ਛੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਛੱਲਾ[ਸੋਧੋ]

ਕੌਣ ਸੀ ਇਹ ਛੱਲਾ ?..ਕੀ ਕਹਾਣੀ ਸੀ ਛੱਲੇ ਦੀ..?[ਸੋਧੋ]

ਗੁਰਦਾਸ ਮਾਨ ਤੇ ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ… ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ(Life) ਚ’ ਕਦੇ ਛੱਲਾ ਨਾ ਗੁਣਗੁਨਾਇਆ ਹੋਵੇ| ਪਰ ਬਹੁਤ ਘੱਟ ਲੋਕ ਹੋਣਗੇ ਜਿਹਨਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ….…

ਕੌਣ ਸੀ ਇਹ ਛੱਲਾ ??..ਕੀ ਕਹਾਣੀ ਸੀ ਛੱਲੇ ਦੀ..???

”ਛੱਲਾ” ਇੱਕ ਪਿਓ ਪੁੱਤ ਦੀ ਦਾਸਤਾਨ ਹੈ|ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ| ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ| ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ (cuddle) ਨਾਲ ਪਾਲਿਆ| ਜਦ ਛੱਲਾ ਛੋਟਾਸੀ ਤਾਂ ਉਸਦੀ ਮਾਂ ਮਰ ਗਈ | ਜੱਲਾ ਮਲਾਹ (boatman) ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ|ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ (boat)’ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ|ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ|

ਪਹਿਲਾਂ ਤਾਂ ਜੱਲਾ ਮੰਨਿਆ ਨਹੀਂ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ’ ਸਵਾਰ ਹੋਕੇ ਦਰਿਆ ‘ਚ ਚਲੇ ਗਏ| ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀਂ ਮੁੜਿਆ| ਸਤਲੁਜ ਤੇ ਬਿਆਸ ‘ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ |ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ| ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ |ਉਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ…”” ਛੱਲਾ ਮੁੜਕੇ ਨਹੀਂ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ(country) ਪਰਾਇਆ ….ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਉਂਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀਂ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ- ਰੋਂਦਾ ਗਾਉਣ ਲੱਗ ਜਾਂਦਾ,,

ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ।

ਜੱਲਾ ਪਾਣੀ ਚ’ ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ…? ਤਾਂ ਜੱਲਾ ਕਹਿੰਦਾ…

ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ। ਅੱਲਾ ( God ) ਸਭ ਨੂੰ ਦੇਵੇ।

ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ

ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ, ਜਾਣਾ ਪਹਿਲੇ ਪੂਰ ਏ।

ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ’ ਅਪਣੀ ਜਿੰਦਗੀ ਗੁਜ਼ਾਰਦਾ ਰਿਹਾ| ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ) ਚਲਾ ਗਿਆ| ਅਪਣੀਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ’ਬਿਤਾਉਣ ਤੋਂ ਬਾਅਦ ਉਸਦੀ ਮੌਤ ਹੋ ਗਈ| ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈਹੈ।




ਇਸੇ ਸੰਦਰਭ ਵਿਚ 21 ਸਤੰਬਰ 2013 ਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਵਿਚ ਸ਼੍ਰੀ ਗੁਰਬਚਨ ਸਿੰਘ ਵਿਰਦੀ ਜੀ ਦਾ ਇੱਕ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਹੋਇਆ ਸੀ ਜਿਸ ਨੂੰ ਇਥੇ ਪੋਸਟ ਕਰਨ ਦੀ ਖੁਸ਼ੀ ਲੈ ਰਿਹਾ ਹਾਂ।

‘ਛੱਲਾ’[ਸੋਧੋ]

‘ਛੱਲੇ’ ਦੇ ਸਰਸਰੀ ਜਿਹੇ ਅਰਥ ਕਰਦਿਆਂ ਇਹ ਸਾਨੂੰ ਹੱਥ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਜਾਂ ਸੋਨੇ ਦਾ ਗਹਿਣਾ ਹੀ ਲੱਗਦਾ ਹੈ। ਅਸਲ ਵਿੱਚ ਇਹ ਪੁੱਤ-ਮੋਹ ਦੀ ਕਹਾਣੀ ਹੈ। ‘ਛੱਲਾ’ ਇਸ ਕਹਾਣੀ ਦਾ ਨਾਇਕ ਪਾਤਰ ਹੈ। ਛੱਲੇ ਨੂੰ ਜਨਾਬ ਸ਼ੌਕਤ ਅਲੀ ਨੇ ਸਭ ਤੋਂ ਪਹਿਲਾਂ ਕਲਮਬੱਧ ਕੀਤਾ ਅਤੇ ਸਭ ਤੋਂ ਪਹਿਲਾਂ ਗਾਉਣ ਵਾਲੇ ਅਨਾਇਤ ਅਲੀ ਸਨ – ਦੋਵੇਂ ਹੀ ਪਾਕਿਸਤਾਨ ਦੇ ਨਾਮਵਰ ਪੰਜਾਬੀ ਫ਼ਨਕਾਰ।[ਸੋਧੋ]

