ਜੰਡ-ਪਲੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੰਡ-ਪਲੰਗ ਪੰਜਾਬ ਦੀ ਇੱਕ ਖੇਡ ਹੈ। ਇਸ ਦੇ ਬਹੁਤ ਸਾਰੇ ਨਾਂ ਪ੍ਰਚੱਲਿਤ ਹਨ ਜਿਵੇਂ ਕਿ ਕੀੜ-ਕੜਾਂਗਾ, ਜੰਡ-ਪਰਾਗਾ, ਡੰਡਾ-ਡੁੱਕ, ਪੀਲ-ਪਲੰਗਣ, ਕੜਕਾਨਾ-ਲੱਕੜੀ ਆਦਿ।[1]

ਮਨੁਖ ਦੀ ਨਸਲ ਬਾਂਦਰ ਦੇ ਵਧੇਰੇ ਨੇੜੇ ਹੈ। ਉਸ ਦੇ ਮਨ ਵਿੱਚ ਬਾਂਦਰ ਵਾਂਗ ਫੁਰਤੀ ਨਾਲ ਰੁੱਖਾਂ ਉਤੇ ਚੜ੍ਹਨ ਉਤਰਨ ਦੀ ਸੁਭਾਵਕ ਰੁਚੀ ਹੈ। ਸੁਹਾਵਣੇ ਮੌਸਮ ਅੰਦਰ ਜਾ ਗਰਮੀਆਂ ਦੇ ਲੰਬੇ ਦੁਪਹਿਰਾਂ ਅੰਦਰ ਜਦੋਂ ਉਹ ਸੰਘਣੇ ਪਿਪਲ ਬਰੋਟਿਆ ਦੀ ਠੰਡੀ ਛਾਂ ਮਾਣਦਾ ਸੀ ਤਾ ਉਸ ਦਾ ਮਨ ਖੇਡਣ ਲਈ ਮਚਲ ਉਠਦਾ ਸੀ ਤੇ ਦਰਖਤਾਂ ਉਤੇ ਚੜਨ ਉਤਰਨ ਦਾ ਇਹ ਖੇਲ੍ਹ ਇਸ ਤਰ੍ਹਾਂ ਸ਼ੁਰੂ ਹੋਇਆ ਹੋਵੇਗਾ। ਵੇਲ਼ੇ ਦੀ ਜੀਵਨ ਜਾਚ ਵਿੱਚ ਨਿਪੁੰਨ ਹੋਣ ਲਈ ਜਿਸਮਾਨੀ ਤਿਆਰੀਆਂ ਲਈ ਇਹ ਬੜੀ ਕੁਦਰਤੀ ਅਤੇ ਲਾਭਦਾਇਕ ਖੇਲ੍ਹ ਹੈ।

ਇਸ ਖੇਡ ਚ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ ਪਰ ਗਿਣਤੀ ਕਾਫੀ ਹੋਣੀ ਚਾਹੀਦੀ ਹੈ। ਇਸ ਖੇਡ ਲਈ ਖੁੱਲਾ ਮੈਦਾਨ, ਜਿੱਥੇ ਕੋਈ ਜਟਾਂ ਵਾਲਾ ਬੋਰੜ ਜਾਂ ਪਿੱਪਲ ਵਰਗਾ ਵੱਡਾ ਰੁੱਖ ਹੋਵੇ ਜਿਸ ਦੀਆਂ ਟਾਹਣੀਆਂ ਲਮਕਦੀਆਂ ਹੋਣ। ਸਾਰੇ ਬੱਚੇ ਕੱਠੇ ਹੋ ਕੇ ਤਹਿ ਕਰਦੇ ਹਨ ਕਿ ਪਹਿਲਾਂ ਦਾਈ ਕਿਸ ਨੇ ਦੇਣੀ ਹੈ ਤੇ ਆਪਸ ਵਿੱਚ ਪੁੱਗਣ ਉਪਰੰਤ ਸਾਰੇ ਰੁੱਖ ਹੇਠਾਂ ਇਕੱਠੇ ਹੋ ਜਾਂਦੇ ਅਤੇ ਡੰਡੇ ਨਾਲ਼ ਇੱਕ ਗੋਲ ਚੱਕਰ ਜਿਹਾ ਉਲੀਕ ਲੈਂਦੇ ਹਨ। ਜਿਹੜਾ ਖਿਡਾਰੀ ਪਹਿਲਾਂ ਪੁੱਗਿਆ ਜਾਂਦਾ, ਉਹ ਡੰਡੇ ਨੂੰ ਆਪਣੀ ਲੱਤ ਹੇਠੋਂ ਦੀ ਵਗਾਹ ਕੇ ਦੂਰ ਸੁੱਟ ਦਿੰਦਾ ਹੈ। ਜਿਸ ਖਿਡਾਰੀ ਸਿਰ ਦਾਈ ਆਉਂਦੀ ਹੈ, ਉਸਨੇ ਇਸ ਡੰਡੇ ਨੂੰ ਜਲਦੀ ਤੋਂ ਜਲਦੀ ਚੁੱਕ ਕੇ ਲਿਆਉਣਾ ਹੁੰਦਾ ਹੈ ਤਾਂ ਜੋ ਉਹ ਰੁੱਖ ਉੱਪਰ ਚੜ ਰਹੇ ਸਾਥੀ ਖਿਡਾਰੀਆਂ ਵਿੱਚੋਂ ਕਿਸੇ ਇੱਕ ਨੂੰ ਛੂਹਕੇ ਆਪਣੀ ਦਾਈ ਲਾਹੁ ਸਕੇ। ਖਿਡਾਰੀ ਫੁਰਤੀ ਨਾਲ ਰੁੱਖ ਦੇ ਉੱਪਰ ਜਾ ਚੜ੍ਹਦੇ ਹਨ। ਜਦੋਂ ਦਾਈ ਦੇਣ ਵਾਲਾਂ ਕਿਸੇ ਖਿਡਾਰੀ ਨੂੰ ਛੁਹਣ ਲਈ ਰੁੱਖ ਤੇ ਚੜਦਾ ਤਾਂ ਬਾਕੀ ਖਿਡਾਰੀ ਰੁੱਖ ਦੀਆਂ ਲਮਕ ਰਹੀਆਂ ਟਾਹਣੀਆਂ ਰਾਹੀਂ ਹੇਠਾਂ ਆ ਉੱਤਰਦੇ ਹਨ। ਪਰ ਜੇਕਰ ਦਾਈ ਦੇਣ ਵਾਲ਼ਾ ਖਿਡਾਰੀ ਰੁੱਖ ਤੇ ਚੜ ਰਹੇ ਜਾਂ ਚੜੇ ਹੋਏ ਕਿਸੇ ਖਿਡਾਰੀ ਨੂੰ ਛੂਹ ਨਾ ਸਕੇ ਅਤੇ ਸਾਰੇ ਖਿਡਾਰੀ ਹੀ ਲਮਕ ਰਹੀਆਂ ਟਾਹਣੀਆਂ ਰਾਹੀਂ ਹੇਠਾਂ ਆ ਜਾਣ ਤਾਂ ਉਸੇ ਹਾਣੀ ਦੇ ਸਿਰ ਹੀ ਦਾਈ ਬਣੀ ਰਹਿੰਦੀ ਹੈ।

ਹਵਾਲੇ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਪਹਿਲੀ. ਭਾਸ਼ਾ ਵਿਭਾਗ ਪੰਜਾਬ. p. 599.