਵੇ ਉਦੋਂ ਅਦਭੁਤ ਰਸ ਪ੍ਰਤੀਤਮਾਣ ਹੁੰਦਾ ਹੈ। ਪਾਂਡੇਯ ਨੇ ਅਭਿਨਵ ਗੁਪਤ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਦਭੁਤ ਦਾ ਮੂਲ ਭਾਵ ਵਿਸ਼ਮ ਹੈ ਜਿਸ ਦੀ ਉਪਜ ਅਸੰਭਵ ਘਟਨਾਵਾਂ ਦੇ ਕਾਰਨ ਹੁੰਦੀ ਹੈ। ਅਸਚਰਜ ਇਸ ਦਾ ਸਥਾਈ ਭਾਵ ਹੈ।੫੯ ਅਨੋਖੀ ਤੇ ਵਚਿੱਤਰ ਅਵਸਥਾ ਜੋ ਬਿਆਨ ਕੀਤੀ ਨਹੀਂ ਜਾ ਸਕਦੀ, ਅਦਭੁਤ ਰਸ ਪੈਦਾ ਕਰਦੀ ਹੈ। ਹੈਰਾਨੀ ਤੇ ਖੁਸ਼ੀ ਦਾ ਮਿਲਵਾਂ ਪ੍ਰਭਾਵ ਕੁਝ ਅਜੇਹੀ ਸਥਿਤੀ ਪੈਦਾ ਕਰਦਾ ਹੈ ਕਿ ਕੁਝ ਕਹਿ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਵਿਸਮਾਦ ਨਾਦ, ਵਿਸਮਾਦ ਵੇਦ.....ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁਝਣ ਪੂਰੇ ਭਾਗ ਜਾਂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਵਿਚ ਇਹ ਰਸ ਪ੍ਰਧਾਨ ਹੈ। ਕਿਸੇ ਅਲੋਕਾਰ ਗੱਲ ਦੇ ਵਾਪਰ ਜਾਣ `ਤੇ ਵੀ ਜੋ ਕਵੀ ਬਿਆਨ ਕਰਦਾ ਹੈ, ਉਸ ਵਿਚ ਅਦਭੁਤ ਰਸ ਆ ਜਾਂਦਾ ਹੈ।੬੦

ਚੰਡੀ ਦੀ ਵਾਰ ਇਕ ਮਿਥਿਹਾਸਕ ਕਥਾ `ਤੇ ਅਧਾਰਿਤ ਹੈ। ਗੁਰੂ ਸਾਹਿਬ ਨੇ ਇਸ ਵਿਚ ਭਾਰੀ ਫੇਰ ਬਦਲ ਕਰਕੇ ਇਸ ਨੂੰ ਯਤਾਰਥ ਦੇ ਨੇੜੇ ਲਿਆਉਣ ਦਾ ਭਰਪੂਰ ਉਪਰਾਲਾ ਕੀਤਾ ਹੈ ਪਰ ਫਿਰ ਵੀ ਇਸ ਵਿਚ ਅਦਭੁਤ ਰਸ ਆ ਗਿਆ ਜਿਵੇਂ:

