ਚੰਨਾ ਵੇ ਤੇਰੀ ਚਾਨਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੰਨਾ ਵੇ ਤੇਰੀ ਚਾਨਣੀ  
ਲੇਖਕਡਾ. ਨਾਹਰ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਲੋਕ ਧਾਰਾ,ਮਲਵੈਣਾਂ ਦੇ ਲੰਮੇ ਗੌਣਾਂ ਦਾ ਸੰਗ੍ਰਹਿ-1
ਪ੍ਰਕਾਸ਼ਕਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ
ਪ੍ਰਕਾਸ਼ਨ ਤਾਰੀਖ1998
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ343

ਜਾਣ-ਪਛਾਣ[ਸੋਧੋ]

ਡਾ• ਨਾਹਰ ਸਿੰਘ ਅਨੁਸਾਰ-" ਲੰਮੇ ਗੌਣ ਉਹਨਾਂ ਲੋਕਗੀਤਾਂ ਨੂੰ ਕਿਹਾ ਗਿਆ ਹੈ ਜਿਹੜੇ ਮਲਵੈਣਾਂ ਵਲੋਂ ਲੰਮੀਆਂ ਹੇਕਾਂ ਲਾ ਕੇ ਗਾਏ ਜਾਂਦੇ ਹਨ। ਇਨ੍ਹਾਂ ਲੋਕਗੀਤਾਂ ਨੂੰ ਮਲਵਈ ਸਵਾਣੀਆਂ ਇੱਕ, ਇੱਕ ਜਾਂ ਦੋ, ਦੋ ਦੇ ਜੁੱਟ ਬਣਾ ਕੇ ਸਾਂਝੀ ਹੇਕ ਵਿੱਚ ਗਾਉਂਦੀਆ ਹਨ। ਗੀਤ ਦੇ ਇੱਕ ਅੰਤਰੇ ਨੂੰ ਇੱਕ ਧਿਰ ਉਚਾਰਦੀ ਹੈ ਅਤੇ ਦੂਜੇ ਅੰਤਰੇ ਨੂੰ ਦੂਜੀ ਧਿਰ। ਇਹ ਲੰਮੇ ਲੋਕਗੀਤ ਨਿਸ਼ਚਿਤ ਹੇਕਾਂ ਅਤੇ ਵਿਸ਼ੇਸ਼ ਸੁਰ-ਪ੍ਰਬੰਧ ਵਿੱਚ ਗਾਏ ਜਾਂਦੇ ਹਨ।"[1] ਲੋਕਗੀਤ ਜੀਵਨ ਦੇ ਕੁੱਝ ਬੁਨਿਆਦੀ ਸਰੋਕਾਰਾਂ, ਭਾਵਾਂ ਅਤੇ ਰਿਸ਼ਤਿਆ ਨਾਲ ਸੰਬੰਧਿਤ ਹੁੰਦੇ ਹਨ। ਇਸ ਲਈ ਕਿਸੇ ਜਾਤੀ ਦੇ ਕੁੱਝ ਮੁਢਲੇ ਪਛਾਣ-ਚਿੰਨਾਂ, ਜੀਵਨ ਮੁੱਲਾਂ, ਸਾਕਾਦਾਰੀ ਸੰਬੰਧਾਂ ਤੇ ਮਾਨਵੀ ਰਿਸ਼ਤਿਆਂ ਦੇ ਸਦੀਵੀ ਸੁਭਾਅ ਅਤੇ ਬੁਨਿਆਦੀ ਪੈਟਰਨ ਲੋਕਗੀਤਾਂ ਵਿੱਚੋਂ ਉਘੜਦੇ ਹਨ। ਪੰਜਾਬੀ ਲੋਕਗੀਤ ਪੰਜਾਬੀ ਜੀਵਨ ਦੀਆਂ ਤਿੰਨ ਬੁਨਿਆਦੀ ਇਕਾਈਆਂ 'ਵਿਅਕਤੀ', 'ਪਰਿਵਾਰ', ਅਤੇ 'ਪਿੰਡ' ਦੁਆਲੇ ਕੇਂਦਰਤ ਹਨ। ਇਨ੍ਹਾਂ ਤਿੰਨਾਂ ਦੁਆਲੇ ਕਿਉਂਕਿ ਪੰਜਾਬੀ ਜੀਵਨ ਦਾ ਸਮੁੱਚਾ ਪਰਪੰਚ ਉਸਰਿਆ ਹੋਇਆ ਹੈ ਇਸ ਲਈ ਪੰਜਾਬੀ ਲੋਕਗੀਤ ਪੰਜਾਬੀ ਜੀਵਨ ਦੀਆਂ ਬੁਨਿਆਦਾਂ ਨਾਲ ਰੂਪ, ਸਾਰ ਤੇ ਸੰਚਾਰ ਤਿੰਨਾਂ ਪੱਧਰਾਂ ਉੱਤੇ ਜੁੜੇ ਹੋਏ ਹਨ। ਡਾ•ਨਾਹਰ ਸਿੰਘ ਦਾ ਮੰਨਣਾ ਹੈ ਕਿ ਕੋਈ ਵੀ ਲੋਕਗੀਤ ਕਿਸੇ ਵਿਸ਼ੇਸ਼ ਉਪ-ਭਾਸ਼ਾਈ ਖਿੱਤੇ ਵਿੱਚ ਇੱਕ ਨਿਸ਼ਚਿਤ ਉਚਾਰ-ਸੰਦਰਭ ਦੇ ਅੰਤਰਗਤ ਆਪਣੇ ਇੱਕ ਵਿਲੱਖਣ ਉਚਾਰ-ਰੂਪ ਵਿੱਚ ਜਿਉਂਦਾ ਵਿਚਰਦਾ ਹੁੰਦਾ ਹੈ। ਲੋਕਗੀਤ ਦੀ ਇਸ ਜੀਵੰਤ ਹਸਤੀ ਨੂੰ ਉਸਦੇ ਇਸੇ ਜੀਵੰਤ ਰੂਪ ਵਿੱਚ ਫੜਨਾ ਬੜਾ ਜ਼ਰੂਰੀ ਹੁੰਦਾ ਹੈ।

ਸੋ ਪੰਜਾਬੀ ਲੋਕਗੀਤਾਂ ਨੂੰ ਹੁਣ ਸਾਹਿਤ ਆਲੋਚਨਾ ਦੀ ਨਜ਼ਰ ਦੇ ਨਾਲ- ਨਾਲ ਸੱਭਿਆਚਾਰ-ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਇੱਕ ਸੱਭਿਆਚਾਰ ਸਿਰਜਣਾ ਦੇ ਤੌਰ 'ਤੇ ਸਮਝਣ ਦੀ ਬਹੁਤ ਵੱਡੀ ਲੋੜ ਹੈ।

ਲੋਕਗੀਤਾਂ ਦੀ ਮਹੱਤਤਾ[ਸੋਧੋ]

ਡਾ•ਨਾਹਰ ਸਿੰਘ ਅਨੁਸਾਰ-"ਲੋਕਗੀਤ ਦੀ ਮਹੱਤਤਾ ਨਿਰੋਲ ਸਾਹਿਤਕ ਹੀ ਨਹੀਂ ਸਾਂਸਕ੍ਰਿਤਕ, ਇਤਿਹਾਸਕ ਤੇ ਲੋਕਧਾਰਕ ਵੀ ਹੁੰਦੀ ਹੈ। ਲੋਕਗੀਤ ਕਿਸੇ ਖਿੱਤੇ ਦੇ ਲੋਕਾਂ ਦੇ ਸਮੂਹਕ ਮਨ ਤੇ ਅਵਚੇਤਨ ਆਪੇ ਦੀ ਥਾਹ ਪਾਉਣ ਲਈ ਇੱਕ ਭਰੋਸੇਯੋਗ ਸਮੱਗਰੀ ਪ੍ਰਦਾਨ ਕਰਦਾ ਹੈ। ਲੋਕਗੀਤ ਵਿੱਚੋਂ ਸੰਬੰਧਿਤ ਜਨ-ਸਮੂਹ ਜਾਂ ਜਾਤੀ ਦੀ ਸਮੁੱਚੀ ਪਰੰਪਰਾ ਆਪਣੇ ਮੌਲਿਕ ਸਵਰ ਵਿੱਚ ਇੱਕ ਵਿਲੱਖਣ ਉਚਾਰ ਪ੍ਰਾਪਤ ਕਰਦੀ ਹੈ। ਇਸ ਵਿੱਲਖਣ ਸਵਰ ਵਿੱਚ ਸੰਬੰਧਿਤ ਲੋਕ-ਸਮੂਹ ਦੇ ਸਮੂਹਿਕ ਅਸਤਿਤਵ ਦੀ ਪਛਾਣ ਨਿਹਿਤ ਹੁੰਦੀ ਹੈ। ਲੋਕਗੀਤ ਕਿਸੇ ਜਾਤੀ ਦੇ ਮਨ ਦਾ ਜੋਤ ਸਰੂਪ ਹੁੰਦੇ ਹਨ ਜਿਸ ਰਾਹੀਂ ਉਹ ਜਾਤੀ ਆਪਣਾ ਮੂਲ ਪਛਾਣ ਸਕਣ ਦੇ ਸਮਰਥ ਹੋ ਸਕਦੀ ਹੈ।"[2]