ਪੰਜਾਬੀ ਗੀਤਾਂ ਦੀ ਇੱਕ ਗਾਇਨ ਵਿਧਾ ਹੈ ‘ਛੱਲਾ’ ਹੈ ਜਿਸ ਨੂੰ ਪਾਕਿਸਤਾਨ ਤੇ ਭਾਰਤ ਦੇ ਸਭ ਪੰਜਾਬੀ ਨਾਮਵਰ ਗਾਇਕਾਂ ਨੇ ਗਾ ਕੇ ਚੰਗਾ ਨਾਮਣਾ ਖੱਟਿਆ ਹੈ। ‘ਛੱਲੇ’ ਦੇ ਸਰਸਰੀ ਜਿਹੇ ਅਰਥ ਕਰਦਿਆਂ ਇਹ ਸਾਨੂੰ ਹੱਥ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਜਾਂ ਸੋਨੇ ਦਾ ਗਹਿਣਾ ਹੀ ਲੱਗਦਾ ਹੈ। ਅਸਲ ਵਿੱਚ ਇਹ ਪੁੱਤ-ਮੋਹ ਦੀ ਕਹਾਣੀ ਹੈ। ‘ਛੱਲਾ’ ਇਸ ਕਹਾਣੀ ਦਾ ਨਾਇਕ ਪਾਤਰ ਹੈ। ਇਸ ਛੱਲੇ ਨੂੰ ਜਨਾਬ ਸ਼ੌਕਤ ਅਲੀ ਨੇ ਸਭ ਤੋਂ ਪਹਿਲਾਂ ਕਲਮਬੱਧ ਕੀਤਾ ਅਤੇ ਇਸ ਨੂੰ ਸਭ ਤੋਂ ਪਹਿਲਾਂ ਗਾਉਣ ਵਾਲੇ ਅਨਾਇਤ ਅਲੀ ਸਨ। ਦੋਵੇਂ ਹੀ ਪਾਕਿਸਤਾਨ ਦੇ ਨਾਮਵਰ ਪੰਜਾਬੀ ਫ਼ਨਕਾਰ ਸਨ। ਛੱਲੇ ਦੀ ਅਸਲ ਕਹਾਣੀ ਕੁਝ ਇਸ ਪ੍ਰਕਾਰ ਹੈ। ਪਾਕਿਸਤਾਨ ਦੇਸ਼ ਅੰਦਰ ਝਨਾਂ (ਚਨਾਬ) ਦਰਿਆ ਦੇ ਕੰਢੇ ਉੱਤੇ ਵਸਿਆ ਹੋਇਆ ਗੁਜਰਾਤ ਨਾਂ ਦਾ ਇੱਕ ਸ਼ਹਿਰ ਹੈ ਜਿਸ ਦੀ ਕਾਫ਼ੀ ਵਸੋਂ ਝਨਾਂ ਤੋਂ ਪਾਰ ਵੀ ਵਸਦੀ ਹੈ। ਉਸ ਨੂੰ ਜੋੜਨ ਲਈ ਕੋਈ ਪੁਲ ਨਹੀਂ ਸੀ। ਦਰਿਆ ਪਾਰ ਜਾਣ ਲਈ ਕੇਵਲ ਬੇੜੀ ਤੇ ਮਲਾਹ ਹੀ ਜ਼ਰੀਆ ਬਣਿਆ ਕਰਦੇ ਸਨ। ਸਵੇਰ ਵੇਲੇ ਹੀ ਇੱਥੇ ਕਈ ਮਲਾਹ ਆ ਕੇ ਆਪਣੀਆਂ ਬੇੜੀਆਂ ਕੰਢੇ ਉੱਤੇ ਲਾ ਦਿਆ ਕਰਦੇ ਸਨ। ਉਹ ਲੋੜਵੰਦ ਲੋਕਾਂ ਨੂੰ ਦਰਿਆ ਪਾਰ ਕਰਾਉਣ ਲਈ ਉਹਨਾਂ ਦੀ ਮਦਦ ਕਰਦੇ ਅਤੇ ਉਹਨਾਂ ਤੋਂ ਮਿਥੀ ਗ਼ਰੀਬੀ-ਦਾਹਵੇ ਦੀ ਆਪਣੀ ਮਜ਼ਦੂਰੀ, ਕਿਰਾਏ ਦੇ ਰੂਪ ਵਿੱਚ ਵਸੂਲ ਕਰ ਕੇ ਆਪਣਾ ਨਿਰਬਾਹ ਕਰਦੇ। ਇਨ੍ਹਾਂ ਵਿੱਚ ਇੱਕ ਬੇੜੀ, ਛੱਲੇ ਨਾਮਕ ਮੁੰਡੇ ਦੇ ਪਿਓ ਦੀ ਵੀ ਸੀ। ਉਸ ਦਾ ਅਸਲ ਨਾਂ ਕਿਸੇ ਨੂੰ ਪਤਾ ਨਹੀਂ ਸੀ। ਲੋਕ ਉਸ ਨੂੰ, ਜੱਲਾ ਹੀ ਆਖ ਕੇ ਬੁਲਾਉਂਦੇ। ਉਸ ਦੇ ਪੁੱਤ, ਛੱਲੇ ਨੂੰ ਵੀ, ਇਹ ਨਾਂ ਦਰਿਆ ਦੀਆਂ ਛੱਲਾਂ ਤੋਂ ਹੀ ਮਿਲਿਆ ਸੀ। ਸਭ ਲੋਕ ਉਸ ਨੂੰ ‘ਛੱਲਾ’ ਕਹਿ ਕੇ ਬੁਲਾਉਂਦੇ ਸਨ। ਗ਼ਰੀਬ ਹੋਣ ਕਾਰਨ ਉਹ ਦੋਵੇਂ ਇਨ੍ਹਾਂ ਨਾਵਾਂ ਨਾਲ ਬੁਲਾਉਣ ਵਾਲਿਆਂ ਦਾ ਕਦੇ ਬੁਰਾ ਨਾ ਮਨਾਉਂਦੇ। ਛੱਲਾ ਤੇ ਜੱਲਾ ਪਿਓ-ਪੁੱਤ ਦਾ ਆਪਸ ਵਿੱਚ ਬਹੁਤ ਪਿਆਰ ਸੀ। …ਕਦੀ-ਕਦੀ, ਗੁੱਸੇ-ਰਾਜ਼ੀ ਵੀ ਹੋ ਜਾਇਆ ਕਰਦੇ ਸਨ। ਪਿਓ-ਪੁੱਤ ਦਾ ਇਹ ਗਿਲ੍ਹਾ ਥੋੜ੍ਹਚਿਰਾ ਹੀ ਹੁੰਦਾ। ਇਹ ਦੋਵੇਂ ਇੱਕ-ਦੂਜੇ ਉੱਤੇ ਜਾਨ ਛਿੜਕਦੇ ਸਨ। ਛੱਲਾ ਉਸ ਦਾ ਇਕਲੌਤਾ ਪੁੱਤ ਸੀ। ਉਸ ਦੇ ਬੁਢਾਪੇ ਦਾ ਸਹਾਰਾ ਘਰ ਦਾ ਇੱਕੋ-ਇੱਕ ਰੋਸ਼ਨ ਚਿਰਾਗ। ਉਸ ਦੇ ਪਿਓ ਦਾ ਸਭ ਕੁਝ। ਛੱਲੇ ਨੂੰ ਉਸ ਦਾ ਅੱਬਾ ਆਪਣੇ ਨਾਲ ਦਰਿਆ ਦੇ ਕੰਢੇ ਲੈ ਜਾਇਆ ਕਰਦਾ ਤੇ ਉਸ ਨੂੰ ਕਿਸ਼ਤੀ ਚਲਾਉਣ ਦੇ ਗੁਰ ਸਿਖਾਉਂਦਾ ਰਹਿੰਦਾ ਤਾਂ ਕਿ ਸਮਾਂ ਆਏ ਤੇ ਉਹ ਮਾਹਿਰ ਮਲਾਹ ਬਣ ਕੇ ਉਸ ਦਾ ਕਾਰੋਬਾਰ ਸੰਭਾਲਣਯੋਗ ਬਣ ਸਕੇ। ‘ਛੱਲਾ’ ਸੋਲ੍ਹਾਂ-ਸਤਾਰਾਂ ਸਾਲ ਦਾ ਇੱਕ ਸੋਹਣਾ-ਸੁਨੱਖਾ ਗੱਭਰੂ ਸੀ, ਜੋ ਆਪਣੇ ਪਰਿਵਾਰ ਸਮੇਤ ਗੁਜਰਾਤ ਸ਼ਹਿਰ ਦੇ ਨੇੜੇ ਹੀ ਮਲਕੋਵਾਲੀ ਪਿੰਡ ਦਾ ਰਹਿਣ ਵਾਲਾ ਸੀ। ਇੱਕ ਦਿਨ ਥੋੜ੍ਹੀ ਜਿਹੀ ਬੋਲ-ਬਾਣੀ ਹੋਣ ’ਤੇ ਛੱਲੇ ਦਾ ਅੱਬਾ ਉਸ ਨੂੰ ਬੇੜੀ ਸੌਂਪ ਕੇ ਮਲਕੋਵਾਲੀ ਪਿੰਡ ਚਲਾ ਜਾਂਦਾ ਹੈ। ਜਾਂਦਾ ਹੋਇਆ ਉਹ ਛੱਲੇ ਨੂੰ ਹਦਾਇਤ ਕਰਦਾ ਹੈ ਕਿ ਉਸ ਦੇ ਆਉਣ ਤੋਂ ਪਹਿਲਾਂ ਉਹ ਸਵਾਰੀਆਂ ਲੱਦਣ ਅਤੇ ਦਰਿਆ ਵਿੱਚ ਬੇੜੀ ਠੇਲ੍ਹਣ ਦੀ ਕੋਸ਼ਿਸ਼ ਨਾ ਕਰੇ। ਵਾਪਸ ਪਰਤ ਕੇ ਉਹ ਆਪ ਸਭ ਸੰਭਾਲ ਲਵੇਗਾ। ਉਸ ਦਾ ਬਾਪ ਜਾਣਦਾ ਹੈ ਕਿ ਉਸ ਦਾ ਪੁੱਤ ਅਜੇ ਸਵਾਰੀਆਂ ਦਾ ਪੂਰ ਢੋਅ ਕੇ ਬੇੜੀ ਚਲਾਉਣ ਵਿੱਚ ਪੂਰੀ ਤਰ੍ਹਾਂ ਮਾਹਿਰ ਨਹੀਂ ਹੈ। ਇਤਫ਼ਾਕਵੱਸ ਉਸ ਦਿਨ ਦਰਿਆ ਕੰਢੇ ਸਵੇਰੇ-ਸਵੇਰੇ ਉਸ ਤੋਂ ਬਿਨਾਂ ਹੋਰ ਕੋਈ ਮਲਾਹ ਮੌਜੂਦ ਨਹੀਂ ਹੁੰਦਾ। ਰੋਕਣ ਦੇ ਬਾਵਜੂਦ ਉਹ ਪਿਤਾ ਦੀ ਗ਼ੈਰਹਾਜ਼ਰੀ ਦਾ ਲਾਭ ਉਠਾ ਕੇ ਆਪਣੇ ਕਿਸੇ ਚਾਹੁਣ ਵਾਲੇ ਸਨੇਹੀ ਨੂੰ ਕੰਢੇ ਉੱਤੇ ਮਿਲਣ ’ਤੇ ਦਰਿਆਓਂ ਪਾਰ ਲਿਜਾਣ ਦਾ ਇਕਰਾਰ ਕਰ ਬੈਠਦਾ ਹੈ। ਛੱਲੇ ਦੀਆਂ ਹੇਠ ਲਿਖੀਆਂ ਸਤਰਾਂ ਗ਼ੌਰ ਫਰਮਾਓ:

===== ਓ ਛੱਲਾ ਕਾਲੀਆਂ ਮਰਚਾਂ। ਓ ਛੱਲਾ ਕਾਲੀਆਂ ਮਰਚਾਂ…। ਵੇ ਮਹੁਰਾ ਪੀ ਕੇ ਮਰਸਾਂ, ਵੇ ਸਿਰੇ ਤੇਰੇ ਚੜ੍ਹ ਸਾਂ। ਵੇ ਗੱਲ ਸੁਣ ਛੱਲਿਆ ਢੋਲਾ। ਵੇ ਸਾੜ ਕੇ ਕੀਤਾ ਈ ਕੋਲਾ। =====

ਵਾਅਦੇ ਤੋਂ ਮੱੁਕਰਨ ’ਤੇ ਉਸ ਦਾ ਸਨੇਹੀ ਜ਼ਹਿਰ ਪੀ ਕੇ ਛੱਲੇ ਦੇ ਸਿਰ ਚੜ੍ਹ ਕੇ ਮਰਨ ਦੀ ਧਮਕੀ ਦਿੰਦਾ ਹੈ ਅਤੇ ਨਾਲ ਹੀ ਗਿਲ੍ਹਾ ਕਰਦਾ ਹੈ ਕਿ ਉਸ ਨੂੰ ਸੱਦ ਕੇ ਵਾਅਦਾ ਨਹੀਂ ਨਿਭਾਇਆ। ਇਸ ਗੱਲ ਨੇ ਉਸ ਨੂੰ ਸਾੜ ਕੇ ਕੋਲੇ ਦੇ ਸਮਾਨ ਹੀ ਕਰ ਦਿੱਤਾ ਹੈ। ‘ਛੱਲਾ’ ਇਸ ਮੁਹੱਬਤ ਦੇ ਪ੍ਰਭਾਵ ਅਧੀਨ ਬੇੜੀ ਨੂੰ ਦਰਿਆ ਵਿੱਚ ਠੇਲ੍ਹ ਦਿੰਦਾ ਹੈ। ਉੱਧਰ ਦਰਿਆ ਦੀਆਂ ਛੱਲਾਂ ਜਿਵੇਂ ਛੱਲੇ ਦਾ ਹੀ ਇੰਤਜ਼ਾਰ ਕਰ ਰਹੀਆਂ ਹੋਣ। ਅਣਜਾਣ ਛੱਲਾ ਦਰਿਆ ਦੀਆਂ ਉੱਠ ਰਹੀਆਂ, ਹੰਕਾਰੀ ਤੇ ਬੇਵਫ਼ਾ ਉੱਚੀਆਂ ਲਹਿਰਾਂ ਦਾ ਬਹੁਤੀ ਦੇਰ ਤਕ ਸਾਹਮਣਾ ਨਾ ਕਰ ਸਕਿਆ ਅਤੇ ਮੁਸਾਫ਼ਿਰਾਂ ਨਾਲ ਭਰੀ ਬੇੜੀ ਸਮੇਤ ਉਹਨਾਂ ਲਹਿਰਾਂ ਵਿੱਚ ਡੁੱਬ ਕੇ ਰੁੜ੍ਹ ਜਾਂਦਾ ਹੈ। ਉਸ ਦੇ ਬੇੜੀ ਦੇ ਮੁਸਾਫ਼ਿਰਾਂ ਦਾ ਕੋਈ ਪਤਾ ਨਹੀਂ ਚੱਲਦਾ ਕਿ ਉਹ ਕਿੱਥੇ ਹਨ ਤੇ ਨਾ ਹੀ ਛੱਲੇ ਦਾ ਕੋਈ ਥਹੁ-ਪਤਾ ਲੱਗਦੈ। ਇੱਕ ਪਾਸੇ ਤਾਂ ਛੱਲੇ ਦਾ ਅੱਬਾ ਆਪਣਾ ਨੌਜਵਾਨ ਪੁੱਤ ਗਵਾ ਲੈਂਦਾ ਹੈ ਅਤੇ ਦੂਜੇ ਪਾਸੇ ਛੱਲੇ ਦੇ ਡੁੱਬ ਮਰਨ ਦੀ ਘਟਨਾ ਨੂੰ ਉੱਥੋਂ ਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਦੇ ਰੂਪ ਵਿੱਚ ਛੱਲੇ ਬਾਰੇ ਭੰਡੀ-ਪ੍ਰਚਾਰ ਕਰਨ ਲੱਗਦੇ ਹਨ। ਹੇਠ ਲਿਖੀਆਂ ਲਾਈਨਾਂ ਵੇਖੋ:

===== ਓ ਛੱਲਾ ਕੰਨ ਦੀਆਂ ਡੰਡੀਆਂ… ਵੇ ਸਾਰੇ ਪਿੰਡ ਵਿੱਚ ਭੰਡੀਆਂ ਵੇ ਗੱਲਾਂ ਛੱਜ ਪਾ ਛੰਡੀਆਂ! ਵੇ ਗੱਲ ਸੁਣ ਛੱਲਿਆ… =====

