ਜ਼ੁਲਮੀ ਕਥਾ
ਜ਼ੁਲਮੀ ਕਥਾ ਕਾਮਾਗਾਟਾਮਾਰੂ ਜਹਾਜ ਦੀ ਘਟਨਾ ਬਾਰੇ ਇੱਕ ਬਿਆਨ-ਨੁਮਾ ਕਿਤਾਬਚਾ ਹੈ। ਅਸਲ ਵਿੱਚ ਇਹ ਬਾਬਾ ਗੁਰਦਿੱਤ ਸਿੰਘ ਦਾ ਬਿਆਨ ਹੈ ਜੋ ਉਹਨਾਂ ਦੇ ਸਾਥੀ ਦਲਜੀਤ ਸਿੰਘ ਨੇ ਤਿਆਰ ਕਰਵਾਇਆ ਸੀ।
ਜ਼ੁਲਮੀ ਕਥਾ ਬਾਰੇ ਬਿਆਨ
[ਸੋਧੋ]ਕਾਮਾਗਾਟਾਮਾਰੂ ਕਾਂਡ ਵਿੱਚ ਮੁਕੱਦਮਾ ਚੱਲ ਰਹੇ ਬਾਬਾ ਗੁਰਦਿੱਤ ਸਿੰਘ ਉੱਪਰ ਸਰਕਾਰੀ ਵਕੀਲਾਂ ਨੇ ਕਈ ਸਾਰੇ ਝੂਠੇ ਦਸਤਾਵੇਜ਼ ਤਿਆਰ ਕਰ ਲਏ। ਸਰਕਾਰ ਵੱਲੋਂ ਕੀਤੀਆਂ ਵਧੀਕੀਆਂ ਦਾ ਪਾਜ ਖੋਲ੍ਹਣ ਵਾਸਤੇ ਮੌਕਾ ਭਾਲ ਰਹੇ ਬਾਬਾ ਗੁਰਦਿੱਤ ਸਿੰਘ ਲਈ ਤਾਂ ਇਹ ਬਿੱਲੀ ਦੇ ਭਾਗੀਂ ਛਿੱਕਾ ਟੁੱਟਣ ਵਾਲੀ ਗੱਲ ਸੀ। ਉਹ ਝੱਟ ਇਸ ਬਿਆਨ ਦੀ ਤਿਆਰੀ ਵਿੱਚ ਜੁਟ ਗਿਆ। ਕਾਮਰੇਡ ਅਰਜਨ ਸਿੰਘ ਗੜਗੱਜ ਵੱਲੋਂ ਆਪਣੀ ਪੁਸਤਕ ‘ਮੇਰਾ ਆਪਣਾ ਆਪ’ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਉਨ੍ਹੀਂ ਦਿਨੀਂ ਗੜਗੱਜ ਸਮੇਤ ਹੋਰ ਵੀ ਕਈ ਦੇਸ਼ਭਗਤ ਜੇਲ੍ਹ ਵਿੱਚ ਬੰਦ ਸਨ ਜਿਹਨਾਂ ਨੂੰ ਬਾਬਾ ਜੀ ਆਪਣੀ ਹੱਡਬੀਤੀ ਸੁਣਾਇਆ ਕਰਦੇ ਸਨ। ਬਾਬਾ ਗੁਰਦਿੱਤ ਸਿੰਘ ਦਾ ਬਿਆਨ ਸਾਰਿਆਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਅਤੇ ਇਸ ਨੂੰ ਲਿਖਣ ਦਾ ਕੰਮ ਗੜਗੱਜ ਨੇ ਕੀਤਾ। 261 ਪੰਨਿਆਂ ਉੱਤੇ ਲਿਖਿਆ ਇਹ ਬਿਆਨ 26 ਜੂਨ 1922 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਬਿਆਨ ਵਿੱਚ ਪੜਤਾਲੀਆ ਕਮੇਟੀ ਦੀ ਰਿਪੋਰਟ ਉੱਤੇ ਪੈਰਾ ਵਾਰ ਟਿੱਪਣੀ ਕਰਦਿਆਂ ਸਾਰੇ ਘਟਨਾਕ੍ਰਮ ਦੌਰਾਨ ਅੰਗਰੇਜ਼ ਹਾਕਮਾਂ ਦੀ ਬਦਨੀਤੀ ਦੀ ਅਸਲੀਅਤ ਜੱਗ ਜ਼ਾਹਰ ਕੀਤੀ ਗਈ ਸੀ। ਇਹ ਬਿਆਨ ਅਦਾਲਤੀ ਦਸਤਾਵੇਜ਼ ਸੀ ਅਤੇ ਇਸ ਨੂੰ ਜੱਗ ਜ਼ਾਹਰ ਕਰਨ ਨਾਲ ਕੋਈ ਕਾਨੂੰਨੀ ਅਵੱਗਿਆ ਨਹੀਂ ਸੀ ਹੁੰਦੀ। ਇਸ ਲਈ ਬਾਬਾ ਜੀ ਦਾ ਇਹ ਬਿਆਨ ਕਾਮਾਗਾਟਾ ਮਾਰੂ ਜਹਾਜ਼ ਵਿੱਚ ਉਹਨਾਂ ਦੇ ਸਕੱਤਰ ਰਹੇ ਸਰਦਾਰ ਦਲਜੀਤ ਸਿੰਘ ਨੇ ਜ਼ੁਲਮੀ ਕਥਾ ਸਿਰਲੇਖ ਹੇਠ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ।[1]