੧. ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥

ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ॥

ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥

ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥

ਕੂਰਮ ਸਿਰ ਲਹਿਲਾਣੀ ਦੁਸਮਨ ਮਾਰਿ ਕੈ ॥

੨. ਸ੍ਰਣਵਤ ਬੀਜ ਬਧਾਈਆਂ ਅਗਣਤ ਸੂਰਤਾਂ ॥

ਦੁਰਗਾ ਸਉਹੇਂ ਆਈਆਂ ਰੋਹ ਬਢਾਇ ਕੈ ॥

ਸਭਨੀ ਆਣ ਵਗਾਈਆਂ ਤੇਗਾਂ ਧੂਹਿ ਕੈ ॥

ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ॥

ਦੇਵੀ ਆਪ ਚਲਾਈਆਂ ਤਕਿ ਤਕਿ ਦਾਨਵੀ ॥

ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆਂ ॥

ਸਾਰਸੁਤੀ ਜਨੁ ਨਾਈਆਂ ਮਿਲ ਕੈ ਦੇਵੀਆਂ ॥

ਸਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ ॥

ਤਿੱਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ ॥੪੦॥

੩. ਚੰਡ ਚਿਤਾਰੀ ਕਾਲਕਾ ਮਨਿ ਬਾਹਲਾ ਰੋਸ ਬਢਾਇ ਕੈ ॥

ਨਿਕਲੀ ਮੱਥਾ ਫੋੜਿ ਕੈ ਜਨ ਫਤੇ ਨੀਸਾਣ ਬਜਾਇ ਕੈ ॥

ਸ਼ਿੰਗਾਰ ਰਸ – ਸ਼ਿਗਾਰ ਦਾ ਮੂਲ ਅਤੇ ਮੁਖ ਅਰਥ ਉਹ ਰਤੀ ਜਾਂ ਸਨੁਹ ਹੈ ਜਿਸ ਦਾ ਸੁਹਜਾਤਮਕ ਤਰੀਕੇ ਨਾਲ ਅਨੁਭਵ ਕੀਤਾ ਜਾਵੇ। ਰਤੀ ਸ਼ਿੰਗਾਰ ਦਾ ਸਥਾਈ ਭਾਵ ਹੈ। ਉੱਤਮ ਨਾਇਕਾਵਾਂ ਜਾਂ ਨਾਇਕ ਇਸ ਦੇ ਅਲੰਬਨ ਵਿਭਾਵ ਹਨ ਅਤੇ ਚੰਦਰਮਾ, ਚੰਦਨ, ਭੋਰੇ ਆਦਿ ਉਦੀਪਨ ਵਿਭਾਵ ਹਨ।੬੧ ਇਹ ਮੀਰੀ ਰਸ ਹੈ ਤੇ ਮਤੀ ਰਾਮ ਇਸ ਨੂੰ ਹੀ ਰਾਜ ਰਸ ਕਹਿੰਦੇ ਹਨ। ਕਵੀਆਂ ਸਾਹਿਤਕਾਰਾਂ ਤੇ ਆਲੋਚਕਾਂ ਦਾ ਮਤ ਹੈ ਕਿ ਸ਼ਿੰਗਾਰ ਰਸ ਸਭ ਤੋਂ ਪ੍ਰਬਲ ਰਸ ਹੈ। ਭਰਤ ਮੁਨੀ ਅਨੁਸਾਰ ਸੰਸਾਰ ਵਿਚ ਜੋ ਕੁਝ ਵੀ ਉਜਲ ਤੇ ਪਵਿੱਤਰ ਹੈ ਉਹ ਸ਼ਿੰਗਾਰ ਰਸ ਵਿਚ ਸ਼ਾਮਲ ਹੈ। ਕਰੁਣਾ ਰਸ, ਬੀਰ ਰਸ, ਅਦਭੁਤ ਰਸ ਤੇ ਸ਼ਾਂਤ ਰਸ ਇਸ ਦੇ ਅਧੀਨ ਹੋ ਕੇ ਚਲਦੇ ਹਨ ਜਾਂ ਇਉਂ ਕਹੀਏ ਕਿ ਇਹ ਇਸ ਦੀਆਂ ਹੀ ਵੱਖ ਵੱਖ ਸਥਿਤੀਆਂ ਦੇ ਪ੍ਰਭਾਵ ਸਦਕਾ ਹਨ। ਪ੍ਰੇਮੀਆਂ ਦੇ ਮਿਲਾਪ ਦੀ ਖੁਸ਼ੀ, ਵਿਜੋਗ ਦੀ ਮਿੱਠੀ ਤੇ ਚੁਭਵੀਂ ਯਾਦ, ਸੁੰਦਰਤਾ ਦਾ ਚਿੱਤਰ (ਮਨੁੱਖੀ ਜਾਂ ਕੁਦਰਤੀ) ਜੋ ਜ਼ਿੰਦਗੀ ਵਿਚ ਇਕ ਹੁਲਾਰਾ ਬਖ਼ਸ਼ ਦੇਵੇ ਸਭ ਨੂੰ ਸ਼ਿੰਗਾਰ ਰਸ ਅਧੀਨ ਲਿਆ ਸਕਦੇ ਹਾਂ।੬੧

`ਚੰਡੀ ਦੀ ਵਾਰ` ਕਿਉਂਕਿ ਬੀਰ ਰਸ ਪ੍ਰਧਾਨ ਰਚਨਾ ਹੈ, ਇਸ ਲਈ ਇਸ ਵਿਚ ਸ਼ਿੰਗਾਰ ਰਸ ਦੇ ਉਤਪੰਨ ਹੋਣ ਦੀ ਬਹੁਤੀ ਸੰਭਾਵਨਾ ਨਹੀਂ। ਇਸ ਲਈ ਇਸ ਵਾਰ ਵਿਚ ਕੁਝ ਥਾਵਾਂ `ਤੇ ਹੀ ਉਪਮਾਵਾਂ ਰਾਹੀਂ ਇਸ ਰਸ ਦੀ ਉਤਪਤੀ ਹੋਈ ਹੈ:

੧. ਹੂਰਾਂ ਸ੍ਰਣਵਤ ਬੀਜ ਨੂੰ ਘਤਿ ਘਿਰ ਖਲੋਈਆਂ ॥

ਲਾੜਾ ਵੇਖਣਿ ਲਾੜੀਆਂ ਚਉਗਿਰਦੈ ਹੋਈਆਂ ॥੪੨॥

੨. ਸੁੰਭ ਪਲਾਣੋ ਡਿੱਗਿਆ ਉਪਮਾ ਬੀਚਾਰੀ ॥

ਡੁਬ ਰਤੁ ਨਾਲਹੁ ਨਿਕਲੀ ਬਰਛੀ ਦੁਧਾਰੀ ॥

ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ ॥੫੩॥

ਸ਼ਾਤ ਰਸ – ਸ਼ਾਂਤ ਰਸ ਦਾ ਸੰਬੰਧ ਹਿਰਦੇ ਦੀ ਸ਼ਾਂਤੀ ਨਾਲ ਹੈ। ਵੈਰਾਗ ਇਸ ਦਾ ਸਥਾਈ ਭਾਵ ਹੈ। ਸੰਸਾਰ ਨੂੰ ਮਿਥਿਆ ਮੰਨ ਕੇ ਇਸ ਦਾ ਮੋਹ ਨਾ ਕਰਨਾ ਵੀ ਇਕ ਤਰ੍ਹਾਂ ਮਨ ਵਿਚ ਸ਼ਾਂਤੀ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ। ਕਈ ਵਿਦਵਾਨਾਂ ਅਨੁਸਾਰ ਇਹ ਕੋਈ ਵੱਖਰਾ ਰਸ ਨਹੀਂ ਸਗੋਂ ਪਲਾਇਣਵਾਦ ਦਾ ਹੀ ਦੂਜਾ ਨਾਂ ਹੈ। ਸੰਸਾਰ ਤੋਂ ਉਪਰਾਮਤਾ ਹੀ ਇਸ ਦਾ ਵੱਡਾ ਪ੍ਰਗਟਾ ਹੈ ਪਰ ਗੁਰਬਾਣੀ ਵਿਚ ਆਏ ਸ਼ਾਂਤ ਰਸ ਦੀ ਵਧੇਰੇ ਉਪਜ ਪ੍ਰੇਮਾਭਗਤੀ ਵਿਚੋਂ ਹੋਈ ਹੈ ਜਿਸ ਨੂੰ ਪ੍ਰੇਮ ਵਿਚ ਸ਼ਾਮਲ ਕਰ ਸਕਦੇ ਹਾਂ ਨਾ ਕਿ ਪਲਾਇਨਵਾਦ ਵਿਚ।੬੩

`ਚੰਡੀ ਦੀ ਵਾਰ` ਦਾ ਆਰੰਭ ਹੀ ਸ਼ਾਂਤ ਰਸ ਨਾਲ ਹੁੰਦਾ ਹੈ।

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥....

ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥

ਸਭ ਥਾਈਂ ਹੋਇ ਸਹਾਇ ॥੧॥

ਵਾਰ ਦਾ ਅੰਤ ਵੀ ਸ਼ਾਂਤ ਰਸ ਨਾਲ ਹੁੰਦਾ ਹੈ:

ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥

ਹਾਸ ਰਸ – `ਹਾਸ ਰਸ` ਵਿਗੜੀ ਸੂਰਤ, ਵਚਨ, ਵੇਸ ਹਰਕਤ (ਚੇਸ਼ਟਾ) ਆਦਿ ਤੋਂ ਪੈਦਾ ਹੋਇਆ ਹੈ।੬੪ ਇਸ ਦਾ ਸਥੀ ਭਾਵ ਖੁਸ਼ੀ ਹੈ। ਚੰਡੀ ਦੀ ਵਾਰ ਵਿਚ ਦੈਂਤਾਂ ਦੀਆਂ ਵਿਗੜੀਆਂ ਸੂਰਤਾਂ ਵੇਖ ਕੇ ਹਾਸ ਰਸ ਪੈਦਾ ਹੁੰਦਾ ਹੈ:

ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ ॥

ਉਖਲੀਆਂ ਨਾਸਾ ਜਿਨਾ ਮੁਹਿ ਜਾਪਨ ਆਲੇ ॥

ਇੰਜ ਚੰਡੀ ਦੀ ਵਾਰ ਵਿਚ ਪ੍ਰਧਾਨ ਰਸ ਬੀਰ ਰਸ ਹੈ। ਪਰ ਬਾਕੀ ਰਸਾਂ ਦਾ ਅਭਾਵ ਨਹੀਂ। ਹਾਂ, ਇਹਨਾਂ ਦੀ ਤੀਬਰਤਾ ਵਿਚ ਜ਼ਰੂਰ ਵਖਰੇਵਾਂ ਹੈ। ਕੋਈ ਵਧੇਰੇ ਮਾਤਰਾ ਵਿਚ ਹੈ ਤੇ ਕੋਈ ਘੱਟ ਵਿਚ। ਇਸ ਤਰ੍ਹਾਂ ਇਹ ਵਾਰ ਰਸਾਂ ਦੇ ਸੰਦਰਭ ਵਿਚ ਇਕ ਸਫਲ ਵਾਰ ਹੈ।

(ਹ) ਦ੍ਰਿਸ਼ ਤੇ ਨਾਦ ਚਿੱਤਰ – ਬੀਰ ਰਸੀ ਕਵਿਤਾ ਦਾ ਮਨੋਰਥ ਜਿਥੇ ਯੋਧਿਆਂ ਵਿਚ ਸੂਰਬੀਰਤਾ ਨੂੰ ਹੋਰ ਉਜਾਗਰ ਕਰਨਾ ਹੈ, ਉਥੇ ਬੁਜ਼ਦਿਲਾਂ ਅੰਦਰ ਜੋਸ਼ ਭਰਨਾ ਵੀ ਹੈ। ਦ੍ਰਿਸ਼ ਤੇ ਨਾਦ ਚਿੱਤਰ ਬੀਰਤਾ ਦੇ ਪ੍ਰਭਾਵ ਨੂ ਹੋਰ ਤੀਬਰ ਕਰਦੇ ਹਨ। ਬੀਰਾਂ ਦਾ ਤਣ ਤਣ ਕੇ ਤੀਰ ਚਲਾਉਣਾ, ਜੋਧਿਆਂ ਦਾ ਬਿਜਲੀ ਦੇ ਮਾਰੇ ਪਰਬਤਾਂ ਤੇ ਉੱਚੇ ਮੁਨਾਰਿਆਂ ਵਾਂਗ ਢਹਿਣਾ, ਤੇਗਾਂ ਦਾ ਲਹੂ ਵਿਚ ਡੁੱਬ ਕੇ ਰਜਾਈ ਉੱਤੇ ਲੈਣੀ ਜਾਂ ਲਪੇਟ ਲੈਣੀ, ਰਣ ਵਿਚ ਜੁਆਨਾਂ ਦਾ ਸ਼ਰਾਬੀਆਂ ਵਾਂਗ ਝੁਮਣਾ, ਬੀਰਾਂ ਦਾ ਡਾਲੀ ਨਾਲ ਚਮੁੱਟੇ ਆਉਲਿਆਂ ਵਾਂਗ ਬਰਛੀਆਂ ਵਿਚ ਪਰੋਏ ਜਾਣਾ, ਖੱਬੇ ਹੱਥ ਵਿਚ ਕਮਾਣ ਨੂੰ ਫੜ ਕੇ ਚਿਲਾ ਚਾੜਨਾ ਤੇ ਕੰਨ ਤਕ ਖਿੱਚਣਾ, ਪੱਬਾਂ ਭਾਰ ਉੱਠ ਕੇ ਜੁਆਨਾਂ ਦਾ ਇਕ ਦੂਜੇ ਉੱਤੇ ਵਾਰ ਕਰਨਾ ਜਿਵੇਂ ਕਿ ਗਰਮ ਲੋਹੇ ਉੱਤੇ ਵਦਾਨ ਮਾਰੀਦਾ ਹੈ, ਤੋਪਾਂ ਵਿਚੋਂ ਗੋਲਿਆਂ ਦਾ ਦੋਜ਼ਖ ਦੇ ਦਰਾਂ ਵਿਚੋਂ ਭਵਕਦੀ ਅੱਗ ਵਾਂਗ ਨਿਕਲਣਾ ਆਦਿ ਅੇਸੇ ਦ੍ਰਿਸ਼ ਹਨ ਜਿਹੜੇ ਕਵੀਆਂ ਦੀ ਸੂਝ ਨੂੰ ਸਾਡੇ ਸਾਹਮਣੇ ਪ੍ਰਕਾਸ਼ਮਾਨ ਕਰਦੇ ਹਨ।੬੫ ਚੰਡੀ ਦੀ ਵਾਰ ਵਿਚ ਇਹ ਸਾਰੇ ਦ੍ਰਿਸ਼ ਮਿਲਦੇ ਹਨ। ਗੁਰੂ ਜੀ ਨੇ ਫ਼ੌਜਾਂ ਦੇ ਲੜਾਈ ਲਈ ਤਿਆਰ ਹੋਣ, ਜਿੱਤਣ ਵਾਲਿਆਂ ਦੀ ਖੁਸੀ ਆਦਿ ਦ੍ਰਿਸ਼ ਬੜੇ ਹੀ ਖੂਬਸੂਰਤ ਪ੍ਰਸਤੁਤ ਕੀਤੇ ਹਨ।੬੬ ਲੜਾਈ ਦਾ ਇਕ ਦ੍ਰਿਸ਼ ਵੇਖੋ:

ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥

ਘੂਮਰ ਬਰਗ ਸਤਾਣੀ ਦਲ ਵਿਚਿ ਘੱਤਿਓ ॥

ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ॥

ਉਠਿ ਉਠਿ ਮੰਗਣਿ ਪਾਣੀ ਘਾਇਲ ਘੂਮਦੇ ॥

ਏਵਡੁ ਮਾਰਿ ਵਿਹਾਣੀ ਉਪਰ ਰਾਕਸਾਂ ॥

ਬਿੱਜਲ ਜਿਉ ਝਰਲਾਣੀ ਉੱਠੀ ਦੇਵਤਾ ॥੩੬॥

ਇਸ ਤਰ੍ਹਾਂ ਦੇ ਕਈ ਦ੍ਰਿਸ਼ ਹਨ। ਇਹਨਾਂ ਚਿੱਤਰਾਂ ਵਿਚ ਨਾਦ ਚਿੱਤਰ ਵੀ ਮਿਲਦੇ ਹਨ। ਚੰਡੀ ਦਾ ਹੜ੍ਹ ਹੜਾਉਣਾ, ਸ਼ੇਰਾਂ ਦਾ ਭਬਕਾਂ ਮਾਰਨਾ, ਹਾਥੀਆਂ ਦਾ ਚੰਗਿਆੜਨਾ, ਨਗਾਰਿਆਂ `ਤੇ ਚੋਟਾਂ ਦੀ ਆਵਾਜ਼, ਭੇਰੀਆਂ, ਸੰਖਾਂ ਦੀ ਗੁੰਜਾਰ, ਆਦਿ ਨਾਦ ਚਿੱਤਰ ਦੀਆਂ ਉਦਾਹਰਨਾਂ ਹਨ। ਜਦ ਪਾਠਕ ਚੰਡੀ ਦੀ ਵਾਰ ਪੜ੍ਹਦਾ ਜਾਂ ਸੁਣਦਾ ਹੈ ਤਾਂ ਇਹਨਾਂ ਦੀ ਆਵਾਜ਼ ਮਾਨੋ ਉਸ ਦੇ ਕੰਨਾਂ ਵਿਚ ਗੂੰਜ ਉੱਠਦੀ ਹੈ:

ਜੰਗ ਮੁਸਾਫਾ ਬੱਜਿਆ ਰਣਿ ਘੁਰੇ ਨਗਾਰੇ ਚਾਵਲੇ ॥

ਝੂਲਣ ਨੇਜੇ ਬੈਰਕਾ ਨੀਸਾਣ ਲਸਨਿ ਲਸਾਵਲੇ ॥

ਢੋਲ ਨਗਾਰੇ ਪਉਣ ਦੇ ਊਂਘਨ ਜਾਣੁ ਜਟਾਵਲੇ ॥

ਦੁਰਗਾ ਦਾਨੋ ਡਹੇ ਰਣ ਨਾਦ ਵੱਜਨ ਖੇਤੁ ਭੀਹਾਵਲੇ ॥

ਵਾਰ ਵਿਚ ਗਰਜਦੇ ਬੱਦਲ, ਟੁੱਟਦੇ ਤਾਰੇ, ਕਾਵਾਂ ਇੱਲਾਂ ਦਾ ਗੋਸ਼ਤ ਖਾਣ ਲਈ ਅਸਮਾਨ ਵਿਚ ਮੰਡਲਾਉਣਾ, ਸ਼ਕਤੀ ਦਾ ਬਿਨਾਂ ਥਮ੍ਹਾਂ ਦੇ ਗਗਨ ਨੂੰ ਖਲਾਰਨਾ, ਸਾਵਲੇ ਸੱਪਾਂ ਦਾ ਹਵਾਲਾ, ਨਦੀਆਂ ਦਾ ਪੁੱਠਾ ਵਗਣਾ, ਤੂਫ਼ਾਨੀ ਗੜੇ ਦਾ ਵੱਸਦਾ, ਕਾਲੇ ਬੱਦਲਾਂ ਦਾ ਆਉਣਾ, ਸ਼ੇਰਾਂ ਤੇ ਹਾਥੀਆਂ ਦੀਆਂ ਡਰਾਉਣੀਆਂ ਆਵਾਜ਼ਾ ਨਾਲ ਜੰਗਲ ਦੀ ਹੋਂਦ ਦਾ ਪ੍ਰਭਾਵ ਪੈਣਾ, ਆਦਿ ਅਜਿਹੇ ਹਵਾਲੇ ਹਨ ਜਿਹੜੇ ਦ੍ਰਿਸ਼ਾਂ ਵਿਚ ਪ੍ਰਕ੍ਰਿਤੀ ਦੀ ਵਰਤੋਂ ਨੂੰ ਸਾਕਾਰ ਕਰਦੇ ਹਨ। ਵਾਰ ਵਿਚ ਘ, ਟ, ਠ, ਡ, ਢ, ਣ, ਝ ਆਦਿ ਖਰਵੇ ਸ੍ਵਰ ਦੀ ਵਰਤੋਂ ਨਾਦ ਨੂੰ ਉਪਜਾਉਣ ਲਈ ਕੀਤੀ ਗਈ ਹੈ।

(ਕ) ਸ਼ੈਲੀ – ਕਾਵਿ ਜਾਂ ਗੱਦ ਵਿਚ ਭਾਵ ਪ੍ਰਗਟਾਵੇ ਦੇ ਢੰਗ ਨੂੰ ਸ਼ੈਲੀ ਆਖਿਆ ਜਾਂਦਾ ਹੈ। ਵੇਖਣਾ ਇਹ ਹੁੰਦਾ ਹੈ ਕਿ ਇਕ ਲੇਖਕ ਜਾਂ ਜੋ ਕੁਝ ਲਿਖਣਾ ਜਾਂ ਕਹਿਣਾ ਚਾਹੁੰਦਾ ਹੈ, ਕਿਸ ਢੰਗ ਨਾਲ ਲਿਖਦਾ ਜਾਂ ਕਹਿੰਦਾ ਹੈ। ਇਕ ਕਿਰਤ ਨੂੰ ਉਸ ਵਿਚਲੇ ਸ਼ਬਦਾਂ ਦੀ ਚੋਣ ਦੇ ਪੱਖ ਤੋਂ ਵੀ ਵਿਚਾਰਿਆ ਜਾ ਸਕਦਾ ਹੈ। ਇਸ ਦੇ ਲੈਅਮਈ ਢੰਗ, ਇਸ ਦੀਆਂ ਤੁਕਾਂ ਦੀ ਬਣਤਰ, ਇਸ ਦੇ ਤਾਲਮਈ ਢੰਗ ਆਦਿ ਨੂੰ ਸ਼ੈਲੀ ਅਧਿਐਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।੬੭

