ਸਮੱਗਰੀ 'ਤੇ ਜਾਓ

ਜਾਗੋ ਕੱਢਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁੰਡੇ/ਕੁੜੀ ਦੇ ਵਿਆਹ ਸਮੇਂ ਰਾਤ ਨੂੰ ਵਲਟੋਹੀ ਉੱਪਰ ਜਗਦੇ ਦੀਵੇ ਰੱਖ ਕੇ ਵਲਟੋਹੀ ਨੂੰ ਕਿਸੇ ਇਸਤਰੀ ਵਿਸ਼ੇਸ਼ ਤੌਰ ਤੇ ਮੁੰਡੇ/ਕੁੜੀ ਦੀ ਮਾਮੀ ਦੇ ਸਿਰ ਉੱਪਰ ਰੱਖ ਕੇ ਇਸਤਰੀਆਂ ਦੀ ਗਲੀਆਂ ਵਿਚ ਗੀਤ ਗਾਉਂਦੀਆਂ ਦੀ ਇਕ ਰਸਮ ਨੂੰ ਜਾਗੋ ਕੱਢਣੀ ਕਹਿੰਦੇ ਹਨ। ਜਾਗੋ ਦਾ ਸ਼ਾਬਦਿਕ ਅਰਥ ਹਨ ਜਾਗਣਾ। ਇਸ ਲਈ ਜਾਗੋ ਦੀ ਰਸਮ ਪੂਰੀ ਹੋਣ ਤੱਕ ਸਾਰੇ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਜਾਗਦੇ ਰਹਿੰਦੇ ਹਨ। ਧਾਰਨਾ ਹੈ ਕਿ ਦੀਵਿਆਂ ਨੂੰ ਵੇਖ ਕੇ ਬਦਰੂਹਾਂ ਵਿਆਹ ਵਾਲੇ ਪਰਿਵਾਰ ਤੋਂ ਦੂਰ ਰਹਿੰਦੀਆਂ ਹਨ। ਪਹਿਲੇ ਸਮਿਆਂ ਵਿਚ ਲੋਕਾਂ ਕੋਲ ਵਿਹਲ ਬਹੁਤ ਸੀ। ਇਸ ਲਈ ਸ਼ਾਦੀਆਂ ਬਹੁਤ ਧੂਮ-ਧਾਮ ਨਾਲ ਮਨਾਈਆਂ ਜਾਂਦੀਆਂ ਸਨ। ਤਿੰਨ-ਤਿੰਨ ਰਾਤਾਂ ਤਾਂ ਬਰਾਤਾਂ ਕੱਟਦੀਆਂ ਹੁੰਦੀਆਂ ਸਨ। ਵਿਆਹਾਂ ਵਿਚ ਨਾਨਕਿਆਂ ਦੀ ਬਹੁਤ ਚੜ੍ਹਤ ਹੁੰਦੀ ਸੀ। ਜਿਸ ਦਿਨ ਲੜਕੇ ਦੀ ਬਰਾਤ ਵਿਆਹੁਣ ਜਾਂਦੀ ਸੀ ਉਸ ਰਾਤ ਨੂੰ ਲੜਕੇ ਦੇ ਪਿੰਡ ਨਾਨਕੀਆਂ ਜਾਗੋ ਕੱਢਦੀਆਂ ਹੁੰਦੀਆਂ ਸਨ। ਜਿਸ ਦਿਨ ਲੜਕੀ ਦੀ ਡੋਲੀ ਤੋਰੀ ਜਾਂਦੀ ਸੀ ਉਸ ਰਾਤ ਨੂੰ ਲੜਕੀ ਦੇ ਪਿੰਡ ਨਾਨਕੀਆਂ ਜਾਗੋ ਕੱਢਦੀਆਂ ਸਨ।

ਜਾਗੋ ਬਣਾਉਣ ਲਈ ਪਿੱਤਲ ਦੀ ਵਲਟੋਹੀ ਲਈ ਜਾਂਦੀ ਸੀ। ਵਲਟੋਹੀ ਦੇ ਮੂੰਹ ਦੇ ਹੇਠਲੇ ਵੱਧ ਗੋਲਾਈ ਵਾਲੇ ਘੇਰੇ ਤੇ ਆਟੇ ਦੇ ਦੀਵੇ ਬਣਾ ਕੇ ਰੱਖੇ ਜਾਂਦੇ ਸਨ। ਦੀਵਿਆਂ ਵਿਚ ਸਰ੍ਹੋਂ ਦਾ ਤੇਲ ਪਾ ਕੇ ਜਗਾਇਆ ਜਾਂਦਾ ਸੀ। ਜਾਗੋ ਮੁੰਡੇ/ਕੁੜੀ ਦੀ ਮਾਮੀ ਦੇ ਸਿਰ ਉੱਪਰ ਰੱਖੀ ਜਾਂਦੀ ਸੀ। ਮਾਮੀ ਦੇ ਸੱਗੀ ਫੁੱਲ, ਪੂਰੇ ਗਹਿਣੇ ਤੇ ਗੋਟੇ ਕਨਾਰੀ ਵਾਲਾ ਘੱਗਰਾ ਪਾਇਆ ਹੁੰਦਾ ਸੀ। ਜਾਗੋ ਪਹਿਲਾਂ-ਵਿਆਹੁਲੇ ਮੁੰਡੇ/ ਕੁੜੀ ਦੇ ਚਾਚੇ, ਤਾਇਆਂ ਦੇ ਘਰ ਜਾਂਦੀ ਸੀ। ਫਿਰ ਸਾਰੇ ਪਿੰਡ/ਪੱਤੀ/ਅਗਵਾੜ ਦੇ ਘਰਾਂ ਵਿਚ ਜਾਂਦੀ ਸੀ। ਤਾਏ, ਤਾਈਆਂ, ਚਾਚੇ, ਚਾਚੀਆਂ, ਨੰਬਰਦਾਰਾਂ, ਮੋਹਰੀ ਬੰਦਿਆਂ ਦੇ ਘਰਾਂ ਅੱਗੇ ਜਾ ਕੇ ਗੀਤ ਗਾਏ ਜਾਂਦੇ ਸਨ। ਉਹ ਘਰਾਂ ਵਾਲੇ ਜਾਗੋ ਵਿਚ ਤੇਲ ਪਾਉਂਦੇ ਸਨ ਤੇ ਸ਼ਗਨ ਵੀ ਦਿੰਦੇ ਸਨ। ਜਾਗੋ ਵਿਚ ਕਈ ਨਾਨਕੀਆਂ ਦਾ ਸਾਧ, ਪੰਡਤ ਆਦਿ ਦਾ ਰੂਪ ਧਾਰਿਆ ਹੁੰਦਾ ਸੀ। ਹੱਥ ਵਿਚ ਘੁੰਗਰੂਆਂ ਵਾਲਾ ਡੰਡਾ ਫੜਿਆ ਹੁੰਦਾ ਸੀ ਜੋ ਜਾਗੋ ਦੇ ਮੂਹਰੇ-ਮੂਹਰੇ ਖੜਕਾਉਂਦੀਆਂ ਜਾਂਦੀਆਂ ਸਨ। ਜਾਗੋ ਦੇ ਰਸਤੇ ਵਿਚ ਜੇ ਕੋਈ ਮੰਜਾ ਡਾਹੀ ਪਿਆ ਹੁੰਦਾ ਸੀ, ਉਸ ਦਾ ਮੰਜਾ ਮੂਧਾ ਮਾਰ ਦਿੰਦੀਆਂ ਸਨ। ਮੰਜੇ ਤੋਂ ਹੇਠਾਂ ਸੁੱਟ ਦਿੰਦੀਆਂ ਸਨ। ਰਸਤੇ ਵਿਚ ਜੇਕਰ ਬਾਣੀਆਂ ਦੀ ਹੱਟੀ ਆਉਂਦੀ ਸੀ ਤਾਂ ਉਸ ਦੀ ਹੱਟੀ ਵਿਚੋਂ ਰਿਉੜੀਆਂ, ਪਤਾਸੇ, ਖੰਡ ਖੇਡਣੇ, ਮਖਾਣੇ ਆਦਿ ਧੱਕੇ ਨਾਲ ਚੱਕ ਲੈਂਦੀਆਂ ਸਨ। ਜਾਗੋ ਸਮੇਂ ਕੋਈ ਕਿਸੇ ਦਾ ਗੁੱਸਾ ਨਹੀਂ ਕਰਦਾ ਸੀ। ਜਾਗੋ ਜਦ ਪਿੰਡ ਵਿਚ/ਪੱਤੀ/ਅਗਵਾੜ ਵਿਚ ਗੇੜਾ ਦੇ ਕੇ ਘਰ ਆਉਂਦੀ ਸੀ ਤਾਂ ਫੇਰ ਨਾਨਕੀਆਂ ਛੱਜ ਕੁੱਟਦੀਆਂ ਸਨ। ਅੱਜ ਦੇ ਬਹੁਤੇ ਵਿਆਹ ਮੈਰਿਜ ਪੈਲੇਸਾਂ ਵਿਚ ਹੁੰਦੇ ਹਨ ਜੋ ਕੁਝ ਘੰਟਿਆਂ ਵਿਚ ਹੀ ਨਿੱਬੜ ਜਾਂਦੇ ਹਨ। ਹੁਣ ਮੁੰਡੇ/ਕੁੜੀ ਦੇ ਵਿਆਹ ਸਮੇਂ ਹਰ ਪਰਿਵਾਰ ਜਾਗੋ ਕੱਢਣ ਦੀ ਰਸਮ ਕਰਦਾ ਤਾਂ ਹੈ ਪਰ ਦਿਨੋਂ ਦਿਨ ਘੱਟਦੀ ਜਾ ਰਹੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.