ਪੰਜਾਬੀ ਲੋਕਗੀਤ ਦੀ ਮਹੱਤਤਾ ਪੰਜਾਬੀਆਂ ਦੀ ਇੱਕ ਵਿਲੱਖਣ ਸੱਭਿਆਚਾਰਕ ਸਿਰਜਣਾ ਦੇ ਤੌਰ 'ਤੇ ਵੀ ਹੈ। ਪੰਜਾਬੀਆਂ ਦੀ ਇਸ ਸੱਭਿਆਚਾਰਕ ਸਿਰਜਣਾ-ਲੋਕਗੀਤ-ਵਿੱਚ ਪੰਜਾਬੀ ਮਨ ਦਾ ਸਿਰਜਨਾਤਮਕ ਖਿੜਾਉ ਭਿੰਨ,ਭਿੰਨ ਵੰਨਗੀਆਂ ਅਤੇ ਰੂਪਾਂ ਵਿੱਚ ਦੇਖਣ ਨੂੰ ਮਿਲਦਾ ਹੈ। ਪੰਜਾਬੀ ਲੋਕਗੀਤ ਪੰਜਾਬੀ ਮਨ ਦੁਆਰਾ ਜੀਵਨ ਨੂੰ ਪ੍ਰਤੱਖਣ, ਸੰਕਲਪਣ ਤੇ ਪ੍ਰਗਟਾਉਣ ਦੀ ਪ੍ਰਕਿਰਿਆ ਨਾਲ ਸੰਘਣੇ ਰੂਪ ਵਿੱਚ ਜੁੜਿਆ ਹੋਇਆ ਹੈ। ਪੰਜਾਬੀ ਲੋਕਗੀਤ ਪੰਜਾਬੀ ਲੋਕਾਂ ਦੀ ਸਾਂਸਕ੍ਰਿਤਕ ਕਮਾਈ ਹੋਣ ਕਰਕੇ ਪੰਜਾਬੀ ਮਨ ਦੀ ਸੁਹਜ-ਸਿਰਜਣਾ ਦਾ ਇੱਕ ਅਤਿ ਸੂਖਮ ਤੇ ਕਲਾਤਮਕ ਅਮਲ ਹੈ। ਇਸ ਧਾਰਨਾ ਦੇ ਪ੍ਰਸੰਗ ਵਿੱਚ ਇਹ ਕਹਿਣਾ ਯੋਗ ਹੋਵੇਗਾ ਕਿ ਇਹ ਯਤਨ ਪੰਜਾਬੀ ਲੋਕਗੀਤ ਰਾਹੀਂ ਪੰਜਾਬੀ ਮਨ ਨੂੰ ਸਮਝਣ ਦੀ ਰੁਚੀ ਤੋਂ ਪ੍ਰੇਰਤ ਹੈ।

ਇਸ ਸੰਗ੍ਰਹਿ ਬਾਰੇ[ਸੋਧੋ]

'ਚੰਨਾ ਵੇ ਤੇਰੀ ਚਾਨਣੀ' ਅਤੇ 'ਖੂਨੀ ਨੈਣ ਜਲ ਭਰੇ' ਮਾਲਵੇ ਦੇ ਲੋਕਗੀਤਾਂ ਦੀ ਲੜੀ ਅਧੀਨ ਤਿਆਰ ਕੀਤੀਆਂ ਗਈਆਂ ਪੁਸਤਕਾਂ ਵਿੱਚੋਂ ਕ੍ਰਮਵਾਰ ਤੀਜੀ ਅਤੇ ਚੋਥੀ ਜਿਲਦ ਹਨ। ਇਨ੍ਹਾਂ ਦੋਹਾਂ ਜਿਲਦਾਂ ਵਿੱਚ ਮਾਲਵੇ ਦੇ ਲੰਮੇ ਲੋਕਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਲੋਕਗੀਤਾਂ ਨੂੰ ਮਲਵੈਣਾਂ 'ਲੰਮੇ ਗੌਣ' ਕਹਿ ਕੇ ਗਾਉਂਦੀਆਂ ਹਨ। 'ਚੰਨਾ ਵੇ ਤੇਰੀ ਚਾਨਣੀ' ਮਾਲਵੇ ਦੇ ਲੋਕ-ਗੀਤਾਂ ਦੇ ਸੰਕਲਨ,ਸੰਪਾਦਨ ਤੇ ਅਧਿਐਨ ਦੀ ਲੜੀ ਅਧੀਨ ਤਿਆਰ ਕੀਤੀ ਗਈ ਤੀਜੀ ਜਿਲਦ ਹੈ। 'ਚੰਨਾ ਵੇ ਤੇਰੀ ਚਾਨਣੀ'••• ਵਿੱਚ ਮਾਲਵੇ ਦੇ ਲੰਮੇ ਗੌਣਾਂ ਦੀਆਂ ਵਿਸ਼ੇ ਦੇ ਪੱਖੋਂ ਵਿਭਿੰਨ ਵੰਨਗੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਹਥਲੀ ਜਿਲਦ ਵਿੱਚ 313 ਦੇ ਕਰੀਬ ਲੰਮੇ ਗੌਣ ਸ਼ਾਮਿਲ ਹਨ। ਇਹਨਾ ਜਿਲਦਾਂ ਤੋਂ ਇਲਾਵਾ ਵੀ ਡਾ• ਨਾਹਰ ਸਿੰਘ ਦੀਆਂ ਅੱਠ ਹੋਰ ਜਿਲਦਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ।

ਇਸ ਹਥਲੀ ਪੁਸਤਕ 'ਚੰਨਾ ਵੇ ਤੇਰੀ ਚਾਨਣੀ' ਵਿੱਚ ਸ਼ਾਮਿਲ ਲੰਮੇ ਗੌਣਾਂ ਦੁਆਰਾ ਮਲਵੈਣਾਂ ਦੇ ਧੁਰ ਅੰਦਰਲੀਆਂ ਮਾਨਸਿਕ ਜਗਤ ਦੀਆਂ ਕਈ ਪਰਤਾਂ ਉਘੜਦੀਆਂ ਹਨ। ਇਨ੍ਹਾਂ ਲੰਮੇ ਗੌਣਾਂ ਦੀ ਮਾਲਵੇ ਦੇ ਲੋਕਗੀਤਾਂ ਵਿੱਚ ਇੱਕ ਵਿਸ਼ੇਸ਼ ਥਾਂ ਹੈ। ਲੰਮੀਆਂ ਹੇਕਾਂ ਵਿੱਚ ਗਾਏ ਜਾਣ ਵਾਲੇ ਇਹ ਲੰਮੇ ਗੌਣ ਪੰਜਾਬੀ ਲੋਕਗੀਤਾਂ ਵਿੱਚ ਮਾਲਵੇ ਦੀ ਵੱਖਰੀ ਪਛਾਣ ਦਰਸਾਉਂਦੇ ਹਨ।

ਸੰਪਾਦਨਾ-ਵਿਉਂਤ[ਸੋਧੋ]

ਡਾ• ਨਾਹਰ ਸਿੰਘ ਨੇ ਲੋਕਗੀਤਾਂ ਨੂੰ ਲੋਕਗੀਤ ਰੂਪਾਂ ਦੇ ਅਨੁਸਾਰ ਵੱਖ-ਵੱਖ ਜਿਲਦਾਂ ਵਿੱਚ ਸੰਕਲਤ ਕੀਤਾ ਹੈ। 'ਚੰਨਾ ਵੇ ਤੇਰੀ ਚਾਨਣੀ' ਜਿਲਦ ਵਿੱਚ 'ਲੰਮੇ ਗੌਣ' ਰੱਖੇ ਗਏ ਹਨ। ਇੱਕ ਗੀਤ-ਰੂਪ ਦੇ ਅੰਤਰਗਤ ਲੋਕਗੀਤਾਂ ਨੂੰ ਅੱਗੋਂ ਜੀਵਨ ਦੀ ਸਹਿਜ ਤੋਰ ਤੇ ਸਮਵਿਥ ਰੱਖ ਕੇ ਸੰਪਾਦਨਾ-ਤਰਤੀਬ ਉਲੀਕੀ ਗਈ ਹੈ। ਇਸੇ ਸਹਿਜ ਤੋਰ ਤੇ ਤਰਤੀਬ ਦੇ ਅਨੁਸਾਰ ਕਾਂਢਾਂ ਦੀ ਵੰਡ ਤੇ ਲੋਕਗੀਤਾਂ ਦੇ ਸਿਰਲੇਖ ਕੱਢੇ ਗਏ ਹਨ। ਕਾਂਢਾਂ ਅਤੇ ਗੀਤਾਂ ਦੇ ਸਿਰਲੇਖ ਲੋਕਗੀਤਾਂ ਅੰਦਰਲੇ ਸੰਸਾਰ ਵਿੱਚੋਂ ਕੁੱਝ ਪ੍ਰਤਿਨਿਧ ਕਾਵਿ-ਸਤਰਾਂ ਵਿੱਚੋਂ ਚੁਣੇ ਗਏ ਹਨ। ਇਨ੍ਹਾਂ ਕਾਵਿ-ਸਤਰਾਂ ਨੂੰ ਚੁਣਨ ਸਮੇ ਸਮੁੱਚੇ ਸੰਗ੍ਰਹਿ ਦੀ ਯੋਜਨਾ, ਕਾਂਢਾਂ ਦੀ ਵੰਡ ਅਤੇ ਕਾਂਢ ਵਿੱਚ ਸਥਿਤ ਗੀਤ ਦੀ ਤਰਤੀਬ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਯਤਨ ਕੀਤਾ ਗਿਆ ਹੈ ਕਿ ਹਰ ਸੰਗ੍ਰਹਿ ਆਪਣੇ ਆਪ ਵਿੱਚ ਇੱਕ ਸੰਪੂਰਨ ਇਕਾਈ ਹੋਵੇ। ਉਸਦੇ ਅੰਤਰਗਤ ਹਰ ਕਾਂਢ ਇੱਕ ਐਸੀ ਅਰਥ-ਇਕਾਈ ਬਣ ਸਕੇ ਜਿਸ ਵਿੱਚੋਂ ਪੰਜਾਬੀ ਜੀਵਨ-ਸਥਿਤੀ ਦਾ ਇੱਕ ਸੰਪੂਰਨ ਟੁਕੜਾ ਜਾਂ ਪੰਜਾਬੀ ਸਾਕਾਦਾਰੀ ਸੰਬੰਧਾਂ ਦਾ ਇੱਕ ਜੁੱਟ ਸਾਕਾਰ ਹੁੰਦਾ ਹੋਵੇ। ਹਰ ਲੋਕਗੀਤ ਦਾ ਸਿਰਲੇਖ ਕੱਢਣ ਸਮੇਂ ਪ੍ਰਮੁੱਖਤਾ ਉਸ ਗੀਤ ਵਿੱਚ ਪੇਸ਼ ਥੀਮ ਦੀ ਪ੍ਰਤੀਨਿਧਤਾ ਨੂੰ ਦਿੱਤੀ ਗਈ ਹੈ ਪਰ ਇਸ ਦੇ ਨਾਲ-ਨਾਲ ਸਮੁੱਚੇ ਕਾਂਢ ਵਿੱਚ ਸਥਿਤ ਗੀਤ ਦੇ ਕ੍ਰਮ ਤੇ ਸਥਾਨ ਅਨੁਸਾਰ ਸਮੁੱਚੇ ਕਾਂਢ ਦੇ ਵਿਕਾਸ ਰੁੱਖ ਨੂੰ ਉਲੀਕਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਸੰਪਾਦਨਾ-ਵਿਉਂਤ ਵਿੱਚ ਗੀਤ-ਰੂਪਾਂ ਅਨੁਸਾਰ ਸੰਗ੍ਰਹਿ ਦੀ ਵੰਡ ਅਤੇ ਸੰਗ੍ਰਹਿ ਵਿਚਲੀ ਕਾਂਢ ਵੰਡ ਹੇਠ ਲਿਖੀਆਂ ਦੋ ਬੁਨਿਆਦੀ ਧਾਰਨਾਵਾਂ ਉੱਤੇ ਆਧਾਰਿਤ ਹੈ:

[ੳ] ਹਰ ਗੀਤ-ਰੂਪ ਦੀ ਜੀਵਨ-ਅਨੁਭਵ ਨੂੰ ਪੇਸ਼ ਕਰਨ ਦੀ ਆਪਣੀ ਇੱਕ ਵਿਸ਼ੇਸ਼ ਸੀਮਾ ਤੇ ਸੰਭਾਵਨਾ ਹੁੰਦੀ ਹੈ। ਹਰ ਗੀਤ-ਰੂਪ ਕਿਸੇ ਵਿਸ਼ੇਸ਼ ਲੋਕ-ਦਾਇਰੇ, ਜੀਵਨ ਦੇ ਕਿਸੇ ਵਿਸ਼ੇਸ਼ ਪੱਖ ਤੇ ਪਾਸਾਰ ਨਾਲ ਸੰਬੰਧਿਤ ਹੁੰਦਾ ਹੈ। ਇਸ ਲਈ ਗੀਤ-ਰੂਪਾਂ ਅਨੁਸਾਰ ਕੀਤੀ ਗਈ ਵੰਡ ਵਿਸ਼ਾ-ਮੂਲਕ ਹੋਣ ਦੇ ਨਾਲ-ਨਾਲ ਜੀਵਨ-ਅਨੁਭਵ ਦੇ ਐਨ ਅਨੁਕੂਲ ਅਤੇ ਕਾਵਿ-ਰੂਪਾਂ ਦੀ ਪ੍ਰਕਿਰਤਕ ਵੰਡ ਦਾ ਅਨੁਸਰਣ ਕਰ ਸਕਦੀ ਹੈ।

[ਅ] ਲੋਕਗੀਤ ਰੂਪ, ਸਾਰ ਤੇ ਸੰਚਾਰ ਦੇ ਤਿੰਨਾਂ ਪੱਧਰਾਂ ਉੱਤੇ ਜੀਵਨ ਦੀਆਂ ਬੁਨਿਆਦਾਂ ਨਾਲ ਜੁੜਿਆ ਹੁੰਦਾ ਹੈ। ਲੋਕਗੀਤ ਸੱਭਿਆਚਾਰ ਦੀ ਚਿਹਨਕੀ ਕਿਰਿਆ ਦਾ ਅੰਗ ਹੋਣ ਕਰਕੇ ਇਸ ਵਿੱਚੋਂ ਸੰਬੰਧਿਤ ਲੋਕ-ਸਮੂਹ ਦੀ ਭਾਵ-ਜੁਗਤ ਦਾ ਵਿਭਿੰਨ ਪੱਧਰਾਂ ਉੱਤੇ ਪ੍ਰਗਟਾਵਾ ਹੁੰਦਾ ਹੈ। ਇਸ ਲਈ ਲੋਕ-ਸਮੂਹ ਦੇ ਜੀਵਨ ਅਤੇ ਲੋਕਗੀਤ ਦੇ ਪਾਠ ਵਿਚਕਾਰ ਇੱਕ ਨਿਸ਼ਚਿਤ ਸੰਬਧ ਹਮੇਸ਼ਾ ਕਾਇਮ ਰਹਿੰਦਾ ਹੈ। ਜੀਵਨ-ਪਾਠ ਤੇ ਲੋਕਗੀਤ-ਪਾਠ ਵਿਚਾਲੇ ਅਜੇਹੇ ਜਟਿਲ ਤੇ ਬਹੁ-ਪਰਤੀ ਰਿਸ਼ਤੇ ਦੀ ਧਾਰਨਾ ਨੂੰ ਲੈ ਕੇ ਹੀ ਸੰਬੰਧਿਤ ਜਿਲਦ ਦੀ ਸੰਪਾਦਨਾ-ਵਿਉਂਤ ਉਲੀਕੀ ਗਈ ਹੈ।

ਉਪਰੋਕਤ ਦੋਵੇਂ ਧਾਰਨਾਵਾਂ ਤੋ ਇਹ ਨਿਚੋੜ ਨਿਕਲਦਾ ਹੈ ਕਿ ਜੀਵਨ-ਅਨੁਭਵ ਵਿੱਚੋਂ ਆਪ ਮੁਹਾਰੇ ਜਾਂ ਸਹਿਜ ਰੂਪ ਵਿੱਚ ਉਪਜੇ ਲੋਕਗੀਤ ਦੇ ਪਾਠ ਦੀ ਆਪਣੀ ਇੱਕ ਖੁਦਮੁਖਤਾਰ ਹੋਂਦ ਹੁੰਦੇ ਹੋਏ ਵੀ ਇਸਦਾ ਵਿਅਕਤੀ ਦੇ ਜੀਵਨ ਅਤੇ ਸਮੁੱਚੇ ਸਮਾਜਕ ਵੇਗ ਨਾਲ ਇੱਕ ਨਿਸ਼ਚਿਤ ਸੰਬੰਧ ਬਣਿਆ ਰਹਿੰਦਾ ਹੈ।