ਸ਼ੈਲੀ ਵਾਸਤਵ ਵਿਚ ਕਿਸੇ ਸਾਹਿਤ ਜਾਂ ਕਾਵਿ ਦਾ ਤਕਨੀਕੀ ਪ੍ਰਧਾਨ ਤੱਤ ਹੁੰਦਾ ਹੈ। ਕਿਸੇ ਕਵਿਤਾ ਦੀ ਰੌਚਕਤਾ ਜਾਂ ਅਰੌਚਕਤਾ ਦਾ ਆਧਾਰ ਸ਼ੈਲੀ ਹੀ ਹੁੰਦੀ ਹੈ। ਇਨਸਾਨੀ ਜਜ਼ਬਿਆਂ, ਵਲਵਲਿਆਂ, ਮਨੋਭਾਵਾਂ, ਵਿਚਾਰਾਂ, ਖ਼ਿਆਲਾਂ, ਸੱਧਰਾਂ, ਰੀਝਾਂ ਅਤੇ ਸਿੱਕਾ ਦੇ ਪ੍ਰਗਟ ਕਰਨ ਦੀ ਰੀਤੀ ਨੂੰ ਹੀ ਸ਼ੈਲੀ ਨਾਮ ਦਿੱਤਾ ਜਾਂਦਾ ਹੈ। ਸ਼ੈਲੀ ਵਾਸਤਵ ਵਿਚ ਕਵੀ ਦਾ ਆਪਣਾ ਰੂਪ ਹੀ ਹੁੰਦੀ ਹੈ। ਇਸ ਲਈ ਕਾਵਿ, ਸ਼ੈਲੀ ਪੱਖੋਂ ਅੱਡ-ਅੱਡ ਹੁੰਦਾ ਹੈ। ਇਸ ਦੀ ਕੋਈ ਖ਼ਾਸ ਨਪੀ ਤੁਲੀ ਸ਼ੈਲੀ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਸ਼ੈਲੀ ਕਵੀ ਅਨੁਸਾਰ ਹੀ ਉਘੜਦੀ ਅਤੇ ਨਿਖਰਦੀ ਹੈ।੬੮ ਸ਼ੈਲੀ ਦੇ ਮਹੱਤਵਪੂਰਨ ਤਿੰਨ ਤੱਤ ਹੁੰਦੇ ਹਨ- ਲੇਖਕ ਦੀ ਬੋਲੀ, ਕਹਿਣ ਦਾ ਢਗ ਅਤੇ ਵਿਸ਼ੇ ਦਾ ਪ੍ਰਗਟਾਵਾ। ਇਸ ਤਰ੍ਹਾਂ ਸ਼ੈਲੀ ਦਾ ਸਿੱਧਾ ਸੰਬੰਧ ਲੇਖਕ ਦੀ ਸ਼ਖ਼ਸੀਅਤ, ਬੋਲੀ ਤੇ ਵਿਸ਼ੇ ਨਾਲ ਹੁੰਦਾ ਹੈ। ਸ਼ੈਲੀ ਵਿਸ਼ੇ ਦੇ ਅਨੁਕੂਲ ਹੋਣੀ ਚਾਹੀਦੀ ਹੈ। ਜੇ ਸ਼ੈਲੀ ਵਿਸ਼ੇ ਦੇ ਅਨੁਕੂਲ ਨਾ ਹੋਵੇ ਤਾਂ ਵਿਸ਼ੇ ਦੀ ਸੁੰਦਰਤਾ ਤੇ ਸਦੀਵਤਾ ਨਹੀਂ ਰਹਿੰਦੀ।੬੯

ਚੰਡੀ ਦੀ ਵਾਰ ਦੀ ਸ਼ੈਲੀ ਪਰਖਿਆਂ ਕੁਦਰਤੀ ਤੌਰ `ਤੇ ਇਹ ਸਿੱਟਾ ਨਿਕਲਦਾ ਹੈ ਕਿ ਇਹ ਸ਼ੈਲੀ ਅਨੂਠੀ, ਬੇਮਿਸਾਲ, ਬੇਨਜ਼ੀਰ ਤੇ ਬੀਰ ਰਸੀ ਹੈ। ਸ਼ੈਲੀ ਦੇ ਪੱਖੋਂ `ਚੰਡੀ ਦੀ ਵਾਰ` ਪੰਜਾਬੀ ਵਾਰ ਸਾਹਿਤ ਵਿਚ ਅਦੁੱਤੀ ਹੈ ਤੇ ਇਕ ਚਾਨਣ ਮੁਨਾਰਾ ਵੀ। ਲੰਮੇ ਲੰਮੇ ਵਾਕਿਆਤ (ਘਟਨਾਵਾਂ) ਨੂੰ ਸੰਖੇਪ ਤੇ ਨਵੀਨਤਾ ਨੂੰ ਦ੍ਰਿਸ਼ਟੀ ਵਿਚ ਰਖਦਿਆਂ, ਗੁਰੂ ਜੀ ਨੇ ਸ਼ਬਦ-ਚਿੱਤਰਾਂ ਤੇ ਨਾਦ-ਚਿੱਤਰਾਂ ਰਾਹੀਂ ਇਕ ਕਲਾਤਮਕ ਢੰਗ ਨਾਲ ਪੂਰਾ ਕਰ ਦਿੱਤਾ ਹੈ। ਯੁੱਧਾਂ ਦੇ ਨਕਸ਼ੇ ਖਿੱਚਣ ਵਿਚ ਕਮਾਲ ਦਰਜੇ ਦੀ ਸ਼ਬਦ-ਚੋਣ ਕੀਤੀ ਹੈ। ਯੁੱਧ ਨੂੰ ਪੜ੍ਹਨ ਵਾਲਾ ਪਾਠਕ ਤੇ ਸਰੋਤਾ ਪੜ੍ਹਕੇ ਸੁਣਕੇ ਦੋਵੇਂ ਹੈਰਾਨ ਤੇ ਮੁਗਧ ਹੋ ਜਾਂਦੇ ਹਨ ਕਿਉਂਕਿ ਯੁੱਧ ਸ਼ਾਬਦਿਕ ਹੀ ਨਹੀਂ ਰਹਿ ਜਾਂਦਾ ਸਗੋਂ ਸਾਕਾਰ ਰੂਪ ਵਿਚ ਅੱਖੀਆਂ ਗੋਚਰ ਹੋ ਜਾਂਦਾ ਹੈ। ਤਲਵਾਰਾਂ ਤੇ ਦੂਜਿਆਂ ਹਥਿਆਰਾਂ ਦੀ ਖਣਕਾਰ ਤੇ ਝਣਕਾਰ ਸੁਣਾਈ ਦੇਣ ਲੱਗ ਪੈਂਦੀ ਹੈ। ਮੁਨਾਰਿਆਂ `ਤੇ ਵੱਡੇ ਮੋਛਿਆਂ ਵਰਗੇ ਸੂਰਬੀਰ ਅੱਖਾਂ ਅੱਗੇ ਡਿੱਗਦੇ ਨਜ਼ਰ ਆਉਣ ਲੱਗ ਜਾਂਦੇ ਹਨ, ਲਹੂ ਮਿੱਝ ਦੀਆਂ ਨਦੀਆਂ ਠਾਠਾਂ ਮਾਰਦੀਆਂ ਅੱਖਾਂ ਗੋਚਰ ਹੋ ਜਾਂਦੀਆਂ ਹਨ, ਇੱਲਾਂ, ਗਿਰਝਾਂ, ਕਾਂ ਆਦਿ ਪੰਛੀ ਮੁਰਦਾ ਲੋਥਾਂ ਨੂੰ ਖਾਂਦੇ ਨਜ਼ਰ ਆ ਜਾਂਦੇ ਹਨ। ਵਾਰ ਦੀ ਸ਼ੈਲੀ ਬੀਰ ਰਸ ਭਰਪੂਰ ਹੈ ਤੇ ਕਲਗੀਧਰ ਦਾ ਸਰੂਪ ਹੀ ਬਣ ਗਈ ਹੈ।੭੦

