ਡੰਡਾ ਡੁੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡੰਡਾ ਡੁੱਕ ਲੱਤ ਹੇਠੋਂ ਡੰਡਾ ਲੰਘਾ ਕੇ ਦੂਰ ਸਿੱਟਣ ਅਤੇ ਦਾਈ ਦੇਣ ਵਾਲੇ ਵੱਲੋਂ ਚੁੱਕ ਕੇ ਲਿਆਉਣ ਪਿੱਛੋਂ ਸਾਥੀਆਂ ਵਿੱਚੋਂ ਇੱਕ ਨੂੰ ਛੂਹ ਕੇ ਦਾਈ ਲਾਹੁਣ ਵਾਲੀ ਮੁੰਡਿਆਂ ਦੀ ਇੱਕ ਪੰਜਾਬੀ ਖੇਡ ਹੈ, ਜਿਸਨੂੰ ਕੀੜ ਕੜਾਂਗਾਂ, ਜੰਡ ਬ੍ਰਹਾਮਣ, ਡੰਡ ਪਰਾਗਾ ਅਤੇ ਖੜਕਾਨਾ ਵਰਗੇ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।[1]

ਇਸ ਖੇਡ ਚ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ ਪਰ ਗਿਣਤੀ ਕਾਫੀ ਹੋਣੀ ਚਾਹੀਦੀ ਹੈ। ਇਸ ਖੇਡ ਲਈ ਖੁੱਲਾ ਮੈਦਾਨ, ਜਿੱਥੇ ਕੋਈ ਜਟਾਂ ਵਾਲਾ ਬੋਰੜ ਜਾਂ ਪਿੱਪਲ ਵਰਗਾ ਵੱਡਾ ਰੁੱਖ ਹੋਵੇ ਜਿਸ ਦੀਆਂ ਟਾਹਣੀਆਂ ਲਮਕਦੀਆਂ ਹੋਣ। ਸਾਰੇ ਬੱਚੇ ਕੱਠੇ ਹੋ ਕੇ ਤਹਿ ਕਰਦੇ ਹਨ ਕਿ ਪਹਿਲਾਂ ਦਾਈ ਕਿਸ ਨੇ ਦੇਣੀ ਹੈ ਤੇ ਆਪਸ ਵਿੱਚ ਪੁੱਗਣ ਉਪਰੰਤ ਸਾਰੇ ਰੁੱਖ ਹੇਠਾਂ ਇਕੱਠੇ ਹੋ ਜਾਂਦੇ ਅਤੇ ਡੰਡੇ ਨਾਲ਼ ਇੱਕ ਗੋਲ ਚੱਕਰ ਜਿਹਾ ਉਲੀਕ ਲੈਂਦੇ ਹਨ। ਜਿਹੜਾ ਖਿਡਾਰੀ ਪਹਿਲਾਂ ਪੁੱਗਿਆ ਜਾਂਦਾ, ਉਹ ਡੰਡੇ ਨੂੰ ਆਪਣੀ ਲੱਤ ਹੇਠੋਂ ਦੀ ਵਗਾਹ ਕੇ ਦੂਰ ਸੁੱਟ ਦਿੰਦਾ ਹੈ। ਜਿਸ ਖਿਡਾਰੀ ਸਿਰ ਦਾਈ ਆਉਂਦੀ ਹੈ, ਉਸਨੇ ਇਸ ਡੰਡੇ ਨੂੰ ਜਲਦੀ ਤੋਂ ਜਲਦੀ ਚੁੱਕ ਕੇ ਲਿਆਉਣਾ ਹੁੰਦਾ ਹੈ ਤਾਂ ਜੋ ਉਹ ਰੁੱਖ ਉੱਪਰ ਚੜ ਰਹੇ ਸਾਥੀ ਖਿਡਾਰੀਆਂ ਵਿੱਚੋਂ ਕਿਸੇ ਇੱਕ ਨੂੰ ਛੂਹਕੇ ਆਪਣੀ ਦਾਈ ਲਾਹੁ ਸਕੇ। ਖਿਡਾਰੀ ਫੁਰਤੀ ਨਾਲ ਰੁੱਖ ਦੇ ਉੱਪਰ ਜਾ ਚੜ੍ਹਦੇ ਹਨ। ਜਦੋਂ ਦਾਈ ਦੇਣ ਵਾਲਾਂ ਕਿਸੇ ਖਿਡਾਰੀ ਨੂੰ ਛੁਹਣ ਲਈ ਰੁੱਖ ਤੇ ਚੜਦਾ ਤਾਂ ਬਾਕੀ ਖਿਡਾਰੀ ਰੁੱਖ ਦੀਆਂ ਲਮਕ ਰਹੀਆਂ ਟਾਹਣੀਆਂ ਰਾਹੀਂ ਹੇਠਾਂ ਆ ਉੱਤਰਦੇ ਹਨ। ਪਰ ਜੇਕਰ ਦਾਈ ਦੇਣ ਵਾਲ਼ਾ ਖਿਡਾਰੀ ਰੁੱਖ ਤੇ ਚੜ ਰਹੇ ਜਾਂ ਚੜੇ ਹੋਏ ਕਿਸੇ ਖਿਡਾਰੀ ਨੂੰ ਛੂਹ ਨਾ ਸਕੇ ਅਤੇ ਸਾਰੇ ਖਿਡਾਰੀ ਹੀ ਲਮਕ ਰਹੀਆਂ ਟਾਹਣੀਆਂ ਰਾਹੀਂ ਹੇਠਾਂ ਆ ਜਾਣ ਤਾਂ ਉਸੇ ਹਾਣੀ ਦੇ ਸਿਰ ਹੀ ਦਾਈ ਬਣੀ ਰਹਿੰਦੀ ਹੈ।

ਹਵਾਲੇ[ਸੋਧੋ]