ਡਾ• ਨਾਹਰ ਸਿੰਘ ਦਾ ਕਹਿਣਾ ਹੈ ਕਿ ਜਦੋ ਵੀ ਕੋਈ ਕਾਵਿ-ਸਤਰ ਕਿਸੇ ਲੋਕਗੀਤ ਜਾਂ ਕਾਂਢ ਦੇ ਸਿਰਲੇਖ ਵਜੋਂ ਲਾਈ ਜਾਂਦੀ ਹੈ ਉਸ ਨਾਲ ਸੰਬੰਧਿਤ ਗੀਤ ਤੇ ਕਾਂਢ ਦੀਆਂ ਅਰਥ-ਸੀਮਾਵਾਂ ਦਾ ਵਿਸਤਾਰ ਹੋਇਆ ਸਮਝਣਾ ਚਾਹੀਦਾ ਹੈ।ਜਿਵੇਂ-ਹਥਲੀ ਜਿਲਦ -'ਚੰਨਾ ਵੇ ਤੇਰੀ ਚਾਨਣੀ'- ਸੰਗ੍ਰਹਿ ਦਾ ਸਿਰਲੇਖ ਨਿਰਾ ਸੰਬੰਧਿਤ ਗੀਤ ਦਾ ਹੀ ਸੰਕੇਤਕ ਨਹੀਂ ਸਗੋਂ ਸਮੁੱਚੇ ਸੰਗ੍ਰਹਿ ਦੀ ਭਾਵਨਾ ਦਾ ਵੀ ਲਖਾਇਕ ਹੈ। 'ਮੰਗਲਾਚਰਣ' ਵਜੋਂ ਲਾਇਆ ਗਿਆ ਇਹ ਲੋਕਗੀਤ ਸਮੁੱਚੇ ਸੰਗ੍ਰਹਿ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਸ ਗੀਤ ਵਿੱਚੋਂ ਪੰਜਾਬੀ ਪਰਿਵਾਰ ਦੀ ਇਕਾਈ ਅੰਦਰਲੇ ਸਾਕਾਦਾਰੀ ਸੰਬੰਧਾਂ ਤੇ ਮਾਨਵੀ ਰਿਸ਼ਤਿਆਂ ਦਾ ਇੱਕ ਠੋਸ ਚਿੱਤਰ ਉਘੜਦਾ ਹੈ। ਇਹ ਪਰਿਵਾਰਕ ਇਕਾਈ ਅੱਗੋਂ ਵਿਸ਼ੇਸ਼ ਪ੍ਰਕਿਰਤਿਕ ਮਾਹੌਲ ਦੇ ਸੰਦਰਭ ਵਿੱਚ ਪੇਸ਼ ਹੋਈ ਹੈ ਕਿਉਂਕਿ ਲੋਕਗੀਤ ਵਿਚਲੇ ਚੰਨ ਤੇ ਉਦਾਸੀ ਚਾਨਣੀ ਦਾ ਸੰਬੋਧਕ ਨਾਇਕਾ ਨਾਲ ਇੱਕ ਨਿਜ-ਪਰਕ ਰਿਸ਼ਤਾ ਉਘੜਦਾ ਹੈ। ਚੰਨ ਦੀ ਉਦਾਸ ਚਾਨਣੀ ਤੇ ਤਾਰਿਆਂ ਦੀ ਫਿੱਕੀ ਲੋਇ ਦੇ ਚਿਤਰਪਟ ਉੱਤੇ ਸਾਂਸਕ੍ਰਿਤਕ ਜਗਤ ਦੇ ਦੋ ਪਾਤਰ\ਚਿਤਰ ਉਘੜਦੇ ਹਨ ਜਿਹਨਾਂ ਵਿੱਚੋਂ ਇੱਕ ਸੰਬੋਧਕ ਹੈ ਤੇ ਦੂਜਾ ਸੰਬੋਧਿਤ। ਸੰਬੋਧਕ ਧਿਰ ਸੰਬੋਧਿਤ ਧਿਰ ਨੂੰ ਇਸ ਢੰਗ ਨਾਲ ਮੁਖਾਤਿਬ ਹੋਈ ਹੈ ਕਿ ਸਾਂਸਕ੍ਰਿਤਕ ਜਗਤ ਦੇ ਨਾਲ-ਨਾਲ ਪ੍ਰਕਿਰਤਕ ਜਗਤ ਵੀ ਆਪਣੀ ਮਾਨਵੀ ਹੋਂਦ ਵਿੱਚ ਪੇਸ਼ ਹੁੰਦਾ ਹੈ। ਦੋਹਾਂ ਦੀ ਸਾਂਝ ਹੈ ਰਸੋਈ ਕਰਨ ਦੀ। ਦੋਹਾਂ ਵਿਚਕਾਰ ਆ ਬਹੁੜਦੀ ਹੈ- ਸੱਸ, ਪੰਜਾਬੀ ਸੱਭਿਆਚਾਰਕ ਜਗਤ ਦੀ ਖਲਨਾਇਕਾ। ਸੱਸ ਨੂੰਹ ਨੂੰ ਇਸ ਲਈ ਨਹੀਂ ਘੂਰਦੀ ਕਿ ਮੈਦੇ ਵਿੱਚ ਘਿਉ ਜ਼ਿਆਦਾ ਪੈਣ ਕਰਕੇ ਮਹਿੰਗੀ ਵਸਤੂ ਅਜਾਈਂ ਗਈ ਹੈ ਸਗੋਂ ਇਸ ਲਈ ਝਿੜਕਦੀ ਹੈ ਕਿ'ਘਿਉ ਵਿੱਚ ਮੈਦਾ ਥੌੜ੍ਹਾ ਪਿਆ' ਹੈ। ਸੱਸ ਵੱਲੋਂ ਨੂੰਹ ਨੂੰ ਝਿੜਕਣ ਲਈ ਘੜੀ ਗਈ ਤਰਕ ਦਾ ਬੇ-ਬੁਨਿਆਦ ਹੋਣਾ ਹੀ ਉਸਦੇ ਧੱਕੜ ਤੇ ਜਾਬਰ ਹੋਣ ਦਾ ਪ੍ਰਮਾਣ ਦਿੰਦਾ ਹੈ। ਇਸ ਲੋਕਗੀਤ ਵਿੱਚ ਵਿਆਹੀ ਵਰੀ ਭੈਣ ਦੀ ਮਾਂ, ਬਾਬਲ ਤੇ ਵੀਰ ਨਿਸ਼ਕ੍ਰਿਆ ਪਾਤਰਾਂ ਵਜੋਂ ਉਘੜਦੇ ਹਨ। ਉਹ ਤਿੰਨੇ ਮਹਿਲਾਂ ਥੱਲੇ ਖਲੋ ਕੇ ਸਿਰਫ਼ ਹੰਝੂ ਕੇਰ ਸਕਦੇ ਹਨ। 'ਮਹਿਲਾਂ ਵਾਲੇ ਬਾਬਲ' ਦੀ ਧੀ ਵੀ ਸੱਸ ਦੀਆਂ ਗਾਲ੍ਹਾਂ ਖਾਣ ਲਈ ਮਜ਼ਬੂਰ ਹੈ। ਇਹ ਸਾਰੇ ਪਾਤਰ ਇੱਕ ਵਿਸ਼ੇਸ਼ ਸਮਾਜਿਕ ਪ੍ਰਬੰਧ ਵਿੱਚ ਆਪੋ ਆਪਣੀ ਥਾਂ ਮਜ਼ਬੂਰ ਹਨ, ਸ਼ਾਇਦ ਇਹੋ ਮਜ਼ਬੂਰੀ ਚੰਨ ਦੀ ਹੈ ਜਿਸ ਨੂੰ ਰਸੋਈ ਕਰਨੀ ਪੈ ਗਈ ਹੈ। ਵਿਆਹੁਤਾ ਮੁਟਿਆਰ ਦੀ ਮਜ਼ਬੂਰੀ ਸਿਰਫ਼ ਇਹ ਨਹੀਂ ਕਿ ਉਹ ਸੱਸ ਦੇ ਬਰਾਬਰ ਬੋਲ ਨਹੀਂ ਸਕਦੀ ਸਗੋਂ ਉਸ ਘਰ ਵਿੱਚ ਏਨੀ ਬੇਗਾਨੀ ਹੈ ਕਿ ਉਸਦਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ ਹੈ। ਇੱਕ ਪਰਿਵਾਰਕ ਇਕਾਈ ਦਾ ਮਾਨਵੀ ਅੰਗ ਹੁੰਦਿਆਂ ਹੋਇਆਂ ਵੀ ਉਹ ਔਰਤ ਇਕੱਲਤਾ ਦਾ ਸੰਤਾਪ ਭੋਗ ਰਹੀ ਹੈ। ਉਸ ਔਰਤ ਦਾ ਇਸ ਘਰ, ਪਰਿਵਾਰ ਤੇ ਸਮਾਜ ਨਾਲੋਂ ਸੰਪੂਰਨ ਵਿਯੋਗ ਹੋ ਚੁੱਕਾ ਹੈ। ਇਸ ਸਾਂਸਕ੍ਰਿਤ ਜਗਤ ਦੇ ਸੀਮਿਤ ਝਰੋਖੇ ਵਿੱਚੋਂ ਉਸ ਲਈ ਪ੍ਰਕ੍ਰਿਤਕ ਜਗਤ ਵੀ ਛੋਟਾ ਹੋ ਗਿਆ ਹੈ। ਉਸ ਦਾ ਆਪਣਾ ਸਮਾਜਿਕ ਅਨੁਭਵ ਤੇ ਇਸੇ ਤਰ੍ਹਾਂ ਪ੍ਰਕਿਰਤ ਜਗਤ 'ਰਸੋਈ' ਤੱਕ ਸੀਮਿਤ ਹੋ ਗਿਆ ਹੈ ਅਤੇ ਇਸੇ ਰਸੋਈ ਵਿੱਚ ਉਸਨੂੰ ਝਿੜਕਾਂ ਪੈ ਰਹੀਆਂ ਹਨ। ਨੂੰਹ ਤੇ ਸੱਸ ਦੇ ਵਿਚਾਲੇ ਸਮਾਜਿਕ ਰਿਸ਼ਤਾ ਨਿਰੋਲ ਕੰਮ ਦਾ ਰਹਿ ਗਿਆ ਹੈ ਅਤੇ ਬੋਲ ਦਾ ਰਿਸ਼ਤਾ 'ਗਾਲ਼ੀਆਂ' ਵਿੱਚ ਵਟ ਚੁੱਕਾ ਹੈ। ਇਸ ਗੀਤ ਦੀ ਨਾਇਕਾ ਆਪਣੇ ਸੰਪੂਰਨ ਸਮਾਜਿਕ ਵਿਯੋਗ ਤੇ ਇਸ ਵਿੱਚੋਂ ਉਪਜੀ ਬੇਬਸੀ ਨੂੰ ਕਬੂਲ ਕਰ ਚੁੱਕੀ ਹੈ-'ਏਥੇ ਮੇਰਾ ਕੌਣ ਸੁਣੇ'। ਸਮਾਜਿਕ ਬੇਗਾਨਗੀ ਦਾ ਜਿਹੜਾ ਅਨੁਭਵ ਨਾਇਕਾ ਹੰਢਾ ਰਹੀ ਹੈ ਉਸੇ ਅਨੁਭਵ ਦੇ ਵਿਭਿੰਨ ਪਾਸਾਰਾਂ ਨਾਲ ਸੰਬੰਧਿਤ ਹਨ- ਇਹ ਲੰਮੇ ਗੌਣ। ਜਿਲਦ ਤੀਜੀ ਅਤੇ ਚੌਥੀ ਵਿੱਚ ਸ਼ਾਮਿਲ ਲੋਕਗੀਤਾਂ ਵਿਚਲਾ ਕੇਂਦਰੀ ਸੂਤਰ ਔਰਤ ਦੇ ਵਿਯੋਗ ਦੀ ਸਥਿਤੀ ਦਾ ਹੈ। ਇਹ ਸਥਿਤੀ ਇਸ ਹਥਲੀ ਜਿਲਦ ਦੇ ਲੰਮੇ ਗੌਣਾਂ ਵਿੱਚ ਭਿੰਨ-ਭਿੰਨ ਸਮਾਜਿਕ ਰਿਸ਼ਤਿਆਂ ਅਤੇ ਪਾਤਰਾਂ ਦੇ ਸੰਦਰਭ ਵਿੱਚ ਪੇਸ਼ ਹੁੰਦੀ ਹੈ