ਵਾਰ ਵਿਚ ਗੁਰੂ ਜੀ ਦੀ ਸ਼ਖ਼ਸੀਅਤ ਪ੍ਰਤੱਖ ਰੂਪ ਵਿਚ ਸਾਕਾਰ ਹੋਈ ਹੈ। ਸੁਤੇ ਸਿਧ ਰਹਿਣ ਵਾਲੇ ਅਵਧੂਤ ਮਹਾਂਕਵੀ ਨੇ ਇਕ ਰਜੇਮੀਆਂ ਸ਼ਾਹਕਾਰ ਨੂੰ ਜਨਮ ਦਿੱਤਾ, ਜਿਸ ਵਿਚ ਉਹਨਾਂ ਆਪਣੇ ਜੀਵਨ ਤਜ਼ਰਬਿਆਂ, ਖੱਬੇ ਹੱਥ ਨਾਲ ਤੀਰ ਚਲਾਉਣਾ, ਖਾਲਸੇ ਨੂੰ ਆਪਣੇ ਮਸਤਕ `ਚੋਂ ਜਨਮ ਦੇਣ ਆਦਿ ਨੂੰ ਦਾਖਲ ਕਰਨ ਤੋਂ ਬਿਨਾਂ ਆਪਣੇ ਸਮੇਂ ਦੀ ਮੁਗਲੀਆ ਫ਼ੌਜ ਦੀ ਕਾਲੀ ਵਰਦੀ, ਮਨ ਸ਼ਬਦਾਰੀ, ਸ਼ਸਤਰ ਅਸਤ੍ਰ ਆਦਿ ਰਾਖ਼ਸ਼ੀ ਫ਼ੌਜ ਨਾਲ ਜੋੜ ਕੇ ਆਪਣੀ ਮਹਾਨ ਸ਼ਖ਼ਸੀਅਤ ਅਤੇ ਪ੍ਰਤਿਭਾ ਦੀ ਅਮਿੱਟ ਛਾਪ ਲਾਈ ਹੈ। ਉਪਮਾ ਤੇ ਅਲੰਕਾਰ ਨਿਤ ਵਰਤੋਂ ਦੇ ਮਨੁੱਖੀ ਜੀਵਨ ਵਿਚੋਂ ਅਜਿਹੇ ਦਿੱਤੇ ਹਨ ਕਿ ਰਣ ਖੇਤਰ ਵਿਚ ਇਕ ਵਸਦਾ ਰਸਦਾ ਸ਼ਹਿਰ ਆਬਾਦ ਹੋਇਆ ਜਾਪਦਾ ਹੈ। ਕਿਤੇ ਹਲਵਾਈ ਵੜੇ ਉਤਾਰ ਰਿਹਾ ਹੈ, ਕਿਤੇ ਠਠਿਆਰ ਘਾਟ ਘੜ ਰਿਹਾ ਹੈ, ਕਿਤੇ ਨਿਆਰੀਆ ਰੇਤ `ਚੋਂ ਸੋਨਾ ਚੁਗ ਰਿਹਾ ਹੈ। ਸਰੀਕੇ ਵਿਚ ਵਿਆਹ ਸ਼ਾਦੀ ਦੀ ਭਾਜੀ ਵੰਡੀਦੀ ਹੈ। ਨੂੰਹਾਂ ਧੀਆਂ ਲਾੜਾ ਵੇਖਣ ਲਈ ਉਮੜ ਉਮੜ ਪੈਂਦੀਆਂ ਹਨ। ਮਕਤਬ ਵਿਚ ਕਾਜ਼ੀ ਮੁੰਡਿਆਂ ਵਿਚਾਲੇ ਘੁੰਮ ਰਿਹਾ ਹੈ ਤੇ ਨਿਮਾਜ਼ੀ ਸਿਜਦੇ ਵਿਚ ਝੁਕ ਰਿਹਾ ਹੈ। ਇਸ ਤਰ੍ਹਾਂ ਕੁਦਰਤੀ ਨਜ਼ਾਰਿਆਂ ਦੀ ਘਾਰ ਵੀ ਨਹੀਂ ਰਹਿਣ ਦਿੱਤੀ। ਕਿਤੇ ਗੇਰੂ ਦੇ ਪਹਾੜ ਤੋਂ ਮੀਂਹ ਪੈਣ ਨਾਲ ਲਾਲ ਹੜ੍ਹ ਆ ਰਿਹਾ ਹੈ, ਅਨਾਰਾਂ ਦੇ ਬੂਟੇ ਦੀ ਡਾਲੀ ਨੂੰ ਬਰਛੀ ਨਾਲ ਚਿਮਟੀਆਂ ਬੋਟੀਆਂ ਵਾਂਗ ਔਲੇ ਲਗੇ ਹੋਏ ਹਨ। ਬੱਦਲਾਂ ਵਿਚ ਗਜਦੀ ਬਿਜਲੀ ਵਾਂਗ ਤੇਗਾਂ ਹੱਸਦੀਆਂ ਹਨ। ਤਲਵਾਰਾਂ ਦੀ ਛਾਂ ਸਿਆਲ ਦੀ ਧੁੰਦ ਜਾਪਦੀ ਹੈ।੭੧

