ਸਮੱਗਰੀ 'ਤੇ ਜਾਓ

ਤੰਗੁਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਤੰਗਲੀ ਤੋਂ ਮੋੜਿਆ ਗਿਆ)

ਤੰਗਲੀ ਜਾਂ ਤੰਗੁਲੀ ਇੱਕ ਖੇਤੀ ਦਾ ਸੰਦ ਹੈ ਜੋ ਆਮ ਤੌਰ 'ਤੇ ਤੂੜੀ ਜਾਂ ਹੋਰ ਫੂਸ ਨੂੰ ਇਕੱਤਰ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸਲੰਘ ਵਰਗਾ ਹੁੰਦਾ ਹੈ।[1] ਇਸ ਦਾ ਇੱਕ ਲੰਮਾ ਦਸਤਾ ਹੁੰਦਾ ਹੈ ਜਿਸ ਦੇ ਨਿਚਲੇ ਸਿਰੇ ਤੇ ਉਂਗਲੀਆਂ ਵਰਗੇ ਲੰਮੇ ਲੱਕੜੀ ਦੇ ਸੁੱਤ ਲੱਗੇ ਹੁੰਦੇ ਹਨ। ਮਸ਼ੀਨੀ ਜੁੱਗ ਤੋਂ ਪਹਿਲਾਂ ਫ਼ਸਲ ਦੀ ਗਾਹੀ ਹੋਈ ਧੜ ਉਡਾ ਕੇ ਤੂੜੀ ਦਾਣੇ ਵੱਖ ਕਰਨ ਲਈ ਕਿਸਾਨ ਇਸ ਦੇ ਵਰਤੋਂ ਕਰਦੇ ਸਨ।

ਲੱਕੜ ਦੇ 5 ਕੁ ਫੁੱਟ ਲੰਮੇ ਹੱਥੇ ਦੇ ਇਕ ਸਿਰੇ ਵਿਚ ਲਾਈਆਂ ਲੋਹੇ ਦੀਆਂ ਪੱਤੀਆਂ ਦੀਆਂ ਬਣਾਈਆਂ ਕਈ ਸੱਤਾਂ ਵਾਲੇ, ਧੜਾਂ ਵਿਚੋਂ ਉਡਾਈ ਕਰ ਕੇ ਦਾਣੇ ਕੱਢਣ ਵਾਲੇ, ਖੇਤੀ ਸੰਦ ਨੂੰ ਤੰਗੁਲੀ ਕਹਿੰਦੇ ਹਨ।ਉਂਜ ਤੰਗੁਲੀ ਦਾ ਸ਼ਬਦੀ ਅਰਥ ਤਿੰਨ ਸੁੱਤਾਂ ਵਾਲੇ ਖੇਤੀ ਸੰਦ ਤੋਂ ਹੈ। ਤੰਗੁਲੀ ਦੀ ਵਰਤੋਂ ਫਲ੍ਹਿਆਂ ਨਾਲ ਗਾਹੀ ਜਾਂਦੀ ਪੈਲੀ ਨੂੰ ਫੋਲਣ ਵਾਸਤੇ, ਗਾਹੀ ਪੈਲੀ ਦੀ ਧੜ ਲਾਉਣ ਵਾਸਤੇ, ਧੜ ਦੀ ਉਡਾਈ ਕਰ ਕੇ ਦਾਣੇ ਕੱਢਣ ਵਾਸਤੇ, ਤੂੜੀ ਕੱਠੀ ਕਰਨ ਵਾਸਤੇ, ਤੂੜੀਆਂ ਪੰਡਾਂ ਵਿਚ ਪਾਉਣ ਵਾਸਤੇ, ਤੂੜੀ ਨੂੰ ਟੋਕਰਿਆਂ ਵਿਚ ਪਾ ਕੇ ਪਸ਼ੂਆਂ ਦੀਆਂ ਖੁਰਲੀਆਂ ਵਿਚ ਪਾਉਣ ਵਾਸਤੇ ਆਦਿ ਆਦਿ ਸਮੇਂ ਕੀਤੀ ਜਾਂਦੀ ਸੀ/ਹੈ।[2]

