ਸਮੱਗਰੀ 'ਤੇ ਜਾਓ

ਝੰਡੂਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਝੰਡੂਕੇ
ਸਮਾਂ ਖੇਤਰਯੂਟੀਸੀ+5:30

ਝੰਡੂਕੇ ਚੜ੍ਹਦੇ ਪੰਜਾਬ ਦੇ ਮਾਨਸਾ ਜ਼ਿਲੇ ਦੀ ਤਹਿਸੀਲ ਸਰਦੂਲਗੜ 'ਚ ਪੈਂਦਾ ਇੱਕ ਪਿੰਡ ਹੈ।[1] 2011 ਦੀ ਮਰਦਮਸ਼ੁਮਾਰੀ ਮੁਤਾਬਕ ਪਿੰਡ ਦੀ ਅਬਾਦੀ 5220 ਹੈ। ਇਹ ਮਾਨਸਾ ਤੋਂ ਤੀਹ ਕਿਲੋਮੀਟਰ ਦੂਰ ਹਰਿਆਣੇ ਦੀ ਬਿਲਕੁੱਲ ਹੱਦ ਉੱਤੇ ਸਥਿੱਤ ਹੈ। ਇਹ ਆਮ ਤੌਰ 'ਤੇ ਘੱਗਰ ਨਦੀ ਦੇ ਕੋਲ ਵਾਲਾ ਕਰ ਕੇ ਵੀ ਜਾਣਿਆ ਜਾਂਦਾ ਹੈ। ਇਹ ਮਾਨਸਾ ਤੋਂ ਸਰਸਾ ਰੋਡ ਉੱਪਰ ਪੈਂਦੇ ਪਿੰਡ ਫੱਤਾ ਮਾਲੋਕਾ ਤੋਂ ਪੂਰਬ ਦਿਸ਼ਾ ਵੱਲ ਨੂੰ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਪਿੰਡ ਦੀ ਆਬਾਦੀ ਲਗਭਗ ਪੰਜ ਹਜ਼ਾਰ ਦੇ ਕਰੀਬ ਹੈ।
ਇਹ ਪਿੰਡ ਖੇਡਾਂ ਪ੍ਰਤੀ ਵਿਸ਼ੇਸ਼ ਰੁਚੀ ਕਰਕੇ ਜਾਣਿਆ ਜਾਂਦਾ ਹੈ। ਪਿੰਡ ਵਿੱਚ ਬੱਚਿਆਂ ਤੇ ਨੌਜਵਾਨਾਂ 'ਚ ਫੁੱਟਬਾਲ ਖੇਡਣ ਪ੍ਰਤੀ ਖਾਸ ਦਿਲਚਸਪੀ ਹੈ।

ਇਤਿਹਾਸ

[ਸੋਧੋ]