ਵਾਰ ਦੀ ਬੋਲੀ ਢੁਕਵੀਂ ਹੈ। ਜਿਥੇ ਗੁਰੂ ਜੀ ਨੇ ਵਾਰ ਨੂੰ ਪੁਰਾਤਨ ਵਾਰਾਂ ਦੀ ਸ਼ਬਦਾਵਲੀ ਨਾਲ ਅਲੰਕ੍ਰਿਤ ਕੀਤਾ ਹੈ। ਉਥੇ ਨਵੇਂ ਸਮਾਜ ਘੜਨ ਵਿਚ ਕਮਾਲ ਕਰ ਦਿੱਤਾ ਹੈ। ਦੂਜੀਆਂ ਭਾਸ਼ਾਵਾਂ ਦੇ ਸ਼ਬਦ ਤਤਸਮ ਤੇ ਤਤਭਵ ਰੂਪ ਵਿਚ ਵਰਤੇ ਹਨ। ਭਾਸ਼ਾ ਵਿਸ਼ੇ ਅਨੁਸਾਰ ਵਰਤੀ ਗਈ ਹੈ। ਬੀਰ ਰਸ ਪ੍ਰਧਾਨ ਰਚਨਾ ਹੋਣ ਤੋਂ ਬਾਵਜੂਦ ਬਾਕੀ ਰਸਾਂ ਦੀ ਲੋੜ ਅਨੁਸਾਰ ਵਰਤੋਂ ਕੀਤੀ ਗਈ ਹੈ। ਅਲੰਕਾਰਾਂ ਦੀ ਵਰਤੋਂ ਭਾਸ਼ਾ ਨੂੰ ਚਮਕਾਉਣ, ਬੀਰ ਰਸ ਤੇ ਹੋਰ ਰਸ ਉਤਪੰਨ ਕਰਨ ਲਈ ਢੁਕਵੀਂ ਕੀਤੀ ਗਈ ਹੈ। ਅਲੰਕਾਰਾਂ ਨੇ ਕਿਤੇ ਵੀ ਭਾਸ਼ਾ ਨੂੰ ਓਜਲ ਨਹੀਂ ਹੋਣ ਦਿੱਤਾ। ਵਿਸ਼ਾ ਭਾਵੇਂ ਮਾਰਕੰਡੇ ਪੁਰਾਣ ਵਿਚੋਂ ਲਿਆ ਹੈ ਪਰ ਇਸ ਵਿਚੋਂ ਕੁਝ ਪ੍ਰਮੁੱਖ ਘਟਨਾਵਾਂ ਨੂੰ ਲੈ ਕੇ ਕਲਾਤਮਕ ਢੰਗ ਨਾਲ ਪ੍ਰਸਤੁਤ ਕੀਤਾ ਹੈ। ਬੇਲੋੜੇ ਵਿਸਥਾਰ ਵਿਚ ਪੈਣ ਦੀ ਥਾਂ `ਤੇ ਘਟਨਾਵਾਂ ਨੂੰ ਸੰਖਿਪਤ ਰੂਪ ਵਿਚ ਯਤਾਰਥਕਤਾ ਦੀਆਂ ਛੋਹਾਂ ਦੇ ਕੇ ਪੇਸ਼ ਕੀਤਾ ਗਿਆ ਹੈ। ਇੰਜ ਚੰਡੀ ਦੀ ਵਾਰ ਗੁਰੂ ਸਾਹਿਬ ਦੀ ਬਹੁ-ਪੱਖੀ ਪ੍ਰਤਿਭਾਵਾਨ ਸ਼ਖ਼ਸੀਅਤ ਦੀ ਪ੍ਰਤਿਬਿੰਬ ਹੋ ਨਿਬੜਦੀ ਹੈ। ਇਹੋ ਕਾਰਨ ਹੈ ਕਿ ਪੰਜਾਬੀ ਵਾਰ ਸਾਹਿਤ ਵਿਚ ਇਸ ਨੂੰ ਸ਼ਿਰੋਮਣੀ ਸਥਾਨ ਪ੍ਰਾਪਤ ਹੈ।

ਇੰਜ ਅਸੀਂ ਸਮੁੱਚੀ ਚਰਚਾ ਤੋਂ ਇਸ ਨਤੀਜੇ `ਤੇ ਪੁੱਜਦੇ ਹਾਂ ਕਿ ਚੰਡੀ ਦੀ ਵਾਰ ਵਿਸ਼ੇ ਤੇ ਰੂਪਕ ਪੱਖ ਤੋਂ ਇਕ ਸਫ਼ਲ ਰਚਨਾ ਹੈ। ਕਾਵਿ ਕਲਾ ਦੇ ਸਾਰੇ ਗੁਣ ਇਸ ਵਿਚ ਮੌਜੂਦ ਹਨ। ਗੁਰੂ ਗੋਬਿੰਦ ਸਿੰਗ ਜੀ ਨੇ ਇਹ ਵਾਰ ਰਚ ਕੇ ਪੰਜਾਬੀ ਬੀਰ ਸਾਹਿਤ ਵਿਚ ਇਕ ਨਵੇਂ ਯੁੱਗ ਦਾ ਆਗਾਜ਼ ਕੀਤਾ। ਆਉਣ ਵਾਲੇ ਵਾਰਕਾਰਾਂ ਲਈ ਇਹ ਮਾਰਗ ਦਰਸ਼ਕ ਸਿੱਧ ਹੋਈ ਤੇ ਇਸ ਨਾਲ ਹੀ ਪੰਜਾਬੀ ਵਾਰ ਸਾਹਿਤ ਨੇ ਨਵੀਆਂ ਪੁਲਾਂਘਾ ਪੁੱਟੀਆਂ। ਇਸ ਦੀ ਉਪਯੋਗਿਕਤਾ ਤੇ ਸਾਰਥਕਤਾ ਅੱਜ ਵੀ ਉਤਨੀ ਹੈ ਜਿੰਨੀ ਕਿ ਮੱਧਕਾਲ ਵਿਚ ਸੀ ਤੇ ਭਵਿੱਖ ਵਿਚ ਵੀ ਰਹੇਗੀ।