ਤੰਗੁਲੀ ਬਣਾਉਣ ਲਈ ਲੱਕੜ ਦਾ 5 ਕੁ ਫੁੱਟ ਲੰਮਾ ਹੱਥਾ ਲਿਆ ਜਾਂਦਾ ਸੀ। ਸੁੱਤਾਂ ਬਣਾਉਣ ਲਈ 12/13 ਕੁ ਇੰਚ ਲੰਮੀ ਇਕ ਕੁ ਇੰਚ ਚੌੜੀ ਲੋਹੇ ਦੀ ਪੱਤੀ ਲਈ ਜਾਂਦੀ ਸੀ। ਇਸ ਪੱਤੀ ਦੇ ਇਕ ਸਿਰੇ ਦੇ 3/4 ਕੁ ਇੰਚ ਹੇਠਲੇ ਹਿੱਸੇ ਨੂੰ ਟੇਪਰ ਕਰ ਕੇ ਅੱਧੀ ਕੁ ਇੰਚ ਰੱਖਿਆ ਜਾਂਦਾ ਸੀ। ਫੇਰ ਏਸ ਪੱਤੀ ਦੇ ਚੌੜੇ ਸਿਰੇ ਨੂੰ ਗੁਲਾਈ ਦੇਣੀ ' ਸ਼ੁਰੂ ਕੀਤੀ ਜਾਂਦੀ ਸੀ। ਉਪਰਲੇ ਹਿੱਸੇ ਦੀ ਇਹ ਗੁਲਾਈ 210 ਡਿਗਰੀ ਤੋਂ ਸ਼ੁਰੂ ਕਰ ਕੇ ਟੇਪਰ ਵਾਲੇ ਹਿੱਸੇ ’ਤੇ ਆਕੇ ਇਹ ਗੁਲਾਈ ਬਿਲਕੁਲ ਗੋਲ 360 ਡਿਗਰੀ ਦੀ ਹੋ ਜਾਂਦੀ ਸੀ। ਇਸ ਦੀ ਤਿੱਖੀ ਨੋਕ ਬਣ ਜਾਂਦੀ ਸੀ। ਇਸ ਤਰ੍ਹਾਂ ਇਕ ਸੁੱਤ ਬਣਦੀ ਸੀ। ਬਣੀ ਸੁੱਤ ਨੂੰ ਲੰਮੇ ਲੋਟ ਥੋੜੀ ਜਿਹੀ ਗੁਲਾਈ ਦਿੱਤੀ ਜਾਂਦੀ ਸੀ। ਜਿਹੜੀ ਤੰਗਲੀ ਲੱਕੜ ਦੀਆਂ ਰੁੱਤਾਂ ਦੀ ਬਣਦੀ ਸੀ, ਉਨ੍ਹਾਂ ਸੁੱਤਾਂ ਦੀ ਬਣਤਰ ਵੀ ਲੋਹੇ ਦੀਆਂ ਸੁੱਤਾਂ ਦੀ ਤਰ੍ਹਾਂ ਉਪਰੋਂ ਮੋਟੀਆਂ ਤੇ ਹੇਠਾਂ ਨੂੰ ਪਤਲੀਆਂ ਹੁੰਦੀਆਂ ਜਾਂਦੀਆਂ ਸਨ।[3]

ਜੇ ਕਰ 7 ਸੁੱਤਾਂ ਦੀ ਤੰਗਲੀ ਬਣਾਉਣੀ ਹੁੰਦੀ ਸੀ ਤਾਂ ਪਹਿਲਾਂ ਇਨ੍ਹਾਂ7 ਸੁੱਤਾਂ ਦੇ ਮੋਟੇ ਹਿੱਸੇ ਨੂੰ ਇਕ ਥਾਂ ਕੱਠਾ ਕਰ ਕੇ ਇਸ ਤਰ੍ਹਾਂ ਜੋੜਿਆ ਜਾਂਦਾ ਸੀ ਕਿ ਇਨ੍ਹਾਂ ਸੁੱਤਾਂ ਦੇ ਅਗਲੇ ਹਿੱਸੇ ਦੀ ਚੌੜਾਈ 10/15 ਕੁ ਇੰਚ ਬਣ ਜਾਵੇ। ਇਨ੍ਹਾਂ ਸੁੱਤਾਂ ਨੂੰ ਮਜ਼ਬੂਤੀ ਦੇਣ ਲਈ ਸੁੱਤਾਂ ਦੇ ਪਿਛਲੇ ਪਾਸੇ ਤੇ ਮੂਹਰਲੇ ਪਾਸੇ ਲੋਹੇ ਦੀ ਇਕ ਇੰਚ ਚੌੜੀ ਪੱਤੀ ਲਾਈ ਜਾਂਦੀ ਸੀ। ਇਹ ਪੱਤੀ ਜਿਥੋਂ ਸੁੱਤਾਂ ਇਕ ਥਾਂ ਜੋੜੀਆਂ ਹੁੰਦੀਆਂ ਸਨ, ਉਸ ਤੋਂ 4/5 ਕੁ ਇੰਚ ਹੇਠਾਂ ਕਰਕੇ ਲਾਈ ਜਾਂਦੀ ਸੀ। ਫੇਰ ਸੁੱਤਾਂ ਦੇ ਇਕ ਥਾਂ ਜੋੜੇ ਹਿੱਸੇ ਨੂੰ ਹੱਥੇ ਨਾਲ ਚੰਗੀ ਤਰ੍ਹਾਂ ਪੱਤੀਆਂ ਲਾ ਕੇ ਜੋੜਿਆ ਜਾਂਦਾ ਸੀ। ਇਸ ਤਰ੍ਹਾਂ ਤੰਗਲੀ ਤਿਆਰ ਹੁੰਦੀ ਸੀ। ਏਸ ਤਰ੍ਹਾਂ ਹੀ 9 ਸੁੱਤਾਂ ਦੀ ਤੰਗਲੀ ਬਣਦੀ ਸੀ। ਤੰਗਲੀ ਦੀ ਹੁਣ ਵੀ ਵਰਤੋਂ ਹੁੰਦੀ ਹੈ।[4]

ਹਵਾਲੇ

[ਸੋਧੋ]
  1. ਭਾਈ ਕਾਹਨ ਸਿੰਘ ਨਾਭਾ (2010). ਮਹਾਨ ਕੋਸ਼ - ਜਿਲਦ ਤੀਜੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 1370. ISBN 81-302-0257-3.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  4. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.