ਕਾਫੀ ਸਮਾਂ ਪਹਿਲਾਂ ਇਸ ਜਗ੍ਹਾ ਉੱਪਰ ਸੰਘਣਾ ਜੰਗਲ ਸੀ, ਜਿਸ ਨੂੰ ਪੰਜਾਬੀ ਲੋਕ ਝਿੜੀ ਵੀ ਕਹਿ ਦਿੰਦੇ ਹਨ। ਇੱਥੇ ਸ਼ੰਕਰ ਪੁਰੀ ਨਾਮ ਦਾ ਇੱਕ ਸਾਧੂ ਰਹਿੰਦਾ ਸੀ, ਜਿਸ ਦਾ ਡੇਰਾ ਪਿੰਡ ਵਿੱਚ ਬਣਿਆ ਹੋਇਆ ਹੈ। ਉਸ ਵਕਤ ਇਲਾਕੇ ਵਿੱਚ ਪਾਣੀ ਦੀ ਕਿੱਲਤ ਹੁੰਦੀ ਸੀ, ਪਰ ਇਸ ਥਾਂ ਨੂੰ ਛੱਡ ਕੇ । ਸੋ ਇੱਕ ਝੰਡੂ ਨਾਮ ਦਾ ਆਦਮੀ ਉਸ ਸਾਧੂ ਕੋਲ਼ ਆਇਆ ਅਤੇ ਰਹਿਣ ਲਈ ਜਗ੍ਹਾ ਮੰਗੀ ਤਾਂ ਸਾਧੂ ਨੇ ਉਸ ਨੂੰ ਰਹਿਣ ਦੀ ਇਜ਼ਾਜਤ ਦੇ ਦਿੱਤੀ ਅਤੇ ਜੰਗਲੀ ਜਾਨਵਰਾਂ ਦਾ ਡਰ ਜ਼ਾਹਰ ਕਰਨ ਤੇ ਸਾਧੂ ਨੇ ਕਿਹਾ ਕਿ ਇਹ ਆਪਣੇ ਆਪ ਇੱਥੋਂ ਚਲੇ ਜਾਣਗੇ। ਉਸ ਤੋ ਬਾਅਦ ਝੰਡੂ ਕੁਝ ਹੋਰ ਆਦਮੀਆਂ ਨੂੰ ਲੈ ਕੇ ਇਸ ਜਗ੍ਹਾ ਤੇ ਲੈ ਆਇਆ। ਝੰਡੂ ਦੇ ਛੇ ਪੁੱਤਰ ਸਨ, ਜਾਨੀ, ਮਰਾਜ਼, ਜਿੱਤਾ, ਭਗਤਾ, ਲਖਣਾ ਅਤੇ ਟਕਣਾ। ਲਖਣਾ ਅਤੇ ਟਕਣਾ ਤਾਂ ਕਿਸੇ ਹੋਰ ਜਗ੍ਹਾ ਚਲੇ ਗਏ ਪਰ ਬਾਕੀ ਚਾਰ ਇੱਥੇ ਹੀ ਰਹੇ ਜਿਨਾਂ ਦੇ ਨਾਂ ’ਤੇ ਪਿੰਡ ਵਿੱਚ ਚਾਰ ਪੱਤੀਆਂ ਹਨ, ਜਾਨੀ ਪੱਤੀ, ਮਰਾਜ਼ ਪੱਤੀ, ਜਿੱਤਾ ਪੱਤੀ ਅਤੇ ਭਗਤਾ ਪੱਤੀ ਹਨ।

ਝੰਡੂਕੇ ਦੇ ਪੂਰਬ ਵਾਲੇ ਪਾਸੇ ਪਿੰਡ ਤੋਂ ਕਰੀਬ 1 ਕਿਲੋਮੀਟਰ ਦੂਰੀ ਤੇ ਰੌੜੂ ਬਸਤੀ ਅੱਜ ਤੋਂ ਕਰੀਬ 50 ਸਾਲ ਪਹਿਲਾਂ ਹੋਂਦ ਵਿੱਚ ਆਈ।ਇਥੇ ਸ਼ੁਰੂ ਵਿਚ ਬਾਜੀਗਰ ਭਾਈਚਾਰਾ ਪੰਚਾਇਤੀ ਜਮੀਨ(ਸ਼ਾਮਲਾਟ) ਵਿਚ ਰਹਿਣ ਲੱਗਿਆ।ਜਮੀਨ ਰੋੜਾਂ ਵਾਲੀ ਹੋਣ ਕਰਕੇ ਇਸ ਜਗ੍ਹਾ ਨੂੰ ਰੌੜੂ ਕਹਿੰਦੇ ਹਨ। ਹੁਣ ਇਥੇ ਕੁਝ ਮਜ੍ਹਬੀ ਸਿੱਖਾਂ ਦੇ ਅਤੇ ਜੱਟ ਸਿੱਖਾਂ ਦੇ ਘਰ ਵੀ ਹਨ। ਇਥੋਂ ਦੀ ਅਬਾਦੀ ਕਰੀਬ 991 ਹੈ।ਇਹ ਬਸਤੀ ਹੁਣ ਤੱਕ ਝੰਡੂਕੇ ਦਾ ਹੀ ਹਿੱਸਾ ਹੈ। ਇਸੇ ਬਸਤੀ ਕੋਲ ਬਰਨ ਪਿੰਡ ਨੂੰ ਜਾਂਦੀ ਸੜਕ ਤੇ ਸਰਕਾਰੀ ਪ੍ਰਾਇਮਰੀ ਸਕੂਲ(ਰੌੜੂ ਬਸਤੀ),ਦਾਣਾ ਮੰਡੀ ਅਤੇ ਵਾਟਰ ਵਰਕਸ ਹੈ।

