ਚੱਪਣੀਆਂ ਭੰਨਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਡੇ ਉੱਤਲੀ ਗੋਲ ਜਿਹੀ ਹੱਡੀ ਨੂੰ ਚੱਪਣੀ ਕਹਿੰਦੇ ਹਨ। ਗੋਹੇ ਦੀ ਪਤਲੀ ਪਾਬੀ ਨੂੰ ਵੀ ਚੱਪਣੀ ਕਹਿੰਦੇ ਹਨ। ਪਰ ਮੈਂ ਤੁਹਾਨੂੰ ਜਿਸ ਚੱਪਣੀ ਬਾਰੇ ਦੱਸਣ ਲੱਗਿਆ ਹਾਂ ਇਹ ਮਿੱਟੀ ਦੇ ਭਾਂਡੇ ਦੇ ਮੂੰਹ ਨੂੰ ਢਕਣ ਲਈ ਮਿੱਟੀ ਦੀ ਹੀ ਬਣੀ ਹੁੰਦੀ ਸੀ। ਚੱਪਣੀ ਦਾ ਮੁੱਖ ਕੰਮ ਤਾਂ ਕਿਸੇ ਭਾਂਡੇ ਨੂੰ ਢਕਣ ਦਾ ਹੈ ਪਰ ਮੁੰਡੇ/ਕੁੜੀ ਦੇ ਵਿਆਹ ਸਮੇਂ ਚੱਪਣੀਆਂ ਭੰਨਣ ਦੀ ਇਕ ਰਸਮ ਇਨ੍ਹਾਂ ਮਿੱਟੀ ਦੀਆਂ ਬਣੀਆਂ ਚੱਪਣੀਆਂ ਨਾਲ ਕੀਤੀ ਜਾਂਦੀ ਸੀ/ਹੈ।

ਪਹਿਲਾਂ ਘਰ ਕੱਚੇ ਹੁੰਦੇ ਸਨ। ਮੁੰਡੇ ਦੇ ਵਿਆਹ ਸਮੇਂ ਮੁੰਡੇ ਦੀ ਕੱਚੇ ਵਿਹੜ ਵਿਚ ਲੱਕੜ ਦੀ ਚੌਂਕੀ ਤੇ ਬਿਠਾ ਕੇ ਨ੍ਹਾਈ ਧੋਈ ਕੀਤੀ ਜਾਂਦੀ ਸੀ। ਅੱਠ ਦਸ ਚੱਪਣੀਆਂ ਲਈਆਂ ਜਾਂਦੀਆਂ ਸਨ। ਚਾਰ ਪੰਜ ਚੱਪਣੀਆਂ ਵਿਚ ਥੋੜੇ-ਥੋੜ੍ਹੇ ਗੁੜ ਤੇ ਚੌਲ ਪਾਏ ਜਾਂਦੇ ਸਨ। ਵਿਚ ਥੋੜ੍ਹੀ ਭਾਨ ਰੱਖੀ ਜਾਂਦੀ ਸੀ। ਬਾਕੀ ਦੀਆਂ ਚਾਰ ਪੰਜ ਚੱਪਣੀਆਂ ਨਾਲ ਇਨ੍ਹਾਂ ਨੂੰ ਢੱਕ ਦਿੱਤਾ ਜਾਂਦਾ ਸੀ। ਨ੍ਹਾਈ ਧੋਈ ਪਿੱਛੋਂ ਇਨ੍ਹਾਂ ਚੱਪਣੀਆਂ ਨੂੰ ਚੌਂਕੀ ਦੇ ਕੋਲ ਗਿੱਲੀ ਥਾਂ ਉੱਪਰ ਥੋੜ੍ਹੀ-ਥੋੜ੍ਹੀ ਦੂਰੀ ਤੇ ਰੱਖ ਦਿੰਦੇ ਸਨ। ਫੇਰ ਵਿਆਹੁਲੇ ਮੁੰਡੇ ਦਾ ਮਾਮਾ ਮੁੰਡੇ ਨੂੰ ਗੋਦੀ ਚੁੱਕ ਕੇ ਇਨ੍ਹਾਂ ਚੱਪਣੀਆਂ ਤੇ ਪੈਰ ਰੱਖਦਾ ਹੋਇਆ/ਭੰਨਦਾ ਹੋਇਆ ਘਰ ਅੰਦਰ ਲੈ ਆਉਂਦਾ ਸੀ। ਇਸ ਤਰ੍ਹਾਂ ਇਹ ਰਸਮ ਇਕ ਤਰ੍ਹਾਂ ਦੀ ਮੁੰਡੇ ਦੇ ਮਾਮੇ ਨੂੰ ਗਿੱਲੀ ਮਿੱਟੀ ਤੋਂ ਤਿਲਕ ਕੇ ਡਿੱਗਣ ਤੋਂ ਬਚਾਉਣ ਲਈ ਕੀਤੀ ਜਾਂਦੀ ਸੀ। ਇਹ ਹੈ ਚੱਪਣੀਆਂ ਭੰਨਣ ਦੀ ਰਸਮ। ਲੜਕੀ ਦੇ ਵਿਆਹ ਸਮੇਂ ਵੀ ਇਹ ਰਸਮ ਲੜਕੀ ਦੇ ਮਾਮੇ ਵੱਲੋਂ ਕੀਤੀ ਜਾਂਦੀ ਸੀ। ਹੈ। ਕਈ ਇਲਾਕਿਆਂ ਵਿਚ ਇਹ ਰਸਮ ਠੂਠੀਆਂ ਨਾਲ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿਚ ਮਾਮਾ ਮੁੰਡੇ/ਕੁੜੀ ਨੂੰ ਚੌਂਕੀ ਤੋਂ ਹੀ ਉਤਾਰਦਾ ਹੈ। ਫੇਰ ਮੁੰਡਾ/ ਕੁੜੀ ਆਪ ਚੱਪਣੀਆਂ ਤੇ ਪੈਰ ਰੱਖਦੀ ਹੋਈ ਘਰ ਅੰਦਰ ਆ ਜਾਂਦੀ ਹੈ। ਹੁਣ ਬਹੁਤੇ ਘਰਾਂ ਵਿਚ ਪੱਕੇ ਗੁਸਲਖਾਨੇ ਹਨ। ਨ੍ਹਾਈ ਧੋਈ ਗੁਸਲਖਾਨਿਆਂ ਵਿਚ ਕੀਤੀ ਜਾਂਦੀ ਹੈ। ਪਰ ਫੇਰ ਵੀ ਚੱਪਣੀਆਂ ਭੰਨਣ ਦੀ ਰਸਮ ਅਜੇ ਕੀਤੀ ਜਾ ਰਹੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.