ਸਮੱਗਰੀ 'ਤੇ ਜਾਓ

ਤਰਫਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਰਫਾਲੀ ਖੇਤੀਬਾੜੀ ਵਿੱਚ ਵਰਤਿਆ ਜਾਣ ਵਾਲਾ ਇੱਕ ਔਜਾਰ ਹੈ। ਇਸ ਨਾਲ ਫਸਲ ਵਿੱਚੋਂ ਨਦੀਨ ਮਾਰੇ ਜਾਂਦੇ ਹਨ।

ਕਪਾਹ, ਨਰਮਾ, ਮੱਕੀ ਤੇ ਗੰਨੇ ਦੀ ਫਸਲ ਨੂੰ ਸੀੜਨ ਵਾਲੇ ਖੇਤੀ ਸੰਦ ਨੂੰ ਤਰਫਾਲੀ ਕਹਿੰਦੇ ਹਨ। ਤਰਫਾਲੀ ਤਿੰਨ ਫਾਲਿਆਂ ਦਾ ਹਲ ਹੋਣ ਕਰ ਕੇ ਹੀ ਇਸ ਨੂੰ ਤਰਫਾਲੀ ਦਾ ਨਾਂ ਦਿੱਤਾ ਗਿਆ ਹੈ। ਬੀਜੀ ਫਸਲ ਵਿਚ ਤਰਫਾਲੀ ਫੇਰਨ ਨੂੰ ਸੀੜਨਾ ਕਹਿੰਦੇ ਹਨ। ਰੇਤਲੀਆਂ ਜ਼ਮੀਨਾਂ ਦੀ ਤਰਫਾਲੀ ਨਾਲ ਵਾਹੀ ਵੀ ਕੀਤੀ ਜਾਂਦੀ ਸੀ। ਪਹਿਲੇ ਸਮਿਆਂ ਵਿਚ ਕਪਾਹ, ਨਰਮਾ, ਮੱਕੀ ਤੇ ਗੰਨੇ ਦੀਆਂ ਫਸਲਾਂ ਦੀ ਖੁਰਪੇ ਨਾਲ ਬੈਠ ਕੇ ਗੋਡੀ ਕੀਤੀ ਜਾਂਦੀ ਸੀ। ਫੇਰ ਖੁਰਪੇ ਦੀ ਥਾਂ ਇਨ੍ਹਾਂ ਫਸਲਾਂ ਦੀ ਗੋਡੀ ਕਸੀਏ ਨਾਲ ਖੜ੍ਹ ਕੇ ਕੀਤੀ ਜਾਣ ਲੱਗੀ। ਜਦ ਇਹ ਫਸਲਾਂ ਵੱਡੀਆਂ ਹੋ ਜਾਂਦੀਆਂ ਸਨ ਤਾਂ ਇਨ੍ਹਾਂ ਫਸਲਾਂ ਨੂੰ ਪਹਿਲਾਂ ਮੁੰਨੇ ਹਲ ਨਾਲ ਸੀੜਿਆ ਜਾਣ ਲੱਗਿਆ। ਮੰਨੋ ਹਲ ਨਾਲ ਫਸਲ ਦੀ ਇਕ ਲਾਈਨ ਹੀ ਸੀੜੀ ਜਾਂਦੀ ਸੀ। ਫੇਰ ਤਰਫਾਲੀ ਦੀ ਕਾਢ ਨਿਕਲੀ, ਜਿਸ ਨਾਲ ਇਕੋ ਵਾਰ ਹੀ ਫਸਲ ਦੀਆਂ ਤਿੰਨ ਲਾਈਨਾਂ ਸੀੜੀਆਂ ਜਾਣ ਲੱਗੀਆਂ।[1]

ਤਰਫਾਲੀ ਦਾ ਮੁੰਨਾ 3 ਕੁ ਫੁੱਟ ਲੰਮਾ ਹੁੰਦਾ ਹੈ। ਮੁੰਨੇ ਦੀ ਚੌੜਾਈ ਤੇ ਮੋਟਾਈ ਆਮ ਤੌਰ 'ਤੇ 3 ਕੁ ਇੰਚ ਹੁੰਦੀ ਹੈ। ਇਸ ਦੇ ਉਪਰਲੇ ਸਿਰੇ ਵਿਚ ਹੱਥੀ ਲੱਗੀ ਹੁੰਦੀ ਹੈ। ਇਸ ਹੱਥੀ ਨੂੰ ਹੱਥ ਵਿਚ ਫੜ ਕੇ ਹੀ ਤਰਫਾਲੀ ਨੂੰ ਚਲਾਇਆ ਜਾਂਦਾ ਹੈ। ਮੁੰਨੇ ਦੇ ਹੇਠਲੇ ਹਿੱਸੇ ਵਿਚ ਹੱਲ ਨੂੰ ਲੋਹੇ ਦੇ ਕਾਬਲੇ ਨਾਲ ਜੋੜਿਆ ਜਾਂਦਾ ਹੈ। ਮੁੰਨੇ ਦੇ ਹੇਠਾਂ ਲੋਹੇ ਦੀ ਬਣੀ ਤਰਫਾਲੀ ਨੂੰ ਹੱਲ ਨਾਲ ਕਾਬਲੇ ਤੇ ਲੋਹੇ ਦੇ ਕਲਿਪ ਲਾ ਕੇ ਜੋੜਿਆ ਜਾਂਦਾ ਹੈ। ਤਰਫਾਲੀ ਦੇ ਫਾਲਿਆਂ ਦੀ ਲੰਬਾਈ 7 ਕੁ ਇੰਚ ਹੁੰਦੀ ਹੈ। ਚੌੜਾਈ ਉਪਰੋਂ 6 ਕੁ ਇੰਚ ਹੁੰਦੀ ਹੈ ਜਿਹੜੀ ਹੇਠਾਂ ਨੂੰ ਹੁੰਦੀ ਹੋਈ ਅਖੀਰ 'ਤੇ ਤਿੱਖੀ ਨੋਕ ਬਣ ਜਾਂਦੀ ਹੈ। ਤਰਫਾਲੀ ਦੇ ਦੋ ਫਾਲੇ ਅੱਗੇ ਲੱਗੇ ਹੁੰਦੇ ਹਨ ਤੇ ਤੀਸਰਾ ਫਾਲਾ ਪਿੱਛੇ ਲੱਗਿਆ ਹੁੰਦਾ ਹੈ। ਤਰਫਾਲੀ ਦੇ ਫਾਲਿਆਂ ਦੇ ਪਿਛੇ ਜਿਹੜੀ ਪੱਤੀ ਲੱਗੀ ਹੁੰਦੀ ਹੈ ਉਸ ਵਿਚ ਥੋੜ੍ਹੀ-ਥੋੜ੍ਹੀ ਦੂਰੀ 'ਤੇ ਗਲੀਆਂ ਕੱਢੀਆਂ ਹੁੰਦੀਆਂ ਹਨ। ਇਹ ਗਲੀਆਂ ਵਾਲਿਆਂ ਨੂੰ ਦੂਰ ਨੇੜੇ ਕਰਨ ਲਈ ਵਰਤੀਆਂ ਜਾਂਦੀਆਂ ਹਨ। ਵੱਖ-ਵੱਖ ਫਸਲਾਂ ਨੂੰ ਸੀੜਨ ਲਈ ਫਾਲਿਆਂ ਦੀ ਦੂਰੀ ਘਟਾਉਂਦੀ ਤੇ ਵਧਾਉਣੀ ਪੈਂਦੀ ਹੈ।[2]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.