ਇੱਕ ਪਾਸੇ ਤਾਂ ਬੁੱਢੇ ਬਾਪ ਨੂੰ ਆਪਣੇ ਇਕਲੌਤੇ ਤੇ ਪਿਆਰੇ ਪੁੱਤ ਦੀ ਲਾਸ਼ ਤਕ ਨਹੀਂ ਲੱਭਦੀ, ਦੂਜਾ ਆਪਣੇ ਪੁੱਤ ਦਾ ਭੰਡੀ-ਪ੍ਰਚਾਰ ਨਾ ਸਹਿੰਦਾ ਹੋਇਆ ਉਹ ਪੁੱਤ-ਵਿਯੋਗੇ ਵਿੱਚ ਕੁਰਲਾ ਉੱਠਦਾ ਹੈ। ਉਹ ਲੋਕਾਂ ਕੋਲ ਤਰਲੇ ਕਰਦਾ ਹੈ। ਉਸ ਦੇ ਪੁੱਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਸ ਨਾਲ ਮਿਲਾਓ:

===== ਓ ਜਾਵੋ ਨੀਂ ਕੋਈ ਮੋੜ ਲਿਆਵੋ ਨੀਂ ਮੇਰੇ ਨਾਲ ਗਿਆ ਅੱਜ ਲੜ ਕੇ। ਓ ਅੱਲ੍ਹਾ ਕਰੇ ਜੇ ਆ ਜਾਵੇ ਸੋਹਣਾ, ਦੇਵਾਂ ਜਾਨ ਕਦਮਾਂ ਵਿੱਚ ਧਰ ਕੇ! =====

ਉਹ ਲੋਕਾਂ ਨੂੰ ਅਰਜ਼ ਕਰਦਾ ਹੈ ਕਿ ਕੋਈ ਕਿਤੋਂ ਉਸ ਦੇ ਪੁੱਤ ਨੂੰ ਬੁਲਾ ਲਿਆਓ ਤਾਂ ਉਹ ਆਪਣੀ ਜਾਨ ਉਸ ਦੇ ਕਦਮਾਂ ਵਿੱਚ ਧਰ ਦਿਆਂਗਾ। ਉਹ ਤਾਂ ਥੋੜ੍ਹੇ ਸਮੇਂ ਵਾਸਤੇ ਉਸ ਤੋਂ ਦੂਰ ਹੋਇਆ ਸੀ। ਉਸ ਨੂੰ ਕੀ ਪਤਾ ਸੀ, ਉਹਨਾਂ ਦਾ ਇਹ ਵਿਛੋੜਾ ਸਦਾ ਦਾ ਵਿਛੋੜਾ ਹੋ ਨਿੱਬੜੇਗਾ। ਉਸ ਨੂੰ ਇਹ ਪਛਤਾਵਾ ਤੇ ਗ਼ਮ ਹਮੇਸ਼ਾਂ ਸਤਾਉਂਦਾ ਰਹਿੰਦਾ। ਇਹ ਉਸ ਸਮੇਂ ਦੀ ਘਟਨਾ ਹੈ। ਜਦੋਂ ਪੁੱਤ ਤੋਂ ਬਿਨਾਂ ਮਾਪੇ ਆਪਣਾ ਘਰ ਸੱਖਣਾ-ਸੱਖਣਾ ਸਮਝਦੇ ਹੁੰਦੇ ਸਨ। ਘਰ ਵਿੱਚ ਵੱਧ ਪੁੱਤਾਂ ਦੀ ਹੋਂਦ ਨੂੰ ਘਰ ਦੀ ਤਾਕਤ ਤੇ ਬਰਕਤ ਸਮਝਿਆ ਜਾਂਦਾ ਸੀ। ਕਿਸੇ ਨੂੰ ਨਿਪੁੱਤਾ ਜਾਂ ਨਿਪੁੱਤੀ ਕਹਿਣਾ ਗਾਲ੍ਹ ਮੰਨਿਆ ਜਾਂਦਾ ਸੀ। ‘ਛੱਲਾ’ ਤਾਂ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਹ ਵੀ ਅੱਲ੍ਹਾ ਨੇ ਖੋਹ ਲਿਆ ਸੀ।

===== ਓ ਛੱਲਾ ਨੌਂ ਨੌਂ ਖੇਵੇ…। ਵੇ ਪੁੱਤਰ ਮਿੱਠੜੇ ਮੇਵੇ, ਵੇ ਅੱਲ੍ਹਾ ਸਭ ਨੂੰ ਦੇਵੇ। =====

ਪੁੱਤ ਮਿੱਠੇ ਮੇਵਿਆਂ ਸਮਾਨ ਹੁੰਦੇ ਹਨ। ਰੱਬ ਕਰੇ, ਪੁੱਤ ਦੀ ਦਾਤ ਸਭ ਘਰਾਂ ਵਿੱਚ ਹੋਵੇ ਪਰ ਜਿਸ ਬਾਪ ਦਾ ਇਕਲੌਤਾ ਪੁੱਤ ਵੀ ਮੌਤ ਨੇ ਖੋਹ ਲਿਆ ਹੋਵੇ, ਉਹ ਇਹ ਸਦਮਾ ਕਿਵੇਂ ਸਹਾਰ ਸਕਦਾ ਸੀ? ਉਹ ਦਰਿਆ ਕੰਢੇ ਉੱਚੀ-ਉੱਚੀ ਛੱਲਾ…ਛੱਲਾ… ਪੁਕਾਰਦਾ ਰਹਿੰਦਾ। ਕਦੇ ਏਧਰ, ਕਦੇ ਓਧਰ ਤੁਰਦਾ ਜਾਂ ਦੌੜਦਾ ਰਹਿੰਦਾ। ਹਾਜ਼ਰ ਲੋਕਾਂ ਨੂੰ ਰੋਕ ਕੇ ਪੁੱਛਦਾ, ‘‘ਕਿਤੇ ਮੇਰਾ ਛੱਲਾ ਵੇਖਿਆ ਜੇ?’’ ਇਸ ਅਸਹਿ ਸਦਮੇ ਵਿੱਚ ਉਸ ਦਾ ਕਾਰੋਬਾਰ ਠੱਪ ਹੋ ਜਾਂਦਾ ਹੈ। ਉਹ ਇੱਕ ਮਾਨਸਿਕ ਬੀਮਾਰੀ ਦਾ ਮਰੀਜ਼ ਬਣ ਜਾਂਦਾ ਹੈ। ਛੱਲਾ-ਛੱਲਾ ਪੁਕਾਰਦਾ ਉਹ ‘ਝੱਲਾ’ (ਪਾਗਲ) ਹੋ ਜਾਂਦਾ ਹੈ। ਲੋਕ ਉਸ ਨੂੰ ਝੱਲਾ ਕਹਿਣ ਲੱਗ ਪੈਂਦੇ ਹਨ। ਉਹ ਅੰਤਲੇ ਸਮੇਂ ਤਕ ਵੀ ਇਸੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਰਤਾਰਾ ਕਾਫ਼ੀ ਸਮੇਂ ਤਕ ਚੱਲਦਾ ਹੈ। ਸਮਾਂ ਬੀਤਣ ’ਤੇ ‘ਝੱਲੇ ਬਾਪ’ ਦੇ ਕੀਤੇ ਜਾ ਰਹੇ ਇਸ ਵਿਰਲਾਪ ਤੋਂ ਇਲਾਕੇ ਦਾ ਹਰ ਬਸ਼ਰ ਜਾਣੂ ਹੋ ਜਾਂਦਾ ਹੈ। ਛੱਲੇ ਦੇ ਪਿੰਡ, ਮਲਕੋਵਾਲੀ ਦਾ ਹੀ ਇੱਕ ਗੀਤਕਾਰ ਸੌਕਤ ਅਲੀ ‘ਝੱਲੇ ਤੇ ਛੱਲੇ’ ਦੀ ਇਸ ਵੇਦਨਾ ਨੂੰ ਧੁਰ ਅੰਦਰ ਮਹਿਸੂਸ ਕਰ ਕੇ ਇਸ ਦੁਖਾਂਤਕ ਘਟਨਾ ਨੂੰ ਪੰਜਾਬੀ ਦੀ ਇੱਕ ਨਵੀਂ ਵਿਧਾ ਵਿੱਚ ਕਲਮਬੰਦ ਕਰ ਕੇ ਪਿਓ-ਪੁੱਤ ਦੇ ਮੋਹ ਨੂੰ ਅਮਰ ਕਰ ਦਿੰਦਾ ਹੈ। ਪੁਰਾਤਨ ਕਿੱਸੇ, ਕਹਾਣੀਆਂ, ਵਾਰਤਾਵਾਂ ਵਿੱਚ ਉਹਨਾਂ ਦੇ ਨਾਇਕ ਆਮ ਤੌਰ ’ਤੇ ਸਾਨੂੰ ਉੱਚਤਮ ਵਰਗ, ਧਨੀ ਜਾਂ ਸ਼ਾਸਕ ਲੋਕਾਂ ਵਿੱਚੋਂ ਹੀ ਪੜ੍ਹਨ ਨੂੰ ਮਿਲਦੇ ਹਨ। ਜੇ ਕਿਤੇ ਨਿਮਨ ਵਰਗ ਦਾ ਕੋਈ ਪਾਤਰ ਹੈ ਵੀ ਤਾਂ ਉਸ ਦਾ ਪ੍ਰਗਟਾਵਾ ਉੱਚਤਮ ਵਰਗ ਦੀ ਦਿਆਲਤਾ ਜਾਂ ਵਡੱਤਣ ਵਿਖਾਉਣ ਲਈ ਹੀ ਕੀਤਾ\ਵਿਖਾਇਆ ਹੁੰਦਾ ਹੈ ਪਰ ਸੌਕਤ ਅਲੀ ਨੇ ‘ਛੱਲਾ’ ਲਿਖ ਕੇ ਦੋਵੇਂ ਗ਼ਰੀਬ ਪਿਓ-ਪੁੱਤ ਨਾਇਕ ਬਣਾ ਕੇ ਯਕੀਨਨ ਮਾਅਰਕੇ ਵਾਲਾ ਕਾਰਨਾਮਾ ਕਰ ਵਿਖਾਇਆ। ਇਸ ਛੱਲੇ ਨੂੰ ਗਾਉਣ ਵਾਲੇ ਮੁਢਲੇ ਗਾਇਕ ਅਨਾਇਤ ਅਲੀ ਤੇ ਮਨਜ਼ੂਰ ਅਲੀ ਹੋਏ ਹਨ। ਉਸ ਤੋਂ ਬਾਅਦ ਹਰ ਨਾਮਵਰ ਗਾਇਕ ‘ਛੱਲਾ’ ਗਾਉਣ ਵਿੱਚ ਫ਼ਖ਼ਰ ਮਹਿਸੂਸ ਕਰਦਾ ਹੈ। ===== - ਗੁਰਬਚਨ ਸਿੰਘ ਵਿਰਦੀ ====।