ਲੰਮੇ ਮਲਵਈ ਲੋਕਗੀਤ : ਰੂਪ ਰਚਨਾ[ਸੋਧੋ]

ਬੰਦ ਗੀਤ-ਰੂਪਾਂ ਦੀ ਸ਼੍ਰੇਣੀ ਦੇ ਅੰਤਰਗਤ ਆਉਣ ਵਾਲਾ ਇੱਕ ਵੱਡਾ ਭਾਗ ਲੰਮੇ ਮਲਵਈ ਲੋਕਗੀਤਾਂ ਦਾ ਹੈ। ਇਸ ਵਰਗ ਅਧੀਨ ਆਉਂਦੀਆਂ ਵੰਨਗੀਆਂ ਨੂੰ ਪ੍ਰਚਲਤ ਮਲਵਈ ਲੋਕ-ਸ਼ਬਦਾਵਲੀ ਵਿੱਚ ਲੰਬੇ ਗੌਣ, ਝੇੜੇ, ਘੋੜੀਆਂ, ਸੁਹਾਗ, ਵਧਾਵੇ ਆਦਿ ਦੇ ਨਾਂ ਦਿੱਤੇ ਜਾਂਦੇ ਹਨ। ਇਹਨਾ ਵਿਭਿੰਨ ਵੰਨਗੀਆਂ ਦੇ ਗੀਤ-ਰੂਪਾਂ ਨੂੰ 'ਲੰਮੇ-ਲੋਕਗੀਤ' ਦੇ ਵਡੇਰੇ ਵਰਗ ਅਧੀਨ ਦੋ ਵੱਡੀਆਂ ਸਾਂਝਾਂ ਕਰਕੇ ਰੱਖਿਆ ਜਾ ਸਕਦਾ ਹੈ। ਇੱਕ ਤਾਂ ਸਾਰੇ ਲੰਮੇ ਲੋਕਗੀਤ ਔਰਤਾਂ ਦੀ ਸਿਰਜਨਾ ਹਨ, ਜਿਹਨਾਂ ਨੂੰ ਸਵਾਣੀਆਂ ਹੀ ਗਾਉਂਦੀਆਂ ਹਨ। ਦੂਜਾ ਸਾਰੇ ਮਲਵਈ ਲੋਕਗੀਤਾਂ ਦੀਆਂ ਹੇਕਾਂ ਵਿੱਚ ਲਮਕਾਅ ਹੈ, ਜਿਹੜਾ (ਦੋਹੜੇ ਨੂੰ ਛੱਡ ਕੇ) ਮਰਦਾਂ ਦੇ ਕਿਸੇ ਵੀ ਗੀਤ-ਰੂਪ ਵਿੱਚ ਨਹੀਂ ਹੈ। ਇਨ੍ਹਾਂ ਗੀਤਾਂ ਦੀ ਸਿਰਜਕ ਵਿਸ਼ੇਸ਼ ਪ੍ਰਕਾਰ ਦੀ ਇਸਤਰੀ-ਮਨੋਸਥਿਤੀ ਨੇ ਇਨ੍ਹਾਂ ਗੀਤਾਂ ਦੀ ਵਿਸ਼ੇਸ਼ ਧੁਨੀ ਨੂੰ ਜਨਮ ਦਿੱਤਾ ਹੈ।

ਇਹਨਾ ਲੋਕਗੀਤਾਂ ਨੂੰ ਨਿਭਾਉ ਦੇ ਪੱਖ ਤੋਂ ਤਿੰਨ ਉਪਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ:

[ੳ] ਘੜੇ ਜਾਂ ਢੋਲਕ ਦੇ ਗੀਤ-ਜੋ ਇੱਕ ਸਵਾਣੀ ਦੀ ਅਗਵਾਈ ਵਿੱਚ ਸਮੂਹ ਵੱਲੋਂ ਗਾਏ ਜਾਂਦੇ ਹਨ।

[ਅ] ਇੱਕ ਜਾਂ ਦੋ ਸਵਾਣੀਆਂ ਵਲੋਂ ਸਾਂਝੀ ਹੇਕ ਵਿੱਚ ਗਾਏ ਜਾਣ ਵਾਲੇ ਗੀਤ।

[ੲ] ਸਮੂਹ ਵੱਲੋਂ ਸਮੂਹਕ ਰੂਪ ਵਿੱਚ ਗਾਏ ਜਾਣ ਵਾਲੇ ਗੀਤ।

ਘੜੇ ਜਾਂ ਢੋਲਕ ਉੱਤੇ ਇੱਕ ਸਵਾਣੀ ਦੀ ਅਗਵਾਈ ਵਿੱਚ ਸਮੂਹ ਵਲੋਂ ਗਾਏ ਜਾਣ ਵਾਲੇ ਗੀਤ[ਸੋਧੋ]

ਇਹ ਗੀਤ ਘੱਟ ਲੰਮੀ ਸੁਰ ਦੇ ਹਨ। ਇਸ ਕਰਕੇ ਇਹ ਘੜੇ ਦੀ ਤੇਜ਼ ਥਾਪ ਨਾਲ ਚਲ ਸਕਦੇ ਹਨ। ਇਹਨਾ ਗੀਤਾਂ ਵਿੱਚ ਇੱਕ ਸਵਾਣੀ ਗੀਤ ਦਾ ਇੱਕ ਅੰਤਰਾ ਗਾਉਂਦੀ ਹੈ ਅਤੇ ਬਾਕੀ ਸਵਾਣੀਆਂ ਉਸੇ ਅੰਤਰੇ ਜਾਂ ਮੂਲ ਅਸਥਾਈ ਨੂੰ ਦੁਹਰਾਉਂਦੀਆਂ ਹਨ। ਕਈ ਵਾਰੀ ਗਾਇਕ-ਸਮੂਹ ਅੰਤਰੇ ਦੀ ਕਿਸੇ ਇੱਕ ਸਤਰ ਜਾਂ ਸਿਰਫ਼ 'ਹਾਈ ਸ਼ਾਵਾ' ਦੇ ਇੱਕੋ ਵਾਕੰਸ਼ ਦੇ ਦੁਹਰਾਉ ਨੂੰ ਨਿਭਾ ਰਿਹਾ ਹੁੰਦਾ ਹੈ:

 ਇੱਕ : ਤੁਰਿਆ ਤੁਰਿਆ ਜਾਨੈ
  ਪਾਣੀ ਦੇ ਜਾਈਂ ਓ ਕਮਾਦ ਨੂੰ
 ਸਮੂਹ : ਤੁਰਿਆ ਤੁਰਿਆ ਜਾਨੈ•••
  ••• ••• •••
 ਇੱਕ : ਪੁਛਦੀ ਆਂ ਬੰਨੇ ਨੀ ਬਨੇਰੇ,
  ਚਾਰ ਚੁਫੇਰੇ 
  ਕੁੰਡਾ ਮੇਰਾ ਕੀਨ੍ਹੇ ਖੜਕਾਇਆ•••
 ਸਮੂਹ : ਹਈ ਸ਼ਾਵਾ।

ਇਹਨਾ ਗੀਤਾਂ ਵਿੱਚ ਗਾਇਕ ਨੂੰ ਨਵੀਂ ਸਿਰਜਨਾ ਲਈ ਦੂਜੇ ਲੰਮੇ ਗੀਤਾਂ ਨਾਲੋਂ ਜ਼ਿਆਦਾ ਖੁੱਲ੍ਹ ਹੁੰਦੀ ਹੈ ਕਿਉਂਕਿ ਸਮੂਹ ਨੇ ਗੀਤ ਦੇ ਨਿਸ਼ਚਿਤ ਟੁਕੜੇ ਜਾਂ ਨਿਸ਼ਚਿਤ ਬੋਲ ਨੂੰ ਹੀ ਦੁਹਰਾਉਣਾ ਹੁੰਦਾ ਹੈ। ਇਨ੍ਹਾਂ ਗੀਤਾਂ ਵਿੱਚ ਬੋਲ ਨੇ ਘੜੇ ਜਾਂ ਢੋਲਕ ਦੀ ਲਗਾਤਾਰ ਤੇ ਇਕਸਾਰ 'ਠਿੱਪ-ਠਿੱਪ' ਦੇ ਸਮਵਿਥ ਚਲਣਾ ਹੁੰਦਾ ਹੈ ਇਸ ਲਈ ਇਨ੍ਹਾਂ ਗੀਤਾਂ ਵਿੱਚ ਲੰਮੀਆਂ ਹੇਕਾਂ ਦੀ ਸਮਾਈ ਨਹੀਂ ਹੋ ਸਕਦੀ।ਇਸ ਤਰਾਂ ਲੰਮੀ ਸੁਰ ਵਾਲੇ ਇਹ ਗੀਤ ਵੀ ਕਾਹਲੀ ਤਰਜ਼ ਵਿੱਚ ਗਾਉਣੇ ਪੈਂਦੇ ਹਨ।