ਹੋਰ

[ਸੋਧੋ]

ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਅਤੇ ਚਾਰ ਸੱਥਾਂ ਹਨ। ਪਿੰਡ ਵਿਚ ਇੱਕ ਗਊਸ਼ਾਲਾ ਹੈ।ਇਹ ਗਊਸ਼ਾਲਾ ਬਾਬਾ ਮਹੇਸ਼ ਮੁਨੀ ਜੀ ਮਹਾਰਾਜ ਦੇ ਨਾਂ ਤੇ ਹੈ। ਪਿੰਡ ਚ ਦੋ ਬੈਂਕ; ਇੱਕ ਸਰਕਾਰੀ ਤੇ ਇੱਕ ਪ੍ਰਾਈਵੇਟ ਵੀ ਬਣੇ ਹੋਏ ਹਨ।

ਖੇਡਾਂ

[ਸੋਧੋ]

ਝੰਡੂਕੇ ਪਿੰਡ ਵਿੱਚ ਖੇਡਾਂ ਪਹਿਲਾਂ ਤੋਂ ਹੀ ਬਹੁਤ ਹਰਮਨ ਪਿਆਰੀਆਂ ਰਹੀਆਂ ਹਨ। ਇਸ ਪਿੰਡ ਵਿੱਚ ਫੁੱਟਬਾਲ, ਵਾਲੀਬਾਲ, ਕਬੱਡੀ ਅਤੇ ਕ੍ਰਿਕਟ ਦੇ ਖੇਡ ਮੈਦਾਨ ਹਨ। ਝੰਡੂਕੇ ਪਿੰਡ ਵਿੱਚ ਹਰ ਸਾਲ ਲੋਕਾਂ ਦੇ ਸਹਿਯੋਗ ਸਦਕਾ ਫੁੱਟਬਾਲ, ਵਾਲੀਬਾਲ, ਕਬੱਡੀ ਅਤੇ ਅਥਲੈਟਿਕਸ ਦਾ ਸਾਂਝਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਫੁੱਟਬਾਲ ਦੇ ਵਿੱਚ ਇਸ ਪਿੰਡ ਦਾ ਬਹੁਤ ਨਾਮ ਹੈ, ਤੇ ਵਾਲੀਵਾਲ ਵਿਚ ਵੀ। ਇਥੋਂ ਤੱਕ ਕਿ ਇਹਨਾਂ ਖੇਡਾਂ ਦੀ ਬਦੌਲਤ ਪਿੰਡ ਦੇ ਬਹੁਤ ਸਾਰੇ ਨੌਜਵਾਨ ਨੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ। ਉਦਾਹਰਣ ਵਜੋਂ ਫ਼ੌਜ, ਪੁਲਿਸ, ਰੇਲਵੇ ਆਦਿ। ਪਿੰਡ ਦੇ ਬਹੁਤ ਸਾਰੇ ਨੌਜਵਾਨ ਪੰਜਾਬ ਦੀਆਂ ਵੱਖ-ਵੱਖ ਨਾਮੀਂ ਖੇਡ ਅਕੈਡਮੀਆਂ 'ਚ ਵੀ ਖੇਡ ਰਹੇ ਹਨ।

ਹਵਾਲੇ

[ਸੋਧੋ]
  1. http://www.onefivenine.com/india/villages/Mansa/Sardulgarh/Jhanduke