ਸਮੱਗਰੀ 'ਤੇ ਜਾਓ

ਚੱਕੀਆਂ ਲਾਉਣੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਦ ਆਟਾ ਦਾਣਾ ਪੀਹਣ ਲਈ ਖਰਾਸ ਦੀ ਕਾਢ ਨਹੀਂ ਨਿਕਲੀ ਸੀ, ਉਸ ਸਮੇਂ ਆਟਾ, ਦਾਲਾਂ, ਦਾਣਾ ਆਦਿ ਇਸਤਰੀਆਂ ਚੱਕੀ ਤੇ ਘਰ ਹੀ ਪੀਂਹਦੀਆਂ ਸਨ। ਇਸ ਤਰ੍ਹਾਂ ਹੀ ਉਨ੍ਹਾਂ ਸਮਿਆਂ ਵਿਚ ਜਦ ਮੁੰਡੇ/ਕੁੜੀ ਦਾ ਵਿਆਹ ਰੱਖਿਆ ਜਾਂਦਾ ਸੀ ਤਾਂ ਵਿਆਹ ਲਈ ਆਟਾ, ਮੈਦਾ, ਵੇਸਣ, ਦਾਲਾਂ ਆਦਿ ਵਿਆਹ ਤੋਂ ਸੱਤ ਦਿਨ ਜਾਂ ਨੌਂ ਦਿਨ ਤੇ ਕਈ ਪਰਿਵਾਰ ਵਿਆਹ ਦੇ ਹੋਣ ਵਾਲੇ ਇਕੱਠ ਨੂੰ ਮੁੱਖ ਰੱਖ ਕੇ ਗਿਆਰ੍ਹਾਂ ਦਿਨ ਪਹਿਲਾਂ ਹੀ ਪੀਹਣਾ ਸ਼ੁਰੂ ਕਰ ਦਿੱਤਾ ਜਾਂਦਾ ਸੀ। ਚੱਕੀਆਂ ਤੇ ਆਟਾ, ਮੈਦਾ, ਵੇਸਣ, ਦਾਲਾਂ ਆਦਿ ਪੀਹਣ ਨੂੰ ਚੱਕੀਆਂ ਲਾਉਣੀਆਂ ਦੀ ਰਸਮ ਕਹਿੰਦੇ ਸਨ/ਹਨ।

ਸ਼ਰੀਕੇ ਵਾਲਿਆਂ ਦੇ ਘਰਾਂ ਤੋਂ ਸੱਤ ਚੱਕੀਆਂ ਇਕੱਠੀਆਂ ਕਰ ਕੇ ਘਰ ਦੇ ਵਰਾਂਡੇ/ਦਲਾਣ ਵਿਚ ਰੱਖੀਆਂ ਜਾਂਦੀਆਂ ਸਨ। ਸ਼ਰੀਕੇ ਵਾਲੇ ਘਰਾਂ ਵਿਚੋਂ ਹੀ ਸੱਤ ਸੁਹਾਗਣਾਂ ਨੂੰ ਬੁਲਾਇਆ ਜਾਂਦਾ ਸੀ। ਪਹਿਲਾਂ ਸੱਤੇ ਦੀਆਂ ਸੱਤੇ ਸੁਹਾਗਣਾਂ ਦਾਣਿਆਂ ਦੀ ਇਕ ਇਕ ਮੁੱਠੀ ਸੱਤਾਂ ਚੱਕੀਆਂ ਵਿਚ ਪਾਉਂਦੀਆਂ ਸਨ। ਫੇਰ ਸੱਤਾਂ ਚੱਕੀਆਂ ਨੂੰ ਵਾਰੋ ਵਾਰੀ ਸੱਤੇ ਸੁਹਾਗਣਾਂ ਇਕ ਇਕ ਗੇੜਾ ਦਿੰਦੀਆਂ ਸਨ। ਇਸ ਤਰ੍ਹਾਂ ਸੱਤੇ ਚੱਕੀਆਂ ਤੇ ਪਿਹਾਈ ਸ਼ੁਰੂ ਕੀਤੀ ਜਾਂਦੀ ਸੀ। ਉਸ ਤੋਂ ਪਿੱਛੋਂ ਫੇਰ ਇਕੱਲੀ ਇਕੱਲੀ ਚੱਕੀ ਨੂੰ ਇਕ ਇਕ ਸੁਹਾਗਣ ਚਲਾਉਣਾ ਸ਼ੁਰੂ ਕਰਦੀ ਸੀ। ਇਸ ਤਰ੍ਹਾਂ ਵਿਆਹ ਲਈ ਪਹਿਲਾਂ ਮਾਂਹ ਦੀ ਦਾਲ ਵੜੀਆਂ ਲਈ ਪੀਠੀ ਜਾਂਦੀ ਸੀ। ਫੇਰ ਆਟਾ, ਮੈਦਾ,ਵੇਸਣ, ਦਾਲਾਂ ਆਦਿ ਨੂੰ ਪੀਠਿਆ ਜਾਂਦਾ ਸੀ। ਇਸ ਸਮੇਂ ਉਬਲੀ ਹੋਈ ਕਣਕ ਵਿਚ ਸ਼ੱਕਰ ਰਲਾ ਕੇ ਵੰਡੀ ਜਾਂਦੀ ਸੀ, ਜਿਸ ਨੂੰ ਘੁੰਗਣੀਆਂ/ ਬੱਕਲੀਆਂ ਕਹਿੰਦੇ ਹਨ। ਕਈ ਇਲਾਕਿਆਂ ਵਿਚ ਸੁੱਕੀ ਪੰਜੀਰੀ ਵੰਡੀ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਖੇਤੀ ਸਾਰੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਥੋੜ੍ਹੀ-ਥੋੜ੍ਹੀ ਆਮਦਨ ਹੁੰਦੀ ਸੀ ਜਿਸ ਕਰਕੇ ਸਾਰੇ ਸ਼ਰੀਕੇ ਵਾਲੇ ਪਰਿਵਾਰ ਇਕੱਠੇ ਹੋ ਕੇ ਮੁੰਡੇ/ ਕੁੜੀ ਦਾ ਵਿਆਹ ਕਰਦੇ ਹੁੰਦੇ ਸਨ।[1] ਹੁਣ ਚੱਕੀਆਂ ਲਾਉਣ ਦੀ ਰਸਮ ਬਿਲਕੁਲ ਖ਼ਤਮ ਹੋ ਗਈ ਹੈ। ਹੁਣ ਸਾਰੀ ਪਿਹਾਈ ਆਟਾ ਚੱਕੀਆਂ ਤੇ ਕੀਤੀ ਜਾਂਦੀ ਹੈ ਜਿਹੜੀ ਇੰਜਣਾਂ ਜਾਂ ਬਿਜਲੀ ਤੇ ਚਲਦੀਆਂ ਹਨ।ਹੁਣ ਤਾਂ ਬਹੁਤੇ ਵਿਆਹ ਵੀ ਮੈਰਿਜ ਪੈਲੇਸਾਂ ਵਿਚ ਹੋਣ ਲੱਗ ਪਏ ਹਨ। ਮੈਰਿਜ ਪੈਲੇਸਾਂ ਵਾਲੇ ਹੀ ਮਠਿਆਈਆਂ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਆਪ ਕਰਦੇ ਹਨ।

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.