ਇੱਕ ਜਾਂ ਦੋ ਸਵਾਣੀਆਂ ਵੱਲੋਂ ਸਾਂਝੀ ਹੇਕ ਵਿੱਚ ਗਾਏ ਜਾਣ ਵਾਲੇ ਗੀਤ[ਸੋਧੋ]

ਇਹਨਾ ਗੀਤਾਂ ਨੂੰ ਕਦੇ ਕਦਾਈਂ ਇੱਕ, ਇੱਕ ਪਰ ਆਮ ਤੌਰ 'ਤੇ ਦੋ, ਦੋ ਸਵਾਣੀਆਂ ਜੁੱਟ ਬਣਾ ਕੇ ਗਾਉਂਦੀਆਂ ਹਨ। ਗੀਤ ਦੇ ਇੱਕ ਅੰਤਰੇ ਨੂੰ ਇੱਕ ਜਾਂ ਦੋ ਸਵਾਣੀਆਂ ਮਿਲਵੀਂ ਸੁਰ ਵਿੱਚ ਅਤੇ ਅਗਲੇ ਅੰਤਰੇ ਨੂੰ ਇੱਕ ਜਾਂ ਦੋ ਸਵਾਣੀਆਂ ਮਿਲਵੀਂ ਸੁਰ ਵਿੱਚ ਗਾਉਂਦੀਆਂ ਹਨ। ਇਸ ਤਰ੍ਹਾਂ ਗਾਏ ਜਾਣ ਵਾਲੇ ਬਹੁਤੇ ਗੀਤ 'ਝੇੜੇ' ਹਨ ਜਿਹਨਾਂ ਵਿੱਚ ਦੋ ਧਿਰਾਂ ਦਾ ਸੰਵਾਦ ਚਲਦਾ ਹੈ। ਇਸ ਤਰ੍ਹਾਂ ਗੀਤ ਵਿਚਲੀਆਂ ਦੋਵੇਂ ਧਿਰਾਂ ਨੂੰ ਗਾਇਕਾਂ ਦੀਆਂ ਦੋ ਧਿਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਗੀਤਾਂ ਦੀ ਹੇਕ ਇੰਨੀ ਲੰਮੀ ਹੁੰਦੀ ਹੈ ਕਿ ਇਕੱਲੀ ਸਵਾਣੀ ਦਾ ਵਿਚਕਾਰੋਂ ਸਾਹ ਟੁੱਟ ਜਾਂਦਾ ਹੈ। ਇਸੇ ਕਰਕੇ ਜੁੱਟਾਂ ਵਿੱਚ ਗਾਉਣ ਦੀ ਲੋੜ ਪੈਦੀ ਹੈ। ਇਹ ਗੀਤ ਆਕਾਰ ਵਿੱਚ ਸਭ ਤੋਂ ਲੰਮੇਰੇ ਤੇ ਲਮਕਵੀਆਂ, ਲੰਮੀਆਂ ਹੇਕਾਂ ਵਾਲੇ ਹੋਣ ਕਾਰਨ ਸਮੁੱਚੇ ਮਲਵਈ ਲੋਕਗੀਤਾਂ ਵਿੱਚੋਂ ਵੱਖਰੇ ਹੀ ਪਛਾਣੇ ਜਾਂਦੇ ਹਨ।

ਇਹਨਾ ਗੀਤਾਂ ਦੀ ਹੇਕ ਜਿੰਨੀ ਲੰਮੀ ਹੈ ਓਨਾ ਹੀ ਵਧੇਰੇ ਇਨ੍ਹਾਂ ਹੇਕਾਂ ਵਿਚਾਲੇ 'ਠਹਿਰਾਓ' ਹੁੰਦਾ ਹੈ। ਹੇਕ ਤੇ ਠਹਿਰਾਉ ਅਰਥਾਤ ਬੋਲ ਤੇ ਚੁੱਪ ਦਾ ਤਨਾਉ, ਭਾਵ ਦੀ ਤਨਾਉਸ਼ੀਲ ਅਵਸਥਾ ਨੂੰ ਉਸ ਦੀ ਪੂਰੀ ਗੰਭੀਰਤਾ ਵਿੱਚ ਨਿਭਾ ਕੇ ਪ੍ਰਮਾਣਿਕ ਪੇਸ਼ਕਾਰੀ ਬਣਦਾ ਹੈ।

ਸਮੂਹ ਵੱਲੋਂ ਸਮੂਹਕ ਰੂਪ ਵਿੱਚ ਗਾਏ ਜਾਣ ਵਾਲੇ ਗੀਤ[ਸੋਧੋ]

ਇਹਨਾ ਗੀਤਾਂ ਨੂੰ ਸਮੂਹ, ਸਮੂਹਕ ਰੂਪ ਉਚਾਰਦਾ ਹੈ। ਸਮੂਹ ਵੱਲੋਂ ਮਿਲਵੀਂ ਹੇਕ ਵਿੱਚ ਉਚਾਰੇ ਜਾਣ ਵਾਲੇ ਇਨ੍ਹਾਂ ਗੀਤਾਂ ਵਿੱਚ ਘੋੜੀਆਂ, ਸੁਹਾਗ, ਹੇਅਰੇ, ਵਧਾਵੇ, ਮੇਢੀ ਗੁੰਦਣ, ਵਟਣਾ ਮਲਣ, ਬੇਦੀ ਉੱਤੇ ਗਾਏ ਜਾਣ ਵਾਲੇ ਗੀਤਾਂ ਤੋਂ ਬਿਨਾਂ ਸਾਰੇ ਸੰਸਕਾਰ ਗੀਤ ਸ਼ਾਮਿਲ ਕੀਤੇ ਜਾ ਸਕਦੇ ਹਨ। ਇਨ੍ਹਾਂ ਗੀਤਾਂ ਨੂੰ ਗਾਉਣ ਸਮੇਂ ਬਾਕੀ ਸਵਾਣੀਆਂ ਕਿਸੇ ਤਿੱਖੀ ਤੇ ਉੱਚੀ ਸੁਰ ਵਾਲੀ ਸਵਾਣੀ ਦੇ ਬੋਲ ਵਿੱਚ ਬੋਲ ਮਿਲਾਉਣ ਦਾ ਯਤਨ ਕਰਦੀਆਂ ਹਨ। ਇਨ੍ਹਾਂ ਸਮੂਹਗਾਨ ਵਾਲੇ ਗੀਤਾਂ ਵਿੱਚ ਪੁਨਰ-ਸਿਰਜਨ ਦੀ ਸੰਭਾਵਨਾ ਬਹੁਤ ਹੀ ਸੀਮਿਤ ਹੁੰਦੀ ਹੈ। ਇਹ ਗੀਤ ਸਮੂਹ ਵੱਲੋਂ ਨਿਸ਼ਚਿਤ ਮੌਕਿਆਂ ਉੱਤੇ ਨਿਸ਼ਚਿਤ ਸਥਿਤੀਆਂ ਵਿੱਚ ਗਾਏ ਜਾਂਦੇ ਹਨ। ਇਹ ਵਿਸ਼ੇਸ਼ ਸਥਿਤੀ ਹੀ ਸਮੂਹ ਅੰਦਰ ਵਿਸ਼ੇਸ਼ ਭਾਵ ਪੈਦਾ ਕਰਦੀ ਹੈ। ਨਿਭਾਉ-ਪ੍ਰਕਿਰਿਆ ਦੇ ਆਧਾਰ ਤੇ ਕੀਤੀ ਉਪਰੋਕਤ ਵੰਡ ਭਰੋਸੇਯੋਗ ਤੇ ਪ੍ਰਮਾਣਿਕ ਹੋਣ ਦੇ ਬਾਵਜੂਦ ਵੀ ਰੂਪ-ਰਚਨਾ ਦੀ ਦ੍ਰਿਸ਼ਟੀ ਤੋਂ ਪੂਰਨ ਭਾਂਤ ਉਪਯੋਗੀ ਨਹੀਂ ਹੈ। ਰੂਪ ਵਿਧਾਨਕ ਵੰਡ ਲਈ ਗਤੀਸ਼ੀਲ, ਮੌਖਿਕ ਉਚਾਰ ਦੇ ਨਾਲ-ਨਾਲ ਸਥਿਤੀਸ਼ੀਲ ਨੂੰ ਵੀ ਆਪਣਾ ਆਧਾਰ ਬਣਾਉਣਾ ਪਵੇਗਾ।

ਇਸ ਆਧਾਰ ਤੇ ਲੰਮੇ ਮਲਵਈ ਲੋਕਗੀਤਾਂ ਵਿੱਚ ਹੇਠ ਲਿਖੇ ਪੰਜ ਉਪਵਰਗ ਬਣਦੇ ਹਨ:

(1) ਕਥਾ ਅਧਾਰਤ ਪਰ ਗਤੀਮਾਨ ਬਿੰਬ ਵਾਲੇ ਗੀਤ

(2) ਇੱਕੋ ਬਿੰਬ ਪਰ ਵਸਤੂਗਤ ਵੇਰਵੇ ਵਿੱਚ ਤਬਦੀਲੀ ਵਾਲੇ ਗੀਤ

(3) ਸਮਾਨਭਾਵੀ ਬਿੰਬ- ਸਿਰਜਨਾ ਵਾਲੇ ਗੀਤ

(4) ਲਗਾਤਾਰ ਟਕਰਾਉ-ਮੂਲਕ ਬਿੰਬਾਂ ਵਾਲੇ ਗੀਤ

(5) ਸ਼ੁੱਧ ਸਰੋਦੀ ਗੀਤ।

ਖੇਤਰੀ ਕਾਰਜ ਦਾ ਵਿਧੀ-ਵਿਗਿਆਨ[ਸੋਧੋ]