ਪਰਿਵਾਰਕ ਰਿਸ਼ਤਿਆਂ ਲਈ ਦੁਆਵਾਂ ਮੰਗਦਾ – ਛੱਲਾ

                   ਸੁਖਵੀਰ ਸਿੰਘ ਕੰਗ 

ਪੰਜਾਬੀ ਬੋਲੀ ਵਿੱਚ ਛੱਲੇ ਦੇ ਦੋ ਰੂਪ ਹਨ। ਪਹਿਲਾ ਹੱਥ ਦੀਆਂ ਉਂਗਲਾਂ ਵਿੱਚ ਪਹਿਨਿਆ ਜਾਣ ਵਾਲਾ ਬਿਨਾਂ ਨਗ ਤੋਂ ਮੁੰਦਰੀ ਵਰਗਾ ਗਹਿਣਾ ਹੈ ਜੋ ਆਮ ਤੌਰ ਤੇ ਚੀਚੀ ਵਿੱਚ ਪਾਇਆ ਜਾਂਦਾ ਹੈ ਇਹ ਪਿਆਰ ਦੀ ਨਿਸ਼ਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਛੱਲੇ ਦਾ ਦੂਸਰਾ ਰੂਪ ਪੰਜਾਬੀ ਗਾਇਕੀ ਦੀ ਇੱਕ ਸ਼ੈਲੀ ਹੈ ਜਿਸ ਉਤੇ ਬਹੁਤ ਸਾਰੇ ਗਾਇਕਾਂ ਨੇ ਗਲ਼ਾ ਅਜਮਾਇਆ। ਕੁਝ ਗਾਇਕ ਛੱਲੇ ਨੂੰ ਗਾ ਕੇ ਅਮਰ ਕਰ ਗਏ ਅਤੇ ਕੁਝ ਇਸਨੂੰ ਗਾ ਕੇ ਮਕਬੂਲ ਹੋਏ। ਛੱਲਾ ਅਸਲ ਵਿੱਚ ਪੁੱਤਰ ਵਿਯੋਗ ਅਤੇ ਮਨੁੱਖੀ ਰਿਸ਼ਤਿਆਂ ਦੀ ਬਾਤ ਪਾਉਂਦਾ ਹੈ। ਛੱਲਾ ਪਿਓ ਨਾਲੋਂ ਜਵਾਨ ਪੁੱਤ ਦੇ ਵਿਛੋੜੇ, ਮਾਂ ਦੀ ਅਣਹੋਂਦ, ਧੀਆਂ ਦੇ ਪਰਾਏ ਹੋਣ, ਮਾਪਿਆਂ ਦੇ ਤੁਰ ਜਾਣ ਅਤੇ ਕਿਤੇ ਮੁਹੱਬਤ ਦੇ ਦੂਰ ਹੋਣ ਦੇ ਦਰਦ ਦੀ ਡੂੰਘੀ ਰਮਜ਼ ਹੈ। ਚੜ•ਦੇ ਅਤੇ ਲਹਿੰਦੇ ਪੰਜਾਬ ਦੇ ਗੀਤਾਂ ਦੀ ਇਸ ਗਾਇਨ ਵਿਧਾ ਦਾ ਨਾਇਕ ਛੱਲਾ ਇੱਕ ਜੱਟ ਮਲਾਹ ਜਲਾਲਦੀਨ ਉਰਫ ਜੱਲੇ ਦੇ ਘਰ ਪੈਦਾ ਹੋਇਆ ਜਿਸ ਦੀ ਦੋ ਸਾਲਾਂ ਦੀ ਛੋਟੀ ਉਮਰੇ ਹੀ ਮਾਂ ਮਰ ਗਈ ਸੀ। ਜੱਲੇ ਨੇ ਛੱਲੇ ਨੂੰ ਬੜੇ ਲਾਡਾਂ ਨਾਲ ਪਾਲ਼ਿਆ ਅਤੇ ਕਿਸ਼ਤੀ ਠੇਲ•ਣ ਵੇਲੇ ਵੀ ਉਸਨੂੰ ਨਾਲ ਹੀ ਲੈ ਜਾਂਦਾ। ਪਿਓ ਦੇ ਪਿਆਰ ਅਤੇ ਚੰਗੀ ਖੁਰਾਕ ਸਦਕਾ ਛੱਲਾ 12 ਸਾਲ ਦੀ ਉਮਰੇ ਹੀ ਸੋਹਣਾ ਅਤੇ ਭਰ ਜੁਆਨ ਹੋ ਗਿਆ। ਇੱਕ ਦਿਨ ਕੰਮ ਤੇ ਹੀ ਜੱਲੇ ਦੀ ਸਿਹਤ ਖਰਾਬ ਹੋ ਗਈ ਅਤੇ ਉੱਧਰੋਂ ਸਵਾਰੀਆਂ ਆ ਗਈਆਂ। ਜੱਲੇ ਨੇ ਸਵਾਰੀਆਂ ਨੂੰ ਦਰਿਆ ਪਾਰ ਬੇੜੀ ਲਿਜਾ ਸਕਣ ਤੋਂ ਬੇਬਸੀ ਜਾਹਰ ਕੀਤੀ ਤਾਂ ਸਵਾਰੀਆਂ ਨੇ ਧੀ ਦੇ ਸ਼ਗਨਾਂ ਦੇ ਕਾਰਜ ਦਾ ਵਾਸਤਾ ਪਾਇਆ ਅਤੇ ਉਸਦੇ ਜਵਾਨ ਹੋ ਰਹੇ ਪੁੱਤਰ ਛੱਲੇ ਨੂੰ ਬੇੜੀ ਲੈ ਕੇ ਪਾਰ ਛੱਡ ਆਉਣ ਦੀ ਜਿੱਦ ਕੀਤੀ। ਜੱਲਾ ਮਜਬੂਰੀ ਵੱਸ ਛੱਲੇ ਨੂੰ ਜੋ ਕਿ ਹਾਲੇ ਬੇੜੀ ਦਾ ਮਾਹਰ ਨਹੀਂ ਸੀ, ਬੇੜੀ ਲੈ ਕੇ ਜਾਣ ਦੀ ਇਜਾਜਤ ਦੇ ਦਿੰਦਾ ਹੈ। ਬੇੜੀ ਲੈ ਕੇ ਗਿਆ ਛੱਲਾ ਵਾਪਸ ਨਾ ਪਰਤਿਆ। ਜੱਲਾ ਦਰਿਆ ਕੰਢੇ ਉਸਦੀ ਉਡੀਕ ਕਰਦਾ ਰਿਹਾ, ਦਿਨ ਢਲ ਗਿਆ, ਉਹ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਵੀ ਭਾਲ ਕਰਦਾ ਰਿਹਾ ਪਰ ਛੱਲਾ ਮੁੜ ਨਾ ਲੱਭਿਆਂ ਤਾਂ ਜੱਲਾ ਪਾਗਲ ਹੋ ਗਿਆ। ਉਹ ਦਿਨ ਰਾਤ ਦਰਿਆ ਕੰਢੇ ਘੁੰਮਦਾ ਰਹਿੰਦਾ ਅਤੇ ਰੋਂਦਾ ਰਹਿੰਦਾ: ਛੱਲਾ ਮੁੜਕੇ ਨੀ ਆÎਇਆ, ਰੋਣਾ ਉਮਰਾਂ ਦਾ ਪਾਇਆ , ਮੱਲਿਆ ਈ ਦੇਸ ਪਰਾਇਆ, ਓ ਗੱਲ ਸੁਣ ਛੱਲਿਆ ਕਾਵਾਂ, ਓ ਮਾਵਾਂ ਠੰਡੀਆਂ ਛਾਵਾਂ। ਜਿਨ•ਾਂ ਲਫ਼ਜਾਂ 'ਚ ਪਰੋ ਕੇ ਉਸਨੇ ਆਪਣਾ ਦਰਦ ਵਿਅਕਤ ਕੀਤਾ, ਉਹੀ ਅੱਗੇ ਚੱਲ ਕੇ ਪੰਜਾਬੀ ਗੀਤਾਂ ਦੀ ਇਕ ਸ਼ੈਲੀ 'ਛੱਲੇ' ਦੇ ਨਾਮ ਨਾਲ ਪ੍ਰਸਿੱਧ ਹੋਏ :- ਛੱਲਾ ਬੇੜੀ ਪੂਰ ਏ, ਵਤਨ ਮਾਹੀ ਦਾ ਦੂਰ ਏ, ਜਾਣਾ ਪਹਿਲੇ ਪੂਰ ਏ ਓ ਗੱਲ ਸੁਣ ਛੱਲਿਆ ਕਾਵਾਂ, ਓ ਮਾਵਾਂ ਠੰਡੀਆਂ ਛਾਵਾਂ ਛੱਲਾ ਨੌ ਨੌ ਖੇਵੇ, ਪੁੱਤਰ ਮਿਠੜੇ ਮੇਵੇ, ਅੱਲਾ ਸਭ ਨੂੰ ਦੇਵੇ, ਗੱਲ ਸੁਣ ਛੱਲਿਆ.... ਛੱਲਾ ਚੀਚੀ ਪਾਇਆ, ਧੀਆਂ ਧੰਨ ਵੇ ਪਰਾਇਆ, ਮੁੜਕੇ ਫੇਰਾ ਨਾ ਪਾਇਆ, ਓ ਗੱਲ ਸੁਣ... ਛੱਲਾ ਗਲ਼ ਦੇ ਗਹਿਣੇ, ਸਦਾ ਮਾਪੇ ਨੀ ਰਹਿਣੇ, ਦੁੱਖ ਜਿਦੜੀ ਦੇ ਸਹਿਣੇ, ਓ ਗੱਲ ਸੁਣ ਛੱਲਿਆ.... ਛੱਲੇ ਦੀ ਦਾਸਤਾਨ ਦੇ ਵਿਸਥਾਰ ਵਿਚ ਜਾਣ ਤੇ ਪਰਸਪਰ ਦੋ ਕਹਾਣੀਆਂ ਉੱਭਰਦੀਆਂ ਹਨ। ਉਪਰੋਕਤ ਪਹਿਲਾ ਬਿਰਤਾਂਤ ਲੋਕ ਦਾਸਤਾਨ ਗਾਇਕ ਫਜ਼ਲ ਸ਼ਾਹ ਦੇ ਗੋਦ ਲਏ ਪੁੱਤਰ ਆਸ਼ਿਕ ਹੁਸੈਨ ਜੱਟ ਦੁਆਰਾ ਲਿਖਿਆ ਅਤੇ ਗਾਇਆ ਗਿਆ। ਅੱਜ ਇਹ ਉਹਨਾਂ ਦੀ ਗਾਇਕੀ ਦੇ ਤੀਜੀ ਪੀੜ•ੀ ਦੇ ਵਾਰਿਸ ਫਜ਼ਲ ਜੱਟ ਦੀ ਜ਼ੁਬਾਨੀ ਸੁਣਿਆ ਜਾ ਸਕਦਾ ਹੈ। ਇਸ ਵਿੱਚ ਛੋਟੇ ਬੱਚਿਆਂ ਲਈ ਮਾਂ ਦੀ ਛਤਰ-ਛਾਇਆ ਦੀ ਮਹਾਨਤਾ ਦਾ ਵੀ ਜਿਕਰ ਮਿਲਦਾ ਹੈ। ਜੱਲੇ ਮਨ ਵਿੱਚ ਇਹ ਰੰਞ ਹੈ ਕਿ ਜੇ ਛੱਲੇ ਦੀ ਮਾਂ ਜਿਓਂਦੀ ਹੁੰਦੀ ਤਾਂ ਉਹ ਉਸਨੂੰ ਕੰਮ ਤੇ ਨਾਲ ਨਾ ਲਿਆਉਂਦਾ ਅਤੇ ਉਹ ਛੱਲੇ ਨੂੰ ਨਾ ਗੁਆਉਂਦਾ: ਮਾਂ ਦੀ ਸ਼ਾਨ ਸੁਣਾਵਾਂ, ਚੰਨ ਨੂੰ ਚਿਰਾਗ ਵਿਖਾਵਾਂ, ਹਰ ਵੇਲੇ ਏਹੋ ਗਾਵਾਂ, ਕਿ ਮਾਵਾਂ ਠੰਡੀਆਂ ਛਾਵਾਂ। ਪਹਿਲਾ ਬਿਰਤਾਂਤ ਇਸ ਘਟਨਾ ਨੂੰ ਸਤਲੁਜ ਦੇ ਹਰੀਕੇ ਪੱਤਣ ਦੀ ਦੱਸਦਾ ਹੈ। ਚੜ•ਦੇ ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਛਿੰਦੇ ਨੇ ਵੀ ਕਹਾਣੀ ਰੂਪ ਵਿੱਚ ਇੰਝ ਹੀ ਗਾਇਆ ਹੈ। ਜਦ ਕਿ ਦੂਸਰੇ ਬਿਰਤਾਂਤ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਗੁਜਰਾਤ ਵਿੱਚ ਵਗਦੇ ਝਨਾਂਅ ਦਰਿਆ ਕੰਢੇ ਵਾਪਰੀ ਦੱਸੀ ਗਈ ਹੈ ਅਤੇ ਜੱਲੇ ਦਾ ਪਿੰਡ ਮਲਕਵਾਲ ਦੱਸਿਆ ਹੈ ਜੋ ਕਿ ਪੰਜਾਬੀ ਦੇ ਨਾਮਵਰ ਗਾਇਕ ਭਰਾਵਾਂ ਸ਼ੌਕਤ ਅਲੀ ਅਤੇ ਇਨਾਇਤ ਅਲੀ ਦਾ ਵੀ ਪਿੰਡ ਹੈ। ਦੱਸਣਯੋਗ ਹੈ ਕਿ 'ਛੱਲੇ' ਦੀ ਸਭ ਤੋਂ ਪਹਿਲੀ ਰਿਕਾਰਡਿੰਗ ਵੀ ਇਨਾਇਤ ਅਲੀ ਦੀ ਹੀ ਹੈ। ਜੋ 1977 ਵਿੱਚ ਹੋਈ ਅਤੇ ਅੱਜ ਵੀ ਉਪਲੱਬਧ ਹੈ। ਫਿਰ ਸ਼ੌਕਤ ਅਲੀ ਨੇ ਵੀ ਛੱਲਾ ਗਾਇਆ। ਦੋਵਾਂ ਭਰਾਵਾਂ ਦਾ ਬਹੁਤ ਮਕਬੂਲ ਹੋਇਆ ਛੱਲਾ ਆਪਸ ਵਿੱਚ ਕਾਫੀ ਮੇਲ ਖਾਂਦਾ ਹੈ। ਜੋ ਦੂਸਰੇ ਬਿਰਤਾਂਤ ਦੇ ਕਾਫ਼ੀ ਨੇੜੇ ਹੈ। ਇਸ ਦੀ ਬਾਕੀ ਕਹਾਣੀ ਓਹੀ ਹੈ, ਪਰ ਇਸ ਅਨੁਸਾਰ ਛੱਲੇ ਦੇ ਇਕੱਲੇ ਬੇੜੀ ਲਿਜਾਣ ਦਾ ਸਬੱਬ ਪਿਓ- ਪੁੱਤਰ ਵਿੱਚ ਹੋਏ ਝਗੜੇ ਦੀ ਨਰਾਜ਼ਗੀ ਸੀ। ਇਸੇ ਕਰਕੇ ਅਲੀ ਭਰਾਵਾਂ ਦੇ ਛੱਲੇ ਅਰੰਭ ਇੰਝ ਹੁੰਦਾ ਹੈ :

