ਤਾਸ਼ ਖੇਡਣਾ
ਚਾਰ ਰੰਗਾਂ ਦੇ 52 ਪੱਤਿਆਂ ਨਾਲ ਖੇਡੀ ਜਾਣ ਵਾਲੀ ਖੇਡ ਨੂੰ ਤਾਸ਼ ਖੇਡਣਾ ਕਹਿੰਦੇ ਹਨ। ਇਹ ਰੰਗ ਚਿੜੀਆ, ਹੁਕਮ, ਇੱਟ ਤੇ ਪਾਨ ਕਰ ਕੇ ਜਾਣੇ ਜਾਂਦੇ ਹਨ। ਹਰ ਰੰਗ ਦੇ ਤੇਰਾਂ ਪੱਤੇ ਹੁੰਦੇ ਹਨ। ਯੱਕੇ ਤੋਂ ਦਸ ਤੱਕ ਦਸ ਪੱਤੇ ਹੁੰਦੇ ਹਨ। ਗੋਲਾ, ਬੇਗੀ ਤੇ ਬਾਦਸ਼ਾਹ ਤਿੰਨ ਪੱਤੇ ਪਾ ਕੇ ਤੇਰਾਂ ਪੱਤੇ ਬਣਦੇ ਹਨ। ਏਸ ਤਰ੍ਹਾਂ ਚਾਰ ਰੰਗਾਂ ਦੇ ਤੇਰਾਂ ਤੇਰਾਂ ਪੱਤੇ ਕਰ ਕੇ 52 ਪੱਤੇ ਬਣ ਜਾਂਦੇ ਹਨ। ਆਮ ਤੌਰ ’ਤੇ ਖੇਡ ਜ਼ਿਆਦਾ ਸਰਾਂ ਮੰਗਣ ਦੀ ਖੇਡੀ ਜਾਂਦੀ ਸੀ। ਇਹ ਚਾਰ ਬੰਦਿਆਂ ਨਾਲ ਖੇਡੀ ਜਾਂਦੀ ਸੀ। ਤਾਸ਼ ਦਾ ਕੱਲਾ-ਕੱਲਾ ਪੱਤਾ ਚਾਰਾਂ ਖਿਡਾਰੀਆਂ ਵਿਚ ਵੰਡਿਆ ਜਾਂਦਾ ਸੀ। ਇਕ ਖਿਡਾਰੀ ਸਰਾਂ ਮੰਗਦਾ ਸੀ। ਜੇਕਰ ਸਰਾਂ ਬਣ ਜਾਂਦੀਆਂ ਸਨ ਤਾਂ ਉਸ ਦੀ ਜਿੱਤ ਹੋ ਜਾਂਦੀ ਸੀ ਨਹੀਂ ਉਸ ਦੀ ਹਾਰ ਹੁੰਦੀ ਸੀ।
ਦੂਜੇ ਨੰਬਰ 'ਤੇ ਦਿਉਰ ਭਾਬੀ ਦੀ ਖੇਡ ਖੇਡੀ ਜਾਂਦੀ ਸੀ। ਇਸ ਖੇਡ ਖੇਡਣ ਵਾਲਿਆਂ ਦੀ ਕੋਈ ਗਿਣਤੀ ਨਿਯਤ ਨਹੀਂ ਹੁੰਦੀ ਸੀ। ਦੋ ਖਿਡਾਰੀਆਂ ਤੋਂ ਲੈ ਕੇ ਛੇ ਸੱਤ ਖਿਡਾਰੀਆਂ ਤੱਕ ਖੇਡੀ ਜਾਂਦੀ ਸੀ। ਤਾਸ ਦੀ ਵੰਡ ਪੱਤਿਆਂ ਦੀ ਢੇਰੀਆਂ ਲਾ ਕੇ ਕੀਤੀ ਜਾਂਦੀ ਸੀ। ਜਿਸ ਕੋਲ ਹੁਕਮ ਦਾ ਯੱਕਾ (ਭੱਬੂ) ਆਉਂਦਾ ਸੀ, ਉਹ ਖੇਡ ਸ਼ੁਰੂ ਕਰਦਾ ਸੀ। ਖੇਡਣ ਸਮੇਂ ਜਿਸ ਦਾ ਬੜਾ ਪੱਤਾ ਹੁੰਦਾ ਸੀ, ਉਸਦੀ ਸਰ ਬਣਦੀ ਸੀ। ਜਿਸ ਕੋਲ ਉਸ ਰੰਗਦਾ ਪੱਤਾ ਨਹੀਂ ਹੁੰਦਾ ਸੀ, ਉਹ ਕਾਟ ਕਰਦਾ ਸੀ। ਕਾਟ ਕਰਨ ਨਾਲ ਜਿਸ ਦਾ ਬੜਾ ਪੱਤਾ ਹੁੰਦਾ ਸੀ, ਉਸ ਨੂੰ ਉਹ ਕਾਟ ਚੱਕਣੀ ਪੈਂਦੀ ਸੀ। ਇਸ ਤਰ੍ਹਾਂ ਖੇਡ ਖੇਡਦੇ ਜਿਸ ਦੇ ਪੱਤੇ ਖਤਮ ਹੋ ਜਾਂਦੇ ਸਨ, ਉਹ ਖੇਡ ਵਿਚੋਂ ਬਾਹਰ ਨਿਕਲ ਜਾਂਦਾ ਸੀ। ਜਿਸ ਕੋਲ ਪੱਤੇ ਰਹਿ ਜਾਂਦੇ ਸਨ, ਉਹ ਭਾਬੀ ਬਣ ਜਾਂਦੀ ਸੀ। ਕੋਈ ਕੋਈ ਪਾਰਟੀ ਸੀਪ ਵੀ ਖੇਡ ਲੈਂਦੀ ਸੀ।ਪਹਿਲਾਂ ਲੋਕਾਂ ਕੋਲ ਵਿਹਲਾ ਸਮਾਂ ਹੁੰਦਾ ਸੀ, ਉਹ ਤਾਸ਼ ਖੇਡ ਲੈਂਦੇ ਸਨ। ਹੁਣ ਦੀ ਪੀੜ੍ਹੀ ਦੀ ਤਾਂ ਪੈਸੇ ਕਮਾਉਣ ਲਈ ਇਕ ਨਾ ਮੁੱਕਣ ਵਾਲੀ ਦੌੜ ਲੱਗੀ ਹੋਈ ਹੈ। ਇਸ ਲਈ ਕਿਸੇ ਕੋਲ ਵਾਧੂ ਸਮਾਂ ਨਹੀਂ ਹੈ। ਏਸੇ ਕਰਕੇ ਸਾਡਾ ਇਹ ਪੁਰਾਣਾ ਮਨੋਰੰਜਨ ਦਾ ਸਾਧਨ ਖਤਮ ਹੋਣ ਦੇ ਨੇੜੇ ਹੈ।[1]
ਟਾਈਮ ਪਾਸ ਲਈ ਤਾਸ਼ ਅਜੇ ਵੀ ਭਾਰਤੀਆਂ ਵਿਚ ਬਹੁਤ ਮਸ਼ਹੂਰ ਹੈ। ਤਾਸ਼ ਖੇਡਣ ਦੇ ਸ਼ੌਕੀਨ ਸਿਰਫ਼ ਇਕੱਠ ਦੀ ਉਡੀਕ ਕਰਦੇ ਹਨ। ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਬਾਈਲ ਗੇਮਾਂ ਵਿਚ ਵੀ ਤਾਸ਼ ਗੇਮਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਹਾਲਾਂਕਿ ਤਾਸ਼ ਖੇਡਾਂ ਦੀ ਕੋਈ ਗਿਣਤੀ ਨਹੀਂ ਹੈ ਪਰ ਕੁੱਝ ਖੇਡਾਂ ਜਿਵੇਂ ਸੀਪ, ਰਮੀ, ਚਾਰ ਸੌ ਵੀਹ, ਪੱਤੇ ਤੇ ਪੱਤਾ, ਸਰਾਂ ਬਣਾਉਣਾ ਭਾਰਤ ਵਿਚ ਸਭ ਤੋਂ ਵੱਧ ਪ੍ਰਸਿੱਧ ਹਨ।
ਤਾਸ਼ ਭਾਰਤ ਦੇ ਹਰ ਹਿੱਸੇ ਵਿਚ ਖੇਡੀ ਜਾਂਦੀ ਹੈ। ਪੰਜਾਬ ਦੇ ਪਿੰਡਾਂ ਦੇ ਬਹੁਤੇ ਲੋਕ ਅਪਣਾ ਵਾਧੂ ਸਮਾਂ ਸੱਥਾਂ ’ਚ ਤਾਸ਼ ਖੇਡ ਕੇ ਬਿਤਾਉਂਦੇ ਹਨ। ਤਾਸ਼ ਖੇਡਣਾ ਜਿਥੇ ਮਨੋਰੰਜਨ ਦਾ ਸਾਧਨ ਹੈ ਉਥੇ ਦਿਮਾਗ਼ੀ ਕਸਰਤ ਲਈ ਵੀ ਕਾਰਗਰ ਹੈ। ਭਾਰਤ ਵਿਚ ਤਾਸ਼ ਹਜ਼ਾਰਾਂ ਸਾਲਾਂ ਤੋਂ ਖੇਡੀ ਜਾ ਰਹੀ ਹੈ। ਪਹਿਲਾਂ ਇਹ ਸ਼ਾਹੀ ਘਰਾਣਿਆਂ ਦੀ ਖੇਡ ਸੀ ਪਰ ਸਮਾਂ ਪਾ ਕੇ ਇਹ ਤਿਉਹਾਰਾਂ ਮੇਲਿਆਂ ਵਿਚ ਵੀ ਖੇਡੀ ਜਾਣ ਲੱਗੀ।
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.