ਡਾ• ਨਾਹਰ ਸਿੰਘ ਨੇ ਛੇ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਮਲਵਈ ਲੋਕਗੀਤਾਂ ਨੂੰ ਮਾਲਵਾ ਖੇਤਰ ਦੇ ਭਿੰਨ-ਭਿੰਨ ਸਥਾਨਾਂ, ਜਾਤਾਂ, ਗੋਤਾਂ, ਧਰਮਾਂ, ਉਮਰਾਂ ਵੱਖੋਂ-ਵੱਖਰੇ ਸਮਾਜਿਕ ਗਰੁੱਪਾਂ, ਤਬਕਿਆਂ, ਕਿੱਤਿਆਂ ਵਾਲੇ ਲੋਕਾਂ ਕੋਲੋਂ ਭਿੰਨ-ਭਿੰਨ ਸਮਾਜਿਕ ਮੌਕਿਆਂ ਉੱਤੇ ਇਕੱਤਰ ਕੀਤਾ ਗਿਆ ਹੈ। ਇਹ ਲੋਕਗੀਤ ਭਿੰਨ-ਭਿੰਨ ਕਾਵਿ-ਪ੍ਰਤਿਭਾ ਵਾਲੇ ਲੋਕਾਂ ਦੀ ਸਿਰਜਣਾ ਹਨ। ਇੱਕਤਰਣ ਦਾ ਇਹ ਸਮਾਂ 1976 ਤੋਂ 1986 ਤੱਕ ਲਗਭਗ ਇੱਕ ਦਹਾਕੇ ਤੱਕ ਹੋਇਆ ਹੈ।

ਡਾ• ਨਾਹਰ ਸਿੰਘ ਨੇ ਲੋਕਗੀਤਾਂ ਨੂੰ ਸੰਗ੍ਰਹਿਤ ਤੇ ਸੰਪਾਦਤ ਕਰਦਿਆਂ ਸਾਰੇ ਗੀਤ-ਰੂਪਾਂ ਦੀਆਂ ਵੰਨਗੀਆਂ ਦੇ ਵੱਧ ਤੋਂ ਵੱਧ ਨਮੂਨੇ ਦਿੱਤੇ ਹਨ ਤਾਂ ਕਿ ਹੇਠ ਲਿਖੇ ਕੁੱਝ ਤੱਥਾਂ ਤੇ ਪੱਖਾਂ ਨੂੰ ਲੋੜੀਂਦੀ ਪ੍ਰਤਿਨਿਧਤਾ ਦਿੱਤੀ ਜਾ ਸਕੇ :

(ੳ) ਮਾਲਵੇ ਦੇ ਵੱਖ, ਵੱਖ ਸਥਾਨਾਂ ਨੂੰ ਲੋੜੀਂਦੀ ਪ੍ਰਤਿਨਿਧਤਾ ਦੇਣੀ ਤਾਂ ਜੋ ਮਲਵਈ ਉਪਭਾਸ਼ਾ ਦੇ ਅੰਦਰਲੇ ਉਚਾਰ-ਭੇਦਾਂ ਨਾਲ ਸੰਬੰਧਿਤ ਲੋਕਗੀਤ ਸ਼ਾਮਿਲ ਕੀਤੇ ਜਾ ਸਕਣ।

(ਅ) ਵੱਖੋਂ-ਵੱਖਰੀਆਂ ਜਾਤਾਂ, ਗੋਤਾਂ ਤੇ ਧਾਰਮਿਕ ਮਾਨਤਾਵਾਂ ਵਾਲੇ ਲੋਕਾਂ ਤੇ ਉਹਨਾਂ ਲੋਕਗੀਤਾਂ ਦੀ ਪ੍ਰਤਿਨਿਧਤਾ ਕਰਵਾਉਣੀ ਜਿਹਨਾਂ ਵਿੱਚੋਂ ਸੰਬੰਧਿਤ ਲੋਕ-ਸਮੂਹ ਦੀ ਜਾਤ-ਮੂਲਕ, ਗੋਤ-ਮੂਲਕ, ਵਿਸ਼ੇਸ਼ ਧਾਰਮਿਕ ਚਿਨ੍ਹਾਂ, ਵਿਸ਼ਵਾਸਾਂ ਤੇ ਪੂਜਾ-ਵਿਧੀਆਂ ਦੀ ਵਿਲੱਖਣਤਾ ਦੀ ਪਛਾਣ ਹੋ ਸਕੇ।

(ੲ) ਲੋਕਗੀਤ-ਸਿਰਜਨਾ ਦੀ ਦ੍ਰਿਸ਼ਟੀ ਤੋਂ ਬਣਦੇ ਮਲਵਈ ਲੋਕਗੀਤਾਂ ਦੇ ਭਿੰਨ, ਭਿੰਨ ਦਾਇਰਿਆਂ ਅਤੇ ਉਹਨਾਂ ਦੇ ਲੋਕਗੀਤਾਂ ਨੂੰ ਢੁਕਵੀਂ ਪ੍ਰਤਿਨਿਧਤਾ ਦੇਣੀ ਜਿਸ ਨਾਲ ਸੰਬੰਧਿਤ ਲੋਕ-ਸਮੂਹਾਂ ਦੇ ਲੋਕਗੀਤਾਂ ਵਿੱਚੋਂ ਉਹਨਾਂ ਦੇ ਵਿਸ਼ੇਸ਼ ਦਾਇਰਾਗਤ ਅਨੁਭਵਾਂ ਤੇ ਹੋਰ ਵਿਲੱਖਣਤਾਵਾਂ ਦੀ ਉਜਾਗਰ ਹੋ ਸਕਣ।

(ਸ) ਵੱਖ-ਵੱਖ ਸਮਾਜਿਕ ਮੌਕਿਆਂ ਅਤੇ ਵਿਸ਼ੇਸ਼ ਸੰਦਰਭਾਂ ਦੇ ਅੰਤਰਗਤ ਗਾਏ ਜਾਣ ਵਾਲੇ ਲੋਕਗੀਤਾਂ ਵੱਲ ਵਿਸ਼ੇਸ਼ ਤਵੱਜੋ ਦੇਣੀ ਤਾਂ ਕਿ ਪੇਸ਼ ਸਮਾਜਿਕ ਸਥਿਤੀ ਅਤੇ ਲੋਕਗੀਤਾਂ ਅੰਦਰ ਪੇਸ਼ ਵਸਤੂ\ਭਾਵ ਦੇ ਨਿਸ਼ਚਿਤ ਸੰਬੰਧਾਂ ਨੂੰ ਉਜਾਗਰ ਕੀਤਾ ਜਾ ਸਕੇ।

ਇਸ ਤਰ੍ਹਾਂ ਡਾ• ਨਾਹਰ ਸਿੰਘ ਦੇ ਇਸ ਕਦਮ ਤੋਂ ਲੋਕਮਨਾਂ ਦੀਆਂ ਭਾਵਨਾਵਾਂ, ਲੋਕ ਦਾਇਰਿਆਂ ਵਿੱਚ ਪ੍ਰਚਲਿਤ ਵਿਭਿੰਨ ਗੀਤ-ਰੂਪਾਂ ਤੇ ਲੋਕਗੀਤ- ਵੰਨਗੀਆਂ ਨੂੰ ਚੰਗੀ ਤਰ੍ਹਾਂ ਸਮਝਿਆਂ ਜਾ ਸਕਦਾ ਹੈ। ਇਹੀਂ ਨਹੀਂ ਸਗੋਂ ਅਸੀਂ ਸਮੇਂ ਦੇ ਪ੍ਰਵਾਹ ਵਿੱਚ ਚਲਦਿਆਂ ਸੰਬੰਧਿਤ ਲੋਕ-ਸਮੂਹ ਦੇ ਅੰਗ-ਸੰਗ ਰਹਿੰਦਿਆਂ ਕਿਸੇ ਲੋਕਗੀਤ ਦੇ ਅੰਦਰਲੇ ਰੂਪਾਂਤਰਣਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਤੇ ਪਛਾਣ ਸਕਦੇ ਹਾਂ।

ਵੰਨਗੀਆਂ[ਸੋਧੋ]