ਜਾਵੋ ਨੀ ਕੋਈ ਮੋੜ ਲਿਆਵੋ, ਮੇਰੇ ਨਾਲ ਗਿਆ ਅੱਜ ਲੜ ਕੇ।
ਅੱਲਾ ਕਰੇ ਆ ਜਾਵੇ ਸੋਹਣਾ, ਦੇਵਾਂ ਜਾਨ ਕਦਮਾਂ ਵਿੱਚ ਧਰ ਕੇ।

ਇਨਾਇਤ ਅਲੀ ਕਹਿੰਦਾ ਹੈ:-

ਅੱਖੀਂ ਵੇਂਹਦਿਆਂ ਕੰਡ ਕਰ ਤੁਰਿਆ, ਹੁਣ ਰੋ ਰੋ ਦੇਵਾਂ ਦੁਹਾਈ,
ਲੋਕਾਂ ਦੀਆਂ ਝੋਕਾਂ ਵਸਦੀਆਂ ਪਈਆਂ, ਕਦੀ ਸਾਡੀ ਵੀ ਵਸਦੀ ਆਹੀ।

ਦੂਸਰੇ ਬਿਰਤਾਂਤ ਅਨੁਸਾਰ ਸਵਾਰੀਆਂ ਦੇ ਵਾਸਤੇ ਤੋਂ ਇਲਾਵਾ ਛੱਲੇ ਦਾ ਆਪਣੇ ਸਨੇਹੀ ਨਾਲ ਕੀਤਾ ਵਾਅਦਾ ਵੀ ਸੀ ਕਿ ਉਹ ਪਿਓ ਦੀ ਗੈਰ ਮੌਜੂਦਗੀ ਵਿੱਚ ਬੇੜੀ ਦਰਿਆ ਵਿੱਚ ਲੈ ਕੇ ਗਿਆ। ਉਸਦਾ ਸਨੇਹੀ ਦਰਿਆ ਪਾਰ ਉਸਦੀ ਮੁਹੱਬਤ ਨੂੰ ਨਾ ਮਿਲਾਉਣ ਤੇ ਉਸਦੇ ਸਿਰ ਚੜ• ਮਰਨ ਦੀ ਧਮਕੀ ਦਿੰਦਾ ਹੈ :