ਹਵਾਲੇ[ਸੋਧੋ]

  1. Gurbachan Singh Talib. The।mpact of Guru Gobind Singh on।ndian Society. Guru Gobind Singh Foundation. p. 59.

੧. ਚੰਡੀ ਦੀ ਵਾਰ, ਪੰਨਾ ੨੫

੨. ਵਾਰ ਸ੍ਰੀ ਭਗਉਤੀ ਜੀ ਕੀ (ਚੰਡੀ ਦੀ ਵਾਰ), ਪੰਨਾ ੧੩੯

੩. ਵਾਰ ਸ੍ਰੀ ਭਗਉਤੀ ਜੀ ਕੀ, ਪੰਨਾ ੫੩

੪. ਦਸਮ ਗ੍ਰੰਥ ਤੇ ਹੋਰ ਰਚਨਾਵਾਂ, ਪੰਨਾ ੭੪

੫. ਉਹੀ, ਪੰਨਾ ੮੨

੬. ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਪਹਿਲਾ), ਭਾਸ਼ਾ ਵਿਭਾਗ, ਪੰਨਾ ੫੨੯

੭. ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ ੪੬

੮. ਪੰਜਾਬੀ ਦੁਨੀਆ, ਸਤੰਬਰ ੧੯੫੨, ਪੰਨਾ ੬੩

੯. ਚੰਡੀ ਦੀ ਵਾਰ, ਪੰਨਾ ੭੩

੧੦. ਪੰਜਾਬੀ ਸਾਹਿਤ ਵਿਚ ਬੀਰ ਕਾਵਿ ਦਾ ਵਿਕਾਸ, ਪੰਨਾ ੧੨੪

੧੧. ਚੰਡੀ ਦੀ ਵਾਰ ਦਾ ਸਾਹਿਤਕ ਅਧਿਐਨ, ਪੰਨਾ ੮੧

੧੨. ਦਸਮ ਗ੍ਰੰਥ ਤੇ ਹੋਰ ਰਚਨਾਵਾਂ, ਪੰਨਾ ੮੨

੧੩. ਚੰਡੀ ਦੀ ਵਾਰ, ਪੰਨਾ ੭੫

੧੪. ਉਹੀ

੧੫. ਪ੍ਰੀਤਮ ਸਿੰਘ, ਪੰਜਾਬੀ ਸਾਹਿਤ ਵਿਚ ਬੀਰ ਕਾਵਿ ਦਾ ਵਿਕਾਸ, ਪੰਨਾ ੧੨੪-੨੫

੧੬. ਉਹੀ, ਪੰਨਾ ੧੨੫

੧੭. ਜੀਤ ਸਿੰਘ ਸੀਤਲ, ਚੰਡੀ ਦੀ ਵਾਰ, ਪੰਨੇ ੬੩-੬੪

੧੮. ਉਹੀ, ਪੰਨਾ ੬੪

੧੯. ਪੰਜਾਬੀ ਯੁਨੀਵਰਸਿਟੀ ਪੰਜਾਬੀ ਸਾਹਿਤ ਕੋਸ਼ (ਭਾਗ ਪਹਿਲਾ), ਪੰਨਾ ੨੭੦

੨੦. ਉਹੀ ਪੰਨੇ ੨੭੦-੭੧

੨੧. ਉਧਰਿਤ ਚੰਡੀ ਦੀ ਵਾਰ (ਸੰਪਾ. ਜੀਤ ਸਿੰਘ ਸੀਤਲ) , ਪੰਨੇ ੫੨

੨੨. ਪੰਜਾਬੀ ਯੁਨੀਵਰਸਿਟੀ ਪੰਜਾਬੀ ਸਾਹਿਤ ਕੋਸ਼ (ਭਾਗ ਪਹਿਲਾ), ਪੰਨਾ ੨੭੧

੨੩. ਉਹੀ, ਪੰਨਾ ੨੭੨

੨੪. ਸਾਹਿਤਆਰਥ, ਪੰਨੇ ੧੩-੧੪

੨੫. ਉਹੀ, ਪੰਨਾ ੨੨੧

੨੬. ਉਧਰਿਤ ਚੰਡੀ ਦੀ ਵਾਰ (ਸੰਪਾ. ਜੀਤ ਸਿੰਘ ਸੀਤਲ) , ਪੰਨੇ ੫੩

੨੭. ਗੁਰਸ਼ਬਦ ਰਤਨਾਕਰ ਮਹਾਨ ਕੋਸ਼ (ਭਾਗ ਪਹਿਲਾ), ਪੰਨਾ ੭੨੬

੨੮. ਪੰਜਾਬੀ ਯੁਨੀਵਰਸਿਟੀ ਪੰਜਾਬੀ ਸਾਹਿਤ ਕੋਸ਼ (ਭਾਗ ਪਹਿਲਾ), ਪੰਨਾ ੩੪੬

੨੯. ਵਿਚਾਰਧਾਰਾ, ਪੰਨਾ ੧੭੭

੩੦. ਸਾਹਿਤ ਦੇ ਮੁਖ ਰੂਪ, ਪੰਨਾ ੧੭੧

੩੧. ਪੰਜਾਬੀ ਸਾਹਿਤ ਦੀ ਰੂਪ ਰੇਖਾ, ਪੰਨਾ ੧੭੧

੩੨. ਚੰਡੀ ਦੀ ਵਾਰ, ਪੰਨੇ ੫੪-੫੫