'ਚੰਨਾ ਵੇ ਤੇਰੀ ਚਾਨਣੀ'••• ਜਿਲਦ ਵਿੱਚ ਮਾਲਵੇ ਦੇ ਲੰਮੇ ਗੌਣਾਂ ਦੀਆਂ ਵਿਸ਼ੇ ਦੇ ਪੱਖੋਂ ਵਿਭਿੰਨ ਵੰਨਗੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਲੰਮੇ ਗੌਣਾਂ ਨੂੰ ਇਸ ਜਿਲਦ ਵਿੱਚ ਦੋ ਵੰਨਗੀਆਂ ਵਿੱਚ ਵੰਡ ਕੇ ਸੰਪਾਦਤ ਕੀਤਾ ਗਿਆ ਹੈ। "ਪਹਿਲੀ ਵੰਨਗੀ" ਵਿੱਚ ਉਹ ਗੀਤ ਰੱਖੇ ਗਏ ਹਨ ਜਿਹੜੇ ਮਲਵੈਣਾਂ ਦੇ ਜੀਵਨ ਦੇ ਪਰਿਵਾਰਗਤ ਵੇਰਵਿਆਂ ਨਾਲ ਸੰਬੰਧਿਤ ਹਨ ਅਤੇ "ਦੂਜੀ ਵੰਨਗੀ" ਵਿੱਚ ਇਤਿਹਾਸ ਮੂਲਕ ਵੇਰਵਿਆਂ ਵਾਲੇ ਲੋਕਗੀਤਾਂ ਨੂੰ ਰੱਖਿਆ ਗਿਆ ਹੈ। ਜਿਥੇ "ਪਹਿਲੀ ਵੰਨਗੀ " ਦੇ ਗੀਤ ਟੱਬਰ ਅਤੇ ਸਾਕਾਦਾਰੀ ਸੰਬੰਧਾਂ ਦੇ ਉਚਾਰ ਨਾਲ ਸੰਬੰਧਿਤ ਹਨ, ਉਥੇ "ਦੂਜੀ ਵੰਨਗੀ" ਦੇ ਗੀਤ ਇਸ ਪਰਿਵਾਰ ਤੋਂ ਬਾਹਰਲੇ ਜਗਤ ਨਾਲ ਔਰਤ ਦੇ ਮਾਨਵੀ ਰਿਸ਼ਤਿਆਂ ਨੂੰ ਦਰਸਾਉਂਦੇ ਹਨ। ਜਿਥੇ "ਪਹਿਲੀ ਵੰਨਗੀ" ਦੇ ਗੀਤਾਂ ਵਿੱਚ ਔਰਤ ਦੇ ਜੀਵਨ ਦਾ ਧਰਤ ਮੁਖ ਪਾਸਾਰ ਉਘੜਿਆ ਹੈ, ਉਥੇ "ਦੂਜੀ ਵੰਨਗੀ" ਵਿੱਚ ਇਸ ਜੀਵਨ ਦਾ ਗਗਨ ਮੁਖ ਪਾਸਾਰ ਦ੍ਰਿਸ਼ਟੀਗੋਚਰ ਹੁੰਦਾ ਹੈ ਇਹ ਦੋਵੇਂ ਭਾਗ ਆਪੋ ਆਪਣੀ ਥਾਵੇ ਜੀਵਨ ਦੀਆਂ ਦੋ ਅਰਥ ਇਕਾਈਆਂ ਨੂੰ ਪੇਸ਼ ਕਰਦੇ ਹਨ। (ੳ) ਪਹਿਲਾ ਭਾਗ:- ਪਹਿਲੇ ਭਾਗ ਵਿੱਚ ਔਰਤ ਦਾ ਭੈਣ ਤੋਂ ਪਤਨੀ ਤੱਕ, ਧੀ ਤੋਂ ਮਾਂ ਤੱਕ ਅਤੇ ਪੇਕੇ ਘਰ ਤੋਂ ਸਹੁਰੇ ਘਰ ਤੱਕ ਦੀ ਯਾਤਰਾ ਦਾ ਵਰਣਨ ਹੈ। ਇਹ ਭਾਗ 'ਚਿੜੀਆਂ ਦੇ ਚੰਬੇ' ਦੇ ਪਰਦੇਸੀ ਹੋ ਜਾਣ ਦੀ ਕਹਾਣੀ ਨਾਲ ਸੰਬੰਧਿਤ ਹੈ। ਇਸ ਭਾਗ ਵਿੱਚ ਸਾਕਾਦਾਰੀ ਸੰਬੰਧਾਂ ਨੂੰ ਰਿਸ਼ਤਿਆਂ ਦੇ ਪੰਜ ਜੁੱਟਾਂ ਵਿੱਚ, ਪੰਜ ਇਕਾਈਆਂ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਹਨ : ਭੈਣ-ਵੀਰ, ਧੀ-ਮਾਂ, ਨੂੰਹ-ਸੱਸ, ਭਾਬੀ-ਦਿਉਰ। ਇਸ ਜਿਲਦ ਵਿੱਚ ਪਤੀ-ਪਤਨੀ ਦੇ ਰਿਸ਼ਤੇ ਦੁਆਲੇ ਏਨੇ ਗੀਤ ਮਿਲਦੇ ਹਨ ਕਿ ਇਨ੍ਹਾਂ ਨੂੰ ਆਕਾਰ ਦੀ ਦ੍ਰਿਸ਼ਟੀ ਤੋਂ ਇੱਕ ਵੱਖਰੀ ਜਿਲਦ ਵਿੱਚ ਰੱਖਿਆ ਗਿਆ ਹੈ। ਉਹ ਜਿਲਦ ਹੈ- 'ਖੂਨੀ ਨੈਣ ਜਲ ਭਰੇ'। (ਅ) ਦੂਜਾ ਭਾਗ:- ਦੂਜੇ ਭਾਗ ਵਿੱਚ ਇਤਿਹਾਸ, ਮਿਥਿਹਾਸ ਤੇ ਪਰੰਪਰਾ ਦੇ ਅੰਗ-ਸੰਗ- ਵਿੱਚ ਔਰਤ ਮਰਦ ਸੰਬੰਧਾਂ ਦੇ ਬਾਕੀ ਪਾਸਾਰ ਉਘੜਦੇ ਹਨ। ਇਸ ਭਾਗ ਵਿੱਚ ਵੀ ਰਿਸ਼ਤਿਆਂ ਦੇ ਜੁੱਟ ਪੇਸ਼ ਹੁੰਦੇ ਹਨ। ਇਹ ਜੁੱਟ ਆਮ ਤੌਰ 'ਤੇ ਇਤਿਹਾਸਕ ਤੇ ਮਿਥਿਹਾਸਕ ਪਾਤਰਾਂ ਦੇ ਹਨ। ਇਸ ਭਾਗ ਦੇ ਲੰਮੇ ਗੌਣਾਂ ਵਿੱਚ ਔਰਤ ਦਾ ਸਮਾਜਿਕ ਵਿਯੋਗ, ਭਾਵੁਕ ਭੁੱਖਾਂ, ਅਤ੍ਰਿਪਤ ਕਾਮੁਕ ਉਮੰਗਾਂ ਅਤੇ ਜੀਵਨ ਦੇ ਹੋਰ ਅਨੇਕਾਂ ਸੰਸੇ ਇੱਕ ਵੇਦਨਾਤਮਕ ਸੁਰ ਵਿੱਚ ਪੇਸ਼ ਹੋਏ ਹਨ। ਉਦਾਹਰਨ ਵਜੋਂ 'ਨਾਰ-ਜੋਗੀ' ਵਾਲੇ ਕਾਂਢ ਵਿੱਚ ਜੋਗੀ ਦਾ ਕਾਰਜ ਕੁੜੀਆਂ ਦੇ ਵਿਹੜੇ ਆਉਣ, ਬੀਨ ਵਜਾਉਣ ਅਤੇ ਤੁਰ ਜਾਣ ਦੀਆਂ ਕਿਰਿਆਵਾਂ ਵਿੱਚ ਉਘੜਦਾ ਹੈ। ਸਮਾਜਿਕ ਗੁਲਾਮੀ ਦੀਆਂ ਕੜੀਆਂ ਵਿੱਚ ਜਕੜੀ ਹੋਈ ਔਰਤ ਨੂੰ ਇਹ ਜੋਗੀ ਇੱਕ ਮੁਕਤੀ ਦਾ ਚਿੰਨ੍ਹ ਨਜ਼ਰ ਆਉਂਦਾ ਹੈ। ਇਹ ਔਰਤ ਇਸ ਜੋਗੀ ਨੂੰ ਜੋਗੀ ਦੇ ਰੂਪ ਵਿੱਚ ਨਹੀਂ ਸਗੋਂ ਭੋਗੀ ਦੇ ਰੂਪ ਵਿੱਚ ਹੀ ਪ੍ਰਵਾਨ ਕਰਦੀ ਹੈ। ਇਸ ਜਿਲਦ ਦੇ ਅੰਤ ਵਿੱਚ ਅੰਤਕਾ ਵਜੋਂ 'ਢੋਲਕ ਦੇ ਗੀਤ' ਲਾਏ ਗਏ ਹਨ। ਢੋਲਕ ਦੇ ਗੀਤ ਆਪਣੇ ਤੱਤ ਵਿੱਚ ਸਮਾਨ ਪਰ ਉਚਾਰ-ਰੂਪ ਦੇ ਪੱਖੋਂ ਲੰਮੇ ਗੌਣਾਂ ਤੋਂ ਕੁਝ ਵੱਖਰੇ ਹਨ। ਇਸ ਲਈ ਇਨ੍ਹਾਂ ਨੂੰ ਇਸ ਜਿਲਦ ਵਿੱਚ ਤੀਜੇ ਭਾਗ ਵਜੋਂ ਨਹੀਂ ਸਗੋਂ ਅੰਤਕਾ ਵਜੋਂ ਲਾਇਆ ਗਿਆ ਹੈ।

ਹਵਾਲੇ[ਸੋਧੋ]

 1. " ਚੰਨਾ ਵੇ ਤੇਰੀ ਚਾਨਣੀ" "ਡਾ• ਨਾਹਰ ਸਿੰਘ" ਪੰਨਾ 1
 2. "ਚੰਨਾ ਵੇ ਤੇਰੀ ਚਾਨਣੀ" "ਡਾ• ਨਾਹਰ ਸਿੰਘ" ਪੰਨਾ 3