ਛੱਲਾ ਕਾਲੀਆਂ ਮਰਚਾਂ, ਮਹੁਰਾ ਪੀਕੇ ਮਰਸਾਂ, ਸਿਰੇ ਤੇਰੇ ਚੜ•ਸਾਂ।

ਗੱਲ ਸੁਣ ਛੱਲਿਆ ਢੋਲਾ, ਸਾੜਕੇ ਕੀਤਾ ਈ ਕੋਲਾ ਫਜ਼ਲ ਜੱਟ ਅਤੇ ਅਲੀ ਭਰਾਵਾਂ ਦੇ ਗਾਏ ਕੁਝ ਬੰਦਾਂ ਦੀ ਸ਼ਬਦਾਵਲੀ ਦਾ ਵੀ ਫਰਕ ਹੈ। ਫਜ਼ਲ ਜੱਟ 'ਛੱਲਾ ਬੇੜੀ ਪੂਰ ਏ' ਕਹਿੰਦਾ ਹੈ ਭਾਵ ਦੁਨਿਆਵੀ ਮੇਲ ਬੇੜੀ ਦੇ ਪੂਰ ਅਤੇ ਤਿੰ੍ਰਝਣ ਦੀਆਂ ਕੁੜੀਆਂ ਵਰਗਾ ਮੇਲ ਹੈ ਅਤੇ ਦੁਬਾਰਾ ਇਕੱਠੇ ਹੋਣ ਦਾ ਸਬੱਬ ਕਦੇ ਨਹੀਂ ਬਣਦਾ। ਇੱਥੇ ਅਲੀ ਭਰਾ 'ਛੱਲਾ ਬੇਰੀਂ ਬੂਰ ਏ' ਗਾਉਦੇ ਹਨ ਭਾਵ ਛੱਲੇ ਦੀ ਉਮਰ ਕੱਚੀ ਸੀ ਉਸਨੇ ਹਾਲੇ ਫੁੱਲ ਤੋਂ ਫਲ਼ ਬਣਨਾ ਸੀ। ਇਸੇ ਤਰ•ਾਂ ਫੈਜ਼ਲ ਜੱਟ 'ਛੱਲਾ ਨੌ ਨੌ ਖੇਵੇ' ਕਹਿੰਦਾ ਹੈ ਜਿਸ ਦਾ ਭਾਵ ਕੀਮਤੀ ਮੇਵਿਆਂ ਦੀ ਲੱਪ ਤੋਂ ਹੈ ਅਤੇ ਅਲੀ ਭਰਾ ਇੱਥੇ 'ਛੱਲਾ ਨੌ ਨੌ ਥੇਵੇ' ਗਾਉਂਦੇ ਹਨ। ਥੇਵਾ ਮੁੰਦਰੀ ਦਾ ਨਗ ਹੁੰਦਾ ਹੈ ਭਾਵ ਪੁੱਤਰ ਕੀਮਤੀ ਨਗੀਨੇ ਹੁੰਦੇ ਹਨ। ਆਪਸ ਵਿੱਚ ਕੁਝ ਫਰਕ ਹੋਣ ਦੇ ਬਾਵਜੂਦ ਆਸ਼ਿਕ ਜੱਟ ਅਤੇ ਅਲੀ ਭਰਾਵਾਂ ਦੇ ਛੱਲੇ ਦੇ ਬਿਰਤਾਂਤ ਘੋਖਣ ਤੋਂ ਬਾਅਦ ਮੰਨਿਆ ਜਾ ਸਕਦਾ ਹੈ ਕਿ ਆਸ਼ਿਕ ਜੱਟ ਨੇ ਇਸ ਦਾਸਤਾਨ ਨੂੰ ਸ਼ਾਬਦਿਕ ਰੂਪ ਦੇ ਕੇ ਅਤੇ ਫਿਰ ਗਾ ਕੇ ਛੱਲੇ ਦਾ ਮੁੱਢ ਬੰਨਿ•ਆ। ਫਿਰ ਇਨਾਇਤ ਅਲੀ ਅਤੇ ਸ਼ੌਕਤ ਅਲੀ ਨੇ ਇਸ ਨੂੰ ਅੱਗੇ ਵਧਾਇਆ। ਹੋ ਸਕਦਾ ਹੈ ਕਿ ਛੱਲੇ ਦੇ ਡੁੱਬ ਜਾਣ ਦੀ ਘਟਨਾ ਸਤਲੁਜ ਦੇ ਹਰੀਕੇ ਪੱਤਣ ਦੀ ਹੋਵੇ ਅਤੇ ਫਿਰ ਝੱਲਾ ਹੋਇਆ ਜੱਲਾ ਦਰਿਆਵਾਂ ਕੰਢੇ ਘੁੰਮਦਾ-ਘੁੰਮਦਾ ਪਾਕਿਸਤਾਨ ਦੇ ਗੁਜਰਾਤ ਵਿੱਚ ਜਾ ਵੱਸਿਆ ਹੋਵੇ। ਆਸ਼ਿਕ ਜੱਟ ਅਤੇ ਫਜ਼ਲ ਜੱਟ ਦੇ ਜੱਦੀ ਪੁਸ਼ਤੀ ਲੋਕ ਦਾਸਤਾਨ ਗਾਇਕ ਹੋਣ ਨਾਤੇ ਅਤੇ ਅਲੀ ਭਰਾਵਾਂ ਦੇ ਜੱਲੇ ਦੇ ਪਿੰਡ ਨਾਲ ਜੁੜਦੇ ਹੋਣ ਕਾਰਨ ਇਹਨਾਂ ਦੇ ਗਾਏ ਛੱਲੇ ਹੀ ਅਸਲ ਕਹਾਣੀ ਦੇ ਨੇੜੇ ਮੰਨੇ ਜਾ ਸਕਦੇ ਹਨ। ਇਸਤੋਂ ਬਾਅਦ ਜਿਸਨੇ ਵੀ ਛੱਲਾ ਗਾਇਆ ਉਸਨੇ ਆਪਣੇ ਹਿਸਾਬ ਨਾਲ ਤਬਦੀਲੀਆਂ ਕਰਕੇ ਹੀ ਗਾਇਆ। ਪ੍ਰਦੇਸੀ ਸੱਜਣ ਦੀ ਨਿਸ਼ਾਨੀ ਵਜੋਂ 'ਛੱਲਾ ਮੇਰਾ ਜੀ ਢੋਲਾ' ਕਰਕੇ ਟੱਪਿਆਂ ਅਤੇ ਦੋਹਿਆਂ ਵਿੱਚ ਵੀ ਸੁਣਨ ਨੂੰ ਮਿਲਦਾ ਹੈ, ਪੰ੍ਰਤੂ ਅਸਲ ਛੱਲਾ ਪਰਿਵਾਰਕ ਰਿਸ਼ਤਿਆਂ, ਵਿਛੋੜਿਆਂ ਅਤੇ ਦੁਖਾਂਤਾਂ ਦੀ ਦਰਦ ਭਰੀ ਕਹਾਣੀ ਹੈ, ਜੋ ਸਾਨੂੰ ਦੁਆਵਾਂ ਮੰਗਣ ਲਈ ਪ੍ਰੇਰਦੀ ਹੈ ਕਿ ਕਦੇ ਕਿਸੇ ਪਿਓ ਤੋਂ ਉਸਦਾ ਪੁੱਤ ਨਾ ਵਿਛੜੇ, ਕਦੇ ਬਚਪਨ ਮਾਂ ਤੋਂ ਵਾਂਝਾ ਨਾ ਹੋਵੇ, ਕਦੇ ਕੋਈ ਧੀ ਯਤੀਮ ਨਾ ਹੋਵੇ, ਕਦੇ ਕਿਸੇ ਤੇ ਮਾੜਾ ਵਕਤ ਨਾ ਆਵੇ, ਕਦੇ ਕਿਸੇ ਨੂੰ ਆਪਣੀ ਮੁਹੱਬਤ ਤੋਂ ਦੂਰ ਨਾ ਰਹਿਣਾ ਪਵੇ ਅਤੇ ਰੱਬ ਸਭ ਨੂੰ ਔਲਾਦ ਬਖ਼ਸ਼ੇ।

18 ਮਈ 2019 ਦੇ ਪੰਜਾਬੀ ਟਿ੍ਰਬਿਊਨ ਅਖਬਾਰ ਵਿੱਚ ਛਪਿਆ ਸੁਖਵੀਰ ਸਿੰਘ ਕੰਗ ਦਾ ਲੇਖ ਸਾਂਝਾ ਕਰਨ ਦੀ ਖੁਸ਼ੀ ਲੈ ਰਿਹਾ ਹਾਂ ।

ਹਵਾਲੇ[ਸੋਧੋ]